ਸ਼ਾਹੀ ਕਿਲ੍ਹਾ ਲਾਹੌਰ ਤੋਂ ਮਲਿਕਾ ਹਾਂਸ ਤੱਕ

ਆਮ-ਖਾਸ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਅੱਠਵੀਂ ਕਿਸ਼ਤ, ਜਿਸ ਵਿੱਚ ਸ਼ਾਹੀ ਕਿਲ੍ਹਾ ਲਾਹੌਰ ਤੋਂ ਮਲਿਕਾ ਹਾਂਸ ਤੱਕ ਦੇ ਸਫਰ ਦਾ ਸੰਖੇਪ ਵੇਰਵਾ ਦਰਜ ਹੈ…

ਰਵਿੰਦਰ ਸਹਿਰਾਅ
ਫੋਨ: 219-900-1115

ਸ਼ਾਹੀ ਕਿਲ੍ਹਾ ਲਾਹੌਰ
ਸਾਡੇ ਡਰਾਈਵਰ ਨੇ ਸਾਨੂੰ ਸ਼ਾਹੀ ਕਿਲ੍ਹਾ ਲਾਹੌਰ ਦੇ ਵੱਡ-ਅਕਾਰੀ ਗੇਟ ਮੋਹਰੇ ਬਣੇ ਟਿਕਟ ਖ਼ਰੀਦ ਦਫ਼ਤਰ ਅੱਗੇ ਉਤਾਰ ਦਿੱਤਾ। ਗੱਡੀਆਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਅੱਗੇ (ਉਹ ਵੀ ਬਹੁਤ ਈ ਥੋੜ੍ਹੀ ਦੂਰ) ਨਹੀਂ ਜਾ ਸਕਦੀਆਂ। ਟਿਕਟਾਂ ਖ਼ਰੀਦਣ ਸਮੇਂ ਉਹ ਸਾਡੇ ਲਈ ਗੁਜਾਰਿਸ਼ ਕਰਦਾ ਹੈ ਕਿ ਥੋੜ੍ਹਾ ਉੱਪਰ ਜਾਣ ਦਿੱਤਾ ਜਾਵੇ, ਪਰ ਉਨ੍ਹਾਂ ਦੀ ਚੁੱਪ ਦੱਸਦੀ ਹੈ ਕਿ ਨਾਂਹ ਹੀ ਸਮਝੋ। ਫਿਰ ਉਹ ਇੱਕ ਗਾਈਡ ਨਾਲ਼ ਗੱਲ ਕਰਦਾ ਹੈ। ਗਾਈਡ ਨੂੰ ਉਹ ਹਾਂ ਕਰ ਦਿੰਦੇ ਹਨ। ਮੈਨੂੰ ਵਿਚਲੀ ਘੁੰਡੀ ਸਮਝ ਆ ਗਈ ਕਿ ਇਹ ਸਭ ਮਿਲੇ ਹੋਏ ਹਨ ਤੇ ਸ਼ਾਮ ਨੂੰ ਰਲ਼-ਮਿਲ ਕੇ ਖਾ ਲੈਣਗੇ। ਹੁਣ ਸਾਨੂੰ ਗਾਈਡ ਲੈਣਾ ਹੀ ਪੈਣਾ ਸੀ, ਉਂਜ ਗਾਈਡ ਤਾਂ ਅਸੀਂ ਕਰਨਾ ਸੀ। ਊਠ ਤੋਂ ਛਾਨਣੀ ਲਾਹੁਣ ਵਾਂਗ ਅਸੀਂ ਸੌ ਕੁ ਮੀਟਰ ਦੀ ਚੜ੍ਹਾਈ ਚੜ੍ਹਨ ਤੋਂ ਬਚ ਗਏ, ਪਰ ਅੱਗੇ ਤਾਂ ਹੋਰ ਤੁਰਨਾ ਤੇ ਚੜ੍ਹਾਈਆਂ ਚੜ੍ਹਨਾ ਸੀ। ਅਸੀਂ ਕਿੰਨੇ ਭੋਲੇ ਸੀ ਪਈ, ‘ਭਲਾ ਕਿਲ੍ਹੇ ਵੀ ਕਾਰਾਂ ਵਿੱਚ ਬਹਿ ਕੇ ਦੇਖੇ ਜਾਂਦੇ ਨੇ?’
ਇੱਕ ਬਹੁਤ ਵੱਡਾ ਕਿਲ੍ਹਾ ਹੈ। ਅਰਾਮ ਨਾਲ਼ ਹਰ ਚੀਜ਼ ਦੇਖੋ ਤਾਂ ਪੂਰਾ ਦਿਨ ਚਾਹੀਦੈ। ਗਿਆਰਵੀਂ ਸਦੀ ਵਿੱਚ ਬਣਿਆ ਇਹ ਕਿਲ੍ਹਾ ਕਈ ਵੇਰ ਉੱਜੜਿਆ ਤੇ ਵਸਾਇਆ ਗਿਆ। 1981 ਵਿੱਚ ਇਸਨੂੰ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਦਾ ਰੁਤਬਾ ਦਿੱਤਾ ਗਿਆ। ਅਕਬਰ ਬਾਦਸ਼ਾਹ ਵੱਲੋਂ ਇਹਨੂੰ ਬਣਵਾਇਆ ਗਿਆ ਸੀ। ਲਾਹੌਰ ਸ਼ਹਿਰ ਦੇ ਬਾਰਾਂ ਦਰਵਾਜ਼ੇ ਵੀ ਉਸੇ ਸਮੇਂ ਬਣਾਏ ਗਏ ਦੱਸੇ ਜਾਂਦੇ ਹਨ। ਬਾਅਦ ਵਿੱਚ ਜਹਾਂਗੀਰ ਅਤੇ ਔਰੰਗਜ਼ੇਬ ਦੇ ਸਮੇਂ ਤਕ ਕਈ ਹੋਰ ਇਮਾਰਤਾਂ ਇਸ ਵਿੱਚ ਬਣਦੀਆਂ ਰਹੀਆਂ। ਦੱਸਦੇ ਹਨ ਕਿ ਲਾਹੌਰ ਸ਼ਹਿਰ ਪੂਰੀ ਤਰ੍ਹਾਂ ਵਗਲਿਆ (ੱਅਲਲੲਦ) ਹੁੰਦਾ ਸੀ ਅਤੇ ਬਾਰਾਂ ਦਰਵਾਜ਼ਿਆਂ ਥਾਣੀਂ ਹੀ ਅੰਦਰ ਜਾਇਆ ਜਾ ਸਕਦਾ ਸੀ। ਇਹ ਕਿਲ੍ਹਾ ਲਾਹੌਰ ਦੇ ਉੱਤਰ ਵੱਲ ਹੈ। ਅਕਬਰ ਬਾਦਸ਼ਾਹ ਨੇ ਚੌਦਾਂ ਸਾਲ (1584-1598) ਏਥੇ ਆਪਣਾ ਦਰਬਾਰ ਲਾਇਆ ਤੇ ਨਾਲ਼ ਦੀ ਨਾਲ਼ ਇਹਦੀ ਤਾਮੀਰ ਕਰਵਾਉਂਦਾ ਰਿਹਾ। ਗੇਟਾਂ ਦੇ ਨਾਂ ਇਸ ਤਰ੍ਹਾਂ ਹਨ: 1. ਭੱਟੀ ਗੇਟ, 2. ਦਿੱਲੀ ਗੇਟ, 3. ਕਸ਼ਮੀਰੀ ਗੇਟ, 4. ਲਾਹੌਰੀ ਗੇਟ, 5. ਗੇਟ ਸ਼ੇਰਾਂਵਾਲਾ, 6. ਗੇਟ ਅਕਬਰੀ, 7. ਗੇਟ ਮਸਤੀ, 8. ਗੇਟ ਮੋਚੀ, 9. ਗੇਟ ਮੋਰੀ, 10. ਗੇਟ ਸ਼ਾਹ ਆਲਮ, 11. ਗੇਟ ਯੱਕੀ, 12. ਰੌਸ਼ਨੀ ਗੇਟ। ਇਨ੍ਹਾਂ ਬਾਰਾਂ ਗੇਟਾਂ ਜਾਂ ਬਾਰਾਂ ਦਰਵਾਜ਼ਿਆਂ ਦਾ ਆਪਣਾ ਆਪਣਾ ਇਤਿਹਾਸ ਹੈ, ਪਰ ਆਪਾਂ ਤਾਂ ਅੱਜ ਸ਼ਾਹੀ ਕਿਲ੍ਹੇ ਵਿੱਚ ਹਾਂ। 1799 ਵਿੱਚ ਲਾਹੌਰ ਜਿੱਤਣ ਤੋਂ ਬਾਅਦ ਰਣਜੀਤ ਸਿੰਘ ਦਾ ਇਸ ਕਿਲ੍ਹੇ ਉੱਪਰ ਕਬਜ਼ਾ ਹੋਇਆ ਦੱਸਿਆ ਜਾਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਚਾਲੀ ਸਾਲ ਰਾਜ ਕੀਤਾ। ਇਸੇ ਕਿਲ੍ਹੇ ਵਿੱਚ ਉਹ ਦਰਬਾਰ ਲਾੳਂੁਦੇ। ਸਭ ਧਰਮਾਂ ਦਾ ਸਨਮਾਨ ਕਰਦੇ। ਹਿੰਦੂਆਂ ਅਤੇ ਸਿੱਖਾਂ ਉੱਪਰ ਲਗਾਇਆ ਜਾਂਦਾ ਜਜ਼ੀਆ (ਟੈਕਸ) ਖ਼ਤਮ ਕਰ ਦਿੱਤਾ, ਜਿਸ ਨਾਲ਼ ਲੋਕਾਂ ਵਿੱਚ ਖ਼ੁਸ਼ੀ ਦੀ ਇੱਕ ਲਹਿਰ ਦੌੜ ਗਈ। ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਕਦੀ ਵੀ ਆਪਣਾ ਦਰਬਾਰ ‘ਦਰਬਾਰ-ਏ-ਖ਼ਾਸ’ ਵਿੱਚ ਨਹੀਂ ਸਗੋਂ ‘ਦਰਬਾਰ-ਏ-ਆਮ’ ਵਿੱਚ ਹੀ ਲਾਉਂਦੇ ਰਹੇ। ਕਾਰਨ ਇਹ ਕਿ ਉਹ ਆਮ ਲੋਕਾਂ ਦੇ ਨੇੜੇ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨੀਆਂ ਤੇ ਸਮਝਣੀਆਂ ਚਾਹੁੰਦੇ ਸਨ। ਲਾਹੌਰ ਦੀ ਖੋਜਾਰਥੀ ਦੇ ਕਹਿਣ ਡਾ. ਖੋਲਾ ਚੀਮਾ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਇਕੱਲੇ ਸਿੱਖਾਂ ਦਾ ਰਾਜਾ ਨਹੀਂ ਸੀ, ਉਹ ਸਾਰੇ ਲੋਕਾਂ ਦਾ ਸਾਂਝਾ ਰਾਜਾ ਸੀ।
ਸਾਡਾ ਗਾਈਡ ਕਾਹਲੀ-ਕਾਹਲੀ ਅਗਾਂਹ ਤੁਰੀ ਜਾ ਰਿਹਾ ਸੀ, ਜਿਵੇਂ ਬੜੀ ਛੇਤੀ ਆਪਣਾ ਕੰਮ ਮੁਕਾਵੇ ਤੇ ਕਿਸੇ ਹੋਰ ਗਾਹਕ ਦੀ ਭਾਲ ਕਰ ਸਕੇ। ਬਹੁਤੀਆਂ ਥਾਵਾਂ ਦੇਖਦਿਆਂ ਰਾਣੀਆਂ ਦੇ ਰਹਿਣ ਕਮਰਿਆਂ ’ਚੋਂ ਹੁੰਦਿਆਂ ਉਹ ਸਾਨੂੰ ਅਲਵਿਦਾ ਕਹਿੰਦਾ ਹੈ। ਅਗਾਂਹ ਕੁਝ ਨੌਜਵਾਨ ਇੱਕ ਪਾਲਤੂ ਬਾਜ ਨੂੰ ਫੜੀ ਇੰਸਟੈਂਟ ਕੈਮਰੇ ਨਾਲ਼ ਲੋਕਾਂ ਦੀਆਂ ਫ਼ੋਟੋਆਂ ਲੈ ਰਹੇ ਹਨ। ਮੈਨੂੰ ਵੀ ਗੁਜਾਰਿਸ਼ ਕਰਦੇ ਹਨ। ਪਹਿਲਾਂ ਤਾਂ ਮੈਂ ਨਾਂਹ ਕਰ ਦਿੰਦਾ ਹਾਂ ਕਿ ਇਹ ਤਾਂ ਇਸ ਬਹਾਦਰ ਜਾਨਵਰ ਨਾਲ਼ ਧੱਕਾ ਹੈ, ਪਰ ਉਨ੍ਹਾਂ ਦੇ ਜ਼ੋਰ ਪਾਉਣ ’ਤੇ ਇੱਕ ਫ਼ੋਟੋ ਬਾਜ਼ ਨੂੰ ਆਪਣੀ ਬਾਂਹ ’ਤੇ ਬਿਠਾ ਕੇ ਖਿਚਵਾ ਲੈਂਦਾ ਹਾਂ। ਉਹ ਖ਼ੁਸ਼ ਨੇ ਤੇ ਕਹਿੰਦੇ ਅਸੀਂ ਇਸ ਨਾਲ਼ ਧੱਕਾ ਨਹੀਂ ਕਰਦੇ। ਇਹ ਤਾਂ ਸਾਡੀ ਰੋਟੀ ਰੋਜ਼ੀ ਦਾ ਜ਼ਰੀਆ ਹੈ। ਇਸ ਦੀ ਪੂਰੀ ਸੇਵਾ ਕਰਦੇ ਹਾਂ।
ਥੋੜ੍ਹਾ ਅੱਗੇ ਨਿਕਲੇ ਤਾਂ ਨੌਜੁਆਨ ਕਾਲਜੀਏਟ ਕੁੜੀਆਂ ਦਾ ਗਰੁੱਪ ਨੀਰੂ ਵੱਲ ਬੜੀ ਨੀਝ ਨਾਲ਼ ਤੱਕ ਕੇ ਕਦੇ ਸਾਡੇ ਵੱਲ ਵੇਖੇ ਤੇ ਕਦੇ ਰੁਕ ਜਾਵੇ। ਵਿੱਚੋਂ ਦੋ ਕੁ ਜਣੀਆਂ ਨੇ ਘੁਸਰ-ਮੁਸਰ ਕੀਤੀ। ਇੱਕ ਦੂਜੀ ਨੂੰ ਇਵੇਂ ਕਹਿੰਦੀਆਂ ਲੱਗੀਆਂ ਕਿ “ਨਹੀਂ ਤੂੰ, ਦੂਜੀ ਕਹੇ ਨਹੀਂ ਤੂੰ।” ਆਖ਼ਰ ਪਲਾਂ ਵਿੱਚ ਹੀ ਉਹ ਸੰਗਦੀਆਂ-ਸੰਗਦੀਆਂ ਅੱਗੇ ਹੋ ਕੇ ਸਾਡੇ ਨਾਲ਼ ਫ਼ੋਟੋ ਕਰਵਾਣ ਲਈ ਇਜਾਜ਼ਤ ਮੰਗਣ ਲੱਗੀਆਂ। ਸਾਨੂੰ ਖ਼ੁਸ਼ੀ ਹੋਈ ਕਿ ਇਸਲਾਮਿਕ ਮੁਲਕਾਂ ਦੀਆਂ ਕੁੜੀਆਂ ਵੀ ਹੁਣ ਉਹ ਨਹੀਂ ਰਹੀਆਂ। ਉਨ੍ਹਾਂ ਫ਼ੋਟੋ ਕਰਵਾਉਣ ਤੋਂ ਬਾਅਦ ਸਾਡੇ ਨਾਮ ਪੁੱਛੇ ਅਤੇ ਆਪਣੇ ਵੀ ਦੱਸੇ। ਆਪਣੀ ਨਜ਼ਮ ਯਾਦ ਆਈ:
ਲਾਹੌਰ ਵਸੇਂਦੀਉ ਕੁੜੀਓ
ਕਦੇ ਅੰਬਰਸਰ ਵੀ ਆਓ।

ਬਾਬਾ ਫ਼ਰੀਦ ਦੇ ਦਰਬਾਰ ਵਿੱਚ
ਲਾਹੌਰ ਤੋਂ ਕੋਈ ਦੋ ਸੌ ਕਿਲੋਮੀਟਰ ਦੂਰ ਹੈ ਪਾਕਿਪਟਨ। ਕਾਰ ਰਾਹੀਂ ਸਾਢੇ ਤਿੰਨ-ਚਾਰ ਘੰਟੇ ਲੱਗ ਜਾਂਦੇ ਹਨ ਬਾਬਾ ਫ਼ਰੀਦ ਦੇ ਦਰਬਾਰ ਵਿੱਚ ਜ਼ਿਆਰਤ ਕਰਨ ਲਈ। ਪਾਕਿਪਟਨ ਤੋਂ ਭਾਵ ਹੈ, ਪਵਿੱਤਰ ਸਥਾਨ। ਚਾਰ ਦਸੰਬਰ (2022) ਨੂੰ ਅਸੀਂ ਪੰਜਾਬੀ ਦੇ ਪਹਿਲੇ ਕਵੀ, ਸਮਾਜ ਨੂੰ ਸੋਹਣਾ ਬਣਾਉਣ ਲਈ ਵਹਿਮਾਂ-ਭਰਮਾਂ ਤੇ ਕੁਰੀਤਾਂ ਦੇ ਖ਼ਿਲਾਫ਼ ਨਸੀਹਤਾਂ ਭਰੇ ਸ਼ਲੋਕਾਂ ਨਾਲ਼ ਸੰਬੋਧਨ ਹੋਣ ਵਾਲੇ ਬਾਬਾ ਫ਼ਰੀਦ ਸ਼ਕਰਗੰਜ ਦੀ ਦਰਗ਼ਾਹ ’ਤੇ ਨਤਮਸਤਕ ਹੋਣ ਲਈ ਗਏ। 1173 ਈ. ਵਿੱਚ ਜਨਮੇ ਬਾਬਾ ਜੀ 1265 ਈ. ਵਿੱਚ ਫ਼ੌਤ ਹੋਏ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਦੇ ਚਾਰ ਸ਼ਬਦ ਤੇ 112 ਸ਼ਲੋਕ ਦਰਜ ਦੱਸੇ ਜਾਂਦੇ ਹਨ। ਹਰ ਸ਼ਲੋਕ ਵਿੱਚ ਜ਼ਿੰਦਗੀ ਨੂੰ ਸਾਦਗੀ ਅਤੇ ਨਿਮਰਤਾ ਨਾਲ਼ ਜਿਊਣ ਲਈ ਨਸੀਹਤਾਂ ਹਨ।
ਫ਼ਰੀਦਾ ਖਾਕੁ ਨ ਨਿੰਦੀਐ ਖਾਕੂ ਜੇਡ ਨਾ ਕੋਇ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਏ।

ਫ਼ਰੀਦਾ ਹਾਥੀ ਸੋਨ ਅੰਬਾਰੀਆਂ ਪੀਛੇ ਕਟਕ ਹਜ਼ਾਰ॥
ਜਾਂ ਸਿਰ ਆਵੀ ਆਪਣੇ ਤਾਂ ਕੋ ਮੀਤ ਨਾ ਯਾਰ॥

ਫਰੀਦਾ ਜੰਗਲੁ ਜੰਗਲੁ ਕਿਆ ਭਵਿਹ ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਆ ਜਗਿ॥
ਊਚੈ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਆਗਿ।
ਪਹਿਲਾਂ ਬਣੇ ਪ੍ਰੋਗਰਾਮ ਮੁਤਾਬਿਕ ਅੱਜ ਅਸੀਂ ਵਾਪਸ ਚੜ੍ਹਦੇ ਪੰਜਾਬ ਜਾਣਾ ਸੀ, ਪਰ ਮੁਸ਼ਤਾਕ ਸੂਫ਼ੀ ਹੋਰਾਂ ਦਾ ਮੱਤ ਸੀ ਕਿ ਸਾਨੂੰ ਪਾਕਿਪਟਨ ਵੀ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਆਉਂਦੇ ਵਕਤ ਰਾਹ ’ਚ ਪੈਂਦੇ ਮਲਕਾ ਹਾਂਸ ਵੀ…। ਤਾਹਿਰ ਦਾ ਪਰਿਵਾਰ ਵੀ ਕੁਝ ਦਿਨ ਹੋਰ ਠਹਿਰਨ ਲਈ ਆਖ ਰਿਹਾ ਸੀ। ਸੋ ਅਸੀਂ ਦੋ ਦਿਨ ਹੋਰ ਵਧਾ ਲਏ ਅਤੇ ਸਾਝਰੇ ਉੱਠ ਕੇ ਪਾਕਿਪਟਨ ਜਾਣ ਦਾ ਪ੍ਰੋਗਰਾਮ ਤੈਅ ਕਰ ਲਿਆ। ਸ਼ਾਹਜੇਬ ਕੰਵਰ ਨੇ ਸਾਡਾ ਸਾਥ ਦੇਣਾ ਸੀ ਅਤੇ ਉਹ ਸਵੇਰੇ ਸੱਤ ਵਜੇ ਹੀ ਸਾਡੇ ਹੋਟਲ ਪਹੁੰਚ ਗਿਆ। ਅਸੀਂ ’ਕੱਠਿਆਂ ਨਾਸ਼ਤਾ ਕੀਤਾ ਅਤੇ ਕੋਈ ਅੱਠ ਵੱਜਦੇ ਨੂੰ ਅਸੀਂ ਤਿਆਰ-ਬਰ-ਤਿਆਰ ਸੀ। ਸਾਢੇ ਗਿਆਰਾਂ ਵਜੇ ਦੇ ਕਰੀਬ ਅਸੀਂ ਪਾਕਿਪਟਨ ਦੀ ਧਰਤੀ ’ਤੇ ਸੀ। ਬਾਜ਼ਾਰ ਵਿੱਚ ਏਥੇ ਵੀ ਕਾਫ਼ੀ ਭੀੜ-ਭੜੱਕਾ ਸੀ। ਡਰਾਈਵਰ ਨੇ ਬਾਜ਼ਾਰ ਵਿੱਚ ਹੀ ਇੱਕ ਪਾਸੇ ਕਾਰ ਪਾਰਕ ਕਰ ਲਈ।
ਅਸੀਂ ਦਰਗ਼ਾਹ ਦੇ ਵੱਡੇ ਸਾਰੇ ਗੇਟ ਮੂਹਰੇ ਪਹੁੰਚੇ। ਪੁਲਿਸ ਵਾਲਿਆਂ ਸਾਡੇ ਕਾਗਜ਼ ਪੱਤਰ ਚੈੱਕ ਕੀਤੇ। ਉਨ੍ਹਾਂ ਇਹ ਵੀ ਪੁੱਛਿਆ ਕਿ ਇਸ ਤੋਂ ਬਾਅਦ ਕਿੱਥੇ ਜਾਣਾ ਹੈ, ਤਾਂ ਅਸੀਂ ਮਲਿਕਾ ਹਾਂਸ ਜਾਣ ਦਾ ਦੱਸਿਆ। ਅੰਦਰ ਜਾਣ ਲਈ ਪੌੜੀਆਂ ਨੂੰ ਉਥੇ, ਵਿਚਕਾਰ ਲੋਹੇ ਦੀ ਰੇਲਿੰਗ ਨਾਲ਼ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਖੱਬੇ ਪਾਸਿਓਂ ਔਰਤਾਂ ਅਤੇ ਸੱਜੇ ਹਿੱਸੇ ’ਚੋਂ ਮਰਦ ਉਪਰ ਜਾ ਰਹੇ ਸਨ। ਮੰਗਤਿਆਂ ਦੀ ਇੱਕ ਵੱਡੀ ਭੀੜ ਵੀ ਸਾਡੇ ਦੁਆਲ਼ੇ ਹੋ ਗਹੀ। ਨੀਰੂ ਕੋਲੋਂ ਤਾਂ ਪੰਜ-ਛੇ ਔਰਤਾਂ ਨੇ ਪਰਸ ਨੂੰ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਫਿਰ ਉਨ੍ਹਾਂ ਸਾਡੇ ਨਾਲ਼ ਇੱਕ ਪੁਲਿਸ ਵਾਲਾ ਅਤੇ ਕੁਝ ਵਕਫ਼ ਬੋਰਡ ਦੇ ਮਰਦ-ਔਰਤਾਂ ਵੀ ਨਾਲ਼ ਭੇਜੇ ਤਾਂ ਕਿ ਅਸੀਂ ਮੰਗਤਿਆਂ ਕੋਲੋਂ ਥੋੜ੍ਹਾ ਚੈਨ ਨਾਲ਼ ਅੰਦਰ ਜਾ ਸਕੀਏ। ਪਰ ਮੰਗਤੇ ਸਨ ਕਿ ਸਾਡੀ ਤੌਬਾ ਕਰਵਾ ਦਿੱਤੀ। ਵਾਪਸੀ ਵੇਲੇ ਵੀ ਸਾਡੇ ਨਾਲ਼ ਕੁਝ ਪੁਲਿਸ ਵਾਲੇ ਸਾਨੂੰ ਕਾਰ ’ਚ ਬਿਠਾ ਕੇ ਗਏ ਅਤੇ ਹਦਾਇਤ ਕੀਤੀ ਕਿ ਸਾਰੇ ਸ਼ੀਸ਼ੇ ਬੰਦ ਰੱਖਿਓ। ਮੈਨੂੰ ਰਹਿ-ਰਹਿ ਕੇ ਵੀ ਏਹੋ ਖ਼ਿਆਲ ਆ ਰਿਹਾ ਸੀ ਕਿ ਅਜਿਹੇ ਦਰਵੇਸ਼ ਦੀ ਮਜ਼ਾਰ ’ਤੇ ਵੀ ਜੇ ਆਹ ਹਾਲ ਹੈ ਤਾਂ ਜ਼ਰੂਰ ਸਾਡੀਆਂ ਹਕੂਮਤਾਂ ’ਚ ਕੋਈ ਨੁਕਸ ਹੈ। ਜੇਕਰ ਉਹ ਹਰ ਸ਼ਖ਼ਸ ਲਈ ਰੋਟੀ-ਰੋਜ਼ੀ ਦਾ ਪ੍ਰਬੰਧ ਕਰਨ ਤਾਂ ਅਜਿਹਾ ਬੇਕਿਰਕ ਨਜ਼ਾਰਾ ਕਦੀ ਵੀ ਦੇਖਣ ਨੂੰ ਨਾ ਮਿਲੇ। ਬਾਬਾ ਫ਼ਰੀਦ ਵਰਗੇ ਦਰਵੇਸ਼ ਦੀ ਮਜ਼ਾਰ ਵੇਖਣ ਲਈ ਆਉਂਦੇ ਸ਼ਰਧਾਲੂਆਂ ਦੇ ਦਿਲਾਂ ਵਿੱਚ ਸਹਿਮ ਦੀ ਬਜਾਇ ਦਿਲ ਉੱਡੂੰ-ਉੱਡੂੰ ਕਰਦਾ ਫਿਰੇ।
ਇਹ ਵਰਤਾਰਾ ਅਸੀਂ ਦੋਨਾਂ ਹੀ ਪੰਜਾਬਾਂ ਅੰਦਰ ਦੇਖਿਆ। ਜੇਕਰ ਸਾਡਾ ਪ੍ਰਬੰਧ ਜਿਊਣ ਦੇ ਸਾਧਨ ਮੁਹੱਈਆ ਕਰਵਾਏ ਤਾਂ ਅਸੀਂ ਅਜਿਹੀਆਂ ਅਲਾਮਤਾਂ ਤੋਂ ਸਹਿਜੇ ਹੀ ਛੁਟਕਾਰਾ ਪਾ ਸਕਦੇ ਹਾਂ, ਪਰ ਏਥੇ ਤਾਂ ਆਵਾ ਹੀ ਊਤਿਆ ਪਿਆ ਹੈ। ਪਿੰਡਾਂ ਵਿੱਚ ਏਨੀ ਗ਼ਰੀਬੀ ਕਿ ਰਹੇ ਰੱਬ ਦਾ ਨਾਂ। ਸੜਕਾਂ ਦਾ ਬੁਰਾ ਹਾਲ। ਮੰਦਹਾਲੇ ਕੱਪੜਿਆਂ ’ਚ, ਮੰਦਹਾਲੇ ਲੋਕ ਕੀੜਿਆਂ ਵਾਂਗ ਰੀਂਗ-ਰੀਂਗ ਕੇ ਜ਼ਿੰਦਗੀ ਗੁਜ਼ਰ ਕਰਦੇ ਹਨ।
ਸਾਨੂੰ ਵਕਫ਼ ਬੋਰਡ ਵਾਲੀ ਬੀਬੀ ਅਤੇ ਉੱਥੋਂ ਦੇ ਇੱਕ ਪ੍ਰਬੰਧਕ ਨੇ ਵੱਖ-ਵੱਖ ਕਮਰਿਆਂ ਵਿੱਚ ਬਾਬਾ ਫ਼ਰੀਦ ਅਤੇ ਉਸਦੇ ਪਰਿਵਾਰ ਦੀਆਂ ਕਬਰਾਂ ਦੇ ਦਰਸ਼ਨ ਕਰਵਾਏ। ਕੁਝ ਥਾਵਾਂ ’ਤੇ ਉਨ੍ਹਾਂ ਦੇ ਅਸੂਲਾਂ ਅਨੁਸਾਰ ਔਰਤਾਂ ਨੂੰ ਅੰਦਰ ਜਾਣ ਦੀ ਮਨਾਹੀ ਸੀ। ਇਹਦਾ ਕਾਰਨ ਜਾਨਣ ਲਈ ਮੈਂ ਜਦ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਮੇਰੀ ਤਸੱਲੀ ਨਾ ਕਰਵਾ ਸਕਿਆ ਤੇ ਮੈਂ ਗੱਲ ਉਥੇ ਈ ਛੱਡ ਦਿੱਤੀ; ਕਿਉਂਕਿ ਅਜਿਹੀਆਂ ਥਾਵਾਂ ’ਤੇ ਬਹਿਸ ਕਰਨ ਦੀ ਕੋਈ ਤੁਕ ਨਹੀਂ ਬਣਦੀ ਤੇ ਨਾ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਾਨੂੰ ‘ਕਾਠ’ ਦੀ ਉਹ ਰੋਟੀ ਵੀ ਦਿਖਾਈ, ਜੋ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਬੰਦ ਸੀ। ਜਿਸ ਬਾਰੇ ਬਾਬਾ ਜੀ ਨੇ ਲਿਖਿਆ ਸੀ:
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁੱਖ॥
ਜਿਨਾ ਖਾਧੀ ਚੋਪੜੀ ਸੋ ਘਣੈ ਸਹਿਣਗੇ ਦੁੱਖੁ॥
ਮੇਰੇ ਮਨ ਵਿੱਚ ਸ਼ੰਕਾ ਸੀ ਕਿ ਇਹ ਉਹੀ ਰੋਟੀ ਹੈ ਜਾਂ ਫਿਰ…। ਪਰ ਮੈਂ ਚੁੱਪ ਹੀ ਚੰਗੀ ਸਮਝੀ। ਬਾਬਾ ਜੀ ਦੀਆਂ ਹੋਰ ਵੀ ਵਸਤਾਂ ਸਾਨੂੰ ਦਿਖਾਈਆਂ ਗਈਆਂ।
ਬਾਹਰ ਖੁੱਲ੍ਹੇ ਵਿਹੜੇ ਵਿੱਚ ਕੁਝ ਕਵਾਲ ਬਾਬਾ ਜੀ ਦੀ ਬਾਣੀ ਦਾ ਗਾਇਨ ਕਰ ਰਹੇ ਸਨ। ਅਸੀਂ ਦਸ-ਪੰਦਰਾਂ ਮਿੰਟ ਉਨ੍ਹਾਂ ਦੀ ਹਾਜ਼ਰੀ ਭਰੀ, ਤਿਲ-ਫੁਲ ਭੇਟ ਕੀਤਾ ਅਤੇ ਪੁਲਿਸ ਦੀ ਹਿਫ਼ਾਜ਼ਤ ਵਿੱਚ ਮਲਿਕਾ ਹਾਂਸ ਜਾਣ ਲਈ ਕਾਰ ਵਿੱਚ ਆਣ ਬੈਠੇ।

ਮਲਿਕਾ ਹਾਂਸ: ਜਿੱਥੇ ਵਾਰਿਸ ਸ਼ਾਹ ਨੇ ਹੀਰ ਮੁਕੰਮਲ ਕੀਤੀ…
ਪਾਕਿਪਟਨ ਸ਼ਹਿਰ ਜੋ ਇੱਕ ਜ਼ਿਲ੍ਹਾ ਵੀ ਹੈ, ਦੇ ਉੱਤਰ-ਪੱਛਮ ਵਿੱਚ ਤਕਰੀਬਨ ਪੰਦਰਾਂ ਕਿਲੋਮੀਟਰ ਦੂਰ ਹੈ ਕਸਬਾ ਮਲਕਾ ਹਾਂਸ। ਕਾਰ ਰਾਹੀਂ ਵੀਹ ਕੁ ਮਿੰਟ ਲਗਦੇ ਹਨ। ਮਲਿਕ ਮੁਹੰਮਦ ਹਾਂਸ ਨਾਂ ਦੇ ਇੱਕ ਜਾਗੀਰਦਾਰ ਨੇ ਇਹ ਕਸਬਾ ਵਸਾਇਆ ਸੀ। ਉਸਦੇ ਵਡੇਰੇ ਅਫ਼ਗਾਨਿਸਤਾਨ ’ਚੋਂ ਆ ਕੇ ਇੱਥੇ ਵੱਸੇ ਦੱਸੇ ਜਾਂਦੇ ਹਨ। ਮਲਿਕਾ ਹਾਂਸ ਦੀ ਵਡਿਆਈ ਏਸ ਕਰਕੇ ਵੀ ਹੈ ਕਿ ਮੌਲਵੀ ਸ਼ਾਹ ਅਬਦੁੱਲਾ ਵੀ ਏਥੋਂ ਦਾ ਰਹਿਣ ਵਾਲਾ ਸੀ ਤੇ ਬਾਅਦ ਵਿੱਚ ਉਹ ਲਾਹੌਰ ਆ ਕੇ ਸ਼ੇਰਾਂ ਵਾਲੀ ਗਲੀ ਵਿੱਚ ਰਹਿਣ ਲੱਗਿਆ। ਬਹੁਤ ਹੀ ਮਸ਼ਹੂਰ ਸੂਫ਼ੀ ਕਵੀ ਮੀਆਂ ਮੁਹੰਮਦ ਬਖ਼ਸ਼ (1830-1907) ਵੀ ਲਾਹੌਰ ਆ ਕੇ ਕਈ ਮਹੀਨੇ ਮੌਲਵੀ ਹੋਰਾਂ ਪਾਸ ਠਹਿਰੇ ਸਨ। ਇੱਥੇ ਆ ਕੇ ਉਨ੍ਹਾਂ ਦੁਨੀਆਂ ਭਰ ਵਿੱਚ ਮਸ਼ਹੂਰ ਕਲਾਮ ‘ਸੈਫ਼ ਉਲ ਮਲੂਕ’ ਦਾ ਵੱਡਾ ਹਿੱਸਾ ਲਿਖਿਆ। ਆਲਮਗੀਰ ਦੇ ਸਮੇਂ ਸਤਾਰਵੀਂ ਸਦੀ ਵਿੱਚ ਇਸ ਕਸਬੇ ਦੀ ਕਾਫ਼ੀ ਚੜ੍ਹਤ ਰਹੀ ਦੱਸੀ ਜਾਂਦੀ ਹੈ। ਇਹ ਦਰਿਆ ਸਤਲੁਜ ਅਤੇ ਰਾਵੀ ਦੇ ਵਿਚਕਾਰ ਪੈਂਦਾ ਹੈ। ਅੱਜ ਕਲ੍ਹ ਸ਼ਾਇਦ ਇਹ ਜ਼ਿਲ੍ਹਾ ਕਸੂਰ ਵਿੱਚ ਹੈ।
ਗੱਲ ਆਪਾਂ ਕਰਨੀ ਹੈ ਵਾਰਿਸ ਸ਼ਾਹ ਅਤੇ ਹੀਰ ਦੇ ਮੁਕੰਮਲ ਹੋਣ ਦੀ। ਉਨ੍ਹਾਂ ਦਿਨਾਂ ਵਿੱਚ ਅਹਿਮਦ ਸ਼ਾਹ ਦੁਰਾਨੀ (ਅਬਦਾਲੀ), ਜਿਸ ਦਾ ਸਮਾਂ ਜਨਮ 1722 ਅਤੇ ਇੰਤਕਾਲ 1773 ਦਾ ਹੈ, ਹਿੰਦੋਸਤਾਨ ਉਪਰ ਹਮਲੇ ’ਤੇ ਹਮਲਾ ਕਰਦਾ ਹੁੰਦਾ ਸੀ। ਵਾਰਿਸ ਸ਼ਾਹ ਦੀ ਜੰਮਣ ਭੋਇੰ ਜੰਡਿਆਲਾ ਸ਼ੇਰ ਖ਼ਾਂ ਉਸ ਦੇ ਰਾਹ ਵਿੱਚ ਹੀ ਪੈਂਦਾ ਸੀ। ਸਾਰਾ ਇਲਾਕਾ ਉਸਦੇ ਹਮਲਿਆਂ ਕਾਰਨ ਬੇਹੱਦ ਦੁਖੀ ਅਤੇ ਬੇਚੈਨ ਰਹਿੰਦਾ ਸੀ। ਇਹੀ ਸਮਾਂ ਸੀ ਜਦੋਂ ਵਾਰਿਸ ਸ਼ਾਹ ਹੀਰ-ਰਾਂਝੇ ਦੀ ਅਮਰ ਕਹਾਣੀ ਲਿਖ ਰਿਹਾ ਸੀ; ਪਰ ਆਪੋ-ਧਾੜ ਵਾਲੇ ਮਾਹੌਲ ਵਿੱਚ ਉਸਦਾ ਮਨ ਇਕਾਗਰ ਨਹੀਂ ਸੀ ਹੋ ਰਿਹਾ। ਸੋ ਉਸਨੇ ਜੰਡਿਆਲਾ ਸ਼ੇਰ ਖ਼ਾਂ ਛੱਡਣ ਦਾ ਫ਼ੈਸਲਾ ਕਰ ਲਿਆ। ਉਸਨੇ ਮਲਿਕਾ ਹਾਂਸ ਜਾ ਕੇ ਮਸੀਤ ਵਿੱਚ ਡੇਰਾ ਲਾ ਲਿਆ। ਮਸੀਤ ਦੇ ਨਾਲ਼ ਹੀ ਇੱਕ ਭੋਰੇ ਵਿੱਚ ਬਹਿ ਕੇ ਸੰਨ 1766 ਵਿੱਚ ਉਹਨੇ ਹੀਰ-ਰਾਂਝੇ ਦੀ ਜਗਤ ਪ੍ਰਸਿੱਧ ਕਹਾਣੀ ਨੂੰ ਕਾਵਿ-ਰੂਪ ਦੇ ਕੇ ਅਮਰ ਕਰ ਦਿੱਤਾ।
ਅਸੀਂ ਪੁੱਛਦੇ-ਪੁਛਾਉਂਦੇ ਤੰਗ ਬਾਜ਼ਾਰ ’ਚੋਂ ਹੁੰਦੇ ਹੋਇਆਂ ਇੱਕ ਤੰਗ ਜਿਹੀ ਗਲੀ ਵਿੱਚ ਪਹੁੰਚੇ। ਮਸੀਤ ਕੋਲ ਪਹੁੰਚ ਕੇ ਅਸੀਂ ਇੱਕ ਦੁਕਾਨਦਾਰ ਜੋ ਆਪਣੇ ਆਪ ਨੂੰ ਆਰ.ਐਮ.ਪੀ. (ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ) ਦੱਸਦਾ ਸੀ, ਨੂੰ ਮਿਲੇ ਅਤੇ ਆਪਣੀ ਖ਼ਾਹਿਸ਼ ਦੱਸੀ। ਉਹ ਦੁਕਾਨ ਬੰਦ ਕਰਕੇ ਸਾਡੇ ਨਾਲ਼ ਹੀ ਚੱਲ ਪਿਆ। ਤੀਹ ਪੈਂਤੀ ਸਾਲ ਦਾ ਇਹ ਸਖ਼ਸ਼ ਸਾਡੇ ਨਾਲ਼ ਕਾਫ਼ੀ ਘੁਲ-ਮਿਲ ਗਿਆ। ਇੱਕ ਹੋਰ ਅੱਧਖੜ ਉਮਰ ਦਾ ਵਿਅਕਤੀ ਵੀ ਸਾਡੇ ਨਾਲ਼ ਸਾਏ ਵਾਂਗ ਚੱਲ ਰਿਹਾ ਸੀ। ਸਾਡੇ ਪੁੱਛਣ ’ਤੇ ਉਹਨੇ ਦੱਸਿਆ ਕਿ ਉਹ ਸਿਵਲ ਕੱਪੜਿਆਂ ਵਿੱਚ ਪੁਲਿਸ ਵਾਲਾ ਹੈ। ਜੋ ਸਾਡੀ ਸੁਰੱਖਿਆ ਲਈ ਪਾਕਿਪਟਨ ਪੁਲਿਸ ਵਾਲਿਆਂ ਨੇ ਭੇਜਿਆ ਸੀ। ਉਹਨੇ ਦੱਸਿਆ ਕਿ ਉਸਦਾ ਪਿੰਡ ਵੀ ਏਥੇ ਨਾਲ਼ ਹੀ ਹੈ ਅਤੇ ਉਹਨੇ ਉਹਦੇ ਘਰ ਰੁਕ ਕੇ ਰੋਟੀ-ਪਾਣੀ ਛਕ ਕੇ ਜਾਣ ਦੀ ਸੁਲਾਹ ਮਾਰੀ, ਪਰ ਅਸੀਂ ਉਸਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਸਾਡਾ ਲਾਹੌਰ ਪਹੁੰਚਣਾ ਤੇ ਉਹ ਵੀ ਲੋਏ-ਲੋਏ, ਬਹੁਤ ਜ਼ਰੂਰੀ ਹੈ।
ਗਲੀ ਵਿੱਚ ਸਾਨੂੰ ਗੱਲਾਂ ਕਰਦਿਆਂ ਦੇਖ ਕੇ ਹੋਰ ਵੀ ਕਈ ਲੋਕ ਇਕੱਠੇ ਹੋ ਗਏ। ਡਾਕਟਰ ਦਾ ਕੋਈ ਰਿਸ਼ਤੇਦਾਰ ਸ਼ਾਇਦ ਚਾਚਾ ਵੀ ਅਮਰੀਕਾ ਤੋਂ ਆਇਆ ਹੋਇਆ ਸੀ, ਉਹਨੇ ਸਾਨੂੰ ਉਹਦੇ ਨਾਲ਼ ਵੀ ਮਿਲਾਇਆ। ਹੁਣ ਅਸੀਂ ਮਸੀਤ ਦੇ ਵਿਹੜੇ ਵਿੱਚ ਖੜ੍ਹੇ ਸੀ। ਨਾਲ਼ ਹੀ ਕੱਚਾ ਭੋਰਾ ਜੋ ਹੁਣ ਪੱਕਾ ਕਰ ਦਿੱਤਾ ਗਿਆ ਸੀ। ਅਸੀਂ ਭੋਰੇ ਦੇ ਅੰਦਰ ਗਏ। ਇਉਂ ਲੱਗਦਾ ਸੀ ਜਿਵੇਂ ਵਾਰਿਸ ਸ਼ਾਹ ਸਾਡੇ ਸਾਹਮਣੇ ਮਸਤੀ ਦੇ ਆਲਮ ਵਿੱਚ ਕਲਮ ਸਿਆਹੀ ਨਾਲ਼ ਹੀਰ ਦੇ ਬੰਦ ਲਿਖ ਰਿਹਾ ਹੋਵੇ। ਸਾਡੇ ਪੁੱਛਣ ’ਤੇ ਕਿ ਕੀ ਹੀਰ ਵਾਰਿਸ ਦੀ ਕੋਈ ਮੌਲਿਕ ਲਿਖਤ ਵੀ ਸਾਂਭੀ ਹੋਈ ਹੈ? ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲੀ ਹੱਥ ਲਿਖਤ ਕਿਸੇ ਨੇ ਜਾਂ ਸ਼ਾਇਦ ਉਥੋਂ ਦੇ ਮੌਲਵੀ ਨੇ ਚੋਰੀ ਕਰ ਲਈ ਸੀ। ਇਹ ਜਾਣ ਕੇ ਬੜਾ ਦੁੱਖ ਹੋਇਆ। ਦੱਸਦੇ ਹਨ ਕਿ ਮਸੀਤ ਦਾ ਮੌਲਵੀ ਵਾਰਿਸ ਸ਼ਾਹ ਨਾਲ਼ ਏਸ ਗੱਲੋਂ ਬੜਾ ਔਖਾ ਰਹਿੰਦਾ ਸੀ ਕਿ ਉਹ ਮਸੀਤ ਦੇ ਅੰਦਰ ਉੱਚੀ-ਉੱਚੀ ਹੇਕਾਂ ਲਾ ਕੇ ਹੀਰ ਗਾਉਂਦਾ ਰਹਿੰਦਾ ਸੀ। ਕਸਬੇ ਦੇ ਲੋਕ ਵੀ ਹਰ ਰੋਜ਼ ਉਸਨੂੰ ਸੁਣਨ ਲਈ ਆ ਜਾਂਦੇ ਸਨ। ਉਹ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੋ ਗਿਆ ਸੀ। ਇਸ ਕਰਕੇ ਮੌਲਵੀ ਉਹਨੂੰ ਉਥੋਂ ਕੱਢਣਾ ਚਾਹੁੰਦਾ ਹੋਇਆ ਵੀ ਕੱਢ ਨਾ ਸਕਿਆ। ਦੱਸਦੇ ਨੇ ਕਿ ਵਾਰਿਸ ਸ਼ਾਹ ਨੇ ਇੱਥੇ ਰਹਿ ਕੇ ਕੋਈ ਦੋ ਢਾਈ ਸਾਲ ਵਿੱਚ ਹੀਰ ਮੁਕੰਮਲ ਕੀਤੀ। ਉਹ ਹੀਰ ਜਿਸ ਤੋਂ ਬਿਨਾਂ ਸਾਡਾ ਸਾਹਿਤ ਤੇ ਸੱਭਿਆਚਾਰ ਅਧੂਰਾ ਹੈ। ਵਾਰਿਸ ਸ਼ਾਹ ਨੇ ਹੀਰ ਵਿੱਚ ਉਸ ਸਮੇਂ ਦੇ ਸਮਾਜ, ਜਗੀਰੂ ਸੱਭਿਆਚਾਰ ਤੇ ਕਾਮਿਆਂ ਦਾ ਬਾਖ਼ੂਬੀ ਚਿਤਰਣ ਕੀਤਾ ਹੈ। ਵਾਰਿਸ ਦਾ ਜਨਮ 1722 ਵਿੱਚ ਹੋਇਆ ਤੇ 1798 ਵਿੱਚ 76 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਮੁਢਲੀ ਸਿੱਖਿਆ ਉਨ੍ਹਾਂ ਪਿੰਡ ਦੀ ਮਸਜਿਦ ’ਚੋਂ ਲਈ ਤੇ ਫਿਰ ਕਸੂਰ ਵਿੱਚ ਉਨ੍ਹਾਂ ਮੌਲਵੀ ਗ਼ੁਲਾਮ ਮੁਰਤਜ਼ਾ ਕਸੂਰੀ ਕੋਲੋਂ ਉਚੇਚੀ ਸਿੱਖਿਆ ਪ੍ਰਾਪਤ ਕੀਤੀ। ਦੱਸਦੇ ਹਨ ਕਿ ਉਨ੍ਹਾਂ ਬਾਬਾ ਫ਼ਰੀਦ ਦੇ ਗੱਦੀਨਸ਼ੀਨਾਂ ਕੋਲੋਂ ਵੀ ਆਤਮਿਕ ਗਿਆਨ ਬਾਰੇ ਕਾਫ਼ੀ ਕੁੱਝ ਸਿੱਖਿਆ। ਉਸ ਕੋਲ ਗਿਆਨ ਅਤੇ ਸ਼ਬਦਾਂ ਦਾ ਏਨਾ ਭੰਡਾਰ ਸੀ ਕਿ ਉਸਦੇ ਲਿਖੇ ਬਹੁਤੇ ਬੰਦ ਕਹਾਵਤਾਂ ਬਣ ਗਏ ਹਨ।
ਵਾਰਿਸ ਸ਼ਾਹ ਲੁਕਾਈਏ ਜੱਗ ਕੋਲੋਂ
ਭਾਵੇਂ ਆਪਣਾ ਹੀ ਗੁੜ ਖਾਈਏ ਜੀ।
ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ
ਭਾਵੇਂ ਰਸਮਸੀ ਵਿੱਚ ਕਾਫ਼ੂਰ ਹੋਏ।

ਹੀਰ ਦੀ ਤਾਰੀਫ਼ ਕਰਦਿਆਂ ਵਾਰਿਸ ਸ਼ਾਹ ਲਿਖਦਾ ਹੈ:
ਨੈਣ ਨਰਗਸੀ ਮਿਰਗ ਮਮੋਲੜੇ ਦੇ
ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ।
ਭਵਾਂ ਵਾਂਗ ਕਮਾਨ ਲਾਹੌਰ ਦੇ ਸਨ
ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ।
ਮਾਣਮੱਤੀਏ ਰੂਪ ਗੁਮਾਨ ਕਰੀਏ
ਅਠਖੇਲੀਏ ਰੰਗ ਰੰਗੀਲੀਏ ਨੀ।
ਆਸ਼ਕ ਭੌਰ, ਫ਼ਕੀਰ ਤੇ ਨਾਗ ਕਾਲੇ
ਬਾਝ ਮੰਤਰੋਂ ਮੂਲ ਨਾ ਕੀਲੀਏ ਨੀ।

ਮਸੀਤ ਤੋਂ ਦੋ-ਤਿੰਨ ਘਰ ਛੱਡ ਕੇ ਇੱਕ ਸਦੀਆਂ ਪੁਰਾਣਾ ਮੰਦਰ ਵੀ ਅਸਾਂ ਨੂੰ ਦਿਖਾਇਆ ਗਿਆ; ਜਿਸਦੀ ਹਾਲਤ ਹੁਣ ਬਹੁਤ ਖਸਤਾ ਹੋ ਚੁੱਕੀ ਸੀ। ਕੁੱਝ ਹਿੱਸੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ। ਉਨ੍ਹਾਂ ਸਾਡੇ ਨਾਲ਼ ਕੋਈ ਜ਼ਿਆਦਾ ਗੱਲਬਾਤ ਤਾਂ ਨਹੀਂ ਕੀਤੀ। ਬੱਸ ਏਨਾ ਹੀ ਦੱਸਿਆ ਕਿ ਹਿੰਦ-ਪਾਕਿ ਜੰਗਾਂ ਸਮੇਂ ਕੁਝ ਸ਼ਰਾਰਤੀ ਲੋਕ ਇਸ ਮੰਦਰ ਨੂੰ ਨੁਕਸਾਨ ਪਹੁੰਚਾਉਂਦੇ ਰਹੇ ਹਨ। ਵਾਰਿਸ ਦੀ ਕਰਮਭੂਮੀ ਨੂੰ ਸਾਡਾ ਲੱਖ-ਲੱਖ ਪ੍ਰਣਾਮ! ਲਾਹੌਰ ਏਥੋਂ ਕੋਈ 50 ਕਿਲੋਮੀਟਰ ਸੀ। ਅਸੀਂ ਸਾਰੇ ਮਿਲਣ ਆਏ ਲੋਕਾਂ ਕੋਲੋਂ ਅਲਵਿਦਾ ਲਈ। ਚਿੱਟ ਕੱਪੜੀਆ ਪੁਲਿਸ ਅਫ਼ਸਰ ਜਿਸਦਾ ਨਾਮ ਉਹਨੇ ਰਾਣਾ ਮੁਨੱਵਰ ਦੱਸਿਆ, ਵੀ ਕਾਫ਼ੀ ਖ਼ੁਸ ਸੀ ਕਿ ਸਾਨੂੰ ਵਾਰਿਸ ਸ਼ਾਹ ਬਾਰੇ ਜਾਣਕਾਰੀ ਸੀ।
ਭੀੜ ਭਰੇ ਬਾਜ਼ਾਰ ’ਚੋਂ ਲੰਘਦਿਆਂ ਸਾਡੇ ਡਰਾਈਵਰ ਅਜਾਜ ਨੇ ਕਾਰ ਲਾਹੌਰ ਵਾਲੇ ਰਾਹ ਪਾ ਲਈ। ਰਸਤੇ ਵਿੱਚ ਅਸੀਂ ਸਾਹੀਵਾਲ, ਉਕਾੜਾ, ਪੱਤੋਕੀ ਤੇ ਭਾਈ ਫੇਰੂ ਕਸਬਿਆਂ ਦੇ ਦਰਸ਼ਨ ਵੀ ਕੀਤੇ। ਪੱਤੋਕੀ, ਫੁੱਲਾਂ ਬੂਟਿਆਂ ਦੀ ਨਰਸਰੀ ਕਰਕੇ ਮਸ਼ਹੂਰ ਹੈ। ਅਸੀਂ ਦੇਖਿਆ ਜੀ.ਟੀ. ਰੋਡ ਦੇ ਦੋਨੋਂ ਪਾਸੇ ਮੀਲਾਂ ਤੀਕਰ ਭਾਂਤ-ਭਾਂਤ ਦੇ ਫੁੱਲ ਬੂਟਿਆਂ ਦੀ ਨਰਸਰੀ ਦਸੰਬਰ ਦੇ ਪਹਿਲੇ ਹਫ਼ਤੇ ਤਕ ਵੀ ਮੌਜੂਦ ਸੀ। ਭਾਈ ਫੇਰੂ ਦਾ ਨਾਮ ਹੁਣ ਫੂਲ ਨਗਰ ਰੱਖ ਦਿੱਤਾ ਗਿਆ ਹੈ। ਜਿਵੇਂ ਚੜ੍ਹਦੇ ਬੰਨੇ ਕਈ ਸ਼ਹਿਰਾਂ ਦੇ ਨਾਮ ਬਦਲੇ ਗਏ ਹਨ, ਪਰ ਲੋਕਾਂ ਦੀ ਜ਼ੁਬਾਨ ’ਤੇ ਅਜੇ ਵੀ ਪੁਰਾਣੇ ਨਾਮ ਹੀ ਹਨ। ਉਕਾੜਾ ’ਚੋਂ ਲੰਘਦਿਆਂ ਸਾਨੂੰ ਖ਼ਬਰਹਾਰ ਵਾਲਾ ਆਫ਼ਤਾਬ ਇਕਬਾਲ ਵੀ ਯਾਦ ਆਇਆ, ਕਿਉਂਕਿ ਉਹ ਏਥੋਂ ਦਾ ਹੀ ਜੰਮਪਲ ਹੈ। ਫਿਰ ਅਸੀਂ ਸੋਚਿਆ ਕਿ ਕਿਉਂ ਨਾ ਅੱਜ ਹੋਟਲ ’ਚ ਜਾਣ ਤੋਂ ਪਹਿਲਾਂ ਚਾਹ ਜਾਂ ਕੌਫ਼ੀ ਉਸਦੇ ਰੈਸਟੋਰੈਂਟ ਓ.ਐਮ.ਸੀ. (ਓਪਨ ਮਾਈ ਕੈਫੇ) ਵਿੱਚ ਪੀਤੀ ਜਾਵੇ। ਸ਼ਾਹਜੇਬ ਨੇ ਗੂਗਲ ਤੋਂ ਉਸਦਾ ਐਡਰੈੱਸ ਲੱਭਿਆ ਤੇ ਅਸੀਂ ਸ਼ਹਿਰ ਦੀਆਂ ਪੌਸ਼ ਕਲੋਨੀਆਂ ਵਿੱਚੋਂ ਹੁੰਦੇ ਹੋਏ ਉਥੇ ਪਹੁੰਚੇ ਤੇ ਚਾਰ ਕੌਫ਼ੀ ਦੇ ਆਰਡਰ ਕੀਤੇ। ਸਾਡਾ ਡਰਾਈਵਰ ਡੌਰ-ਭੌਰ ਹੋਇਆ ਦੇਖੇ ਕਿ ਇੱਕ ਕੱਪ ਦੀ ਕੀਮਤ ਚਾਰ ਸੌ ਰੁਪਏ ਸੀ। ਐਤਵਾਰ ਦੀ ਸ਼ਾਮ ਕਾਰਨ ਰੈਸਟੋਰੈਂਟ ਲਗਪਗ ਖ਼ਾਲੀ ਹੀ ਸੀ। ਪੰਦਰਾਂ-ਵੀਹ ਮਿੰਟਾਂ ਵਿੱਚ ਅਸੀਂ ਆਪਣੇ ਟਿਕਾਣੇ ’ਤੇ ਪਹੁੰਚ ਗਏ।

Leave a Reply

Your email address will not be published. Required fields are marked *