ਸੋਚ ਵਿੱਚ ਉਡਾਣ ਭਰਨ ਵਾਲੀਆਂ ਸੋਚਾਂ

ਆਮ-ਖਾਸ

ਪ੍ਰਿੰਸੀਪਲ ਵਿਜੈ ਕੁਮਾਰ
98726 27136
ਉੱਚੀਆਂ, ਸੱਚੀਆਂ ਅਤੇ ਡੂੰਘੀਆਂ ਸੋਚਾਂ ਰੱਖਣ ਵਾਲੇ ਲੋਕਾਂ ਦੇ ਵਿਚਾਰ ਇਤਿਹਾਸ ਬਣ ਜਾਂਦੇ ਹਨ। ਉਨ੍ਹਾਂ ਦੇ ਵਿਚਾਰ ਪੁਸਤਕਾਂ ਅਤੇ ਦਸਤਾਵੇਜ਼ਾਂ `ਚ ਸਾਂਭੇ ਜਾਂਦੇ ਹਨ। ਦੁਨੀਆ ਭਰ ਵਿਚ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ, ਪੜ੍ਹਿਆ ਤੇ ਅਮਲ `ਚ ਲਿਆਇਆ ਜਾਂਦਾ ਹੈ। ਉਹ ਆਪਣੇ ਅਨਮੋਲ ਵਿਚਾਰਾਂ ਕਾਰਨ ਆਮ ਤੋਂ ਖ਼ਾਸ ਬਣ ਜਾਂਦੇ ਹਨ। ਉਨ੍ਹਾਂ ਦੇ ਮਹਾਨ ਹੋਣ ਦੀਆਂ ਮਿਸਾਲਾਂ ਦੇਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਸਾਰੇ ਦੇਸ਼ਾਂ, ਧਰਮਾਂ, ਜਾਤਾਂ ਅਤੇ ਕਬੀਲਿਆਂ ਦੇ ਸਾਂਝੇ ਹੋ ਜਾਂਦੇ ਹਨ। ਭਾਰਤ ਦੇ ਮਰਹੂਮ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁੱਲ ਕਲਾਮ ਦੇ ਮਹਾਨ ਵਿਚਾਰਾਂ ਤੋਂ ਦੁਨੀਆ ਭਰ ਦੇ ਲੋਕ ਪ੍ਰਭਾਵਿਤ ਹਨ।

ਸਿੱਖਿਆ ਸੰਸਥਾਵਾਂ ਦੀਆਂ ਕੰਧਾਂ ਉੱਤੇ, ਸ਼ੋਸ਼ਲ ਮੀਡੀਏ, ਲਾਇਬ੍ਰੇਰੀਆਂ ਅਤੇ ਪੁਸਤਕਾਂ `ਚ ਉਨ੍ਹਾਂ ਦੇ ਵਿਚਾਰ ਅਕਸਰ ਹੀ ਪੜ੍ਹਨ ਨੂੰ ਮਿਲ ਜਾਂਦੇ ਹਨ। ਇੱਕ ਵਾਰ ਅਮਰੀਕਾ ਦੀ ਯੂਨੀਵਰਸਟੀ `ਚ ਪੜ੍ਹਦੀ ਵਿਦਿਆਰਥਣ ਸਟੈਫੀ ਵਲੋਂ ਜਦੋਂ ਉਨ੍ਹਾਂ ਨੂੰ ਇਹ ਪ੍ਰਸ਼ਨ ਪੁੱਛਿਆ ਗਿਆ ਕਿ ਤੁਹਾਨੂੰ ਜ਼ਿੰਦਗੀ ਦੀ ਅਸਲ ਖੁਸ਼ੀ ਕਦੋਂ ਹਾਸਲ ਹੋਈ? ਡਾ. ਕਲਾਮ ਨੇ ਅੱਗੋਂ ਜਵਾਬ ਦਿੱਤਾ, “ਬੇਟੀ, ਵਿਕਲਾਂਗ ਬੱਚਿਆਂ ਦੇ ਚੱਲਣ ਲਈ ਉਨ੍ਹਾਂ ਦੇ ਪੈਰਾਂ ਵਿੱਚ ਚਾਰ ਪੰਜ ਕਿਲੋ ਦੇ ਪਏ ਹੋਏ ਬੂਟ ਉਨ੍ਹਾਂ ਨੂੰ ਚੱਲਣ ਲੱਗਿਆਂ ਬਹੁਤ ਤਕਲੀਫ਼ ਦਿੰਦੇ ਸਨ। ਉਨ੍ਹਾਂ ਨੂੰ ਤਕਲੀਫ਼ ਵਿੱਚ ਵੇਖ ਕੇ ਮੇਰਾ ਮਨ ਬਹੁਤ ਦੁਖੀ ਹੁੰਦਾ ਸੀ। ਮੈਨੂੰ ਉਸ ਦਿਨ ਬਹੁਤ ਖੁਸ਼ੀ ਹੋਈ, ਜਿਸ ਦਿਨ ਉਹ ਮੇਰੇ ਵਲੋਂ ਕੀਤੀ ਗਈ ਖੋਜ ਦੇ ਆਧਾਰ ਉੱਤੇ ਕਾਪਰ ਦੇ ਬਣੇ ਹੋਏ ਤਿੰਨ ਚਾਰ ਸੌ ਗ੍ਰਾਮ ਦੇ ਹਲਕੇ ਬੂਟ ਆਪਣੇ ਪੈਰਾਂ ਵਿੱਚ ਪਾ ਕੇ ਬਹੁਤ ਆਰਾਮ ਨਾਲ ਚੱਲਣ ਯੋਗ ਹੋ ਗਏ।
ਇੱਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਆਪਣੀ ਜਿੰLਦਗੀ `ਚ ਸਭ ਤੋਂ ਜ਼ਿਆਦਾ ਦੁੱਖ ਕਦੋਂ ਹੋਇਆ ਸੀ? ਉਨ੍ਹਾਂ ਨੇ ਅੱਗੋਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ `ਚ ਸਭ ਤੋਂ ਜ਼ਿਆਦਾ ਦੁਖੀ ਉਦੋਂ ਹੋਣ ਨੂੰ ਮੰਨਦਾ ਹਾਂ, ਜਦੋਂ ਮੇਰੇ ਅੱਬਾ ਅਤੇ ਅੰਮੀ ਦੀ ਉਮਰ 85-90 ਸਾਲ ਦੀ ਹੋਣ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਨਜ਼ਰ ਬਹੁਤ ਘੱਟ ਹੋ ਚੁੱਕੀ ਸੀ। ਉਹ ਰਾਮੇਸ਼ਵਰਮ `ਚ ਰਹਿੰਦੇ ਸਨ। ਰਾਮੇਸ਼ਵਰਮ `ਚ ਬਿਜਲੀ ਬਹੁਤ ਜਾਂਦੀ ਸੀ, ਪਰ ਉਹ ਰਾਮੇਸ਼ਵਰਮ ਛੱਡਣ ਲਈ ਤਿਆਰ ਨਹੀਂ ਸਨ। ਨਜ਼ਰ ਘੱਟ ਹੋਣ ਕਾਰਨ ਰਾਤ ਨੂੰ ਹਨੇਰੇ ਵਿੱਚ ਇੱਧਰ-ਉੱਧਰ ਜਾਣ ਨਾਲ ਉਨ੍ਹਾਂ ਦੇ ਸੱਟ ਚੋਟ ਲੱਗ ਜਾਂਦੀ ਸੀ। ਮੈਂ ਉਨ੍ਹਾਂ ਲਈ ਕੁਝ ਨਹੀਂ ਕਰ ਸਕਿਆ, ਜਿਸਦਾ ਮੇਰੇ ਮਨ ਨੂੰ ਅੱਜ ਤੱਕ ਬਹੁਤ ਦੁੱਖ ਹੈ। ਪਰ ਜਦੋਂ ਮੇਰੇ ਵੱਡੇ ਭਰਾ ਦੀ ਉਮਰ ਜ਼ਿਆਦਾ ਹੋਣ ਕਾਰਨ ਅੱਖਾਂ ਦੀ ਨਜ਼ਰ ਘੱਟ ਹੋ ਗਈ, ਉਦੋਂ ਸੋਲਰ ਸਿਸਟਮ ਦੀ ਖੋਜ ਹੋ ਚੁੱਕੀ ਸੀ। ਮੈਂ ਉਨ੍ਹਾਂ ਲਈ ਘਰ `ਚ ਸੋਲਰ ਸਿਸਟਮ ਲਗਵਾ ਦਿੱਤਾ ਤੇ ਬਿਜਲੀ ਜਾਣ ਦੀ ਸਮੱਸਿਆ ਹੱਲ ਹੋ ਗਈ।
ਸੁਧਾ ਕੁਲਕਰਨੀ, ਜੋ ਹੁਣ ਇਨਫੋਸਿਸ ਦੇ ਮਾਲਿਕ ਕ੍ਰਿਸ਼ਨਨ ਮੂਰਤੀ ਦੀ ਪਤਨੀ ਹੈ ਅਤੇ ਇਨਫੋਸਿਸ ਆਈ.ਟੀ. ਕੰਪਨੀ ਦੀ ਚੇਅਰਪਰਸਨ ਹੈ, ਨੇ ਦੱਸਿਆ ਕਿ ਮਾਰਚ 1974 ਦੀ ਗੱਲ ਹੈ ਕਿ ਉਹ ਐਮ.ਟੈਕ ਕਰ ਰਹੀ ਸੀ। ਉਹ ਆਪਣੀ ਜਮਾਤ `ਚ ਇੱਕਲੀ ਹੀ ਲੜਕੀ ਸੀ। ਇੱਕ ਦਿਨ ਮੈਂ ਆਪਣੇ ਕਾਲਜ ਦੇ ਨੋਟਿਸ ਬੋਰਡ ਉੱਤੇ ਟਾਟਾ ਦੀ ਟੈਲਕੋ ਕੰਪਨੀ ਵੱਲੋਂ ਇੱਕ ਸੂਚਨਾ ਪੜ੍ਹੀ ਕਿ ਕੰਪਨੀ ਨੂੰ ਇੰਜੀਨੀਅਰਾਂ ਦੀ ਲੋੜ ਹੈ। ਤਨਖਾਹ ਪੰਦਰਾਂ ਹਜ਼ਾਰ ਰੁਪਏ ਹੋਵੇਗੀ, ਪਰ ਕੁੜੀਆਂ ਇਸ ਨੌਕਰੀ ਲਈ ਅਰਜੀ ਨਹੀਂ ਭੇਜ ਸਕਦੀਆਂ।
ਮੈਂ ਉਹ ਸੂਚਨਾ ਪੜ੍ਹ ਕੇ ਸੋਚਿਆ ਕਿ ਇਸ ਅਹੁਦੇ ਲਈ ਕੁੜੀਆਂ ਦਾ ਅਰਜੀ ਨਾ ਭੇਜ ਸਕਣਾ ਉਨ੍ਹਾਂ ਨਾਲ ਬੇਇਨਸਾਫ਼ੀ ਹੈ। ਮੈਨੂੰ ਰਤਨ ਟਾਟਾ ਦੇ ਘਰ ਦੇ ਪਤੇ ਦੀ ਜਾਣਕਾਰੀ ਵੀ ਨਹੀਂ ਸੀ, ਇਸਦੇ ਬਾਵਜੂਦ ਮੈਂ ਇੱਕ ਪੋਸਟ ਕਾਰਡ ਉੱਤੇ ਆਪਣੀ ਸ਼ਿਕਾਇਤ ਲਿਖੀ ਕਿ ਭਾਰਤ ਦੀ 50% ਆਬਾਦੀ ਔਰਤਾਂ ਦੀ ਹੈ, ਉਨ੍ਹਾਂ ਨੂੰ ਇਸ ਅਹੁਦੇ ਤੋਂ ਵਾਂਝੇ ਰੱਖਣਾ ਉਨ੍ਹਾਂ ਨਾਲ ਜ਼ਿਆਦਤੀ ਹੈ। ਮੈਂ ਉਸ ਪੋਸਟ ਕਾਰਡ ਉੱਤੇ ‘ਰਤਨ ਟਾਟਾ ਬੰਬਈ` ਪਤਾ ਲਿਖ ਕੇ ਉਹ ਪੋਸਟ ਕਾਰਡ ਭੇਜ ਦਿੱਤਾ। ਮੈਂ ਤਾਂ ਸਮਝਦੀ ਸੀ ਕਿ ਮੇਰਾ ਲਿਖਿਆ ਹੋਇਆ ਪੋਸਟ ਕਾਰਡ ਨਹੀਂ ਪਹੁੰਚੇਗਾ, ਪਰ ਇੱਕ ਦਿਨ ਮੈਨੂੰ ਟੈਸਟ ਦੇਣ ਦਾ ਸੱਦਾ ਪੱਤਰ ਆ ਗਿਆ। ਟੈਸਟ ਅਤੇ ਇੰਟਰਵਿਊ ਪਾਸ ਕਰਨ ਤੋਂ ਬਾਅਦ ਮੈਨੂੰ ਨਿਯੁਕਤੀ ਪੱਤਰ ਵੀ ਆ ਗਿਆ। ਮੈਂ ਸਾਰੀ ਗੱਲ ਦੱਸ ਕੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਇਹ ਨੌਕਰੀ ਨਹੀਂ ਕਰਾਂਗੀ, ਕਿਉਂਕਿ ਮੈਨੂੰ ਅਮਰੀਕਾ ਤੋਂ ਸਕਾਲਰਸ਼ਿਪ ਦੇ ਕੇ ਬੁਲਾ ਲਿਆ ਗਿਆ ਹੈ। ਪਿਤਾ ਜੀ ਨੇ ਮੈਨੂੰ ਗੁੱਸੇ ਹੁੰਦੇ ਹੋਏ ਕਿਹਾ ਕਿ ਕਿਸੇ ਵੀ ਬੜੇ ਵਿਅਕਤੀ ਨੂੰ ਪੋਸਟ ਕਾਰਡ ਉੱਤੇ ਨਹੀਂ, ਸਗੋਂ ਲਿਫਾਫੇ ਉੱਤੇ ਪੱਤਰ ਲਿਖਣਾ ਚਾਹੀਦਾ ਹੈ। ਮੈਨੂੰ ਇੱਕ ਡਾਕਟਰ ਹੋਣ ਦੇ ਨਾਤੇ ਕੇਵਲ ਛੇ ਸੌ ਰੁਪਏ ਹੀ ਤਨਖਾਹ ਮਿਲਦੀ ਹੈ, ਪਰ ਕੰਪਨੀ ਤੈਨੂੰ ਪੰਦਰਾਂ ਹਜ਼ਾਰ ਰੁਪਏ ਤਨਖਾਹ ਦੇ ਰਹੀ ਹੈ। ਕੰਪਨੀ ਨੇ ਤੇਰੀ ਗੱਲ ਮੰਨ ਕੇ ਆਪਣੇ ਨਿਯਮ ਤੋੜ ਕੇ ਤੈਨੂੰ ਨੌਕਰੀ ਦਿੱਤੀ ਹੈ, ਤੂੰ ਫੇਰ ਵੀ ਉਸਦੀ ਨੌਕਰੀ ਛੱਡਣ ਦੀ ਗੱਲ ਕਰ ਰਹੀ ਹੈ! ਤੇਰੇ ਵੱਲੋਂ ਅਜਿਹਾ ਕਰਨ `ਤੇ ਹੋ ਸਕਦਾ ਹੈ ਕਿ ਕੰਪਨੀ ਭਵਿੱਖ `ਚ ਕੁੜੀਆਂ ਨੂੰ ਨੌਕਰੀ ਦੇਣੀ ਬੰਦ ਕਰ ਦੇਵੇ, ਜੋਕਿ ਚੰਗੀ ਗੱਲ ਨਹੀਂ ਹੋਵੇਗੀ। ਸੁਧਾ ਮੂਰਤੀ ਨੇ ਕਿਹਾ ਕਿ ਪਿਤਾ ਜੀ ਦੀਆਂ ਗੱਲਾਂ ਨੇ ਮੈਨੂੰ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਨਸੀਹਤ ਦੇ ਦਿੱਤੀ।
ਸਵਾਮੀ ਵਿਵੇਕਾਨੰਦ ਜਦੋਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਗਏ ਤਾਂ ਉਨ੍ਹਾਂ ਨੂੰ ਉਸ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕਿਹਾ, ਵਿਵੇਕਾਨੰਦ ਜੀ ਤੁਸੀਂ ਸਾਧਾਰਣ ਜਿਹੀ ਪੋਸ਼ਾਕ ਕਿਉਂ ਪਾਈ ਹੋਈ ਹੈ? ਤੁਸੀਂ ਸਾਡੇ ਮੁਲਕ ਦੇ ਲੋਕਾਂ ਵਾਂਗ ਸੂਟ-ਬੂਟ ਪਾ ਕੇ ਭੱਦਰ ਪੁਰਸ਼ ਕਿਉਂ ਨਹੀਂ ਬਣ ਜਾਂਦੇ। ਸਵਾਮੀ ਜੀ ਨੇ ਉਸ ਪ੍ਰੋਫੈਸਰ ਨੂੰ ਕਿਹਾ, ਸ਼੍ਰੀ ਮਾਨ, ਤੁਹਾਨੂੰ ਤੁਹਾਡੀ ਪੋਸ਼ਾਕ ਭੱਦਰ ਪੁਰਸ਼ ਬਣਾਉਂਦੀ ਹੈ, ਪਰ ਸਾਨੂੰ ਸਾਡਾ ਸੱਭਿਆਚਾਰ ਭੱਦਰ ਪੁਰਸ਼ ਬਣਾਉਦਾ ਹੈ। ਉਹ ਪ੍ਰੋਫੈਸਰ ਸਵਾਮੀ ਜੀ ਦਾ ਜਵਾਬ ਸੁਣ ਕੇ ਕੁਝ ਨਹੀਂ ਬੋਲ ਸਕਿਆ।

Leave a Reply

Your email address will not be published. Required fields are marked *