ਜ਼ਿੰਦਗੀ ਤੋਂ ਵੱਡਾ ਕੋਈ ਸਕੂਲ ਨਹੀਂ

ਆਮ-ਖਾਸ

ਇਹ ਸੱਚ ਹੈ ਕਿ ਜ਼ਿੰਦਗੀ ਦੇ ਪੜ੍ਹਾਏ ਹੋਏ ਸਬਕ ਬੰਦੇ ਨੂੰ ਤਾਉਮਰ ਯਾਦ ਰਹਿੰਦੇ ਹਨ, ਤੇ ਇਹੋ ਉਹਦੀ ਸਫਲਤਾ ਲਈ ਪੌੜੀ ਵੀ ਬਣਦੇ ਹਨ। ਜ਼ਿੰਦਗੀ ਦੇ ਸਬਕਾਂ ਨਾਲ ਹੀ ਇਨਸਾਨ ਕੁਠਾਲੀ ਪਏ ਸੋਨੇ ਵਾਂਗ ਸੁLੱਧ ਯਾਨੀ ਚਮਕਦਾਰ ਹੋ ਜਾਂਦਾ ਹੈ। ਅਜਿਹੇ ਮਿਲਦੇ-ਜੁਲਦੇ ਵਿਚਾਰਾਂ ਦਾ ਪ੍ਰਗਟਾਵਾ ਹੀ ਹੈ ਹਥਲਾ ਲੇਖ…

ਨਿੰਮਾ ਡੱਲੇਵਾਲਾ
ਫੋਨ: 513-432-9754

ਸਕੂਲ, ਜਿਸ ਨੂੰ ਅਸੀਂ ਸਿੱਖਿਆ ਦਾ ਕੇਂਦਰ ਮੰਨਦੇ ਹਾਂ, ਮੁਢਲੀ ਕਿਤਾਬੀ ਸਿੱਖਿਆ ਦਾ ਅਰੰਭ ਇੱਥੋਂ ਹੀ ਹੁੰਦਾ ਹੈ। ਦੂਣੀ ਦਾ ਪਹਾੜਾ ਤੇ ਤੋਤਲੇ ਬੋਲਾਂ ਨਾਲ ‘ੳ’, ‘ਅ’ ਬੋਲਣਾ ਅਤੇ ਫੱਟੀ/ਸਲੇਟ ਉਤੇ ਲਿਖਣਾ ਸਿੱਖਣਾ ਹਰ ਇੱਕ ਨੂੰ ਪ੍ਰਾਇਮਰੀ ਸਕੂਲ ਦੀ ਹੀ ਦੇਣ ਹੈ। ਲਿਖਣਾ ਅਤੇ ਸਿੱਖਣਾ ਸਕੂਲ ਤੋਂ ਸ਼ੁਰੂ ਹੋ ਕੇ ਕਾਲਜਾਂ, ਯੂਨੀਵਰਸਿਟੀਆਂ ਤੋਂ ਹੁੰਦਾ ਹੋਇਆ ਕਿਤਾਬੀ ਗਿਆਨ ਦੇ ਵੱਡੇ ਵੱਡੇ ਭੰਡਾਰ ਹਾਸਲ ਕਰ ਅਨੇਕਾਂ ਤਰ੍ਹਾਂ ਦੀਆਂ ਡਿਗਰੀਆਂ ਬੋਝੇ ਪਾ ਲੈਂਦਾ ਹੈ, ਜੋ ਸਿਰਫ ਕਈ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ਹਾਸਿਲ ਕਰਨ ਵਿੱਚ ਸਹਾਈ ਹੁੰਦੀਆਂ ਹਨ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਰੋਜ਼ਗਾਰ ਦੇ ਕਾਬਿਲ ਬਣਾ ਦਿੰਦੀਆਂ ਹਨ। ਇਸ ਤੋਂ ਬਾਅਦ ਜ਼ਿੰਦਗੀ ਦਾ ਅਗਲਾ ਪੜਾਅ ਸ਼ੁਰੂ ਹੁੰਦਾ ਹੈ, ਜਿਸ ਦੌਰਾਨ ਜ਼ਿੰਦਗੀ ਦੇ ਅਨੋਖੇ ਰੰਗ ਅਤੇ ਰੰਗ-ਬਰੰਗੇ ਲੋਕ ਤੇ ਰਿਸ਼ਤੇ ਜ਼ਿੰਦਗੀ ਦੇ ਬਣੇ ਮਹਿਲ ਵਿੱਚ ਪ੍ਰਵੇਸ਼ ਕਰਦੇ ਹਨ। ਫਿਰ ਸ਼ੁਰੂ ਹੁੰਦਾ ਹੈ ਜ਼ਿੰਦਗੀ ਵਾਲਾ ਸਕੂਲ, ਜਿਸ ਤੋਂ ਵੱਡਾ ਕੋਈ ਵੀ ਸਕੂਲ ਨਹੀਂ। ਹਥਲੇ ਲੇਖ ਦਾ ਸਿਰਲੇਖ ਵੀ ਇਸੇ ਦੀ ਬਾਤ ਪਾਉਂਦਾ ਹੈ।
ਮੇਰੀ ਕਲਮ ਜੋ ਕਹਿਣ ਲੱਗੀ, ਇਹੇ ਗੱਲ ਫਜ਼ੂਲ ਨਹੀਂ।
ਬਿਨ ਠੋਕਰ ਅਕਲਾਂ ਦੇਵੇ, ਜ਼ਿੰਦਗੀ ਦਾ ਰੂਲ ਨਹੀਂ।
ਸਿਰ ਮੱਥੇ ਪੈਣ ਕਬੂਲਣੀਆਂ, ਭਾਵੇਂ ਲੱਖ ਕਬੂਲ ਨਹੀਂ।
ਬੰਦਾ ਲੱਭਦਾ ਫਿਰੇ ਵਿਆਜਾਂ ਨੂੰ, ਪੱਲੇ ਪੂਰਾ ਪੈਂਦਾ ਮੂਲ ਨਹੀਂ।
ਉਥੇ ਫੇਲ੍ਹ ਕਰੇਂਦੀ ਪੜ੍ਹਿਆਂ ਨੂੰ, ਜਿੱਥੇ ਪੱਕਾ ਕੋਈ ਅਸੂਲ ਨਹੀਂ।
‘ਨਿੰਮਾ’ ਆਖੇ ਵੱਡਾ ਜ਼ਿੰਦਗੀ ਤੋਂ, ਕਿਧਰੇ ਵੀ ਕੋਈ ਸਕੂਲ ਨਹੀਂ।
“ਜ਼ਿੰਦਗੀ ਤੋਂ ਵੱਡਾ ਕੋਈ ਸਕੂਲ ਨਹੀਂ”, ਮੇਰੀ ਇਸ ਲਿਖਤ ਨਾਲ ਉਹ ਹਰ ਪਾਠਕ ਸਹਿਮਤੀ ਜਤਾਏਗਾ, ਜੋ ਹਾਲੇ ਦਾਖਲ ਹੋਇਆ ਜਾਂ ਪੜ੍ਹਾਈਆਂ ਕਰ ਰਿਹਾ ਹੈ; ਤੇ ਬਹੁਤੇ ਇਸ ਸਕੂਲ ਤੋਂ ਕੀਤੀਆਂ ਡਿਗਰੀਆਂ ਵਾਲੇ ਵੀ ਹੋਣਗੇ। ਜ਼ਿੰਦਗੀ ਕੁਦਰਤ ਦਾ ਇੱਕ ਸਭ ਤੋਂ ਵੱਡਾ ਵਰਦਾਨ ਹੈ, ਜਿਸ ਦੀ ਗੱਡੀ `ਚ ਚਾਲਕ ਵੀ ਓਹੀ ਹੈ; ਤੇ ਅਸੀਂ ਜਦੋਂ ਆਪਣੇ ਹਿਸਾਬ ਨਾਲ ਚਲਾਉਣ ਲੱਗ ਜਾਂਦੇ ਹਾਂ ਤਾਂ ਪੜ੍ਹਨੇ ਪੈ ਜਾਂਦੇ ਹਾਂ; ਇਸਦਾ ਸਕੂਲ ਐਸਾ ਜਿੱਥੇ ਕੋਈ ਦਾਖਲਾ ਫੀਸ ਵੀ ਨਹੀਂ। ਸਖਤਾਈਆਂ ਐਨੀਆਂ ਕਿ ਕਦੇ ਵੀ ਗੈਰ-ਹਾਜ਼ਰ ਹੋ ਹੀ ਨਹੀਂ ਸਕਦੇ। ਜ਼ਿੰਦਗੀ ਜੋ ਪੜ੍ਹਾਉਂਦੀ ਤੇ ਸਿਖਾਉਂਦੀ ਹੈ, ਓਹਦੇ ਮੂਹਰੇ ਸਕੂਲਾਂ-ਕਾਲਜਾਂ ਵਾਲੀਆਂ ਡਿਗਰੀਆਂ ਵੀ ਫੇਲ੍ਹ ਹੋ ਜਾਂਦੀਆਂ ਨੇ। ਜ਼ਿੰਦਗੀ ਵਾਲੇ ਸਕੂਲ ਵਿੱਚ ਹਰ ਦਿਨ ਇਮਤਿਹਾਨ ਹੁੰਦਾ ਹੈ ਤੇ ਇਸਦਾ ਅਨੋਖਾ ਰਵੱਈਆ ਵੇਖੋ- ਫੇਲ੍ਹ ਹੋਏ ਨੂੰ ਤਾਂ ਭੱਜਣ ਲਈ ਆਖਦੀ ਹੀ ਹੈ ਤੇ ਪਾਸ ਹੋਏ ਨੂੰ ਦੌੜਨ ਲਾ ਦਿੰਦੀ ਹੈ। ਜ਼ਿੰਦਗੀ ਜੋ ਸਬਕ ਸਿਖਾਉਂਦੀ ਹੈ, ਉਹ ਕਿਸੇ ਵੀ ਸਕੂਲ ਦੇ ਕਾਇਦੇ ਵਿੱਚ ਨਹੀਂ ਅਤੇ ਜੋ ਕਈ ਤਰ੍ਹਾਂ ਦੀਆਂ ਪੜ੍ਹਾਈਆਂ ਅਸੀਂ ਸਕੂਲਾਂ ਵਿੱਚ ਸਿਰਫ ਪਾਸ ਹੋਣ ਲਈ ਪੜ੍ਹਦੇ ਹਾਂ, ਉਹ ਜ਼ਿੰਦਗੀ ਦੇ ਕਿਸੇ ਵੀ ਮੋੜ `ਤੇ ਬਹੁਤਾ ਕੰਮ ਨਹੀਂ ਆਉਂਦੀਆਂ।
ਜੇ ਜ਼ਿੰਦਗੀ ਡਿੱਗਣਾ ਸਿਖਾਉਂਦੀ ਹੈ ਤਾਂ ਉਠ ਕੇ ਕੱਪੜੇ ਝਾੜ ਕੇ ਦੌੜਨ ਲਈ ਵੀ ਪ੍ਰੇਰਿਤ ਕਰਦੀ ਹੈ। ਜ਼ਿੰਦਗੀ ਸਾਨੂੰ ਅਜਿਹੇ ਕਾਇਦੇ ਪੜ੍ਹਾਉਂਦੀ ਹੈ, ਜਿਨ੍ਹਾਂ ਅੱਗੇ ਪੜ੍ਹੀਆਂ ਕਿਤਾਬਾਂ ਵੀ ਕਿਸੇ ਕੰਮ ਨਹੀਂ ਅਤੇ ਗ੍ਰੰਥਾਂ ਦੇ ਗਿਆਨ ਵਰਗਾ ਸਬਕ ਪੱਲੇ ਪੈ ਜਾਂਦਾ ਹੈ, ਜੋ ਜੀਵਨ ਦੇ ਰਾਹਾਂ ਉਤੇ ‘ਕਿਸ ਮੋੜ ‘ਤੇ ਕਿਵੇਂ ਬਚਣਾ ਹੈ’, ਸਾਨੂੰ ਬਾਹੋਂ ਫੜ੍ਹ ਕੇ ਦੱਸਦਾ ਹੈ। ਜ਼ਿੰਦਗੀ ਵਾਲਾ ਸਫਰ ਆਪਣੇ ਆਪ ਵਿੱਚ ਇੱਕ ਵਿਸ਼ਵ ਵਿਦਿਆਲਿਆ ਹੈ। ਜ਼ਿੰਦਗੀ ਸਾਨੂੰ ਪੜ੍ਹਾਉਂਦੀ ਹੀ ਨਹੀਂ, ਆਪਣੀਆਂ ਲੋੜਾਂ ਨਾਲ ਲੜਾਉਂਦੀ ਵੀ ਹੈ ਤੇ ਸਿਦਕ ਦਾ ਆਸਰਾ ਲੈ ਜਿਤਾਉਂਦੀ ਵੀ ਹੈ। ਜ਼ਿੰਦਗੀ ਵਾਲਾ ਸਕੂਲ ਸਾਨੂੰ ਦੱਸਦਾ ਹੈ ਕਿ ਸਫਲਤਾ ਦਾ ਦੀਦਾਰ ਸਾਨੂੰ ਸੰਘਰਸ਼ ਦੀ ਕਿਸ ਨਦੀ ਦੇ ਪਾਰ ਕਿਨਾਰੇ ਹੋਵੇਗਾ। ਖੁਸ਼ੀਆਂ ਕਿਸ ਦੁਕਾਨੋਂ ਮੁੱਲ ਮਿਲਦੀਆਂ ਨੇ ਤੇ ਕਿਵੇਂ ਵੰਡਣੀਆਂ ਨੇ, ਸਾਨੂੰ ਜ਼ਿੰਦਗੀ ਸਮਝਾਉਂਦੀ ਹੈ। ਦੁੱਖਾਂ ਦੇ ਦਰਿਆ ਅਤੇ ਅੱਗ ਦੇ ਸਾਗਰ ਕਿਵੇਂ ਤੈਰਨੇ ਹਨ ਤੇ ਕਿਵੇਂ ਸੁੱਖਾਂ ਦੇ ਸਵੇਰ ਦਾ ਚੜ੍ਹਦਾ ਸੂਰਜ ਵੇਖਣਾ ਹੈ, ਸਾਨੂੰ ਕਿਤਾਬੀ-ਸਕੂਲ ਨਹੀਂ ਦੱਸਦੇ। ਉਹ ਤਾਂ ਸਿਰਫ ਜਮ੍ਹਾਂ-ਘਟਾਓ ਤੇ ਸ਼ਬਦਾਂ ਨੂੰ ਕਿਵੇਂ ਜੋੜਨਾ, ਦੱਸਦੇ ਹਨ ਪਰ ਜ਼ਿੰਦਗੀ ਵਾਲਾ ਸਕੂਲ ਨਫੇ-ਨੁਕਸਾਨ, ਹਾਸੇ-ਖੁਸ਼ੀਆਂ ਤੇ ਦੁੱਖ-ਸੁੱਖ ਦਾ ਜੋੜ ਘਟਾਓ ਤੋਤੇ ਵਾਂਗੂੰ ਰਟਾਅ ਦਿੰਦਾ ਹੈ। ਜ਼ਿੰਦਗੀ ਵਾਲੇ ਸਕੂਲੋਂ ਜਿਸਨੇ ਵੀ ਪਹਾੜੇ ਸਿੱਖ ਲਏ, ਉਸ ਦੀ ਸੋਚ ਦੇ ਪੱਲੜੇ ਅਮੀਰੀ ਅਤੇ ਗਰੀਬੀ ਨੂੰ ਤੋਲਣਾ ਸਿੱਖ ਜਾਂਦੇ ਹਨ ਤੇ ਨਕਲੀ ਚਿਹਰਿਆਂ ਉਤੇ ਬੇਈਮਾਨੀ ਦੀ ਸਿਆਹੀ ਨਾਲ ਲਿਖਿਆ ਝੂਠ ਵੀ ਪੜ੍ਹ ਲੈਂਦੇ ਹਨ। ਰੋਟੀ ਕਿਵੇਂ ਕਮਾਉਣੀ ਹੀ ਨਹੀਂ, ਕਿਵੇਂ ਪਕਾਉਣੀ ਹੈ, ਉਸਦੇ ਵੀ ਕਾਰੀਗਰ ਬਣਾ ਦਿੰਦੀ ਹੈ। ਖਾਬਾਂ ਨੂੰ ਖੰਭ ਲਾ ਕੇ ਮਿਹਨਤ ਦੇ ਅਸਮਾਨਾਂ ਵਿੱਚ ਕਿਵੇਂ ਉੱਡਣਾ ਤੇ ਸ਼ਹੁਰਤ ਦੀਆਂ ਮੰਜ਼ਿਲਾਂ ਉਤੇ ਕਿਵੇਂ ਅੱਪੜਨਾ, ਇਹ ਸਭ ਦੀ ਤਾਲੀਮ ਦਿੰਦਾ ਹੈ ਜ਼ਿੰਦਗੀ ਵਾਲਾ ਸਕੂਲ। ਜ਼ਿੰਦਗੀ ਵਿੱਚ ਲੱਗਣ ਵਾਲੀਆਂ ਠੋਕਰਾਂ ਹੱਥਾਂ ਉਤੇ ਵੱਜਣ ਵਾਲੇ ਉਹ ਡੰਡੇ ਨੇ, ਜਿਹੜੇ ਹੱਥਾਂ ਦੀਆਂ ਲਕੀਰਾਂ ਅਤੇ ਮੱਥੇ ਦੀਆਂ ਤਕਦੀਰਾਂ ਬਦਲਣ ਦੀ ਤਾਕਤ ਰੱਖਦੇ ਹਨ। ਜਿਵੇਂ ਜਿਵੇਂ ਅਸੀਂ ਜ਼ਿੰਦਗੀ ਵਿੱਚ ਵਿਚਰਦੇ ਹਾਂ, ਤਿਵੇਂ ਤਿਵੇਂ ਤਜਰਬੇ ਨਾਲ ਜੇਬਾਂ ਭਰਦੀਆਂ ਹਨ। ਜਦੋਂ ਕਾਲੇ ਚਿੱਟਿਆਂ ਵਿੱਚ ਤਬਦੀਲ ਹੁੰਦੇ ਹਨ ਤਾਂ ਬਿਨ ਬੋਲਿਆਂ ਹੀ ਦੱਸ ਹੋ ਜਾਂਦਾ ਹੈ ਕਿ ਇਹ ਪੜ੍ਹਿਆ ਹੀ ਨਹੀਂ, ਕੜ੍ਹਿਆ ਹੋਇਆ ਵੀ ਹੈ।
ਜ਼ਿੰਦਗੀ ਵਾਲੀ ਹਥੌੜੀ ਜਦ ਬੰਦੇ ਨੂੰ ਚੰਡਦੀ ਹੈ।
ਸਮਝੋ ਮਿਲੀਆਂ ਦਰਦਾਂ ‘ਚੋਂ ਖੁਸ਼ੀਆਂ ਨੂੰ ਛੰਡਦੀ ਹੈ।
ਲੱਗਦਾ ਵੰਡਦੀ ਦੁੱਖਾਂ ਨੂੰ ਪਰ ਇਹ ਤਾਂ ਸੁੱਖ ਹੀ ਵੰਡਦੀ ਹੈ।
ਕਈ ਵਿਹਲੜ ਇਸ ਨੂੰ ਭੰਡਦੇ ਪਰ ਇਹ ਨਾ ਕਿਸੇ ਨੂੰ ਭੰਡਦੀ ਹੈ।
ਖੂਬਸੂਰਤ ਜ਼ਿੰਦਗੀ ‘ਨਿੰਮਿਆ’ ਵੇ ਖੱਟੇ-ਮਿੱਠੇ ਪਲਾਂ ਨਾਲ ਹੰਢਦੀ ਹੈ।
ਹਰ ਜ਼ਿੰਦਗੀ ਵਾਲੇ ਸਕੂਲ ਦੇ ਅਧਿਆਪਕਾਂ ਉਤੇ ਵੀ ਚਾਨਣਾ ਪਾ ਲਈਏ ਤੇ ਉਹ ਹਨ ਸਾਡੇ ਰਿਸ਼ਤੇਦਾਰ, ਮੁਲਾਹਜ਼ੇਦਾਰ ਤੇ ਦੋਸਤ-ਯਾਰ। ਜਿਹੜੇ ਸਬਕ ਸਾਨੂੰ ਇਹ ਸਿਖਾਉਂਦੇ ਨੇ, ਉਹ ਕਿਸੇ ਵੀ ਕਿਤਾਬ ਦਾ ਸਿਲੇਬਸ ਨਹੀਂ। ਇਨ੍ਹਾਂ ਦਾ ਸਿਖਾਇਆ ਬੰਦਾ ਸਾਰੀ ਉਮਰ ਮਾਰ ਨਹੀਂ ਖਾ ਸਕਦਾ, ਪਰ ਇਨ੍ਹਾਂ ਦੀ ਫੀਸ ਬੜੀ ਮਹਿੰਗੀ ਹੁੰਦੀ ਹੈ। ਇਹ ਪਹਿਲਾਂ ਤੁਹਾਡੇ ਭਰੋਸੇ ਵਾਲੇ ਦੁੱਧ ਵਿੱਚ ਵਿਸ਼ਵਾਸ਼ ਕਰਨ ਵਾਲੀਆਂ ਨੀਂਦ ਦੀਆਂ ਗੋਲੀਆਂ ਮਿਲਾਉਂਦੇ ਨੇ ਤੇ ਮਗਰੋਂ ਵਿਸ਼ਵਾਸ ਦੀ ਨੀਂਦ ਸੁੱਤਿਆਂ ਤੁਹਾਡੇ ਭਰੋਸੇ ਵਾਲੇ ਖਜ਼ਾਨੇ ਨੂੰ ਲੁੱਟ ਕੇ ਕੰਗਾਲ ਕਰਦੇ ਨੇ। ਫਿਰ ਮਤਲਬਪ੍ਰਸਤੀ ਦਾ ਲਿਬਾਸ ਪਾ ਕੇ ਤੁਹਾਨੂੰ ਹੀ ਗਲਤ ਸਾਬਤ ਕਰਨ ਦੀਆਂ ਜੁਗਤਾਂ ਬਣਾਉਂਦੇ ਨੇ। ਇਨ੍ਹਾਂ ਮਤਲਬਖੋਰੀ ਦੀਆਂ ਉਹ ਕਿਤਾਬਾਂ ਵੀ ਪੜ੍ਹੀਆਂ ਹੁੰਦੀਆਂ ਨੇ, ਜਿਹੜੀਆਂ ਅਜੇ ਤੱਕ ਛਪੀਆਂ ਵੀ ਨਹੀਂ ਹੁੰਦੀਆਂ। ਚੰਗੀ ਸੋਚ ਨਾਲ ਕੀਤੀ ਹੋਈ ਮਦਦ ਨੂੰ ਇਹ ਇੱਕ ਗੁਨਾਹ ਬਣਾ ਦਿੰਦੇ ਨੇ। ਇਹ ਬੇਈਮਾਨੀ ਦੇ ਚੁੱਲ੍ਹੇ ‘ਤੇ ਐਸਾ ਫਰੇਬੀ ਵਾਲਾ ਦੁੱਧ ਗਰਮ ਕਰਕੇ ਪਿਲਾਉਂਦੇ ਨੇ ਕਿ ਬੰਦਾ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਣ ਲੱਗ ਜਾਂਦਾ! ਐਸੇ ਗੱਦਾਰਾਂ ਹੱਥੋਂ ਡੰਗੇ ਹੋਏ ਨੂੰ ਸ਼ਰੀਫਾਂ ਵਿੱਚੋਂ ਵੀ ਸੱਪ ਨਜ਼ਰ ਆਉਂਦੇ ਨੇ ਤੇ ਸਭਨਾਂ ਉਤੋਂ ਭਰੋਸਾ ਉਠ ਜਾਂਦਾ ਹੈ। ਲਿਖਤ ਨੂੰ ਸਮਾਪਿਤ ਕਰਨ ਲੱਗਿਆਂ ਇਹੋ ਆਖਾਂਗਾ ਕਿ ਸਕੂਲਾਂ ਵਿੱਚ ਨਹੀਂ ਪੜ੍ਹ ਸਕੇ ਕੋਈ ਗੱਲ ਨਹੀਂ, ਪਰ ਜੋ ਜ਼ਿੰਦਗੀ ਵਾਲਾ ਸਕੂਲ ਪੜ੍ਹਾਉਂਦਾ ਹੈ, ਪੜ੍ਹ ਲਿਆ ਕਰੋ; ਕਿਉਂਕਿ ਇਹ ਪੜ੍ਹਾਈ ਹੀ ਇਨਸਾਨ ਨੂੰ ਸਫਲ ਬਣਾਉਂਦੀ ਹੈ। ਖਾਧਾ ਹੋਇਆ ਇੱਕ ਧੋਖਾ ਤੁਹਾਨੂੰ ਕਈ ਧੋਖਿਆਂ ਤੋਂ ਬਚਾਉਂਦਾ ਹੈ।
ਆਪਣੇ ਬੱਚਿਆਂ ਨਾਲ ਵੀ ਜ਼ਿੰਦਗੀ ਵਾਲੇ ਸਕੂਲ ਦੀਆਂ ਬਾਤਾਂ ਪਾਇਆ ਕਰੋ ਤਾਂ ਜੋ ਉਹ ਅਨੇਕ ਤਰ੍ਹਾਂ ਦੇ ਧੋਖਿਆਂ ਤੋਂ ਬਚ ਸਕਣ; ਕਿਉਂਕਿ ਉਹ ਵੀ ਜਿੰਨਿਆਂ ਮਰਜ਼ੀ ਸਕੂਲਾਂ ਵਿੱਚ ਪੜ੍ਹ ਲੈਣ, ਪਰ ਆਖਰ ਅਸਲ ਕਲਾਸਾਂ ਤਾਂ ਜ਼ਿੰਦਗੀ ਵਾਲੇ ਸਕੂਲ ਵਿੱਚ ਹੀ ਲੱਗਣੀਆਂ ਨੇ। ਨਹੀਂ ਤਾਂ ਜਾਣਕਾਰੀਆਂ ਨੂੰ ਕੋਈ ਨਹੀਂ ਪੁੱਛਦਾ ਕਿ ਬਾਬਰ ਨੇ ਪਹਿਲਾ ਹਮਲਾ ਕਦੋਂ ਕੀਤਾ ਸੀ! ਜੀਵਨ ਜਾਚ ਤਾਂ ਜ਼ਿੰਦਗੀ ਵਾਲ ਸਕੂਲ ਹੀ ਸਿਰਜਦਾ ਹੈ।
ਮਰ ਕੇ ਜੀਣਾ ਤੇ ਜੀਅ ਕੇ ਮਰਨਾ, ਸਿਖਾਉਂਦੀ ਹੈ ਜ਼ਿੰਦਗੀ।
ਤਰ ਕੇ ਡੁੱਬਣਾ ਤੇ ਡੁੱਬ ਕੇ ਤਰਨਾ ਸਿਖਾਉਂਦੀ ਹੈ ਜ਼ਿੰਦਗੀ।
ਹਰ ਕੇ ਜਿੱਤਣਾ ਤੇ ਜਿੱਤ ਕੇ ਹਰਨਾ, ਸਿਖਾਉਂਦੀ ਹੈ ਜ਼ਿੰਦਗੀ।
ਸੁੱਖ ਨੂੰ ਲੱਭਣਾ ਤੇ ਦੁੱਖ ਨੂੰ ਜਰਨਾ, ਸਿਖਾਉਂਦੀ ਹੈ ਜ਼ਿੰਦਗੀ।
ਕਿੱਦਾਂ ਪੱਗ ਬਣਾਉਣਾ ਪਰਨਾ, ਸਿਖਾਉਂਦੀ ਹੈ ਜ਼ਿੰਦਗੀ।
‘ਨਿੰਮਿਆ’ ਕਿਵੇਂ `ਕੱਲੇ ਦਾ ਸਰਨਾ, ਸਿਖਾਉਂਦੀ ਹੈ ਜ਼ਿੰਦਗੀ।

Leave a Reply

Your email address will not be published. Required fields are marked *