ਗੱਲਾਂ ’ਚੋਂ ਗੱਲ
ਨੁਜ਼ਹਤ ਅੱਬਾਸ
ਐਵੇਂ ਦਿਲ ਨੂੰ ਪਰਚਾਵਣ ਵਾਲੀ ਗੱਲ ਏ ਭਲਾ ਪੰਜਾਬੀ ਬੋਲੀ ਕਿੰਜ ਬਚ ਸਕਦੀ ਏ, ਜੇ ਇਹਨੂੰ ਕੋਈ ਬੋਲੇਗਾ ਈ ਨਹੀਂ? ਮੈਂ ਹਰ ਦਿਨ ਕਈ ਪੰਜਾਬੀ ਮਾਵਾਂ ਨੂੰ ਮਿਲਦੀ ਆਂ ਜਿਹੜੀਆਂ ਵੱਧ ਚੜ੍ਹ ਕੇ ਆਖਦੀਆਂ ਨੇਂ ਸਾਡੇ ਵੱਡੇ ਪੰਜਾਬੀ ਬੋਲਦੇ ਸਨ, ਪਰ ਅਸੀਂ ਆਪਸ ਵਿੱਚ ਉਰਦੂ ਬੋਲਦੇ ਆਂ ਤੇ ਸਾਡੇ ਬੱਚੇ ਮਾਸ਼ਾਆੱਲਾ ਅੰਗਰੇਜ਼ੀ। ਸੱਚ ਏ ਕਿ ਹੁਣ ਤੇ ਆਪਣੇ ਘਰਾਂ ਦੇ ਸਭੇ ਬਾਲ ਤੇ ਉਨ੍ਹਾਂ ਦੀਆਂ ਮਾਵਾਂ ਵੀ ਇੱਕ ਦੂਜੇ ਨਾਲ਼ ਆਪਣੀ ਬੋਲੀ ਵਿੱਚ ਗੱਲ ਨਹੀਂ ਕਰਦੇ। ਉਤੋਂ ਮੇਰਾ ਪੰਜਾਬੀ ਬੋਲਣਾ ਵੀ ਸਭ ਨੂੰ ਕੁੱਝ ਚੰਗਾ ਨਹੀਂ ਲਗਦਾ ਕਿਉਂ ਜੇ ਇਹ ਬੋਲੀ ਮਾਵਾਂ ਘਰ ਵਿੱਚ ਕੰਮ ਕਰਨ ਵਾਲਿਆਂ ਨੌਕਰਾਂ ਨਾਲ਼ ਬੋਲਦੀਆਂ ਨੇਂ। ਹੁਣ ਪੰਜਾਬੀ ਨੌਕਰਾਂ ਦੀ ਬੋਲੀ ਬਣ ਕੇ ਰਹਿ ਗਈ ਏ, ਮਾਵਾਂ ਦੀ ਨਹੀਂ। ਮਾਵਾਂ ਦੇ ਹੱਥੋਂ ਉਨ੍ਹਾਂ ਦਾ ਆਪਣੀ ਬੋਲੀ ਨਾਲ਼ ਮਤਰੇਈਆਂ ਵਾਲਾ ਸਲੂਕ ਵੇਖ ਕੇ ਮੇਰਾ ਦਿਲ ਬੜਾ ਕੁੜ੍ਹਦਾ ਏ।
ਏਸ ਸਮਾਜੀ ਊਂਚ-ਨੀਚ ਤੇ ਸਿਆਸਤਾਂ ਨੇ ਸਭੇ ਪੰਜਾਬੀਆਂ ਨੂੰ ਇਹ ਈ ਸਬਕ ਪੜ੍ਹਾਇਆ ਕਿ ਪੜ੍ਹਿਆ-ਲਿਖਿਆ ਬੰਦਾ ਉਰਦੂ, ਅੰਗਰੇਜ਼ੀ ਬੋਲਦਾ ਏ, ਪੰਜਾਬੀ ਨਹੀਂ। ਇਹੋ ਤੇ ਵਜ੍ਹਾ ਏ ਕਿ ਜਦੋਂ ਦਾ ਪਾਕਿਸਤਾਨ ਬਣਿਆ ਏ, ਅਸੀਂ ਸਾਰੇ ਪੜ੍ਹੇ-ਲਿਖੇ ਬਣਨ ਦੀ ਕੋਸ਼ਿਸ਼ ਕਰ ਰਹੇ ਆਂ। ਸਕੂਲ ਕਾਲਜ, ਅਖ਼ਬਾਰ, ਰਸਾਲੇ, ਕਿਤਾਬਾਂ, ਟੀ ਵੀ, ਰੇਡੀਓ, ਬਾਜ਼ਾਰ, ਮਾਰਕਿਟਸ, ਆਂਢ-ਗਵਾਂਢ , ਰਿਸ਼ਤੇਦਾਰ ਤੇ ਪੱਕੇ ਦੋਸਤਾਂ ਦੇ ਨਾਲ਼ ਨਾਲ਼ ਘਰਾਂ ਵਿੱਚ ਵੀ ਓਪਰੀਆਂ ਬੋਲੀਆਂ ਬੋਲਦੇ ਆਂ। ਉਂਜ ਤੇ ਜੱਗ ਦੀਆਂ ਸੱਭੇ ਬੋਲੀਆਂ ਚੰਗੀਆਂ ਈ ਹੁੰਦੀਆਂ ਨੇਂ ਤੇ ਉਨ੍ਹਾਂ ਨੂੰ ਸਿੱਖਣਾ ਵੀ ਚਾਹੀਦਾ ਏ, ਪਰ ਆਪਣੀ ਮਾਂ ਦੀ ਬੋਲੀ ਨੂੰ ਭੁੱਲ ਕੇ ਕੋਈ ਵੀ ਹੋਰ ਬੋਲੀ ਕਿਵੇਂ ਸਿੱਖੀ ਜਾ ਸਕਦੀ ਏ? ਇਹ ਮੇਰੀ ਸਮਝ ਤੋਂ ਬਾਹਰ ਏ।
ਇਹ ਵੀ ਕੌੜਾ ਸੱਚ ਏ ਕਿ ਸਾਡੇ ਸਕੂਲਾਂ ਵਿੱਚ ਪੰਜਾਬੀ ਬੋਲਣ ਵਾਲੇ ਬਾਲਾਂ ਨੂੰ ਜੁਰਮਾਨਾ ਕੀਤਾ ਜਾਂਦਾ ਏ ਤੇ ਕੁੱਟ ਵੀ ਪੈਂਦੀ ਏ। ਜਿੱਥੇ ਤਾਲੀਮੀ ਇਦਾਰਿਆਂ ਵਿੱਚ ਬੋਲੀ ਨਾਲ਼ ਇਹ ਸਲੂਕ ਹੋਵੇਗਾ, ਓਥੇ ਮਾਵਾਂ ਤੇ ਬੱਚੇ ਕੀ ਕਰਨਗੇ? ਇਹ ਵੱਖਰੀ ਗੱਲ ਏ ਕਿ ਸਾਡੇ ਉਸਤਾਦ ਤੇ ਲੀਡਰ ਇਹ ਜਾਣਨਾ ਈ ਨਹੀਂ ਚਾਹੁੰਦੇ ਕਿ ਦੁਨੀਆ ਭਰ ਵਿੱਚ ਖੋਜ ਰਾਹੀਂ ਇਹ ਗੱਲ ਸਾਮ੍ਹਣੇ ਆ ਚੁੱਕੀ ਏ ਕਿ ਬਾਲਾਂ ਦੇ ਚੰਗੇ ਭਲਕ ਲਈ ਮਾਂ ਦੀ ਬੋਲੀ ਸਭ ਤੋਂ ਕੀਮਤੀ ਤੇ ਜ਼ਰੂਰੀ ਏ। ਜੇ ਮਾਂ ਪਿਓ ਆਪਣੇ ਬਾਲਾਂ ਦਾ ਭਲਕ ਚਾਨਣ ਭਰਿਆ ਬਨਾਣਾ ਚਾਹੁੰਦੇ ਨੇਂ ਤੇ ਉਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਏ ਕਿ ਮਾਂ ਦੀ ਬੋਲੀ ਨਿੱਕੇ ਬਾਲ ਦੀ ਬੁਨਿਆਦ ਨੂੰ ਪੱਕਾ ਕਰਦੀ ਏ ਤੇ ਹਯਾਤੀ ਦੇ ਇਲਮ ਨਾਲ਼ ਰਿਸ਼ਤਾ ਜੋੜਦੀ ਏ।
ਸਾਡੇ ਘਰ ਵਿੱਚ ਹੁਣ ਇੱਕ ਈ ਬਾਬਾ ਜੀ ਰਹਿ ਗਏ ਨੇਂ, ਜਿਹੜੇ ਹਮੇਸ਼ ਆਪਣੀ ਹੱਡਵਰਤੀ ਸਭ ਨੂੰ ਪੰਜਾਬੀ ਵਿੱਚ ਸੁਣਾਉਣ ਤੇ ਮਾਂ ਬੋਲੀ ਦੀ ਕਦਰ ਵਧਾਉਣ ਵਿੱਚ ਜੀ ਜਾਨ ਨਾਲ਼ ਲੱਗੇ ਰਹਿੰਦੇ ਨੇਂ। ਪੂਰਾ ਟੱਬਰ ਉਨ੍ਹਾਂ ਦੀ ਏਸ ਆਦਤ ਨੂੰ ਪਸੰਦ ਕਰਦਾ ਏ, ਪਰ ਫ਼ਿਰ ਵੀ ਪੰਜਾਬੀ ਬੋਲਣ ਵਿੱਚ ਮਾਵਾਂ ਤੇ ਬਾਲ ਸ਼ਰਮਾਂਦੇ ਨੇਂ। ਮੈਨੂੰ ਤੇ ਇਹ ਪ੍ਰੇਸ਼ਾਨੀ ਏ ਕਿ ਇਹ ਬਜ਼ੁਰਗ ਵੀ ਅੱਜ ਕੱਲ੍ਹ ਬਿਮਾਰ ਨੇਂ, ਜੇ ਇਨ੍ਹਾਂ ਨੂੰ ਕੁੱਝ ਹੋ ਗਿਆ ਤੇ ਸਾਡੇ ਟੱਬਰ ਦਾ ਕੀ ਬਣੇਗਾ?
ਪਿੱਛੇ ਜਿਹੇ ਮੈਂ ਪ੍ਰਦੇਸੋਂ ਬਜ਼ੁਰਗਾਂ ਦੀ ਖ਼ਬਰ ਲੈਣ ਗਈ ਤੇ ਬਹੁਤਾ ਵੇਲ਼ਾ ਉਨ੍ਹਾਂ ਕੋਲ਼ ਹਸਪਤਾਲ ਈ ਰਹੀ। ਓਥੇ ਮੈਨੂੰ ਬਹੁਤ ਕੁੱਝ ਨਵਾਂ ਜਾਨਣ ਦਾ ਤਜਰਬਾ ਹੋਇਆ। ਮੇਰੇ ਲਈ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਦੋਂ ਕੋਈ ਬਜ਼ੁਰਗਾਂ ਨੂੰ ਹਾਲ-ਚਾਲ ਪੁੱਛਦਾ ਤੇ ਬਜ਼ੁਰਗ ਕਹਿ ਦਿੰਦੇ ਭਈ ਮੇਰਾ ਹਾਲ ਪੁੱਛਣ ਆਏ ਓ ਕਿ ਕਿਸੇ ਅੰਗਰੇਜ਼ ਦਾ? ਇਹ ਸੁਣ ਕੇ ਸਭ ਹੱਸਦੇ ਤੇ ਪੰਜਾਬੀ ਵਿੱਚ ਉਤਰ ਆਉਂਦੇ। ਡਾਕਟਰ ਕੀ ਤੇ ਨਰਸਾਂ ਕੀ- ਸਭ ਦੇ ਸਭ ਨੂੰ ਪੰਜਾਬੀ ਬੋਲਣੀ ਪੈ ਰਹੀ ਸੀ, ਨਹੀਂ ਤੇ ਬਜ਼ੁਰਗ ਜਵਾਬ ਈ ਨਹੀਂ ਸੀ ਦਿੰਦੇ। ਮੇਰੇ ਲਈ ਇਹ ਹੋਰ ਵੀ ਖ਼ੁਸ਼ੀ ਦੀ ਗੱਲ ਸੀ ਕਿ ਘਰ ਦੇ ਸਭ ਨਿੱਕੇ-ਵੱਡੇ ਬਾਲ ਵੀ ਬਜ਼ੁਰਗਾਂ ਨਾਲ਼ ਪੰਜਾਬੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ। ਮੈਂ ਬਾਲਾਂ ਨੂੰ ਪਹਿਲੀ ਵਾਰੀ ਪੰਜਾਬੀ ਬੋਲਦਿਆਂ ਸੁਣਿਆ ਸੀ। ਉਨ੍ਹਾਂ ਦੇ ਮੁੱਖੋਂਂ ਪੰਜਾਬੀ ਬੋਲੀ ਬੜੀ ਸੋਹਣੀ ਤੇ ਮਿੱਠੀ ਲੱਗੀ ਅਤੇ ਮੈਂ ਖ਼ੁਸ਼ ਹੋ ਕੇ ਆਖਿਆ ਭਈ ਤੁਸੀਂ ਸਭ ਮੇਰੇ ਨਾਲ਼ ਵੀ ਪੰਜਾਬੀ ਵਿੱਚ ਗੱਲ ਕਰਿਆ ਕਰੋ ਨਾ। ਇਹ ਸੁਣ ਕੇ ਸਭ ਹੱਸਣ ਲੱਗ ਪਏ ਜਿਵੇਂ ਮੈਂ ਕੋਈ ਲਤੀਫ਼ਾ ਸੁਣਾਇਆ ਹੋਏ। ਮੈਨੂੰ ਇਹ ਪੱਕ ਹੋ ਗਿਆ ਕਿ ਬਜ਼ੁਰਗਾਂ ਮਗਰੋਂ ਕਿਸੇ ਪੰਜਾਬੀ ਨਹੀਂ ਬੋਲਣੀ। ਮੈਂ ਆਪਣੇ ਬਾਬੇ ਦੇ ਕੰਨ ਵਿੱਚ ਹੌਲੀ ਜਈ ਆਖਿਆ, ਬਜ਼ੁਰਗੋ ਪੰਜਾਬੀ ਬਚਾਉਣ ਲਈ ਤੁਹਾਨੂੰ ਜਿਉਂਦੇ ਰਹਿਣਾ ਪਵੇਗਾ। ਉਨ੍ਹਾਂ ਹੰਝੂ ਪੂੰਝਦਿਆਂ ਆਖਿਆ, “ਮੈਂ ਸੁੱਕਾ ਰੁੱਖ ਹੁਣ ਬਹੁਤੀ ਦੇਰ ਛਾਂ ਨਹੀਂ ਦੇ ਸਕਨਾਂ, ਬੋਲੀ ਬਚਾਉਣ ਲਈ ਮੇਰਾ ਕੰਮ ਤੂੰ ਸੰਭਾਲ ਤੇ ਫ਼ਿਰ ਤੇਰਾ ਕੰਮ ਤੇਰੀ ਧੀ, ਇੰਜ ਈ ਬੋਲੀ ਬਚ ਸਕਦੀ ਏ।”
ਮੈਂ ਇਹ ਸੁਣ ਕੇ ਸੋਚੀਂ ਪੈ ਗਈ, ਮੈਨੂੰ ਉਹ ਸਭ ਸੰਗੀ ਸਾਥੀ ਯਾਦ ਆ ਗਏ, ਜਿਹੜੇ ਮੇਰੇ ਪੰਜਾਬੀ ਬੋਲਣ ਤੇ ਲਿਖਣ ਉਤੇ ਤਨਕੀਦ ਕਰਦੇ ਤੇ ਹੱਸਦੇ ਨੇਂ, ਕਈ ਸ਼ੁਬਹੇ ਦੀ ਨਜ਼ਰ ਨਾਲ਼ ਵੇਖਦੇ ਨੇਂ, ਕਈ ਗ਼ੁੱਸੇ ਰਹਿੰਦੇ ਨੇਂ ਤੇ ਆਖਦੇ ਨੇਂ ਤੂੰ ਪੰਜਾਬੀ ਵਿੱਚ ਲਿਖ ਕੇ ਮਹਿਦੂਦ ਹੋ ਗਈ ਐਂ।
ਅਚੰਬੇ ਦੀ ਗੱਲ ਇਹ ਵੇ ਕਿ ਸਭ ਪੰਜਾਬੀ ਲੋਕ ਗੀਤ ਤੇ ਸੂਫ਼ੀਆਨਾ ਕਲਾਮ ਸੁਣ ਕੇ ਅੱਥਰੂ ਵਹਾਂਦੇ ਨੇਂ, ਪਰ ਬੋਲੀ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਨੇ। ਅਜੀਬ ਦੋਗ਼ਲੀ ਕੌਮ ਏ ਸਾਡੀ। ਜਦੋਂ ਵੇਖੋ ਹਰ ਬੰਦਾ ਇੱਕ ਦੂਜੇ ਨੂੰ ਅੰਗਰੇਜ਼ੀ-ਉਰਦੂ ਦੀ ਤੱਕੜੀ ਵਿੱਚ ਤੋਲਦਾ ਰਹਿੰਦਾ ਏ।
ਮੈਂ ਹਾਲੇ ਇਨ੍ਹਾਂ ਸੋਚਾਂ ਵਿੱਚ ਗਵਾਚੀ ਆਪਣੇ ਹੱਥਾਂ ਦੀਆਂ ਉਂਗਲੀਆਂ ਤਰੋੜ ਮਰੋੜ ਈ ਰਹੀ ਸੀ ਕਿ ਬਜ਼ੁਰਗਾਂ ਇਹ ਆਖ ਕੇ ਮੈਨੂੰ ਇੱਕ ਨਵੀਂ ਰਾਹ ਵਿਖਾਈ, “ਧੀਏ ਤੂੰ ਹੌਲੇ ਹੌਲੇ ਆਪਣੇ ਕੰਮੀਂ ਲੱਗੀ ਰਹਿ। ਖ਼ੋਰੇ ਨਵੀਂ ਪੀੜ੍ਹੀ ਨੂੰ ਈ ਸੁਰਤ ਆ ਜਾਏ। ਤੂੰ ਲੋਰੀਆਂ, ਟੱਪੇ ਤੇ ਬੋਲੀਆਂ ਲਿਖ ਤੇ ਲੋਕ ਕਹਾਣੀਆਂ ਅੱਜ ਦੇ ਰੰਗ ਵਿੱਚ। ਇੰਜ ਵੀ ਬੋਲੀ ਬਚ ਸਕਦੀ ਏ।”
ਇਹ ਸੁਣਦਿਆਂ ਈ ਜਿਵੇਂ ਸਿਰਾ ਮੇਰੇ ਹੱਥ ਆਇਆ ਤੇ ਮੈਂ ਵਲਾਇਤ ਵਿੱਚ ਪੰਜਾਬੀ ਬੋਲੀ ਨਾਲ਼ ਹੋਣ ਵਾਲੇ ਏਸ ਸਲੂਕ ਨੂੰ ਯਾਦ ਦੀ ਲੜੀ ਵਿੱਚ ਕੁੱਝ ਇੰਜ ਪਰੋ ਦਿੱਤਾ।
ਇੱਕ ਚਿੜੀ ਆਪਣੇ ਬਾਲਾਂ ਨਾਲ਼ ਆਪਣੇ ਆਲ੍ਹਣੇ ਵਿੱਚ ਰਹਿੰਦੀ ਸੀ। ਚੋਗਾ ਚੁਗਦੀ, ਬਾਲਾਂ ਨੂੰ ਖੁਵਾਂਦੀ ਤੇ ਭਲਕ ਲਈ ਉੱਡਣ ਦੇ ਵੱਲ ਸਿਖਾਂਦੀ। ਬਾਲ ਹੌਲੀ ਹੌਲੀ ਮਾਂ ਚਿੜੀ ਤੋਂ ਉਡਣਾ ਸਿੱਖ ਕੇ ਵੱਡੇ ਹੋ ਗਏ। ਛੇਤੀ ਹੀ ਉਹ ਇੱਕ ਰੁੱਖ ਤੋਂ ਦੂਜੇ ਰੁੱਖ ਉਤੇ, ਦੂਜੇ ਤੋਂ ਤੀਜੇ ਰੁੱਖ ਤੇ ਉਡਾਰੀ ਮਾਰ ਕੇ ਅੱਪੜ ਜਾਂਦੇ। ਇੱਕ ਦਿਨ ਲੌਢੇ ਵੇਲੇ ਖਿਚੜੀ ਖਾਂਦਿਆਂ ਬਾਲ ਆਪਣੀ ਮਾਂ ਚਿੜੀ ਨੂੰ ਆਪਣੇ ਉਡਣ ਦੇ ਨਿਵੇਕਲੇ ਤਜਰਬੇ ਦਸ ਰਏ ਸਨ। ਚਿੜੀ ਨੂੰ ਬਾਲਾਂ ਕੋਲੋਂ ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ ਉਹਦੇ ਬਾਲਾਂ ਨੇਂ ਇੱਕ ਐਸਾ ਬਾਗ ਤੱਕਿਆ ਏ, ਜਿਥੇ ਚਿੜੀਆਂ ਚਿੜੇ ਆਪਣੀ ਬੋਲੀ ਨਹੀਂ ਬੋਲਦੇ। ਪਰ ਉਹ ਗੂੰਗੇ ਵੀ ਨਹੀਂਂ। ਓਥੇ ਉਨ੍ਹਾਂ ਨਵੀਆਂ ਨਿਵੇਕਲੀਆਂ ਬੋਲੀਆਂ ਸਿੱਖੀਆਂ ਨੇਂ। ਚਿੜੀ ਮਾਂ ਨੂੰ ਬੜੀ ਰੀਝ ਹੋਈ ਕਿ ਉਹ ਵੀ ਇਸ ਉਚੇਚੇ ਬਾਗ ਵਿੱਚ ਜਾਵੇ ਤੇ ਆਪਣੇ ਬਾਲਾਂ ਵਾਂਗੂੰ ਓਹ ਵੀ ਨਵੀਆਂ ਨਵੀਆਂ ਗੱਲਾਂ ਸਿੱਖੇ।
ਇੱਕ ਦਿਨ ਉਹ ਆਪਣੇ ਟੱਬਰ ਨਾਲ਼ ਉਸ ਬਾਗੇ ਦੀ ਸੈਰ ਨੂੰ ਗਈ। ਬਾਗ ਵਿੱਚ ਹਰ ਸ਼ੈ ਨਿਵੇਕਲੀ ਸੀ। ਰੰਗ-ਬਰੰਗੇ ਫੁੱਲ, ਰੁਖ, ਪੱਖੂ ਤੇ ਰਸਤੇ ਜਗ ਮਗ ਕਰ ਰਹੇ ਸੀ। ਪਰ ਚਿੜੇ ਤੇ ਚਿੜੀਆਂ ਦਾ ਰੰਗ ਰੂਪ ਉਹੋ ਈ ਸੀ।
ਚਿੜੀ ਮਾਂ ਨੇ ਹੌਂਸਲਾ ਕਰ ਕੇ ਉਨ੍ਹਾਂ ਨਾਲ਼ ਗੱਲ ਕਰਨ ਦਾ ਹੀਲਾ ਕੀਤਾ, ਪਰ ਉਹ ਸਭੇ ਮਾਂ ਚਿੜੀ ਨੂੰ ਇੰਜ ਵੇਖਣ ਲੱਗ ਪਏ ਜਿਵੇਂ ਇਹ ਉਨ੍ਹਾਂ ਲਈ ਕੋਈ ਅਜੂਬਾ ਹੋਵੇ। ਚਿੜੀ ਨੇਂ ਆਪਣੇ ਬਾਲਾਂ ਨੂੰ ਤੱਕਿਆ ਤੇ ਆਖਿਆ ਭਈ ਤੁਸੀ ਸੱਚ ਆਂਹਦੇ ਸੀ ਕਿ ਇਹ ਚਿੜੀਆਂ ਤੇ ਚਿੜੇ ਸਾਡੀ ਬੋਲੀ ਸਮਝਦੇ ਈ ਨਈਂ। ਖ਼ੌਰੇ ਇਨ੍ਹਾਂ ਦਾ ਚੰਬਾ ਕਿਹੜੇ ਦੇਸੋਂ ਆਇਆ ਏ?
ਚਿੜੀ ਨੂੰ ਇਸ ਬਾਗੇ ਅੰਦਰ ਆਪਣਾ ਆਪ ਬਹੁਤ `ਕੱਲਾ ਤੇ ਨਿੱਕਾ ਮਹਿਸੂਸ ਹੋਇਆ, ਉਹ ਆਪਣੇ ਬਾਲਾਂ ਨਾਲ਼ ਬਾਗ ਦੀ ਇੱਕ ਨੁਕਰੇ ਚੁੱਪ ਕਰ ਕੇ ਬਹਿ ਗਈ ਆਸੇ-ਪਾਸੇ ਦੀਆਂ ਸੱਭੇ `ਵਾਜਾਂ ਨਿਵੇਕਲੀਆਂ ਸਨ। ਉਹਨੂੰ ਸਭ ਕੁੱਝ ਓਪਰਾ ਲੱਗ ਰਿਹਾ ਸੀ।
ਥੱਕ ਹਾਰ ਕੇ ਉਹਨੇ ਆਪਣੇ ਬਾਲਾਂ ਨਾਲ਼ ਖੇਡਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ,
ਅੱਲੜ ਬੱਲੜ ਬਾਵੇ ਦਾ। ਬਾਵਾ ਕਣਕ ਲਿਆਵੇਗਾ।
ਬਾਵੀ ਬਹਿ ਕੇ ਛੱਟੇਗੀ। ਸੌ ਰੁਪਈਆ ਵੱਟੇਗੀ।
ਇਸ ਬਾਗੇ ਦੀਆਂ ਸਭੇ ਚਿੜੀਆਂ-ਚਿੜੇ ਉਹਦੇ ਕੋਲ਼ ਆ ਬੈਠੇ ਤੇ ਗਾਉਣ ਸੁਣ ਕੇ ਹੱਸਣ ਲੱਗ ਪਏ, ਪਰ ਕੁੱਝ ਬੋਲੇ ਨਾ। ਚਿੜੀ ਤੇ ਉਹਦੇ ਬਾਲ ਹੋਰ ਵੀ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਬਾਗ ਏ ਤੇ ਕਿਹੋ ਜਿਹੇ ਚਿੜੀਆਂ-ਚਿੜੇ ਨੇਂ ਜਿੱਥੇ ਗਾਉਣ ਸਮਝ ਆਉਂਦਾ ਏ ਪਰ ਆਪਣੀ ਬੋਲੀ ਨਈਂ।
ਕੋਲ਼ ਈ ਰੁਖ ਉਤੇ ਇੱਕ ਕਾਂ ਬੈਠਾ ਸਭ ਨਜ਼ਾਰਾ ਤੱਕ ਰਿਹਾ ਸੀ।
ਹੱਸ ਕੇ ਆਖਣ ਲੱਗਾ, “ਨਵੇਂ ਲਗਦੇ ਓਂ। ਕਿੱਥੋਂ ਆਏ ਓਂ? ਏਸ ਉਚੇਚੇ ਬਾਗੇ ਦੀਆਂ ਚਿੜੀਆਂ-ਚਿੜੇ ਬਹੁਤ ਅੱਗੇ ਨਿਕਲ ਚੁੱਕੇ ਨੇਂ, ਇਨ੍ਹਾਂ ਨਵੀਆਂ ਨਿਵੇਕਲੀਆਂ ਬੋਲੀਆਂ ਸਿੱਖ ਲਈਆਂ ਨੇਂ, ਇਨ੍ਹਾਂ ਦੀ ਬੋਲੀ ਇਨ੍ਹਾਂ ਨੂੰ ਰੋਟੀ ਨਹੀਂ ਦਿੰਦੀ, ਏਸ ਲਈ ਇਨ੍ਹਾਂ ਨੂੰ ਆਪਣੀ ਬੋਲੀ ਦੀ ਕੋਈ ਲੋੜ ਨਈਂ, ਤੁਸੀਂ ਖ਼ੁਦ ਵੇਖ ਸਕਦੇ ਓ ਕਿ ਏਸ ਰੰਗੀਨ ਬਾਗੇ ਅੰਦਰ ਹਰ ਸ਼ੈ ਨਵੀਂ ਨਕੋਰ, ਲਿਸ਼ਕਦੀ ਤੇ ਅਨੋਖੀ ਏ। ਹੋਰ ਤੇ ਹੋਰ ਇੱਥੇ ਆਲ੍ਹਣੇ ਵੀ ਸ਼ੀਸ਼ੇ ਦੇ ਬਣਾਏ ਜਾਂਦੇ ਨੇਂ, ਜਿਨ੍ਹਾਂ ਵਿੱਚੋਂ ਅੰਦਰ ਬਾਹਰ ਵੇਖਿਆ ਤੇ ਜਾ ਸਕਦਾ ਏ ਪਰ ਸੁਣਿਆ ਨਹੀਂ। ਇੱਕ ਹੋਰ ਅਨੋਖੀ ਗੱਲ ਇਹ ਵੇ ਕਿ ਹੁਣ ਚਿੜੇ-ਚਿੜੀਆਂ ਨੂੰ ਉਡਣ ਦੀ ਆਦਤ ਵੀ ਨਈਂ ਰਹੀ। ਉਡਣ ਦੀ ਲੋੜ ਵੀ ਕੀ ਏ ਜਦੋਂ ਉਡਣ ਦੀ ਮਸ਼ਕ ਲਈ ਮਸ਼ੀਨਾਂ ਲੱਗੀਆਂ ਨੇਂ। ਇਹ ਅੱਥਰੇ ਚਿੜੀਆਂ-ਚਿੜੇ ਤੇ ਹੁਣ ਖਿਚੜੀ ਵੀ ਨਈਂ ਪਕਾਉਂਦੇ ਕਿਉਂ ਜੇ ਖਾਣ ਦੀ ਹਰ ਸ਼ੈ ਆਨ ਲਾਈਨ ਈ ਮੰਗਵਾਈ ਜਾ ਸਕਦੀ ਏ। ਇੱਥੇ ਸੱਭੇ ਚਿੜੀਆਂ-ਚਿੜੇ ਅੱਗੇ ਵਧਣ ਲਈ ਦਿਨ ਰਾਤ ਓਵਰਟਾਇਮ ਕਰਦੇ ਨੇ। ਏਸ ਬਾਗੇ ਦੇ ਸਿਸਟਮ ਵਿੱਚ ਇਨ੍ਹਾਂ ਪੰਖੂਆਂ ਨੂੰ ਇਹ ਯਕੀਨ ਕਰਾ ਦਿੱਤਾ ਗਿਆ ਏ ਕਿ ਜੇ ਉਹ ਮਸ਼ੀਨ ਦੀ ਤਰ੍ਹਾਂ ਗੋਲ ਗੋਲ ਘੁੰਮਦੇ ਆਪਣੇ ਕੰਮੀਂ ਲੱਗੇ ਰਹਿਣਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਦੇ ਵਿਹੜੇ ਇੱਕ ਦਿਨ ਇਹੋ ਜਿਹਾ ਬੂਟਾ ਉਗ ਆਏਗਾ, ਜੀਹਦੇ ਉਤੇ ਫਲਾਂ ਦੀ ਥਾਂ ਨੋਟ ਉੱਗਿਆ ਕਰਨਗੇ। ਆਪਣੀ ਬੋਲੀ ਵਿਰਸਾ ਕਿਸ ਨੂੰ ਯਾਦ ਆਏਗਾ? ਇਨ੍ਹਾਂ ਪੰਖੂਆਂ ਨੂੰ ਤੇ ਸੋਚਣ ਲਈ ਸਿਰ ਖੁਰਕਣ ਦੀ ਵਿਹਲ ਵੀ ਨਹੀਂ।”
ਕਾਂ ਨੇ ਚਿੜੀ ਨੂੰ ਟਿਚਕਰਾਂ ਕਰਦਿਆਂ ਆਖਿਆ, “ਵੈਸੇ ਚਾਹੋ ਤੇ ਤੁਸੀਂ ਵੀ ਏਥੇ ਈ ਟਿਕ ਜਾਓ। ਤੁਹਾਡਾ ਵੀ ਸ਼ੀਸ਼ੇ ਦਾ ਆਲ੍ਹਣਾ ਪਾ ਦੇਵਾਂਗੇ। ਬੱਸ ਕੁੱਝ ਅਰਜ਼ੀਆਂ ਲਿਖਣੀਆਂ ਪੈਣਗੀਆਂ ਤੇ ਕਰਜ਼ਾ ਮੈਂ ਆਪੇ ਮਨਜ਼ੂਰ ਕਰਵਾ ਦਿਆਂਗਾ, ਮੇਰੇ ਤੇ ਉੱਤੇ ਤਕ ਤਾਲੁਕਾਤ ਨੇਂ।”
ਚਿੜੀ ਨੇ ਸਿਰ ਹਿਲਾ ਹਿਲਾ “ਆਹੋ ਭਾ ਜੀ, ਅੱਛਾ ਭਾ ਜੀ” ਕਹਿ ਕੇ ਕਾਂ ਤੋਂ ਬੜੀ ਮੁਸ਼ਕਿਲ ਨਾਲ਼ ਜਾਨ ਛੁਡਾਈ, ਪਰ ਸਮਝ ਗਈ ਕਿ ਇਹ ਬਾਗ ਰੰਗੀਨ ਨਜ਼ਰੀਂ ਆਉਂਦਾ ਏ, ਪਰ ਏਥੇ ਵੀ ਕਾਵਾਂ ਦਾ ਈ ਕਾਲ਼ਾ ਰਾਜ ਏ। ਇੱਥੇ ਉਹਦੀ ਕੋਈ ਵਾਹ ਨਈਂ ਚੱਲਣੀ। ਇਹ ਸੋਚ ਕੇ ਉਡੀ ਤੇ ਬਾਲਾਂ ਨੂੰ ਆਪਣੇ ਆਲ੍ਹਣੇ ਵਿੱਚ ਲੈ ਗਈ, ਜਿਥੇ ਕੋਈ ਵੀ ਸ਼ੈ ਲਿਸ਼ਕਦੀ ਤੇ ਸੁਨੱਖੀ ਨਈਂ ਸੀ, ਪਰ ਉਹਦੀ ਆਪਣੀ ਸੀ। ਉਹਨੂੰ ਆਪਣੇ ਆਸੇ ਪਾਸੇ ਆਪਣਿਆਂ ਦੀ ਨਿੱਘ ਮਹਿਸੂਸ ਹੋਈ, ਜਿਥੇ ਹਰ ਕੋਈ ਇੱਕ ਦੂਜੇ ਦੀ ਬੋਲੀ ਬੋਲਦਾ ਤੇ ਸਮਝਦਾ ਸੀ।
—
*ਨੁਜ਼ਹਤ ਅੱਬਾਸ ਫ਼ੈਸਲਾਬਾਦ, ਪੰਜਾਬ (ਪਾਕਿਸਤਾਨ) ਤੋਂ ਹਨ ਤੇ ਅੱਜ-ਕੱਲ੍ਹ ਟੋਰਾਂਟੋ (ਕੈਨੇਡਾ) ਵਿੱਚ ਰਹਿੰਦੇ ਹਨ।
