ਜਿਮਖਾਨਾ ਕਲੱਬ-ਲਾਹੌਰ

ਆਮ-ਖਾਸ ਗੂੰਜਦਾ ਮੈਦਾਨ

ਸੰਤੋਖ ਸਿੰਘ ਮੰਡੇਰ (ਸਰੀ-ਕੈਨੇਡਾ)
ਵੱਟਸਐਪ: 604-505-7000
ਸੰਸਾਰ ਵਿੱਚ ਪੰਜਾਬੀਆਂ ਦਾ ਚਰਚਿਤ, ਸੱਭਿਆਚਾਰਕ ਤੇ ਇਤਿਹਾਸਕ ਸ਼ਹਿਰ ਲਾਹੌਰ, ਸਿੱਖ ਦੌਰ ਦੇ ਖਾਲਸਾ ਰਾਜ ‘ਸ਼ੇਰੇ ਪੰਜਾਬ-ਮਹਾਰਾਜਾ ਰਣਜੀਤ ਸਿੰਘ’ ਦਾ ਸਿੰਘਾਸਨ ਤੇ ਹੁਣ ਪੱਛਮੀ ਪੰਜਾਬ ਜਾਂ ਲਹਿੰਦੇ ਪੰਜਾਬ (ਪਾਕਿਸਤਾਨ) ਦਾ ‘ਦਾਰ-ਅਲ-ਖਲਾਫਾ’, ਕੈਪੀਟਲ-ਰਾਜਧਾਨੀ ਹੈ| ਪੰਜਾਬੀ ਦੀ ਇੱਕ ਆਮ ਅਖਾਣ ਹੈ, ‘ਜਿਹਨੇ ਲਾਹੌਰ ਨੀ ਦੇਖਿਆ, ਉਹ ਜੰਮਿਆ ਈ ਨਹੀਂ।’ ਲਾਹੌਰ ਵਾਕਿਆ ਹੀ ਗੁਆਂਢੀ ਦੀ ਰੰਨ ਵਰਗਾ ਅਤੇ ਈਰਾਨੀ ਹੂਰ ਵਰਗਾ ਬੜਾ ਹੀ ਖੂਬਸੂਰਤ ਤੇ ਅਨੋਖਾ ਸ਼ਹਿਰ ਹੈ|

ਲਾਹੌਰ ਨੂੰ ਲੁੱਟਣ ਵਿੱਚ ਤੁਰਕਾਂ, ਪਠਾਣਾਂ, ਮੁਗਲਾਂ ਤੇ ਅੰਗਰੇਜ਼ਾਂ ਨੇ ਕੋਈ ਘੱਟ ਨਹੀਂ ਕੀਤੀ, ਪਰ ਬਨਾਉਣ ਤੇ ਸੰਵਾਰਨ ਵਿੱਚ ਸਿੱਖ ਦਰਬਾਰ ਤੇ ਬਹੁਤਾ ਅੰਗਰੇਜ਼ ਸਰਕਾਰ ਦਾ ਯੋਗਦਾਨ ਰਿਹਾ ਹੈ| ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੇ ਪੈਰ ਪਸਾਰੇ ਤੇ ਫਿਰ ਇੰਗਲੈਂਡ ਦੀ ਅੰਗਰੇਜ਼ ਮਹਾਰਾਣੀ ਨੇ ਸੰਨ 1849 ਵਿੱਚ ਲਾਰਡ ਡਲਹੌਜ਼ੀ ਰਾਹੀਂ ਸਿੱਖਾਂ ਤੋਂ ਲਾਹੌਰ ਦਾ ਰਾਜਭਾਗ ਜਬਰਦਸਤੀ ਖੋਹ ਲਿਆ ਤੇ ਪੰਜਾਬ ਦਾ ਲਾਹੌਰ ਸਿੱਖ ਦਰਬਾਰ, ਅੰਗਰੇਜ਼ ਸਰਕਾਰ ਜਾਂ ਬ੍ਰਿਟਿਸ਼ ਅੰਪਾਇਰ ਵਿੱਚ ਸ਼ਾਮਲ ਕਰ ਲਿਆ ਗਿਆ| ਬਾਲਕ ਸਿੱਖ ਮਹਾਰਾਜਾ ਦਲੀਪ ਸਿੰੰਘ ਨੂੰ ਜਲਾਵਤਨ ਕਰਕੇ, ਅੰਗਰੇਜ਼ਾਂ ਨੇ ਪੰਜਾਬ ਉਪਰ ਲੱਗਭਗ 100 ਸਾਲ ਰਾਜ ਕੀਤਾ| ਅੰਗਰੇਜ਼ਾਂ ਨੇ ਸੰਸਾਰ ਭਰ ਦੇ 56 ਮੁਲਕਾਂ ਵਿੱਚ ਰਾਜ ਕੀਤਾ, ਪਰ ਉਨ੍ਹਾਂ ਨੇ ਕਿਸੇ ਵੀ ਹੋਰ ਮੁਲਕ ਵਿੱਚ ਸਿਧੀ ਦਖਲਅੰਦਾਜ਼ੀ ਨਹੀਂ ਕੀਤੀ| ਸਿਰਫ ਪੰਜਾਬ ਦੇ ਲਾਹੌਰ ਸਿੱਖ ਰਾਜ ਦੇ ‘ਮਹਾਰਾਜਾ’ ਨੂੰ ਖਤਮ ਕਰਕੇ ਅੰਗਰੇਜ਼ ਸਰਕਾਰ ਦਾ ‘ਗਵਰਨਰ ਰਾਜ’ ਸਥਾਪਿਤ ਕੀਤਾ| ਅੰਗਰੇਜ਼ ਗਵਰਨਰ ਦੇ ਰਾਜ ਵਿੱਚ ਸਾਰੇ ਪੰਜਾਬ ਅਤੇ ਲਾਹੌਰ ਵਿੱਚ ਅੰਤਾਂ ਦੀ ਤਰੱਕੀ ਹੋਈ|
ਅੰਗਰੇਜ਼ ਹਕੂਮਤ ਜਾਂ ‘ਬ੍ਰਿਟਿਸ਼ ਅੰਪਾਇਰ’ ਦੀ ਰਾਜਧਾਨੀ, ਭਾਰਤ ਦਾ ਦਿਲ ‘ਦਿੱਲੀ’, ਬੰਗਾਲ ਦਾ ਕਲਾਤਮਿਕ ਸ਼ਹਿਰ ‘ਕਲਕੱਤਾ’, ਦੱਖਣੀ ਭਾਰਤ ਦੀ ਬੂੰਦੀ ਵਰਗੀ ਬੰਦਰਗਾਹ ‘ਬੰਬਈ’ ਅਤੇ ਪੰਜਾਬ ਦੇ ਲਾਲਾਂ ਵਰਗੇ ਸ਼ਹਿਰ ‘ਲਾਹੌਰ’ ਵਿੱਚ ਅੰਗਰੇਜ਼ਾਂ ਨੇ ਬੇਸ਼ੁਮਾਰ ਨਵੀਆਂ ਇਮਾਰਤਾਂ, ਰੇਲਵੇ ਲਾਈਨਾਂ, ਰੇਲਵੇ ਸਟੇਸ਼ਨ, ਡਾਕਘਰ, ਹਸਪਤਾਲ, ਕਾਲਜ, ਸਕੂਲ, ਯੂਨੀਵਰਸਿਟੀਆਂ, ਘੰਟਾ ਘਰ, ਨਹਿਰਾਂ, ਪੁਲ ਆਦਿ ਬਣਵਾਏ| ਪੰਜਾਬ ਵਿੱਚ ਲਾਹੌਰ ਦੀ ਖੂਬਸੂਰਤੀ ਲਈ ਇਨ੍ਹਾਂ ਨਵੀਆਂ ਬਣੀਆਂ ਇਮਾਰਤਾਂ ਨੇ ਲਾਹੌਰ ਨੂੰ ਚਾਰ ਚੰਨ ਲਾ ਦਿੱਤੇ ਅਤੇ ਲਾਹੌਰ ਏਸ਼ੀਆ ਦਾ ਹੀ ਨਹੀਂ, ਸੰਸਾਰ ਭਰ ਵਿੱਚ ਪੰਜਾਬੀ ਸੱਭਿਆਚਾਰ ਦਾ ਲਾਜਵਾਬ ਕੇਂਦਰ ਬਣ ਗਿਆ, ਜਿਸ ਵਿੱਚ ਪੰਜਾਬੀ ਮੁਸਲਮਾਨ, ਸਿੱਖ, ਹਿੰਦੂ, ਜੈਨ ਤੇ ਹੋਰ ਧਰਮਾਂ ਦੇ ਲੋਕ ਰਲ-ਮਿਲ ਕੇ ਰਹਿੰਦੇ ਸਨ| ਲਾਹੌਰ ਖਾਲਸਾ ਦਰਬਾਰ ਅਤੇ ਸਾਰੇ ਪੰਜਾਬ ਵਿੱਚ ਮੁਸਲਿਮ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਸਭ ਤੋਂ ਵੱਧ ਸੀ| ਉਰਦੂ, ਪੰਜਾਬੀ, ਫਾਰਸੀ, ਅੰਗਰੇਜ਼ੀ ਆਦਿ ਭਾਸ਼ਾਵਾਂ ਬੋਲੀਆਂ, ਲਿਖੀਆਂ ਤੇ ਪੜ੍ਹਾਈਆਂ ਜਾਂਦੀਆਂ ਸਨ| ਸਿੱਖ ਰਾਜ ਦੌਰਾਨ ਪੰਜਾਬ ਦੇ 90% ਲੋਕ ਪੜ੍ਹੇ-ਲਿਖੇ ਸਨ| ਪੰਜਾਬ ਵਿੱਚ ਮੰਦਿਰ, ਮਸਜਿਦ ਤੇ ਗੁਰਦਵਾਰੇ ਨਾਲ ‘ਧਰਮਸ਼ਾਲਾ’ ਲਾਜ਼ਮੀ ਹੁੰਦੀ ਸੀ, ਜਿਸ ਵਿੱਚ ਸੰਸਕ੍ਰਿਤ, ਉਰਦੂ/ਫਾਰਸੀ ਤੇ ਗੁਰਮੁਖੀ ਦੀ ਪੜ੍ਹਾਈ ਹਰ ਬੱਚੇ ਲਈ ਲਾਜ਼ਮੀ ਹੁੰਦੀ ਸੀ| ਕਾਇਦਾ-ਏ-ਨੂਰ ਘਰ ਘਰ ਪੜ੍ਹਿਆ ਜਾਂਦਾ ਸੀ|
‘ਲਾਹੌਰ ਜਿਮਖਾਨਾ ਕਲੱਬ’ ਵੀ ਲਾਹੌਰ ਦੀ ਮਾਲ ਰੋਡ ਉਪਰ ਬਣਿਆ, ਲਾਹੌਰ ਸ਼ਹਿਰ ਦਾ ਇੱਕ ਖੂਬਸੂਰਤ ਇਮਾਰਤਾਂ ਵਾਲਾ ਤੇ ਹਰੇ-ਭਰੇ ਮੈਦਾਨਾਂ ਦਾ ਵਿਸ਼ਾਲ ਸਥਾਨ ਹੈ| ਜਿਮਖਾਨਾ ਕਲੱਬ ਲਾਹੌਰ ਵੀ ਅੰਗਰੇਜ਼ ਦੌਰ ਸਮੇਂ ਸੰਨ 1878 ਵਿੱਚ ‘ਲਾਹੌਰ ਮੀਆਂ ਮੀਰ ਇੰਸਟੀਚੀਊਟ’ (ਅਦਾਰਾ) ਦੇ ਨਾਂ ਥੱਲੇ ਹਿੰਦੋਸਤਾਨ ਦੇ ਸ਼ਰੀਫਾਂ ਲਈ ਖਿਡਾਰੀ ਕਲੱਬ ਵਜੋਂ ਹੋਂਦ ਵਿੱਚ ਆਇਆ ਸੀ| ਉਸ ਸਮੇਂ ਇਹ ਕਲੱਬ ਮਾਲ ਰੋਡ ਉਪਰ ਹੀ ਗਵਰਨਰ ਹਾਊਸ ਦੇ ਬਿਲਕੁਲ ਸਾਹਮਣੇ ਲਾਰੈਂਸ ਗਾਰਡਨ ਵਿੱਚ ਲਾਰੈਂਸ ਤੇ ਮਿੰਟਗੁਮਰੀ ਹਾਲ ਵਿੱਚ ਹੀ ਸੀ| ਸੰਨ 1906 ਵਿੱਚ ਬ੍ਰਿਟਿਸ਼ ਰਾਜ ਦੌਰਾਨ ਇਸ ਕਲੱਬ ਦਾ ਨਾਂ ਬਦਲ ਕੇ ‘ਲਾਹੌਰ ਜਿਮਖਾਨਾ ਕਲੱਬ’ ਕਰ ਦਿੱਤਾ ਗਿਆ| ਇਸ ਕਲੱਬ ਵਿੱਚ ਭਾਰਤੀ ਬ੍ਰਿਟਿਸ਼ ਸਾਮਰਾਜ ਸਮੇਂ ਦਾ ਸਭ ਤੋਂ ਪੁਰਾਣਾ ਤੇ ਦੂਜਾ ਵੱਡਾ ਕ੍ਰਿਕਟ ਗਰਾਊਂਡ ਵੀ ਮੌਜੂਦ ਹੈ|
ਜਨਵਰੀ ਸੰਨ 1972 ਵਿੱਚ ਇਹ ਕਲੱਬ ਮਾਲ ਰੋਡ ਦੇ ਸੱਜੇ ਹੱਥ ਅਤੇ ਕੈਨਾਲ ਕਲੱਬ ਰੋਡ-ਲਾਹੌਰ ਦੇ ਖੱਬੇ ਹੱਥ ਦੇ ਖੁੱਲੇ ਮੈਦਾਨਾਂ ਵਿੱਚ ਸਥਾਪਤ ਹੋ ਗਿਆ, ਜੋ 117 ਏਕੜ ਵਿੱਚ ਫੈਲਿਆ ਹੋਇਆ ਹੈ| ਲਾਹੌਰ ਜਿਮਖਾਨਾ ਕਲੱਬ ਵਿੱਚ ਲੋਕ ਖੇਡਾਂ ਦੀਆਂ ਕਾਫੀ ਸੰਸਾਰ ਪੱਧਰ ਦੀਆਂ ਸਹੂਲਤਾਂ ਮੌਜੂਦ ਹਨ, ਜਿਵੇਂ ਕਿ ਗੌਲਫ਼, ਤੈਰਾਕੀ (ਸਵਿਮਿੰਗ), ਕ੍ਰਿਕਟ, ਸੂਕੈਸ਼, ਟੈਨਿਸ, ਯੋਗਾ, ਹੈਲਥ ਕਲੱਬ, ਬਿਲੀਅਰਡਜ ਅਤੇ ਜਿਮਨੇਜੀਅਮ ਸ਼ਾਮਲ ਹਨ| ਲਾਹੌਰ ਜਿਮਖਾਨਾ ਕਲੱਬ ਵਿੱਚ ਕਲੱਬ ਮੈਂਬਰ ‘ਕਨਸਰਟਸ’, ‘ਲੈਕਚਰਜ਼’ ਅਤੇ ‘ਸੈਮੀਨਾਰ’ ਵੀ ਵੱਡੇ ਪੱਧਰ ਉਪਰ ਕਰਵਾ ਸਕਦੇ ਹਨ| ਇੱਕ ਪਰਿਵਾਰਕ ਖੇਡ ‘ਤੰਬੋਲਾ’ ਹਰ ਹਫ਼ਤੇ ਖੇਡਿਆ ਜਾਂਦਾ ਹੈ| ਹਰ ਵੀਕਐਂਡ-ਐਤਵਾਰ ਨੂੰ ਕਲੱਬ ਮੈਂਬਰਾਂ ਤੇ ਪਰਿਵਾਰਾਂ ਲਈ ਨਵੀਂ ਫਿਲਮ ਦਾ ਇੰਤਜ਼ਾਮ ਹੁੰਦਾ ਹੈ| ਕਲੱਬ ਦੇ ਖੁੱਲੇ ਹਰੇ ਲਾਅਨ ਵਿੱਚ ‘ਬੂਫੇ’ ਵਾਲਾ ਲਾਹੌਰੀ ਨਾਸ਼ਤਾ, ਹਲਵਾ-ਪੂਰੀ, ਛੋਲੇ-ਭਠੂਰੇ, ਪੰਜਾਬੀ ਲੱਸੀ ਦਾ ਵੱਖਰਾ ਸਵਾਦ ਹੁੰਦਾ ਹੈ|
ਲਾਹੌਰ ਜਿਮਖਾਨਾ ਕਲੱਬ ਵਿੱਚ ‘ਓਪਨ-ਏਅਰ ਬਾਰਬੀ-ਕਿਊ’ ਦਾ ਬੜਾ ਕਮਾਲ ਦਾ ਇੰਤਜ਼ਾਮ ਵੀ ਹੈ, ਜਿੱਥੇ ਪਰਿਵਾਰਕ ਮੈਂਬਰ ਭਾਂਤ ਭਾਂਤ ਦੇ ‘ਗੋਸ਼ਤ’ (ਭੁੰਨਿਆ ਮਸਾਲੇਦਾਰ ਮੀਟ) ਦਾ ਸਵਾਦ ਲੈਂਦੇ ਹਨ| ਲਾਹੌਰ ਜਿਮਖਾਨਾ ਕਲੱਬ ਵਿੱਚ ਇੱਕ ਬਹੁਤ ਲਾਜਵਾਬ ‘ਥਾਈ ਚਿੰਨ ਤੇ ਟੂਲਿੱਪ ਰੂਮ’ ਚਾਈਨੀਜ਼ ਰੈਸਟੋਰੈਂਟ ਵੀ ਹੈ, ਜਿਸ ਵਿੱਚ ਸਵਾਦੀ ਸੂਪ, ਮਸਾਲੇਦਾਰ ਨੂਡਲਜ਼, ਤਰ੍ਹਾਂ-ਤਰ੍ਹਾਂ ਦੀ ਮੱਛੀ, ਉਬਲੀਆਂ ਕਰਾਰੀਆਂ ਸਬਜੀਆਂ ਤੇ ਤਾਜ਼ਾ ਫਰਾਈ ਮੁਰਗਾ ਆਰਾਮ ਨਾਲ ਖਾਧਾ ਜਾ ਸਕਦਾ ਹੈ| ਲਾਹੌਰ ਜਿਮਖਾਨਾ ਕਲੱਬ ਵਿੱਚ ਕਲੱਬ ਮੈਬਰਾਂ ਤੇ ਮਹਿਮਾਨਾਂ ਲਈ ‘ਡਰੈਸ ਕੋਡ’ ਯਾਨੀ ਪੌਸ਼ਾਕ ਵੱਲ ਸਖਤੀ ਨਾਲ ਧਿਆਨ ਦਿੱਤਾ ਜਾਂਦਾ ਹੈ| ਕੁੜਤਾ ਪਜਾਮਾ, ਟਰੈਕ ਸੂਟ, ਧੋਤੀ ਚਾਦਰ, ਸਪੋਰਟਸ ਸ਼ੂਜ ਜਾਂ ਨਿੱਕਰ ਪਹਿਨ ਕੇ ਜਿਮਖਾਨਾ ਕਲੱਬ ਨਹੀਂ ਜਾ ਸਕਦੇ| ਸਲੀਕੇ ਵਾਲੀ ਸਲਵਾਰ ਕਮੀਜ, ਪੈਂਟ ਕਮੀਜ, ਪੈਂਟ ਕੋਟ ਤੇ ਟਾਈ ਨਾਲ ਸਾਰੇ ਪਾਸੇ ਸਲਾਮਾਂ ਹੁੰਦੀਆਂ ਹਨ|
1947 ਵਿੱਚ ਭਾਰਤ ਦੀ ਵੰਡ ਸਮੇਂ ਪਾਕਿਸਤਾਨ ਬਨਣ ਨਾਲ ਜਿਮਖਾਨਾ ਕਲੱਬ ਲਾਹੌਰ ਦਾ ਪ੍ਰਬੰਧ ਸਥਾਨਕ ਕਲੱਬ ਮੈਂਬਰ ਸ਼ਹਿਰੀਆਂ ਦੇ ਹੱਥਾਂ ਵਿੱਚ ਆ ਗਿਆ, ਜੋ ਹੁਣ 12 ਮੈਂਬਰਾਂ ਦੀ ਚੁਣੀ ਹੋਈ ‘ਵਿਧਾਇਕ ਕਮੇਟੀ’ ਦੇ ਕਲੱਬ ਮੈਂਬਰ ‘ਚੇਅਰਮੈਨ’ ਰਾਹੀਂ ਇਸ ਨੂੰ ਚਲਾਉਂਦੇ ਹਨ| ਇਸ ਕਲੱਬ ਚੇਅਰਮੈਨ ਦੀ ਮਿਆਦ ਪਹਿਲਾਂ ਤਿੰਨ ਸਾਲ ਹੁੰਦੀ ਸੀ, ਜੋ ਹੁਣ ਘਟਾ ਕੇ ਇੱਕ ਸਾਲ ਕਰ ਦਿੱਤੀ ਗਈ ਹੈ| ਲਾਹੌਰ ਵਾਲਾ ਜਿਮਖਾਨਾ ਕਲੱਬ, ਕਰਾਚੀ ਜਿਮਖਾਨਾ, ਇਸਲਾਮਾਬਾਦ ਕਲੱਬ ਤੇ ਚਨਾਬ ਕਲੱਬ ਫੈਸਲਾਬਾਦ-ਲਾਇਲਪੁਰ ਨਾਲ ਵੀ ਸਹਿਯੋਗੀ ਹੈ| ਭਾਰਤੀ ਪੰਜਾਬ ਵਿੱਚ ਵੀ ਜਲੰਧਰ ਜਿਮਖਾਨਾ ਕਲੱਬ, ਲੁਧਿਆਣਾ ਜਿਮਖਾਨਾ ਕਲੱਬ ਅਤੇ ਚੰਡੀਗੜ੍ਹ ਗੌਲਫ਼ ਕਲੱਬ ਵੀ ਇਸੇ ਤਰਜ ਵਾਲੇ ਹਨ| ਲਾਹੌਰ ਜਿਮਖਾਨਾ ਕਲੱਬ ਦੇ ‘ਗੌਲਫ਼ ਕਲੱਬ’ ਦਾ ਨਾਂ ਬੜਾ ਮਸ਼ਹੂਰ ਤੇ ਵੱਕਾਰੀ ਹੈ, ਜਿਸ ਦੇ ਮੈਂਬਰ ਪਾਕਿਸਤਾਨ ਦੇ ਕੌਮੀ ਸਿਆਸੀ ਵਜ਼ੀਰ, ਪਾਕਿਸਤਾਨ ਦੇ ਐਮ.ਐਲ.ਏ., ਮੈਂਬਰ ਪਾਰਲੀਮੈਂਟ, ਐਮ.ਪੀ.ਏ.-ਮੈਂਬਰ ਪੰਜਾਬ ਅਸੈਂਬਲੀ, ਰਾਜਧਾਨੀ ਇਸਲਾਮਾਬਾਦ ਦੀ ਸੁਪਰੀਮ ਕੋਰਟ ਤੇ ਲਾਹੌਰ ਹਾਈ ਕੋਰਟ ਦੇ ਜੌਹਰੀ ਜੱਜ, ਉੱਚ ਕੋਟੀ ਦੇ ਕਾਲੇ ਕੋਟਾਂ ਵਾਲੇ ਫ਼ਨੀਅਰ ਵਕੀਲ, ਆਹਲਾ ਦਰਜੇ ਦੇ ਮੈਡਲਾਂ ਤੇ ਰੁਤਬਿਆਂ ਵਾਲੇ ਫੌਜੀ ਅਫ਼ਸਰ, ਚੰਗੇ-ਚੰਗੇ ਰੋਹਬਦਾਰ ਤੇ ਧੱਕੜ ਪੁਲੀਸ ਆਫੀਸਰ, ਨਾਮੀ ਖੇਡ ਪ੍ਰਬੰਧਕ ਤੇ ਖਿਡਾਰੀ, ਖਾਂਦੇ-ਪੀਦੇ ਨਵਾਬਜ਼ਾਦੇ, ਜਮੀਨਾਂ ਵਾਲੇ ਜਾਗੀਰਦਾਰ, ਮਾਲ ਡੰਗਰ ਵਾਲੇ ਡੇਰੇਦਾਰ, ਸ਼ਹਿਰੀ ਕਾਰੋਬਾਰੀ ਵਪਾਰੀ ਤੇ ਪੈਸੇ-ਧੇਲੇ ਵਾਲੇ ਧਨਾਢ ਲੋਕ ਹੀ ਬਣਦੇ ਹਨ|
ਪੰਜਾਬ ਦੀ ਵੰਡ ਤੋਂ ਪਹਿਲਾਂ ਬ੍ਰਿਟਿਸ਼ ਰਾਜ ਸਮੇਂ ਰਾਏਕੋਟ (ਪੰਜਾਬ) ਦੇ ਨਵਾਬ ਤੇ ਹੁਣ ਪਾਕਿਸਤਾਨ ਵਿੱਚ ਕਮਾਲੀਆ (ਪੰਜਾਬ) ਦੇ ਵੱਡੇ ਜਿਮੀਂਦਾਰ, ਮਾਡਲ ਟਾਊਨ ਲਾਹੌਰ ਦੇ ਸ਼ਹਿਰੀ, ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੇ ਨਜ਼ਦੀਕੀ, ਦਸਵੇਂ ਗੁਰੂ ਸਾਹਿਬ ਦੇ ਵਰੋਸਾਏ ਗੰਗਾਸਾਗਰ ਦੇ ਸੰਭਾਲਦਾਰ, ਸਰੀ-ਕੈਨੇਡਾ ਵਾਸੀ ਜਨਾਬ ਰਾਏ ਅਜੀਜ ਉਲਾ ਸਾਹਿਬ ਲਾਹੌਰ ਜਿਮਖਾਨਾ ਕਲੱਬ ਦੇ 47 ਸਾਲ ਪੁਰਾਣੇ ਸੰਨ 1978 ਤੋਂ ਪਹਿਲੇ ਮੈਂਬਰ ਹਨ|
ਲਾਹੌਰ ਜਿਮਖਾਨਾ ਕਲੱਬ ਵਿੱਚ ਸਿਰਫ ਕਲੱਬ ਮੈਂਬਰ ਅਤੇ ਉਨ੍ਹਾਂ ਦੇ ਮਹਿਮਾਨ ਹੀ ਠਹਿਰ ਸਕਦੇ ਹਨ, ਕੋਈ ਆਲਤੂ-ਫਾਲਤੂ ਨਹੀਂ ਵੜ ਸਕਦਾ| ਸੰਨ 1992 ਵਿੱਚ ਕੋਈ 33 ਸਾਲ ਪਹਿਲਾਂ ਮੈਂ ਅਤੇ ਮਰਹੂਮ ਸਰਦਾਰ ਤਰਸੇਮ ਸਿੰਘ ਪੁਰੇਵਾਲ, ਮੁੱਖ ਸੰਪਾਦਕ ਪੰਜਾਬੀ ਅਖਬਾਰ ‘ਦੇਸ ਪ੍ਰਦੇਸ’ ਸਾਊਥਹਾਲ-ਲੰਡਨ, ਇਸੇ ਜਿਮਖਾਨਾ ਕਲੱਬ ਲਾਹੌਰ ਵਿੱਚ ਜਨਾਬ ਰਾਏ ਅਜੀਜ ਉਲਾ ਦੇ ਮਹਿਮਾਨ ਬਣ ਕੇ 13 ਦਿਨ ਪਹਿਲੀ ਵਾਰ ਠਹਿਰੇ ਸੀ| ਹੁਣ ਸੰਨ 2025-ਅਪਰੈਲ ਵਿੱਚ, ਲਾਹੌਰ ਪੰਜਾਬ ਸਰਕਾਰ ਦੀ ਵਜੀਰ-ਏ-ਆਲਾ (ਮੁੱਖ ਮੰਤਰੀ) ਮੋਹਤਰਮਾ ਬੀਬਾ ਮਰੀਅਮ ਨਵਾਜ ਸ਼ਰੀਫ ਨੇ ਪੰਜਾਬੀਆਂ ਦੇ ਸਾਂਝੇ ਤਿਉਹਾਰ ਵਿਸਾਖੀ ਮੌਕੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ‘ਸਰਸਬਜ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਕਬੱਡੀ ਕੱਪ-2025’ ਵਾਪਡਾ ਸਟੇਡੀਅਮ ਲਾਹੌਰ ਵਿਖੇ ਕਰਵਾਇਆ| ਇਸ ਅੰਤਰਰਾਸ਼ਟਰੀ ਖੇਡ ਸਮਾਗਮ ਵਿੱਚ ਪਾਕਿਸਤਾਨ ਦੀ ਨੈਸ਼ਨਲ ਕਬੱਡੀ ਟੀਮ, ਇਸਲਾਮਿਕ ਦੇਸ਼ ਇਰਾਨ ਦੀ ਨੈਸ਼ਨਲ ਕਬੱਡੀ ਟੀਮ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੂਰਨ ਗੁਰ ਸਿੱਖ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਨੇ ਭਾਗ ਲਿਆ| ਮੈਂ ਸਰੀ-ਕੈਨੇਡਾ ਤੋਂ ਇਸ ਵਿਸ਼ੇਸ਼ ਖੇਡ ਸਮਾਗਮ ਵਿੱਚ ‘ਅੰਤਰਰਾਸ਼ਟਰੀ ਕਬੱਡੀ ਅਬਜ਼ਰਵਰ’ ਦੇ ਤੌਰ `ਤੇ ਉਚੇਚਾ ਸ਼ਾਮਲ ਹੋਇਆ| ਸ਼ਾਹੀ ਸ਼ਹਿਰ ਲਾਹੌਰ ਵਿੱਚ ਇਸ ਸਮੇਂ ਫਿਰ ਇੱਕ ਵਾਰ ਜਨਾਬ ਰਾਏ ਅਜੀਜ ਉਲਾ ਸਾਹਿਬ ਦੇ ਮਹਿਮਾਨ ਵਜੋਂ ਜਿਮਖਾਨਾ ਕਲੱਬ ਲਾਹੌਰ ਵਿੱਚ ਠਹਿਰਨ ਦਾ ਸੁਭਾਗ ਪ੍ਰਾਪਤ ਹੋਇਆ|
ਲਾਹੌਰ ਦੀ ਮਾਲ ਰੋਡ, ਜੋ ਲੱਗਭਗ 6 ਕਿਲੋਮੀਟਰ ਲੰਮੀ ਹੈ ਤੇ ਇਸ ਦਾ ਨਵਾਂ ਨਾਮ ‘ਸ਼ਾਹਰਾਹ-ਏ-ਕਾਇਦੇ-ਆਜਮ’ ਹੈ| ਇਹ ਸੜਕ ਬ੍ਰਿਟਿਸ਼ ਰਾਜ ਦੌਰਾਨ ਨਵੇਂ ਗਵਰਨਰ ਹਾਊਸ ਲਈ ਬਣਾਈ ਗਈ ਸੀ| ਇਹ ਸ਼ਾਹੀ ਸੜਕ ਹਰੇ ਭਰੇ ਪੁਰਾਤਨ ਦਰਖਤਾਂ ਤੇ ਫੁੱਲ ਬੂਟਿਆਂ ਨਾਲ ਸ਼ਿੰਗਾਰੀ ਦੁਨੀਆਂ ਦੀ ਨਿਵੇਕਲੀ ਸੜਕ ਹੈ, ਜਿਸ ਦੇ ਦੋਵਾਂ ਪਾਸੇ ਸਾਰੇ ਪੰਜਾਬ ਤੇ ਲਾਹੌਰ ਦਾ ਵੱਡਾ ਕਾਰੋਬਾਰ ਵੱਸਦਾ ਹੈ| ਦਾਤਾ ਦਰਬਾਰ ਤੋਂ ਗੌਰਮਿੰਟ ਕਾਲਜ ਲਾਹੌਰ, ਓਵਲ ਪਾਰਕ, ਭੰਗੀਆਂ ਦੀ ਤੋਪ, ਯੂਨੀਵਰਸਿਟੀ ਆਫ ਪੰਜਾਬ, ਲਾਹੌਰ ਮਿਊਜ਼ੀਅਮ, ਪੰਜਾਬ ਸਿਵਲ ਸਕੱਤਰੇਤ, ਟੌਲਿੰਟਨ ਮਾਰਕੀਟ, ਪੁਰਾਣੀ ਅਨਾਰਕਲੀ ਬਾਜ਼ਾਰ ਚੌਕ, ਅਨਾਰਕਲੀ ਫੂਡ ਸਟਰੀਟ, ਅਨਾਰਕਲੀ ਪੁਲੀਸ ਸਟੇਸ਼ਨ, ਨਾਭਾ ਰੋਡ, ਜੈਨ ਮੰਦਿਰ, ਜਰਨਲ ਪੋਸਟ ਆਫਿਸ-ਜੀ.ਪੀ.ਓ., ਮੈਕਲੀਊਡ ਰੋਡ, ਜੀ.ਪੀ.ਓ.-ਔਰਿੰਜ ਲਾਈਨ ਮੈਟਰੋ ਸਟੇਸ਼ਨ, ਸਟੇਟ ਬੈਂਕ ਆਫ ਪਾਕਿਸਤਾਨ, ਹਾਲ ਰੋਡ ਮਾਰਕੀਟ, ਚਮਨ ਆਈਸ ਕਰੀਮ, ਪੈਨਾਰੋਮਾ ਸ਼ਾਪਿੰਗ ਸੈਂਟਰ, ਬਾਵਾ ਡੀਗਾ ਸਿੰਘ ਬਿਲਡਿੰਗ, ਦਿਆਲ ਸਿੰਘ ਮੈਨਸੈਨ, ਗੰਗਾ ਰਾਮ ਟਰਸਟ ਬਿਲਡਿੰਗ, ਰੀਗਲ ਸਿਨੇਮਾ, ਟੈਂਪਲ ਰੋਡ, ਪੰਜਾਬ ਉਲੰਪਿਕ ਹਾਊਸ, ਡਾਕਟਰ ਅਮੋਲਕ ਦਾਸ ਰੋਡ, ਮੁਜੰਗ ਚੌਕ, ਲਾਰੈਂਸ ਰੋਡ, ਫੀਰੋਜਸੰਨ ਬੁੱਕਸ, ਅੱਲ ਫਤਿਹ ਥੀਏਟਰ, ਐਚ.ਕੇ.ਬੀ. ਸੰਨਜ਼-ਹਾਜੀ ਕਰੀਮ ਬੱਖ਼ਸ਼ ਸਟੋਰ, ਮਲਕਾ ਦਾ ਬੁੱਤ, ਪੰਜਾਬ ਅਸੈਂਬਲੀ ਹਾਲ, ਕਿਊਨਜ਼ ਰੋਡ, ਪੰਜਾਬ ਵਜੀਰੇਆਲਾ (ਮੁੱਖ ਮੰਤਰੀ) ਦਫਤਰ, ਲਾਲਾ ਮੇਲਾ ਰਾਮ ਸਟਰੀਟ, ਸਟੇਟ ਗੈਸਟ ਹਾਊਸ, ਚਾਰਿੰਗ ਕਰੌਸ, ਵਾਪਡਾ ਹਾਊਸ, ਅੱਲ ਹਮਰਾ ਆਰਟ ਕੌਂਸਲ, ਲਾਹੌਰ ਪ੍ਰੈਸ ਕਲੱਬ-ਸ਼ਿਮਲਾ ਪਹਾੜੀ, ਕਾਇਦੇ ਆਜ਼ਮ ਲਾਇਬ੍ਰੇਰੀ, ਰੇਸ ਕੋਰਸ ਰੋਡ, ਰੇਸ ਕੋਰਸ ਗਾਰਡਨਜ਼-ਪੰਜਾਬ ਹੌ੍ਰਟੀਕਲਚਰ ਅਥਾਰਟੀ (ਪੀ.ਐਚ.ਏ.), ਫਲੈਟੀਜ ਹੋਟਲ, ਲਾਹੌਰ ਚਿੜੀਆ ਘਰ, ਲਾਰੈਂਸ ਗਾਰਡਨ (ਬਾਗੇ-ਜਿਨਾਹ), ਗੋਰ-ਗਵਰਨਮੈਂਟ ਆਫੀਸਰ ਰੈਜ਼ੀਡੈਂਟ, ਅਵਾਰੀ ਹੋਟਲ, ਪਰਲ ਕਾਨਟੀਨੈਂਟਲ (ਪੀ.ਸੀ.) ਹੋਟਲ, ਡੇਵਿਸ ਰੋਡ ਉਪਰ ‘ਦਾ ਜੰਗ’ ਅਖਬਾਰ, ਗਵਰਨਰ ਹਾਊਸ, ਐਚੀਸੰਨ ਕਾਲਜ, ਕੈਨਾਲ ਕਲੱਬ ਰੋਡ, ਮਸਜਿਦ, ਲਾਹੌਰ ਜਿਮਖਾਨਾ ਤੋਂ ਫੋਰਟਿਸ ਸਟੇਡੀਅਮ ਹੁੰਦੀ ਹੋਈ ਲਾਹੌਰ ਦੀ ਆਲੀਸ਼ਾਨ ਬਸਤੀ ‘ਡੀਫੈਂਸ ਕਾਲੋਨੀ’ ਵਿੱਚ ਜਾ ਮਿਲਦੀ ਹੈ|
ਲਾਹੌਰ ਜਿਮਖਾਨਾ ਕਲੱਬ ਦਾ ਗੌਲਫ਼ ਕਲੱਬ ‘ਬੱਰੇ-ਸਗੀਰ, ਏਸ਼ੀਆ ਮਹਾਂਦੀਪ ਵਿੱਚ ਬੜਾ ਮਸ਼ਹੂਰ ਹੈ| 18 ਗੌਲਫ਼ ਹੋਲ ਵਾਲਾ ਇਹ ਕਲੱਬ 85 ਏਕੜ ਵਿੱਚ ਫੈਲਿਆ ਹੋਇਆ ਹੈ, ਜਿੱਥੇ ਗੌਲਫ਼ ਦੇ ਸਰਦੇ-ਪੁਜਦੇ ਗੌਲਫਰਾਂ ਤੇ ਉਨ੍ਹਾਂ ਦੇ ਕਾਰਿੰਦਿਆਂ ਦੀ ਹਰ ਵਕਤ ਭਰਮਾਰ ਰਹਿੰਦੀ ਹੈ| ਲਾਹੌਰ ਜਿਮਖਾਨਾ ਵਿੱਚ ਮਹਿਮਾਨਾਂ ਦੇ ਠਹਿਰਣ ਲਈ 90 ਦੇ ਕਰੀਬ ਆਲੀਸ਼ਾਨ ਕਮਰੇ ਹਨ, ਜੋ 5 ਸਟਾਰ ਹੋਟਲਾਂ ਦੇ ਮੁਕਾਬਲੇ ਵਾਲੇ ਹਨ| ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤਰੀ ਭੋਜਨ ਬੜਾ ਮਜ਼ੇਦਾਰ ਹੁੰਦਾ ਹੈ| ਲਾਹੌਰ ਜਿਮਖਾਨਾ ਕਲੱਬ ਵਿੱਚ ‘ਪਟਿਆਲਾ ਪੈਗ’ ਦਾ ਕੋਈ ਥਾਂ ਨਹੀਂ ਅਤੇ ਨਾ ਹੀ ਕੋਈ ਨਾਂ ਲੈਂਦਾ ਹੈ| ‘ਬਾਵਰਚੀਖਾਨੇ’ ਕਲੱਬ ਦੇ ਕਿਚਨ ਦੀ ਹਾਂਡੀ ਵਿੱਚ ਕੱਦੂ ਤੋਂ ਕੱਟੇ ਤੱਕ ਸਭ ਕੁਝ ਪੱਕਦਾ ਤੇ ਖਾਧਾ ਜਾਂਦਾ ਹੈ| ਲਾਹੌਰ ਗੌਲਫ਼ ਕਲੱਬ ਵਿੱਚ ਇੱਕ ਦਿਨ ਠਹਿਰਨ ਦਾ ‘ਰੂਮ ਚਾਰਜ’ ਵੱਡੇ ਹੋਟਲਾਂ ਪੀ.ਸੀ., ਅਵਾਰੀ, ਡੀ ਗੇਟ, ਫਲੈਟੀਜ਼, ਅੰਬੈਸਡਰ ਆਦਿ ਦੇ ਮੁਕਾਬਲੇ ਬਹੁਤ ਵਾਜਿਬ ਹੈ| ਲਾਹੌਰ ਜਿਮਖਾਨਾ ਕਲੱਬ ਦੀ ਮਹਿਮਾਨ ਨਵਾਜ਼ੀ ਦਾ ਕੋਈ ਮੁਕਾਬਲਾ ਹੀ ਨਹੀਂ, ਇਹ ਰਹਿ ਕੇ ਹੀ ਪਤਾ ਚਲਦਾ ਹੈ| ਪੰਜਾਬ ਦੇ ਪਿੰਡ ਵਿੱਚ ਸਰਦਾਰਾਂ-ਜੈਲਦਾਰਾਂ ਦੇ ਵਿਆਹ ਤੇ ਰਾਵਲਪਿੰਡੀ-ਪਾਕਿਸਤਾਨ ਵਿੱਚ ਰਾਜਾ ਸ਼ੂਜਾਹ ਦੀ ਕੋਠੀ ਤੇ ਧਮਿਆਲ ਵਾਲੇ ਰਾਜਿਆਂ ਦੇ ਘਰਾਂ ਵਾਂਗ ਰੌਣਕਾਂ ਹਰ ਵਕਤ ਲੱਗੀਆਂ ਹੀ ਰਹਿੰਦੀਆਂ ਹਨ| 200 ਤੋਂ 250 ਚੜ੍ਹਦੀ ਤੋਂ ਚੜ੍ਹਦੀ ਟੋਇਟਾ, ਮਰਸਡੀਜ਼, ਬੀ.ਐਮ.ਡਬਲਿਊ., ਔਡੀ ਕਾਰਾਂ ਹਰ ਵਕਤ ਪਾਰਕਿੰਗ ਵਿੱਚ ਖੜ੍ਹੀਆਂ ਹੂੰਦੀਆਂ ਹਨ| ਹਲਕਾ-ਫੁਲਕਾ ਖਾਣ ਲਈ ਕੈਫੇ-9 ਹੈ| ਛੋਟੀ-ਮੋਟੀ ਖਰੀਦਦਾਰੀ ਲਈ ‘ਸ਼ੌਪੀ’ ਵੀ ਹੈ, ਜਿੱਥੇ ਕੋਕ, ਪੈਪਸੀ, ਬਰਗਰ, ਸਮੋਸਾ, ਬਿਸਕਿਟ, ਪੇਸਟ, ਬੁਰਛ ਤੇ ਹੋਰ ਨਿੱਕ-ਸੁੱਕ ਸਭ ਮਿਲ ਜਾਂਦਾ ਹੈ| ਜਿਮਖਾਨਾ ਕਲੱਬ ਲਾਹੌਰ ਦੇ ‘ਕੈਫੇ-9’ ਵਿੱਚ ਨਨਕਾਣਾ ਸਾਹਿਬ ਵਾਲੇ ਜਨਾਬ ਸ਼ਹਿਜਾਦ ਖਾਲਿਦ ਖਾਨ-ਰਾਣਾ ਮੂਨ ਸਾਹਿਬ ਤੇ ਉਨ੍ਹਾਂ ਦੇ ਨਜਦੀਕੀ ਰਿਸ਼ਤੇਦਾਰ ਪੰਜਾਬ ਪੁਲੀਸ ਦੇ ਅਫਸਰਾਂ, ਜਨਾਬ ਮੂਯਾਜ ਸਾਹਿਬ-ਐਸ.ਪੀ. ਸਪੈਸ਼ਲ ਬਰਾਂਚ ਲਾਹੌਰ ਤੇ ਜਨਾਬ ਸ਼ਹਿਜਾਦ ਅਕਬਰ-ਡੀ.ਆਈ.ਜੀ., ਕਿਊਟਾ-ਬਲੋਚਿਸਤਾਨ ਨਾਲ ਲਾਹੌਰ ਦੀ ਗਰਮੀਆਂ ਵਾਲੀ ਇੱਕ ਸ਼ਾਮ ਗੌਲਫ ਕਲੱਬ ਦੇ ਬਾਹਰ ਖੁੱਲੇ ਹਵਾਦਾਰ ਵਿਹੜੇ ਵਿੱਚ ਯਾਦਗਾਰੀ ਹੋ ਗਈ|
ਜਿਮਖਾਨਾ ਲਾਹੌਰ ਦੀ ਮੈਂਬਰਸ਼ਿਪ ਫੀਸ ਬੜੀ ਮਹਿੰਗੀ ਹੈ ਅਤੇ 15 ਤੋਂ 20 ਸਾਲ ਦਾ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ| ਜਿਮਖਾਨਾ ਕਲੱਬ ਲਾਹੌਰ ਵਿੱਚ ਇੱਕ ਰਾਤ ਠਹਿਰਣ ਲਈ 58 ਅਮਰੀਕੀ ਡਾਲਰ ਜਾਂ 18 ਹਜ਼ਾਰ ਪਾਕਿਸਤਾਨੀ ਰੁਪਏ ਵਸੂਲ ਲਏ ਜਾਂਦੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ 111 ਸਾਲਾਂ ਤੋਂ ਲਾਹੌਰ ਜਿਮਖਾਨਾ ਕਲੱਬ ਪੰਜਾਬ ਸਰਕਾਰ ਨੂੰ ਸਿਰਫ 417 ਰੁਪਏ ਪ੍ਰਤੀ ਮਹੀਨਾ ਹੀ ਕਰਾਏ ਵਜੋਂ ਦਿੰਦਾ ਹੈ| ਇਸ ਨਾਮੀ ਕਲੱਬ ਦੇ ਮਾਲਕ ਤਿੰਨ ਇਨਸਾਨ ਹਨ, ਜਿਨ੍ਹਾਂ ਵਿੱਚ ਜੋਤਨ, ਕਰਮ ਅਤੇ ਸੂਨੈਨਾ ਸੇਠੀ ਦਾ ਨਾਂ ਬੋਲਦਾ ਹੈ| ਲਾਹੌਰ ਜਿਮਖਾਨਾ ਕਲੱਬ ਦੇ 5400 ਦੇ ਕਰੀਬ ਪੱਕੇ ਮੈਂਬਰ ਹਨ| ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ, ਮੌਜੂਦਾ ਪ੍ਰਧਾਨ ਮੰਤਰੀ ਜਨਾਬ ਸ਼ਹਿਬਾਜ਼ ਸ਼ਰੀਫ ਤੇ ਹੋਰ ਬਹੁਤ ਅਸਰ ਰਸੂਖ ਵਾਲੇ ਪਾਕਿਸਤਾਨੀ ਸ਼ਹਿਰੀ ‘ਜਿਮਖਾਨਾ ਕਲੱਬ ਲਾਹੌਰ’ ਦੇ ਸਥਾਈ ਮੈਂਬਰ ਹਨ| ਹਰ ਸਾਲ ਵੱਖੋ ਵੱਖ ਧੜਿਆਂ ਵਿੱਚ ਡਟ ਕੇ ਮੁਕਾਬਲਾ ਹੁੰਦਾ ਹੈ| ਡਾਕਟਰ ਅਲੀ ਰਜਾਕ ਅਤੇ ਮਿਸਬਾ-ਉਰ-ਰਹਿਮਾਨ ਦਾ ਧੜਾ ਲਾਹੌਰ ਜਿਮਖਾਨਾ ਕਲੱਬ ਉਪਰ ਮੌਜੂਦਾ ਕਾਬਜ ਹੈ| ਇਸੇ ਗਰੁੱਪ ਦੇ ਜਨਾਬ ਸਲਮਾਨ ਸਦੀਕੀ 12 ਮੈਂਬਰੀ ਕਮੇਟੀ ਦੇ ਚੇਅਰਮੈਨ ਚੁਣੇ ਗਏ ਹਨ, ਜੋ ਸਿਰਫ ਇੱਕ ਸਾਲ ਹੀ ਇਸ ਵੱਕਾਰੀ ਕੁਰਸੀ ਉਪਰ ਬੈਠਣ ਦੇ ਹੱਕਦਾਰ ਹਨ| ਅਗਲੇ ਸਾਲ ਫਿਰ ਦੋ ਗਰੁੱਪਾਂ ਵਿੱਚ ਚੇਅਰਮੈਨ ਤੇ 12 ਮੈਂਬਰੀ ਕਮੇਟੀ ਲਈ ਚੋਣ ਦਾ ਬਿਗਲ ਵੱਜੇਗਾ|

Leave a Reply

Your email address will not be published. Required fields are marked *