ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: +91-9779853245
ਹਾੜ ਮਹੀਨੇ ਦੀ ਅਤਿ ਦੀ ਗਰਮੀ, ਤਪਦੀਆਂ ਦੁਪਹਿਰਾਂ ਅਤੇ ਲੂਹ ਸੁਟਦੀਆਂ ਗਰਮ ਹਵਾਵਾਂ ਤੋਂ ਬਾਅਦ ਜਦ ਸਾਉਣ ਆਉਂਦਾ ਹੈ ਤਾਂ ਪੰਜਾਬੀ ਇਸ ਨੂੰ ਘੁੱਟਵੀਂ ਗਲਵੱਕੜੀ ਪਾ ਕੇ ਮਿਲਦੇ ਹਨ। ਸਾਉਣ ਇੱਕ ਮਹੀਨੇ ਦਾ ਨਾਂ ਨਹੀਂ, ਸਗੋਂ ਇਹ ਇੱਕ ਮਿੱਠੀ-ਪਿਆਰੀ, ਸੁਆਦਲੀ ਰੁੱਤ ਦਾ ਨਾਂ ਹੈ। ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਇਹ ਬੜਾ ਕਾਵਿਕ, ਰੋਮਾਂਚਿਕ, ਸੁਰ-ਮਈ ਅਤੇ ਰੰਗੀਲਾ ਮਹੀਨਾ ਹੈ। ਰੱਬੀ ਰਹਿਮਤਾਂ ਅਤੇ ਨਿਆਮਤਾਂ ਦਾ ਮਹੀਨਾ ਹੈ।
ਅਸਲੀਅਤ ਤਾਂ ਇਹ ਹੈ ਕਿ ਸਾਉਣ ਦੇ ਮਹੀਨੇ ਵਿੱਚ ਬਰਸਾਤੀ ਨਜ਼ਾਰੇ ਮਨੁੱਖ ਦੀਆਂ ਸੁਣਨ, ਵੇਖਣ, ਸੁੰਘਣ, ਚੱਖਣ ਅਤੇ ਮਹਿਸੂਸ ਕਰਨ ਦੀਆਂ ਸਾਰੀਆਂ ਸੁਰਤੀਆਂ ਨੂੰ ਭਰਪੂਰ ਸੰਤੁਸ਼ਟੀ ਤੇ ਅਨੰਦ ਬਖ਼ਸ਼ਦੇ ਹਨ। ਕਾਲੇ, ਸੁਰਮਈ, ਘਸਮੈਲੇ, ਮਟਮੈਲੇ ਤੇ ਦੁਧੀਆ ਬੱਦਲ ਕਈ ਰੂਪਾਂ-ਸਰੂਪਾਂ ਅਤੇ ਆਕਾਰਾਂ ਵਿੱਚ ਅਸਮਾਨ ਵਿੱਚ ਮਨ-ਮਾਨੀਆਂ ਕਰਦੇ ਨਜ਼ਰ ਆਉਂਦੇ ਹਨ। ਸੰਵੇਦਨਸ਼ੀਲ ਲੋਕਾਂ ਦੀ ਰੂਹ ਸਰਸ਼ਾਰ ਕਰਨ ਦੇ ਕੁਦਰਤ ਅਨੇਕਾਂ ਹੀ ਸਬੱਬ ਬਣਾਉਂਦੀ ਹੈ। ਅਸਮਾਨ ‘ਤੇ ਕਈ ਰੰਗਾਂ ਦਾ ਵਰਤਾਰਾ ਨਜ਼ਰ ਆਉਂਦਾ ਹੈ। ਸਾਰੇ ਦਿਨ ਦੀ ਝੜੀ ਤੋਂ ਬਾਅਦ ਸ਼ਾਮ ਦਾ ਸਮਾਂ ਬੜਾ ਵਿਸਮਾਦੀ ਹੋ ਨਿਬੜਦਾ ਹੈ ਅਤੇ ਕਈ ਵਾਰ ਅਕਾਸ਼ ‘ਤੇ ਛਾਏ ਬੱਦਲ ਮਨਾਂ ਅੰਦਰ ‘ਸਹਿਮ-ਸੁਆਦਲਾ’ ਵੀ ਉਪਜਾਉਂਦੇ ਹਨ।
ਲੋਕ-ਗੀਤਾਂ ਦੀ ਸਭ ਤੋਂ ਵੱਧ ਗਿਣਤੀ ਸਾਉਣ ਮਹੀਨੇ ਦੇ ਹਿੱਸੇ ਆਉਂਦੀ ਹੈ। ਬੱਦਲਾਂ ਦੇ ਵਰਤਾਰਿਆਂ ਬਾਰੇ, ਇਸ ਮੌਸਮ ਵਿੱਚ ਉਪਜਦੇ ਜਜ਼ਬਾਤ ਬਾਰੇ, ਖੇਤੀ-ਬਾੜੀ ਦੇ ਆਹਰ-ਪਾਹਰ ਬਾਰੇ ਅਨੇਕਾਂ ਹੀ ਲੋਕ-ਬੋਲੀਆਂ ਅਤੇ ਲੋਕ-ਗੀਤ ਪੰਜਾਬੀਆਂ ਤੇ ਪੰਜਾਬਣਾਂ ਦੀਆਂ ਬੁੱਲ੍ਹੀਆਂ ‘ਤੇ ਉਮੜ ਉਮੜ ਪੈਂਦੇ ਹਨ। ਕਾਲੀਆਂ ਸਿਆਹ ਘਟਾਵਾਂ ਦੇ ਇਲਾਹੀ ਨਜ਼ਾਰਿਆਂ ਨਾਲ ਵਸਲ-ਮਿਲਾਪ ਦੀਆਂ ਤਰੰਗਾਂ ਉਛਲ ਉਛਲ ਪੈਂਦੀਆਂ ਹਨ: “ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਫੂਹਰ ਜਿਹੀ ਏ ਪੈਂਦੀ” ਦਾ ਦ੍ਰਿਸ਼ ਪੰਜਾਬ ਵਿੱਚ ਰੋਜ਼ ਰੋਜ਼ ਨਸੀਬ ਨਹੀਂ ਹੁੰਦਾ। ਕੋਮਲ ਮਨ-ਚਿੱਤ ਦੀ ਮਾਲਕਣ ਪੰਜਾਬਣ ਗੀਤਾਂ ਅਤੇ ਗਿੱਧੇ ਰਾਹੀਂ ਸਾਉਣ ਰੁੱਤ ਦੀ ਸਿਖਰ ਤੱਕ ਪਹੁੰਚਣ ਲਈ ਕਿਤੇ ਪੀਂਘਾਂ ਝੂਟਦੀ ਝੂਟਦੀ ਅਸਮਾਨੀਂ ਟਾਕੀਆਂ ਲਾਣਾ ਲੋਚਦੀ ਹੈ ਤੇ ਕਿਤੇ ਸਤਰੰਗੀ ਪੀਂਘ ਦੇ ਹੁਲਾਰੇ ਲੈਣਾ ਚਾਹੁੰਦੀ ਹੈ। ਕਾਦਰ ਦੀ ਕੁਦਰਤ ਨਾਲ ਮੇਲ ਖਾਂਦੀ ਵੇਸ-ਭੂਸ਼ਾ ਤੇ ਗਹਿਣਾ-ਗੱਟਾ ਪਹਿਨ ਉਹ “ਖੇਤਾਂ ਦੀ ਰਾਣੀ” ਬਣ ਬਣ ਬਹਿੰਦੀ ਹੈ:
“ਰੱਬ ਨੇ ਮੇਰੀ ਆਪ ਸੁਣ ਲਈ, ਮੈਂ ਬਣੀ ਖੇਤਾਂ ਦੀ ਰਾਣੀ।”
ਇੱਕ ਸੁਹਜਵਾਦੀ ਪੰਜਾਬਣ ਮੀਂਹ ਪੈ ਹਟਣ ਅਤੇ ਬੱਦਲ ਛਟ ਜਾਣ ਤੋਂ ਬਾਅਦ ਨਿਖਰੀ ਹੋਈ ਰਾਤ ਵਿੱਚ ਨਿੱਕੇ-ਨਿੱਕੇ, ਮਿੰਨੇ-ਮਿੰਨੇ, ਟਿਮਟਿਮਾਉਂਦੇ ਤਾਰਿਆਂ ਦਾ ਅਲੌਕਿਕ ਦ੍ਰਿਸ਼ ਵੇਖ ਕੇ ਸਹਿਜੇ ਜਿਹੇ ਆਪਣੇ ਮਨ ਨਾਲ ਬਾਤਾਂ ਪਾਉਂਦੀ ਹੈ:
ਸਾਉਣ ਮਹੀਨੇ ਮੇਘਲਾ ਵਰਸੇ
ਚੰਦ ਛਿਪ ਗਿਆ ਟਹਿਕਣ ਤਾਰੇ।
ਇਸ ਮੌਸਮ ਵਿੱਚ ਕੇਵਲ ਮੋਰ ਤੇ ਕੋਇਲਾਂ ਹੀ ਨਹੀਂ, ਹਰ ਪੰਛੀ ਚਹਿਕਣ, ਮਹਿਕਣ, ਟਹਿਕਣ ਲੱਗਦਾ ਹੈ। ਕੋਈ ਪੰਜਾਬੀ-ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕੋਇਲ ਨਾਲ ਤਸ਼ਬੀਹ ਦਿੰਦਾ ਹੋਇਆ ਉਸ ਦੇ ਵਾਰੇ-ਨਿਆਰੇ ਜਾਂਦਾ ਹੈ: ‘ਕੋਇਲੇ ਸਾਉਣ ਦੀਏ, ਤੈਨੂੰ ਤਲੀਆਂ ‘ਤੇ ਚੋਗ ਚੁਗਾਵਾਂ।’
ਲੋਕ-ਗੀਤਾਂ ਤੋਂ ਬਿਨਾ ਸਾਵਣ ਮਹੀਨੇ ਦਾ ਰੁਮਾਂਚ ਸਾਡੇ ਆਧੁਨਿਕ ਕਵੀਆਂ ਵੀ ਨੂੰ ਇਸ ਬਾਰੇ ਲਿਖਣ ਨੂੰ ਮਜਬੂਰ ਕਰ ਦਿੰਦਾ ਰਿਹੈ। ਪੰਜਾਬੀ ਦੇ ਬਹੁਤ ਸਾਰੇ ਕਵੀਆਂ ਨੇ ਇਸ ਮੌਸਮ ਪ੍ਰਤੀ ਆਪਣੇ ਪ੍ਰਬਲ ਜਜ਼ਬਾਤ ਅਤੇ ਭਾਵਨਾਵਾਂ ਦਾ ਪ੍ਰਗਟਾਅ ਕਾਵਿਕ ਰੂਪ ਵਿੱਚ ਕੀਤਾ ਹੈ। ਸੁਰਜੀਤ ਪਾਤਰ ਦੇ ਮੂੰਹੋਂ ਸਹਿਜ-ਭਾਅ ਨਿਕਲ ਜਾਂਦੈ:
ਇਹ ਜੋ ਸਿੱਲੀ ਸਿੱਲੀ ਵਗਦੀ ਏ ਵਾ’
ਕਿਤੇ ਕੋਈ ਰੋਂਦਾ ਹੋਵੇਗਾ।
ਜਦ ਛਮ-ਛਮ ਮੀਂਹ ਵੱਸਦਾ ਹੈ ਤਾਂ ਸਮਝਿਆ ਜਾਂਦਾ ਹੈ ਕਿ ਇੰਦਰ ਦੇਵਤਾ ਬਹੁਤ ਖੁਸ਼ ਅਤੇ ਦਿਆਲੂ ਹੈ, ਪਰ ਸ਼ਿਵ ਕੁਮਾਰ ਬਟਾਲਵੀ ਦੇ ਕਲਾਮ ਅਨੁਸਾਰ ਇੰਦਰ ਦੇਵ ਜਦ ਰੁੱਤਾਂ ਘੜ ਰਿਹਾ ਸੀ, ਉਨ੍ਹੀਂ ਦਿਨੀਂ ਉਹ ਐਂਦਰ ਨਾਂ ਦੀ ਇੱਕ ਪਰੀ ਨੂੰ ਬੜਾ ਪਿਆਰ ਕਰਦਾ ਸੀ। ਹਰ ਮੌਸਮ ਦਾ ਰੰਗ ਅਤੇ ਮਿਜਾਜ਼ ਉਸਨੇ ਐਂਦਰ ਦੀਆਂ ਮੁਦਰਾਵਾਂ `ਤੇ ਆਧਾਰਿਤ ਕੀਤਾ:
ਕਹਿੰਦੇ ਜਦ ਉਹ ਹੱਸੀ ਰੁੱਤ ਬਹਾਰ ਬਣੀ
ਕਾਮੀਂ ਨਜ਼ਰੇ ਤੱਕੀ ਤਾਂ ਅੰਗਿਆਰ ਬਣੀ
ਵਿਚ ਉਦਾਸੀ ਮੱਤੀ ਤਾਂ ਪਤ-ਹਾਰ ਬਣੀ
ਸੇਜਾਂ ਮਾਣ ਕੇ ਥੱਕੀ ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ।
ਪਰ ਛੇਵੀਂ ਰੁੱਤ ਬਰਸਾਤ ਦਾ ਆਧਾਰ ਬਿਰਹਾ ਬਣ ਗਿਆ, ਕਿਉਂਕਿ ਬਦਕਿਸਮਤੀ ਨਾਲ ਇੰਦਰ ਦਾ ਐਂਦਰ ਨਾਲ ਪਿਆਰ ਸਿਰੇ ਨਾ ਚੜ੍ਹ ਸਕਿਆ। ਐਂਦਰ ਕਿਸੇ ਹੋਰ ਦੇਵਤੇ ਨਾਲ ਵਰੀ ਗਈ। ਦੋਹਾਂ ਦੇ ਹੰਝੂ-ਧਾਰ ਵਿਛੋੜੇ ਵਿੱਚੋਂ ਬਰਸਾਤ ਰੁੱਤ ਉਪਜੀ:
ਪਰ ਛੇਵੀਂ ਇਹ ਰੁਤ ਜਿਹੜੀ ਰੁੱਤ ਮਲਹਾਰ ਬਣੀ
ਜੋ ਅੱਜ ਸਾਡੇ ਸਾਹਵੇਂ ਬਿਰਹਣ ਵਾਂਗ ਖੜੀ
ਦੁਖਦਾਇਕ ਹੈ, ਪੂਰਨ, ਇਸ ਦੀ ਜਨਮ-ਘੜੀ
ਐਂਦਰ ਹੋਰ ਕਿਸੇ ਦਿਓਤੇ ਸੰਗ ਗਈ ਵਰੀ
ਬ੍ਰਿਹੋਂ ਜਲੰਦੀ ਐਂਦਰ ਕਹਿੰਦੇ ਰੋਈ ਬੜੀ,
ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ
ਅੰਬਰ ਨੈਣੀ ਐਂਦਰ ਦੀ ਸਭ ਪੀੜ ਭਰੀ
ਤੇ ਇੰਦਰ ਨੇ ਕਹਿੰਦੇ ਏਨੀ ਮਧਰਾ ਪੀਤੀ
ਉਸਨੂੰ ਆਪਣੇ ਆਪੇ ਦੀ ਨਾ ਹੋਸ਼ ਰਹੀ
ਕਹਿੰਦੇ! ਜਦ ਵੀ ਇੰਦਰ ਦਾ ਦਿਲ ਜਲਦਾ ਹੈ
ਐਂਦਰ ਨੂੰ ਉਹ ਯਾਦ ਜਦ ਵੀ ਕਰਦਾ ਹੈ
ਓਸੇ ਦਿਨ ਅੰਬਰ ਤੋਂ ਪਾਣੀ ਵਰ੍ਹਦਾ ਹੈ।
—
ਪ੍ਰੋ. ਮੋਹਨ ਸਿੰਘ ਸਾਉਣ ਮਹੀਨੇ ਦੀ ਆਮਦ ਬਾਰੇ ਕਿਆ ਖੂਬ ਲਿਖਦੇ ਹਨ:
ਚੜ੍ਹ ਮੇਘਲੇ ਦੀ ਘੋੜੀ ‘ਤੇ, ਕਣੀਆਂ ਦੀ ਜੋੜ ਜੰਝ
ਧਰਤੀ ਨੂੰ ਵਰਨ ਆ ਗਿਆ, ਸਾਵਣ ਸੁਹਾਵਣਾ।
ਸਾਵਣ ਦੇ ਇਸ ਸੁਹਾਵਣੇ ਮੌਸਮ ਤੋਂ ਸਾਡੇ ਗੁਰੂ ਸਾਹਿਬਾਨ ਕਿਵੇਂ ਨਿਰਮੋਹ ਰਹਿ ਸਕਦੇ ਸਨ? ਸਾਵਣ-ਰੁੱਤ ਬਾਰੇ ਤਕਰੀਬਨ ਸਭ ਗੁਰੂਆਂ ਨੇ ਆਪਣੀ ਰਚਨਾ ਵਿੱਚ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਹੈ। ਗੁਰੂ-ਕਵੀ ਗੁਰੂ ਨਾਨਕ ਦੇਵ ਜੀ ਇਸ ਨੂੰ ਆਤਮਾ-ਪਰਮਾਤਮਾ ਦੇ ਰੂਹਾਨੀ ਪਿਆਰ ਨਾਲ ਜੋੜਦੇ ਹੋਏ ਸਾਵਣ-ਮਾਹ ਵਿੱਚ ਹੰਢਾਏ ਜਾਂਦੇ ਬਿਰਹਾ ਬਾਰੇ ਬਹੁਤ ਖੂਬ ਲਿਖਦੇ ਹਨ:
ਸਾਵਣ ਸਰਸ ਮਨਾ ਘਣ ਵਰਸਿਹ ਰੁਤਿ ਆਏ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥
ਪਿਰ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕ ਡਰਾਏ॥
ਸੇਜ ਇਕੇਲੀ ਖਰੀ ਦੁਹੇਲੀ, ਮਰਣ ਭਇਆ ਦੁਖ ਮਾਏ॥
ਗੁਰੂ ਅਰਜਨ ਦੇਵ ਜੀ ਵੀ ਏਸੇ ਰੰਗ ਵਿੱਚ ਉਚਾਰਦੇ ਹਨ:
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਹਾਰ॥
ਵਣ ਤਿਣ ਪ੍ਰਭ ਸੰਗ ਮਉਲਿਆ ਸੰਮ੍ਰਥ ਪੁਰਖ ਅਪਾਰ॥
ਇਹ ਇਕੱਲਾ ਸਾਵਣ ਦਾ ਮਹੀਨਾ ਹੀ ਹੈ, ਜਿਸ ਬਾਰੇ ਸਿੱਖ ਗੁਰੂ ਸਾਹਿਬਾਨ ਨੇ ਵੱਧ ਤੋਂ ਵੱਧ ਕਾਵਿ-ਰਚਨਾ ਕੀਤੀ ਹੈ। ਗੁਰਬਾਣੀ ਵਿੱਚ ਤਕਰੀਬਨ ਬਰਸਾਤ ਦਾ ਹਰ ਪੱਖ ਕਾਵਿਕ ਰੰਗਣ ਵਿੱਚ ਮਿਲਦਾ ਹੈ। ਕਿਤੇ ਕਿਤੇ ਤਾਂ ਅਜਿਹੇ ਚਿਤਰਣ ਉੱਭਰ ਕੇ ਸਾਹਮਣੇ ਆਉਂਦੇ ਹਨ ਕਿ ਜਿਵੇਂ ਗੁਰੂ ਸਾਹਿਬਾਨ ਕੁਦਰਤ ਦਾ ਇਹ ਕਮਾਲ ਆਪਣੇ ਸਾਹਮਣੇ ਦੇਖ ਰਹੇ ਹੋਣ ਅਤੇ ਪਰਮਾਤਮਾ ਵੱਲੋਂ ਬਖ਼ਸ਼ੀ ਪ੍ਰਤਿਭਾ ਸਦਕਾ ਅਤਿ ਸੁੰਦਰ ਸ਼ਬਦਾਂ ਵਿੱਚ ਚਿਤਰਣ ਕਰੀ ਜਾ ਰਹੇ ਹੋਣ:
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ॥
—
ਨਾਨਕ ਬਿਜਲੀਆ ਚਮਕੰਨਿ ਮੂ ਕਹੀ ਨ ਜੇਹੀਆ॥
ਬਰਸਨਿ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆ॥
ਬਾਰਹਮਾਹ ਤੋਂ ਬਿਨਾ ਹੋਰ ਰਾਗਾਂ ਵਿੱਚ ਵੀ ਸਾਉਣ, ਬਰਸਾਤ ਰੁੱਤ ਅਤੇ ਮੇਘਲੇ ਬਾਰੇ ਗੁਰੂ ਜੀ ਵੱਲੋਂ ਉਚਾਰੇ ਸ਼ਬਦ, ਸ਼ਲੋਕ ਜਾਂ ਤੁਕਾਂ ਕਾਫੀ ਗਿਣਤੀ ਵਿੱਚ ਉਪਲਬਧ ਹਨ। ਗੁਰੂ ਅੰਗਦ ਦੇਵ ਜੀ ਸਾਉਣ ਦੇ ਮਹੀਨੇ ਬਾਰੇ ਬੜੇ ਪਿਆਰੇ ਲਫਜ਼ਾਂ ਵਿੱਚ ਲਿਖਦੇ ਹਨ:
ਸਾਵਣ ਆਇਆ ਹੇ ਸਖੀ ਕੰਤੈ ਚਿਤਿ ਕਰੇਹਿ॥
—
ਸਾਵਣ ਆਇਆ ਹੇ ਸਖੀ ਜਲਹਰ ਬਰਸਨਹਾਰ॥
ਤੀਸਰੀ ਪਤਾਤਸ਼ਾਹੀ ਗੁਰੂ ਅਮਰਦਾਸ ਜੀ ਸਾਉਣ ਮਹੀਨੇ ਵਿੱਚ ਬਰਸਦੇ ਮੀਂਹ ਬਾਰੇ ਇਉਂ ਲਿਖਦੇ ਹਨ:
ਊਨਵ ਊਨਵ ਆਇਆ ਵਰਸੈ ਨੀਰ ਨਿਪੰਗ॥
—
ਊਨਵਿ ਊਨਵਿ ਆਇਆ ਵਰਸੈ ਲਾਇ ਝੜੀ॥
ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਵੀ ਸਾਉਣ ਮਹੀਨੇ ਵਿੱਚ ਹੁੰਦੀ ਬਰਸਾਤ ਨੂੰ ਕੁਦਰਤ ਦੀ ਰਹਿਮਤ ਨਾਲ ਜੋੜਿਆ ਹੈ। ਇਸ ਰਹਿਮਤ ਸਦਕਾ ਪਸ਼ੂ-ਪੰਛੀ ਚਹਿਕਣ ਲੱਗਦੇ ਹਨ, ਧਰਤੀ ਹਰਿਆਵਲੀ ਹੋ ਉੱਠਦੀ ਹੈ ਅਤੇ ਮਨੁੱਖਤਾ ਲਈ ਅੰਨ ਦੇ ਭੰਡਾਰੇ ਉਗਲਣ ਦੇ ਆਹਰ ਵਿੱਚ ਜੁਟ ਜਾਂਦੀ ਹੈ:
ਸਾਵਣ ਆਇਆ ਝਿਮ ਝਿਮਾ ਹਰਿ ਗੁਰਮੁਖਿ ਨਾਮਿ ਧਿਆਇ॥
ਦੁਖ ਭੁਖ ਕਾੜਾ ਸਭ ਚੁਕਾਇਸੀ ਮੀਹ ਵੁੱਠਾ ਛਹਿਬਰ ਲਾਇ॥
ਸਭ ਧਰਤੀ ਭਈ ਹਰਿਆਵਲੀ ਅੰਨ ਜੰਮਿਆ ਬੋਹਲ ਲਾਇ॥
ਹਰ ਅਚਿੰਤ ਬੁਲਾਵੈ ਕ੍ਰਿਪਾ ਕਰ ਹਰਿ ਆਪੇ ਪਾਵੈ ਥਾਇ॥
ਸਾਵਣ ਮਹੀਨਾ ਕਿਉਂਕਿ ਖੇਤੀ-ਪ੍ਰਧਾਨ ਸੂਬੇ ਲਈ ਕਈ ਪੱਖਾਂ ਤੋਂ ਮਹੱਤਵਪੂਰਨ ਹੈ, ਇਸ ਲਈ ਇਸ ਬਾਰੇ ਖੇਤੀ-ਆਧਾਰਿਤ ਕਈ ਮੁਹਾਵਰੇ ਅਤੇ ਅਖੌਤਾਂ ਪ੍ਰਚਲਿਤ ਹਨ। ਸਮੁੱਚੇ ਰੂਪ ਵਿੱਚ ਵੇਖਿਆ ਜਾਵੇ ਤਾਂ ਸਾਫ਼ ਜ਼ਾਹਰ ਹੈ ਕਿ ਸਾਉਣ ਦਾ ਮਹੀਨਾ ਪੰਜਾਬ ਵਾਸੀਆਂ ਲਈ ਸਭ ਤੋਂ ਵਿਲੱਖਣ ਹੈ, ਕਿਉਂਕਿ ਇਹ ਕੁਦਰਤ ਦੀਆਂ ਅਪਾਰ ਕਿਰਿਆਵਾਂ-ਭਰਪੂਰ ਮਹੀਨਾ ਹੈ। ਉਪਜੀਵਕਾ ਦਾ ਮੁੱਢ ਹੈ। ਇਹ ਮਹੀਨਾ ਕਾਰਾਂ-ਵਿਹਾਰਾਂ ਦਾ ਮਹੀਨਾ ਵੀ ਹੈ ਤੇ ਚਾਵਾਂ-ਮਲ੍ਹਾਰਾਂ ਦਾ ਵੀ ਅਤੇ ਪ੍ਰਾਕ੍ਰਿਤਕ-ਤਿਉਹਾਰਾਂ ਦਾ ਵੀ। ਇਸ ਮਹੀਨੇ-ਮੌਸਮ ਵਿੱਚ ਜੀਵ-ਜੰਤੂ, ਪਸ਼ੂ-ਪੰਛੀ, ਨਰ-ਨਾਰੀ, ਵਣ-ਤ੍ਰਿਣ; ਗੱਲ ਕੀ ਸਭ ਸ੍ਰਿਸ਼ਟੀ ਮੌਲ ਉੱਠਦੀ ਹੈ।
ਇਹੀ ਵਜ੍ਹਾ ਹੈ ਕਿ ਇਸ ਮਹੀਨੇ ‘ਸਾਵਣ ਕਵੀ ਦਰਬਾਰ’ ਅਯੋਜਿਤ ਕੀਤੇ ਜਾਂਦੇ ਹਨ।