ਸੁਖਦੇਵ ਸਿੱਧੂ
ਦਲੀਪ ਸਿੰਘ ਦੀਆਂ ਤਿੰਨਾਂ ਧੀਆਂ `ਚੋਂ ਛੋਟੀ ਧੀ ਹੋਈ ਸੋਫ਼ੀਆ। ਇਹ ਲਾਡਲ਼ੀ ਸੀ, ਪਰ ਹੌਂਸਲੇ ਤੇ ਜੋਖ਼ਮ ਭਰੇ ਕੰਮ ਕਰਨ ਵਾਲ਼ੀ ਨਿਕਲੀ। ਮਲਿਕਾ ਵਿਕਟੋਰੀਆ ਨੇ ਇਸ ਨੂੰ ਧਰਮ ਪੁਤਰੀ ਬਣਾਇਆ ਹੋਇਆ ਸੀ ਅਤੇ ਰਿਸ਼ਤਾ ਨਿਭਾਇਆ ਵੀ। ਪਹਿਲ ਉਮਰੇ ਸੋਫ਼ੀਆ ਵਧੀਆ ਘੋੜ ਸਵਾਰ, ਫ਼ੋਟੋਗ੍ਰਾਫ਼ਰ ਤੇ ਹਾਕੀ ਦੀ ਖਿਡਾਰਨ ਸੀ। ਇਹਨੇ ਨਸਲੀ ਕੁੱਤਿਆਂ ਦੇ ਮੁਕਾਬਲੇ ’ਚੋਂ ਵੀ ਕਈ ਇਨਾਮ ਜਿੱਤੇ ਸੀ। ਫੈਸ਼ਨ ਦੀ ਦੁਨੀਆ ’ਚ ਇਹਦਾ ਨਾਂ ਸੀ।
ਜਦੋਂ ਇਹਦਾ ਕਾਇਆ ਕਲਪ ਹੋਇਆ ਤਾਂ ਪਹਿਲਾਂ ਇਹ ਖਲਾਸੀਆਂ (ਲਸ਼ਕਰ) ਦੇ ਭਲੇ ਲਈ ਕੰਮ ਕਰਨ ਲੱਗ ਪਈ। ਸੋਫ਼ੀਆ ਨੇ ਦੋ ਹੋਰ ਦੋਸਤਾਂ ਨਾਲ਼ ਰਲ਼ ਕੇ ਖ਼ਲਾਸੀਆਂ ਲਈ ਨਵੀਂ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ। ਇੰਗਲੈਂਡ ਦੀਆਂ ਬੰਦਰਗਾਹਾਂ `ਤੇ ਕੰਮ ਕਰਦੇ ਖਲਾਸੀਆਂ ਦੀ ਜ਼ਿੰਦਗ਼ੀ ਨਿਰ੍ਹਾ ਨਰਕ ਸੀ। ਜ਼ਿਆਦਾ ਕਰ ਕੇ ਖਲਾਸੀ ਪੰਜਾਬ, ਬੰਗਾਲ ਜਾਂ ਚੀਨ ਤੋਂ ਲਿਆਂਦੇ ਜਾਂਦੇ ਸੀ।
ਬਾਕੀ ਦੀ ਸਾਰੀ ਉਮਰ ਇਹਨੇ ਹਿੱਕ ਧੱਕਿਆਂ ਤੇ ਬੇਇਨਸਾਫ਼ੀ ਖ਼ਿਲਾਫ਼ ਲੜਦਿਆਂ ਲਾਈ। ਸੋਫ਼ੀਆ ਦਾ ਜੁੱਗਪਲਟਾਊ ਕੰਮ ਸੱਫ਼ਰਾਜੈੱਟ ਲਹਿਰ ਨੂੰ ਤਨੋਂ ਮਨੋਂ ਧਨੋਂ ਸਮਰਪਤ ਹੋਣਾ ਸੀ। ਲਹਿਰ ਦੀ ਜੱਦੋਜਹਿਦ ਅਨਿਆਂ, ਧੌਂਸ ਤੇ ਸਥਾਪਤੀ ਦੇ ਖ਼ਿਲਾਫ਼ ਸੀ। ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਨੇ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਲੈ ਕੇ ਨਵਾਂ ਇਤਿਹਾਸ ਸਿਰਜਿਆ ਸੀ।
ਪਹਿਲੀ ਆਲਮੀ ਜੰਗ `ਚ ਜ਼ਖ਼ਮੀ ਪੰਜਾਬੀ ਫ਼ੌਜੀ ਵਲੈਤ ਆਉਣ ਲੱਗੇ ਤਦ ਉਨ੍ਹਾਂ ਦੀ ਸੇਵਾ ਸੰਭਾਲ ਦਾ ਮਸਲਾ ਬਣ ਗਿਆ। ਇਹ ਮੂਹਰੇ ਹੋ ਕੇ ਉਨ੍ਹਾਂ ਦੀ ਮਦਦ ਲਈ ਬਹੁੜੀ; ਇਹਦੇ ਨਾਲ਼ ਹੌਲ਼ੀ-ਹੌਲ਼ੀ ਹੋਰ ਔਰਤਾਂ ਵੀ ਰਲ਼ ਗਈਆਂ। ਫੌਜੀਆਂ ਕੋਲ ਗਰਮ ਕੱਪੜੇ ਵੀ ਨਹੀਂ ਸੀ; ਇਹਨੇ ਉਨ੍ਹਾਂ ਲਈ ਗਰਮ ਕੱਪੜਿਆਂ ਦਾ ਬੰਦੋਬਸਤ ਕੀਤਾ ਸੀ; ਨਰਸ ਬਣ ਕੇ ਭਾਈਬੰਦਾਂ ਦੀ ਸੇਵਾ ਵੀ ਕੀਤੀ। ਜ਼ਖ਼ਮੀ ਫ਼ੌਜੀ, ਗੋਰਿਆਂ ਦੇ ਠੰਡੇ ਮੁਲਕ ’ਚ ਭਾਰਤੀ ਲਗਦੀ ਔਰਤ ਨੂੰ ਦੇਖ ਕੇ ਖ਼ੁਸ਼ ਹੁੰਦੇ।
ਸੱਫ਼ਰਾਜੈੱਟ ਜਥੇਬੰਦੀ ਲਈ ਪੈਸੇ ਆਪ ਵੀ ਦਿੰਦੀ ਰਹੀ ਤੇ ਫ਼ੰਡਾਂ ’ਚ ਵਾਧਾ ਕਰਨ ਲਈ ਕੇਕ ਬਣਾ ਬਣਾ ਕੇ ਵੀ ਵੇਚਦੀ ਸੀ। ਲਹਿਰ ਲਈ ਫ਼ੰਡ `ਕੱਠੇ ਕਰਨ ਲਈ ਮੀਟਿੰਗਾਂ ਕਰਦੀ। ਮੀਟਿੰਗਾਂ ਦੀ ਹਾਜ਼ਰੀ ’ਚ ਵਾਧਾ ਕਰਨ ਲਈ ਹੋਰ ਕਈ ਔਰਤਾਂ ਨੂੰ ਵੀ ਨਾਲ਼ ਲੈ ਕੇ ਪਹੁੰਚਦੀ। ਲਹਿਰ ਦੇ ਖਰਚ ਲਈ ਇੱਕ ਸਾਲ ਤਾਂ ਇਹਨੇ `ਕੱਲੀ ਨੇ ਹੀ ਪਚਵੰਜਾ ਪੌਂਡ ਦਿੱਤੇ ਸੀ; ਉਦੋਂ ਇਹ ਬਹੁਤ ਵੱਡੀ ਰਕਮ ਸੀ।
ਲਹਿਰ ਦੀ ਹਮਾਇਤ `ਚ ਜਦੋਂ ਜਲੂਸ ਨਿਕਲਦੇ ਤਾਂ ਇਹ ਆਪਣੀ ਘੋੜਾ ਗੱਡੀ ਦੇ ਆਲ਼ੇ-ਦੁਆਲ਼ੇ ਕਈ ਤਰ੍ਹਾਂ ਦੇ ਪੋਸਟਰ ਲਾ ਕੇ ਸ਼ਹਿਰ ਵਿੱਚ ਦੀ ਨਿਕਲ਼ਦੀ ਜਾਂ ਜਲੂਸਾਂ ਦੇ ਮੂਹਰੇ ਹੋ ਕੇ ਤੁਰਦੀ ਸੀ। ਸੋਫ਼ੀਆ ਲਹਿਰ ਦੀ ਮਦਦ ਲਈ ਅਦਾਲਤਾਂ ’ਚ ਵੀ ਜਾਂਦੀ ਰਹੀ, ਮੀਟਿੰਗਾਂ `ਚ ਵੀ ਜਾਂਦੀ ਅਤੇ ਹੈਂਪਟਨ ਕੋਰਟ ਮਹੱਲ ਦੇ ਐਨ ਸਾਹਮਣੇ ਲਹਿਰ ਦੇ ਪਰਚੇ ਵੇਚਦੀ ਰਹੀ। ਹੈਂਪਟਨ ਕੋਰਟ ਮਲਿਕਾ ਦੀ ਜਾਇਦਾਦ ਸੀ ਤੇ ਸ਼ਾਹੀ ਲੋਕਾਂ ਦੀ ਰਿਹਾਇਸ਼ਗਾਹ। ਇਹ ਆਪ ਵੀ ਏਥੇ ਹੀ ਰਹਿੰਦੀ ਸੀ।
ਸੱਫ਼ਰਾਜੈੱਟ `ਚ ਸਰਗਰਮ ਬੀਬੀਆਂ ਦਾ ਸਾਂਝਾ ਫ਼ੈਸਲਾ ਸੀ ਕਿ ਜਿੰਨਾ ਚਿਰ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਮਿਲਦਾ, ਓਨਾ ਚਿਰ ਕੋਈ ਨਾ ਟੈਕਸ ਦੇਵੇ, ਤੇ ਨਾ ਹੀ ਜ਼ੁਰਮਾਨਾ। ਇਹਨੇ ਬਣਦੇ ਟੈਕਸ ਦੇਣੇ ਬੰਦ ਕਰ ਦਿੱਤੇ। ਸਿੱਟੇ ਵਜੋਂ ਅਦਲਾਤ ਨੇ ਜ਼ੁਰਮਨਾ ਕਰ ਦਿੱਤਾ; ਜਦੋਂ ਉਹ ਵੀ ਨਾ ਦਿੱਤਾ ਤਾਂ ਕੁਰਕੀ ਵਾਲੇ ਓਨੇ ਮੁੱਲ ਦੀਆਂ ਵਸਤਾਂ ਲੈ ਗਏ। ਰੋਸ ਵਜੋਂ ਇਹਨੇ ਮਰਦਮਸ਼ੁਮਾਰੀ ਦੇ ਕਾਗ਼ਜ਼ ਫ਼ਾਰਮ ਬਿਨਾਂ ਭਰਿਆਂ ਹੀ ਮੋੜ ਦਿੱਤੇ। ਸਗੋਂ ਉੱਤੇ ਇਹ ਲਿਖ ਦਿੱਤਾ ਕਿ ‘ਜਦ ਔਰਤਾਂ ਦੀ ਕੋਈ ਵੁੱਕਤ ਹੀ ਨਹੀਂ ਹੈ ਤਾਂ ਉਹ ਜਨਗਣਨਾ ਕਿਸ ਲਈ ਕਰਾਉਣ! ਮੈਂ ਪੂਰੀ ਈਮਾਨਦਾਰੀ ਨਾਲ ਫ਼ਾਰਮ ਭਰਨ ਤੋਂ ਇਨਕਾਰ ਕਰਦੀ ਹਾਂ। ਹੇਠਾਂ ਆਪਣੇ ਦਸਤਖ਼ਤ ਕਰ ਦਿੱਤੇ ਸੀ- ਸੋਫ਼ੀਆ ਏ. ਦਲੀਪ ਸਿੰਘ।
ਇੱਕ ਵਾਰ ਤਾਂ ਇਹਨੇ ਪ੍ਰਧਾਨ ਮੰਤਰੀ ਉਤੇ ‘ਔਰਤਾਂ ਲਈ ਵੋਟ ਦੇ ਹੱਕ’ ਵਾਲ਼ੇ ਇਸ਼ਤਿਹਾਰ ਵੀ ਸੁੱਟੇ ਸੀ ਤੇ ਉਹਦੀ ਗੱਡੀ ਦੇ ਮੋਹਰੇ ਪੈਣ ਦੀ ਕੋਸਿਸ਼ ਕੀਤੀ ਸੀ। ਹਫੜਾ-ਦਫੜੀ ਮਚੀ ਤੇ ਪੁਲਿਸ ਨੇ ਇਹਨੂੰ ਫੜ ਲਿਆ। ਬਲੈਕ ਫ਼ਰਾਈਡੇ ਵਾਲ਼ੇ ਦਿਖਾਵੇ ’ਚ ਚਾਰ ਸੌ ਔਰਤਾਂ ਦੇ ਜਲੂਸ ਦੇ ਮੋਹਰੀਆਂ ’ਚ ਸੀ। ਇਹਦੀ ਰੀਝ ਸੀ ਕਿ ਪੁਲਿਸ ਇਹਨੂੰ ਫੜ ਕੇ ਜੇਲ੍ਹ ਕਰੇ ਤੇ ਇਹ ਅੰਦਰ ਭੁੱਖ ਹੜਤਾਲ ਕਰੇ। ਸਫ਼ਰਾਜੈੱਟ ਲਹਿਰ ਦੀਆਂ ਮੈਂਬਰ ਮੁਜ਼ਾਹਰਾ ਕਰਦੀਆਂ ਔਰਤਾਂ ਨੂੰ ਪੁਲਿਸ ਨੇ ਕੁੱਟ ਮਾਰ ਕੀਤੀ ਸੀ। ਇਹਦੀ ਸਹੇਲੀ ਨੂੰ ਪੁਲਿਸ ਨੇ, ਸਣੇ ਕਈ ਹੋਰ ਔਰਤਾਂ ਦੇ, ਬਹੁਤ ਮਾਰਿਆ-ਕੁੱਟਿਆ; ਇਹ ਆਪ ਪੁਲਸੀਏ ਮੂਹਰੇ ਜਾ ਖੜੀ ਹੋਈ। ਪੁਲਸੀਏ ਨੇ ਇਹਨੂੰ ਪਛਾਣ ਲਿਆ ਤੇ ਓਥੋਂ ਭੱਜ ਗਿਆ; ਪਰ ਇਹਨੇ ਉਸਦਾ ਨੰਬਰ (ਵੀ 700) ਨੋਟ ਕਰ ਲਿਆ। ਇਹਨੇ ਚਰਚਿਲ (ਉਦੋਂ ਗ੍ਰਹਿ ਮੰਤਰੀ) ਤੇ ਹੋਰਾਂ ਨੂੰ ਪੁਲਿਸ ਵਧੀਕੀਆਂ ਬਾਰੇ ਲਗਾਤਾਰ ਸਖ਼ਤ ਚਿੱਠੀਆਂ ਲਿਖ ਕੇ ਉਹਦਾ ਜੀਣਾ ਹਰਾਮ ਕਰੀ ਰੱਖਿਆ। ਇਸਦੇ ਦਬਾਅ ਕਾਰਨ ਅਖ਼ੀਰ ਚਰਚਿਲ ਨੂੰ ਔਰਤਾਂ ਖ਼ਿਲਾਫ਼ ਤਫ਼ਤੀਸ਼ ਬੰਦ ਕਰਨ ਲਈ ਮਜਬੂਰ ਹੋਣਾ ਸੀ।
ਲੋਕ ਹਿਤਾਂ ਨੂੰ ਪ੍ਰਣਾਈ ਸੋਫ਼ੀਆਂ ਸਾਰੀ ਉਮਰ ਕੁਆਰੀ ਰਹੀ। ਜੁਗਪਲਟਾਊ ਕੰਮ ਕਰਨ ਵਾਲ਼ੀ ਸੋਫ਼ੀਆ 25 ਅਗਸਤ 1947 ਨੂੰ ਪੂਰੀ ਹੋ ਗਈ। ਆਪਣੀ ਵਸੀਅਤ `ਚ ਹਿੰਦੂ, ਸਿੱਖ ਤੇ ਮੁਸਲਿਮ ਕੁੜੀਆਂ ਦੇ ਸਕੂਲਾਂ ਲਈ ਪੈਸੇ ਛੱਡ ਕੇ ਗਈ।
