ਸ਼ਬਦਾਂ ਦੀ ਬੂੰਦ ਮੋਤੀ ਬਣ ਜਾਂਦੀ…

ਆਮ-ਖਾਸ

ਪ੍ਰਿੰਸੀਪਲ ਵਿਜੈ ਕੁਮਾਰ
ਫੋਨ: +91-9872627136
ਮਹਾਨ ਤੈਰਾਕ ਮਾਇਕਲ ਫਰੇਡ ਫਲੇਪਸ ਦੇ ਪ੍ਰੇਰਨਾਦਾਇਕ ਸ਼ਬਦ
ਅਮਰੀਕੀ ਤੈਰਾਕ ਮਾਰਕ ਸਪਿਟਜ ਦੇ 1972 ਦੇ ਮਿਊਨਿਖ ਓਲੰਪਿਕ ਦੇ ਤੈਰਾਕੀ ਮੁਕਾਬਲੇ ਵਿੱਚ ਇੱਕ ਦਿਨ ਵਿੱਚ 7 ਸੋਨੇ ਦੇ ਤਮਗੇ ਜਿੱਤਣ ਦੇ ਬਣਾਏ 32 ਸਾਲ ਦੇ ਪੁਰਾਣੇ ਰਿਕਾਰਡ ਨੂੰ ਤੋੜਨ ਵਾਲੇ ਮਾਇਕਲ ਫਲੇਪਸ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ। ਉਸਨੇ ਬੀਜਿੰਗ ਓਲੰਪਿਕ ਵਿੱਚ 2008 ਦੇ ਤੈਰਾਕੀ ਮੁਕਾਬਲੇ ਵਿੱਚ ਇੱਕ ਦਿਨ ਵਿੱਚ 8 ਸੋਨੇ ਦੇ ਤਮਗੇ ਜਿੱਤ ਕੇ ਮਾਰਕ ਸਪਿਟਜ ਦਾ ਰਿਕਾਰਡ ਤੋੜਿਆ ਸੀ।

30 ਜੂਨ 1985 ਨੂੰ ਵਾਲਟੀ ਮਾਰ ਮੈਰੀਲੈਂਡ ‘ਚ ਪੈਦਾ ਹੋਏ ਮਾਇਕਲ ਫਰੇਡ ਫਲੇਪਸ ਆਪਣੇ ਮਾਪਿਆਂ ਦੀ ਤੀਸਰੀ ਅਤੇ ਸਭ ਤੋਂ ਛੋਟੀ ਸੰਤਾਨ ਹੈ। ਉਸਦਾ ਪਾਲਣ-ਪੋਸ਼ਣ ਟਾਕਸਨ ਦੇ ਰਾਜਰਸ ਵਿੱਚ ਹੋਇਆ। ਉਸਨੇ ਆਪਣੀ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਰਾਜਰਸ ਫੋਰਜ ਐਲੀਮੈਂਟਰੀ ਸਕੂਲ ਡਬਰਟਨ, ਹਾਈ ਸਕੂਲ ਤੱਕ ਦੀ ਪੜ੍ਹਾਈ ਟਾਕਸਨ ਹਾਈ ਸਕੂਲ ਅਤੇ ਗ੍ਰੈਜੂਏਸ਼ਨ ਵੀ ਟਾਕਸਨ ਹਾਈ ਸਕੂਲ ਤੋਂ ਹੀ ਕੀਤੀ। ਉਸਨੇ ਸੱਤ ਸਾਲ ਦੀ ਉਮਰ ‘ਚ ਤੈਰਾਕੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਉਸਨੇ ਤੈਰਾਕੀ ‘ਚ 32 ਸੋਨੇ ਦੇ ਤਮਗੇ ਜਿੱਤੇ ਹਨ। ਦੁਨੀਆ ਦੇ ਕੇਵਲ ਤਿੰਨ ਹੀ ਤੈਰਾਕ ਹਨ, ਜਿਨ੍ਹਾਂ ਨੇ ਤੈਰਾਕੀ ‘ਚ ਇੱਕ ਦਿਨ ਵਿੱਚ 6 ਤੋਂ 8 ਸੋਨੇ ਦੇ ਤਮਗੇ ਜਿੱਤੇ ਹਨ। ਦੁਨੀਆ ਦਾ ਸਭ ਤੋਂ ਬਿਹਤਰ ਤੈਰਾਕ ਹੋਣ ਕਾਰਨ ਮਾਇਕਲ ਫਰੇਡ ਫਲੇਪਸ ਨੂੰ ‘ਦੀ ਵਾਲਟੀਮਾਰ ਬੁਲੇਟ’ ਅਤੇ ‘ਫਲਾਇੰਗ ਫਿਸ਼’ ਵੀ ਕਿਹਾ ਜਾਂਦਾ ਹੈ।
ਉਸਨੇ ਅਮਰੀਕੀ ਤੈਰਾਕ ਮਾਰਕ ਸਪਿਟਜ ਦਾ ਮਿਊਨਿਖ ਓਲੰਪਿਕ ਵਿੱਚ ਤੈਰਾਕੀ ਮੁਕਾਬਲੇ ਵਿੱਚ ਸੋਨੇ ਦੇ 7 ਤਮਗੇ ਜਿੱਤਣ ਦਾ 32 ਸਾਲ ਪੁਰਾਣਾ ਰਿਕਾਰਡ ਤੋੜਨ ਦਾ ਸੁਪਨਾ 2004 ‘ਚ ਲਿਆ ਸੀ। ਉਸਨੇ ਪੂਰੇ ਚਾਰ ਸਾਲ ਬਾਅਦ 2008 ਦੇ ਬੀਜਿੰਗ ਓਲੰਪਿਕ ‘ਚ ਸੋਨੇ ਦੇ ਅੱਠ ਤਮਗੇ ਜਿੱਤ ਕੇ ਆਪਣਾ ਸੁਪਨਾ ਸਾਕਾਰ ਕੀਤਾ ਸੀ। ਬੀਜਿੰਗ ਓਲੰਪਿਕ ਵਿੱਚ ਸੋਨੇ ਦੇ ਅੱਠ ਤਮਗੇ ਜਿੱਤ ਕੇ ਦੁਨੀਆ ਦਾ ਸਭ ਤੋਂ ਅੱਵਲ ਤੈਰਾਕ ਬਣਨ ਤੋਂ ਬਾਅਦ ਉਸਨੇ ਪੱਤਰਕਾਰਾਂ ਨੂੰ ਆਪਣੀ ਸਫਲਤਾ ਬਾਰੇ ਜੋ ਸ਼ਬਦ ਕਹੇ, ਉਹ ਬਹੁਤ ਹੀ ਦਿਲਚਸਪ ਅਤੇ ਪ੍ਰੇਰਨਾ ਭਰਪੂਰ ਸਨ। ਉਸਦੇ ਉਹ ਪ੍ਰੇਰਨਾ ਭਰਪੂਰ ਸ਼ਬਦ ਦੁਨੀਆ ਦੇ ਉਸ ਹਰ ਵਿਅਕਤੀ ਨੂੰ ਪੜ੍ਹਨੇ ਅਤੇ ਸੁਣਨੇ ਚਾਹੀਦੇ ਹਨ, ਜੋ ਕਿਸੇ ਨਾ ਕਿਸੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ। ਆਪਣੇ ਗਲੇ ਵਿੱਚ ਪਏ ਸੋਨੇ ਦੇ ਅੱਠ ਤਮਗਿਆਂ ਨਾਲ ਜਦੋਂ ਉਹ ਪੱਤਰਕਾਰਾਂ ਨੂੰ ਸੰਬੋਧਨ ਕਰ ਰਿਹਾ ਸੀ ਤਾਂ ਇੱਕ ਔਰਤ ਪੱਤਰਕਾਰ ਨੇ ਉਸਨੂੰ ਕਿਹਾ, “ਅੱਜ ਦਾ ਦਿਨ ਤੁਹਾਡੇ ਲਈ ਬਹੁਤ ਚੰਗਾ ਹੈ,ਤੁਸੀਂ ਇੱਕ ਦਿਨ ਵਿੱਚ ਤੈਰਾਕੀ ਵਿੱਚ ਸੋਨੇ ਦੇ ਅੱਠ ਤਮਗੇ ਜਿੱਤਣ ਦਾ ਰਿਕਾਰਡ ਬਣਾਇਆ ਹੈ, ਤੁਸੀਂ ਆਪਣੀ ਇਸ ਮਹਾਨ ਪ੍ਰਾਪਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ?” ਮਾਰਕ ਫਰੇਡ ਫਲੇਪਸ ਨੇ ਅੱਗੋਂ ਕਿਹਾ, “ਮੇਰੇ ਲਈ ਹਰ ਇੱਕ ਦਿਨ ਚੰਗਾ ਹੈ। ਤੁਹਾਨੂੰ, ਮੈਨੂੰ ਇਸ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼ ਬਾਰੇ ਦੱਸਣ ਨੂੰ ਕਹਿਣਾ ਚਾਹੀਦਾ ਸੀ। ਕਿਸੇ ਵੀ ਪ੍ਰਾਪਤੀ ਲਈ ਲਏ ਗਏ ਸੁਪਨੇ ਕਦੇ ਨਹੀਂ ਜਿੱਤਦੇ, ਸਗੋਂ ਪ੍ਰਾਪਤੀ ਲਈ ਕੀਤਾ ਗਿਆ ਸੰਘਰਸ਼ ਅਤੇ ਉਠਾਏ ਗਏ ਦੁੱਖ ਜਿੱਤਦੇ ਹਨ।
ਮੈਂ ਮਾਰਕ ਸਪਿਟਸ ਦਾ ਰਿਕਾਰਡ ਤੋੜਨ ਲਈ 2004 ਵਿੱਚ ਸੁਪਨਾ ਵੇਖਿਆ ਸੀ। ਉਸਦਾ ਰਿਕਾਰਡ ਤੋੜਨ ਲਈ ਮੈਨੂੰ ਪੂਰੇ ਚਾਰ ਸਾਲ ਮਿਹਨਤ ਕਰਨੀ ਪਈ। ਉਸਦੇ ਤਮਗਿਆਂ ਦਾ ਰਿਕਾਰਡ ਤੋੜਨ ਤੋਂ ਪਹਿਲਾਂ ਮੈਂ ਉਸਦੇ ਮਿਹਨਤ ਕਰਨ ਦਾ ਰਿਕਾਰਡ ਤੋੜਿਆ। ਉਹ ਹਰ ਰੋਜ 8 ਘੰਟੇ ਪਾਣੀ ‘ਚ ਤੈਰਨ ਦਾ ਅਭਿਆਸ ਕਰਦਾ ਸੀ। ਮੈਂ ਹਰ ਰੋਜ ਪਾਣੀ ‘ਚ 12 ਘੰਟੇ ਤੈਰਨਾ ਸ਼ੁਰੂ ਕੀਤਾ। ਮੈਂ ਹਰ ਰੋਜ, ਹਫਤੇ ਦੇ ਸੱਤ ਦਿਨ ਅਤੇ ਸਾਲ ਦੇ 365 ਦਿਨ 15 ਕਿਲੋਮੀਟਰ ਤੈਰਨ ਦਾ ਅਭਿਆਸ ਕਰਦਾ ਸੀ। ਚਾਰ ਸਾਲ ‘ਚ ਮੈਂ ਲੱਗਭਗ 20,000 ਕਿਲੋਮੀਟਰ ਤੈਰਾਕੀ ਦਾ ਸਫ਼ਰ ਤੈਅ ਕੀਤਾ ਹੈ। ਉਸ ਸੰਘਰਸ਼ ਅਤੇ ਉਠਾਏ ਦੁੱਖਾਂ ਦਾ ਨਤੀਜਾ ਇਹ ਜਿੱਤੇ ਹੋਏ ਮੈਡਲ ਤੁਹਾਡੇ ਸਾਹਮਣੇ ਹਨ। ਮਾਇਕਲ ਫਰੇਡ ਫ਼ਲੇਪਸ ਵੱਲੋਂ ਕੀਤੀ ਗਈ ਮਿਹਨਤ ਤੋਂ ਹਰ ਵਿਅਕਤੀ ਨੂੰ ਸਬਕ ਸਿੱਖਣ ਚਾਹੀਦਾ ਹੈ।
ਮਨੁੱਖ ਦੀ ਸੋਚ ਨਾਲ ਜੁੜੇ ਨੇ ਉਸ ਦੀ ਬੋਲਬਾਣੀ ਤੇ ਉਸਦੇ ਕਰਮ
ਸੰਤ ਮਸਕੀਨ ਜੀ ਕਹਿੰਦੇ ਹਨ ਕਿ ਦੁਨੀਆ ਭਰ ‘ਚ ਅਜਿਹਾ ਕੋਈ ਵੀ ਸਕੂਲ ਨਹੀਂ ਬਣਿਆ, ਜੋ ਮਨੁੱਖ ਨੂੰ ਮਹਾਨ ਬਣਾ ਸਕੇ। ਉਸ ਨੂੰ ਮਹਾਨ ਬਣਾਉਣ ਵਾਲੇ ਉਸ ਦੀ ਸੋਚ, ਬੋਲਬਾਣੀ ਅਤੇ ਉਸਦੇ ਕਰਮ ਹੁੰਦੇ ਹਨ। ਮਨੁੱਖ ਦੀ ਸੋਚ ਨਾਲ ਉਸਦੇ ਵਿਚਾਰ ਜੁੜੇ ਹੋਏ ਹੁੰਦੇ ਹਨ। ਨਕਾਰਾਤਮਕ ਸੋਚ ਮਨੁੱਖ ਨੂੰ ਤੰਗ ਦਿਲ, ਸਵਾਰਥੀ, ਲਾਲਚੀ, ਖੁਦਗਰਜ਼, ਕਰਨੀ ਤੇ ਕਥਨੀ ਵਿੱਚ ਫਰਕ ਰੱਖਣ ਵਾਲੇ ਰਾਹ ਵੱਲ ਤੋਰ ਦਿੰਦੀ ਹੈ, ਪਰ ਸਕਾਰਾਤਮਕ ਸੋਚ ਵਾਲਾ ਮਨੁੱਖ ਆਪਣੇ ਆਪ ਨੂੰ ਨਿੰਦਾ ਚੁਗਲੀ ਅਤੇ ਆਲੋਚਨਾ ਤੋਂ ਦੂਰ ਰੱਖਦਾ ਹੈ। ਉਹ ਫਰਾਖਦਿਲ ਹੁੰਦਾ ਹੈ, ਉਸਦੀ ਸੋਚ ਉਸਾਰੂ ਹੁੰਦੀ ਹੈ। ਉਹ ਜ਼ਿੰਦਗੀ ਦੇ ਮਾੜੇ ਹਾਲਾਤਾਂ ‘ਚ ਵੀ ਹੌਸਲੇ ਅਤੇ ਧੀਰਜ ਦਾ ਪੱਲਾ ਨਹੀਂ ਛੱਡਦਾ। ਉਹ ਸਭ ਦਾ ਹੁੰਦਾ ਹੈ, ਸਾਰੇ ਉਸਦੇ ਹੁੰਦੇ ਹਨ। ਉਸਾਰੂ ਸੋਚ ਵਾਲੇ ਲੋਕ ਭਵਿੱਖ ਦੇ ਬਾਰੇ ਵਿੱਚ ਸੁਪਨੇ ਵੇਖ ਕੇ ਆਪਣੇ ਆਪ ਨੂੰ ਉਲਝਾਉਣ, ਭੂਤਕਾਲ ਦੇ ਮਾੜੇ ਸਮੇਂ ਨੂੰ ਯਾਦ ਕਰਕੇ ਪਛਤਾਉਣ ਨਾਲੋਂ ਆਪਣੇ ਦਿਮਾਗ ਨੂੰ ਵਰਤਮਾਨ ‘ਚ ਕੇਂਦ੍ਰਿਤ ਕਰਕੇ ਜਿੰLਦਗੀ ਦਾ ਮਜ਼ਾ ਲੈਂਦੇ ਹਨ।
ਮਹਾਤਮਾ ਬੁੱਧ ਕਹਿੰਦੇ ਹਨ ਕਿ ਸਕਾਰਾਤਮਕ ਅਤੇ ਨਕਾਰਾਤਮਕ ਵਿਚਾਰਾਂ ਵਾਲੇ ਲੋਕਾਂ ‘ਚ ਫਰਕ ਇਹ ਹੁੰਦਾ ਹੈ ਕਿ ਸਕਾਰਾਤਮਕ ਵਿਚਾਰਧਾਰਾ ਵਾਲੇ ਲੋਕ ਆਪਣੇ ਮਨ ਉੱਤੇ ਕਾਬੂ ਪਾ ਲੈਂਦੇ ਹਨ, ਇਸ ਲਈ ਉਹ ਸੁੱਖ ਵੇਲੇ ਹੰਕਾਰ ‘ਚ ਨਹੀਂ ਆਉਂਦੇ ਅਤੇ ਦੁੱਖ ‘ਚ ਨਿਰਾਸ਼ ਨਹੀਂ ਹੁੰਦੇ। ਮਨੁੱਖ ਨੂੰ ਮਾੜੀ ਸੋਚ ਤੋਂ ਮੁਕਤ ਹੋਣ ਦਾ ਹੌਸਲਾ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ, ਆਪਣੀ ਸੋਚ ਨੂੰ ਉਸਾਰੂ ਬਣਾਉਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਉਤਾਰਨਾ ਚਾਹੀਦਾ ਹੈ। ਮਨੁੱਖ ਦੀ ਸੋਚ ਹੀ ਇਹ ਗੱਲ ਨਿਸ਼ਚਿਤ ਕਰਦੀ ਹੈ ਕਿ ਉਸਨੇ ਆਪਣੀਆਂ ਗਲਤੀਆਂ ਨੂੰ ਪੌੜੀਆਂ ਬਣਾ ਕੇ ਉਨ੍ਹਾਂ ਤੋਂ ਸਿੱਖਣਾ ਹੈ ਜਾਂ ਫੇਰ ਨਕਾਰਾਤਮਕ ਸੋਚ ਨਾਲ ਗਲਤੀਆਂ ਦੇ ਸਮੁੰਦਰ ਵਿੱਚ ਡੁੱਬ ਕੇ ਆਪਣਾ ਅੱਗੇ ਵੱਧਣ ਦਾ ਰਾਹ ਬੰਦ ਕਰਨਾ ਹੈ।
ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀ ਜ਼ਿੰਦਗੀ ਦੇ ਅਨੁਭਵ ਅਤੇ ਸੋਚ ਵਿੱਚੋਂ ਨਿਕਲੇ ਕੁਝ ਇਹ ਵਿਚਾਰ ਜਲਦੀ ਉੱਠੋ, ਆਰਾਮ ਨਾਲ ਬੋਲੋ, ਤਮੀਜ ਨਾਲ ਖਾਓ, ਚੰਗੇ ਕੰਮ ਕਰੋ, ਸ਼ਾਂਤੀ ਨਾਲ ਕਮਾਓ, ਇਮਾਨਦਾਰੀ ਨਾਲ ਬਚਾਓ, ਸੋਚ ਕੇ ਖਰਚ ਕਰੋ, ਸਾਦਗੀ ਦੀ ਜ਼ਿੰਦਗੀ ਜੀਓ ਅਤੇ ਤਣਾਅ ਤੋਂ ਦੂਰ ਰਹੋ- ਉਨ੍ਹਾਂ ਦੀ ਪ੍ਰਗਤੀਵਾਦੀ ਸੋਚ ਨੂੰ ਪ੍ਰਗਟਾਉਂਦੇ ਹਨ। ਹਰ ਇਨਸਾਨ ਨੂੰ ਉਨ੍ਹਾਂ ਦੀ ਇਸ ਸੋਚ ਉੱਤੇ ਅਮਲ ਕਰਨਾ ਚਾਹੀਦਾ ਹੈ। ਮਨੁੱਖ ਦੇ ਦੂਜਿਆਂ ਨਾਲ ਚੰਗੇ ਮਾੜੇ ਸੰਬੰਧ, ਉਸਦੀ ਦੋਸਤੀ/ਦੁਸ਼ਮਣੀ, ਰਿਸ਼ਤੇ ਨਿਭਾਉਣ, ਤੋੜਨ, ਈਰਖਾ ਕਰਨ, ਸਬਰ ਸੰਤੋਖ ਰੱਖਣ- ਇਹ ਸਭ ਕੁਝ ਮਨੁੱਖ ਦੀ ਚੰਗੀ-ਮਾੜੀ ਸੋਚ ਉੱਤੇ ਹੀ ਨਿਰਭਰ ਕਰਦਾ ਹੈ। ਸੋਚ ਕੇ ਬੋਲਣਾ ਅਤੇ ਚੰਗੇ ਕਰਮ ਹੀ ਸਾਡਾ ਭਵਿੱਖ ਤੇ ਕਿਸਮਤ ਲਿਖਦੇ ਹਨ।
ਨਿਮਰਤਾ, ਸਤਿਕਾਰ ਅਤੇ ਇਨਸਾਨੀਅਤ ਦੇ ਗੁਣ ਮਨੁੱਖ ਵਿੱਚ ਉਸਦੀ ਚੰਗੀ ਸੋਚ ਹੀ ਪੈਦਾ ਕਰ ਸਕਦੀ ਹੈ। ਮਾੜੀ ਸੋਚ ਮਨੁੱਖ ਦੇ ਦਿਮਾਗ ਨੂੰ ਉਸਦੇ ਕਾਬੂ ਵਿੱਚ ਨਹੀਂ ਰਹਿਣ ਦਿੰਦੀ, ਜਿਸ ਨਾਲ ਉਹ ਕ੍ਰੋਧ, ਗਲਤ ਫਹਿਮੀ ਅਤੇ ਚੰਗੇ ਮਾੜੇ ਵਿੱਚ ਫਰਕ ਕਰਨ ਦੀ ਸੂਝ-ਬੂਝ ਖੋ ਬੈਠਦਾ ਹੈ ਅਤੇ ਮਾੜੇ ਪਾਸੇ ਨੂੰ ਤੁਰ ਪੈਦਾ ਹੈ। ਦ੍ਰਯੋਧਨ ਆਪਣੀ ਮਾੜੀ ਸੋਚ, ਬੋਲਬਾਣੀ ਤੇ ਮਾੜੇ ਕਰਮਾਂ ਨਾਲ ਸਮਾਜ ਵਿੱਚ ਦੁਤਕਾਰਿਆ ਗਿਆ ਅਤੇ ਯੁਧਿਸ਼ਟਰ ਦੀ ਚੰਗੀ ਸੋਚ, ਬੋਲਬਾਣੀ ਅਤੇ ਚੰਗੇ ਕਰਮਾਂ ਨੇ ਉਸਨੂੰ ਸਨਮਾਨ ਦਾ ਪਾਤਰ ਬਣਾਇਆ। ਨਿਊਟਨ ਦੇ ਗਰੂਤਾ ਆਕਰਸ਼ਣ ਦੇ ਨਿਯਮ ਪਿੱਛੇ ਉਸਦੀ ਸੋਚ ਇਹ ਸੀ ਕਿ ਬਿਨਾ ਯਤਨ ਤੋਂ ਤੁਸੀਂ ਹੇਠਾਂ ਡਿੱਗ ਸਕਦੇ ਹੋ, ਉੱਚੇ ਨਹੀਂ ਉੱਠ ਸਕਦੇ। ਚੰਗੀ ਸੋਚ, ਬੋਲਬਾਣੀ ਅਤੇ ਚੰਗੇ ਕਰਮ ਉਸਦੀ ਸਮਾਜ ਵਿੱਚ ਵੱਖਰੀ ਪਹਿਚਾਣ ਬਣਾਉਂਦੇ ਹਨ। ਸਮੁੰਦਰ ਦੇ ਖਾਰੇ ਪਾਣੀ ਵਿੱਚ ਮਿੱਠੇ ਪਾਣੀ ਵਾਲੀਆਂ ਨਦੀਆਂ ਵੀ ਆਪਣੀ ਹੋਂਦ ਗੁਆ ਬੈਠਦੀਆਂ ਹਨ। ਦੀਵਾਰਾਂ ਅਤੇ ਪੁਲ ਇੱਕੋ ਜਿਹੇ ਮਟੀਅਰਲ ਨਾਲ ਬਣੇ ਹੁੰਦੇ ਹਨ, ਪਰ ਪੁਲ ਜੋੜਦੇ ਹਨ ਅਤੇ ਦੀਵਾਰਾਂ ਵੰਡਦੀਆਂ ਹਨ। ਬੁੱਧੀ ਸਭ ਕੋਲ ਹੁੰਦੀ ਹੈ, ਪਰ ਮਾੜੀ-ਚੰਗੀ ਬੋਲਬਾਣੀ, ਚੰਗੇ-ਮਾੜੇ ਕਰਮ, ਇਮਾਨਦਾਰੀ ਅਤੇ ਬੇਈਮਾਨੀ ਮਨੁੱਖ ਕੋਲੋਂ ਉਸ ਦੀ ਸੋਚ ਹੀ ਕਰਵਾਉਂਦੀ ਹੈ। ਸਕਾਰਾਤਮਕ ਅਤੇ ਨਕਾਰਾਤਮਕ ਵਿਚਾਰਾਂ ਦਾ ਫ਼ਰਕ ਇਸ ਤੱਥ ਨੂੰ ਪ੍ਰਮਾਣਿਤ ਕਰਦਾ ਹੈ ਕਿ ਜਿੱਦ, ਗੁੱਸਾ, ਗਲਤੀ, ਲਾਲਚ ਅਤੇ ਅਪਮਾਨ ਖਰਾਦ ਵਾਂਗ ਹੁੰਦੇ ਹਨ; ਜੇਕਰ ਦੂਜਾ ਕਰੇ ਤਾਂ ਚੁਭਦੇ ਹਨ, ਪਰ ਜੇਕਰ ਖੁਦ ਕਰੋ ਅਹਿਸਾਸ ਨਹੀਂ ਹੁੰਦਾ।
ਅਮਰੀਕਾ ਦੇ ਮਰਹੂਮ ਰਾਸ਼ਟਰਪਤੀ ਇਬਰਾਹੀਮ ਲਿੰਕਨ ਕਹਿੰਦੇ ਸਨ ਕਿ ਆਪਣੀ ਜ਼ਿੰਦਗੀ ‘ਚ ਇਹ ਸੋਚ ਬਣਾ ਕੇ ਰੱਖੋ ਕਿ ਉੱਡਣ ਲਈ ਇਜਾਜ਼ਤ ਦੀ ਲੋੜ ਨਹੀਂ, ਕਿਉਂਕਿ ਖੰਭ ਮੇਰੇ ਹਨ ਅਤੇ ਅਸਮਾਨ ਕਿਸੇ ਦਾ ਨਹੀਂ। ਫੁੱਲਾਂ ਨੂੰ ਜਦੋਂ ਮਸਲਿਆਂ ਜਾਂਦਾ ਹੈ ਤਾਂ ਉਹ ਪਹਿਲਾਂ ਨਾਲੋਂ ਵੀ ਕਮਾਲ ਦੀ ਸੁਗੰਧ ਛੱਡਦੇ ਹਨ। ਸਫਲ ਇਨਸਾਨ ਦੀ ਨੀਂਹ ਉਸਦੀ ਅਗਾਂਹਵਧੂ ਸੋਚ ਹੀ ਹੁੰਦੀ ਹੈ। ਲੋਕ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਰੋਗਾਂ ਤੋਂ ਡਰਦੇ ਨਮਕ ਅਤੇ ਮਿੱਠਾ ਛੱਡ ਦਿੰਦੇ ਹਨ, ਪਰ ਚੰਗੀ ਸੋਚ ਲਈ ਮਾੜੀਆਂ ਆਦਤਾਂ ਨਹੀਂ ਛੱਡਦੇ। ਜ਼ਿੰਦਗੀ ਦੇ ਸਭ ਹਾਲਾਤ ਵਿੱਚ ਆਪਣੀ ਸੋਚ ਨੂੰ ਸੰਤੁਲਿਤ ਰੱਖੋ, ਕਿਉਂਕਿ ਇਸ ਨਾਲ ਤੁਹਾਡੀ ਸ਼ਖਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਸਫਲ ਹੋਣ ਦੀ ਸੋਚ ਰੱਖਣ ਵਾਲੇ ਲੋਕ ਨਤੀਜਿਆਂ ਦੀ ਯੋਜਨਾ ਨਹੀਂ ਬਣਾਉਂਦੇ, ਸਗੋਂ ਉਹ ਠੀਕ ਸ਼ੁਰੂਆਤ ਦੀ ਯੋਜਨਾ ਬਣਾਉਂਦੇ ਹਨ। ਠੀਕ ਸ਼ੁਰੂਆਤ ਦੇ ਹੀ ਠੀਕ ਨਤੀਜੇ ਹੁੰਦੇ ਹਨ।
ਕੁਝ ਗੱਲਾਂ ਅਣਗੌਲਣੀਆਂ ਅਤੇ ਭੁੱਲਣੀਆਂ ਵੀ ਪੈਂਦੀਆਂ ਹਨ
ਮਨੁੱਖੀ ਜ਼ਿੰਦਗੀ ‘ਚ ਰਿਸ਼ਤੇ, ਸੰਬੰਧ, ਤਾਲੂਕਾਤ, ਮਿੱਤਰਤਾ ਅਤੇ ਦੋਸਤੀ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਇਨ੍ਹਾਂ ਨੂੰ ਬਰਕਰਾਰ ਰੱਖਣ ਲਈ ਬਹੁਤ ਸੂਝ-ਬੂਝ, ਫਰਾਖਦਿਲੀ, ਸਿਆਣਪ ਤੇ ਦੂਰ-ਅੰਦੇਸ਼ੀ ਦੀ ਲੋੜ ਹੁੰਦੀ ਹੈ। ਦੁਨੀਆ ਦਾ ਪ੍ਰਸਿੱਧ ਦਾਰਸ਼ਨਿਕ ਸੀ.ਐਮ. ਵਿੰਡਰ ਮਨੁੱਖੀ ਸਬੰਧਾਂ ਦੀ ਬਰਕਰਾਰੀ ਦੇ ਮਹਤੱਵ ਦੀ ਚਰਚਾ ਕਰਦਾ ਹੋਇਆ ਕਹਿੰਦਾ ਹੈ ਕਿ ਤੁਹਾਡੇ ਕੀਤੇ ਹੋਏ ਅਹਿਸਾਨ ਦੇ ਬਦਲੇ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਲੋੜ ਪੈਣ ‘ਤੇ ਤੁਹਾਡੇ ਕੰਮ ਨਹੀਂ ਆਉਂਦਾ ਤਾਂ ਉਸਦੇ ਨਾਲ ਨਾਤਾ ਤੋੜਨ ਦੀ ਬਜਾਏ ਉਸਦੀ ਮਜਬੂਰੀ ਸਮਝ ਕੇ ਉਸ ਨੂੰ ਭੁੱਲ ਜਾਓ, ਹੋ ਸਕਦਾ ਹੈ ਕਿ ਉਹੀ ਵਿਆਕਤੀ ਫੇਰ ਵੀ ਤੁਹਾਡੀ ਕਿਸੇ ਵੇਲੇ ਸਹਾਇਤਾ ਕਰ ਸਕਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਗਲਤੀਆਂ ਅਤੇ ਭੁੱਲਾਂ ਨੂੰ ਭੁੱਲ ਜਾਣਾ, ਦਿਮਾਗ ‘ਚ ਨਾ ਰੱਖਣਾ ਅਤੇ ਨਜ਼ਰਅੰਦਾਜ਼ ਕਰਨਾ ਜ਼ਿੰਦਗੀ ਪ੍ਰਤੀ ਤੁਹਾਡੇ ਨਜ਼ਰੀਏ ਅਤੇ ਤੁਹਾਡੀ ਸ਼ਖਸੀਅਤ ਦੀ ਤਸਵੀਰ ਨੂੰ ਉਕੇਰਦਾ ਹੈ। ਲੋਕਾਂ ਦੇ ਸੌ ਵਾਰ ਕੰਮ ਆ ਜਾਓ, ਪਰ ਕਿਸੇ ਕਾਰਨ ਤੁਸੀਂ ਇੱਕ ਵਾਰ ਮਦਦ ਕਰਨ ਤੋਂ ਨਾਂਹ ਕਰ ਦਿਓ ਤਾਂ ਲੋਕ ਤੁਹਾਡੇ ਸਾਰੇ ਪੁਰਾਣੇ ਅਹਿਸਾਨ ਭੁੱਲ ਜਾਂਦੇ ਹਨ। ਇਸ ਕਹਾਵਤ ਉੱਤੇ ਹਰ ਵਿਅਕਤੀ ਨੂੰ ਵਿਚਾਰ ਜਰੂਰ ਕਰਨਾ ਚਾਹੀਦਾ ਹੈ। ਕਿਸੇ ਵੱਲੋਂ ਕਿਸੇ ਕਾਰਨ ਕੰਮ ਨਾ ਆ ਸਕਣ ਕਾਰਨ, ਉਸ ਨੂੰ ਆਪਣੇ ਦਿਮਾਗ ‘ਚ ਬਿਠਾ ਰੱਖਣਾ, ਉਸ ਤੋਂ ਬਦਲਾ ਲੈਣ ਦੀ ਸੋਚ ਰੱਖਣਾ ਮਨੁੱਖੀ ਰਿਸ਼ਤਿਆਂ ਲਈ ਘਾਤਕ ਹੁੰਦਾ ਹੈ। ਅਜਿਹੀ ਸੋਚ ਸੌੜੇ ਤੇ ਤੰਗ ਦਿਲ ਵਿਚਾਰਾਂ ਵਾਲੇ ਲੋਕਾਂ ਦੀ ਹੀ ਹੁੰਦੀ ਹੈ।
ਦਾਨਿਸ਼ਮੰਦ ਤੇ ਧਰਤੀ ਨਾਲ ਜੁੜੇ ਲੋਕ ਨਾ ਤਾਂ ਆਪਣੇ ਕੀਤੇ ਅਹਿਸਾਨਾਂ ਦੇ ਬਦਲੇ ਦੂਜਿਆਂ ਤੋਂ ਉਸਦਾ ਮੋੜ ਚਾਹੁੰਦੇ ਹਨ ਅਤੇ ਨਾ ਕਦੇ ਦੂਜਿਆਂ ਤੋਂ ਲਈ ਸਹਾਇਤਾ ਨੂੰ ਭੁਲਾਉਂਦੇ ਹਨ। ਰਵਿੰਦਰ ਨਾਥ ਟੈਗੋਰ ਨੂੰ ਜਦੋਂ ਗੀਤਾਂਜਲੀ ਲਈ ਨੋਬਲ ਪੁਰਸਕਾਰ ਮਿਲਿਆ ਤਾਂ ਉਨ੍ਹਾਂ ਨੂੰ ਦੁਨੀਆ ਭਰ ਦੇ ਲੋਕਾਂ ਨੇ ਵਧਾਈ ਦਿੱਤੀ, ਪਰ ਹਸਦ ਦਾ ਮਾਰਿਆ ਉਨ੍ਹਾਂ ਦਾ ਗੁਆਂਢੀ ਉਨ੍ਹਾਂ ਨੂੰ ਮੁਬਾਰਕ ਕਹਿਣ ਲਈ ਨਹੀਂ ਆਇਆ। ਉਨ੍ਹਾਂ ਨੇ ਆਪਣੇ ਗੁਆਂਢੀ ਨਾਲ ਸੰਬੰਧ ਖਤਮ ਕਰਨ ਦੀ ਬਜਾਏ, ਉਸਦੇ ਘਰ ਜਾ ਕੇ ਉਸ ਨੂੰ ਕਿਹਾ, “ਮਿੱਤਰ ਮੈਨੂੰ ਨੋਬਲ ਪੁਰਸਕਾਰ ਮਿਲਣ `ਤੇ ਦੁਨੀਆ ਭਰ ਤੋਂ ਸ਼ੁਭ ਇੱਛਾਵਾਂ ਆਈਆਂ, ਪਰ ਤੁਸੀਂ ਮੈਨੂੰ ਮੁਬਾਰਕ ਕਹਿਣ ਲਈ ਨਹੀਂ ਆਏ। ਤੁਹਾਡੀ ਵਧਾਈ ਤੋਂ ਬਗੈਰ ਮੇਰੀ ਇਹ ਖੁਸ਼ੀ ਅਧੂਰੀ ਹੈ। ਤੁਹਾਡੇ ਨਾ ਆਉਣ ਦਾ ਕਾਰਨ ਮੇਰੀ ਤੁਹਾਡੇ ਪ੍ਰਤੀ ਕੋਈ ਗਲਤੀ ਹੋ ਸਕਦੀ ਹੈ, ਉਸ ਲਈ ਮੈਂ ਤੁਹਾਡੇ ਕੋਲੋਂ ਖਿਮਾ ਚਾਹੁੰਦਾ ਹਾਂ।” ਰਵਿੰਦਰਨਾਥ ਟੈਗੋਰ ਦੇ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਉਨ੍ਹਾਂ ਦਾ ਗੁਆਂਢੀ ਮਨੋ ਮਨ ਬਹੁਤ ਸ਼ਰਮਿੰਦਾ ਹੋਇਆ। ਦੂਜਿਆਂ ਦੀਆਂ ਛੋਟੀਆਂ ਮੋਟੀਆਂ ਗੱਲਾਂ ਅਤੇ ਗਲਤੀਆਂ ਇਹ ਸੋਚ ਕੇ ਅਣਗੌਲੀਆਂ ਅਤੇ ਅਣਵੇਖੀਆਂ ਕਰੋ ਕਿ ਅਸੀਂ ਫੇਰ ਵੀ ਇੱਕ-ਦਜੇ ਦੇ ਕੰਮ ਆਉਣਾ ਹੈ। ਮਨੁੱਖੀ ਸਬੰਧਾਂ ਵਿੱਚ ਵਿਗਾੜ ਉਦੋਂ ਪੈਂਦਾ ਹੈ, ਜਦੋਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਰੁੱਖ ਟਹਿਣੀਆਂ ਵੱਢਣ ਨਾਲ ਨਹੀਂ ਸਗੋਂ ਜੜ੍ਹਾਂ ਪੁੱਟਣ ਨਾਲ ਸੁੱਕਦਾ ਹੈ। ਸਾਡੇ ਮਿੱਤਰ, ਦੋਸਤ, ਸੰਬੰਧੀ ਅਤੇ ਰਿਸ਼ਤੇਦਾਰ ਸਾਡੀ ਜ਼ਿੰਦਗੀ ਦਾ ਖਜ਼ਾਨਾ ਹੁੰਦੇ ਹਨ। ਅਸੀਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੁੰਦੇ ਹਾਂ, ਪਰ ਫੇਰ ਵੀ ਕਈ ਛੋਟੀਆਂ-ਛੋਟੀਆਂ ਗੱਲਾਂ ਅਤੇ ਭੁੱਲਾਂ ਸਾਡੇ ਸੰਬੰਧਾਂ `ਚ ਅਜੀਬ ਸਥਿਤੀ ਪੈਦਾ ਕਰ ਦਿੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਆਪਣੀ ਸੂਝ-ਬੂਝ ਨਾਲ ਨਜ਼ਰਅੰਦਾਜ਼ ਕਰਨਾ ਹੁੰਦਾ ਹੈ।
ਭੌਤਿਕਵਾਦ ਅਤੇ ਸਵਾਰਥ ਦੇ ਵਹਾਅ ‘ਚ ਸਾਡੀ ਸਹਿਣਸ਼ੀਲਤਾ ਅਤੇ ਸੂਝ-ਬੂਝ ਪੇਤਲੀ ਪੈਂਦੀ ਜਾ ਰਹੀ ਹੈ, ਇਸੇ ਲਈ ਅਸੀਂ ਆਪਣਿਆਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਵਿਹੂਣੇ ਹੁੰਦੇ ਜਾ ਰਹੇ ਹਾਂ। ਬਿਹਤਰੀਨ ਲੋਕ ਸਾਡੀ ਜ਼ਿੰਦਗੀ ਵਿੱਚ ਇਤਫਾਕ ਨਾਲ ਹੀ ਆਉਂਦੇ ਹਨ, ਉਨ੍ਹਾਂ ਨਾਲ ਸੰਬੰਧਾਂ ਨੂੰ ਬਣਾ ਕੇ ਰੱਖਣ ਲਈ ਇਨ੍ਹਾਂ ਛੋਟੀਆਂ-ਮੋਟੀਆਂ ਗੱਲਾਂ ਨੂੰ ਭੁਲਾਉਣਾ ਹੀ ਪੈਂਦਾ ਹੈ। ਛੋਟੀਆਂ-ਮੋਟੀਆਂ ਗੱਲਾਂ ਤੇ ਭੁੱਲਾਂ ਦਿਮਾਗ ‘ਚ ਰੱਖ ਕੇ ਆਪਸੀ ਸੰਬੰਧਾਂ ਦੇ ਪੁਲ ਢਾਹ ਕੇ ਮੇਲ-ਜੋਲ ਦੇ ਦਰਵਾਜ਼ੇ ਬੰਦ ਕਰ ਦੇਣਾ ਮਨੁੱਖ ਦੀ ਮੂਰਖਤਾ ਦੀ ਨਿਸ਼ਾਨੀ ਹੁੰਦੀ ਹੈ। ਗਲਤੀਆਂ ਅਤੇ ਭੁੱਲਾਂ ਕਿਸੇ ਤੋਂ ਵੀ ਹੋ ਸਕਦੀਆਂ ਹਨ; ਸੋਲਾਂ ਕਲਾਂ ਸੰਪੂਰਨ ਕੋਈ ਨਹੀਂ ਹੋ ਸਕਦਾ। ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗੁੰਜਾਇਸ਼ ਸਦਾ ਹੀ ਕਾਇਮ ਰੱਖਣੀ ਚਾਹੀਦੀ ਹੈ। ਭੁੱਲਣ ਵਾਲਾ ਮਹਾਨ ਹੁੰਦਾ ਹੈ।
ਇੱਕ ਵਿਅਕਤੀ ਨੇ ਇੱਕ ਪ੍ਰਾਈਵੇਟ ਕੰਪਨੀ ‘ਚ ਤਰੱਕੀ ਪਾਉਣ ਲਈ ਆਪਣੇ ਤੋਂ ਸੀਨੀਅਰ ਵਿਅਕਤੀ ਨੂੰ ਨੌਕਰੀ ਤੋਂ ਕਢਵਾ ਕੇ ਤਰੱਕੀ ਲੈ ਲਈ। ਕੁਝ ਸਮੇਂ ਤੋਂ ਬਾਅਦ ਉਸ ਵਿਅਕਤੀ ਦੀ ਮਾਂ ਦੀ ਮੌਤ ਹੋ ਗਈ, ਜਿਸਨੇ ਤਰੱਕੀ ਲੈਣ ਲਈ ਨੌਕਰੀ ਤੋਂ ਕਢਵਾਇਆ ਸੀ। ਨੌਕਰੀ ਤੋਂ ਕੱਢਿਆ ਵਿਅਕਤੀ ਅਫ਼ਸੋਸ ਲਈ ਸਭ ਤੋਂ ਪਹਿਲਾਂ ਉਸਦੇ ਘਰ ਪਹੁੰਚਿਆ। ਲੋਕਾਂ ਵੱਲੋਂ ਪੁੱਛੇ ਜਾਣ ‘ਤੇ ਉਸ ਨੇ ਕਿਹਾ, ਮੇਰੇ ਉਸ ਨਾਲ ਪੁਰਾਣੇ ਸੰਬੰਧ ਹਨ, ਮੈਂ ਉਸ ਦੇ ਦੁੱਖ ਵਿੱਚ ਸ਼ਾਮਿਲ ਹੋਣ ਤੋਂ ਬਿਨਾ ਕਿਵੇਂ ਰਹਿ ਸਕਦਾ ਸਾਂ, ਨੌਕਰੀ ਤਾਂ ਹੋਰ ਵੀ ਮਿਲ ਹੀ ਜਾਣੀ ਹੈ।

Leave a Reply

Your email address will not be published. Required fields are marked *