ਅਸ਼ਵਨੀ ਚਤਰਥ
ਫੋਨ: +91-6284220595
ਸੰਸਾਰ ਭਰ ਦੇ ਸੱਤ ਮਹਾਂਦੀਪਾਂ- ਏਸ਼ੀਆ, ਅਫਰੀਕਾ, ਯੂਰਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅੰਟਾਰਕਟਿਕਾ ਅਤੇ ਓਸ਼ੀਆਨੀਆ (ਆਸਟ੍ਰੇਲੀਆ) ਵਿੱਚੋਂ ਅਫਰੀਕਾ ਮਹਾਂਦੀਪ ਦੂਜਾ ਸਭ ਤੋਂ ਵੱਡਾ ਮਹਾਂਦੀਪ ਹੈ। ਕਰੀਬ ਤੀਹ ਮਿਲੀਅਨ ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਮਹਾਂਦੀਪ ਹੇਠ ਧਰਤੀ ਦੇ ਕੁੱਲ ਜ਼ਮੀਨੀ ਖੇਤਰ ਦਾ ਵੀਹ ਫੀਸਦੀ ਹਿੱਸਾ ਆਉਂਦਾ ਹੈ। ਇਸ ਦੀ ਜ਼ਮੀਨ ਉੱਪਰ ਸੰਸਾਰ ਦੀ ਕੁੱਲ ਮਨੁੱਖੀ ਵੱਸੋਂ ਦਾ 18 ਫੀਸਦੀ ਭਾਵ 1.4 ਬਿਲੀਅਨ ਲੋਕ ਵੱਸਦੇ ਹਨ।
ਇਸ ਦੀ ਵੱਸੋਂ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇੱਥੋਂ ਦੇ ਲੋਕਾਂ ਦੀ ਔਸਤ ਉਮਰ ਸੰਸਾਰ ਭਰ ਦੇ ਬਾਕੀ ਦੇਸ਼ਾਂ ਦੀ ਔਸਤ ਉਮਰ ਨਾਲੋਂ ਸਭ ਤੋਂ ਘੱਟ ਹੈ- ਭਾਵ ਇੱਥੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ। ਦੱਸਣਯੋਗ ਹੈ ਕਿ ਜਿੱਥੇ ਦੁਨੀਆਂ ਭਰ ਦੇ ਬਾਕੀ ਦੇਸ਼ ਆਪਣੇ ਇਲਾਕੇ ਵਿੱਚ ਵੱਧ ਰਹੇ ਬਿਰਧ ਲੋਕਾਂ ਦੀ ਜਨਸੰਖਿਆ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉੱਥੇ ਹੀ ਅਫਰੀਕਾ ਦੀ ਵੱਧ ਨੌਜਵਾਨ ਜਨਸੰਖਿਆ ਇਲਾਕੇ ਦੀ ਆਰਥਿਕ ਤਰੱਕੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਇਸ ਮਹਾਂਦੀਪ ਦੀ ਇੱਕ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਰਪੂਰ ਕੁਦਰਤੀ ਸਰੋਤ ਹੋਣ ਦੇ ਬਾਵਜੂਦ ਇਸ ਦੇ ਦੇਸ਼ ਸੰਸਾਰ ਭਰ ਵਿੱਚ ਸਭ ਤੋਂ ਘੱਟ ਵਿਕਸਿਤ ਅਤੇ ਸਰਮਾਏ ਪੱਖੋਂ ਸਭ ਤੋਂ ਪੱਛੜੇ ਹੋਏ ਹਨ। ਇਸ ਦੇ ਕਾਰਨ ਹਨ- ਇੱਥੇ ਲੰਮੇ ਸਮੇਂ ਤੱਕ ਬਸਤੀਵਾਦ ਦਾ ਹੋਣਾ, ਕਬੀਲਾਵਾਦ, ਦੁਸ਼ਵਾਰ ਜਲਵਾਯੂ ਅਤੇ ਲੋਕਤੰਤਰ ਦੀ ਘਾਟ ਆਦਿ।
ਅਫਰੀਕੀ ਦੇਸ਼ਾਂ ਦਾ ਸਮੂਹ ‘ਅਫਰੀਕੀ ਯੂਨੀਅਨ’ ਵੱਖ-ਵੱਖ ਦੇਸ਼ਾਂ ਵਿੱਚ ਤਾਲਮੇਲ ਬਿਠਾਉਣ ਦਾ ਕੰਮ ਕਰਦਾ ਹੈ। ਉਕਤ ਮਹਾਂਦੀਪ ਵਿੱਚ 55 ਸੁਤੰਤਰ ਦੇਸ਼ ਹਨ, ਜਿਨ੍ਹਾਂ ਵਿੱਚੋਂ ਅਲਜ਼ੀਰੀਆ ਰਕਬੇ ਪੱਖੋਂ ਸਭ ਤੋਂ ਵੱਡਾ ਅਤੇ ਨਾਈਜੀਰੀਆ ਆਬਾਦੀ ਪੱਖੋਂ ਸਭ ਤੋਂ ਵੱਡਾ ਦੇਸ਼ ਹੈ। ਸੱਤ ਮਹਾਂਦੀਪਾਂ ਵਿੱਚੋਂ ਅਫਰੀਕਾ ਇਕੱਲਾ ਮਹਾਂਦੀਪ ਹੈ, ਜੋ ਧਰਤੀ ਦੇ ਉੱਤਰੀ ਅਰਧਗੋਲੇ ਤੋਂ ਦੱਖਣੀ ਅਰਧਗੋਲੇ ਤੱਕ ਫੈਲਿਆ ਹੋਇਆ ਹੈ। ਸਮੂਹ ਸੰਸਾਰ ਦੇ ਦੇਸ਼ਾਂ ਨੂੰ ਅਫਰੀਕਾ ਤੋਂ ਇੱਕ ਸਬਕ ਵੀ ਸਿੱਖਣਾ ਚਾਹੀਦਾ ਹੈ ਕਿ ਕਿਸੇ ਸਮੇਂ ਦੁਨੀਆਂ ਦੇ ਸਭ ਤੋਂ ਵੱਧ ਕਿਸਮਾਂ ਦੇ ਰੁੱਖਾਂ ਅਤੇ ਜੰਤੂਆਂ ਦੀਆਂ ਪ੍ਰਜਾਤੀਆਂ ਨਾਲ ਭਰਪੂਰ ਇਹ ਇਲਾਕਾ ਜੰਗਲਾਂ ਦੀ ਕਟਾਈ ਕਰਕੇ ਮਾਰੂਥਲ ਦਾ ਰੂਪ ਧਾਰਨ ਕਰੀ ਜਾ ਰਿਹਾ ਹੈ।
ਗੱਲ ਕਰੀਏ ਜੇਕਰ ਸੰਸਾਰ ਦੀ ਸਮੁੱਚੀ ਮਨੁੱਖ ਜਾਤੀ ਦੀ ਤਾਂ ਵਿਗਿਆਨੀਆਂ ਦੀ ਧਾਰਨਾ ਹੈ ਕਿ ਧਰਤੀ ਦਾ ਅਜੋਕੀ ਜਾਤੀ ਦਾ ਮਨੁੱਖ ਸਭ ਤੋਂ ਪਹਿਲਾਂ ਅਫਰੀਕਾ ਵਿੱਚ ਹੀ ਕਰੀਬ ਤਿੰਨ ਲੱਖ ਸਾਲ ਪਹਿਲਾਂ ਵਿਕਸਿਤ ਹੋਇਆ ਸੀ। ਇਸ ਦਾ ਸਬੂਤ ਮੋਰੋਕੋ, ਇਥੋਪੀਆ ਅਤੇ ਦੱਖਣੀ ਅਫਰੀਕਾ ਵਿੱਚ ਕਰੀਬ ਤਿੰਨ ਲੱਖ ਸਾਲ ਪੁਰਾਣੇ ਮਿਲੇ ਮਨੁੱਖੀ ਅਵਸ਼ੇਸ਼ਾਂ ਤੋਂ ਮਿਲਦਾ ਹੈ। ਗੱਲ ਕਰੀਏ ਜੇਕਰ ਪਾਣੀ ਦੀ ਉਪਲੱਬਧਤਾ ਦੀ ਤਾਂ ਅਫਰੀਕਾ ਵਿੱਚ ਪਾਣੀ ਦੀ ਘਾਟ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇੱਥੇ ਖੇਤੀਬਾੜੀ ਜ਼ਿਆਦਾਤਰ ਮੀਂਹ ਉੱਤੇ ਨਿਰਭਰ ਹੈ ਅਤੇ ਸਮੁੱਚੇ ਅਫਰੀਕਾ ਮਹਾਂਦੀਪ ਦੇ ਸਿਰਫ ਦਸ ਫੀਸਦੀ ਰਕਬੇ ਉੱਤੇ ਹੀ ਖੇਤੀਬਾੜੀ ਦੀ ਸਿੰਜਾਈ ਟਿਊਬਵੈੱਲਾਂ ਨਾਲ ਕੀਤੀ ਜਾਂਦੀ ਹੈ। ਅਫਰੀਕਾ ਦੇ ਇਨ੍ਹਾਂ ਹਲਾਤਾਂ ਤੋਂ ਭਾਰਤ ਦੇ ਲੋਕਾਂ ਨੂੰ ਵੀ ਸਬਕ ਸਿੱਖਣ ਦੀ ਲੋੜ ਹੈ। ਜ਼ਰੂਰਤ ਹੈ ਕਿ ਆਪਣੇ ਕੁਦਰਤੀ ਵਸੀਲਿਆਂ ਤੇ ਖਾਸ ਕਰਕੇ ਪਾਣੀ ਦੀ ਸਾਂਭ-ਸੰਭਾਲ ਕਰਦਿਆਂ ਹੋਇਆਂ ਇਸ ਦੀ ਉਚਿਤ ਵਰਤੋਂ ਕੀਤੀ ਜਾਵੇ।
ਪਿਛਲੇ ਕੁਝ ਸਾਲਾਂ ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਵਾਤਾਵਰਨ ਸੰਬੰਧੀ ਸੰਸਥਾ ‘ਵਾਤਾਵਰਨ ਤਬਦੀਲੀ ਸੰਬੰਧੀ ਅੰਤਰ ਸਰਕਾਰੀ ਪੈਨਲ’ ਵੱਲੋਂ ਸਮੂਹ ਅਫਰੀਕੀ ਦੇਸ਼ਾਂ ਨੂੰ ਸੁਚੇਤ ਕੀਤਾ ਗਿਆ ਸੀ ਕਿ ਇਹ ਇਲਾਕਾ ਸੰਸਾਰ ਦੇ ਬਾਕੀ ਦੇਸ਼ਾਂ ਨਾਲੋਂ ਵੱਧ ਗਰਮ ਹੋ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਆਉਣ ਵਾਲੇ ਸਮੇਂ ਵਿੱਚ ਇੱਥੇ ਭੋਜਨ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਫਰੀਕੀ ਮਹਾਂਦੀਪ ਦੀ ਗੱਲ ਕਰਦਿਆਂ ਸਹਾਰਾ ਰੇਗਿਸਤਾਨ ਦਾ ਨਾਂ ਆਪ ਮੁਹਾਰੇ ਸਾਡੇ ਜ਼ਿਹਨ ਵਿੱਚ ਆ ਜਾਂਦਾ ਹੈ। ਇਹ ਮਾਰੂਥਲ ਅਫਰੀਕਾ ਦੇ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਅਲਜ਼ੀਰੀਆ, ਚਾਡ, ਮਿਸਰ, ਲੀਬੀਆ, ਮੋਰੋਕੋ, ਨਾਈਜ਼ਰ, ਸੁਡਾਨ ਅਤੇ ਟਿਊਨੀਸ਼ੀਆ ਦੇਸ਼ ਆਉਂਦੇ ਹਨ। ਭੂਗੋਲਿਕ ਸਥਿਤੀ ਪੱਖੋਂ ਅਫਰੀਕਾ ਮਹਾਂਦੀਪ ਪੱਛਮ ਵੱਲੋਂ ਅਟਲਾਂਟਿਕ ਮਹਾਂਸਾਗਰ, ਉੱਤਰ ਵੱਲੋਂ ਮੈਡੀਟੇਰੀਅਨ ਸਾਗਰ, ਪੂਰਵ ਵਾਲੇ ਪਾਸਿਓਂ ਲਾਲ ਸਾਗਰ ਅਤੇ ਦੱਖਣ ਵੱਲੋਂ ਅਟਲਾਂਟਿਕ ਤੇ ਭਾਰਤੀ ਮਹਾਂਸਾਗਰ ਦੇ ਮਿਸ਼ਰਿਤ ਪਾਣੀਆਂ ਨਾਲ ਘਿਰਿਆ ਹੋਇਆ ਹੈ। ਮਿਸਰ ਦੇਸ਼ ਵਿੱਚ ਵਹਿੰਦੀ ਸਵੇਜ਼ ਨਹਿਰ ਅਫਰੀਕਾ ਅਤੇ ਏਸ਼ੀਆ ਮਹਾਂਦੀਪਾਂ ਨੂੰ ਅੱਡ-ਅੱਡ ਕਰਦੀ ਹੈ। ਇਹ ਨਹਿਰ ਵਪਾਰਕ ਵੱਖੋਂ ਇਲਾਕੇ ਲਈ ਬੇਹੱਦ ਲਾਹੇਵੰਦ ਹੈ। ਅਫਰੀਕਾ ਦੇ ਜੰਗਲਾਂ ਵਿੱਚ ਗਿੱਦੜ, ਚੀਤੇ, ਸ਼ੇਰ, ਹਾਥੀ, ਊਠ, ਜਿਰਾਫ਼, ਮੱਝਾਂ ਤੋਂ ਇਲਾਵਾ ਪਾਣੀ ਵਿੱਚ ਮਿਲਣ ਵਾਲੇ ਮਗਰਮੱਛ ਜਿਹੇ ਜਾਨਵਰਾਂ ਦੀਆਂ ਪ੍ਰਜਾਤੀਆਂ ਵੱਡੀ ਗਿਣਤੀ ਵਿੱਚ ਮਿਲਦੀਆਂ ਹਨ। ਸਲੇਟੀ ਰੰਗ ਵਾਲੇ ਹਾਥੀ ਸਿਰਫ ਅਫਰੀਕਾ ਵਿੱਚ ਹੀ ਮਿਲਦੇ ਹਨ।
ਇਸ ਮਹਾਂਦੀਪ ਦੀਆਂ ਸਮੱਸਿਆ ਦੂਰ ਕਰਨ ਅਤੇ ਆਪਸੀ ਤਾਲਮੇਲ ਬਣਾਉਣ ਲਈ 55 ਦੇਸ਼ਾਂ ਦੇ ‘ਅਫਰੀਕੀ ਯੂਨੀਅਨ’ ਨਾਂ ਦੇ ਸੰਗਠਨ ਦੀ ਸਥਾਪਨਾ ਸੰਨ 2002 ਵਿੱਚ ਕੀਤੀ ਗਈ ਸੀ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਮੁਤਾਬਿਕ ਇਸ ਖਿੱਤੇ ਦੀ ਵੱਡੀ ਆਬਾਦੀ ਗਰੀਬੀ, ਅਨਪੜ੍ਹਤਾ, ਕੁਪੋਸ਼ਣ, ਪੀਣ ਵਾਲੇ ਪਾਣੀ ਦੀ ਕਿੱਲਤ ਅਤੇ ਸਾਫ਼-ਸਫ਼ਾਈ ਦੇ ਮਾੜੇ ਹਲਾਤਾਂ ਕਰਕੇ ਬਿਮਾਰੀਆਂ ਨਾਲ ਜੂਝ ਰਹੀ ਹੈ। ਸਮੁੱਚੇ ਅਫਰੀਕਾ ਦੀ ਕੁੱਲ ਆਬਾਦੀ ਇਸਲਾਮ ਅਤੇ ਇਸਾਈਅਤ ਧਰਮਾਂ ਵਿੱਚ ਤਕਰੀਬਨ ਬਰਾਬਰ-ਬਰਾਬਰ ਵੰਡੀ ਹੋਈ ਹੈ। ਇੱਥੋਂ ਦੇ ਲੋਕਾਂ ਦੀ ਚਮੜੀ ਦਾ ਸਿਆਹ ਰੰਗ ਗਰਮ ਜਲਵਾਯੂ, ਧੁੱਪ ਦੀ ਬਹੁਤਾਤ ਅਤੇ ਚਮੜੀ ਵਿੱਚ ਮੌਜੂਦ ਗਾੜ੍ਹੇ ਰੰਗ ਦੇ ਮੈਲਾਨਿਨ ਕਣਾਂ ਦੇ ਜੀਨਾਂ ਕਰਕੇ ਹੁੰਦਾ ਹੈ। ਅਫਰੀਕਾ ਵਿੱਚ ਕੋਬਾਲਟ, ਸੋਨਾ, ਹੀਰੇ, ਬਾਕਸਾਈਟ, ਐਲਮੀਨੀਅਮ, ਕਰੋਮੀਅਮ, ਮੈਗਨੀਜ਼, ਯੂਰੇਨੀਅਮ ਅਤੇ ਪਲੈਟੀਨਮ ਜਿਹੇ ਸਰੋਤਾਂ ਦੇ ਵੱਡੇ ਭੰਡਾਰ ਮੌਜੂਦ ਹਨ। ਸਾਰੇ ਮਹਾਂਦੀਪਾਂ ਨਾਲੋਂ ਪੁਰਾਣਾ ਹੋਣ ਕਰਕੇ ਅਫਰੀਕਾ ਨੂੰ ‘ਮਹਾਂਦੀਪਾਂ ਦੀ ਮਾਂ’ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਲੋਕਾਂ ਦਾ ਜੀਵਨ ਮੁਸ਼ਕਲਾਂ ਭਰਿਆ ਹੋਣ ਕਰਕੇ ਲੋਕਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਕਰਕੇ ਇੱਥੋਂ ਦੇ ਜ਼ਿਆਦਾਤਰ ਲੋਕਾਂ ਦਾ ਸਰੀਰ ਤਕੜਾ ਹੁੰਦਾ ਹੈ।
ਅਫਰੀਕਾ ਦੇ ਭਵਨ ਨਿਰਮਾਣ ਦੀ ਗੱਲ ਕਰਦਿਆਂ ਗੀਜ਼ਾ ਦੇ ਪਿਰਾਮਿਡ ਯਾਦ ਆਉਂਦੇ ਹਨ। ਮਿਸਰ ਦੀ ਰਾਜਧਾਨੀ ਕਾਇਰੋ ਵਿਖੇ ਸਥਿਤ ਇਹ ਪਿਰਾਮਿਡ ਕੌਮਾਂਤਰੀ ਸੰਸਥਾ ‘ਯੂਨੈਸਕੋ’ ਦਾ ਵਿਰਾਸਤੀ ਸਰਮਾਇਆ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪਿਰਾਮਿਡ ਮਿਸਰ ਦੇ ਪ੍ਰਾਚੀਨ ਰਾਜਿਆਂ ਦੇ ਮ੍ਰਿਤਕ ਸਰੀਰਾਂ ਦੇ ਅਵਸ਼ੇਸ਼ਾਂ ਨੂੰ ਸੰਭਾਲਣ ਲਈ ਬਣਾਏ ਗਏ ਸਨ। ਅਫਰੀਕੀ ਕਲਾ ਭੰਡਾਰ ਵਿੱਚ ਵੱਡੀ ਵਿਭਿੰਨਤਾ ਪਾਈ ਜਾਂਦੀ ਹੈ। ਇਸ ਵਿੱਚ ਮਿੱਟੀ ਦੇ ਬਣੇ ਭਾਂਡੇ, ਧਾਤੂਆਂ ਤੋਂ ਬਣੀਆਂ ਵਸਤਾਂ, ਵੱਖ-ਵੱਖ ਕਿਸਮਾਂ ਦੀਆਂ ਮੂਰਤੀਆਂ, ਵਸਤਰ ਕਲਾ ਜਿਸ ਵਿੱਚ ਸਿਲਕ ਦੇ ਕੱਪੜੇ ਉੱਤੇ ਸੁਨਹਿਰੀ ਛਪਾਈ/ਕਢਾਈ ਆਦਿ ਸ਼ਾਮਲ ਹਨ। ਈਥੋਪੀਆ ਵਿੱਚ ਚਰਚ ਦੀਆਂ ਚਾਂਦੀ ਨਾਲ ਚਮਕਾਈਆਂ ਹੋਈਆਂ ਚਿੱਤਰਕਾਰੀਆਂ ਪੁਰਾਤਨ ਅਫਰੀਕਾ ਦਾ ਅਮੀਰ ਵਿਰਸਾ ਹਨ।
ਇੱਕ ਅਨੁਮਾਨ ਅਨੁਸਾਰ ਅਫਰੀਕਾ ਵਿੱਚ ਇੱਕ ਹਜ਼ਾਰ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੋਂ ਦੇ ਲੋਕਾਂ ਵਿੱਚ ਭਾਸ਼ਾ ਪੱਖੋਂ ਵੱਡੀ ਵਿਭਿੰਨਤਾ ਪਾਈ ਜਾਂਦੀ ਹੈ- ਭਾਵ ਅਫਰੀਕੀ ਲੋਕ ਇੱਕ ਤੋਂ ਵੱਧ ਅਫਰੀਕੀ ਭਾਸ਼ਾਵਾਂ ਤੋਂ ਇਲਾਵਾ ਯੂਰਪੀ ਭਾਸ਼ਾਵਾਂ ਵੀ ਬੋਲਣ ਦੇ ਸਮਰੱਥ ਹੁੰਦੇ ਹਨ। ਇੱਕ ਅਨੁਮਾਨ ਅਨੁਸਾਰ ਸਮੁੱਚੇ ਵਿਸ਼ਵ ਦੀਆਂ 25 ਫੀਸਦ ਭਾਵ ਕਿ ਇੱਕ ਚੌਥਾਈ ਭਾਸ਼ਾਵਾਂ ਇੱਥੇ ਬੋਲੀਆਂ ਜਾਂਦੀਆਂ ਹਨ। ਇਹ ਮਹਾਂਦੀਪ ਜੀਵ ਵਿਭਿੰਨਤਾਵਾਂ ਦਾ ਪ੍ਰਮੁੱਖ ਕੇਂਦਰ ਹੈ, ਕਿਉਂਕਿ ਇੱਥੇ ਜੰਗਲੀ ਜੀਵਾਂ ਅਤੇ ਰੁੱਖਾਂ ਦੀਆਂ ਅਥਾਹ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। 6600 ਕਿਲੋਮੀਟਰ ਦਰਿਆ ਨੀਲ ਦੁਨੀਆ ਦਾ ਸਭ ਤੋਂ ਵੱਡਾ ਦਰਿਆ ਹੈ। ਮਿਸਰ ਦੇਸ਼ ਨੂੰ ਨੀਲ ਦਰਿਆ ਦਾ ਤੋਹਫਾ ਆਖਦੇ ਹਨ, ਕਿਉਂਕਿ ਇਸ ਤੋਂ ਬਗੈਰ ਮਿਸਰ ਇੱਕ ਵੱਡਾ ਮਾਰੂਥਲ ਹੀ ਹੋਣਾ ਸੀ। ਇਹ ਦਰਿਆ ਅਫਰੀਕਾ ਦੇ 11 ਦੇਸ਼ਾਂ ਨੂੰ ਪਾਣੀ ਦੀ ਪੂਰਤੀ ਕਰਦਾ ਹੈ। ਵਿਕਟੋਰੀਆ ਝੀਲ ਅਫਰੀਕਾ ਦੀ ਸਭ ਤੋਂ ਵੱਡੀ ਝੀਲ ਹੈ, ਜੋ ਕਿ ਖੇਤੀ, ਮੱਛੀ ਫੜ੍ਹਨ ਅਤੇ ਸੈਰ-ਸਪਾਟੇ ਦੇ ਧੰਦਿਆਂ ਵਿੱਚ ਸਹਾਇਕ ਹੁੰਦੀ ਹੈ।
