ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। ਜੋਨਲ ਇੰਟੀਗ੍ਰੇਟਿਡ ਪੁਲਿਸ ਨੈੱਟਵਰਕ (ਜਿਪਨੈੱਟ) ਦੇ ਅੰਕੜਿਆਂ ਅਨੁਸਾਰ ਦਿੱਲੀ ਤੋਂ ਲਗਭਗ 8000 ਲੋਕ ਲਪਤਾ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗਿਣਤੀ ਪਹਿਲੀ ਜਨਵਰੀ ਤੋਂ 23 ਜੁਲਾਈ ਤੱਕ ਦੀ ਹੈ।
ਦੇਸ਼ ਦੀ ਸਭ ਤੋਂ ਸੁਰੱਖਿਅਤ ਸਮਝੀ ਜਾਣ ਵਾਲੀ ਦਿੱਲੀ ਸਿਟੀ ਦੀ ਜੇ ਇਹ ਸਥਿਤੀ ਹੈ ਤਾਂ ਸਟੇਟਸ ਦੀ ਸੁਰੱਖਿਆ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੈਮਰਿਆਂ ਅਤੇ ਸੁਰੱਖਿਆ ਤੋਂ ਲੈਸ ਦਿੱਲੀ ਵਿੱਚ ਅਪਰਾਧੀਆਂ ਦੇ ਹੌਸਲੇ ਤਾਂ ਬੁਲੰਦ ਹਨ, ਇਹ ਹੈਰਾਨੀ ਵਾਲੀ ਗੱਲ ਹੈ ਕਿ ਇਸ ਢਾਂਚੇ ਦੀ ਸਰਕਾਰ-ਪ੍ਰਸ਼ਾਸਨ ਦੀ ਤਰਫੋਂ ਕਿਸੇ ਅਧਿਕਾਰੀ ਅਤੇ ਛੋਟੇ-ਬੜੇ ਨੇਤਾ ਦਾ ਬਿਆਨ ਨਹੀਂ ਆਇਆ। ਜੇਕਰ ਮੀਡੀਆ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਬੀਤੇ ਦਿਨ ਕੁਝ ਪੱਤਰਕਾਰਾਂ ਨੇ ਭਿਖਾਰੀਆਂ ਦੇ ਇੱਕ ਅੱਡੇ `ਤੇ ਰਿਪੋਰਟਿੰਗ ਕਰਨੀ ਚਾਹੀ, ਪਰ ਭਿਖਾਰੀਆਂ ਨੇ ਉਨ੍ਹਾਂ `ਤੇ ਹਮਲਾ ਕਰ ਦਿੱਤਾ। ਪੱਤਰਕਾਰਾਂ ਦਾ ਉਦੇਸ਼ ਇਹ ਸੀ ਕਿ ਜਿਨ੍ਹਾਂ ਬੱਚਿਆਂ ਅਤੇ ਲੋਕਾਂ ਤੋਂ ਭੀਖ ਮੰਗਵਾਈ ਜਾਂਦੀ ਹੈ, ਆਖਿਰਕਾਰ ਉਹ ਕੌਣ ਹਨ ਅਤੇ ਉਨ੍ਹਾਂ ਦੀ ਪਛਾਣ ਕੀ ਹੈ? ਪੱਤਰਕਾਰਾਂ ਨੇ ਇਸ ਮਾਮਲੇ ਵਿੱਚ ਪੁਲਿਸ ਵਿੱਚ ਸ਼ਿਕਾਇਤ ਵੀ ਕੀਤੀ।
ਦਰਅਸਲ, ਖਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਹੈ ਕਿ ਜੋ ਲੋਕ ਗਾਇਬ ਹੋ ਜਾਂਦੇ ਹਨ, ਉਨ੍ਹਾਂ ਤੋਂ ਭੀਖ ਮੰਗਵਾਈ ਜਾਂਦੀ ਹੈ। ਉਨ੍ਹਾਂ ਨੂੰ ਕੋਈ ਘਿਨੌਣੇ ਕੰਮ ਕਰਨ ਲਈ ਵਰਤਿਆ ਜਾਂਦਾ ਹੈ। ਇਹ ਮਨੁੱਖੀ ਤਸਕਰੀ ਦਾ ਮਾਮਲਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਜੋ ਲੋਕ ਗਾਇਬ ਸਨ, ਉਨ੍ਹਾਂ ਦਾ ਨਾ ਮਿਲਣਾ ਸੰਕੇਤ ਦਿੰਦਾ ਹੈ ਕਿ ਉਨ੍ਹਾਂ ਦੇ ਅੰਗਾਂ ਦੀ ਕਿਤੇ ਤਸਕਰੀ ਤਾਂ ਨਹੀਂ ਹੋ ਰਹੀ ਹੈ! ਕਾਰਨ ਨਾ ਤਾਂ ਉਨ੍ਹਾਂ ਦੇ ਮਰਨ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਜੀਣ ਦਾ।
ਖ਼ੈਰ, ਦਿੱਲੀ ਦੇ ਲੋਕਾਂ ਵਿੱਚ ਡਰ ਹੈ। ਇਸ ਦੇ ਬਾਅਦ ਲੋਕਾਂ ਨੇ ਤੈਅ ਕੀਤਾ ਹੈ ਕਿ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਆਪ ਹੀ ਸੁਚੇਤ ਰਹੋ ਤੇ ਖਾਸ ਧਿਆਨ ਰੱਖੋ; ਕਿਉਂਕਿ ਪੁਲਿਸ ਕੁਝ ਠੋਸ ਨਹੀਂ ਕਰ ਪਾ ਰਹੀ ਹੈ। ਜਿਸ ਤਰੀਕੇ ਨਾਲ ਜਿਨ੍ਹਾਂ ਤਕਨੀਕਾਂ ਦੀ ਵਰਤੋਂ ਕਰਕੇ ਪੁਲਿਸ ਜਾਂਚ-ਪੜਤਾਲ ਕਰ ਸਕਦੀ ਹੈ, ਅਜਿਹੇ ਢੰਗ-ਤਰੀਕੇ ਨਾਲ ਲੋਕ ਆਪ ਨਹੀਂ ਕਰ ਸਕਦੇ। ਪੁਲਿਸ ਅਨੁਸਾਰ ਸ਼ੱਕੀ ਲੋਕ ਜਾਂ ਸਰਵੇ ਦੇ ਨਾਮ `ਤੇ ਤੁਹਾਨੂੰ ਸੁਵਿਧਾ ਪ੍ਰਦਾਨ ਕਰਨ ਜਾਂ ਪਾਣੀ, ਬਿਜਲੀ ਤੇ ਹੋਰ ਕਿਸੇ ਦੀ ਜਾਂਚ ਕਰਨ ਵਾਲੇ ਫਰਜ਼ੀ ਲੋਕਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ; ਕਿਉਂਕਿ ਸਭ ਤੋਂ ਜ਼ਿਆਦਾ ਕੁਝ ਇਸ ਤਰ੍ਹਾਂ ਦੇ ਲੋਕ ਅੰਜਾਮ ਦਿੰਦੇ ਹਨ। ਇਸ ਤਰ੍ਹਾਂ ਦੇ ਲੋਕ ਪਹਿਲਾਂ ਰੇਕੀ ਕਰਦੇ ਹਨ, ਫਿਰ ਉਸਦੇ ਬਾਅਦ ਸ਼ਿਕਾਰ ਕਰਦੇ ਹਨ।
ਸੀ.ਸੀ.ਟੀ.ਵੀ. ਦੀ ਨਿਗ੍ਹਾਬਾਨੀ ਹੋਣ ਦੇ ਬਾਅਦ ਵੀ ਜੇ ਕੁਝ ਨਹੀਂ ਹੋਣਾ, ਤਾਂ ਸਵਾਲ ਖੜ੍ਹੇ ਹੁੰਦੇ ਹਨ। ਕੀ ਇਹ ਅਪਰਾਧੀ ਕਾਰਨ ਸ਼ਾਤਰ ਹੈ ਕਿ ਇਸ `ਤੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਅੰਕੜਿਆਂ ਦੀ ਗੱਲ ਕਰੀਏ ਤਾਂ ਹਰ ਦਿਨ ਦੀ ਔਸਤ 35 ਤੋਂ ਵੱਧ ਲੋਕ ਲਾਪਤਾ ਹੋ ਜਾਣ ਦੀਆਂ ਘਟਨਾਵਾਂ ਦੀਆਂ ਗੰਭੀਰ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਇਹ ਨਾ ਸਿਰਫ਼ ਕਾਨੂੰਨ-ਵਿਵਸਥਾ ਦੀ ਸਥਿਤੀ `ਤੇ ਸਵਾਲ ਉਠਾਉਂਦਾ ਹੈ, ਪੂਰੇ ਸਮਾਜ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਵੀ ਇੱਕ ਨਵੀਂ ਬਹਿਸ ਜਨਮ ਦਿੰਦਾ ਹੈ।
ਜੇਕਰ ਪਹਿਲਾਂ ਉਤਰ ਜਿਲ੍ਹੇ ਦੀ ਗੱਲ ਕਰੀਏ ਤਾਂ ਕੁੱਲ 730 ਕੇਸ ਦਰਜ ਕੀਤੇ ਗਏ। ਇਸਦੇ ਬਾਅਦ ਦੱਖਣੀ ਪੱਛਮੀ ਜਿਲ੍ਹੇ ਵਿੱਚ 717 ਅਤੇ ਦੱਖਣੀ ਪੂਰਵ ਜਿਲ੍ਹੇ ਵਿੱਚ 689 ਅਤੇ ਬਾਹਰੀ ਜਿਲ੍ਹੇ ਵਿੱਚ 675 ਕੇਸ ਦਰਜ ਕੀਤੇ ਗਏ ਹਨ। ਜਿਪਨੈੱਟ ਅਨੁਸਾਰ ਦਵਾਰਕਾ ਵਿੱਚ 64, ਉੱਤਰ ਪੱਛਮੀ ਜਿਲ੍ਹੇ ਵਿੱਚ 636, ਪੂਰਵੀ ਜਿਲ੍ਹੇ ਵਿੱਚ 577 ਅਤੇ ਰੋਹਿਣੀ ਜਿਲ੍ਹੇ ਵਿੱਚ ਗੁਮਸ਼ੁਦਗੀ ਦੇ 452 ਅਜਿਹੇ ਕੇਸ ਦਰਜ ਕੀਤੇ ਗਏ ਹਨ। ਮੱਧ ਜਿਲ੍ਹੇ ਵਿੱਚ 363 ਲੋਕਾਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇਸੇ ਤਰ੍ਹਾਂ ਉੱਤਰ, ਦੱਖਣੀ ਅਤੇ ਸ਼ਾਹਦਰਾ ਜਿਲਿ੍ਹਆਂ ਵਿੱਚ ਕ੍ਰਮਵਾਰ 348, 215 ਅਤੇ 201 ਲੋਕ ਹੁਣ ਵੀ ਲਪਤਾ ਹਨ। ਜੇਕਰ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰੀਏ ਤਾਂ ਪਹਿਲੀ ਜਨਵਰੀ ਤੋਂ 23 ਜੁਲਾਈ ਦੇ ਵਿਚਕਾਰ 1,486 ਲਾਸ਼ਾਂ ਮਿਲੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਰਦਾਂ ਦੀਆਂ ਸਨ।
ਅੰਕੜਿਆਂ ਅਨੁਸਾਰ ਉੱਤਰੀ ਜਿਲ੍ਹੇ ਵਿੱਚ ਸਭ ਤੋਂ ਵੱਧ 352 ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਪਛਾਣ ਸਥਾਪਤ ਨਹੀਂ ਹੋ ਸਕੀ। ਇਨ੍ਹਾਂ ਵਿੱਚ ਕੋਤਵਾਲੀ, ਸਬਜ਼ੀ ਮੰਡੀ ਅਤੇ ਸਿਵਲ ਲਾਈਨਜ਼ ਵਰਗੇ ਖੇਤਰ ਸ਼ਾਮਲ ਹਨ। ਇਸੇ ਤਰ੍ਹਾਂ, ਕੇਂਦਰੀ ਜਿਲ੍ਹੇ ਵਿੱਚ 113, ਉੱਤਰ ਪੱਛਮ ਵਿੱਚ 93, ਦੱਖਣ ਪੂਰਬ ਵਿੱਚ 83, ਦੱਖਣ ਪੱਛਮ ਅਤੇ ਉੱਤਰ ਪੂਰਬ ਵਿੱਚ 73-73, ਆਊਟਰ ਵਿੱਚ 65, ਪੂਰਬੀ ਅਤੇ ਨਵੀਂ ਦਿੱਲੀ ਵਿੱਚ 55-55, ਪੱਛਮੀ ਅਤੇ ਬਾਹਰੀ ਉੱਤਰ ਵਿੱਚ 54-54, ਰੋਹਿਣੀ ਵਿੱਚ 44, ਸ਼ਾਹਦਰਾ ਵਿੱਚ 42, ਦਵਾਰਕਾ ਵਿੱਚ 35, ਦੱਖਣ ਵਿੱਚ 26 ਅਤੇ ਰੇਲਵੇ ਖੇਤਰ ਵਿੱਚ 23 ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕੀ।
ਜਿਪਨੈੱਟ ਇੱਕ ਕੇਂਦਰੀਕ੍ਰਿਤ ਡੇਟਾਬੇਸ ਹੈ, ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਲਾਪਤਾ ਵਿਅਕਤੀਆਂ ਅਤੇ ਅਣਪਛਾਤੀਆਂ ਲਾਸ਼ਾਂ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ। ਇਹ ਡੇਟਾਬੇਸ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਡੇਟਾ ਇਕੱਠਾ ਕਰਦਾ ਹੈ। ਡੇਟਾ ਦਰਸਾਉਂਦਾ ਹੈ ਕਿ ਪੂਰੀ ਦਿੱਲੀ ਦੇ ਲੋਕਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ।
-ਪੰਜਾਬੀ ਪਰਵਾਜ਼ ਬਿਊਰੋ