ਸੰਸਕਾਰ, ਤਰਬੀਅਤ ਅਤੇ ਵਿਹਾਰ

ਆਮ-ਖਾਸ

ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਫੋਨ: +91-9463062603
ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਅਕਸਰ ਲੋਕਾਂ ਨਾਲ ਮਿਲਦਿਆਂ-ਵਰਤਦਿਆਂ ਅਨੇਕਾਂ ਚੰਗੇ-ਮਾੜੇ ਤਜਰਬਿਆਂ ਨੂੰ ਗ੍ਰਹਿਣ ਕਰਦੇ ਹਾਂ। ਅਸੀਂ ਲੋਕਾਂ ਦੇ ਵਿਹਾਰ, ਪਹਿਰਾਵੇ, ਬੋਲ-ਚਾਲ, ਮਾਨਸਿਕਤਾ ਤੇ ਲਹਿਜ਼ੇ ਬਾਰੇ ਵੀ ਕੋਈ ਨਾ ਕੋਈ ਰਾਇ ਕਾਇਮ ਕਰ ਲੈਂਦੇ ਹਾਂ ਅਤੇ ਇਸੇ ਤਰ੍ਹਾਂ ਲੋਕ ਵੀ ਸਾਡੇ ਬਾਰੇ ਆਪਣੀ ਇੱਕ ਮਖ਼ਸੂਸ ਕਿਸਮ ਦੀ ਰਾਇ ਕਾਇਮ ਕਰ ਲੈਂਦੇ ਹਨ।

ਦਰਅਸਲ ਸਾਡੇ ਸੰਸਕਾਰ, ਸਾਡੀ ਤਰਬੀਅਤ ਅਤੇ ਸਾਡਾ ਵਿਹਾਰ ਇਹ ਨਿਰਧਾਰਤ ਕਰਦੇ ਹਨ ਕਿ ਸਾਡੀ ਇੱਕ-ਦੂਸਰੇ ਪ੍ਰਤੀ ਰਾਇ ਕਿਸ ਤਰ੍ਹਾਂ ਦੀ ਹੋਵੇਗੀ। ਇਹ ਕਹਿਣਾ ਵੀ ਹਰਗਿਜ਼ ਗ਼ਲਤ ਨਹੀਂ ਹੋਵੇਗਾ ਕਿ ਸਾਡੇ ਵਿਹਾਰ ਵਿੱਚੋਂ ਸਾਡੇ ਸੰਸਕਾਰ ਅਤੇ ਸਾਡੀ ਤਰਬੀਅਤ ਸਾਫ਼ ਝਲਕਦੀ ਹੈ। ਸਾਧਾਰਨ ਤੌਰ ਉੱਪਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਕਿਤਾਬੀ ਗਿਆਨ ਹਾਸਲ ਕਰਨ ਲਈ ਪ੍ਰੇਰਿਤ ਕਰਨ ਉੱਪਰ ਤਾਂ ਤਵੱਜੋ ਬਹੁਤ ਦਿੰਦੇ ਹਨ, ਪਰ ਇਸ ਗੱਲ ਵੱਲ ਉੱਕਾ ਹੀ ਧਿਆਨ ਨਹੀਂ ਦਿੰਦੇ ਹਨ ਕਿ ਪਰਿਵਾਰ ਵਿੱਚੋਂ ਉਹ ਬੱਚੇ ਕਿਹੋ ਜਿਹੇ ਸੰਸਕਾਰਾਂ ਨੂੰ ਅਪਨਾ ਰਹੇ ਹਨ ਅਤੇ ਉਨ੍ਹਾਂ ਦੀ ਤਰਬੀਅਤ ਕਿਸ ਤਰ੍ਹਾਂ ਦੀ ਹੋ ਰਹੀ ਹੈ। ਜਦੋਂ ਵੀ ਅਸੀਂ ਆਪਣੇ ਮੁਆਸ਼ਰੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਦਇਖ਼ਲਾਕੀ, ਬਦਇੰਤਜ਼ਾਮੀ ਤੇ ਬਦਅਮਨੀ ਦੇਖਦੇ ਹਾਂ ਤਾਂ ਇਹ ਸਵਾਲ ਸਾਡੇ ਸਭ ਦੇ ਜ਼ਿਹਨ ਵਿੱਚ ਸਹਿਜ ਸੁਭਾਅ ਆਉਂਦਾ ਹੈ ਕਿ ਇਸ ਸਭ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਨੂੰ ਵਿਰਸੇ ਵਿੱਚ ਆਖ਼ਰ ਕਿਹੋ ਜਿਹੇ ਸੰਸਕਾਰ ਮਿਲੇ ਹੋਣਗੇ ਅਤੇ ਅਜਿਹੇ ਲੋਕਾਂ ਦੀ ਤਰਬੀਅਤ ਵੱਲ ਇਨ੍ਹਾਂ ਦੇ ਮਾਪਿਆਂ, ਬਜ਼ੁਰਗਾਂ ਅਤੇ ਉਸਤਾਦਾਂ ਨੇ ਧਿਆਨ ਕਿਉਂ ਨਹੀਂ ਦਿੱਤਾ।
ਜਦੋਂ ਕਿਸੇ ਬਗੀਚੇ ਜਾਂ ਬਾਗ਼ ਵਿੱਚ ਕੋਈ ਦਰਖ਼ਤ ਆਪਣੇ ਨਾਲ ਹੋਰ ਲੱਗੇ ਦਰਖ਼ਤਾਂ ਅਤੇ ਪੌਦਿਆਂ ਦੇ ਵਾਧੇ ਵਿੱਚ ਰੁਕਵਾਟ ਪੈਦਾ ਕਰ ਰਿਹਾ ਹੋਵੇ ਤਾਂ ਉਸ ਬਾਗ਼ ਦੀ ਸੰਭਾਲ ਕਰ ਰਹੇ ਮਾਲੀ ਦਾ ਇਹ ਬੁਨਿਆਦੀ ਫਰਜ਼ ਬਣਦਾ ਹੈ ਕਿ ਉਹ ਉਸ ਦਰਖ਼ਤ ਦੀ ਇਸ ਤਰ੍ਹਾਂ ਨਾਲ ਕਾਂਟ-ਛਾਂਟ ਕਰੇ ਕਿ ਉਸ ਦੇ ਵਾਧੇ ਨਾਲ ਕਿਸੇ ਹੋਰ ਦਰਖ਼ਤ ਜਾਂ ਪੌਦੇ ਦੇ ਵਿਕਾਸ ਵਿੱਚ ਕੋਈ ਰੁਕਾਵਟ ਪੈਦਾ ਨਾ ਹੋਵੇ। ਠੀਕ ਇਸੇ ਤਰ੍ਹਾਂ ਮਾਪਿਆਂ, ਬਜ਼ੁਰਗਾਂ ਅਤੇ ਉਸਤਾਦਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਆਪਣੀ ਅਗਲੀ ਪੀੜ੍ਹੀ ਦਾ ਇਸ ਤਰ੍ਹਾਂ ਮਾਰਗ ਦਰਸ਼ਨ ਕਰਨ ਕਿ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਹਿਣਸ਼ੀਲਤਾ, ਅਸੰਤੁਲਨ ਅਤੇ ਅਰਾਜਕਤਾ ਨਾ ਫ਼ੈਲੇ। ਅਜੋਕੇ ਸਮੇਂ ਵਿੱਚ ਇਉਂ ਵੀ ਜਾਪਦਾ ਹੈ ਕਿ ਲੋਕਾਂ ਦੀ ਆਪਸੀ ਗੁਫ਼ਤਗੂ ਵਿੱਚੋਂ ਇੱਕ ਦੂਜੇ ਦਾ ਇਹਤਰਾਮ, ਸਲੀਕਾ ਅਤੇ ਸ਼ਿਸ਼ਟਾਚਾਰ ਜਿਵੇਂ ਕਿਤੇ ਗੁਆਚ ਗਿਆ ਹੋਵੇ। ਨਿਮਰਤਾ, ਸੁਹਿਰਦਤਾ ਅਤੇ ਸੰਵਾਦ ਉੱਪਰ ਧਿਆਨ ਕੇਂਦਰਿਤ ਕਰਨ ਦੀ ਬਜਾਏ ਹੁਣ ਲੋਕਾਂ ਦੀ ਬੇਸਮਝੀ, ਹੁੱਲੜਬਾਜ਼ੀ ਅਤੇ ਗੈਰ-ਜ਼ਿੰਮੇਵਾਰਾਨਾ ਅਮਲਾਂ ਨੇ ਸਾਡੇ ਸਮਾਜ ਦੀ ਸ਼ਕਲੋਂ ਸੂਰਤ ਨੂੰ ਮੁੱਢੋਂ ਹੀ ਵਿਗਾੜ ਦਿੱਤਾ ਹੈ।
ਦਰਅਸਲ ਪਰਿਵਾਰ ਕਿਸੇ ਵੀ ਬੱਚੇ ਦੀ ਪਹਿਲੀ ਦਰਸਗਾਹ ਹੁੰਦੀ ਹੈ। ਮਾਂ-ਬਾਪ ਵੱਲੋਂ ਦਿੱਤੀ ਗਈ ਸਿੱਖਿਆ ਅਤੇ ਤਾਲੀਮੀ ਅਦਾਰਿਆਂ ਵਿੱਚੋਂ ਹਾਸਲ ਕੀਤਾ ਗਿਆ ਇਲਮ ਸਾਰੀ ਉਮਰ ਵਿਅਕਤੀ ਦਾ ਰਾਹ ਰੁਸ਼ਨਾਉਣ ਦੇ ਸਮਰੱਥ ਹੁੰਦੇ ਹਨ। ਅਦਬੋ-ਅਦਾਬ ਦੇ ਬੁਨਿਆਦੀ ਤਕਾਜ਼ੇ ਪੂਰੇ ਕਰਕੇ ਮਨੁੱਖ ਆਪਣੇ ਇਰਦ-ਗਿਰਦ ਸਕਾਰਾਤਮਕਤਾ ਦਾ ਇੱਕ ਅਜਿਹਾ ਵਾਤਾਵਰਣ ਸਿਰਜ ਸਕਦਾ ਹੈ ਕਿ ਜਿਸ ਨਾਲ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਜਾ ਸਕਦੀ ਹੈ। ਕਿਸੇ ਸ਼ਖ਼ਸ ਨੂੰ ਬਚਪਨ ਵਿੱਚ ਮਿਲੀ ਮਿਆਰੀ ਤਾਲੀਮ ਅਤੇ ਉਚਿਤ ਤਰਬੀਅਤ ਮਨੁੱਖ, ਦੇਸ਼, ਕੌਮ ਅਤੇ ਸਮਾਜ ਦੇ ਮੁਸਤਕਬਿਲ ਨੂੰ ਨਿਰਧਾਰਤ ਕਰਦੀ ਹੈ। ਆਪਸ ਵਿੱਚ ਮਿਲਦੇ-ਵਰਤਦੇ ਹੋਏ ਕਿਸੇ ਮਨੁੱਖ ਵੱਲੋਂ ਵਰਤੇ ਗਏ ਅਲਫ਼ਾਜ਼ ਇਹ ਭਲੀ-ਭਾਂਤ ਦਰਸਾਉਣ ਦੀ ਸਮਰੱਥਾ ਰੱਖਦੇ ਹਨ ਕਿ ਮਨੁੱਖ ਨੂੰ ਕਿਹੋ ਜਿਹਾ ਪਰਿਵਾਰਕ ਮਾਹੌਲ ਮਿਲਿਆ ਹੈ ਅਤੇ ਕਿਸੇ ਤੋਂ ਉਸ ਨੇ ਕਿਹੋ ਜਿਹੀ ਸਿੱਖਿਆ ਹਾਸਲ ਕੀਤੀ ਹੈ। ਇਸ ਲਈ ਸਾਨੂੰ ਸਭ ਨੂੰ ਇਸ ਗੱਲ ਉਤੇ ਗ਼ੌਰ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਅਜਿਹੇ ਆਦਰਸ਼ ਜਾਂ ਪ੍ਰੇਰਣਾ ਸ੍ਰੋਤ ਬਣ ਸਕੀਏ ਤਾਂ ਜੋ ਸਾਡੇ ਬੱਚੇ ਸਾਡੇ ਕੋਲੋਂ ਕੁਝ ਚੰਗਾ ਸਿੱਖਣ ਲਈ ਤਤਪਰ ਹੋਣ। ਜ਼ਰਾ ਕੁਝ ਸੋਚੋ ਕਿ ਜੇਕਰ ਅਜੇ ਤੱਕ ਅਸੀਂ ਖ਼ੁਦ ਚੰਗੇ ਗੁਣਾਂ ਨੂੰ ਧਾਰਨ ਕਰਨ ਵਿੱਚ ਨਾਕਾਮ ਰਹੇ ਹਾਂ ਤਾਂ ਫਿਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਅਸੀਂ ਕੀ ਉਮੀਦ ਰੱਖ ਪਾਵਾਂਗੇ?
ਚੰਗੀ ਤਰਬੀਅਤ ਮਨੁੱਖ ਨੂੰ ਇਨਸਾਨੀਅਤ ਦਾ ਬੁਨਿਆਦੀ ਪਾਠ ਪੜ੍ਹਾਉਂਦੀ ਹੈ। ਮਨੁੱਖ ਦਾ ਦੂਸਰਿਆਂ ਪ੍ਰਤੀ ਚੰਗਾ-ਮਾੜਾ ਰਵੱਈਆ ਤੇ ਵਿਹਾਰ ਉਸ ਨੂੰ ਆਪਣੇ ਵਿਰਸੇ ਵਿੱਚ ਮਿਲੇ ਹੋਏ ਸੰਸਕਾਰਾਂ ਦੀ ਤਰਜ਼ਮਾਨੀ ਕਰਦਾ ਹੈ। ਇਹ ਵੀ ਇੱਕ ਅਟੱਲ ਸੱਚਾਈ ਹੈ ਕਿ ਜਿਨ੍ਹਾਂ ਲੋਕਾਂ ਨੂੰ ਲੋਕਾਈ ਦੇ ਪ੍ਰਤੀ ਆਪਣੇ ਸੀਨੇ ਅੰਦਰ ਦਰਦ ਰੱਖਣ ਦਾ ਸਬਕ ਪੜ੍ਹਾਇਆ ਜਾਂਦਾ ਹੈ, ਉਹ ਕਦੇ ਵੀ ਬੇਅਦਬ ਨਹੀਂ ਹੁੰਦੇ ਹਨ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਵੀ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਖ਼ੁਸ਼ਅਖ਼ਲਾਕ ਲੋਕ ਆਪਣੇ ਚੰਗੇ ਤੇ ਨੇਕ ਅਮਲਾਂ ਅਤੇ ਮਿੱਠੇ ਬੋਲਾਂ ਨਾਲ ਲੋਕਾਂ ਦੇ ਦਿਲਾਂ ਉੱਪਰ ਡੂੰਘਾ ਅਸਰ ਪਾਉਣ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਹਨ। ਅਸਲ ਵਿੱਚ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਸ ਜਾਤ, ਵਰਗ, ਮਜ਼ਹਬ, ਰੰਗ, ਨਸਲ, ਸ਼੍ਰੇਣੀ, ਖਿੱਤੇ ਜਾਂ ਕਿੱਤੇ ਨਾਲ ਸਬੰਧਿਤ ਹੋ, ਅਸਲ ਵਿੱਚ ਤੁਹਾਡਾ ਕਿਰਦਾਰ ਅਤੇ ਵਿਹਾਰ ਇਹ ਤੈਅ ਕਰਦਾ ਹੈ ਕਿ ਤੁਸੀਂ ਕੀ ਹੋ? ਮਨੁੱਖ ਚਾਹੇ ਲੱਖਾਂ ਮਖੌਟੇ ਪਹਿਨੇ, ਉਸ ਦੇ ਅਮਲ, ਉਸ ਦੇ ਬੋਲ ਅਤੇ ਉਸ ਦਾ ਵਿਹਾਰ ਉਸ ਦੇ ਅਸਲ ਇਰਾਦਿਆਂ ਅਤੇ ਉਸ ਦੇ ਮਖੌਟਿਆਂ ਪਿਛੇ ਛੁਪੇ ਉਸ ਦੇ ਅਸਲ ਚਿਹਰੇ ਨੂੰ ਇੱਕ ਨਾ ਇੱਕ ਦਿਨ ਬੇਨਕਾਬ ਕਰ ਦਿੰਦੇ ਹਨ। ਜੋ ਲੋਕ ਰਿਸ਼ਤਿਆਂ ਦਾ ਪਾਜ਼ ਰੱਖਦੇ ਹਨ, ਜੋ ਮਰਿਆਦਾਵਾਂ ਭੰਗ ਨਹੀਂ ਕਰਦੇ ਹਨ ਅਤੇ ਜੋ ਤਮੀਜ਼ ਦੇ ਦਾਇਰਿਆਂ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਸ਼ਖ਼ਸੀਅਤ ਦਾ ਨਿੱਘ ਹਰ ਕੋਈ ਮਾਣਦਾ ਹੈ ਅਤੇ ਉਹ ਆਪਣੇ ਅਮਲਾਂ ਨਾਲ ਬਾਰਸੂਖ਼, ਕਾਮਯਾਬ ਅਤੇ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਬਣਦੇ ਹਨ।
ਦਰਅਸਲ ਚੰਗਾ ਅਖ਼ਲਾਕ ਇੱਕ ਅਜਿਹੇ ਛਾਂਦਾਰ, ਖੁਸ਼ਬੂਦਾਰ ਅਤੇ ਫ਼ਲਦਾਰ ਦਰਖ਼ਤ ਦੀ ਤਰ੍ਹਾਂ ਹੈ ਕਿ ਜੋ ਹਰ ਪਹਿਲੂ ਤੋਂ ਦੂਸਰਿਆਂ ਲਈ ਹਿਤਕਾਰੀ ਸਾਬਤ ਹੁੰਦਾ ਹੈ। ਕਿਸੇ ਵਿਅਕਤੀ ਦੀ ਹੈਸੀਅਤ ਜਾਂ ਉਸ ਦਾ ਦਰਜਾ ਇਸ ਗੱਲ ਉਤੇ ਮੁਨੱਸਰ ਕਰਦਾ ਹੈ ਕਿ ਦੂਜਿਆਂ ਨਾਲ ਉਹ ਕਿਸ ਤਰ੍ਹਾਂ ਪੇਸ਼ ਆਉਂਦਾ ਹੈ। ਜੇਕਰ ਸੰਭਵ ਹੋਵੇ ਤਾਂ ਦੂਜਿਆਂ ਲਈ ਤਕਲੀਫ਼ ਦਾ ਕਦੇ ਵੀ ਸਬੱਬ ਨਾ ਬਣੋ, ਦੂਜਿਆਂ ਦੀਆਂ ਭਾਵਨਾਵਾਂ ਦਾ ਹਮੇਸ਼ਾ ਸਤਿਕਾਰ ਕਰੋ ਅਤੇ ਦੂਸਰਿਆਂ ਦੀ ਜ਼ਿੰਦਗੀ ਵਿੱਚ ਜਿੱਥੋਂ ਤੱਕ ਹੋ ਸਕੇ ਆਸਾਨੀਆਂ ਪੈਦਾ ਕਰਨ ਦਾ ਯਤਨ ਕਰੋ, ਕਿਉਂਕਿ ਤੁਹਾਡੇ ਕਿਰਦਾਰ ਅਤੇ ਵਿਹਾਰ ਵਿੱਚੋਂ ਤੁਹਾਡੇ ਆਪਣੇ ਪੂਰਵਜਾਂ ਅਤੇ ਉਸਤਾਦਾਂ ਦੀ ਸਿੱਖਿਆ ਤੇ ਸੰਸਕਾਰ ਮੂਰਤੀਮਾਨ ਹੁੰਦੇ ਹਨ। ਸਾਨੂੰ ਸਭ ਨੂੰ ਆਪਣੇ ਬੱਚਿਆਂ ਦੀ ਤਰਬੀਅਤ ਵੱਲ਼ ਉਚੇਚਾ ਧਿਆਨ ਇਸ ਲਈ ਵੀ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਸ਼ਖ਼ਸੀਅਤ, ਵਿਹਾਰ ਅਤੇ ਤਰਬੀਅਤ ਤੁਹਾਡੀ ਵਿਰਾਸਤ ਨੂੰ ਰੂਪਮਾਨ ਕਰਦੀ ਹੈ।
ਸੰਸਕਾਰ, ਤਰਬੀਅਤ ਅਤੇ ਵਿਹਾਰ ਅਸਲ ਵਿੱਚ ਇਨਸਾਨ ਦੀ ਸ਼ਖਸੀਅਤ ਦੀ ਉਸ ਤ੍ਰਿਭੁਜੀ ਬੁਨਿਆਦ ਵਾਂਗ ਹਨ, ਜਿਸ ਉੱਪਰ ਕਿਸੇ ਸ਼ਖ਼ਸ ਦੀ ਮਾਨਸਿਕਤਾ, ਸ਼ਖਸੀਅਤ ਅਤੇ ਸਮਾਜਿਕ ਪਛਾਣ ਖੜ੍ਹੀ ਹੁੰਦੀ ਹੈ। ਇਹ ਤਿੰਨੇ ਗੁਣ ਕਿਸੇ ਵਿਅਕਤੀ ਦੇ ਵਿਹਾਰਕ ਜੀਵਨ, ਨੈਤਿਕ ਬਲ ਅਤੇ ਆਤਮਕ ਉਚਾਈ ਨੂੰ ਵੀ ਦਰਸਾਉਂਦੇ ਹਨ। ਸੰਸਕਾਰ ਅਜਿਹੇ ਉਚੇ ਆਦਰਸ਼ ਹੁੰਦੇ ਹਨ, ਜੋ ਸਾਨੂੰ ਸੱਚ ਬੋਲਣ, ਨਿਆਂ ਲਈ ਖੜ੍ਹੇ ਹੋਣ ਅਤੇ ਚੰਗਾ-ਬੁਰਾ ਪਛਾਣਨ ਦੀ ਸਲਾਹੀਅਤ ਬਖਸ਼ਦੇ ਹਨ। ਤਰਬੀਅਤ, ਜੋ ਤਾਲੀਮੀ ਅਦਾਰਿਆਂ ਅਤੇ ਘਰਾਂ ਵਿੱਚੋਂ ਮਿਲਦੀ ਹੈ, ਇਨਸਾਨੀ ਸੋਚ ਤੇ ਆਚਰਨ ਦੀ ਮਜ਼ਬੂਤ ਨੀਂਹ ਰੱਖਦੀ ਹੈ। ਜਦੋਂ ਤਰਬੀਅਤ ਮਿਆਰੀ ਹੋਵੇਗੀ, ਤਾਂ ਮਨੁੱਖ ਬੁਰੇ ਤੋਂ ਬੁਰੇ ਅਤੇ ਨਾਗਵਾਰ ਹਾਲਾਤ ਵਿੱਚ ਵੀ ਅਦਬ ਦੇ ਮੁਢਲੇ ਤਕਾਜ਼ੇ ਕਦੇ ਵੀ ਨਹੀਂ ਭੁਲਾਏਗਾ; ਜਦੋਂ ਕਿ ਵਿਹਾਰ ਸ਼ਖ਼ਸੀਅਤ ਦਾ ਉਹ ਆਇਨਾ ਹੈ, ਜੋ ਇਹ ਦੱਸਦਾ ਹੈ ਕਿ ਅਸੀਂ ਕਿਸੇ ਨਾਲ ਕਿਵੇਂ ਪੇਸ਼ ਆਉਂਦੇ ਹਾਂ। ਇਹ ਕਹਿਣਾ ਵੀ ਇੱਥੇ ਬੇਹੱਦ ਉਚਿਤ ਹੋਵੇਗਾ ਕਿ ਇਹ ਤਿੰਨੇ ਗੁਣ ਸਮੂਹਿਕ ਰੂਪ ਵਿੱਚ ਮਨੁੱਖ ਨੂੰ ਸੁਹਿਰਦ, ਨਿਰਮਲ, ਨਿਮਰ ਅਤੇ ਕਾਬਲ-ਏ-ਇਹਤਰਾਮ ਬਣਾਉਂਦੇ ਹਨ। ਇੱਕ ਸੰਸਕਾਰੀ, ਤਰਬੀਅਤ ਯਾਫਤਾ ਅਤੇ ਮੁਹੱਜ਼ਬ ਸ਼ਖ਼ਸ ਹੀ ਇੱਕ ਅਜਿਹੇ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੋ ਸਕਦਾ ਹੈ, ਜਿੱਥੇ ਸੱਚ, ਹੱਕ, ਨਿਆਂ, ਸਮਾਨਤਾ, ਸੁਤੰਤਰਤਾ, ਭਾਈਚਾਰਕ ਸਾਂਝ, ਸਹਿਣਸ਼ੀਲਤਾ ਅਤੇ ਸ਼ਾਂਤੀ ਕਾਇਮ ਰਹਿ ਸਕੇ।

Leave a Reply

Your email address will not be published. Required fields are marked *