ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਹਮੇਸ਼ਾ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ। ਅੱਜ ਫਿਰ ਇੱਥੋਂ ਦੇ ਲੋਕ ਆਪਣੀ ਹੋਣੀ ਅਤੇ ਹਸਤੀ ਨੂੰ ਸਲਾਮਤ ਰੱਖਣ ਲਈ ਸਰਕਾਰਾਂ ਦੀਆਂ ਨੀਤੀਆਂ ਵਿੱਚੋਂ ਪੈਦਾ ਹੋਈ ਆਫ਼ਤ ਨਾਲ ਜੂਝ ਰਹੇ ਹਨ। ਪੰਜਾਬ ਜਦੋਂ ਵੀ ਕਿਸੇ ਮੁਸ਼ਕਲ, ਸ਼ੰਘਰਸ਼ ਜਾਂ ਕੁਦਰਤੀ ਆਫ਼ਤ ਦਾ ਸ਼ਿਕਾਰ ਹੁੰਦਾ ਹੈ ਤਾਂ ਭਾਰਤ ਸਰਕਾਰ ਅਤੇ ਇਸ ਦੇਸ਼ ਦੀ ਜਨਤਾ ਸਾਨੂੰ ਹਮੇਸ਼ਾ ਅਜਿਹਾ ਅਹਿਸਾਸ ਕਰਵਾ ਦਿੰਦੇ ਹਨ ਕਿ ਜਿਵੇਂ ਅਸੀਂ ਇਸ ਦੇਸ਼ ਦੇ ਵਾਸੀ ਹੀ ਨਾ ਹੋਈਏ!
ਦੇਸ਼ ਦੇ ਲੋਕਾਂ ਅਤੇ ਸਰਕਾਰਾਂ ਦੀ ਗੱਲ ਛੱਡੋ, ਪੰਜਾਬ ਵਿੱਚ ਵੱਸਦੇ ਹਿੰਦੂ ਭਾਈਚਾਰੇ ਤੋਂ ਵੀ ਮੁਸ਼ਕਲ ਸਮੇਂ ਸਿਰ ਨਾਲ ਸਿਰ ਜੋੜ ਕੇ ਖੜ੍ਹਨ ਦੀ ਤਵੱਕੋ ਕਰਨੀ ਬੇਕਾਰ ਹੈ। ਇਸਦੇ ਉਲਟ ਇਸ ਦੇਸ਼ ਉਪਰ ਪਈ ਹਰੇਕ ਮੁਸ਼ਕਲ ਸਮੇਂ ਸਿੱਖਾਂ ਨੇ ਹਮੇਸ਼ਾ ਮੂਹਰਲੀ ਕਤਾਰ ਵਿੱਚ ਖੜ੍ਹ ਕੇ ਦੇਸ਼ ਦਾ ਸਾਥ ਦਿੱਤਾ ਹੈ; ਪਰ ਸਾਡੇ ਇਸ ਮਨੁੱਖਤਾਵਾਦੀ ਰਵੱਈਏ ਦੇ ਬਾਵਜੂਦ ਦੇਸ਼ ਦਾ ਮੀਡੀਆ ਅਤੇ ਸਿਆਸੀ ਪਾਰਟੀਆਂ ਦੇਸ਼ ਪ੍ਰਤੀ ਸਾਡੀ ਪ੍ਰਤੀਬੱਧਤਾ ਅਤੇ ਹਿੰਦੂ-ਸਿੱਖ ਏਕਤਾ ਬਾਰੇ ਸ਼ੰਕਿਆਂ ਭਰੇ ਸਵਾਲ ਖੜ੍ਹੇ ਕਰਨ ਦਾ ਪ੍ਰਾਪੇਗੰਡਾ ਕਰਦੇ ਰਹਿੰਦੇ ਹਨ।
ਪੰਜਾਬ ਦੀ ਬਦਕਿਸਮਤੀ ਇਹ ਵੀ ਹੈ ਕਿ ਇਸਦੀ ਆਪਣੀ ਮਿੱਟੀ ਦੇ ਜੰਮੇ-ਜਾਏ ਰਾਜਸੀ ਆਗੂ ਆਪਣੇ ਨਿੱਜੀ ਸਵਾਰਥਾਂ ਦੇ ਪਿੱਛਲੱਗ ਬਣ ਕੇ ਟੋਡੀ ਬਿਰਤੀ ਤਹਿਤ ਪੰਜਾਬ ਦੇ ਹਿੱਤਾਂ ਦੇ ਖਿਲਾਫ ਭੁਗਤਦੇ ਆਏ ਹਨ। ਪਿਛਲੇ 75 ਸਾਲਾਂ ਵਿੱਚ ਪੰਜਾਬ ਦੀ ਆਰਥਿਕਤਾ ਅਤੇ ਸੱਭਿਆਚਾਰ ਨੂੰ ਬਰਬਾਦ ਕਰਨ ਦੀਆਂ ਯੋਜਨਾਬੱਧ ਸਰਕਾਰੀ ਸ਼ਾਜਿਸ਼ਾਂ ਖਿਲਾਫ ਪੰਜਾਬ ਦੇ ਲੋਕ ਹਮੇਸ਼ਾ ਲੜਦੇ ਆਏ ਹਨ, ਪਰ ਪੰਜਾਬ ਦੇ ਰਾਜਸੀ ਆਗੂਆਂ ਨੇ ਲੋਕਾਂ ਦੀ ਹਰ ਜਦੋ-ਜਹਿਦ ਅਤੇ ਮੁਸ਼ਕਲ ਸਮੇਂ ਪੰਜਾਬ ਨਾਲ ਗੱਦਾਰੀ ਹੀ ਕੀਤੀ ਹੈ। ਦਿੱਲੀ ਸਰਕਾਰ ਪ੍ਰਤੀ ਪੰਜਾਬ ਦੇ ਲੋਕਾਂ ਦੀ ਬਾਗੀਆਨਾ ਤਬੀਅਤ ਦੇ ਬਾਵਜੂਦ ਪੰਜਾਬ ਅੰਦਰ ਰਾਸ਼ਟਰੀ ਪਾਰਟੀਆਂ ਦੀ ਸਥਾਪਤੀ ਦਾ ਕਾਰਨ ਪੰਜਾਬ ਦੇ ਇਹ ਗੱਦਾਰ ਅਤੇ ਟੋਡੀ ਆਗੂਆਂ ਤੋਂ ਇਲਾਵਾ ਇੱਥੋਂ ਦੀ ਹਿੰਦੂ ਵੱਸੋਂ ਦਾ ਪੰਜਾਬ ਦੇ ਹਿੱਤਾਂ ਪ੍ਰਤੀ ਬੇਗਾਨਗੀ ਵਾਲਾ ਰਵੱਈਆ ਹੀ ਹੈ। ਪੰਜਾਬ ਦੀ ਗ਼ਰਕ ਹੋ ਚੁੱਕੀ ਰਾਜਨੀਤੀ ਅਤੇ ਸਾਡੀ ਬਰਬਾਦੀ ਦਾ ਇਹੋ ਕੇਂਦਰੀ ਨੁਕਤਾ ਹੈ। ਅੱਜ ਵੀ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਤਾਂ ਸਰਕਾਰਾਂ ਅਤੇ ਰਾਜਸੀ ਆਗੂਆਂ ਦੀ ਸਹਾਇਤਾ ਤੋਂ ਬਗੈਰ ਲੋਕ ਹੀ ਮੁਸ਼ਕਲ ਦੀ ਘੜੀ ਆਪਣਿਆਂ ਦੀ ਬਾਂਹ ਫੜ ਰਹੇ ਹਨ।
ਇਸ ਮੁਸ਼ਕਲ ਸਮੇਂ ਰਾਜਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਧਾਰਮਿਕ ਭੇਖ ਵਾਲੇ ਡੇਰੇਦਾਰਾਂ ਵੱਲੋਂ ਲੋਕਾਂ ਦੀ ਬਾਹ ਨਾ ਫੜਨ ਨੇ ਸਾਬਤ ਕਰ ਦਿੱਤਾ ਕਿ ਇਹ ਕੇਵਲ ਸਾਡਾ ਖੂਨ ਚੂਸਣ ਵਾਲੀਆਂ ਜੋਕਾਂ ਹੀ ਹਨ। ਭਵਿੱਖ ਵਿੱਚ ਇਨ੍ਹਾਂ ਅਖੌਤੀ ਰਾਜਸੀ ਆਗੂਆਂ ਅਤੇ ਧਾਰਮਿਕ ਭੇਖੀ ਬਾਬਿਆਂ ਦੇ ਪਿੰਡਾਂ ਵਿੱਚ ਵੜਨ ਉਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਦੁਨੀਆ ਸਾਹਮਣੇ ਜਿਓ-ਪਾਲਿਟਿਕਸ ਅਤੇ ਵਾਤਾਵਰਣ ਤਬਦੀਲੀਆਂ ਰੂਪੀ ਚੁਣੌਤੀਆਂ ਦੇ ਸੰਦਰਭ ਵਿੱਚ ਪੰਜਾਬ ਦਾ ਭਵਿੱਖ ਜੰਗੀ ਮੁਹਿੰਮਾਂ ਜਿਹਾ ਹੋਣ ਦੇ ਆਸਾਰ ਹਨ। ਪਿੰਡਾਂ ਦੇ ਆਪਸੀ ਏਕੇ ਅਤੇ ਆਫਤਾਂ ਦੇ ਟਾਕਰੇ ਦੀ ਅਗਾਊਂ ਤਿਆਰੀ ਨਾਲ ਹੀ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਲੋਕਾਂ ਦੇ ਏਕੇ ਵਿੱਚ ਵੱਡੀ ਰੁਕਾਵਟ ਰਾਜਸੀ ਪਾਰਟੀਆਂ ਅਤੇ ਸਾਡੇ ਅਖੌਤੀ ਬਾਬੇ ਹੀ ਹਨ। ਪਿੰਡਾਂ ਨੂੰ ਯੂਨਿਟ ਮੰਨ ਕੇ ਲੋਕਾਂ ਵੱਲੋਂ ਸਵੈ-ਸ਼ਾਸਨ ਸਿਰਜਣ ਦੀ ਸੋਝੀ ਹੀ ਭਵਿੱਖ ਦੀਆਂ ਮੂੰਹ ਅੱਡੀ ਖੜ੍ਹੀਆਂ ਆਫਤਾਂ ਤੋਂ ਸਾਨੂੰ ਬਚਾ ਸਕਦੀ ਹੈ। ਸਰਕਾਰਾਂ ਅਤੇ ਕੁਰੱਪਟ ਸਰਕਾਰੀ ਅਫਸਰਸ਼ਾਹੀ ਤੋਂ ਲੋਕ-ਮੁਸ਼ਕਲਾਂ ਦੇ ਹੱਲ ਦੀ ਆਸ ਕਰਨੀ ਬੇਕਾਰ ਹੈ। ਸਿੱਖੀ ਵਿੱਚ ਗੁਰਦੁਆਰਿਆਂ ਦੀ ਕਾਰ ਸੇਵਾ ਵਾਲੀ ਜੁਗਤ ਨੂੰ ਜ਼ਿੰਦਗੀ ਦੇ ਹਰ ਖੇਤਰ ਦੀ ਬਿਹਤਰੀ ਲਈ ਵਰਤ ਕੇ ਹੀ ਅਸੀਂ ਆਪਣਾ ਭਵਿੱਖ ਸਿਰਜ ਸਕਦੇ ਹਾਂ। ਭਵਿੱਖ ਵਿੱਚ ਹਰੇਕ ਸਿੱਖ ਨੂੰ ਆਪਣੇ ਦਸਵੰਧ ਨੂੰ ਧਾਰਮਿਕ ਸਮਾਗਮਾਂ ਅਤੇ ਗੁਰਦੁਆਰਿਆਂ ਦੀਆਂ ਇਮਾਰਤਾਂ ਉਸਾਰਨ ਦੀ ਬਜਾਏ ਆਪਣੇ ਭਾਈਚਾਰੇ ਦੇ ਭਵਿੱਖ ਦੀ ਯੋਜਨਾਬੰਦੀ ਸਿਰਜਣ ਲਈ ਖਰਚਣਾ ਚਾਹੀਦਾ ਹੈ।
-ਅਮਰੀਕ ਸਿੰਘ ਮੁਕਤਸਰ