1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਅਜਿਹੇ ਲੋਕਾਂ ’ਚੋਂ ਇੱਕ ਦੀ ਕਹਾਣੀ ਇੱਥੇ ਬਿਆਨ ਹੈ, ਜੋ ਵਿਛੋੜੇ ਪਿੱਛੋਂ ਤਾਉਮਰ ਆਪਣੇ ਜਿਗਰੀ ਯਾਰ ਦੀਆਂ ਨਿਸ਼ਾਨੀਆਂ ਸੰਭਾਲੀ ਬੈਠਾ ਰਿਹਾ। ਸੱਚੀ-ਸੁੱਚੀ ਸਾਂਝ ਦੀ ਇਹ ਇੱਕ ਅਜਿਹੀ ਕਥਾ ਹੈ, ਜੋ ਅੱਜ ਦੇ ਜ਼ਮਾਨੇ ਵਿੱਚ ਸ਼ਾਇਦ ਹੀ ਕਿਤੇ ਸੁਣਨ ਨੂੰ ਮਿਲੇ! ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।
ਸਾਂਵਲ ਧਾਮੀ
ਫੋਨ:+91-9781843444
‘ਮੁਹੱਬਤ ਮਿੱਟੀ ਦੇ ਭਾਂਡਿਆਂ ਵਾਂਗ ਸੰਭਾਲ਼ਣੀ ਪੈਂਦੀ ਏ ਤੇ ਮਿੱਟੀ ਦੇ ਭਾਂਡਿਆਂ ਨੂੰ ਸਿਰਫ਼ ਮੁਹੱਬਤ ਹੀ ਸੰਭਾਲ਼ ਸਕਦੀ ਏ।’
ਮੈਂ ਚਾਚੇ ਬਚਨ ਸਿੰਘ ਨੂੰ, ਕੂੰਡੇ ’ਚ ਸ਼ਰਦਈ ਰਗੜਦਿਆਂ ਵੇਖਦਾ ਤਾਂ ਮੈਨੂੰ ਸੰਤਾਲ਼ੀ ਦੇ ਅਗਸਤ ਮਹੀਨੇ ਦੀ ਉਹ ਸ਼ਾਮ ਯਾਦ ਆ ਜਾਂਦੀ।
ਸੱਪਾਂ ਵਾਲ਼ਾ ਖੂਹ ਗਿੜ ਰਿਹਾ ਸੀ ਤੇ ਮੈਂ ਗਾਧੀ ’ਤੇ ‘ਰੱਬ’ ਬਣਿਆ ਬੈਠਾ ਸਾਂ। ਦੁਸਾਂਝ ਪਿੰਡ ਦੇ ਬੰਦਿਆਂ ਨੇ ਸਾਡੇ ਪਿੰਡ ’ਤੇ ਧਾਵਾ ਬੋਲਿਆ ਸੀ। ਬਾਪੂ ਨੇ ਮੈਨੂੰ ਘਰ ਵੱਲ ਭਜਾ ਦਿੱਤਾ ਸੀ, “ਆਵਦੇ ਚਾਚੇ ਨੂੰ ਦੱਸ ਓਏ ਜਾ ਕੇ। ਕਿਧਰੇ ਅਜ਼ੀਜ਼ ਹੁਰੀਂ ਨਾ ਮਾਰੇ ਜਾਣ!”
ਚਾਚੇ ਨੇ ਅਜ਼ੀਜ ਦੇ ਟੱਬਰ ਨੂੰ ਪਹਿਲਾਂ ਹੀ ਆਵਦੇ ਘਰ ਲੁਕੋ ਲਿਆ ਸੀ। ਤਿੰਨ ਲੜਕੀਆਂ ਸਨ, ਉਹਦੀਆਂ। ਉਮਰਾਂ ਹੋਣਗੀਆਂ ਕੋਈ ਅੱਠ ਤੋਂ ਬਾਰ੍ਹਾਂ ਵਰਿ੍ਹਆਂ ਦੇ ਦਰਮਿਆਨ। ਤਕਰੀਬਨ ਮੇਰੇ ਹਾਣ ਦੀਆਂ ਸਨ ਉਹ। ਕੋਈ ਦਸ-ਪੰਦਰਾਂ ਦਿਨ ਚਾਚਾ ਉਨ੍ਹਾਂ ਦਾ ਮਲ-ਮੂਤਰ ਵੀ ਚੁੱਕਦਾ ਰਿਹਾ ਸੀ। ਫੇਰ ਸਾਡੇ ਪਿੰਡ ਦੇ ਬੰਦੇ ਦੀ ਗੱਡੀ ਸੀ, ਸ਼ੈਵਰਲੇਅ। ਚਾਚਾ ਤੇ ਪਿੰਡ ਦੇ ਅੱਠ-ਦਸ ਬੰਦੇ ਹੋਰ, ਉਨ੍ਹਾਂ ਨੂੰ ਫ਼ਿਰੋਜ਼ਪੁਰ ਛੱਡ ਕੇ ਆਏ ਸਨ।
ਉਹ ਆਵਦਾ ਕੱਪੜਾ-ਲੱਤਾ ਤਾਂ ਲੈ ਗਏ ਸਨ, ਪਰ ਮੰਜਾ ਤੇ ਕੂੰਡਾ ਚਾਚੇ ਨੂੰ ਦੇ ਗਏ ਸਨ।
ਸਾਡਾ ਅੱਧਾ ਪਿੰਡ ਮੁਸਲਮਾਨਾਂ ਦਾ ਹੁੰਦਾ ਸੀ। ਨੂਰ ਮੁਹੰਮਦ, ਦੀਨ ਮੁਹੰਮਦ ਤੇ ਦੌਲੀ। ਨੀਕਲ ਦੇ ਤਿੰਨੋਂ ਮੁੰਡੇ ਬਾਪੂ ਦੇ ਬੜੇ ਯਾਰ ਹੁੰਦੇ ਸਨ। ਨੂਰ ਮੁਹੰਮਦ ਦਾ ਪੁੱਤਰ ਇਬਰਾਹਿਮ ਮੇਰਾ ਹਾਣੀ ਹੁੰਦਾ ਸੀ। ਅਸੀਂ ਇਕੱਠੇ ਖੇਡਦੇ। ਮਸੀਤ ਵਾਲ਼ੀ ਬੋਹੜ ਦੀ ਛਾਂਵੇਂ, ਮੰਜੀ ’ਤੇ ਬੈਠੇ, ਇੱਕ ਬੱਗੀ ਦਾਹੜੀ ਵਾਲ਼ੇ ਬਜ਼ੁਰਗ ਨੂੰ ਸਾਰੇ ਮੌਲਵੀ ਸਾਹਿਬ ਕਹਿੰਦੇ ਹੁੰਦੇ ਸੀ। ਬਜ਼ੁਰਗਾਂ ਕੋਲ਼ੋਂ ਸੁਣਿਆ ਸੀ ਕਿ ਸੰਤਾਲ਼ੀ ਤੋਂ ਕੋਈ ਸੱਤ ਕੁ ਵਰ੍ਹੇ ਪਹਿਲਾਂ ਬੰਬ ਬਣਾਉਂਦਿਆਂ, ਬੰਬ ਉਹਦੇ ਹੱਥਾਂ ’ਚ ਹੀ ਚੱਲ ਗਿਆ ਸੀ। ਉਸਦੇ ਦੋਵੇਂ ਹੱਥ ਉੱਡ ਗਏ ਸਨ। ਆਪਣੇ ਟੁੰਡ-ਮਰੁੰਡ ਹੱਥਾਂ ਨਾਲ਼ ਹੁੱਕਾ ਪੀਂਦਾ, ਉਹ ਮੈਨੂੰ ਕਿਸੇ ਹੋਰ ਦੁਨੀਆਂ ਦਾ ਬਾਸ਼ਿੰਦਾ ਲੱਗਦਾ ਹੁੰਦਾ ਸੀ।
ਪਿੰਡ ਦੇ ਬਹੁਤੇ ਕਿਸਾਨਾਂ ਵਾਂਗ ਮੌਲਵੀ ਹੁਰੀਂ ਵੀ ਮਾਰੂਸੀ ਸਨ। ਸੰਤਾਲ਼ੀ ਵੇਲੇ ਜਦੋਂ ਨੇੜੇ-ਤੇੜੇ ਦੇ ਪਿੰਡ ਉੱਠਣ ਲੱਗੇ ਤਾਂ ਮੌਲਵੀ ਕਾਕੇ ਮੋਚੀ ਨੂੰ ਨਾਲ਼ ਲੈ ਕੇ ਜਾਗੀਰਦਾਰ ਕੋਲ਼ ਗਿਆ। ਮਿੰਨਤ ਕਰਕੇ ਕਹਿਣ ਲੱਗਾ– ਅਸੀਂ ਹੁਣ ਤੁਰ ਚੱਲੇ ਆਂ ਜੀ ਇੱਥੋਂ! ਤੁਸੀਂ ਆਪਣੀ ਜ਼ਮੀਨ ਲਿਖਵਾ ਲਓ।
ਪਿੰਡ ਨੂੰ ਮੁੜਦਿਆਂ ਦੋਵਾਂ ਦਾ ਕਤਲ ਹੋ ਗਿਆ ਸੀ।
ਮੇਰੇ ਪਿੰਡ ਦੇ ਬਹੁਤੇ ਮੁਸਲਮਾਨ ਕਿਰਤੀ ਸਨ। ਜੁਲਾਹੇ ਤਾਣੀ ਉਣਦੇ ਤੇ ਮੋਚੀ ਜੁੱਤੀਆਂ ਬਣਾਉਂਦੇ। ਮੋਚੀਆਂ ਦੇ ਅੱਲ ‘ਮੁਰਾਦ ਕੇ’ ਪਈ ਹੋਈ ਸੀ। ਉਨ੍ਹਾਂ ਦਾ ਮੁੰਡਾ ਤੁਫ਼ੈਲ ਮੇਰਾ ਹਾਣੀ ਹੁੰਦਾ ਸੀ। ਅਲੀ ਅਤੇ ਵਲੀ, ਦੋ ਘੁਮਿਆਰਾਂ ਦੇ ਘਰ ਵੀ ਹੁੰਦੇ ਸਨ। ਸ਼ੇਰਾ ਤੇ ਪੋਲੋ, ਦੋ ਸਕੇ ਭਰਾਵਾਂ ਦਾ ਕੋਹਲੂ ਹੁੰਦਾ ਸੀ। ਇੱਕ ਬੁੜਾ ਹੁੰਦਾ ਸੀ, ਅੱਲਾ ਦਿੱਤਾ। ਆਪਣੇ ਖੇਤ ਦੇ ਨੇੜੇ ਹੀ ਘਰ ਸੀ ਉਨ੍ਹਾਂ ਦਾ। ਅਸੀਂ ਉਹਨੂੰ ‘ਸ਼ੇਰ-ਸ਼ੇਰ’ ਕਹਿ ਕੇ ਛੇੜਦੇ। ਉਹਦੀ ਘਰ ਵਾਲ਼ੀ ਸਾਨੂੰ ਗਾਲ਼੍ਹਾਂ ਕੱਢਦੀ। ਅਸੀਂ ਭੱਜ ਜਾਂਦੇ।
ਸੰਤਾਲ਼ੀ ’ਚ ਦੋ ਬੰਦਿਆਂ ਨੂੰ ਛੱਡ ਬਾਕੀ ਸਾਰਾ ਪਿੰਡ ਤੁਰ ਗਿਆ ਸੀ। ਇੱਕ ਸੀ ਰਾਜੇਮੰਗ। ਮੀਰ ਆਲਮ ਸੀ ਉਹ। ਇੱਕ ਹੋਰ ਬੰਦਾ ਹੁੰਦਾ ਸੀ; ਵਰਿਆਮ। ਅਸੀਂ ਬਾਬਾ ਈ ਕਹਿ ਲੈਂਦੇ ਸੀ, ਉਹਨੂੰ। ਪਿੰਡ ਵਾਲ਼ੇ ਦੱਸਦੇ ਹੁੰਦੇ ਸੀ ਕਿ ਅੜ ਕੇ ਰਿਹਾ ਸੀ, ਉਹ ਇੱਥੇ। ਕਹਿੰਦਾ ਸੀ, ਰੱਖੋ ਜਾਂ ਕਤਲ ਕਰੋ, ਮੈਂ ਨਹੀਂ ਜਾਣਾ ਪਾਕਿਸਤਾਨ। ਰੋਟੀ-ਪਾਣੀ, ਜਿੱਥੇ ਮਰਜ਼ੀ ਹੋਵੇ, ਖਾ ਲੈਂਦਾ ਸੀ। ਸਾਰਾ ਪਿੰਡ ਉਹਦਾ ਸੀ ਤੇ ਉਹ ਸਾਰੇ ਪਿੰਡ ਦਾ। ਕਿਸੇ ਨੇ ਖ਼ਰਬੂਜ਼ੇ ਲਾ ਲਏ, ਟਿੰਡੋਂ ਲਾ ਲਏ, ਜਿਹਨੇ ਕਹਿ ਦੇਣਾ, ਓਥੇ ਜਾ ਕੇ ਬਹਿ ਜਾਣਾ। ਸੱਚਮੁਚ ਪੂਰੇ ਪਿੰਡ ਦਾ ਰਾਖਾ ਸੀ ਉਹ! ਬੜੀ ਲੰਮੀ ਉਮਰ ਭੋਗੀ, ਉਹਨੇ। ਮੈਂ ਉਹਨੂੰ ਇੱਥੋਂ ਤੱਕ ਦੇਖਿਆ, ਜਦੋਂ ਉਹ ਗੋਡਿਆਂ ਦੇ ਭਾਰ ਤੁਰਦਾ ਹੁੰਦਾ ਸੀ। ਅਨੂਪ ਸਿਉਂ ਸਰਪੰਚ ਦੇ ਘਰ ਮਰਿਆ ਸੀ ਉਹ। ਪਿੰਡ ਵਾiਲ਼ਆਂ ਕਬਰਾਂ ’ਚ ਦਫ਼ਨਾਇਆ ਸੀ, ਉਹਨੂੰ।
ਵਕਤ ਆਪਣੀ ਚਾਲੇ ਤੁਰਦਾ ਗਿਆ। ਸਾਡਾ ਪਿੰਡ ਫ਼ਿਰੋਜ਼ਪੁਰ ਨਾਲ਼ੋਂ ਟੁੱਟ ਕੇ ਮੋਗੇ ਜ਼ਿਲ੍ਹੇ ਦਾ ਪਿੰਡ ਹੋ ਗਿਆ। ਲਾਠੀ ਵਾਂਗ ਤਣ ਕੇ ਤੁਰਨ ਵਾਲ਼ੇ ਚਾਚੇ ਦੀ ਕੰਗਰੋੜ ਕਮਾਨ ਵਰਗੀ ਹੋ ਗਈ। ਤੰਗੀਆਂ-ਤੁਰਸ਼ੀਆਂ ’ਚੋਂ ਨਿਕਲ ਕੇ ਸਾਡਾ ਟੱਬਰ ਥੋੜ੍ਹਾ ਸੌਖਾ ਹੋ ਗਿਆ। ਕੂੰਡਿਆਂ ਦੀ ਥਾਂ ਇਲੈਕਟ੍ਰਿਕ ਗਰਾਈਂਡਰ ਤੇ ਮੰਜਿਆਂ ਦੀ ਥਾਂ ਬੈੱਡ ਆ ਗਏ, ਪਰ ਚਾਚਾ ਉਸ ਪੁਰਾਣੇ ਮੰਜੇ ’ਤੇ ਪੈਂਦਾ ਸੀ। ਅਸੀਂ ਟੋਕਦੇ ਤਾਂ ਉਦਾਸ ਹੁੰਦਿਆਂ ਆਖਦਾ, “ਮੇਰੇ ਯਾਰ, ਅਜ਼ੀਜ ਦੀ ਨਿਸ਼ਾਨੀ ਆ ਇਹ! ਮੈਂ ਇਸ ’ਤੇ ਈ ਦਮ ਤੋੜਨੈ!”
ਚਾਚਾ ਮਰਦੇ ਦਮ ਤੱਕ ਆਪਣੇ ਮਿੱਤਰ ਅਜ਼ੀਜ ਨੂੰ ਯਾਦ ਕਰਦਾ ਰਿਹਾ ਸੀ ਤੇ ਆਖ਼ਰ ਆਪਣੇ ਯਾਰ ਵਾਲ਼ੇ ਮੰਜੇ ’ਤੇ ਹੀ ਆਖ਼ਰੀ ਸਾਹ ਲਿਆ ਸੀ ਉਸਨੇ। ਆਖਰੀ ਦਿਨਾਂ ’ਚ ਮੰਜੇ ਅਤੇ ਕੂੰਡੇ ਨੂੰ ਸੰਭਾਲ਼ਣ ਦੀ ਗੱਲ ਕਈ ਵਾਰ ਆਖੀ ਸੀ ਉਸਨੇ।
ਬਜ਼ੁਰਗ ਤੁਰ ਗਏ, ਪਰ ਉਹ ਮੰਜਾ ਤੇ ਕੂੰਡਾ ਅਸੀਂ ਅੱਜ ਤੱਕ ਸੰਭਾiਲ਼ਆ ਹੋਇਆ। ਸਾਡੇ ਘਰਦਿਆਂ ਬੜੀਆਂ ਮਿਰਚਾਂ ਰਗੜੀਆਂ ਤੇ ਬੜੀ ਸ਼ਰਦਾਈ ਘੋਟੀ, ਉਸ ਕੂੰਡੇ ’ਚ। ਹੁਣ ਉਹ ਤਿੜਕ ਤਾਂ ਗਿਆ ਹੈ, ਪਰ ਅਸੀਂ ਟੁੱਟਣੋਂ ਬਚਾਈ ਰੱਖਿਆ ਏ। ਅਲੀ ਜਾਂ ਵਲੀ, ਕਿਸੇ ਇੱਕ ਘੁਮਿਆਰ ਦੇ ਹੱਥਾਂ ਨੇ ਬਣਾਇਆ ਹੋਵੇਗਾ ਇਹ।
ਫੌਜ ਦੀ ਨੌਕਰੀ ਦੌਰਾਨ ਮੈਂ ਦੋਸਤਾਂ-ਮਿੱਤਰਾਂ ਨੂੰ ਅਜ਼ੀਜ ਤੇ ਚਾਚੇ ਦੀ ਦੋਸਤੀ ਦੀ ਕਹਾਣੀ ਸੁਣਾਉਂਦਾ ਤਾਂ ਉਹ ਹੈਰਾਨ ਰਹਿ ਜਾਂਦੇ।
ਇਕੱਤਰ ਦੀ ਲੜਾਈ ਦੀ ਗੱਲ ਏ। ਸਾਡੀ ਫੌਜੀ ਟੁਕੜੀ ਸਰਹੱਦ ਪਾਰ ਕਰਕੇ, ਨਾਰੋਵਾਲ ਦੇ ਚੱਕ ਨਾਹਰਾ ਪਿੰਡ ’ਚ ਪਹੁੰਚ ਗਈ ਸੀ। ਬਹੁਤਾ ਪਿੰਡ ਖਾਲੀ ਹੋ ਚੁੱਕਾ ਸੀ। ਪਿੰਡ ਦੀ ਤਲਾਸ਼ੀ ਲਈ ਤਾਂ ਇੱਕ ਬਜ਼ੁਰਗ ਮਿਲਿਆ, ਸੰਗਲਾਂ ਨਾਲ਼ ਨੂੜਿਆ ਹੋਇਆ। ਬਿਨਾ ਸ਼ੱਕ ਪਾਗਲ ਸੀ ਉਹ। ਇੱਕ ਹਵੇਲੀ ’ਚੋਂ ਸਾਨੂੰ ਲੁਕੇ ਹੋਏ ਪੰਜ-ਸੱਤ ਫੌਜੀ ਵੀ ਮਿਲੇ। ਇੱਕ ਹੋਰ ਘਰ ’ਚੋਂ ਅਸੀਂ ਇੱਕ ਹੋਰ ਬੰਦੇ ਨੂੰ ਕੈਦ ਕੀਤਾ। ਸਾਰਿਆਂ ਦੇ ਹੱਥ ਬੰਨ ਕੇ ਅਸੀਂ ਆਪਣੇ ਕੈਂਪ ਵੱਲ ਲੈ ਤੁਰੇ। ਰਾਹ ’ਚ ਫੌਜੀਆਂ ਨਾਲ਼ ਗੱਲਾਂ ਸ਼ੁਰੂ ਹੋਈਆਂ ਤਾਂ ਪਤਾ ਲੱਗਾ ਕਿ ਉਨ੍ਹਾਂ ’ਚੋਂ ਤਿੰਨ ਸੰਤਾਲ਼ੀ ਵੇਲੇ ਰਾਊਕਿਆਂ ਵੱਲ ਤੋਂ ਗਏ ਹੋਏ ਸਨ।
ਕੈਂਪ ’ਚ ਲਿਆ ਕੇ ਪੁੱਛ-ਗਿੱਛ ਕੀਤੀ ਤਾਂ ਉਸ ਸਿਵਿਲੀਅਨ ਨੇ ਦੱਸਿਆ ਕਿ ਉਹਦੇ ਬਜ਼ੁਰਗ ਜਗਰਾਉਂ ਤੋਂ ਹਿਜਰਤ ਕਰਕੇ ਓਧਰ ਗਏ ਸਨ। ਰਹਿੰਦਾ ਤਾਂ ਉਹ ਲਾਹੌਰ ਸੀ, ਪਰ ਚੱਕ ਨਾਹਰੇ ਉਹ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਇਆ ਹੋਇਆ ਸੀ। ਕੁਝ ਗੱਲਾਂ ਹੋਰ ਹੋਈਆਂ ਤਾਂ ਉਹ ਮੈਨੂੰ ਪੁੱਛਣ ਲੱਗਾ, “ਤੁਹਾਡਾ ਪਿੰਡ ਕਿਹੜਾ?”
ਮੈਂ ਵਰ੍ਹੇ ਦਾ ਨਾਂ ਲਿਆ ਤਾਂ ਉਸ ਦੀਆਂ ਅੱਖਾਂ ਚਮਕ ਪਈਆਂ ਸਨ।
“ਤੋਬਾ! ਤੋਬਾ! ਤੋਬਾ! ਉਹ ਤਾਂ ਮੇਰੇ ਸਹੁਰੇ ਦਾ ਪਿੰਡ ਹੁੰਦਾ ਸੀ।”
ਮੈਂ ਉਸਦੇ ਸਹੁਰੇ ਦਾ ਨਾਂ ਪੁੱਛਿਆ ਤਾਂ ਉਹ ਬੋਲਿਆ, “ਅਜ਼ੀਜ ਮੁਹੰਮਦ ਨਾਂ ਸੀ ਉਹਦਾ। ਖੱਡੀ ਦਾ ਕੰਮ ਕਰਦਾ ਸੀ ਉਹ। ਤਿੰਨ ਧੀਆਂ ਹੀ ਸਨ, ਉਹਦੀਆਂ। ਮੈਂ ਵੱਡਾ ਜਵਾਈ ਆਂ ਉਹਦਾ। ਮੇਰੇ ਕੋਲ਼ ਹੀ ਦਮ ਤੋੜਿਆ ਸੀ ਉਹਨੇ। ਮੌਤ ਤੱਕ ਵਰ੍ਹੇ ਪਿੰਡ ਦੇ ਲੋਕਾਂ ਨੂੰ ਯਾਦ ਕਰਦਾ ਰਿਹਾ। ਮੌਤ ਵੇਲੇ ਮੈਨੂੰ ਇੱਕ ਸੁਨੇਹਾ ਦੇ ਕੇ ਮਰਿਆ ਸੀ ਉਹ।” ਉਸਦੇ ਬੋਲ ਭਾਰੇ ਹੋ ਗਏ ਸਨ।
“ਕਿਹੜਾ ਸੁਨੇਹਾ?” ਮੈਂ ਸਵਾਲ ਕੀਤਾ ਸੀ।
“ਉਹ ਸਵੇਰ-ਸ਼ਾਮ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਕੁਝ ਬੁੜਬੁੜਾਉਂਦਾ ਹੁੰਦਾ ਸੀ। ਇੱਕ ਵਾਰ ਮੈਂ ਪੁੱਛਿਆ ਤਾਂ ਆਖਣ ਲੱਗਾ- ਆਪਣੇ ਪਿੰਡ ਵਰ੍ਹੇ ਤੇ ਯਾਰ ਬਚਨ ਸਿੰਘ ਦੀ ਸਲਾਮਤੀ ਦੀ ਖ਼ੈਰ ਮੰਗਦਾ ਹੁੰਦਾ ਆਂ, ਦੋ ਵੇਲ਼ੇ। ਮੈਂ ਪੁੱਛਿਆ ਸੀ ਕਿ ਬਚਨ ਸਿੰਘ ਕੌਣ? ਇਹ ਸਵਾਲ ਸੁਣ ਕੇ ਉਹ ਰੋ ਪਿਆ ਸੀ। ਕਹਿਣ ਲੱਗਾ- ਉਹਦੇ ਵਰਗਾ ਯਾਰ ਨਹੀਂ ਹੋਣਾ ਕੋਈ ਜੱਗ-ਜਹਾਨ ’ਤੇ। ਉਹਨੇ ਸਾਡੇ ਲਈ ਜੋ ਕੀਤਾ, ਉਹ ਦੁਨੀਆਂ ਤੇ ਸ਼ਾਇਦ ਈ ਕਰੇ ਕੋਈ ਕਿਸੇ ਲਈ। ਮੈਂ ਤਾਂ ਸਾਰੀ ਉਮਰ ਤਰਸਦਾ ਹੀ ਰਿਹਾ, ਵਰ੍ਹੇ ਪਿੰਡ ਨੂੰ ਵੇਖਣ ਤੇ ਆਪਣੇ ਯਾਰ ਨੂੰ ਮਿਲਣ ਲਈ, ਪਰ ਤੂੰ ਜ਼ਿੰਦਗੀ ’ਚ ਇੱਕ ਵਾਰ ਓਸ ਪਿੰਡ ਜ਼ਰੂਰ ਜਾਈਂ। ਜੇ ਮੇਰਾ ਯਾਰ ਜਿਉਂਦਾ ਹੋਵੇ ਤਾਂ ਉਹਦੇ ਪੈਰ ਚੁੰਮ ਲਈਂ!”
ਮੈਨੂੰ ਹੁਣ ਸਮਝ ਆਈ ਸੀ ਕਿ ਚਾਚੇ ਹੁਰੀਂ ਮੰਜਾ ਤੇ ਕੂੰਡਾਂ ਕਿਉਂ ਸੰਭਾਲ਼ੇ ਹੋਏ ਸਨ ਤੇ ਹਰ ਵੇਲੇ ਆਪਣੇ ਯਾਰ ਅਜ਼ੀਜ ਨੂੰ ਯਾਦ ਕਿਉਂ ਕਰਦੇ ਰਹਿੰਦੇ ਸਨ। ਬੇਸ਼ੱਕ ਬਹੁਤ ਗੂੜ੍ਹਾ ਪਿਆਰ ਸੀ ਉਨ੍ਹਾਂ ਦਾ।
“ਮੇਰਾ ਤਾਂ ਸਕਾ ਚਾਚਾ ਸੀ, ਬਚਨ ਸਿੰਘ!” ਹਾਲ਼ੇ ਇਹ ਬੋਲ ਮੇਰੇ ਮੂੰਹ ’ਚ ਹੀ ਸਨ ਕਿ ਉਹ ਸ਼ਖ਼ਸ ਮੇਰੇ ਪੈਰੀਂ ਢਹਿ ਕੇ ਭੁੱਬੀਂ ਰੋ ਪਿਆ ਸੀ। ਮੈਂ ਖੁਦ ਭਾਵੁਕ ਹੋ ਗਿਆ ਸਾਂ, ਪਰ ਕੋਈ ਅਫ਼ਸਰ ਨਾ ਵੇਖ ਲਏ, ਇਸ ਗੱਲੋਂ ਡਰ ਵੀ ਰਿਹਾ ਸਾਂ। ਮੈਂ ਉਸਨੂੰ ਉੱਠਣ ਲਈ ਆਖਿਆ ਤੇ ਉਹ ਅੱਖਾਂ ਮਲ਼ਦਾ ਖੜ੍ਹਾ ਹੋ ਗਿਆ ਸੀ।
ਮੈਂ ਗਹੁ ਨਾਲ਼ ਵੇਖਿਆ ਕਿ ਮੇਰੇ ਫੌਜੀ ਬੂਟਾਂ ’ਤੇ ਉਸਦੇ ਅੱਥਰੂਆਂ ਨਾਲ਼ ਨਿਸ਼ਾਨ ਪੈ ਗਏ ਸਨ।