*ਜਨਮਾਂ ਨਾਲੋਂ 10 ਲੱਖ ਵੱਧ ਮੌਤਾਂ, ਵਧੀ ਚਿੰਤਾ ‘ਸਾਈਲੈਂਟ ਐਮਰਜੈਂਸੀ’
ਪੰਜਾਬੀ ਪਰਵਾਜ਼ ਬਿਊਰੋ
ਦੁਨੀਆਂ ਦੇ ਕਈ ਅਜਿਹੇ ਦੇਸ਼ ਹਨ, ਜਿੱਥੇ ਆਬਾਦੀ ਦਾ ਸੰਕਟ ਡੂੰਘਾ ਹੋ ਰਿਹਾ ਹੈ। ਇਨ੍ਹਾਂ ਵਿੱਚ ਭਾਰਤ ਦਾ ਮਿੱਤਰ ਦੇਸ਼ ਜਾਪਾਨ ਪ੍ਰਮੁੱਖ ਹੈ, ਜਿੱਥੇ ਆਬਾਦੀ ਲਗਾਤਾਰ 16ਵੇਂ ਸਾਲ ਘਟੀ ਹੈ। 2024 ਵਿੱਚ ਜਾਪਾਨ ਦੀ ਆਬਾਦੀ ਵਿੱਚ 9 ਲੱਖ ਤੋਂ ਵੱਧ ਦੀ ਗਿਰਾਵਟ ਆ ਗਈ। ਇਸ ਦਾ ਅਰਥ ਹੈ ਕਿ ਦੇਸ਼ ਵਿੱਚ ਜਨਮ ਲੈਣ ਵਾਲਿਆਂ ਨਾਲੋਂ ਕਿਤੇ ਵੱਧ ਗਿਣਤੀ ਵਿੱਚ ਲੋਕ ਮਰ ਰਹੇ ਹਨ। ਜੇਕਰ ਅਜਿਹੀ ਹੀ ਸਥਿਤੀ ਜਾਰੀ ਰਹੀ ਤਾਂ ਜਾਪਾਨ ਅਗਲੇ ਕੁਝ ਸਾਲਾਂ ਵਿੱਚ ਵਜੂਦ ਦੇ ਸੰਕਟ ਨਾਲ ਜੂਝ ਰਿਹਾ ਹੋਵੇਗਾ।
ਜਾਪਾਨ ਨੂੰ ਸਿਹਤਮੰਦ ਲੋਕਾਂ ਅਤੇ ਲੰਮੀ ਉਮਰ ਵਾਲੇ ਜੀਵਨ ਲਈ ਜਾਣਿਆ ਜਾਂਦਾ ਹੈ, ਪਰ ਲਗਾਤਾਰ ਨੌਜਵਾਨ ਆਬਾਦੀ ਦੀ ਘਾਟ ਅਤੇ ਬਜ਼ੁਰਗਾਂ ਦੀ ਗਿਣਤੀ ਵਿੱਚ ਵਾਧਾ ਉੱਥੇ ਦੇ ਸਿਹਤ ਢਾਂਚੇ ’ਤੇ ਵੀ ਬੋਝ ਵਧਾ ਰਿਹਾ ਹੈ। ਅਜਿਹੇ ਹਾਲਾਤ ਨੂੰ ਜਾਪਾਨ ਦੇ ਪੀ.ਐੱਮ. ਸ਼ਿਗੇਰੂ ਇਸ਼ੀਬਾ ਨੇ ‘ਸਾਈਲੈਂਟ ਐਮਰਜੈਂਸੀ’ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਇਨਸਾਨਾਂ ਦੀ ਆਬਾਦੀ ਦਾ ਸੰਕਟ ਡੂੰਘਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਫੈਮਿਲੀ ਫ੍ਰੈਂਡਲੀ ਪਾਲਿਸੀਆਂ ’ਤੇ ਹੋਰ ਧਿਆਨ ਦੇਵਾਂਗੇ, ਜਿਵੇਂ ਫ੍ਰੀ ਚਾਈਲਡਕੇਅਰ ਅਤੇ ਵਰਕਿੰਗ ਆਵਰਜ਼ ਵਿੱਚ ਲਚਕੀਲਾ ਰੁਖ ਅਪਣਾਇਆ ਜਾਵੇਗਾ। ਹੁਣ ਵੀ ਜਾਪਾਨ ਵਿੱਚ ਅਜਿਹੀਆਂ ਕਈ ਨੀਤੀਆਂ ਹਨ, ਪਰ ਔਰਤਾਂ ਵੱਧ ਬੱਚੇ ਪੈਦਾ ਕਰਨ ਲਈ ਰਾਜ਼ੀ ਨਹੀਂ ਹਨ। ਇਹ ਹੀ ਨਹੀਂ, ਜਾਪਾਨ ਵਿੱਚ ਔਰਤਾਂ ਦੀ ਅਜਿਹੀ ਵੱਡੀ ਗਿਣਤੀ ਹੈ, ਜਿਨ੍ਹਾਂ ਨੇ ਇੱਕ ਵੀ ਬੱਚਾ ਪੈਦਾ ਨਹੀਂ ਕੀਤਾ ਅਤੇ ਨਾ ਹੀ ਪੈਦਾ ਕਰਨਾ ਚਾਹੁੰਦੀਆਂ ਹਨ।
125 ਸਾਲਾਂ ਵਿੱਚ ਪਹਿਲੀ ਵਾਰ ਜਨਮ ਲੈਣ ਵਾਲੇ ਬੱਚਿਆਂ ਦੀ ਇੰਨੀ ਘੱਟ ਗਿਣਤੀ
ਜਾਪਾਨ ਵਿੱਚ ਹੁਣ ਜਨਮ ਦਰ 1.2 ਹੈ। ਡਰਾਉਣ ਵਾਲਾ ਅੰਕੜਾ ਇਹ ਹੈ ਕਿ ਸਾਲ 2024 ਵਿੱਚ ਜਾਪਾਨ ਵਿੱਚ ਸਿਰਫ਼ 6,86,061 ਬੱਚਿਆਂ ਦਾ ਜਨਮ ਹੋਇਆ ਜਦਕਿ 1.6 ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਜਨਮ ਲੈਣ ਵਾਲਿਆਂ ਨਾਲੋਂ 10 ਲੱਖ ਵੱਧ ਲੋਕਾਂ ਦੀ ਮੌਤ ਹੋ ਗਈ। ਸਿੱਧੇ-ਸਿੱਧੇ ਕਹੀਏ ਤਾਂ ਇੱਕ ਬੱਚਾ ਪੈਦਾ ਹੋਇਆ ਤਾਂ ਦੋ ਲੋਕ ਮਰ ਗਏ। ਇਸ ਸਮੇਂ ਜਾਪਾਨ ਦੀ ਆਬਾਦੀ 12 ਕਰੋੜ ਹੈ ਅਤੇ ਜੇਕਰ ਇਸੇ ਤਰ੍ਹਾਂ ਗਿਣਤੀ ਵਿੱਚ ਕਮੀ ਆਉਂਦੀ ਰਹੀ ਤਾਂ ਦੇਸ਼ ਵਿੱਚ ਮਾਨਵ ਸਰੋਤ ਦਾ ਹੀ ਸੰਕਟ ਪੈਦਾ ਹੋ ਜਾਵੇਗਾ। ਇਸ ਨਾਲ ਅਰਥਵਿਵਸਥਾ ਤੋਂ ਲੈ ਕੇ ਆਮ ਮਾਨਵੀ ਜੀਵਨ ਤੱਕ ਮੁਸ਼ਕਲ ਹੋ ਜਾਵੇਗਾ। ਜਾਪਾਨ ਵਿੱਚ ਲੰਘੇ 125 ਸਾਲਾਂ ਦੇ ਇਤਿਹਾਸ ਵਿੱਚ 2024 ਵਿੱਚ ਸਭ ਤੋਂ ਘੱਟ ਬੱਚੇ ਪੈਦਾ ਹੋਏ ਹਨ।
ਲਗਾਤਾਰ 16ਵੇਂ ਸਾਲ ਜਾਪਾਨ ਦੀ ਆਬਾਦੀ ਵਿੱਚ ਗਿਰਾਵਟ
ਇਸ ਤੋਂ ਇਲਾਵਾ ਇਹ ਲਗਾਤਾਰ 16ਵਾਂ ਸਾਲ ਹੈ, ਜਦੋਂ ਜਾਪਾਨ ਦੀ ਆਬਾਦੀ ਵਿੱਚ ਇੰਨੀ ਵੱਡੀ ਗਿਰਾਵਟ ਆਈ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਜਾਪਾਨ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਵੱਸ ਗਏ ਹਨ। ਪਹਿਲੀ ਜਨਵਰੀ 2025 ਦੇ ਡੇਟਾ ਅਨੁਸਾਰ ਜਾਪਾਨ ਦੀ ਕੁੱਲ ਆਬਾਦੀ ਵਿੱਚ 3 ਫੀਸਦੀ ਹਿੱਸੇਦਾਰੀ ਬਾਹਰੀ ਲੋਕਾਂ ਦੀ ਹੈ। ਲੰਘੇ ਇੱਕ ਸਾਲ ਦੇ ਅੰਦਰ ਹੀ ਜਾਪਾਨ ਦੀ ਕੁੱਲ ਆਬਾਦੀ ਵਿੱਚ 0.44 ਫੀਸਦੀ ਦੀ ਕਮੀ ਆ ਗਈ ਹੈ। ਇਸ ਦੀ ਭਰਪਾਈ ਲਈ ਜਾਪਾਨ ਨੇ ਵਿਦੇਸ਼ੀ ਲੋਕਾਂ ਨੂੰ ਸੱਦੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਯੋਜਨਾ ਵੀ ਸਿਰੇ ਨਹੀਂ ਚੜ੍ਹ ਪਾ ਰਹੀ।
65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਗਿਣਤੀ 30 ਫੀਸਦੀ
ਜਾਪਾਨ ਦੀ ਕੁੱਲ ਆਬਾਦੀ ਵਿੱਚ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਅੰਕੜਾ ਹੁਣ 30 ਫੀਸਦੀ ਹੋ ਗਿਆ ਹੈ। ਇਹ ਦੁਨੀਆਂ ਵਿੱਚ ਦੂਜਾ ਸਭ ਤੋਂ ਵੱਡਾ ਡੇਟਾ ਹੈ, ਪਹਿਲੇ ਨੰਬਰ ’ਤੇ ਮੋਨਾਕੋ ਹੈ। ਜਾਪਾਨ ਵਿੱਚ ਹੁਣ 60 ਫੀਸਦੀ ਆਬਾਦੀ ਹੀ ਵਰਕਿੰਗ ਏਜ ਵਿੱਚ ਹੈ, ਯਾਨੀ 15 ਤੋਂ 64 ਸਾਲ ਦੇ ਵਿਚਕਾਰ ਵਾਲੀ ਹੈ। ਇਹ ਹੀ ਨਹੀਂ, ਜਿਵੇਂ ਜਨਮ ਦਰ ਵਿੱਚ ਕਮੀ ਚੱਲ ਰਹੀ ਹੈ, ਉਸ ਨਾਲ ਅਗਲੇ ਕੁਝ ਸਾਲਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਤੋਂ ਵੀ ਵੱਧ ਹੋ ਸਕਦੀ ਹੈ।
