‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਹਥਲੀ ਲਿਖਤ ਵਿੱਚ ਪੜ੍ਹੋ, ਪ੍ਰਾਚੀਨ ਨਗਰ ਅਲਾਵਲਪੁਰ ਦਾ ਕਿੱਸਾ –ਪ੍ਰਬੰਧਕੀ ਸੰਪਾਦਕ
ਵਿਜੈ ਬੰਬੇਲੀ
ਫੋਨ: +91-9463439075
ਅਲਾਵਲਪੁਰ ਦੀਆਂ ਥੇਹ ਹੋਈਆਂ ਕੁੱਝ ਧੜਵੈਲ ਇਮਾਰਤਾਂ ਦੇ ਕੁੱਝ ਬਚੇ-ਖੁਚੇ ਹਿੱਸੇ, ਇਸ ਨਗਰ ਦਾ ਵਿਚਾਲਾ ਅਤੇ ਆਲਾ-ਦੁਆਲਾ ਇਸਦੇ ਪ੍ਰਚੀਨ ਨਗਰੀ ਹੋਣ ਦਾ ਇਸ਼ਾਰਾ ਕਰਦੇ ਹਨ; ਤੇ ਇਸਦੇ ਅੰਦਰ ਅਤੇ ਗਿਰਦ ਖਲੋਤੀਆਂ ਮੁਸਲਿਮ ਧਰਮ ਆਸਥਾ ਇਮਾਰਤਾਂ ਕਦੇ ਇੱਥੇ ਰਹੇ ਮੁਸਲਮਾਨੀ ਜਲੌਅ ਦਾ ਪ੍ਰਗਟਾਵਾ ਕਰਦੀਆਂ ਹਨ। ਪਰ ਇਸ ਨਗਰ ਦੀ ਮੌੜੀ ਕਿਸ ਗੱਡੀ, ਕਦੋਂ ਗੱਡੀ ਅਤੇ ਇਸਦੇ ਇਸ ਖਿੱਤੇ ਵਿੱਚ ਬੁਲੰਦ ਸਥਾਪਿਤ ਹੋ ਜਾਣ ਬਾਰੇ ਸੰਭਵ ਕੋਸ਼ਿਸ਼ਾਂ ਦੇ ਬਾਵਜੂਦ ਪੱਕ ਨਾਲ ਪਤਾ ਨਹੀਂ ਲੱਗ ਸਕਿਆ। ਸੋ, ਜਿੰਨਾ ਕੁ ਹੱਥ ਆਇਆ ਜਾਂ ਦੱਸਿਆ ਗਿਆ, ਉਸ ਬਾਰੇ ਪਾਠਕਾਂ ਮੂਹਰੇ ਇਸ ਆਸ ਨਾਲ ਪਰੋਸਣਾ ਬੇਹਤਰ ਸਮਝਿਆ ਕਿ ਇਸ ਨੂੰ ਪੜ੍ਹ-ਸੁਣ ਕੇ ਕੋਈ ਹੋਰ ਸਮਰੱਥ ਇਸ ਨਗਰ ਦੀਆਂ ਪੀਢੀਆਂ ਜੜ੍ਹਾਂ ਫਰੋਲਣ ਲਈ ਜਰੂਰ ਅਹੁਲੇਗਾ।
ਜਲੰਧਰ ਡਿਸਟ੍ਰਿਕਟ ਗਜ਼ਟੀਅਰ ਮੁਤਾਬਿਕ, “ਇਹ ਕਸਬਾ ਧੌਗੜੀ ਪਰਿਵਾਰ ਦੇ ਪਠਾਣ ਸਰਦਾਰ ਅਲਾਵਲ ਖਾਂ ਦੇ ਪਿਤਾ ਨੇ (ਕਨਸੋਆਂ ਅਨੁਸਾਰ ਆਪਣੇ ਪੁੱਤਰ ਨਾਮੇ) ਵਸਾਇਆ ਸੀ। ਸਮਾਂ-ਦਰ-ਸਮਾਂ ਇਸਦਾ ਪ੍ਰਮੁੱਖ ਰਜ਼ਬ ਅਲੀ ਖਾਂ ਬਣਿਆ, ਪਰ 1807 ‘ਚ ਉਸਦੀ ਮੌਤ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਇਸਨੂੰ ਬੈਂਸ ਸਰਦਾਰ ਅਲਵੇਲ ਸਿੰਘ, (ਜਿਸਦਾ ਪਿਛੋਕੜ ਮਾਹਿਲਪੁਰ ਦੇ ਬੈਂਸ ਕੁਨਬੇ ਅਤੇ ਮਗਰੋਂ ਸਬੰਧ ਜੱਲਿ੍ਹਆ ਵਾਲੇ ਬਾਗ ਨਾਲ ਜੁੜਦਾ ਹੈ), ਨੂੰ ਜਗੀਰ ਵਜੋਂ ਸੌਂਪ ਦਿੱਤਾ। ਕਦੇ ਇੱਥੇ ਮਿੱਟੀ ਦਾ ਬਣਿਆ ਇੱਕ ਕਿਲਾ ਹੁੰਦਾ ਸੀ, ਜਿਹੜਾ ਕਿ ਉਸ ਸਮੇਂ ਕਰੀਬ ਥੇਹ ਹੋ ਚੁੱਕਾ ਸੀ। ਇਸ ਥੇਹ ਨੂੰ ਥੇਹ ਲਛਮਣ ਕਹਿੰਦੇ ਹਨ। ਇੱਥੇ ਸਮੀਰ ਪਰਬਤ (ਗੋਰਖ ਪੰਥੀ ਸਾਧੂ) ਦਾ ਵੀ ਇੱਕ ਮੱਟ ਸੀ/ਹੈ, ਜਿੱਥੇ ਹਰ ਸਾਲ ਮੇਲਾ ਭਰਦਾ ਹੈ।”
ਬਕੌਲ ਬ੍ਰਿਟਿਸ਼ਟਰ ਅੰਗਰੇਜ਼ ਰਾਜ ਸ਼ੁਰੂ ਹੋਣ ਵੇਲੇ ਇੱਥੇ 6 ਮਸੀਤਾਂ ਅਤੇ 10 ਮੰਦਿਰ ਸਨ। ਮੰਦਿਰਾਂ ਦੀ ਬਹੁਤਾਤ, ਲਛਮਣ ਥੇਹ ਅਤੇ ਸਮੀਰ ਪਰਬਤ ਦਾ ਮੱਟ ਇਹ ਕਨਸੋਅ ਦਿੰਦੇ ਹਨ ਕਿ ਪਹਿਲ-ਪਲੱਕੜਿਆਂ ਵੇਲੇ, ਕਦੇ ਇੱਥੇ ਹਿੰਦੂ ਵੀ ਪ੍ਰਮੁੱਖ ਸਨ। ਇਸੇ ਗਜ਼ਟੀਅਰ ਅਨੁਸਾਰ ਮਗਰੋਂ, “ਇੱਥੇ ਇੱਕ ਮਿਡਲ ਸਕੂਲ, ਫਿਰ ਡਾਕਖਾਨਾ, ਇੱਕ ਉੱਪ ਤਹਿਸੀਲ ਸਥਾਪਿਤ ਹੋਈ।” ਅਗਲੀ ਬਾਤ, “ਇਹ ਸ਼ਹਿਰ ਗਬਰੂਨ ਅਤੇ ਸੂਸੀ (ਸੂਤੀ ਜਾਂ ਸੂਸ ਦਾ ਕੱਪੜਾ, ਸਵਾਂ ਲਿਆ ਸੂਸ ਦਾ ਘੱਗਰਾ) ਕੱਪੜੇ ਵਜੋਂ ਵੀ ਪ੍ਰਸਿੱਧ ਰਿਹਾ ਤੇ ਅਨਾਜ ਅਤੇ ਗੁੜ ਮੰਡੀ ਵਜੋਂ ਵੀ। ਸੰਨ 1857 ‘ਚ ਇੱਥੇ ਮਿਊਂਸਪਲ ਕਮੇਟੀ ਬਣੀ, ਨਗਰ ਦੇ ਵਿਸਥਾਰ ਉਪਰੰਤ 1885 ਵਿੱਚ ਇਸਦੀ ਹੱਦ ਮੁੜ ਮਿੱਥੀ ਗਈ। ਨਗਰ ਦੀ ਆਮਦਨ ਅਤੇ ਕਾਰ-ਵਿਹਾਰ ਦਾ ਮੁੱਖ ਸਰੋਤ ਇੱਥੋਂ ਦੀਆਂ ਵਪਾਰਕ ਗਤੀਵਿਧੀਆਂ ਸਨ। ਮਗਰੋਂ, ਕਈ ਕਾਰਨਾਂ ਕਰਕੇ ਖਾਸ ਕਰ ’47 ਦੀ ਤ੍ਰਾਸਦੀ ਅਤੇ ਮੁੱਖ ਸੜਕ ਤੋਂ ਹਟਵਾਂ ਹੋ ਜਾਣ ਕਾਰਨ ਇਹ ਨਗਰ ਰਸਤਾਲ ਵੱਲ ਜਾਈ ਗਿਆ। ਹੁਣ ਕੁੱਝ ਸੰਭਲਿਆ ਹੈ, ਪ੍ਰੰਤੂ ਪੁਰਾਣੇ ਜਲੌਅ ਤੋਂ ਬਹੁਤ ਵਿਰਵਾ ਹੈ।
ਆਮ ਤੌਰ ‘ਤੇ ਕਿਹਾ-ਸਮਝਿਆ ਇਹ ਜਾਂਦਾ ਹੈ ਕਿ ਅਲਾਵਲ ਖਾਂ ਅਤੇ ਆਦਮ ਖਾਂ ਦੋ ਪਠਾਣ ਭਰਾਵਾਂ ਨੇ ਤਿੰਨ–ਚਾਰ ਮੀਲ ਦੇ ਫਾਸਲੇ ‘ਤੇ ਦੋ ਪਿੰਡ ਵਸਾਏ, ਅਲਾਵਲਪੁਰ ਅਤੇ ਆਦਮਪੁਰ। ਉਦੋਂ ਆਦਮਪੁਰ ਨਹੀਂ, ਅਲਾਵਲਪੁਰ ਕਈ ਗੱਲੋਂ ਉੱਘਾ ਅਤੇ ਵੱਡਾ ਸੀ, ਜਿੱਥੇ ਰਾਜ ‘ਗਰੇਜ਼ੀ ਸਥਾਪਿਤ ਹੁੰਦਿਆਂ ਹੀ ਮਿਊਂਸਪਲ ਕਮੇਟੀ ਬਣਾਈ ਗਈ, ਜਦ ਕਿ ਆਦਮਪੁਰ ਉਦੋਂ ਪੰਚਾਇਤ ਹੀ ਸੀ। ਪਰ ਅਸਲ ਗੱਲ ਇਂਓ ਨਹੀਂ ਹੈ, ਜਲੰਧਰ ਗਜ਼ਟੀਅਰ, 1884, ਇਹ ਕਥਾ ਇਉਂ ਬਿਆਨਦਾ ਹੈ, “ਆਦਮਪੁਰ ਬਿਨਾ ਕਿਸੇ ਯੋਜਨਾ ਤੋਂ ਬਣਿਆ ਹੋਇਆ ਇੱਗੜ-ਦੁੱਗੜਾ ਜਿਹਾ ਪਿੰਡ ਹੈ। ਮੰਨੀ ਜਾਂਦੀ ਗਾਥਾ ਅਨੁਸਾਰ ਇਸ ਦੀ ਨੀਂਹ ਲਿੱਟ ਗੋਤਰੀ ਜੱਟਾਂ ਨੇ ਰੱਖੀ ਸੀ। ਬਾਅਦ ਵਿੱਚ ਇੱਥੇ ਭੈਣੇ ਗੋਤ ਦੇ ਜੱਟ ਆ ਕਾਬਜ਼ ਹੋਏ, ਪ੍ਰਸਥਿਤੀਆਂ ਵੱਸ ਉਨ੍ਹੀਂ ਇਸਨੂੰ ਧੋਗੜੀ ਦੇ ਅਫਗਾਨ ਕੁਨਬੇ ਨੂੰ ਵੇਚ ਦਿੱਤਾ ਅਤੇ ਉਨ੍ਹਾਂ ਦੇ ਜੰਗੀ ਸਰਦਾਰ ਅਲਾਵਲ ਖਾਂ ਦੇ ਛੋਟੇ ਭਰਾ ਆਦਮ ਖਾਂ ਨੇ ਇਸਦਾ ਨਾਂ ਬਤੌਰ ਆਦਮ ਆਪਣੇ ਨਾਮੇ ਕਰ ਲਿਆ।” ਜਿਹੜਾ ਮਗਰੋਂ ਆਦਮਪੁਰ ਵਜੋਂ ਲੋਕ-ਮਨਾਂ ਵਿੱਚ ਉੱਘੜ ਗਿਆ।
ਪਰ ਇਤਿਹਾਸਕ ਪੁਸਤਕ “ਪੰਜਾਬ ਦੀ ਜੋਗਰਾਫਯਾਈ ਤਵਾਰੀਖ” ਦਾ ਕਰਤਾ ਬੂਟੇ ਸ਼ਾਹ ਆਖਦਾ ਹੈ, “ਅਲਾਉਲਪੁਰ ਪਠਾਣਾਂ ਦਾ ਸ਼ਹਿਰ ਹੈ। ਉਹ ਅਲਾਉਲ ਖਾਂ ਦੇ ਬਾਪ ਦਲਾਉਰ ਖਾਂ ਦਾ ਬਣਾਇਆ ਹੋਇਆ ਹੈ। ਦਲਾਉਰ ਖਾਂ ਨੇ ਇਸ ਦਾ ਨਾਂਅ ਆਪਣੇ ਪੁੱਤਰ ਦੇ ਨਾਂਅ ‘ਤੇ ਅਲਾਉਲਪੁਰ ਰੱਖਿਆ, (ਜਿਹੜਾ ਵਿਗੜਦਾ-ਸੰਵਰਦਾ ਅਲਾਵਲਪੁਰ ਬਣ ਗਿਆ)।” ਉਸ ਮੁਤਾਬਕ, “ਸ਼ਹਿਰ ਦੇ ਅੰਦਰ-ਵਾਰ ਇੱਕ ਪੱਕਾ ਕਿਲ੍ਹਾ ਹੈ ਅਤੇ ਉਸਦੀ ਫ਼ਸੀਲ ਅੰਦਰ ਵੱਡੀਆਂ ਸੋਹਣੀਆਂ ਅੰਬਾਰਤਾਂ (ਇਮਾਰਤਾਂ/ਹਵੇਲੀਆਂ) ਪਠਾਣਾਂ ਨੇ ਬਣਾਈਆਂ ਹੋਈਆਂ ਹਨ। ਪਰ ਜਾਂ (ਜਦੋਂ) ਰਜ਼ਬ ਅਲੀ ਖਾਂ ਦੀ ਸਰਦਾਰੀ ਦੀ ਬਾਰੀ ਆਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਸ਼ਹਿਰ ਉਸ ਕੋਲੋਂ ਜ਼ੋਰ ਨਾਲ ਖੋ ਲਿਆ। ਔਰ ਉਹ ਵਿਚਾਰਾ ਲਾਹੌਰ ਵਿਖੇ ਮਹਾਰਾਜ ਦੇ ਲਸ਼ਕਰ ਹੱਥੋਂ ਸਤਾਇਆ ਬੜੀ ਖੁਆਰੀ ਨਾਲ ਮਰ ਗਿਆ।”
ਦਰ-ਹਕੀਕਤ, ਉਕਤ ਕਥਾ ਦੇ ਸੰਦਰਭ ਲੋਕ-ਉਕਤੀ (ਮੌਖਿਕ ਇਤਿਹਾਸ) ਕੋਈ ਹੋਰ ਹੈ। ਹੋਇਆ ਇਉਂ ਕਿ “1807-08 ‘ਚ, ਇੱਕ ਵਾਰ ਮੁਹੱਰਮ ਦੇ ਦਿਨੀਂ ਤਾਜ਼ੀਏ ਦੇ ਜਲਸੇ-ਜਲੂਸ ਵਿੱਚ ਇੱਕ ਮਾਰ-ਖੰਡਾ ਸਾਨ ਆ ਘੁਸਿਆ। ਸਿੱਟੇ ਵਜੋਂ ਹੋਈ ਹਫੜਾ-ਦਫੜੀ ਵੇਖ ਤਿੰਨ ਅੱਲ੍ਹੜ ਮੁੰਡੇ ਹੱਸ-ਹੱਸ ਲੋਟ-ਪੋਟ ਹੋ ਗਏ, ਜਿਹੜੇ ਹਿੰਦੂਆਂ ਦੇ ਜਾਏ ਸਨ। ਕਾਜ਼ੀਆਂ ਇਸਨੂੰ ਆਪਣੀ ਹੇਠੀ ਮੰਨੀ ਅਤੇ ਪਠਾਣ ਸਰਦਾਰ ਰਜ਼ਬ ਅਲ਼ੀ ਕੋਲ ਜਾ ਸ਼ਿਕਾਇਤ ਕੀਤੀ। ਅਸਲ ਮਾਜਰਾ ਅਤੇ ਅਲ੍ਹੜ-ਵਰੇਸ ਬੁੱਝਣ ਦੀ ਬਜਾਏ ਉਨ੍ਹਾਂ ਮੁੰਡਿਆ ਨੂੰ ਸਖਤ ਸਜ਼ਾ ਸੁਣਾਈ ਗਈ, ਜਿਸ ਕਾਰਨ ਰੋਹ ‘ਚ ਆਇਆ ਇੱਕ ਹਿੰਦੂ ਸਾਧ ਲਾਹੌਰ ਪੁੱਜ ਮਹਾਰਾਜੇ ਦੇ ਦਰਬਾਰ ਜਾ ਹਰਖਿਆ। ਸਬੱਬੀਂ ਮਹਾਰਾਜਾ ਰਣਜੀਤ ਸਿੰਘ ਉਦੋਂ ਬਟਾਲੇ ਗਿਆ ਹੋਇਆ ਸੀ, ਸਾਧ ਉਨ੍ਹੀਂ ਪੈਰੀਂ, ਵਾਹੋ-ਦਾਹੀ ਬਟਾਲਾ ਜਾ ਪੁੱਜਾ। ਸਾਧ ਦਾ ਹੱਠ ਦੇਖ ਅਤੇ ਉਸ ਮੂੰਹੋਂ ਮਾਜਰਾ ਸੁਣ ਮਹਾਰਾਜੇ ਨੇ ਅਲਬੈਲ ਸਿੰਘ ਬੈਂਸ ਸਰਦਾਰ, ਜਿਸਦਾ ਪਿਛੋਕੜ ਮਾਹਿਲਪੁਰ ਦਾ ਬੈਂਸ ਕੁਨਬਾ ਸੀ, ਨੂੰ ਲਾਮ-ਲਸ਼ਕਰ ਨਾਲ ਅਲਾਵਲਪੁਰ ਨੂੰ ਰਜ਼ਬ ਅਲੀ ਦੇ ਸੁਧਾਰ ਹਿੱਤ ਤੋਰ ਦਿੱਤਾ। ਗਹਿ-ਗੱਚਵੇਂ ਮੁਕਾਬਲੇ ਅਤੇ ਜੰਗੀ ਗੜ੍ਹੀ ਨੂੰ ਤੋੜਨ ਉਪਰੰਤ ਬੈਂਸ ਕੁਮਕ ਅਲਾਵਲਪੁਰ ‘ਤੇ ਕਬਜ਼ਾ ਕਰਨ ਅਤੇ ਰਜ਼ਬ ਅਲੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਗਈ।”
ਕਹਿੰਦੇ ਹਨ ਕਿ ਬੈਂਸ ਸਰਦਾਰ ਨੇ, ਉਪਰੰਤ ਪਰਵਾਨਾ ਲਿਖ ਭੇਜਿਆ ਕਿ ਕਿਲਾ ਅਤੇ ਨਗਰ ਕਿਸ ਦੇ ਹਵਾਲੇ ਕੀਤਾ ਜਾਵੇ, ਜੀ? ਮੌੜਵੇਂ ਜਵਾਬ ‘ਚ ਮਹਾਰਾਜਾ ਰਣਜੀਤ ਸਿੰਘ ਨੇ ਲਿਖਿਆ, “ਸੁਣਿਆ ਹੈ, ਸ਼ਹਿਰ ਤਾਂ ਥੇਹ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਹੀ ਅਲਾਵਲਪੁਰ ਦੇ ਸਾਰੇ ਅਸਾਸਿਆਂ ਦੇ ਮਾਲਕ ਹੋ; ਪਰ ਇਸ ਤਵਾਰੀਖੀ ਸ਼ਹਿਰ ਦਾ ਨਾਂ ਅਲਾਵਲਪੁਰ ਹੀ ਰਹੇਗਾ।”