ਪਿੰਡ ਵਸਿਆ
‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਹਥਲੀ ਲਿਖਤ ਵਿੱਚ ਰਾਮਪੁਰ ਲਿਖਾਰੀਆਂ ਦਾ ਸੰਖੇਪ ਵੇਰਵਾ ਹੈ।
–ਪ੍ਰਬੰਧਕੀ ਸੰਪਾਦਕ
ਵਿਜੈ ਬੰਬੇਲੀ
ਫੋਨ: +1-9463439075
ਮਰਹੂਮ ਕਾਮਰੇਡ ਮੱਲ ਸਿੰਘ ਰਾਮਪੁਰੀ ਇੱਕੋ ਸਮੇਂ ਬਹੁਪਰਤੀ ਸ਼ਖਸ ਹੋਇਆ: ਇਨਕਲਾਬੀ ਕਾਰਕੁੰਨ, ਲਿਖਾਰੀ, ਨਾਟਕਕਾਰ, ਕਲਾਕਾਰ ਅਤੇ ਪ੍ਰਤੀਬੱਧ ਕਮਿਊਨਿਸਟ, ਤੇ ਪਿੱਛੋਂ ਜਾ ਕੇ ਸਥਾਨਕ ਇਤਿਹਾਸਕਾਰ। ਉਹ ਉਸ ਰਾਮਪੁਰ, ਲੁਧਿਆਣਾ ਦਾ ਜਾਇਆ ਸੀ, ਜਿੱਥੋਂ ਦੇ ਦਰਜਨ ਭਰ ਨਾਮਵਰ ਲੇਖਕ ਹੋਏ, ਹੁਣ ਵੀ ਹਨ। ਜਿੱਥੇ ਪਹਿਲੀ ਪੇਂਡੂ ਸਾਹਿਤਕ ਸੱਥ ਬਣੀ ਅਤੇ ਜਿਸਦੀ ਅੱਲ ਹੁਣ ਰਾਮਪੁਰ ਲਿਖਾਰੀਆਂ ਹੈ। ਆਪਣੇ ਪਿੰਡ ਦੀ ਬਾਤ ਪਾਉਂਦਿਆਂ ਮੱਲ ਸਿੰਘ ਲਿਖਦਾ ਹੈ, “ਮੇਰੇ ਪਿੰਡ ਰਾਮਪੁਰ ਨੂੰ ਵਸਾਉਣ ਵਾਲੇ ਮਾਂਗਟ ਗੋਤਰੀ ਰਾਏ, ਜਗਤੀਆਂ ਅਤੇ ਜੀਤਾ ਸਨ। ਜਿਹੜੇ ਆਪਣੇ ਮਾਂਗਟ ਜਜਮਾਨਾਂ ਸਮੇਤ ਵੱਸਦੇ-ਉੱਜੜਦੇ ਅਤੇ ਮੁੜ ਵੱਸਦੇ ਇੱਥੇ ਆ ਆਬਾਦ ਹੋਏ। ਮੁਖੀ ਰਾਏ ਸੀ, ਜਿਸ ਕਾਰਨ ਪਿੰਡ ਦੀ ਮੋੜ੍ਹੀ “ਰਾਓਪੁਰ” (ਰਾਏਪੁਰ) ਵਜੋਂ ਗੱਡੀ ਗਈ। ਜਿਹੜਾ ਰਾਓਪੁਰ ਤੋਂ ਰਾਮਪੁਰ ਬਣ ਗਿਆ। ਰਾਮਪੁਰ ਦੀ ਤਹਿਸੀਲ ਕਦੇ ਧੂਰੀ, ਕਦੇ ਬਰਨਾਲਾ, ਕਦੇ ਸਾਹਿਬਗੜ੍ਹ (ਅੱਜ ਦਾ ਫਤਿਹਗੜ੍ਹ), ਕਦੇ ਬਸੀ ਤੇ ਕਦੇ ਅਮਲੋਹ ਰਹੀ। ਅੱਜ ਕੱਲ੍ਹ ਪਾਇਲ ਹੈ। ਜ਼ਿਲ੍ਹਾ ਕਦੇ ਅਮਰਗੜ੍ਹ, ਕਦੇ ਪਟਿਆਲਾ, ਕਦੇ ਫਤਿਹਗੜ੍ਹ ਅਤੇ ਹੁਣ ਲੁਧਿਆਣਾ ਹੈ। ਰਾਮਪੁਰ ਵਿੱਚ ਕਦੇ ਸਰਹਿੰਦ ਦੀ ਨਵਾਬੀ ਚੱਲਦੀ ਸੀ, ਕਦੇ ਰਿਆਸਤ ਪਟਿਆਲਾ ਦਾ ਖਾਨਦਾਨੀ ਸਿੱਕਾ ਚੱਲਿਆ ਤੇ ਹੁਣ ਪੰਜਾਬ ਸਰਕਾਰ ਹੈ।” ਉਸ ਵੱਲੋਂ ਲਿਖੇ-ਦੱਸੇ ਨੇ ਵੀ ਇਹ ਲੇਖ ਲਿਖਣ ‘ਚ ਪੁਖਤਾ ਹਿੱਸਾ ਪਾਇਆ ਹੈ।
’47 ਤੋਂ ਕਿਤੇ ਪਹਿਲਾਂ; ਪਿੰਡ ਦੀ ਮੋੜ੍ਹੀ ਬੰਨ੍ਹਣ ਵਾਲੀ ਧਿਰ ਦੀ ਹੀ ਸਬੰਧਿਤ ਪਿੰਡ ਵਿੱਚ ਬਹੁਤੀ ਵਸੇਬ ਹੁੰਦੀ ਸੀ। ਭਾਵੇਂ ਕਿ ਹੋਰ ਜਾਤਾਂ ਵੀ ਇੱਥੇ ਆ ਵਸਦੀਆਂ ਰਹੀਆਂ ਜਾਂ ਉਹ ਖੁਦ ਲੈ ਆਏ। ਕਾਰਨ; ਪੁਰਾਣੇ ਭਾਰਤੀ ਪਿੰਡਾਂ ਵਿੱਚ ਕੋਈ ਵੀ ਜਾਤੀ ਸਵੈ-ਨਿਰਭਰ ਨਹੀਂ ਸੀ। ਉਸਨੂੰ ਹੋਰ ਕਿੱਤਾ ਜਾਤੀਆਂ, ਜਿਨ੍ਹਾਂ ਕੋਲ ਵਿਸ਼ੇਸ਼ ਧੰਦਿਆਂ, ਹੁਨਰਾਂ ਜਾਂ ਕੋਈ ਹੋਰ ਮੁਹਾਰਤ ਹੁੰਦੀ ਸੀ, ਦੀ ਲੋੜ ਪੈਂਦੀ ਸੀ। ਨਵਾਂ ਪਿੰਡ ਬੰਨ੍ਹਣ ਸਮੇਂ ਤਾਂ ਅਜਿਹਾ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਸੀ ਜਾਂ ਹੋਰ ਥਾਵੋਂ ਹੋਰ ਜਾਤਾਂ (ਧਰਮੀ) ਵੀ ਰੋਜ਼ੀ-ਰੋਟੀ ਦੀਆਂ ਲੋੜਾਂ ਤਹਿਤ ਉਥੇ ਵਸਦੀਆਂ। ਸਭ ਪਿੰਡ ਬੁਨਿਆਦੀ ਸਰੂਪ ਵਿੱਚ ਇੱਕ-ਦੂਜੇ ਨਾਲ ਮੇਲ ਖਾਂਦੇ ਸਨ। ਕੱਚੇ-ਪੱਕੇ ਘਰਾਂ ਦਾ ਸਮੂਹ। ਪਸ਼ੂਆਂ ਲਈ ਇੱਕ ਛੱਪੜ, ਬੰਦਿਆਂ ਲਈ ਖੂਹ। ਪਿੰਡ ਦੀ ਸਾਂਝੀ ਸੱਥ, ਜਿੱਥੇ ਤਬਸਰੇ ਚੱਲਦੇ, ਰਾਗ-ਰਤਨ ਹੁੰਦੇ। ਪਿੱਪਲਾਂ-ਬੋਹੜਾਂ ‘ਤੇ ਤੀਆਂ, ਪਿੰਡ ਦੀ ਬਾਹਰਲੀ ਹੱਦ ਉੱਤੇ ਜਠੇਰੇ ਅਤੇ ਸਤੀਆਂ ਤੇ ਮਮਟੀਆਂ। ਮੁੱਖ ਤੌਰ ‘ਤੇ ਪ੍ਰਮੁੱਖ ਧੰਦਾ ਵਾਹੀ-ਬੀਜੀ ਸੀ। ਹੱਟੀ, ਭੱਠੀ ਅਤੇ ਸੱਥ ਨੂੰ ਪਿੰਡ ਦਾ ਸੰਚਾਰ ਕੇਂਦਰ ਕਿਹਾ ਜਾ ਸਕਦਾ ਸੀ। ਮੁੱਢ-ਕਦੀਮ ਰਾਮਪੁਰ ਵੀ ਇਵੇਂ ਹੀ ਸੀ।
1882 ਈ. ਵਿੱਚ ਸਰਕਾਰ ਅੰਗਰੇਜ਼ੀ ਨੇ ਜ਼ਮੀਨਾਂ ਬਾਰੇ “ਪੰਜਾਬ ਬੰਦੋਬਸਤ ਕਾਨੂੰਨ” ਪਾਸ ਕੀਤਾ। ਅਹਿਲਕਾਰਾਂ ਦੀ ਜਿਹੜੀ ਟੀਮ ਉਸ ਐਕਟ ਤਹਿਤ ਪਿੰਡ ਆਈ, ਉਸਨੂੰ ਪਿੰਡ ਦੇ ਪੁਰਾਣੇ ਮੋਹਤਬਰਾਨਾਂ ਨੇ ਜੋ ਜਾਣਕਾਰੀ ਦਿੱਤੀ, ਉਸਨੂੰ ਮਿਸਲ ਵਜੋਂ ਉਰਦੂ ਵਿੱਚ ਬਤੌਰ ਦਸਤਾਵੇਜ਼ ਸਰਕਾਰੀ ਬਾਬਤ ਪਿੰਡ ਅਤੇ ਰਕਬਾ ਵਜੋਂ ਸਨਦਬੱਧ ਕੀਤਾ ਗਿਆ, ਜਿਸਨੂੰ “ਸ਼ਿਜਰਾ ਨਸਬ” ਵੀ ਕਿਹਾ ਜਾਂਦਾ ਹੈ। ਦਰਅਸਲ ਇਹ ਪਿੰਡ ਦਾ ਪਿਛੋਕੜ, ਖਾਸ ਕਰਕੇ ਵਸਣ ਬਾਰੇ ਅਤੇ ਮੁੱਢਲੇ ਜ਼ਰਾਇਤੀ ਮਾਲਕਾਂ ਜਾਂ ਪਿੰਡ ਬੰਨ੍ਹਣ ਵਾਲਿਆਂ ਦੀ ਮਾਲਕੀ ਜਾਂ ਪਰਿਵਾਰਕ ਬੰਸਾਵਲੀ ਵੀ ਹੁੰਦੀ ਹੈ। ਪੰਜਾਬੀ ਉਲੱਥਾ ਪੇਸ਼ ਹੈ:
“ਵਿਆਖਿਆ ਪਿੰਡ ਰਾਮਪੁਰ, ਤਹਿਸੀਲ ਸਾਹਿਬਗੜ੍ਹ, ਜ਼ਿਲਾ ਅਮਰਗੜ੍ਹ। ਬੁਨਿਆਦੀ ਹੱਕ ਹਾਸਲ ਹਨ, ਜ਼ਮੀਨ ਦੀ ਪੁਰਾਣੀ ਵੰਡ” {ਮਹਿਕਮਾ ਮਾਲ (ਪਟਵਾਰ) ਦੇ ਉਰਦੂ ਰਿਕਾਰਡ ਦਾ ਪੰਜਾਬੀ ਉਲੱਥਾ। (ਉਰਦੂ ਲਿਖ਼ਤ ਈਸਵੀ ਸੰਨ 1882)}
“ਸਮਾਂ ਤੀਹ ਪੁਸ਼ਤ ਹੋਇਆ (ਅਗਲੀ ਪੁਸ਼ਤ ਜਾਂ ਪੀੜ੍ਹੀ ਕਰੀਬ 20 ਕੁ ਵਰ੍ਹੇ ਬਦਲ ਜਾਂਦੀ ਸੀ, ਸੋ ਔਸਤਨ 1882-600=1282 ਅਰਥਾਤ 13ਵੀਂ ਸਦੀ) ਕਿ ਸਾਡੇ ਬਜ਼ੁਰਗ ਕਾਲ੍ਹਾ ਨੇ ਗਜ਼ਨੀ ਤੋਂ ਚੱਲ ਕੇ, ਪਰਗਨਾ ਅੰਮ੍ਰਿਤਸਰ ਵਿੱਚ ਗੁਰ ਮਾਂਗਟ ਆਬਾਦ ਕੀਤਾ ਅਤੇ ਉਥੋਂ ਆ ਕੇ ਲੁਧਿਆਣਾ ਵਿੱਚ ਕੂੰਮ ਕਲਾਂ ਆਬਾਦ ਕਰ ਲਿਆ। ਜਦੋਂ ਮੁਗਲ ਰਾਜ ਵਿੱਚ ਕੂੰਮ ਦੇ ਮਾਲਕਾਂ ਨੇ ਇਸਲਾਮ ਮੱਤ ਗ੍ਰਹਿਣ ਕਰ ਲਿਆ ਤਾਂ ਉਥੋਂ ਉੱਠ ਕੇ ਸਾਡੇ ਬਜ਼ੁਰਗ ਪਿੰਡ ਛੰਦੜਾਂ ਵਿੱਚ ਆਬਾਦ ਹੋ ਗਏ। ਪਿੰਡ ਛੰਦੜਾਂ ਤੋਂ ਉੱਠ ਕੇ ਸਾਡੇ ਬਜ਼ੁਰਗ ਰਾਏ ਨੇ ਇਸ ਪਿੰਡ ਦੀ ਗੈਰ-ਆਬਾਦ ਜ਼ਮੀਨ ਨੂੰ ਉਸ ਸਮੇਂ ਦੇ ਹਾਕਮਾਂ ਤੋਂ ਅਗਿਆ ਲੈ ਕੇ ਆਬਾਦ ਕੀਤਾ ਅਤੇ ਕਬਜ਼ਾ ਕਰ ਲਿਆ। ਕੁਝ ਸਮਾਂ ਬੀਤਣ ਪਿੱਛੋਂ ਰਾਏ ਦੀ ਔਲਾਦ ਨੇ ਇਸ ਜ਼ਮੀਨ ਨੂੰ 19 ਹਲਾਂ ਵਿੱਚ ਵੰਡਿਆ, ਪਰ ਹਰ ਹਲ ਦੀ ਜ਼ਮੀਨ ਬਰਾਬਰ ਨਾ ਰਹੀ। ਜਿਸ ਤਰ੍ਹਾਂ ਕਬਜ਼ਾ ਸੀ, ਉਸੇ ਤਰ੍ਹਾਂ ਰਹੇ ਅਤੇ ਇਹ ਅਮਲ ਸੰਮਤ 1925 (ਈਸਵੀ ਸੰਨ 1868) ਤੱਕ ਰਿਹਾ। ਫਿਰ ਸੰਮਤ 1926 (1869 ਈ.) ਵਿੱਚ ਨਵੇਂ ਸਿਰਿਓਂ 16 ਹਲ ਕਾਇਮ ਕੀਤੇ। ਮਗਰੋਂ ਬਜ਼ੁਰਗ ਗੁਲਾਬਾ ਦੇ ਤਿੰਨ ਪੁੱਤਾਂ ‘ਤੇ ਤਿੰਨ ਪੱਤੀਆਂ- ਆਸ਼ਾ, ਹੁਸ਼ਿਆਰਾ, ਚੰਦੂ ਮਸ਼ਹੂਰ ਹੋ ਗਈਆਂ। ਪੱਤੀਆਂ ਦੇ ਅੰਦਰ ਆਸ਼ਾ-ਹਸ਼ਿਆਰਾ-ਚੰਦੂ ਦੇ ਪੰਜ-ਪੰਜ ਠੁੱਲੇ (ਵਿਹੜੇ) ਮਸ਼ਹੂਰ ਹੋ ਗਏ, {ਅਰਥਾਤ; ਇਨ੍ਹਾਂ ਤਿੰਨਾਂ ਦੇ ਨਾਂਓ ਪੱਤੀਆਂ ਅਤੇ ਇਨ੍ਹਾਂ ਪੱਤੀਆਂ ਵਿੱਚ ਇਨ੍ਹਾਂ ਦੀ ਔਲਾਦ ਦੇ ਹੀ ਅਗਾਂਹ ਪੰਜ-ਪੰਜ ਵਿਹੜੇ, ਭਾਵ ਸਕਿਆਂ ਜਾਂ ਭਰਾਵਾਂ ਦੇ ਘਰਾਂ ਦੇ ਸਮੂਹ}, ਪਰ ਹੱਕਾਂ ਦੀ ਠੀਕ ਵੰਡ, ਪੱਤੀਆਂ ਅਤੇ ਠੁੱਲਿਆਂ ਵਿੱਚ ਕਾਇਮ ਨਾ ਰਹੀ, ਨਾ ਇਹ ਹਿੱਸਿਆਂ ਅਨੁਸਾਰ ਠੀਕ ਹੈ। ਨਾ ਹੀ ਹਰੇਕ ਹਲ (ਢੇਰੀ/ਮਾਲਕੀ) ਦੀ ਜ਼ਮੀਨ ਇੱਕਸਾਰ ਹੈ, ਸਗੋਂ ਚੰਗੀ-ਮਾੜੀ ਦੇ ਆਧਾਰ ‘ਤੇ, ਘੱਟ-ਵੱਧ ਕੀਤੀ ਗਈ ਹੈ। ਸ਼ਾਮਲਾਤ ਦੇਹ (ਸਾਂਝੀ ਭੋਇੰ) ਪੱਤੀਆਂ ‘ਚ ਵੰਡਣ ਦੇ ਕਾਬਲ (ਯੋਗ) ਨਹੀਂ ਹੈ। ਨਾ ਹੀ ਸ਼ਾਮਲਾਤ ਤੋਂ ਕਿਸੇ ਕਿਸਮ ਦੀ ਕੋਈ ਆਮਦਨ ਹੈ। ਪਿੰਡ ਵਿੱਚ ਕਬਜ਼ੇ ਦੇ ਆਧਾਰ ਉੱਤੇ ਹੀ ਅਮਲ ਹੋ ਰਿਹਾ ਹੈ; ਹਿੱਸੇ ਅਨੁਸਾਰ ਕੋਈ ਅਮਲ ਨਹੀਂ। ਪਿੰਡ ਵਿੱਚ ਭਾਈਚਾਰੇ ਦੀ ਹਾਲਤ (ਰੂਪ ਰੇਖਾ) ਮੁਕੰਮਲ ਹੈ। {ਅਰਥਾਤ; ਕਰੀਬ ਹਰ ਜਾਤ-ਕਿਸਬ ਦੇ (ਕਿਰਤੀ-ਸ਼ਿਲਪੀ-ਪ੍ਰੋਹਿਤ-ਸ਼ਾਹ ਅਤੇ “ਰੱਬੀ”) ਲੋਕਾਂ ਦੀ ਵਸੇਬ ਹੈ।} ਦੂਜੇ ਮਾਲਕ ਲੋਕ ਜੋ ਪੁਰਖਾ ਧਿਰਾਂ ਵਿੱਚੋਂ ਨਹੀਂ ਹਨ, ਪਰ ਗੋਤ ਮਾਂਗਟ ਹੈ, ਉਹ ਉਨ੍ਹਾਂ ਵਿੱਚ ਦਰਜ਼ (ਸ਼ੁਮਾਰ) ਕੀਤੇ ਗਏ ਹਨ, ਜਿਨ੍ਹਾਂ ਪੱਤੀਆਂ ਦੇ ਮਾਲਕਾਂ ਨੂੰ ਉਹ ਮਾਮਲਾ ਦਿੰਦੇ ਸਨ। ਸਾਡੇ ਬਜ਼ੁਰਗ ਰਾਏ ਦੇ ਨਾਂ ਉੱਤੇ ਪਿੰਡ ਦਾ ਨਾਂ ਰਾਓਪੁਰ ਰੱਖਿਆ ਗਿਆ ਸੀ, ਪਰ ਹੌਲੀ-ਹੌਲੀ ਬਦਲ ਕੇ ਇਸਦਾ ਨਾਂ ਰਾਮਪੁਰ ਹੋ ਗਿਆ। ਦੋ ਥੇਹ, ਪਿੰਡ ਦੀ ਆਬਾਦੀ ਤੋਂ ਪੱਛਮ ਵੱਲ ਪਹਿਲਾਂ ਦੇ ਹੀ ਹਨ। ਜਦ ਤੋਂ ਪਿੰਡ ਆਬਾਦ ਹੋਇਆ ਹੈ, ਕਦੇ ਉੱਜੜਿਆ ਨਹੀਂ ਹੈ।”…ਸਮਾਂ-ਨੇਤ, ਪਹਿਲ-ਪਲੱਕੜਿਆਂ ‘ਚ ਕੁੱਝ ਨੇ ਇੱਥੋਂ ਉੱਠ ਕੇ ਨਵੇਂ ਪਿੰਡ ਵੀ ਵਸਾਏ ਤੇ ਕੁਝ ਟੱਬਰ ਹੋਰੀਂ ਪਿੰਡ ਵੀ ਜਾ ਵਸੇ ਅਤੇ ਕੁਝ, ਕਈ ਕਾਰਨੀਂ ਮੁੜ ਵਾਪਿਸ ਵੀ ਆ ਗਏ ਸਨ। ਮੁੱਕਦੀ ਗੱਲ, ਇਹ ਕਿੱਸਾ ਪਿੰਡ ਬੱਝਣ ਦੀ ਕਥਾ ਬਿਆਨਦਾ ਹੈ।