ਵਿਕਾਸ ਦਾ ਅਹਿਮ ਧੁਰਾ ਹੈ ਇੰਜੀਨੀਅਰਿੰਗ ਅਤੇ ਇੰਜੀਨੀਅਰਾਂ ਦਾ ਯੋਗਦਾਨ

ਆਮ-ਖਾਸ

ਇੰਜੀਨੀਅਰ ਸਤਨਾਮ ਸਿੰਘ ਮੱਟੂ*
ਫੋਨ: +91-9779708257
ਵਿਗਿਆਨ ਅਤੇ ਇੰਜੀਨੀਅਰਿੰਗ ਦੋਵੇਂ ਹੀ ਇੱਕ ਦੂਜੇ ਬਿਨ ਅਧੂਰੇ ਹਨ। ਵਿਗਿਆਨਕ ਖੋਜਾਂ ਨੂੰ ਮਨੁੱਖੀ ਜ਼ਿੰਦਗੀ ਦੀ ਵਰਤੋਂ ਅਨੁਕੂਲ ਅਤੇ ਦਿਲਕਸ਼ ਬਣਾਉਣ `ਚ ਇੰਜੀਨੀਅਰਿੰਗ ਦੀ ਮਹੱਤਤਾ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਵਿਗਿਆਨਕ ਖੋਜਾਂ ਨੂੰ ਲੋਕਾਂ ਦੀ ਸਹੂਲਤ ਯੋਗ ਬਣਾਉਣ `ਚ ਇੰਜੀਨੀਅਰਿੰਗ ਇੱਕ ਅਹਿਮ ਕੜੀ ਵਜੋਂ ਅਹਿਮ ਰੋਲ ਅਦਾ ਕਰਦੀ ਹੈ।

ਵਿਕਾਸ ਦਾ ਧੁਰਾ ਇੰਜੀਨੀਅਰਿੰਗ ਦਾ ਸੜਕਾਂ, ਨਹਿਰਾਂ, ਪੁਲ, ਵੱਡੇ ਵੱਡੇ ਮਹਿਲ, ਬਹੁਮੰਜ਼ਿਲਾ ਇਮਾਰਤਾਂ, ਜਲ ਸਪਲਾਈ, ਨਹਿਰੀ ਸਹੂਲਤਾਂ, ਡੈਮ, ਫਲਾਈਓਵਰ, ਅੰਡਰ ਬ੍ਰਿਜ, ਸੁਰੰਗਾਂ, ਹਵਾਈ ਜਹਾਜ਼, ਸਮੁੰਦਰੀ ਜਹਾਜ਼, ਪ੍ਰਿਟਿੰਗ ਪ੍ਰੈਸ, ਰੇਲਾਂ, ਬੱਸਾਂ, ਕਾਰਾਂ, ਸਕੂਟਰ, ਮੋਟਰਸਾਈਕਲ, ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਸਮਾਨ ਆਦਿ ਸਭ ਕਾਸੇ ਦੇ ਡਿਜ਼ਾਇਨ ਅਤੇ ਬਣਾਵਟ `ਚ ਇੰਜੀਨੀਅਰਿੰਗ ਦੀ ਮੁੱਖ ਭੂਮਿਕਾ ਅਤੇ ਇੰਜੀਨੀਅਰਿੰਗ ਦੇ ਪੈਮਾਨਿਆਂ ਦੀ ਮੁੱਖ ਭੂਮਿਕਾ ਹੁੰਦੀ ਹੈ।
ਮਨੁੱਖੀ ਜੀਵਨ ਨੂੰ ਸੌਖਾਲਾ ਅਤੇ ਆਰਾਮਦਾਇਕ ਸਹੂਲਤਾਂ ਪ੍ਰਦਾਨ ਕਰਨ ਪਿੱਛੇ ਇੰਜੀਨੀਅਰਾਂ ਦੀ ਕਰੜੀ ਅਣਥੱਕ ਮਿਹਨਤ, ਹੌਸਲਾ, ਦ੍ਰਿੜਤਾ, ਤਿਆਗ, ਦਿਆਨਤਦਾਰੀ, ਅਣਖਿੱਝ ਅਤੇ ਸਾਰਥਿਕ ਸਿਰਜਣਾਤਕ ਸੋਚ ਕੰਮ ਕਰਦੀ ਹੈ। ਦੁਨੀਆਂ ਨੂੰ ਆਪਸ ਵਿੱਚ ਜੋੜਨਾ ਤੇ ਇੱਕ ਦੂਜੇ ਦੇ ਨੇੜੇ ਲਿਆਉਣਾ ਇੰਜੀਨੀਅਰਾਂ ਦੀ ਮੁਸੱਲਸਲ ਮਿਹਨਤ ਦਾ ਸਿੱਟਾ ਹੈ ਅਤੇ ਅੱਜ ਹਜ਼ਾਰਾਂ ਮੀਲਾਂ ਦਾ ਸੜਕ, ਰੇਲ ਅਤੇ ਹਵਾਈ ਸਫ਼ਰ ਘੰਟਿਆਂ `ਚ ਪੂਰਾ ਹੋ ਜਾਂਦਾ ਹੈ। ਇੰਜੀਨੀਅਰਿੰਗ ਦੀ ਸੁਚੱਜੀ, ਸਾਰਥਕ, ਗੁਣਾਤਮਕ ਅਤੇ ਕਰੜੀ ਮਿਹਨਤ ਸਦਕਾ ਦੇਸ਼ਾਂ ਵਿੱਚ ਸੜਕਾਂ, ਰੇਲਾਂ ਅਤੇ ਹਵਾਈ ਰਸਤਿਆਂ ਦੇ ਜਾਲ ਵਿੱਚ ਗਏ ਹਨ, ਐਕਸੀਡੈਂਟ ਦੀ ਔਸਤ ਨੂੰ ਘਟਾਉਣ ਲਈ ਫਲਾਈਓਵਰਾਂ, ਅੰਡਰ ਪਾਸ ਆਦਿ ਦਾ ਨਿਰਮਾਣ ਕੀਤਾ ਗਿਆ ਹੈ। ਟ੍ਰੈਫਿਕ ਸਮੱਸਿਆ ਨੂੰ ਭਾਂਪਦਿਆਂ ਇੰਜੀਨੀਅਰਾਂ ਨੇ ਸੜਕਾਂ ਨੂੰ ਚਹੁ-ਮਾਰਗੀ, ਛੇ ਮਾਰਗੀ ਡਿਜ਼ਾਈਨ ਕਰਕੇ ਬਣਾ ਦਿੱਤਾ ਹੈ। ਫਲਾਈਓਵਰਾਂ ਦੇ ਦਿਲਕਸ਼ ਪਾਏਦਾਰ, ਉੱਚ ਪੱਧਰੀ ਡਿਜ਼ਾਈਨਾਂ ਨੇ ਜਿੱਥੇ ਦੇਸ਼ਾਂ ਦੀ ਖੂਬਸੂਰਤੀ `ਚ ਵਾਧਾ ਕੀਤਾ ਹੈ, ਉੱਥੇ ਵਿਕਾਸ ਨੇ ਇਨਸਾਨ ਦੇ ਮਨ ਨੂੰ ਚੌਂਕਾਅ ਦਿੱਤਾ ਹੈ। ਇੰਜੀਨੀਅਰਾਂ ਨੇ ਆਪਣੀ ਸਖ਼ਤ ਮਿਹਨਤ, ਜ਼ਿੱਦੀ ਹੌਸਲੇ ਅਤੇ ਦ੍ਰਿੜਤਾ ਨਾਲ ਪਹਾੜਾਂ ਦੇ ਸਿਖਰ ਅਤੇ ਸਮੁੰਦਰ ਦੇ ਪਾਣੀਆਂ ਦੀ ਹਿੱਕ ਚੀਰ ਕੇ ਸੜਕਾਂ ਅਤੇ ਰੇਲਾਂ ਇੱਕ ਤੋਂ ਦੂਜੇ ਕਿਨਾਰੇ `ਤੇ ਪਹੁੰਚਾ ਦਿੱਤੀਆਂ ਹਨ। ਇਸੇ ਦੀ ਉਦਾਹਰਣ ਇੰਡੋ-ਤਿੱਬਤੀਅਨ ਸੜਕ ਦੁਨੀਆਂ ਦੀ ਸਭ ਤੋਂ ਉੱਚੀ ਸੜਕ ਅਤੇ ਪਾਮਬਨ (ਮੰਡਾਪਾਮ ਤੋਂ ਰਮੇਸਪਰਮ) ਸਮੁੰਦਰ `ਚ ਰੇਲ ਟਰੈਕ 2.06 ਕਿਲੋਮੀਟਰ ਲੰਮਾ ਪੁਲ ਹਨ। ਭਾਰਤੀ ਕਸ਼ਮੀਰ ਦੇ ਬਾਰਾਮੂਲਾ ਤੋਂ ਕੰਨਿਆਕੁਮਾਰੀ ਤੱਕ ਰੇਲ ਮਾਰਗ ਦੀ ਸਥਾਪਨਾ ਇੱਕ ਇਤਿਹਾਸਕ ਮੀਲ ਪੱਥਰ ਹੈ। ਇਸੇ ਤਰ੍ਹਾਂ ਲੇਹ ਤੋਂ ਕੰਨਿਆਕੁਮਾਰੀ ਸੜਕ ਦਾ ਨਿਰਮਾਣ ਵੀ ਇੰਜੀਨੀਅਰਿੰਗ ਦੇ ਵਡਮੁੱਲੇ ਯੋਗਦਾਨ ਦਾ ਹਿੱਸਾ ਹੈ।
ਰੇਲਾਂ ਦੀ ਰਫ਼ਤਾਰ `ਚ ਵਾਧਾ ਕਰਨ ਲਈ ਡਬਲ ਟਰੈਕ ਬਣਾਉਣਾ, ਇੱਥੋਂ ਤੱਕ ਕਿ ਮਾਲ ਗੱਡੀਆਂ ਲਈ ਅਲੱਗ ਲਾਈਨਾਂ ਡਿਜ਼ਾਈਨ ਕਰਕੇ ਸਮੇਂ ਅਤੇ ਪਾਵਰ ਦੀ ਬੱਚਤ ਵਿੱਚ ਰਿਕਾਰਡ ਕਾਮਯਾਬੀ ਹਾਸਲ ਕੀਤੀ ਹੈ। ਪਹਾੜਾਂ ਤੇ ਛੋਟੀ ਪਟੜੀ ਦੀਆਂ ਟ੍ਰੇਨਾਂ ਚੜ੍ਹਾਅ ਕੇ ਇੰਜੀਨੀਅਰਿੰਗ ਨੇ ਕ੍ਰਿਸ਼ਮਈ ਕੰਮ ਕੀਤਾ ਹੈ। ਰਿਸ਼ੀਕੇਸ਼ ਤੋਂ ਕਰਣ ਪ੍ਰਯਾਗ ਤੱਕ ਅਤੇ ਕੀਰਤਪੁਰ ਸਾਹਿਬ ਤੋਂ ਲੇਹ ਤੱਕ ਰੇਲ ਪ੍ਰਾਜੈਕਟ ਦਾ ਚੱਲ ਰਿਹਾ ਕੰਮ ਇੰਜੀਨੀਅਰਿੰਗ ਦਾ ਬੇਹਤਰੀਨ ਕਾਰਜ ਬਣਨ ਜਾ ਰਿਹਾ ਹੈ।
ਸਮੁੰਦਰ ਵਿੱਚ ਪੁਲ ਬਣਾਉਣਾ, ਸਮੁੰਦਰਾਂ ਦੇ ਅੰਦਰ ਸੜਕਾਂ ਦਾ ਨਿਰਮਾਣ ਕਰਨਾ, ਪਹਾੜਾਂ ਦੀ ਛਾਤੀ `ਚ ਮੋਘੇ ਕਰਕੇ ਸੁਰੰਗਾਂ ਬਣਾ ਦੇਣੀਆਂ, ਨਦੀਆਂ ਦੇ ਕੰਢਿਆਂ `ਤੇ ਸੜਕਾਂ ਬਣਾਉਣਾ ਅਤੇ ਰੇਲ ਪਟੜੀਆਂ ਵਿਛਾਉਣਾ, ਪਹਾੜੀ ਖੇਤਰ `ਚ ਦੋ ਮੰਜ਼ਿਲਾ ਪੁਲ ਬਣਾ ਕੇ ਟ੍ਰੈਫਿਕ ਨੂੰ ਵਨ-ਵੇ ਕਰਨਾ, ਚੰਡੀਗੜ੍ਹ-ਮਨਾਲੀ ਚਹੁ ਮਾਰਗੀ ਸੜਕਾਂ ਦੇ ਨਿਰਮਾਣ ਨੂੰ ਲੋਕਾਈ ਨੂੰ ਸਮਰਪਿਤ ਕਰਨਾ ਇਹ ਵੀ ਇੰਜੀਨੀਅਰਿੰਗ ਦੇ ਹਿੱਸੇ ਹੀ ਆਇਆ ਹੈ। ਨਹਿਰ ਦੇ ਤੇਜ਼ ਵਹਾਅ `ਚ ਪੁਲ ਬਣਾ ਕੇ ਟ੍ਰੈਫਿਕ ਲੰਘਾਉਣਾ ਅਤੇ ਨਾਲ ਹੀ ਥੱਲਿਉਂ ਇਸੇ ਥਾਂ ਵਗਦਾ ਦਰਿਆ ਕੱਢਣਾ ਅਦਭੁਤ ਕਾਰਜ ਮਾਨਸਿਕ ਕਪਾਟ ਖੋਲ੍ਹਦਾ ਹੈ। ਅਜਿਹੇ ਅਲੌਕਿਕ ਕੰਮਾਂ ਵਾਲੇ ਇੰਜੀਨੀਅਰਿੰਗ ਦਿਮਾਗ ਦੇ ਕਮਾਲ ਨੂੰ ਦਾਦ ਦੇਣੀ ਅਤੇ ਸਲਿਊਟ ਕਰਨਾ ਬਣਦਾ ਹੈ।
ਪਹਾੜਾਂ ਨੂੰ ਕੱਟ ਕੇ, ਪੁਲ ਬਣਾ ਕੇ, ਸੁਰੰਗਾਂ ਬਣਾ ਕੇ ਇਨਸਾਨ ਦੀ ਹਰ ਥਾਂ ਸੌਖੀ ਪਹੁੰਚ ਇੰਜੀਨੀਅਰਿੰਗ ਨੇ ਹੀ ਬਣਾਈ ਹੈ।
ਦਰਿਆਵਾਂ `ਚ ਆਉਂਦੇ ਹੜ੍ਹਾਂ ਨੂੰ ਕਾਬੂ ਕਰਨ ਲਈ ਦਰਿਆਵਾਂ `ਤੇ ਡੈਮ ਦਾ ਨਿਰਮਾਣ ਕਰਕੇ ਹੜ੍ਹਾਂ ਨੂੰ ਕੰਟਰੋਲ ਕਰ ਦਿੱਤਾ ਅਤੇ ਨਹਿਰਾਂ ਰਾਹੀਂ ਪਾਣੀ ਨੂੰ ਖੇਤੀਬਾੜੀ ਦੀ ਵਰਤੋਂ ਲਈ ਯੋਗ ਬਣਾਉਣਾ, ਇਹ ਇੰਜੀਨੀਅਰਿੰਗ ਦਾ ਹੀ ਕਮਾਲ ਹੈ। ਇਸ ਤੋਂ ਇਲਾਵਾ ਡੈਮਾਂ ਤੋਂ ਬਿਜਲੀ ਪੈਦਾ ਕਰਕੇ ਹਰ ਘਰ ਵਿੱਚ ਰੋਸ਼ਨੀ ਇੰਜੀਨੀਅਰਿੰਗ ਨੇ ਫੈਲਾਈ ਹੈ। ਡੈਮਾਂ ਤੋਂ ਹਾਈ ਵੋਲਟੇਜ ਕਰੰਟ ਵਾਲ਼ੀਆਂ ਤਾਰਾਂ ਨੂੰ ਟਾਵਰਾਂ ਰਾਹੀਂ ਗਰਿੱਡਾਂ ਤੱਕ ਪਹੁੰਚਾਇਆ ਅਤੇ ਇੱਥੋਂ ਘਰਾਂ ਤੱਕ ਸਪਲਾਈ ਪਹੁੰਚਾਉਣਾ ਇੰਜੀਨੀਅਰਾਂ ਦੀ ਅਣਥੱਕ, ਕਰੜੀ ਮਿਹਨਤ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ।
ਖੁੱਲ੍ਹੀਆਂ ਗੱਡੀਆਂ ਅਤੇ ਗੱਡਿਆਂ ਨੂੰ ਏ.ਸੀ. ਸਹੂਲਤਾਂ ਨਾਲ ਲੈਸ ਕਰਨ, ਢੀਚਕ ਢੀਚਕ ਚਾਲ ਤੋਂ ਹਾਈ ਸਪੀਡ ਗੱਡੀਆਂ ਵਿੱਚ ਬਦਲਣ `ਚ ਇੰਜੀਨੀਅਰਿੰਗ ਦੀ ਮਿਹਨਤ ਨੂੰ ਦਾਦ ਅਤੇ ਸਲੂਟ ਹੈ। ਝੌਂਪੜੀਆਂ ਅਤੇ ਕੱਚੇ ਘਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਮਕਾਨਾਂ ਅਤੇ ਬਹੁਮੰਜ਼ਿਲਾ ਇਮਾਰਤਾਂ `ਚ ਤਬਦੀਲ ਕਰਨ `ਚ ਇੰਜੀਨੀਅਰਿੰਗ ਦੇ ਖੂਬਸੂਰਤ ਡਿਜ਼ਾਇਨ ਸੂਝਬੂਝ ਅਤੇ ਦਿਮਾਗ ਦੀ ਕਾਢ ਹੈ।
ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਆਮ ਲੋਕਾਂ ਦੇ ਘਰਾਂ ਤੱਕ ਪਹੁੰਚ ਲਈ ਪਾਈਪਾਂ ਦਾ ਜਾਲ ਵਿਛਾਉਣਾ ਅਤੇ ਆਸਮਾਨ ਛੂਹੰਦੀਆਂ ਟੈਂਕੀਆਂ ਦਾ ਨਿਰਮਾਣ ਕਰਕੇ ਗਰੂਤਾ ਪ੍ਰੈਸਰ ਰਾਹੀਂ ਪਾਣੀ ਛੱਡਣਾ, ਧਰਤੀ ਵਿੱਚੋਂ ਟਿਊਬਵੈੱਲਾਂ ਰਾਹੀਂ ਪਾਣੀ ਦੇ ਸੋਮਿਆਂ ਤੋਂ ਪਾਣੀ ਯੋਗ ਪਾਣੀ ਪ੍ਰਾਪਤ ਕਰਨਾ ਜਾਂ ਦਰਿਆਈ ਪਾਣੀ ਨੂੰ ਸੋਧ ਕਰਕੇ ਪੀਣ ਯੋਗ ਬਣਾਉਣਾ, ਫਲੋਰਾਈਡ, ਕਲੋਰਾਈਡ, ਆਰਸੈਨਿਕ ਰਿਮੂਵਲ ਪਲਾਂਟ ਆਦਿ ਇੰਜੀਨੀਅਰਿੰਗ ਦੀ ਹੀ ਦੇਣ ਹੈ। ਘਰਾਂ, ਫਲੈਟਾਂ, ਉਦਯੋਗਾਂ ਦੇ ਕੂੜੇ ਕਰਕਟ ਅਤੇ ਵਰਤੇ ਪਾਣੀ ਦੇ ਪ੍ਰਬੰਧਨ ਲਈ ਤਰੀਕਿਆਂ ਦੀ ਕਾਢ ਸੀਵਰੇਜ ਸਿਸਟਮ ਅਤੇ ਸੋਲਿਡ ਵੇਸਟ ਮੈਨੇਜਮੈਂਟ ਆਦਿ ਇੰਜੀਨੀਅਰਿੰਗ ਦੇ ਹੀ ਹਿੱਸੇ ਆਇਆ ਹੈ।
ਰਿਹਾਇਸ਼ੀ ਇਮਾਰਤਾਂ, ਟਾਵਰਾਂ, ਪੁਲਾਂ, ਬਹੁਮੰਜ਼ਿਲਾ ਇਮਾਰਤਾਂ ਆਦਿ ਨੂੰ ਭੂਚਾਲ, ਹੜ੍ਹ, ਤੂਫ਼ਾਨ, ਸਲਾਈਡਿੰਗ, ਖੋਰਾ, ਸਕਿਡਿੰਗ ਆਦਿ ਤੋਂ ਇੰਜਨੀਅਰਿੰਗ ਡਿਜ਼ਾਈਨ ਹੀ ਸੁਰੱਖਿਅਤ ਕਰਦਾ ਹੈ।
ਇੱਕ ਡਾਕਟਰ ਇਨਸਾਨ ਦੀ ਮਦਦ ਉਦੋਂ ਕਰਦਾ ਹੈ, ਜਦੋਂ ਦੁਰਘਟਨਾ ਵਾਪਰ ਜਾਂਦੀ ਹੈ, ਜਦਕਿ ਇੰਜੀਨੀਅਰ ਲੋਕਾਈ ਨੂੰ ਦੁਰਘਟਨਾ ਤੋਂ ਸੁਰੱਖਿਅਤ ਰੱਖਣ ਲਈ ਅਗੇਤ ਪ੍ਰਬੰਧਨ ਵਜੋਂ ਕੰਮ ਕਰਦਾ ਹੈ।
ਇੰਜੀਨੀਅਰਾਂ ਦੀ ਜ਼ਿੰਦਗੀ ਕਿਸੇ ਮਿਹਨਤਕਸ਼ ਅਤੇ ਤਪੱਸਵੀ ਦੀ ਜ਼ਿੰਦਗੀ ਤੋਂ ਕਿਤੇ ਘੱਟ ਨਹੀਂ ਹੁੰਦੀ, ਕਿਉਂਕਿ ਉਹ ਖਤਰਨਾਕ ਹਾਲਾਤਾਂ, ਔਖਿਆਲੀਆਂ ਭੂਗੋਲਿਕ ਪ੍ਰਸਥਿਤੀਆਂ, ਜ਼ਿੰਦਗੀ ਮੌਤ ਵਿਚਕਾਰਲੀਆਂ ਔਕੜਾਂ ਅਤੇ ਮੁਸੀਬਤਾਂ `ਚ ਵੀ ਆਪਣੇ ਕੰਮ ਪ੍ਰਤੀ ਸੁਹਿਰਦ, ਇਮਾਨਦਾਰ ਅਤੇ ਸਮਰਪਿਤ ਰਹਿੰਦੇ ਹੋਏ ਦ੍ਰਿੜਚਿੱਤ ਬੁਲੰਦ ਹੌਸਲੇ ਨਾਲ ਡਟੇ ਰਹਿੰਦੇ ਹਨ। ਝੱਖੜਾਂ, ਮੀਂਹ, ਹੜ੍ਹ, ਹਨੇਰੀ, ਤੂਫ਼ਾਨ, ਪਹਾੜਾਂ `ਚ ਢਿੱਗਾਂ ਡਿੱਗਣ, ਬੱਦਲ ਫਟਣ, ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਦਾ ਦੈਂਤ ਸਿਰ ਤੇ ਮੂੰਹ ਅੱਡੀ ਖੜ੍ਹਾ ਹੋਣ ਬਾਵਜੂਦ ਇੰਜੀਨੀਅਰ ਆਪਣੇ ਕੰਮ `ਚ ਸ਼ਿੱਦਤ ਅਤੇ ਮੁਸ਼ਤੈਦੀ ਨਾਲ ਮਸਰੂਫ਼ ਕਾਰਜ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰਨ ਲਈ ਦ੍ਰਿੜ ਵਿਸ਼ਵਾਸ ਹੁੰਦੇ ਹਨ। ਹਰ ਇਨਸਾਨ ਦਾ ਕੰਮਕਾਜ ਤੋਂ ਸੁਰੱਖਿਅਤ ਘਰ ਵਾਪਿਸੀ ਇੱਕ ਇੰਜੀਨੀਅਰ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਹੁੰਦਾ ਹੈ।

ਭਾਰਤ ਰਤਨ ਸਿਵਲ ਇੰਜੀਨੀਅਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ
ਭਾਰਤ ਵਿੱਚ 15 ਸਤੰਬਰ ਇੰਜੀਨੀਅਰ ਦਿਵਸ ਦੇ ਤੌਰ `ਤੇ ਸਰਕਾਰੀ ਪੱਧਰ `ਤੇ ਮਨਾਇਆ ਜਾਂਦਾ ਦਿਨ ਇੰਜੀਨੀਅਰਿੰਗ ਖੇਤਰ `ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਭਾਰਤ ਰਤਨ ਸਿਵਲ ਇੰਜੀਨੀਅਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦਾ ਜਨਮ ਦਿਨ ਨੂੰ ਸਮਰਪਿਤ ਹੁੰਦਾ ਹੈ। ਵਿਸ਼ਵੇਸ਼ਵਰਿਆ ਭਾਰਤ ਦੇ ਇੱਕ ਮਹਾਨ ਇੰਜੀਨੀਅਰ, ਉੱਘੇ ਵਿਦਵਾਨ ਅਤੇ ਹੁਨਰਮੰਦ ਸਿਆਸਤਦਾਨ ਸਨ। ਉਨ੍ਹਾਂ ਦਾ ਜਨਮ 15 ਸਤੰਬਰ 1861 ਨੂੰ ਮੈਸੂਰ (ਕਰਨਾਟਕ) ਦੇ ਕੋਲਾਰ ਜ਼ਿਲ਼ੇ ਵਿੱਚ ਪਿੰਡ ਮੁਡੇਨਾਹਾਲੀ ਵਿਖੇ ਵੇਨਕਾਟਾਲਾਕਸਮਾਮਾ ਅਤੇ ਮੋਕਸ਼ਗੁੰਡਮ ਸ੍ਰੀਨਿਵਾਸਾ ਸ਼ਾਸ਼ਤਰੀ ਦੇ ਘਰ ਗਰੀਬ ਬ੍ਰਾਹਮਣ ਪਰਿਵਾਰ `ਚ ਹੋਇਆ ਸੀ। ਉਨ੍ਹਾਂ ਨੇ ਬੀ.ਏ. ਆਰਟਸ ਕਰਨ ਤੋਂ ਬਾਅਦ ਕਾਲਜ ਆਫ ਸਾਇੰਸ ਪੂਨੇ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ।
ਉਨ੍ਹਾਂ ਨੂੰ ਕਿੰਗ ਜੋਰਜ ਪੰਜ ਦੁਆਰਾ ਬ੍ਰਿਟਿਸ਼ ਇੰਡੀਅਨ ਐਂਪਾਇਰ (ਕੇਸੀਆਈਈ) ਦੇ ਨਾਈਟ ਕਮਾਂਡਰ ਦੇ ਤੌਰ `ਤੇ ਆਮ ਲੋਕਾਂ ਦੇ ਭਲੇ ਲਈ ਯੋਗਦਾਨ ਪਾਉਣ ਲਈ ਚੁਣਿਆ ਗਿਆ ਸੀ। ਉਹ ਮੈਸੂਰ ਮਹਾਂਨਗਰ ਦੇ ਉੱਤਰ-ਪੱਛਮੀ ਉਪਨਗਰ ਦੇ ਅੰਦਰ ਕ੍ਰਿਸ਼ਨ ਰਾਜਾ ਸਾਗਾਰਾ ਡੈਮ ਦੇ ਮੁੱਖ ਇੰਜੀਨੀਅਰ ਸਨ ਅਤੇ ਉਨ੍ਹਾਂ ਇਸੇ ਤਰ੍ਹਾਂ ਹੈਦਰਾਬਾਦ ਦੇ ਕਸਬੇ ਲਈ ਹੜ੍ਹ ਸੁਰੱਖਿਆ ਪ੍ਰਣਾਲੀ ਦੇ ਕਈ ਮੁੱਖ ਇੰਜੀਨੀਅਰਾਂ ਵਿੱਚੋਂ ਇੱਕ ਵਜੋਂ ਕੰਮ ਕੀਤਾ ਹੈ। ਵਿਸ਼ਵੇਸ਼ਵਰਿਆ ਨੇ ਬੰਬੇ ਦੇ ਪਬਲਿਕ ਵਰਕਸ ਡਵੀਜ਼ਨ ਵਿੱਚ ਸਹਾਇਕ ਇੰਜੀਨੀਅਰ ਵਜੋਂ ਨੌਕਰੀ ਦੀ ਸ਼ੁਰੁਆਤ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇੰਡੀਅਨ ਸਿੰਚਾਈ ਫੀਸ ਨਾਲ ਜੁੜਨ ਲਈ ਬੁਲਾਇਆ ਗਿਆ। ਉਨ੍ਹਾਂ ਨੇ ਡੈੱਕਨ ਪਠਾਰ ਵਿੱਚ ਸਿੰਜਾਈ ਦੀ ਇੱਕ ਗੁੰਝਲਦਾਰ ਪ੍ਰਣਾਲੀ ਨੂੰ ਲਾਗੂ ਕੀਤਾ ਅਤੇ ਉਨ੍ਹਾਂ ਨੂੰ ਪੂਨੇ ਨਜ਼ਦੀਕ ਖੜਕਵਾਸਲਾ ਰਿਜ਼ਰਵਾਇਰ ਤੇ 1903 `ਚ ਲਗਾਏ ਗਏ ਪਹਿਲੇ ਆਟੋਮੈਟਿਕ ਵੇਅਰ ਵਾਟਰ ਫਲੋਗੇਟਸ ਪ੍ਰਣਾਲੀ ਨੂੰ ਡਿਜ਼ਾਈਨ ਕਰਨ ਦਾ ਸਰਕਾਰੀ ਅਧਿਕਾਰ ਦਿੱਤਾ ਗਿਆ ਸੀ। ਇਨ੍ਹਾਂ ਦਰਵਾਜ਼ਿਆਂ (ਫਲੋਗੇਟਸ) ਨੇ ਭੰਡਾਰਨ ਦੇ ਅੰਦਰ ਭੰਡਾਰਨ ਦੀ ਡਿਗਰੀ ਵਧਾ ਦਿੱਤੀ ਹੈ ਅਤੇ ਡੈਮ ਨੂੰ ਨੁਕਸਾਨ ਪਹੁੰਚਾਉਣ ਦੇ ਕਾਰਣ ਘਟਣ ਦੇ ਨਾਲ-ਨਾਲ ਸਭ ਤੋਂ ਉੱਤਮ ਡਿਗਰੀ ਤਕ ਸੁਰੱਖਿਅਤਾ ਜਾ ਸਕਦੀ ਹੈ। ਉਨ੍ਹਾਂ ਗੇਟਾਂ ਦੇ ਡਿਜ਼ਾਈਨ ਦੀ ਸਫਲਤਾ ਦੇ ਆਧਾਰ `ਤੇ ਬਹੁਤ ਸਾਰੇ ਡੈਮ ਬਣਾਏ ਗਏ, ਜਿਨ੍ਹਾਂ ਵਿੱਚ ਮੈਸੂਰ ਦਾ ਕ੍ਰਿਸ਼ਨਾ ਰਾਜਾ ਸਾਗਰ ਡੈਮ, ਗਵਾਲੀਅਰ ਦਾ ਟਾਈਗਰਾ ਡੈਮ ਸ਼ਾਮਲ ਹਨ। ਹੈਦਰਾਬਾਦ ਸ਼ਹਿਰ ਦੇ ਡਿਜ਼ਈਨ ਦਾ ਸਿਹਰਾ ਵੀ ਇੰਜੀਨੀਅਰ ਵਿਸ਼ਵੇਸ਼ਵਰਿਆ ਨੂੰ ਜਾਂਦਾ ਹੈ। ਉਨ੍ਹਾਂ ਵਿਸ਼ਾਖਾਪਟਨਮ ਬੰਦਰਗਾਹ ਨੂੰ ਸਮੁੰਦਰੀ ਖੁਰਨ ਤੋਂ ਬਚਾਉਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਸੀ।
ਐਮ. ਵਿਸ਼ਵੇਸ਼ਵਰਿਆ ਨੂੰ ਆਧੁਨਿਕ ਮੈਸੂਰ ਰਾਜ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਮੈਸੂਰ ਸਰਕਾਰ ਦੇ ਸਹਿਯੋਗ ਨਾਲ ਕਈ ਫੈਕਟਰੀਆਂ ਅਤੇ ਵਿਦਿਅਕ ਸੰਸਥਾਵਾਂ ਸਥਾਪਤ ਕੀਤੀਆਂ, ਖਾਸ ਕਰਕੇ ਮੈਸੂਰ ਸਾਬਣ ਫੈਕਟਰੀ, ਮੈਸੂਰ ਆਇਰਨ ਐਂਡ ਸਟੀਲ ਫੈਕਟਰੀ, ਸਟੇਟ ਬੈਂਕ ਆਫ ਮੈਸੂਰ, ਮੈਸੂਰ ਚੈਂਬਰਸ ਆਫ਼ ਕਾਮਰਸ ਅਤੇ 1917 `ਚ ਵਿਸ਼ਵੇਸ਼ਵਰਿਆ ਕਾਲਜ ਆਫ਼ ਇੰਜੀਨੀਅਰਿੰਗ ਬੰਗਲੌਰ। ਉਨ੍ਹਾਂ ਨੂੰ ਭਾਰਤ ਦੇ ‘ਪਹਿਲੇ ਇੰਜੀਨੀਅਰ’ ਹੋਣ ਦਾ ਵੀ ਮਾਣ ਪ੍ਰਾਪਤ ਹੈ।
ਇੱਕ ਇੰਜੀਨੀਅਰ ਲੋਕ ਭਲਾਈ ਦੀਆਂ ਉਨ੍ਹਾਂ ਚੀਜ਼ਾਂ ਦਾ ਨਿਰਮਾਣ ਕਰਦਾ ਹੈ, ਕੁਦਰਤ ਜਿਸਦਾ ਨਿਰਮਾਣ ਨਹੀਂ ਕਰਦੀ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ‘ਭਾਰਤ ਰਤਨ’ ਨਾਲ 1955 ਵਿੱਚ ਨਿਵਾਜਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਇੰਜੀਨੀਅਰਿੰਗ ਖੇਤਰ ਵਿੱਚ ਮਾਰੀਆਂ ਮੱਲਾਂ ਅਤੇ ਮੀਲ ਪੱਥਰਾਂ ਦੇ ਮੱਦੇਨਜ਼ਰ ਸਿਵਲ ਇੰਜੀਨੀਅਰਜ਼ ਦੀ ਲੰਡਨ ਸਥਾਪਨਾ ਦੀ ਆਨਰੇਰੀ ਮੈਂਬਰਸ਼ਿਪ ਮਿਲੀ। ਉਨ੍ਹਾਂ ਨੂੰ ਇੰਡੀਅਨ ਇੰਸਟੀਟਿਊਟ ਸਾਇੰਸ (ਬੰਗਲੌਰ) ਦੀ ਇੱਕ ਫੈਲੋਸ਼ਿਪ ਅਤੇ ਕਈ ਹੋਰ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।
ਉਹ ਅਖਬਾਰ ਪ੍ਰਜਾਵਨੀ ਦੇ ਆਧਾਰ `ਤੇ ਕਰਨਾਟਕ ਦੇ ਕਿਸੇ ਖਾਸ ਵਿਅਕਤੀ ਦੇ ਇਲਾਵਾ ਭਾਰਤੀ ਵਿਗਿਆਨ ਕਾਂਗਰਸ ਦੇ 1923 ਦੇ ਸੈਸ਼ਨ ਦੇ ਪ੍ਰਧਾਨ ਵੀ ਸਨ। ਅੰਤ 14 ਅਪਰੈਲ 1962 ਨੂੰ ਭਾਰਤ ਦਾ ਇਹ ਇੰਜੀਨੀਅਰ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਨ੍ਹਾਂ ਦੀ ਇੰਜਨੀਅਰਿੰਗ ਖੇਤਰ ਮਾਰੀਆਂ ਮੱਲਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਸਨਮਾਨ ਵਜੋਂ ਉਨ੍ਹਾਂ ਦੇ 15 ਸਤੰਬਰ ਜਨਮ ਦਿਨ ਨੂੰ 1968 ਵਿੱਚ ‘ਇੰਜੀਨੀਅਰ ਦਿਨ’ ਵਜੋਂ ਮਨਾਉਣ ਲਈ ਮੁਕੱਰਰ ਕਰ ਦਿੱਤਾ।
—-
(*ਉੱਪ ਮੰਡਲ ਇੰਜੀਨੀਅਰ, ਰੋਪੜ; ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ)

Leave a Reply

Your email address will not be published. Required fields are marked *