ਸਿੱਖ ਰਾਜ ਅਤੇ ਕਾਂਗੜੇ ਦਾ ਕਿਲ੍ਹਾ

ਆਮ-ਖਾਸ

ਮਾਸਟਰ ਹਰੇਸ਼ ਕੁਮਾਰ
ਫੋਨ: +91-8360727221
ਕਾਂਗੜੇ ਦਾ ਕਿਲ੍ਹਾ ਦੁਨੀਆਂ ਦੇ ਸਭ ਤੋਂ ਪੁਰਾਣੇ ਕਿਲਿਆਂ ਵਿੱਚੋਂ ਹੈ। ਸਮੇਂ-ਸਮੇਂ ਉੱਤੇ ਕਈ ਦੇਸੀ ਅਤੇ ਵਿਦੇਸ਼ੀ ਹਾਕਮਾਂ ਨੇ ਇਸ ਕਿਲੇ੍ਹ ਉੱਤੇ ਹਕੂਮਤ ਕਾਇਮ ਕੀਤੀ। ਪੰਜਾਬ ਦੇ ਸਿੱਖਾਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਕਿਲੇ੍ਹ ਨੂੰ ਫਤਿਹ ਕਰ ਆਪਣੇ ਅਧੀਨ ਰੱਖਿਆ।

ਕਾਂਗੜਾ ਹਿਮਾਚਲ ਪ੍ਰਦੇਸ਼ ਦਾ ਕਿਲ੍ਹਾ ਕਾਂਗੜਾ ਸ਼ਹਿਰ ਦੇ ਨਜ਼ਦੀਕ ਸਥਿਤ ਹੈ। ਕਾਂਗੜਾ ਸ਼ਹਿਰ ਪਠਾਨਕੋਟ ਤੋਂ ਲੱਗਭਗ 100 ਕਿਲੋਮੀਟਰ ਦੂਰੀ ਉੱਤੇ ਹੈ। ਇਹ ਕਿਲ੍ਹਾ ਦੁਨੀਆਂ ਦੇ ਸਭ ਤੋਂ ਪੁਰਾਣੇ ਕਿਲਿ੍ਹਆਂ ਵਿੱਚ ਸ਼ਾਮਿਲ ਹੈ। ਇਹ ਸ਼ਹਿਰ ਰਾਜਾ ਭੂਮਚੰਦ ਨਾਲ ਸਬੰਧਤ ਹੈ। ਇਹ ਕਿਲ੍ਹਾ ਕਟੋਚ ਰਾਜਪੂਤ ਰਾਜਿਆਂ ਨਾਲ ਸਬੰਧਤ ਹੈ। ਇਸ ਕਿਲੇ੍ਹ ਉੱਤੇ ਤੁਰਕ, ਮੁਗਲ, ਗੋਰਖੇ, ਸਿੱਖ ਅਤੇ ਅੰਗਰੇਜ਼ਾਂ ਨੇ ਵੀ ਰਾਜ ਕੀਤਾ। ਇਸ ਕਿਲੇ੍ਹ ਨੂੰ ਹਿੰਦੂ ਰਾਜਾ ਸੁਸਰਮਾਚੰਦ ਨੇ 15ਵੀਂ ਸਦੀ ਵਿੱਚ ਬਣਾਇਆ ਸੀ। ਇਸ ਕਿਲੇ੍ਹ ਦਾ ਵਰਨਣ ਮਹਾਂਭਾਰਤ ਵਿੱਚ ਵੀ ਮਿਲਦਾ ਹੈ। ਸਿੰਕਦਰ ਦੇ ਹਮਲੇ ਸਮੇਂ ਵੀ ਇਹ ਕਿਲ੍ਹਾ ਇੱਥੇ ਮੌਜੂਦ ਸੀ। ਇਸ ਕਿਲੇ੍ਹ ਵਿੱਚ ਬਹੁਤ ਜ਼ਿਆਦਾ ਧਨ-ਦੌਲਤ ਕੀਮਤੀ ਸਮਾਨ ਸੀ। ਇਸ ਕਿਲੇ੍ਹ ਵਿੱਚ ਉਸ ਸਮੇਂ ਦੀ ਤਕਨੀਕ ਦਾ ਫੌਜੀ ਸਮਾਨ ਅਤੇ ਹਥਿਆਰ ਵੀ ਸਨ। ਧਨ-ਦੌਲਤ ਲੁੱਟਣ ਦੀ ਨੀਅਤ ਨਾਲ ਸਾਲ 1009 ਵਿੱਚ ਮਹਿਮੂਦ ਗਜਨਵੀਂ ਨੇ ਇਸ ਕਿਲੇ੍ਹ ਉੱਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਦਿੱਲੀ ਦੇ ਤੋਮਰ ਸ਼ਾਸਕਾਂ ਨੇ ਇਹ ਕਿਲ੍ਹਾ ਕਟੋਚ ਰਾਜਪੂਤ ਰਾਜਿਆਂ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਮੁਹੰਮਦ ਤੁਗਲਕ ਅਤੇ ਫਿਰੋਜ਼ਸ਼ਾਹ ਤੁਗਲਕ ਨੇ ਵੀ ਇਸ ਕਿਲੇ੍ਹ ਨੂੰ ਆਪਣੇ ਅਧੀਨ ਕਰ ਲਿਆ ਸੀ। ਅਕਬਰ ਨੇ ਰਾਜ ਸੰਭਾਲਣ ਉਪਰੰਤ ਇਹ ਕਿਲ੍ਹਾ ਰਾਜਪੂਤ ਰਾਜਾ ਧਰਮਚੰਦ ਨੂੰ ਫਿਰ ਸੌਂਪ ਦਿੱਤਾ ਸੀ।
ਇਸ ਤੋਂ ਬਾਅਦ ਮੁਗਲ ਬਾਦਸਾਹ ਜਹਾਂਗੀਰ ਨੇ ਇਹ ਕਿਲ੍ਹਾ ਰਾਜਪੂਤ ਰਾਜਿਆਂ ਤੋਂ ਖੋਹ ਲਿਆ ਅਤੇ ਆਪਣੇ ਅਧੀਨ ਕਰ ਲਿਆ। ਰਾਜਪੂਤ ਜਾਤੀ ਅਤੇ ਕਟੋਚ ਰਾਜਪੂਤ ਜਾਤੀ ਦੇ ਲੋਕ ਅਤੇ ਰਾਜੇ ਬਹੁਤ ਹੀ ਮਿਹਨਤੀ ਅਤੇ ਬਹਾਦੁਰ ਸਨ। ਇਨ੍ਹਾਂ ਰਾਜਪੂਤ ਕਟੋਚ ਰਾਜਿਆਂ ਨੇ ਸਮੇਂ-ਸਮੇਂ ਉੱਤੇ ਹਮਲਾਵਰਾਂ ਦੇ ਕਈ ਵਾਰ ਦੰਦ ਖੱਟੇ ਕੀਤੇ ਸਨ। ਹਿੰਦੂ ਧਰਮ ਅਤੇ ਹਿੰਦੂ ਸੱਭਿਆਚਾਰ ਨੂੰ ਬਚਾਈ ਰੱਖਣ ਲਈ ਇਤਿਹਾਸ ਵਿੱਚ ਇਨ੍ਹਾਂ ਦਾ ਅਹਿਮ ਯੋਗਦਾਨ ਹੈ। ਇਨ੍ਹਾਂ ਕਟੋਚ ਵੰਸ਼ ਰਾਜਿਆਂ ਦੇ ਭਾਰਤ ਦੇ ਹੋਰ ਰਿਆਸਤਾਂ ਦੇ ਰਾਜਿਆਂ ਨਾਲ ਵੀ ਗਹਿਰੇ ਸਬੰਧ ਸਨ, ਜਿਸ ਦੇ ਸਬੂਤ ਮੌਜੂਦ ਹਨ। ਜਹਾਂਗੀਰ ਦੇ ਰਾਜਕਾਲ ਵਿੱਚ ਕਿਲੇ੍ਹ ਅੰਦਰ ਜਹਾਂਗੀਰੀ ਦਰਵਾਜ਼ਾ ਅਤੇ ਮਸਜਿਦ ਵੀ ਬਣਾਈ ਗਈ ਸੀ। ਇਸ ਕਿਲੇ੍ਹ ਵਿੱਚ ਮੁਗਲਾਂ ਨਾਲ ਸਬੰਧਤ ਖਜੂਰਾਂ ਦੇ ਰੁੱਖ ਵੇਖਣ ਨੂੰ ਮਿਲਦੇ ਹਨ, ਜੋ ਅੱਜ ਵੀ ਕਿਲੇ੍ਹ ਦੇ ਅੰਦਰ ਅਤੇ ਬਾਹਰ ਮੌਜੂਦ ਹਨ। ਇਹ ਉਹ ਖਜੂਰਾਂ ਹਨ, ਜੋ ਵਿਦੇਸ਼ੀ ਹਮਲਾਵਰਾਂ ਦੇ ਇਲਾਕੇ ਵਿੱਚ ਹੁੰਦੀਆਂ ਸਨ ਅਤੇ ਉਨ੍ਹਾਂ ਦੀ ਫੌਜ ਇਨ੍ਹਾਂ ਖਜੂਰਾਂ ਦੇ ਫਲ ਦੀ ਵਰਤੋਂ ਯੁੱਧ ਸਮੇਂ ਅਤੇ ਸ਼ਾਂਤੀ ਕਾਲ ਵਿੱਚ ਕਰਦੀ ਸੀ। ਇਹ ਖਜੂਰਾਂ ਕਿਲੇ੍ਹ ਨੂੰ ਜਾਂਦੇ ਮੁੱਖ ਮਾਰਗ ਉੱਤੇ ਅੱਜ ਵੀ ਹਨ, ਜੋ ਮੁਗਲ ਕਾਲ ਦੇ ਹਮਲੇ ਦਾ ਸਬੂਤ ਹੈ।
ਇਸ ਕਿਲੇ੍ਹ ਨੇ ਇਤਿਹਾਸ ਦੇ ਕਈ ਉਤਰਾਅ-ਚੜ੍ਹਾਅ ਤੈਅ ਕੀਤੇ ਹਨ। ਕਿਲੇ੍ਹ ਦਾ ਨਿਰਮਾਣ ਪੁਰਾਤਨ ਕਾਲ ਵਿੱਚ ਹੀ ਸੁਰੱਖਿਆ ਨੂੰ ਅਹਿਮ ਰੱਖ ਕੇ ਬਣਾਇਆ ਗਿਆ ਹੈ। ਕਿਲੇ੍ਹ ਨੂੰ ਬਹੁਤ ਹੀ ਉੱਤਮ ਪੱਥਰ ਅਤੇ ਪੁਰਾਣੇ ਸਮੇਂ ਦੀ ਸੀਮੈਂਟ ਤਕਨੀਕ ਨਾਲ ਬਣਾਇਆ ਗਿਆ ਹੈ। ਇਸ ਕਿਲੇ੍ਹ ਨੂੰ ਲੈ ਕੇ ਕਈ ਹੋਰ ਛੋਟੇ-ਛੋਟੇ ਹਮਲੇ ਹਿੰਦੂ ਰਾਜਿਆਂ ਅਤੇ ਮੁਗਲਾਂ ਵਿੱਚ ਹੁੰਦੇ ਰਹੇ, ਪਰ ਕਿਲ੍ਹਾ ਮੁਗਲਾਂ ਅਧੀਨ ਹੀ ਰਿਹਾ। ਸਿੱਖ ਮਿਸਲ ਕਾਲ ਸਮੇਂ ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖ ਜੈ ਸਿੰਘ ਘਨੱਈਆ ਨੇ ਹਮਲਾ ਕਰਕੇ ਇਹ ਕਿਲਾ ਮੁਗਲਾਂ ਤੋਂ ਖੋਹ ਲਿਆ ਸੀ। ਜੈ ਸਿੰਘ ਘਨੱਈਆ ਨੇ ਇਹ ਕਿਲ੍ਹਾ ਮੁਗਲਾਂ ਤੋਂ ਖੋਹ ਕੇ ਫਿਰ ਕਟੋਚ ਵੰਸ਼ ਨੂੰ ਸੌਂਪ ਦਿੱਤਾ ਸੀ; ਕਿਉਂਕਿ ਪੰਜਾਬ ਦੇ ਸਿੱਖ, ਗੂਰੂਆਂ ਦੀ ਲੀਹ ਉੱਤੇ ਚਲਦੇ ਹਿੰਦੂ ਧਰਮ ਦੀ ਰੱਖਿਆ ਕਰਨਾ ਆਪਣਾ ਜੱਦੀ ਫਰਜ ਸਮਝਦੇ ਸਨ। ਇਸ ਤਰ੍ਹਾਂ ਲੰਬੀ ਗੁਲਾਮੀ ਤੋਂ ਬਾਅਦ ਇਹ ਕਿਲ੍ਹਾ ਫਿਰ ਹਿੰਦੂ ਰਾਜਿਆਂ ਕੋਲ ਆ ਗਿਆ ਸੀ। ਇਸ ਤੋਂ ਬਾਅਦ ਨੇਪਾਲ ਦੇ ਗੋਰਖਾ ਰਾਜਾ ਅਮਰ ਸਿੰਘ ਥਾਪਾ ਨੇ ਚਾਰ ਸਾਲ ਤੱਕ ਕਿਲ੍ਹੇ ਨੂੰ ਆਪਣੇ ਅਧੀਨ ਰੱਖਿਆ। ਫਿਰ ਹਿੰਦੂ ਕਟੋਚ ਰਾਜਪੂਤ ਰਾਜਿਆਂ ਨੇ ਸੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਕਿਲ੍ਹਾ ਖਾਲੀ ਕਰਵਾਉਣ ਲਈ ਫੌਜੀ ਸਹਾਇਤਾ ਮੰਗੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲੇ੍ਹ ਉੱਤੇ ਹੋਈ ਸੰਧੀ ਮੁਤਾਬਿਕ ਸਾਲ 1809 ਵਿੱਚ ਇਸ ਨੂੰ ਆਪਣੇ ਅਧੀਨ ਕਰ ਲਿਆ ਸੀ। ਇਸ ਕਿਲੇ੍ਹ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਨਿਰਮਾਣ ਦਾ ਕੰਮ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਨਾਂ ਉੱਤੇ ਬਣਿਆ ਦਰਵਾਜ਼ਾ/ਗੇਟ ਅੱਜ ਵੀ ਕਿਲੇ੍ਹ ਅੰਦਰ ਹੈ।
ਇਸ ਕਿਲੇ੍ਹ ਅੰਦਰ ਹੋਰ ਕਈ ਦਰਵਾਜ਼ੇ ਹਨ। ਜਿਹੜਾ ਵੀ ਰਾਜਾ ਇਸ ਕਿਲੇ੍ਹ ਨੂੰ ਆਪਣੇ ਅਧੀਨ ਕਰ ਲੈਂਦਾ ਸੀ, ਉਸ ਦਾ ਹੀ ਇਲਾਕੇ ਵਿੱਚ ਰਾਜ ਮੰਨ ਲਿਆ ਜਾਂਦਾ ਸੀ। ਇਸ ਲਈ ਕਿਲੇ੍ਹ ਉੱਤੇ ਕਬਜਾ ਕਰਨ ਲਈ ਦੇਸੀ-ਵਿਦੇਸ਼ੀ ਹਮਲੇ ਕਰਦੇ ਸਨ। ਸਾਲ 1846 ਤੱਕ ਇਹ ਕਿਲ੍ਹਾ ਪੰਜਾਬ ਦੇ ਸਿੱਖਾਂ ਅਧੀਨ ਹੀ ਰਿਹਾ। ਇਹ ਕਿਲ੍ਹਾ ਲੰਬਾ ਸਮਾਂ ਸਿੱਖ ਰਾਜ ਦਾ ਹਿੱਸਾ ਰਿਹਾ ਸੀ। ਕਿਲੇ੍ਹ ਦੇ ਅੰਦਰ ਮੰਦਿਰ, ਮਸਜੀਦ, ਜੇਲ੍ਹ, ਫਾਂਸੀ ਵਾਲਾ ਕਮਰਾ, ਖੂਹ, ਤਲਾਬ ਅਤੇ ਪਾਣੀ ਦੇ ਪ੍ਰਬੰਧ ਦੇ ਅਵਸ਼ੇਸ਼ ਅੱਜ ਵੀ ਵੇਖਣ ਨੂੰ ਮਿਲਦੇ ਹਨ। ਕਿਲੇ੍ਹ ਅੰਦਰ ਪੁਰਾਤਨ ਹਿੰਦੂ ਅਤੇ ਰਾਜਪੂਤ ਕਾਲ ਦੀ ਹਸਤ ਕਲਾ ਦੇ ਸੁੰਦਰ ਨਮੂਨੇ ਅੱਜ ਵੀ ਵੇਖਣ ਨੂੰ ਮਿਲਦੇ ਹਨ। ਕਿਲੇ੍ਹ ਅੰਦਰ ਹਿੰਦੂ ਦੇਵੀ-ਦੇਵਤਿਆਂ ਦੀਆਂ ਪੱਥਰਾਂ ਉੱਤੇ ਬਣੀਆਂ ਮੂਰਤੀਆਂ ਵੇਖਣ ਨੂੰ ਮਿਲਦੀਆਂ ਹਨ। ਕਲਾ ਦੇ ਕਈ ਸੁੰਦਰ ਨਮੂਨੇ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਕਿਲੇ੍ਹ ਅੰਦਰ ਮੌਜੂਦ ਹਨ। ਪੁਰਾਤਨ ਸਮੇਂ ਦੀ ਕਾਰੀਗਰੀ ਦਾ ਇਹ ਕਿਲ੍ਹਾ ਸੁੰਦਰ ਨਮੂਨਾ ਹੈ।
ਦੱਸਿਆ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਰਾਜਕਾਲ ਸਮੇਂ ਸਾਲ 1905 ਵਿੱਚ ਕਾਂਗੜੇ `ਚ ਬਹੁਤ ਵੱਡਾ ਭੂਚਾਲ ਆਇਆ ਸੀ ਅਤੇ ਕਿਲ੍ਹੇ ਦਾ ਕਾਫੀ ਹਿੱਸਾ ਢਹਿਢੇਰੀ ਹੋ ਗਿਆ ਸੀ। ਇਹ ਕਿਲ੍ਹਾ ਉੱਚੀ ਪਹਾੜੀ ਉੱਤੇ ਬਹੁਤ ਹੀ ਸੁੰਦਰ ਨਿਰਮਾਣ ਤਕਨੀਕ ਨਾਲ ਬਣਾਇਆ ਗਿਆ ਹੈ। ਸਾਲ 1907 ਵਿੱਚ ਕਿਲੇ੍ਹ ਦੇ ਉਸ ਭਾਗ ਨੂੰ ਫਿਰ ਮੁਰੰਮਤ ਕੀਤਾ ਗਿਆ ਸੀ, ਜੋ ਭੂਚਾਲ ਕਾਰਨ ਢਹਿ ਗਿਆ ਸੀ। ਇਸ ਦੇ ਸਬੂਤ ਕਿਲੇ੍ਹ ਅੰਦਰ ਲੱਗੇ ਨੀਂਹ ਪੱਥਰਾਂ ਤੋਂ ਮਿਲਦੇ ਹਨ। ਕਿਲੇ ਦੇ ਦੋਹੀਂ ਪਾਸੀਂ ਕੁਦਰਤੀ ਦਰਿਆ ਹੈ। ਅੱਜ ਵੀ ਹਜ਼ਾਰਾਂ ਲੋਕ, ਸਕਾਲਰ, ਇਤਿਹਾਸ ਪ੍ਰੇਮੀ, ਯਾਤਰੀ ਅਤੇ ਸਕੂਲ ਵਿਦਿਆਰਥੀ ਇਸ ਕਿਲੇ੍ਹ ਨੂੰ ਵੇਖਣ ਜਾਂਦੇ ਹਨ। ਕਿਲੇ੍ਹ ਦੇ ਆਸ-ਪਾਸ ਬਹੁਤ ਹੀ ਸੁੰਦਰ ਮਨਮੋਹਕ ਕੁਦਰਤੀ ਦ੍ਰਿਸ਼ ਵੇਖਣ ਨੂੰ ਮਿਲਦਾ ਹੈ। ਇਹ ਕਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਵਿੱਚ ਪੁਰਾਤਨ, ਮੱਧਵਰਤੀ ਅਤੇ ਆਧੁਨਿਕ ਇਤਿਹਾਸ ਨੂੰ ਸਾਂਭੀ ਬੈਠਾ ਹੈ। ਇਹ ਕਿਲ੍ਹਾ ਹਿੰਦੂ-ਸਿੱਖ ਭਾਈਚਾਰਾ ਅਤੇ ਪੰਜਾਬ ਦੀ ਸਾਂਝ ਨੂੰ ਸੰਭਾਲੀ ਬੈਠਾ ਹੈ। ਇਹ ਕਿਲ੍ਹਾ ਪੰਜਾਬ ਦੇ ਸਿੱਖ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦਾ ਇਤਿਹਾਸ ਸੰਭਾਲੀ ਬੈਠਾ ਹੈ।

Leave a Reply

Your email address will not be published. Required fields are marked *