ਰੇਤ ਦੇ ਟਿੱਬਿਆਂ, ਪਥਰੀਲੇ ਮੈਦਾਨਾਂ, ਚੱਟਾਨਾਂ ਨਾਲ ਭਰਪੂਰ ਪਠਾਰ
ਅਸ਼ਵਨੀ ਚਤਰਥ
ਫੋਨ: +91-6284220595
ਸਹਾਰਾ ਮਾਰੂਥਲ ਸੰਸਾਰ ਦਾ ਸਭ ਤੋਂ ਵੱਡਾ ਗਰਮ ਰੇਗਿਸਤਾਨ ਹੈ। ਕਰੀਬ 90 ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਇਸ ਮਾਰੂਥਲ ਦਾ ਪੌਣ–ਪਾਣੀ ਮਨੁੱਖੀ ਰਹਿਣ ਸਹਿਣ ਲਈ ਮੁਸ਼ਕਲਾਂ ਭਰਿਆ ਹੀ ਨਹੀਂ ਸਗੋਂ ਨਾਗਵਾਰ ਵੀ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਅਫ਼ਰੀਕਾ ਮਹਾਂਦੀਪ ਦੇ ਕੁੱਲ ਰਕਬੇ ਦਾ 31 ਫ਼ੀਸਦ ਹਿੱਸਾ ਸਹਾਰਾ ਰੇਗਿਸਤਾਨ ਹੀ ਹੈ ਅਤੇ ਭੂ–ਵਿਗਿਆਨੀਆਂ ਅਨੁਸਾਰ ਇਸ ਦਾ ਆਕਾਰ ਹਰ ਸਾਲ ਲਗਾਤਾਰ ਵਧਦਾ ਜਾ ਰਿਹਾ ਹੈ।
ਭੂਗੋਲਿਕ ਸਥਿਤੀ ਪੱਖੋਂ ਇਹ ਪੱਛਮ ਵੱਲੋਂ ਅਟਲਾਂਟਿਕ ਮਹਾਂਸਾਗਰ, ਉੱਤਰ ਵੱਲੋਂ ‘ਐਟਲਸ ਪਹਾੜੀਆਂ’, ਪੂਰਵ ਵੱਲੋਂ ਲਾਲ ਸਮੁੰਦਰ ਅਤੇ ਦੱਖਣ ਵੱਲੋਂ ‘ਸਹੇਲ’ ਵਰਗੇ ਨੀਮ ਬੰਜਰ ਖੇਤਰ ਨਾਲ ਘਿਰਿਆ ਹੋਇਆ ਹੈ। ਇਹ ਮਾਰੂਥਲ ਅਫ਼ਰੀਕਾ ਦੇ ਵੱਖ–ਵੱਖ ਦੇਸ਼ਾਂ ਜਿਵੇਂ ਅਲਜ਼ੀਰੀਆ, ਚੈਡ, ਮਿਸਰ, ਲੀਬੀਆ, ਮਾਲੀ, ਸੁਡਾਨ, ਮਾਓਰੀਟਾਨੀਆ, ਮੋਰੱਕੋ, ਨਾਈਜ਼ਰ ਅਤੇ ਟਿਉਨੇਸ਼ੀਆ ਵਿੱਚੋਂ ਹੋ ਕੇ ਲੰਘਦਾ ਹੈ। ਇਨ੍ਹਾਂ ਦੇਸ਼ਾਂ ਦੇ ਜਿਸ ਭਾਗ ਵਿੱਚੋਂ ਸਹਾਰਾ ਰੇਗਿਸਤਾਨ ਲੰਘਦਾ ਹੈ, ਉਨ੍ਹਾਂ ਵਿੱਚੋਂ ਕਈ ਥਾਵਾਂ `ਤੇ ਤਾਂ ਕਈ-ਕਈ ਸਾਲ ਮੀਂਹ ਵੇਖਣ ਨੂੰ ਵੀ ਨਹੀਂ ਮਿਲਦਾ। ਸਹਾਰਾ ਮਾਰੂਥਲ ਦਾ ਕੇਂਦਰੀ ਭਾਗ, ਜਿਸ ਵਿੱਚ ਲੀਬੀਆ, ਨੂਬੀਆ, ਟਨੇਰੇ ਅਤੇ ਪੂਰਵੀ ਰੇਗਿਸਤਾਨ ਦੇ ਕੁਝ ਹਿੱਸੇ ਆਉਂਦੇ ਹਨ, ਅਜਿਹਾ ਇਲਾਕਾ ਹੈ ਜਿਸ ਵਿੱਚ ਲਗਾਤਾਰ ਕਈ–ਕਈ ਸਾਲ ਵਰਖਾ ਨਹੀਂ ਹੁੰਦੀ। ਸਹਾਰਾ ਰੇਗਿਸਤਾਨ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਦਕਿ ਸੁਡਾਨ ਦੇਸ਼ ਦੇ ‘ਪੋਰਟ ਸੁਡਾਨ’ ਸ਼ਹਿਰ ਵਿੱਚ ਜਮੀਨੀ ਰੇਤ ਦਾ ਤਾਪਮਾਨ 83 ਡਿਗਰੀ ਸੈਲਸੀਅਸ ਤੱਕ ਵੀ ਰਿਕਾਰਡ ਕੀਤਾ ਜਾ ਚੁੱਕਾ ਹੈ। ਇਹ ਦੁਨੀਆ ਦੇ ਹਰੇ-ਭਰੇ ਅਤੇ ਵਿਕਸਿਤ ਇਲਾਕਿਆਂ ਵਿੱਚ ਵੱਸਦੇ ਲੋਕਾਂ ਲਈ ਵੀ ਖ਼ਤਰੇ ਦੀ ਘੰਟੀ ਹੈ ਕਿ ਜੇਕਰ ਅਸੀਂ ਪਾਣੀ ਅਤੇ ਦੂਜੇ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਨਾ ਕੀਤੀ ਤਾਂ ਸਾਨੂੰ ਵੀ ਇੱਕ ਦਿਨ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਹਾਰਾ ਮਾਰੂਥਲ ਦੀ ਜ਼ਿਆਦਾਤਰ ਜ਼ਮੀਨ ਵਿੱਚ ਰੇਤ ਦੇ ਟਿੱਬੇ, ਪਥਰੀਲੇ ਮੈਦਾਨ, ਚੱਟਾਨਾਂ ਨਾਲ ਭਰਪੂਰ ਪਠਾਰ ਅਤੇ ਰੇਤ ਦੀਆਂ ਪਰਤਾਂ ਵਾਲੇ ਵੱਡੇ–ਵੱਡੇ ਖੇਤਰ ਹਨ। ਕਿਤੇ-ਕਿਤੇ ਕੁਦਰਤੀ ਚਸ਼ਮੇ ਵੀ ਮਿਲਦੇ ਹਨ, ਪਰ ਉਹ ਸਾਰਾ ਸਾਲ ਸੁੱਕੇ ਹੀ ਰਹਿੰਦੇ ਹਨ ਅਤੇ ਪੂਰੇ ਸਾਲ ਵਿੱਚ ਕਦੇ ਕਦਾਈਂ ਮੀਂਹ ਪੈਣ ਨਾਲ ਹੀ ਉਹ ਜਲਨੁਮਾ ਹੁੰਦੇ ਹਨ। ਅਫ਼ਰੀਕਾ ਦੇ ਅਲਜੀਰੀਆ ਅਤੇ ਟਿਉਨੇਸ਼ੀਆ ਦੇਸ਼ਾਂ ਵਿੱਚ ਚੂਨੇ ਦੇ ਪੱਥਰ ਅਤੇ ਲੀਬੀਆ ਵਿੱਚ ਬਲੌਰੀ ਪੱਥਰਾਂ ਦੇ ਬੇਸ਼ੁਮਾਰ ਸਰੋਤ ਹਨ। ਰੇਗਿਸਤਾਨ ਦੇ ਤਕਰੀਬਨ ਇੱਕ ਚੌਥਾਈ ਹਿੱਸੇ ਵਿੱਚ ਰੇਤ ਦੇ ਮੈਦਾਨ ਅਤੇ ਟਿੱਬੇ ਹੀ ਮੌਜੂਦ ਹਨ। ਇੱਥੋਂ ਦੀ ਭੂਗੋਲਿਕ ਰਚਨਾ ਨੂੰ ਬਿਆਨ ਕਰਦੀਆਂ ਟੁੱਟੀਆਂ-ਫੁੱਟੀਆਂ ਪਹਾੜੀਆਂ ਜਿਵੇਂ ‘ਹਵਾਈ ਪਹਾੜੀ’, ‘ਸਹਾਰਾ ਐਟਲਸ’, ‘ਰੈੱਡ ਸੀ ਹਿੱਲ’, ‘ਟਿਬੈਸਟੀ ਪਹਾੜੀ’ ਅਤੇ ‘ਅਹਾਗਰ ਪਹਾੜੀਆਂ’ ਮੌਜੂਦ ਹਨ। ਉੱਤਰੀ ਚੈਡ ਦੀ ‘ਤਿਬੈਸਟੀ ਲੜੀ’ ਵਿੱਚ ‘ਐਮੀ ਕੌਸੀ’ ਪਹਾੜੀ ਸਹਾਰਾ ਦੀ ਸਭ ਤੋਂ ਉੱਚੀ ਪਹਾੜੀ ਹੈ।
ਸੰਸਾਰ ਦੀ ਮਹਾਂ ਵਿਰਾਨੀ ਵਾਲੀ ਜਗ੍ਹਾ ਸਹਾਰਾ ਦੀ ਜੈਵਿਕ ਅਤੇ ਭੂਗੋਲਿਕ ਅਵਸਥਾਵਾਂ ਦੇ ਆਧਾਰ `ਤੇ ਇਸ ਵਿੱਚ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੀਆਂ ਪ੍ਰਜਾਤੀਆਂ ਵਿੱਚ ਵੀ ਬੇਸ਼ੁਮਾਰ ਵਿਭਿੰਨਤਾ ਪਾਈ ਜਾਂਦੀ ਹੈ। ਕੇਂਦਰੀ ਸਹਾਰਾ ਦੇ ਮਹਾਂ ਸੋਕੇ ਵਾਲੇ ਹਾਲਾਤ ਵਿੱਚ ਘੱਟ ਪਾਣੀ ਦੀ ਲੋੜ ਵਾਲੇ ਪੌਦੇ ਜਿਵੇਂ ਅਕੇਸ਼ੀਆ, ਕੰਡੀਲੀ ਝਾੜੀਆਂ, ਤਾੜ, ਘਾਹ ਅਤੇ ਗੁੱਦੇਦਾਰ ਪੱਤਿਆਂ ਵਾਲੇ ਰੁੱਖ ਵਿਰਲੇ-ਵਿਰਲੇ ਮਿਲਦੇ ਹਨ, ਜੋ ਆਪਣੇ–ਆਪ ਨੂੰ ਪਾਣੀ ਦੀ ਕਮੀ ਮੁਤਾਬਕ ਢਾਲਣਯੋਗ ਹੁੰਦੇ ਹਨ। ਸਹਾਰਾ ਰੇਗਿਸਤਾਨ ਵਿੱਚ ਮਿਲਦੇ ਜੀਵਾਂ ਵਿੱਚ ਸਹੇ, ਤਿੱਤਰ, ਡੱਡੂ, ਕਿਰਲੀਆਂ, ਗਿੱਦੜ, ਖਰਗੋਸ਼, ਲੱਕੜਬੱਗੇ, ਨਿਓਲੇ, ਸ਼ੁਤਰਮੁਰਗ ਅਤੇ ਰੀਂਗਣ ਵਾਲੇ ਜੀਵ ਆਦਿ ਸ਼ਾਮਲ ਹਨ।
ਸਹਾਰਾ ਰੇਗਿਸਤਾਨ ਵਿੱਚ ਮਨੁੱਖੀ ਜੀਵਨ ਸ਼ੈਲੀ: ਅਫ਼ਰੀਕਾ ਮਹਾਂਦੀਪ ਦੇ ਤਕਰੀਬਨ ਇੱਕ ਤਿਹਾਈ ਹਿੱਸੇ ਵਿੱਚ ਫੈਲੇ ਸਹਾਰਾ ਮਾਰੂਥਲ ਵਿੱਚ ਪ੍ਰਤੀਕੂਲ ਜਲਵਾਯੂ ਅਤੇ ਪਾਣੀ ਦੀ ਔੜ ਕਰਕੇ ਇਸ ਵਿਸ਼ਾਲ ਖੁਸ਼ਕ ਇਲਾਕੇ ਵਿੱਚ ਮਹਿਜ਼ 25 ਲੱਖ ਦੇ ਕਰੀਬ ਹੀ ਮਨੁੱਖੀ ਆਬਾਦੀ ਰਹਿੰਦੀ ਹੈ। ਹਾਲਾਤ ਇੰਨੇ ਖ਼ਰਾਬ ਅਤੇ ਚੁਣੌਤੀ ਭਰਪੂਰ ਹੁੰਦੇ ਹਨ ਕਿ ਦੂਰ-ਦੂਰ ਤੱਕ ਵੀ ਕੋਈ ਵਿਰਲਾ–ਟਾਂਵਾਂ ਹੀ ਮਨੁੱਖ ਨਜ਼ਰ ਆਉਂਦਾ ਹੈ। ਜੋ ਲੋਕ ਮਾਰੂਥਲ ਵਿੱਚ ਰਹਿੰਦੇ ਵੀ ਹਨ, ਉਹ ਜ਼ਿਆਦਾਤਰ ਟੱਪਰੀਵਾਸਾਂ ਵਾਲਾ ਜੀਵਨ ਬਤੀਤ ਕਰਦੇ ਹਨ ਜੋ ਭੋਜਨ, ਪਾਣੀ ਅਤੇ ਅਨੁਕੂਲ ਵਾਤਾਵਰਨ ਦੀ ਭਾਲ ਵਿੱਚ ਆਪਣੀ ਜਗ੍ਹਾ ਟਿਕਾਣਾ ਬਦਲਦੇ ਰਹਿੰਦੇ ਹਨ। ਉਹ ਬੱਕਰੀਆਂ, ਭੇਡਾਂ ਅਤੇ ਊਠ ਆਦਿ ਪਾਲ ਕੇ ਆਪਣਾ ਜੀਵਨ ਨਿਰਬਾਹ ਕਰਦੇ ਹਨ। ਇੱਥੋਂ ਦੇ ਪ੍ਰਮੁੱਖ ਆਜੜੀਆਂ ਦੀਆਂ ਪ੍ਰਜਾਤੀਆਂ ਹਨ: ਉੱਤਰ ਪੱਛਮੀ ਰੇਗਿਸਤਾਨ ਦੇ ‘ਰੇਜੀਬਾਟ ਚਰਵਾਹੇ’, ਉੱਤਰੀ ਅਲਜੀਰੀਆ ਦੇ ‘ਚਾਂਬਾ’ ਅਤੇ ‘ਟਾਓਰੇਗ’ ਚਰਵਾਹੇ ਆਦਿ। ਟਾਓਰੇਗ ਆਜੜੀਏ ਅਲਜੀਰੀਆ, ਲੀਬੀਆ ਅਤੇ ਮਾਲੀ ਦੇਸ਼ਾਂ ਦੇ ਰੇਗਿਸਤਾਨੀ ਇਲਾਕਿਆਂ ਦੀ ਇੱਕ ਪ੍ਰਮੁੱਖ ਪ੍ਰਜਾਤੀ ਹੈ। ਇਨ੍ਹਾਂ ਪ੍ਰਜਾਤੀਆਂ ਵਿੱਚੋਂ ਜ਼ਿਆਦਾਤਰ ਲੋਕ ਅਰਬੀ ਜ਼ੁਬਾਨ ਬੋਲਦੇ ਹਨ। ਇਨ੍ਹਾਂ ਤੋਂ ਇਲਾਵਾ ‘ਟੇਡਾ’ ਅਤੇ ‘ਟੀਬੈਸਟੀ’ ਸ਼੍ਰੇਣੀ ਦੇ ਟੱਪਰੀਵਾਸ ਵੀ ਹਨ, ਜੋ ਊਠ ਪਾਲ ਕੇ ਆਪਣੀ ਰੋਜ਼ੀ–ਰੋਟੀ ਕਮਾਉਂਦੇ ਹਨ।
ਸਹਾਰਾ ਰੇਗਿਸਤਾਨ ਦੇ ਕੁਝ ਦਿਲਚਸਪ ਤੱਥ ਵੀ ਜਾਣਨ ਦੀ ਲੋੜ ਹੈ ਜਿਵੇਂ ਕਿ ਸਹਾਰਾ ਰੇਗਿਸਤਾਨ ਵਿੱਚ 20 ਦੇ ਕਰੀਬ ਝੀਲਾਂ ਮੌਜੂਦ ਹਨ, ਜੋ ਜ਼ਿਆਦਾਤਰ ਖਾਰੇ ਪਾਣੀ ਵਾਲੀਆਂ ਹੀ ਹਨ। ਇੱਕ ‘ਚੈਡ’ ਝੀਲ ਹੀ ਇਕੱਲੀ ਤਾਜੇ ਪਾਣੀ ਵਾਲੀ ਝੀਲ ਹੈ। ਸਹਾਰਾ ਦੀ ਸਭ ਤੋਂ ਉੱਚੀ ਚੋਟੀ ‘ਐਮੀ ਕੌਸੀ’ ਹੈ, ਜਿਸਦੀ ਕਿ ਉਚਾਈ 3415 ਮੀਟਰ ਹੈ। ਮਿਸਰ ਦਾ ‘ਕਤਾਰਾ’ ਟੋਭਾ ਸਹਾਰਾ ਰੇਗਿਸਤਾਨ ਦੀ ਸਭ ਤੋਂ ਡੂੰਘੀ ਥਾਂ ਹੈ, ਜਿਸਦੀ ਡੂੰਘਾਈ ਸਮੁੰਦਰੀ ਤਲ ਤੋਂ 436 ਫੁੱਟ ਥੱਲੇ ਹੈ। ਤੇਜ ਹਵਾਵਾਂ ਨਾਲ ਉਡਦੀ ਸਹਾਰਾ ਮਾਰੂਥਲ ਦੀ ਰੇਤ ਵੰਨ-ਸੁਵੰਨੀਆਂ ਆਵਾਜ਼ਾਂ ਕੱਢਦੀ ਹੈ। ਸਹਾਰਾ ਵਿੱਚ ਰੇਤ ਦੇ ਟਿੱਬਿਆਂ ਦੀ ਉਚਾਈ 183 ਮੀਟਰ ਤੱਕ ਹੋ ਸਕਦੀ ਹੈ।
ਸਹਾਰਾ ਮਾਰੂਥਲ ਅਜੋਕੇ ਵਿਕਸਿਤ ਮਨੁੱਖ ਨੂੰ ਇੱਕ ਖ਼ਤਰੇ ਦੀ ਘੰਟੀ ਵੱਲ ਇਸ਼ਾਰਾ ਕਰਦਾ ਹੈ। ਵਿਗਿਆਨਕ ਖੋਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਹਾਰਾ ਮਾਰੂਥਲ ਵੀ ਕਿਸੇ ਸਮੇਂ ਜੰਗਲਾਂ ਨਾਲ ਹਰਿਆ-ਭਰਿਆ ਖੇਤਰ ਹੁੰਦਾ ਸੀ। ਇੱਥੇ ਵੱਡੀਆਂ–ਵੱਡੀਆਂ ਝੀਲਾਂ, ਚਸ਼ਮੇ ਤੇ ਪਾਣੀ ਦੇ ਹੋਰ ਸੋਮੇ ਮੌਜੂਦ ਹੋਇਆ ਕਰਦੇ ਸਨ ਅਤੇ ਜਿਰਾਫ਼ ਅਤੇ ਹਿੱਪੋ ਵਰਗੇ ਜੰਤੂਆਂ ਤੋਂ ਇਲਾਵਾ ਇਸ ਇਲਾਕੇ ਵਿੱਚ ਅਨੇਕਾਂ ਕਿਸਮ ਦੇ ਪੌਦਿਆਂ ਅਤੇ ਪ੍ਰਾਣੀਆਂ ਦੀਆਂ ਪ੍ਰਜਾਤੀਆਂ ਨਿਵਾਸ ਕਰਦੀਆਂ ਸਨ। ਜੈਵਿਕ ਵਿਭਿੰਨਤਾ ਨਾਲ ਭਰਪੂਰ ਇਸ ਖਿੱਤੇ ਵਿੱਚ ਮਨੁੱਖੀ ਵੱਸੋਂ ਦੀ ਵੀ ਸੰਘਣੀ ਆਬਾਦੀ ਹੋਇਆ ਕਰਦੀ ਸੀ। ਇਸ ਖੇਤਰ ਦਾ ਮਾਰੂਥਲ ਵਿੱਚ ਤਬਦੀਲ ਹੋ ਜਾਣਾ ਸੰਕੇਤ ਕਰਦਾ ਹੈ ਕਿ ਮਨੁੱਖ ਨੂੰ ਧਰਤੀ, ਪਾਣੀ ਅਤੇ ਰੁੱਖਾਂ ਸਮੇਤ ਸਾਰੇ ਹੀ ਕੁਦਰਤੀ ਸਰੋਤਾਂ ਦੀ ਮਹੱਤਤਾ ਨੂੰ ਸਮਝਦਿਆਂ ਇਨ੍ਹਾਂ ਦੀ ਤਰਕਸੰਗਤ ਵਰਤੋਂ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਦੀ ਦੁਰਵਰਤੋਂ ਨੂੰ ਹਰ ਹਾਲਤ ਵਿੱਚ ਰੋਕਣਾ ਚਾਹੀਦਾ ਹੈ। ਏਸ਼ੀਆ ਮਹਾਂਦੀਪ ਅਤੇ ਖ਼ਾਸ ਕਰਕੇ ਭਾਰਤੀਆਂ ਨੂੰ, ਜਿਨ੍ਹਾਂ ਵੱਲੋਂ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਵੱਡੇ ਪੱਧਰ `ਤੇ ਨਿਰੰਤਰ ਕੀਤੀ ਜਾ ਰਹੀ ਹੈ, ਆਪਣੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਰੁੱਖਾਂ ਦੀ ਵੱਧ ਕਟਾਈ, ਵਧਦਾ ਪ੍ਰਦੂਸ਼ਣ ਅਤੇ ਪਾਣੀ ਦੀ ਨਾਜਾਇਜ਼ ਵਰਤੋਂ ਇਸ ਖਿੱਤੇ ਨੂੰ ਰੇਗਿਸਤਾਨ ਵਰਗਾ ਬਣਾਉਣ ਵੱਲ ਤੇਜੀ ਨਾਲ ਕਦਮ ਵਧਾ ਰਹੀ ਹੈ।
ਇੱਥੇ ਇੱਕ ਤਾਜ਼ਾ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਗਿਆ ਹੈ। ਭਾਰਤ ਦੇ ਦੋ ਸ਼ਹਿਰਾਂ- ਬੈਂਗਲੁਰੂ ਅਤੇ ਹੈਦਰਾਬਾਦ ’ਚ ਲੋਕਾਂ ਨੂੰ ਪਾਣੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਇੱਕ–ਇੱਕ ਬਾਲਟੀ ਪਾਣੀ ਲਈ ਲੰਮਾ–ਲੰਮਾ ਸਮਾਂ ਲਾਈਨਾਂ ਵਿੱਚ ਆਪਣੀ ਵਾਰੀ ਦੀ ਉਡੀਕ ਕਰਦੇ ਵੇਖੇ ਗਏ ਹਨ। ਅਜਿਹੇ ਹਾਲਾਤ ਹੋਰ ਸ਼ਹਿਰਾਂ ’ਚ ਵੀ ਬਣ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਸਥਿਤੀ ਗਰਮੀ ਸ਼ੁਰੂ ਹੁੰਦਿਆ ਪੈਦਾ ਹੋ ਗਈ ਸੀ। ਜੇਕਰ ਇਹੀ ਹਾਲਾਤ ਜਾਰੀ ਰਹੇ ਤਾਂ ਲੋਕਾਂ ਨੂੰ ਆਪਣਾ ਜੀਵਨ ਗੁਜਾਰਨਾ ਵੀ ਮੁਸ਼ਕਲ ਹੋ ਜਾਏਗਾ। ਇਸ ਲਈ ਅੱਜ ਲੋੜ ਹੈ ਕਿ ਅਸੀਂ ਆਪਣੇ ਮੁਲਕ, ਆਪਣੇ ਖਿੱਤੇ ਨੂੰ ਰੇਗਿਸਤਾਨ ਬਣਨ ਤੋਂ ਰੋਕਣ ਲਈ ਜਾਗਰੂਕ ਹੋ ਕੇ ਤੇ ਇੱਕ ਮੁੱਠ ਹੋ ਕੇ ਹੰਭਲਾ ਮਾਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੇਗਿਸਤਾਨੀ ਇਲਾਕਾ ਦੇਣ ਦੀ ਥਾਂ ਹਰਿਆਵਲ ਤੇ ਪਾਣੀ ਦੇ ਸਰੋਤਾਂ ਦੀ ਸੌਗਾਤ ਦੇ ਕੇ ਜਾਈਏ।