ਪ੍ਰਿੰਸੀਪਲ ਵਿਜੈ ਕੁਮਾਰ
ਫੋਨ:+91-9872627136
ਇਸ ਲੇਖ ਦੇ ਸਿਰਲੇਖ ਦਾ ਇਹ ਵਾਕ ਮਨੁੱਖੀ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਤੇ ਇਸ ਨਸੀਹਤ ਵੱਲ ਇਸ਼ਾਰਾ ਵੀ ਕਰਦਾ ਹੈ ਕਿ ਮਨੁੱਖ ਨੂੰ ਜਿੰਦਗੀ ਜਿਊਣੀ ਕਿਵੇਂ ਚਾਹੀਦੀ ਹੈ। ਮੂਰਖ ਸ਼ਬਦ ਬਾਰੇ ਨਾ ਕੁੱਝ ਦੱਸਣ ਦੀ ਲੋੜ ਹੈ ਤੇ ਨਾ ਹੀ ਸਮਝਾਉਣ ਦੀ। ਦੋ ਸ਼ਬਦ ਬੁੱਧੀਮਾਨ ਅਤੇ ਸਮਝਦਾਰ ਸਮਾਨਾਰਥਕ ਹੋਣ ਦਾ ਭੁਲੇਖਾ ਪਾਉਂਦੇ ਹਨ। ਜੇਕਰ ਮਨੁੱਖੀ ਜ਼ਿੰਦਗੀ ਨਾਲ ਜੁੜੇ ਇਨ੍ਹਾਂ ਦੋਵੇਂ ਸ਼ਬਦਾਂ ਦੀ ਡੂੰਘਾਈ ਨੂੰ ਵਾਚਿਆ ਜਾਵੇ ਤਾਂ ਇਹ ਦੋਵੇਂ ਸ਼ਬਦ ਮਨੁੱਖੀ ਸੁਭਾਅ ਅਤੇ ਉਸਦੇ ਜਿੰਦਗੀ ਜਿਊਣ ਦੇ ਨਜ਼ਰੀਏ ਬਾਰੇ ਬਹੁਤ ਕੁੱਝ ਸਪਸ਼ਟ ਕਰਦੇ ਹਨ।
ਬੁੱਧੀਮਾਨ ਵਿਆਕਤੀ ਸਭ ਕੁੱਝ ਸਮਝਦਾ ਹੋਇਆ ਵੀ ਉਸਨੂੰ ਪ੍ਰਗਟਾਉਣ ਦੀ ਜ਼ਰੂਰਤ ਨਹੀਂ ਸਮਝਦਾ, ਉਹ ਲੋੜ ਪੈਣ ਵੇਲੇ, ਕਿਸੇ ਵੱਲੋਂ ਸਲਾਹ ਮੰਗਣ ਅਤੇ ਉਸਤੋਂ ਕੁੱਝ ਪੁੱਛਣ `ਤੇ ਹੀ ਸਬੰਧਤ ਵਿਸ਼ੇ ਬਾਰੇ ਬੋਲਦਾ ਹੈ। ਬੁੱਧੀਮਾਨ ਵਿਅਕਤੀ ਕਦੇ ਵੀ ਆਪਣੇ ਬੁੱਧੀਮਾਨ ਹੋਣ ਦਾ ਵਿਖਾਵਾ ਨਹੀਂ ਕਰਦਾ। ਉਹ ਲੋਕਾਂ ਨੂੰ ਇਹ ਨਹੀਂ ਸਮਝਾਉਣਾ ਚਾਹੁੰਦਾ ਕਿ ਉਸ ਕੋਲ ਸਭ ਕੁੱਝ ਬਹੁਤ ਛੇਤੀ ਸਮਝਣ ਵਾਲੀ ਅਕਲ ਹੈ। ਬੁੱਧੀਮਾਨ ਲੋਕ ਆਤਮ ਸੰਜਮੀ, ਸਬਰ ਸੰਤੋਖ ਵਾਲੇ ਅਤੇ ਗੰਭੀਰ ਹੁੰਦੇ ਹਨ। ਉਨ੍ਹਾਂ ਦੀ ਕਦੇ ਵੀ ਇਹ ਇੱਛਾ ਨਹੀਂ ਹੁੰਦੀ ਕਿ ਲੋਕ ਉਨ੍ਹਾਂ ਨੂੰ ਬੁੱਧੀਮਾਨ ਹੋਣ ਦਾ ਸਰਟੀਫਿਕੇਟ ਦੇਣ। ਉਨ੍ਹਾਂ ਦੀ ਗਿਆਨਵਾਨ ਹੋਣ ਦੀ ਭੁੱਖ ਕਦੇ ਸ਼ਾਂਤ ਨਹੀਂ ਹੁੰਦੀ। ਸਮਝਦਾਰ ਲੋਕ ਮੂਰਖਾਂ ਵਰਗੇ ਤਾਂ ਨਹੀਂ ਹੁੰਦੇ, ਪਰ ਉਨ੍ਹਾਂ `ਚ ਬੁੱਧੀਮਾਨ ਲੋਕਾਂ ਵਰਗੀ ਤੇਜ ਸਮਝ ਵੀ ਨਹੀਂ ਹੁੰਦੀ। ਉਨ੍ਹਾਂ ਨੂੰ ਬੁੱਧੀਮਾਨ ਹੋਣ ਦਾ ਘਮੰਡ ਵੀ ਨਹੀਂ ਹੁੰਦਾ।
ਦੁਨੀਆ ਦੀ ਪ੍ਰਸਿੱਧ ਮਨੋਵਿਗਿਆਨੀ ਕੈਨਡਰਾ ਚੈਰੀ ਦਾ ਕਹਿਣਾ ਹੈ ਕਿ ਮਨੁੱਖ ਬੁੱਧੀਮਾਨ ਆਪਣੇ ਵੰਸ਼ ਤੋਂ ਮਿਲੀ ਬੌਧਿਕ ਸਮਰੱਥਾ ਤੋਂ ਵੀ ਹੋ ਸਕਦਾ ਹੈ, ਪਰ ਉਹ ਸਮਝਦਾਰ ਸਿੱਖਿਆ ਪ੍ਰਾਪਤ ਕਰਕੇ, ਗਿਆਨ ਹਾਸਲ ਕਰਕੇ, ਪੁਸਤਕਾਂ ਪੜ੍ਹ ਕੇ ਅਤੇ ਜ਼ਿੰਦਗੀ ਦੇ ਤਜਰਬੇ ਤੋਂ ਵੀ ਹੋ ਸਕਦਾ ਹੈ। ਬੁੱਧੀਮਾਨ ਵਿਅਕਤੀ ਸਮਝਦਾਰ ਵਿਅਕਤੀ ਨਾਲੋਂ ਕਿਸੇ ਵੀ ਮਸਲੇ ਨੂੰ ਛੇਤੀ ਸਮਝਦਾ ਹੈ। ਸਮਝਦਾਰ ਲੋਕਾਂ ਦੇ ਮਨਾਂ ਵਿਚ ਇਹ ਤਾਂਘ ਹੁੰਦੀ ਹੈ ਕਿ ਲੋਕ ਉਨ੍ਹਾਂ ਦੇ ਸਮਝਦਾਰ ਹੋਣ ਦੀ ਚਰਚਾ ਕਰਨ, ਉਨ੍ਹਾਂ ਨੂੰ ਦਾਦ ਦੇਣ। ਉਨ੍ਹਾਂ ਨੂੰ ਬਿਨਾ ਮੌਕੇ ਅਤੇ ਬਿਨਾ ਲੋੜ ਤੋਂ ਲੋਕਾਂ ਨੂੰ ਸਲਾਹ ਦੇਣ ਦੀ ਆਦਤ ਵੀ ਹੁੰਦੀ ਹੈ। ਉਨ੍ਹਾਂ ਨੂੰ ਇੰਜ ਵੀ ਲੱਗਦਾ ਹੁੰਦਾ ਹੈ ਕਿ ਉਨ੍ਹਾਂ ਜਿੰਨਾ ਕਿਸੇ ਨੂੰ ਗਿਆਨ ਹੀ ਨਹੀਂ ਹੈ। ਜੇਕਰ ਕੋਈ ਵਿਅਕਤੀ ਦੂਜਿਆਂ ਨੂੰ ਬਿਨਾ ਮੰਗੇ ਗਿਆਨ ਅਤੇ ਸਲਾਹ ਪਰੋਸਦਾ ਹੈ ਤਾਂ ਕਈ ਵਾਰ ਉਸ ਬਾਰੇ ਲੋਕਾਂ ਦੀ ਇਹ ਰਾਏ ਵੀ ਬਣ ਜਾਂਦੀ ਹੈ ਕਿ ਉਹ ਐਵੇਂ ਲੋਕਾਂ ਨੂੰ ਸਲਾਹਾਂ ਵੰਡੀ ਜਾਂਦਾ ਹੈ। ਉਹ ਆਪਣੇ ਆਪ ਨੂੰ ਬਹੁਤ ਸਮਝਦਾਰ ਅਤੇ ਗਿਆਨੀ ਸਮਝਦਾ ਹੈ। ਜੇਕਰ ਉਸਦੀ ਦਿੱਤੀ ਗਈ ਸਲਾਹ ਨੂੰ ਕੋਈ ਨਾ ਮੰਨੇ ਅਤੇ ਉਸ ਵੱਲੋਂ ਵਿਖਾਈ ਗਈ ਸਮਝਦਾਰੀ ਨਾਲ ਸਹਿਮਤ ਨਾ ਹੋਵੇ ਤਾਂ ਉਸਦੇ ਮਨ ਵਿਚ ਤਲਖ਼ੀ ਪੈਦਾ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ। ਦੋਹਾਂ ਧਿਰਾਂ ਵਿਚ ਬਹਿਸਬਾਜ਼ੀ ਹੋਣ ਦੀ ਨੌਬਤ ਵੀ ਪੈਦਾ ਹੋ ਜਾਂਦੀ ਹੈ। ਉਨ੍ਹਾਂ ਦੇ ਸਬੰਧਾਂ ਵਿੱਚ ਬਿਗਾੜ ਵੀ ਪੈਦਾ ਹੋ ਜਾਂਦਾ ਹੈ। ਲੋਕ ਉਸਦੀ ਪਿੱਠ ਪਿੱਛੇ ਉਸ ਬਾਰੇ ਸੌ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ।
ਦੂਜੇ ਪਾਸੇ ਬੁੱਧੀਮਾਨ ਚੁੱਪ ਰਹਿ ਕੇ ਇਹੋ ਜਿਹੇ ਹਾਲਾਤਾਂ ਤੋਂ ਬਚਿਆ ਰਹਿੰਦਾ ਹੈ। ਜਿਨ੍ਹਾਂ ਪਰਿਵਾਰਾਂ ਦੇ ਬਜੁਰਗ ਸਮਝਦਾਰ ਹੋਣ ਨਾਲੋਂ ਬੁੱਧੀਮਾਨ ਹੁੰਦੇ ਹਨ, ਉਨ੍ਹਾਂ ਪਰਿਵਾਰਾਂ ਦਾ ਪਰਿਵਾਰਕ ਮਾਹੌਲ ਸੁਖਾਵਾਂ ਹੁੰਦਾ ਹੈ। ਜਿਹੜੇ ਅਦਾਰਿਆਂ ਦੇ ਮੁਖੀ ਆਪਣੇ ਮਤਾਹਿਤਾਂ ਨਾਲ ਬੁੱਧੀਮਾਨ ਬਣ ਕੇ ਵਿਚਰਦੇ ਹਨ, ਉਹ ਬਹੁਤ ਹੀ ਸਫਲ ਪ੍ਰਬੰਧਕ ਮੰਨੇ ਜਾਂਦੇ ਹਨ। ਜਿਹੜੇ ਪਤੀ-ਪਤਨੀ ਇੱਕ ਦੂਜੇ ਨਾਲ ਸਮਝਦਾਰ ਬਣਨ ਦੀ ਬਜਾਏ ਬੁੱਧੀਮਾਨ ਬਣ ਕੇ ਜਿੰਦਗੀ ਬਸਰ ਕਰਦੇ ਹਨ, ਉਨ੍ਹਾਂ ਦੇ ਸਬੰਧਾਂ ਵਿੱਚ ਬਿਗਾੜ ਬਹੁਤ ਘੱਟ ਪੈਂਦਾ ਹੈ। ਬਿਨਾ ਗਿਆਨ, ਸਮਝ ਅਤੇ ਜਾਣਕਾਰੀ ਤੋਂ ਹਰ ਮਸਲੇ ਅਤੇ ਸਮੱਸਿਆ ਬਾਰੇ ਦੂਜਿਆਂ ਨਾਲ ਬਹਿਸ ਕਰਨਾ ਮੂਰਖ ਲੋਕਾਂ ਦੇ ਸੁਭਾਅ ਦਾ ਹਿੱਸਾ ਅਤੇ ਆਦਤ ਹੁੰਦੀ ਹੈ। ਮੂਰਖ ਲੋਕਾਂ ਦੀ ਇਸ ਆਦਤ ਕਾਰਨ ਹੀ ਲੜਾਈ ਝਗੜੇ ਦੀ ਨੌਬਤ ਪੈਦਾ ਹੁੰਦੀ ਹੈ।
ਇਤਿਹਾਸ ਦਾ ਪ੍ਰਸਿੱਧ ਵਿਦਵਾਨ ਚਾਣਕਿਆ ਇੱਕ ਸਭਾ `ਚ ਸੰਬੋਧਨ ਕਰਦੇ ਹੋਏ ਕਹਿੰਦਾ ਹੈ ਕਿ ਵੇਖਣ ਨੂੰ ਸਾਰੇ ਵਿਅਕਤੀ ਇੱਕੋ ਜਿਹੇ ਲੱਗਦੇ ਹਨ, ਪਰ ਬੁੱਧੀਮਾਨ, ਸਮਝਦਾਰ ਅਤੇ ਮੂਰਖਾਂ `ਚ ਵਖਰੇਵਾਂ ਉਦੋਂ ਹੁੰਦਾ ਹੈ, ਜਦੋਂ ਮੂਰਖ ਲੋਕ ਬਿਨਾ ਮਤਲਬ ਦੀ ਬਹਿਸ ਛੇੜ ਕੇ ਫਸਾਦ ਖੜ੍ਹੇ ਕਰ ਦਿੰਦੇ ਹਨ। ਮੂਰਖ ਲੋਕ ਆਪਣੀ ਆਦਤ ਤੋਂ ਮਜਬੂਰ ਹੁੰਦੇ ਹਨ। ਉਨ੍ਹਾਂ ਨੂੰ ਕੋਈ ਪੁੱਛੇ ਜਾਂ ਨਾ ਪੁੱਛੇ, ਉਹ ਦੂਜਿਆਂ ਦੇ ਮਸਲਿਆਂ ਵਿੱਚ ਦਖਲ-ਅੰਦਾਜ਼ੀ ਕਰਨ ਤੋਂ ਰਹਿ ਨਹੀਂ ਸਕਦੇ। ਇੱਕ ਮੂਰਖ ਵਿਅਕਤੀ ਹੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਅਦਾਰਿਆਂ ਦਾ ਮਾਹੌਲ ਵਿਗਾੜ ਦਿੰਦਾ ਹੈ। ਉਹ ਮੂਰਖ ਲੋਕ ਹੀ ਹੁੰਦੇ ਹਨ, ਜੋ ਸਿਆਸੀ ਪਾਰਟੀਆਂ ਪ੍ਰਤੀ ਆਪਣੀ ਵਫ਼ਾਦਾਰੀ ਵਿਖਾਉਣ ਹਿਤ ਮੁਫ਼ਤ ਦੀ ਬੇਲੋੜੀ ਬਹਿਸ ਵਿੱਚ ਪੈ ਕੇ ਲੜਾਈ ਝਗੜੇ ਖੜ੍ਹੇ ਕਰ ਲੈਂਦੇ ਹਨ। ਕਈ ਵਾਰ ਤਾਂ ਨੌਬਤ ਪੁਲਿਸ ਥਾਣਿਆਂ ਅਤੇ ਅਦਾਲਤਾਂ ਤੱਕ ਪਹੁੰਚ ਜਾਂਦੀ ਹੈ। ਜ਼ਿਆਦਾਤਰ ਲੜਾਈ ਝਗੜੇ ਮੂਰਖ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਬਹਿਸ ਦੀ ਹੀ ਉਪਜ ਹੁੰਦੇ ਹਨ।
ਇੱਕ ਵਾਰ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਦੋ ਨੌਜਵਾਨ ਕਿਸੇ ਸਿਆਸੀ ਮਸਲੇ ਨੂੰ ਲੈ ਕੇ ਆਪਸ `ਚ ਬਹਿਸ ਪਏ। ਬਹਿਸ ਲੜਾਈ ਝਗੜੇ ਤੋਂ ਮਾਰ ਕੁਟਾਈ ਤੱਕ ਪਹੁੰਚ ਗਈ। ਸੱਤਾਧਾਰੀ ਪਾਰਟੀ ਵਾਲੇ ਲੀਡਰਾਂ ਨੇ ਵਿਰੋਧੀ ਪਾਰਟੀ ਵਾਲੇ ਨੌਜਵਾਨ ਉੱਤੇ ਪਰਚਾ ਕਰਵਾ ਕੇ ਉਸਨੂੰ ਅਦਾਲਤਾਂ ਦੀਆਂ ਤਰੀਕਾਂ ਭੁਗਤਣ ਜੋਗਾ ਕਰ ਦਿੱਤਾ। ਵਿਰੋਧੀ ਪਾਰਟੀ ਦੇ ਜਿਸ ਲੀਡਰ ਦਾ ਉਹ ਨੌਜਵਾਨ ਪੱਖ ਲੈ ਰਿਹਾ ਸੀ, ਉਹ ਪਾਰਟੀ ਬਦਲ ਕੇ ਸੱਤਾਧਾਰੀ ਪਾਰਟੀ ਵਿੱਚ ਚਲਾ ਗਿਆ, ਪਰ ਉਸ ਨੌਜਵਾਨ ਉੱਤੇ ਅਜੇ ਵੀ ਕੇਸ ਚੱਲ ਰਿਹਾ ਹੈ। ਬੁੱਧੀਮਾਨ ਲੋਕ ਕਿਸੇ ਵੀ ਵਿਸ਼ੇ ਉੱਤੇ ਆਪਣੇ ਵਿਚਾਰ ਰੱਖਣ ਤੋਂ ਪਹਿਲਾਂ ਉਸ ਬਾਰੇ ਇਹ ਸੋਚ ਵਿਚਾਰ ਜਰੂਰ ਕਰਦੇ ਹਨ ਕਿ ਕਿੰਨੇ ਕੁ ਲੋਕਾਂ ਦੀ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਹੋਵੇਗੀ ਤੇ ਉਨ੍ਹਾਂ ਉੱਤੇ ਉਸ ਦਾ ਕੀ ਪ੍ਰਭਾਵ ਹੋਵੇਗਾ, ਪਰ ਸਮਝਦਾਰ ਲੋਕ ਆਪਣਾ ਪੱਖ ਰੱਖਣ ਵੇਲੇ ਜਾਂ ਸਲਾਹ ਦੇਣ ਵੇਲੇ ਐਨੀ ਡੂੰਘਾਈ ਨਾਲ ਨਹੀਂ ਸੋਚਦੇ।
ਮੂਰਖ ਤਦ ਹੀ ਸਮਝਦਾਰ ਬਣ ਸਕਦਾ ਹੈ, ਜੇਕਰ ਉਹ ਖਾਹਮਖਾਹ ਦੀ ਬਹਿਸ ਕਰਨੀ ਛੱਡ ਕੇ ਬੁੱਧੀਮਾਨ ਅਤੇ ਸਮਝਦਾਰ ਲੋਕਾਂ ਤੋਂ ਗਿਆਨ ਹਾਸਲ ਕਰਦਾ ਹੈ, ਆਪਣੀ ਹੈਂਕੜ ਛੱਡ ਕੇ ਆਪਣੀਆਂ ਖਾਮੀਆਂ ਬਾਰੇ ਆਤਮ ਚਿੰਤਨ ਕਰਦਾ ਹੈ। ਸਮਝਦਾਰ ਵਿਅਕਤੀ ਬੁੱਧੀਮਾਨ ਤਦ ਹੀ ਕਹਾ ਸਕਦਾ ਹੈ, ਜੇਕਰ ਉਹ ਬੁੱਧੀਮਾਨ ਅਤੇ ਸਮਝਦਾਰ ਹੋਣ ਵਿੱਚ ਪਾਏ ਜਾਣ ਵਾਲੇ ਫਰਕ ਨੂੰ ਅਨੁਭਵ ਕਰਕੇ ਆਪਣੇ ਆਪ ਨੂੰ ਬੁੱਧੀਮਾਨਾਂ ਦੀ ਸ਼੍ਰੇਣੀ `ਚ ਸ਼ਾਮਿਲ ਕਰਨ ਲਈ ਯਤਨਸ਼ੀਲ ਹੁੰਦਾ ਹੈ। ਜਿਸ ਦੇਸ਼ ਅਤੇ ਸਮਾਜ ਵਿਚ ਬੁੱਧੀਮਾਨ ਅਤੇ ਸਮਝਦਾਰ ਲੋਕਾਂ ਦੀ ਨਫਰੀ ਜਿੰਨੀ ਜ਼ਿਆਦਾ ਹੁੰਦੀ ਹੈ, ਉਹ ਉਨੀਂ ਹੀ ਵੱਧ ਤਰੱਕੀ ਕਰਦੇ ਹਨ। ਉਨ੍ਹਾਂ ਵਿਚ ਲੜਾਈ ਝਗੜੇ ਅਤੇ ਫਸਾਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਪਰ ਮੂਰਖਾਂ ਦੀ ਵੱਧ ਗਿਣਤੀ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਅੜਿੱਕਾ ਵੀ ਹੁੰਦੀ ਹੈ ਤੇ ਉਹ ਸ਼ਾਂਤੀ ਤੇ ਸਦਭਾਵਨਾ ਵਾਲਾ ਮਾਹੌਲ ਵੀ ਨਹੀਂ ਰਹਿਣ ਦਿੰਦੇ। ਮਹਾਨ ਚਿੰਤਕ ਜੌਨ ਲੋਕੇ ਕਹਿੰਦਾ ਹੈ ਕਿ ਬੁੱਧੀਮਾਨ ਇਸ ਤੱਥ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਾ ਹੈ ਕਿ ਹਰ ਕਿਸੀ ਅੰਦਰ ਆਪਣੀ ਤਾਕਤ ਅਤੇ ਕਮਜੋਰੀ ਹੁੰਦੀ ਹੈ, ਇਸ ਲਈ ਮੱਛੀ ਜੰਗਲ ਵਿੱਚ ਤੈਰ ਨਹੀਂ ਸਕਦੀ, ਸ਼ੇਰ ਪਾਣੀ ਵਿੱਚ ਰਾਜ ਨਹੀਂ ਕਰ ਸਕਦਾ। ਹਰ ਵਿਅਕਤੀ ਦੀ ਆਪਣੀ ਅਹਿਮੀਅਤ ਹੁੰਦੀ ਹੈ, ਸਮਝਦਾਰ ਤੱਥ ਉੱਤੇ ਆਪਣੀ ਸਮਝ ਵਿਖਾਉਂਦਾ ਹੋਇਆ ਇਸ ਉੱਤੇ ਕਿੰਤੂ ਪ੍ਰੰਤੂ ਕਰਦਾ ਹੈ, ਪਰ ਮੂਰਖ ਇਸ ਉੱਤੇ ਬਹਿਸ ਕਰਨੀ ਸ਼ੁਰੂ ਕਰ ਦਿੰਦਾ ਹੈ। ਬੁੱਧੀਮਾਨ ਦੂਜੇ ਲੋਕਾਂ ਦੇ ਉਪਯੋਗੀ ਵਿਚਾਰਾਂ ਦੀ ਕਦਰ ਕਰਦਾ ਹੈ, ਉਨ੍ਹਾਂ ਤੋਂ ਹੋਰ ਸਿੱਖਣ ਦਾ ਯਤਨ ਵੀ ਕਰਦਾ ਹੈ। ਹਰ ਸਮਝਦਾਰ ਆਪਣੀ ਸਮਝ ਵਿਖਾਉਣ ਲਈ ਉਨ੍ਹਾਂ ਉੱਤੇ ਪ੍ਰਸ਼ਨ ਚੁੱਕਦਾ ਹੈ, ਪਰ ਮੂਰਖ ਉਨ੍ਹਾਂ ਉੱਤੇ ਬੇਹੁਦੀ ਬਹਿਸ ਕਰਨ ਲੱਗ ਪੈਂਦਾ ਹੈ।
