ਸਮੁੰਦਰੀ ਆਕਸੀਜਨ ਨੇ ਅਨੇਕਾਂ ਵਿਗਿਆਨ ਰਹੱਸਾਂ ਦੇ ਭੇਦ ਖੋਲ੍ਹੇ

ਆਮ-ਖਾਸ ਗੂੰਜਦਾ ਮੈਦਾਨ

ਅਸ਼ਵਨੀ ਚਤਰਥ
ਫੋਨ: +91-6284220595
ਹੁਣ ਤੱਕ ਅਸੀਂ ਹਰੇ ਪੌਦਿਆਂ ਵੱਲੋਂ ਆਕਸੀਜਨ ਗੈਸ ਪੈਦਾ ਕੀਤੇ ਜਾਣ ਬਾਰੇ ਹੀ ਜਾਣਦੇ ਸਾਂ। ਹਰੇ ਰੰਗ ਦੇ ਬੂਟੇ, ਜਿਨ੍ਹਾਂ ਵਿੱਚ ਕਲੋਰੋਫ਼ਿਲ ਨਾਂ ਦਾ ਪਦਾਰਥ ਹੰਦਾ ਹੈ, ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਭੋਜਨ ਪਦਾਰਥ ਅਤੇ ਆਕਸੀਜਨ ਗੈਸ ਪੈਦਾ ਕਰਦੇ ਹਨ। ਇਸ ਕ੍ਰਿਆ ਨੂੰ ਪ੍ਰਕਾਸ਼ ਸੰਸਲੇਸ਼ਣ ਕ੍ਰਿਆ ਕਿਹਾ ਜਾਂਦਾ ਹੈ। ਇਸ ਤਰ੍ਹਾਂ ਧਰਤੀ ਗ੍ਰਹਿ ਦੇ ਸਾਰੇ ਜੀਵ–ਜੰਤੂ ਆਕਸੀਜਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਰੁੱਖਾਂ ਵੱਲੋਂ ਪੈਦਾ ਕੀਤੀ ਗਈ ਆਕਸੀਜਨ ਉੱਤੇ ਹੀ ਨਿਰਭਰ ਕਰਦੇ ਸਨ, ਪਰ ਸਕਾਟਲੈਂਡ ਦੇ ਵਿਗਿਆਨੀਆਂ ਨੇ ਹੁਣ ਨਵੀਂ ਖੋਜ ਰਾਹੀਂ ਸਮੁੰਦਰ ਵਿੱਚ ਪੱਥਰਾਂ ਵੱਲੋਂ ਆਕਸੀਜਨ ਗੈਸ ਪੈਦਾ ਕੀਤੇ ਜਾਣ ਦਾ ਪਤਾ ਲਗਾਇਆ ਹੈ।

ਸਮੁੰਦਰੀ ਵਿਗਿਆਨ ਨਾਲ ਜੁੜੇ ਸਕਾਟਲੈਂਡ ਦੇ ਵਿਗਿਆਨੀ ਐਂਡਰੀਊ ਸਵੀਟਮੈਨ ਅਤੇ ਉਸ ਦੇ ਸਾਥੀਆਂ ਨੇ ਇੱਕ ਅਜਿਹੀ ਚਮਤਕਾਰੀ ਘਟਨਾ ਦੀ ਖੋਜ ਕੀਤੀ ਹੈ, ਜੋ ਦਾਅਵਾ ਕਰਦੀ ਹੈ ਕਿ ਸਮੁੰਦਰ ਦੇ ਅੰਦਰ ਕਰੀਬ ਤੇਰਾਂ ਹਜ਼ਾਰ ਫੁੱਟ ਦੀ ਡੂੰਘਾਈ ਤੇ ਆਕਸੀਜਨ ਪੈਦਾ ਹੋ ਰਹੀ ਹੈ। ਇਸ ਲਈ ਇਸ ਆਕਸੀਜਨ ਨੂੰ ਸਮੁੰਦਰੀ ਆਕਸੀਜਨ ਆਖਿਆ ਜਾਂਦਾ ਹੈ।
ਨਵੀਂ ਖੋਜ ਦੱਸਦੀ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਦੇ ਹੇਠਾਂ ਆਕਸੀਜਨ ਉਸ ਜਗ੍ਹਾ ’ਤੇ ਪੈਦਾ ਹੋ ਰਹੀ ਹੈ, ਜਿੱਥੇ ਸੂਰਜ ਦੀ ਰੋਸ਼ਨੀ ਬਿਲਕੁਲ ਨਹੀਂ ਪਹੁੰਚ ਰਹੀ ਅਤੇ ਇਹ ਆਕਸੀਜਨ ਹਨੇਰੇ ਵਾਲੀ ਥਾਂ ’ਤੇ ਹੀ ਪੈਦਾ ਹੋ ਰਹੀ ਹੈ। ਇਸੇ ਲਈ ਇਸ ਸਮੁੰਦਰੀ ਆਕਸੀਜਨ ਨੂੰ ਡਾਰਕ ਆਕਸੀਜਨ ਦਾ ਵੀ ਨਾਂ ਦਿੱਤਾ ਗਿਆ ਹੈ। ਪ੍ਰਸ਼ਾਂਤ ਮਹਾਂਸਾਗਰ ਦਾ ਖੇਤਰ, ਜਿੱਥੇ ਇਹ ਕ੍ਰਿਆ ਚਲ ਰਹੀ ਹੈ, ਦੀ ਡੂੰਘਾਈ ਧਰਤੀ ਦੀ ਸਭ ਤੋਂ ਉੱਚੀ ਚੋਟੀ ਮਾੳਂੂਟ ਐਵਰੈਸਟ ਦੀ ਉੱਚਾਈ ਤੋਂ ਅੱਧੀ ਦੇ ਬਰਾਬਰ ਹੈ।
ਘੱਟ ਰਹੇ ਰੁੱਖਾਂ ਦਾ ਬਦਲ ਹੈ ਸਮੁੰਦਰੀ ਆਕਸੀਜਨ: ਨਵੀਂ ਖੋਜ ਨੇ ਦੁਨੀਆਂ ਦੇ ਵਿਗਿਆਨੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਡੇ ਗ੍ਰਹਿ ਧਰਤੀ ਉੱਤੇ ਆਕਸੀਜਨ ਪ੍ਰਾਪਤ ਕਰਨ ਦੇ ਰੁੱਖਾਂ ਤੋਂ ਇਲਾਵਾ ਹੋਰ ਵੀ ਸਾਧਨ ਹਨ। ਹੁਣ ਇਸ ਦੇ ਨਾਲ ਹੀ ਆਕਸੀਜਨ ਦੇ ਬਦਲਵੇਂ ਸ੍ਰੋਤ ਲੱਭਣ ਦੀ ਸ਼ੁਰੂਆਤ ਵੀ ਹੋ ਗਈ ਹੈ; ਜਿਵੇਂ ਕਿ ਸੰਸਾਰ ਭਰ ਵਿੱਚ ਰੁੱਖਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਜੰਗਲ ਐਮਾਜ਼ਾਨ ਸਮੇਤ ਕੁੱਲ ਦੁਨੀਆ ਦੇ ਜੰਗਲਾਂ ਨੂੰ ਮਨੁੱਖ ਆਪਣੇ ਨਿੱਜੀ ਸੁਆਰਥਾਂ ਲਈ ਕੱਟੀ ਜਾ ਰਿਹੈ। ਇਸੇ ਤਰ੍ਹਾਂ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਵੀ ਦਰਖ਼ਤਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਉਸ ਨੂੰ ਵੇਖਦਿਆਂ ਜੀਵਾਂ ਦੀ ਸਾਹ ਕ੍ਰਿਆ ਲਈ ਲੋੜੀਂਦੀ ਆਕਸੀਜਨ ਵੀ ਘਟੀ ਜਾ ਰਹੀ ਹੈ। ਅਜਿਹੇ ਵਿੱਚ ਆਕਸੀਜਨ ਦੀ ਨਵੀਂ ਖੋਜ ਧਰਤੀ ਦੇ ਸਮੂਹ ਪ੍ਰਾਣੀਆਂ ਲਈ ਇੱਕ ਨਵੀਂ ਸਵੇਰ ਦਾ ਸਨੇਹਾ ਲੈ ਕੇ ਆਈ ਹੈ।
ਸਮੁੰਦਰੀ ਆਕਸੀਜਨ ਦਾ ਸ੍ਰੋਤ: ਜ਼ਿਕਰਯੋਗ ਹੈ ਕਿ ਧਰਤੀ ਉੱਤੇ ਮਿਲਦੀ ਆਕਸੀਜਨ ਦਾ ਕਰੀਬ ਅੱਧਾ ਹਿੱਸਾ ਸਮੁੰਦਰਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਵਿਗਿਆਨੀ ਪਹਿਲਾਂ ਸਮੁੰਦਰਾਂ ਵਿਚਲੇ ਪੌਦਿਆਂ ਨੂੰ ਹੀ ਸਮੁੰਦਰੀ ਆਕਸੀਜਨ ਦਾ ਸ੍ਰੋਤ ਮਨ ਰਹੇ ਸਨ, ਪਰ ਸਵੀਟਮੈਨ ਦੀ ਖੋਜ ਨੇ ਸਿੱਧ ਕੀਤਾ ਹੈ ਕਿ ਸਮੁੰਦਰਾਂ ਤੋਂ ਆਉਂਦੀ ਆਕਸੀਜਨ ਦਾ ਸ੍ਰੋਤ ਉੱਥੋਂ ਦੇ ਬੂਟੇ ਨਹੀਂ, ਸਗੋਂ ਉੱਥੇ ਪਏ ਹੋਏ ਬਹੁਧਾਤਵੀ (ਬਹੁਤੀਆਂ ਧਾਤਾਂ ਤੋਂ ਬਣੇ ਪੱਥਰ) ਪੱਥਰ ਹਨ। ਪ੍ਰਸ਼ਾਂਤ ਮਹਾਂਸਾਗਰ ਦੇ 13,100 ਫੁੱਟ ਦੀ ਡੂੰਘਾਈ ’ਤੇ ਪਏ ਹੋਏ ਇਹ ਬਹੁਧਾਤਵੀ ਪੱਥਰ ਮੈਗਨੀਜ਼, ਕੋਬਾਲਟ, ਤਾਂਬਾ, ਲੀਥੀਅਮ ਅਤੇ ਨਿੱਕਲ ਆਦਿ ਧਾਤੂਆਂ ਦੇ ਬਣੇ ਹੋਏ ਹਨ। ਇਹ ਉਹੀ ਧਾਤੂਆਂ ਹਨ, ਜਿਹੜੀਆਂ ਮੋਬਾਇਲਾਂ ਦੀ ਟੱਚ ਸਕਰੀਨ, ਚਾਰਜ ਕਰਨਯੋਗ ਬੈਟਰੀਆਂ ਅਤੇ ਸੋਲਰ ਪੈਨਲ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਵਿਗਿਆਨੀਆਂ ਵੱਲੋਂ ਇਨ੍ਹਾਂ ਪੱਥਰਾਂ ਨੂੰ ਬਾਹਰ ਕੱਢ ਕੇ ਅਤੇ ਲੈਬਾਰਟਰੀ ਵਿਚ ਤਜਰਬੇ ਕਰਨ ਤੋਂ ਬਾਅਦ ਇਹ ਪਤਾ ਲਗਾਇਆ ਗਿਆ ਹੈ ਕਿ ਇਨ੍ਹਾਂ ਵਿੱਚ ਬਿਜਲੀ ਦਾ ਕਰੰਟ ਮੌਜੂਦ ਹੁੰਦਾ ਹੈ। ਇੱਕ ਆਲੂ ਦੇ ਆਕਾਰ ਦਾ ਅਜਿਹਾ ਪੱਥਰ 0.95 ਵੋਲਟ ਬਿਜਲੀ ਪੈਦਾ ਕਰ ਸਕਦਾ ਹੈ। ਇਨ੍ਹਾਂ ਪੱਥਰਾਂ ਨੂੰ ਵਧੇਰੇ ਗਿਣਤੀ ਵਿੱਚ ਜੋੜ ਕੇ ਵੱਡੀ ਮਾਤਰਾ ਵਿੱਚ ਵੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।
ਵਿਗਿਆਨੀਆਂ ਨੇ ਪਾਣੀ ਹੇਠਲੇ ਬਹੁਧਾਤਵੀ ਪੱਥਰਾਂ ਨੂੰ ਭੂ–ਬੈਟਰੀਆਂ ਜਾਂ ਕੁਦਰਤੀ ਬੈਟਰੀਆਂ ਦਾ ਨਾਂ ਦਿੱਤਾ ਹੈ। ਇਹ ਪੱਥਰ ਸਮੁੰਦਰੀ ਪਾਣੀ ਨੂੰ ਬਿਜਲਈ ਵਿਧੀ ਨਾਲ ਤੋੜ ਕੇ ਹਾਈਡਰੋਜਨ ਅਤੇ ਆਕਸੀਜਨ ਗੈਸਾਂ ਪੈਦਾ ਕਰਦੇ ਹਨ। ਇਹੀ ਪੈਦਾ ਹੋਈ ਆਕਸੀਜਨ ਗੈਸ ਸਮੁੰਦਰੀ ਆਕਸੀਜਨ ਦਾ ਸ੍ਰੋਤ ਹੈ। ਇਨ੍ਹਾਂ ਖੋਜਾਂ ਰਾਹੀਂ ਉਕਤ ਵਿਗਿਆਨੀਆਂ ਨੇ ਇਹ ਸਬੂਤ ਦੇ ਦਿੱਤੇ ਹਨ ਕਿ ਸਾਡੇ ਗ੍ਰਹਿ ਉੱਤੇ ਪ੍ਰਕਾਸ਼ ਸੰਸਲੇਸ਼ਣ ਤੋਂ ਇਲਾਵਾ ਆਕਸੀਜਨ ਪ੍ਰਾਪਤੀ ਦੇ ਹੋਰ ਵੀ ਸਾਧਨ ਹਨ। ਵਿਗਿਆਨੀਆਂ ਵੱਲੋਂ ਕੁਦਰਤੀ ਭੂ–ਵਿਗਿਆਨ ਨਾਂ ਦੇ ਇੱਕ ਰਸਾਲੇ ਵਿੱਚ ਛਪੇ ਇੱਕ ਲੇਖ ਵਿੱਚ ਦੱਸਿਆ ਗਿਆ ਹੈ ਕਿ ਮੈਕਸੀਕੋ ਅਤੇ ਅਮਰੀਕਾ ਦੇ ਹਵਾਈ ਪ੍ਰਾਂਤ ਵਿਚਾਲੇ ਪ੍ਰਸ਼ਾਂਤ ਮਹਾਂਸਾਗਰ ਦਾ ਜੋ ਹਿੱਸਾ ਹੈ, ਉਸ ਦੇ 45 ਲੱਖ ਵਰਗ ਕਿਲੋਮੀਟਰ ਖੇਤਰ ਵਿਚ ਬਹੁਧਾਤਵੀ ਪੱਥਰ ਮੌਜੂਦ ਹਨ। ਇਹ ਪੱਥਰ ਪਿਛਲੇ ਲੰਮੇ ਸਮੇਂ ਤੋਂ ਆਕਸੀਜਨ ਗੈਸ ਪੈਦਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਵਿਗਿਆਨੀ ਪਿਛਲੇ ਦਸ ਸਾਲਾਂ ਤੋਂ ਸਮੁੰਦਰੀ ਤਲ ਉੱਤੇ ਵੱਖ–ਵੱਖ ਖੋਜਾਂ ਕਰ ਰਹੇ ਸਨ। ਇਹ ਸਮਝਣ ਦੀ ਲੋੜ ਹੈ ਕਿ ਅਸੀਂ ਜਿਵੇਂ–ਜਿਵੇਂ ਸਮੁੰਦਰ ਦੀ ਡੂੰਘਾਈ ਵਿੱਚ ਜਾਈ ਜਾਂਦੇ ਹਾਂ ਤਾਂ ਆਮ ਤੌਰ `ਤੇ ਆਕਸੀਜਨ ਦੀ ਮਾਤਰਾ ਘਟੀ ਜਾਂਦੀ ਹੈ; ਪਰ ਸਵੀਟਮੈਨ ਦੀ ਟੀਮ ਨੂੰ ਇਸ ਗੱਲ ਦੀ ਹੈਰਾਨੀ ਹੋਈ ਸੀ ਕਿ ਜਿਵੇਂ–ਜਿਵੇਂ ਉਹ ਪ੍ਰਸ਼ਾਂਤ ਮਹਾਂਸਾਗਰ ਦੇ ਹੇਠਾਂ ਜਾਂਦੇ ਸਨ ਤਾਂ ਉਨ੍ਹਾਂ ਨੂੰ ਆਕਸੀਜਨ ਦੀ ਮਾਤਰਾ ਵਧਦੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਸੀ। ਇਸੇ ਤੋਂ ਹੀ ਉਨ੍ਹਾਂ ਨੂੰ ਸਮੁੰਦਰੀ ਆਕਸੀਜਨ ਦੀ ਖੋਜ ਕਰਨ ਵਿੱਚ ਮਦਦ ਮਿਲੀ ਸੀ।
ਪ੍ਰਦੂਸ਼ਣ–ਰਹਿਤ ਹੈ ਸਮੁੰਦਰੀ ਆਕਸੀਜਨ: ਜ਼ਿਕਰਯੋਗ ਹੈ ਕਿ ਵਿਗਿਆਨੀ ਪਿਛਲੇ ਲੰਮੇ ਸਮੇਂ ਤੋਂ ਅਜਿਹੀ ਆਕਸੀਜਨ ਲੱਭਣ ਦੀ ਭਾਲ ਵਿੱਚ ਸਨ, ਜਿਸ ਨੁੰੂ ਪੈਦਾ ਕਰਨ ਦੌਰਾਨ ਕੋਈ ਪ੍ਰਦੂਸ਼ਣ ਪੈਦਾ ਨਾ ਹੁੰਦਾ ਹੋਵੇ। ਅਜਿਹੀ ਆਕਸੀਜਨ, ਜਿਸ ਨੂੰ ਪੈਦਾ ਕਰਨ ਵਿਚ ਸਾਡਾ ਆਲਾ–ਦੁਆਲਾ ਪ੍ਰਦiੂਸ਼ਤ ਨਹੀਂ ਹੁੰਦਾ, ਉਸ ਨੂੰ ਹਰੀ ਆਕਸੀਜਨ ਦਾ ਨਾਂ ਦਿੱਤਾ ਜਾਂਦਾ ਹੈ। ਸਵੀਟਮੈਨ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਇਸ ਖੋਜ ਨੇ ਪ੍ਰਦੂਸ਼ਣ–ਰਹਿਤ ਆਕਸੀਜਨ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ; ਭਾਵ ਸਮੁੰਦਰਾਂ ਤੋਂ ਮਿਲਦੇ ਇਨ੍ਹਾਂ ਪੱਥਰਾਂ ਦੀ ਮਦਦ ਨਾਲ ਆਕਸੀਜਨ ਤਿਆਰ ਕੀਤੀ ਜਾ ਸਕੇਗੀ, ਉਹ ਵੀ ਬਿਨਾਂ ਕਿਸੇ ਕਿਸਮ ਦੇ ਵਾਤਾਵਰਨੀ ਪ੍ਰਦੂਸ਼ਣ ਤੋਂ।
ਨਵੀਂ ਖੋਜ ਨਾਲ ਕਈ ਸਵਾਲਾਂ ਦੇ ਜਵਾਬ ਦੇਣਾ ਹੋਇਆ ਸੌਖਾ: ਪਿਛਲੇ ਲੰਮੇ ਸਮੇਂ ਤੋਂ ਜੋ ਕੁਝ ਸਵਾਲ ਵਿਗਿਆਨੀਆਂ ਲਈ ਰਹੱਸ ਹੀ ਬਣੇ ਹੋਏ ਸਨ, ਮੌਜੂਦਾ ਖੋਜ ਨੇ ਉਨ੍ਹਾਂ ਦੇ ਜਵਾਬ ਦੇਣੇ ਸੌਖੇ ਕਰ ਦਿੱਤੇ ਹਨ; ਜਿਵੇਂ ਕਿ ਧਰਤੀ ਉੱਤੇ ਸਭ ਤੋਂ ਪਹਿਲੇ ਜੀਵ ਦੇ ਪੈਦਾ ਹੋਣ ਦਾ ਵਿਸ਼ਾ ਲੰਮੇ ਸਮੇਂ ਤੋਂ ਦੁਨੀਆ ਭਰ ਦੇ ਵਿਗਿਆਨੀਆਂ ਲਈ ਬਹਿਸ ਦਾ ਵਿਸ਼ਾ ਬਣਿਆ ਹੋਇਆ ਸੀ। ਸਮੁੰਦਰ ’ਚ ਮਿਲੀ ਆਕਸੀਜਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਧਰਤੀ ਗ੍ਰਹਿ ਉੱਤੇ ਸਭ ਤੋਂ ਪਹਿਲੇ ਜੀਵ ਦੀ ਸ਼ੁਰੂਆਤ ਸਮੁੰਦਰ ਵਿੱਚ ਹੀ ਹੋਈ ਹੋਏਗੀ।
ਇਸੇ ਤਰ੍ਹਾਂ ਇਸ ਗੱਲ `ਤੇ ਵੀ ਵਾਦ–ਵਿਵਾਦ ਚੱਲਦਾ ਰਿਹਾ ਸੀ ਕਿ ਕੀ ਪਹਿਲੇ–ਪਹਿਲ ਦੇ ਜੀਵਾਂ ਦੇ ਜਿੳਂੂਦੇ ਰਹਿਣ ਲਈ ਆਕਸੀਜਨ ਜ਼ਰੂਰੀ ਸੀ ਜਾਂ ਫਿਰ ਉਹ ਜੀਵ ਆਕਸੀਜਨ ਤੋਂ ਬਗੈਰ ਹੀ ਜਿੳਂੂਦੇ ਰਹਿਣ ਦੇ ਯੋਗ ਸਨ? ਹੁਣ ਇਸ ਦਾ ਜਵਾਬ ਦਿੱਤਾ ਜਾ ਸਕਦਾ ਹੈ ਕਿ ਉਨ੍ਹਾਂ ਜੀਵਾਂ ਕੋਲ ਜਿਊਂਦੇ ਰਹਿਣ ਲਈ ਆਕਸੀਜਨ ਮੌਜੂਦ ਸੀ, ਇਸ ਕਰਕੇ ਇਸ ਦੇ ਸਹਾਰੇ ਹੀ ਉਹ ਜਿਊਂਦੇ ਰਹੇ ਹੋਣਗੇ।
ਪਹਿਲਾਂ ਇਹ ਪ੍ਰਸ਼ਨ ਕੀਤਾ ਜਾਂਦਾ ਸੀ ਕਿ ਕੀ ਧਰਤੀ ਉੱਤੇ ਆਕਸੀਜਨ ਨਾਲ ਸਾਹ ਲੈਣ ਵਾਲੇ ਜੀਵ–ਜੰਤੂ ਰੁੱਖਾਂ ਦੇ ਪੈਦਾ ਹੋਣ ਤੋਂ ਬਾਅਦ ਵਿੱਚ ਹੋਂਦ ਵਿੱਚ ਆਏ ਸਨ ਜਾਂ ਉਹ ਰੁੱਖਾਂ ਤੋਂ ਪਹਿਲਾਂ ਵੀ ਧਰਤੀ ਗ੍ਰਹਿ ਉੱਤੇ ਮੌਜੂਦ ਸਨ? ਹੁਣ ਇਸ ਦਾ ਜਵਾਬ ਦਿੱਤਾ ਜਾ ਸਕਦਾ ਹੈ, ਭਾਵ ਸਮੁੰਦਰ ਵਿਚਲੀ ਆਕਸੀਜਨ ਜੰਤੂਆਂ ਲਈ ਮੌਜੂਦ ਸੀ, ਇਸ ਲਈ ਜੀਵ–ਜੰਤੂਆਂ ਦਾ ਜਨਮ ਰੁੱਖਾਂ ਤੋਂ ਪਹਿਲਾਂ ਵੀ ਸੰਭਵ ਹੋ ਸਕਦਾ ਹੈ।

Leave a Reply

Your email address will not be published. Required fields are marked *