ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸ਼ਹਿਜ਼ਾਦੀ ਬੰਬਾ, ‘ਉਮੀਦ ਦੇ ਸ਼ਾਇਰ’ ਫ਼ੈਜ਼ ਅਹਿਮਦ ਫ਼ੈਜ਼ ਅਤੇ ਅਕਬਰ ਦੇ ਦਰਬਾਰ ਨੂੰ ਭਾਜੜਾਂ ਪਾਉਣ ਵਾਲੇ ਨਾਬਰ ਯੋਧੇ ਦੁੱਲਾ ਭੱਟੀ ਦੀ ਕਬਰ ਉੱਪਰ ਵੀ ਅਕੀਦਤ ਦੇ ਫੁੱਲ ਭੇਟ ਕਰਦਿਆਂ…
ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਦਸਵੀਂ ਕਿਸ਼ਤ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸ਼ਹਿਜ਼ਾਦੀ ਬੰਬਾ, ‘ਉਮੀਦ ਦੇ ਸ਼ਾਇਰ’ ਫ਼ੈਜ਼ ਅਹਿਮਦ ਫ਼ੈਜ਼ ਅਤੇ ਅਕਬਰ ਦੇ ਦਰਬਾਰ ਨੂੰ ਭਾਜੜਾਂ ਪਾਉਣ ਵਾਲੇ ਨਾਬਰ ਯੋਧੇ ਦੁੱਲਾ ਭੱਟੀ ਦੀ ਕਬਰ ਉੱਪਰ ਅਕੀਦਤ ਦੇ ਫੁੱਲ ਭੇਟ ਕਰਨ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਇਤਿਹਾਸਕ ਡੀ.ਏ.ਵੀ. ਕਾਲਜ ਤੇ ਮਕਸੂਦ ਸਾਕਿਬ ਦੇ ਦਫ਼ਤਰ ਦੀ ਫੇਰੀ ਦਾ ਸੰਖੇਪ ਵੇਰਵਾ ਦਰਜ ਹੈ…
ਰਵਿੰਦਰ ਸਹਿਰਾਅ
ਫੋਨ: 219-900-1115
27 ਫਰਵਰੀ ਦਾ ਦਿਨ ਫੇਰ ਲਾਹੌਰ ਵਿੱਚ ਹੀ ਗੁਜ਼ਰਿਆ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸ਼ਹਿਜ਼ਾਦੀ ਬੰਬਾ ਦੀ ਸਮਾਧ ’ਤੇ ਗਏ, ਜੋ ਸਾਡੇ ਹੋਟਲ ਤੋਂ ਭਾਵੇਂ ਤੁਰ ਕੇ ਜਾਣ ਦਾ ਵਕਫ਼ਾ ਹੀ ਸੀ ਪਰ ਅਸੀਂ ਡਰਾਈਵਰ ਨੂੰ ਮੰਗਵਾ ਰੱਖਿਆ ਸੀ। ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਸ਼ਹਿਜ਼ਾਦੀ ਬੰਬਾ ਦਾ ਜੀਵਨ ਵੀ ਦੁੱਖਾਂ ਭਰਿਆ ਸੀ। ਉਸਦਾ ਜਨਮ 29 ਸਤੰਬਰ 1869 ਨੂੰ ਲੰਡਨ ਵਿੱਚ ਹੋਇਆ ਸੀ। ਉਸਦਾ ਪੂਰਾ ਨਾਮ ‘ਬੰਬਾ ਸੋਫ਼ੀਆ ਜ਼ਿੰਦਾਂ ਦਲੀਪ ਸਿੰਘ’ ਰੱਖਿਆ ਦੱਸਿਆ ਜਾਂਦਾ ਹੈ। ਉਹ ਬਹੁਤ ਖ਼ੂਬਸੂਰਤ ਸੀ। ਆਪਣੇ ਬਾਪ ਦੀ ਤਰ੍ਹਾਂ ਉਹਦੇ ਦਿਲ ’ਚ ਵੀ ਆਪਣੇ ਪੁਰਖਿਆਂ ਦੇ ਖੁੱਸੇ ਰਾਜ ਪ੍ਰਤੀ ਬਹੁਤ ਤੇਹ ਸੀ। ਉਸਨੇ ਪੰਜਾਬ ਆ ਕੇ ਵਸਣ ਦਾ ਫ਼ੈਸਲਾ ਕਰ ਲਿਆ। 1915 ਵਿੱਚ ਉਹਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਮਿਸਟਰ ਡੇਵਿਡ ਨਾਲ਼ ਵਿਆਹ ਵੀ ਕਰਵਾਇਆ ਦੱਸਿਆ ਜਾਂਦਾ ਹੈ। ਉਹ ਸ਼ਾਹੀ ਕਿਲ੍ਹੇ ਨੂੰ ਦੇਖਦੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਰਬਾਰੇ-ਆਮ ਲਗਾਇਆ ਕਰਦੇ ਸਨ ਤਾਂ ਉਹਦੇ ਕਾਲਜੇ ਵਿੱਚੋਂ ਇੱਕ ਲੰਮੀ ਹੂਕ ਨਿਕਲਦੀ। ਪੰਜਾਬ ਨੂੰ ਆਜ਼ਾਦ ਦੇਖਣ ਦੀ ਤਾਂਘ ਦਿਲ ਵਿੱਚ ਲੈ ਕੇ ਉਹ ਲਾਹੌਰ ਵਿੱਚ 10 ਮਾਰਚ 1957 ਨੂੰ ਆਪਣਾ ਸਰੀਰ ਤਿਆਗ ਦਿੱਤਾ। ਇਹ ਕਬਰਸਤਾਨ ਹੁਣ ‘ਗੋਰਿਆਂ ਦਾ ਕਬਰਸਤਾਨ’ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।
ਅੱਗੇ ਅਸੀਂ ਫ਼ੈਜ਼ ਅਹਿਮਦ ਫ਼ੈਜ਼ ਦੀ ਸਮਾਧ ਨੂੰ ਦੇਖਣਾ ਸੀ, ਜੋ ਕਿ ਲਾਹੌਰ ਦੇ ਮਾਡਲ ਟਾਊਨ ਏਰੀਏ ਵਿੱਚ ਪੈਂਦੀ ਹੈ। ਸਾਡਾ ਡਰਾਈਵਰ ਰਾਹ ਵਿੱਚ ਰੁਕ-ਰੁਕ ਕੇ ਕਬਰਸਤਾਨ ਦਾ ਟਿਕਾਣਾ ਪੁੱਛ ਰਿਹਾ ਸੀ। ਆਖ਼ਰ ਅਸੀਂ ਉਹ ਟਿਕਾਣਾ ਲੱਭ ਹੀ ਲਿਆ। ਗੇਟ ’ਤੇ ਬੈਠੇ ਕਬਰਸਤਾਨ ਦੇ ਰਖਵਾਲੇ ਨੂੰ ਅਸੀਂ ਪੁੱਛਿਆ ਕਿ ਫ਼ੈਜ਼ ਸਾਹਿਬ ਦੀ ਕਬਰ ਕਿੱਥੇ ਹੈ ਤਾਂ ਉਹ ਸਾਨੂੰ ਇੱਕ ਕੋਨੇ ਵਿੱਚ ਬਣੀਆਂ ਦੋ ਸਮਾਧਾਂ ਕੋਲ ਲੈ ਗਿਆ, ਜੋ ਫ਼ੈਜ਼ ਸਾਹਿਬ ਅਤੇ ਉਨ੍ਹਾਂ ਦੀ ਬੇਗ਼ਮ ਐਲਿਸ ਫੈਜ਼ ਦੀਆਂ ਸਨ। ਫ਼ੈਜ਼ ਸਾਹਿਬ ਏਸ਼ੀਆ ਦੇ ਪ੍ਰਸਿੱਧ ਸ਼ਾਇਰ ਸਨ। ਉਨ੍ਹਾਂ ਨੂੰ ਲੰਮਾ ਸਮਾਂ ਆਪਣੀ ਸ਼ਾਇਰੀ ਕਾਰਨ ਜੇਲ੍ਹ ’ਚ ਵੀ ਰਹਿਣਾ ਪਿਆ। ਉਨ੍ਹਾਂ ਦਾ ਜਨਮ 13 ਫਰਵਰੀ 1911 ਨੂੰ ਹੋਇਆ ਅਤੇ 20 ਨਵੰਬਰ 1984 ਨੂੰ ਉਨ੍ਹਾਂ ਦੁਨੀਆਂ ਤੋਂ ਰੁਖ਼ਸਤ ਲਈ। ਉਨ੍ਹਾਂ ਦੀ ਸਾਰੀ ਸ਼ਾਇਰੀ ਹਕੂਮਤਾਂ ਨੂੰ ਵੰਗਾਰਦੀ ਸੀ। ਮੁਹੱਬਤ ਦੀਆਂ ਗ਼ਜ਼ਲਾਂ ਵੀ ਕਮਾਲ ਦੀਆਂ ਲਿਖੀਆਂ। ਉਨ੍ਹਾਂ ਦੀ ਗ਼ਜ਼ਲ ‘ਗੁਲੋਂ ਮੇਂ ਰੰਗ ਭਰੇ ਵਾਦੇ ਨੌ ਬਹਾਰ ਚਲੇ’ ਮਹਿੰਦੀ ਹਸਨ ਨੇ ਬਾਕਮਾਲ ਗਾਈ ਤੇ ਹੁਣ ਤੱਕ ਬੜੀ ਚਰਚਾ ਵਿੱਚ ਹੈ। ਉਹ ਅਮਨ ਲਹਿਰ ਦੇ ਮੋਢੀ ਮੈਂਬਰ ਸਨ। ਉਨ੍ਹਾਂ ਨੇ ਅੰਗਰੇਜ਼ੀ ਤੇ ਅਰਬੀ ਦੀ ਐਮ.ਏ. ਵੀ ਕੀਤੀ ਅਤੇ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵੀ ਰਹੇ। ਉਨ੍ਹਾਂ ਨੂੰ ਉਮੀਦ ਦਾ ਸ਼ਾਇਰ (ਫੋੲਟ ੋਾ ਹੋਪੲ) ਵੀ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਵੀ ਉਨ੍ਹਾਂ ਦਾ ਕਲਾਮ ਮਿਲਦਾ ਹੈ, ਪਰ ਉਹ ਜ਼ਿਆਦਾ ਮਾਤਰਾ ਵਿੱਚ ਨਹੀਂ ਹੈ। ਉਨ੍ਹਾਂ ਪਾਕਿਸਤਾਨ ਟਾਈਮਜ਼ ਦੀ ਸੰਪਾਦਨਾ ਵੀ ਕੀਤੀ। 9 ਮਾਰਚ 1951 ਨੂੰ ਉਨ੍ਹਾਂ ਨੂੰ ਦੇਸ਼ ਧ੍ਰੋਹੀ ਦੇ ਮੁਕੱਦਮੇ ਥੱਲੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ। ਉਨ੍ਹਾਂ ਦਾ ਕਾਵਿ ਸੰਗ੍ਰਹਿ ‘ਦਸਤੇ ਸਬਾ’ ਅਤੇ ‘ਜ਼ਿੰਦਾ ਨਾਮਾ’ ਜੇਲ੍ਹ ਦੀਆਂ ਕਵਿਤਾਵਾਂ ਹੀ ਹਨ। ਉਨ੍ਹਾਂ ਦੀਆਂ ਕਵਿਤਾਵਾਂ ਨੂੰ ਦੁਨੀਆਂ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ। 1978 ਤੋਂ 1982 ਤੱਕ ਉਹ ਦੇਸ਼ ਨਿਕਾਲੇ ’ਤੇ ਰਹੇ। ਉਨ੍ਹਾਂ ਦੀ ਮਸ਼ਹੂਰ ਨਜ਼ਮ ‘ਹਮ ਦੇਖੇਂਗੇ’ ਭਾਰਤ ’ਚ ਚਲੇ ਅੰਦੋਲਨਾਂ ਵਿੱਚ ਗੂੰਜਦੀ ਰਹੀ, ਜਿਸਨੂੰ ਮੋਦੀ ਸਰਕਾਰ ਨੇ ਹਿੰਦੂਆਂ ਦੇ ਖ਼ਿਲਾਫ਼ ਲਿਖੀ ਗਰਦਾਨਿਆ।
ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ
ਵੋ ਦਿਨ ਕਿ ਜਿਸਕਾ ਵਾਦਾ ਹੈ।
ਮਸਨਦ ਪੇ ਬਿਠਾਏ ਜਾਏਂਗੇ
ਜਬ ਤਾਜ ਉਛਾਲੇ ਜਾਏਂਗੇ
ਜਬ ਤਖ਼ਤ ਗਿਰਾਏ ਜਾਏਂਗੇ
ਹਮ ਮਹਿਕੂਮੋਂ ਕੇ ਪਾਵ ਤਲੇ
ਜਬ ਧਰਤੀ ਧੜ ਧੜ ਧੜਕੇਗੀ
ਜਬ ਬਿਜਲੀ ਕੜ ਕੜ ਕੜਕੇਗੀ…।
ਉਨ੍ਹਾਂ ਦਾ ਪੰਜਾਬੀ ਗੀਤ ਅੱਜ ਵੀ ਓਨਾ ਹੀ ਚਰਚਾ ਵਿੱਚ ਹੈ:
ਕਿੱਧਰੇ ਨਾ ਪੈਂਦੀਆਂ ਦੱਸਾਂ, ਵੇ ਪਰਦੇਸੀਆ ਤੇਰੀਆਂ
ਕਾਗ ਉਡਾਵਾਂ ਸ਼ਗਨ ਮਨਾਵਾਂ
ਵਗਦੀ ਵਾਅ ਦੇ ਤਰਲੇ ਪਾਵਾਂ
ਤੇਰੀ ਯਾਦ ਪਵੇ ਤੇ ਰੋਵਾਂ, ਤੇਰਾ ਜ਼ਿਕਰ ਕਰਾਂ ਤੇ ਹੱਸਾਂ,
ਵੇ ਪਰਦੇਸੀਆ ਤੇਰੀਆਂ, ਕਿੱਧਰੇ ਨਾ ਪੈਂਦੀਆਂ ਦੱਸਾਂ।
ਜ਼ੁਬੈਰ ਅਹਿਮਦ ਅਨੁਸਾਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਮਾਂ-ਬੋਲੀ ਕਿਹੜੀ ਹੈ ਤਾਂ ਉਨ੍ਹਾਂ ਕਿਹਾ, ‘ਪੰਜਾਬੀ’। ਪਰ ਉਦੋਂ ਉਨ੍ਹਾਂ ਦੀ ਪੰਜਾਬੀ ਵਿੱਚ ਕੋਈ ਲਿਖਤ ਨਹੀਂ ਸੀ, ਫੇਰ ਉਨ੍ਹਾਂ ਪੰਜਾਬੀ ਵਿੱਚ ਵੀ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਦੀ ਪੰਜਾਬੀ ਨਜ਼ਮ ‘ਅੱਜ ਦੌਲਤਾਂ ਸਾਡੇ ਘਰ ਆਈਆਂ’ ਵੀ ਮਸ਼ਹੂਰ ਹੋਈ।
ਲੰਮੀ ਰਾਤ ਸੀ ਦਰਦ ਫ਼ਿਰਾਕ ਵਾਲੀ
ਤੇਰੇ ਕੌਲ ਤੇ ਅਸਾਂ ਵਿਸਾਹ ਕਰਕੇ
ਕੌੜਾ ਘੁੱਟ ਕੀਤਾ ਮਿੱਠੜੇ ਯਾਰ ਮੇਰੇ
ਮਿੱਠੜੇ ਯਾਰ ਮੇਰੇ ਜਾਨੀ ਯਾਰ ਮੇਰੇ
ਝਾਂਜਰਾਂ ਵਾਂਗ ਜ਼ੰਜੀਰਾਂ ਛਣਕਾਈਆਂ ਨੇ
ਕਦੀ ਪੈਰੀਂ ਬੇੜੀਆਂ ਚਾਈਆਂ ਨੇ
ਕਦੀ ਕੰਨੀਂ ਮੁੰਦਰਾਂ ਪਾਈਆਂ ਨੇ।
ਸਾਨੂੰ ਦੱਸਿਆ ਗਿਆ ਸੀ ਕਿ ਅੱਜ ਕੱਲ੍ਹ ਉਨ੍ਹਾਂ ਦੀ ਬੇਟੀ ਸਲੀਮਾ ਹਾਸ਼ਮੀ ਉਨ੍ਹਾਂ ਦੇ ਘਰ ਰਹਿੰਦੀ ਹੈ, ਜੋ ਮਾਡਲ ਟਾਊਨ ਵਿੱਚ ਹੀ ਸੀ। ਸਾਡੀ ਗ਼ਲਤੀ ਇਹ ਹੋਈ ਕਿ ਅਸੀਂ ਉਨ੍ਹਾਂ ਨੂੰ ਆਪਣੇ ਆਉਣ ਦੀ ਇਤਲਾਹ ਪਹਿਲਾਂ ਨਾ ਦੇ ਸਕੇ। ਘਰ ਗਏ ਤਾਂ ਪਤਾ ਲੱਗਾ ਕਿ ਉਹ ਕੁਝ ਸਮੇਂ ਲਈ ਡੁਬਈ ਗਏ ਹੋਏ ਹਨ। ਅਸੀਂ ਘਰ ਮੂਹਰੇ ਹੀ ਤਸਵੀਰਾਂ ਲੈ ਕੇ ਫਿਰ ਕਦੇ ਆਉਣ ਦਾ ਆਖ ਚਲੇ ਗਏ।
ਕਬਰਸਤਾਨ ਦੇ ਪ੍ਰਬੰਧਕ ਨੇ ਸਾਨੂੰ ਦੱਸਿਆ ਕਿ ਇਸੇ ਥਾਂ ਹੋਰ ਲੇਖਕਾਂ ਦੀਆਂ ਵੀ ਕਬਰਾਂ ਹਨ। ਉਸਨੇ ਸਾਨੂੰ ਸੈਫੂ ਦੀਨ ਸੈਫ਼, ਇਸ਼ਫ਼ਾਕ ਮੁਹੰਮਦ ਦੀਆਂ ਕਬਰਾਂ ਵੀ ਦਿਖਾਈਆਂ, ਜਿਨ੍ਹਾਂ ਦੀ ਹਾਲਤ ਮਾੜੀ ਸੀ ਤੇ ਕਬਰਾਂ ਉੱਪਰ ਘਾਹ ਨੇ ਝੁਰਮੁਟ ਪਾਇਆ ਹੋਇਆ ਸੀ। ਭਾਵੇਂ ਕਿ ਉੱਥੋਂ ਦੇ ਕਰਿੰਦੇ ਸਾਂਭ-ਸੰਭਾਲ ਦਾ ਪੂਰਾ ਖ਼ਿਆਲ ਰੱਖਦੇ ਹਨ। ਅਸੀਂ ਉਸ ਕਾਮੇ ਦਾ ਸ਼ੁਕਰਾਨਾ ਕੀਤਾ ਤੇ ਕੁਝ ਰਕਮ ਵੀ ਧੰਨਵਾਦ ਵਜੋਂ ਦਿੱਤੀ।
ਉਧਰ ਪ੍ਰੋ. (ਡਾ.) ਕਲਿਆਣ ਸਿੰਘ ਕਲਿਆਣ ਸਾਨੂੰ ਗੌਰਮਿੰਟ ਕਾਲਜ ਯੂਨੀਵਰਸਿਟੀ ਵਿੱਚ ਉਡੀਕ ਰਹੇ ਸਨ। ਤਾਹਿਰ ਨਾਲ਼ ਉਹ ਲਗਾਤਾਰ ਸੰਪਰਕ ਵਿੱਚ ਸਨ। ਅਸੀਂ ਗਏ ਤਾਂ ਸਾਨੂੰ ਵਾਈਸ ਚਾਂਸਲਰ ਜਨਾਬ ਅਹਿਮਦ ਅਲੀ ਨਾਲ਼ ਮਿਲਵਾਇਆ। ਕੁਝ ਤਸਵੀਰਾਂ ਵੀ ਲਈਆਂ ਗਈਆਂ। ਪ੍ਰੋ. ਕਲਿਆਣ ਸਿੰਘ ਨੇ ਘਰ ਆਉਣ ਦੀ ਦਾਅਵਤ ਵੀ ਦਿੱਤੀ ਜੋ ਅਸੀਂ ਠੁਕਰਾ ਨਾ ਸਕੇ ਤੇ ਕੁਝ ਸਮਾਂ ਉਨ੍ਹਾਂ ਦੇ ਖ਼ੂਬਸੂਰਤ ਘਰ ਵਿੱਚ ਬਿਤਾਇਆ। ਕਿਤਾਬਾਂ ਦਾ ਲੈਣ-ਦੇਣ ਵੀ ਹੋਇਆ। ਉਨ੍ਹਾਂ ਦੀ ਬੇਗ਼ਮ ਨੇ ਸਾਡੇ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਉੱਥੇ ਹੀ ਪਤਾ ਲੱਗਾ ਕਿ ਉਸਦੀ ਛੋਟੀ ਭੈਣ ਸਤਵੰਤ ਕੌਰ, ਜੋ ਕਾਲਜ ਵਿੱਚ ਲੈਕਚਰਾਰ ਹੈ, ਨੂੰ ਪਾਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕੱਤਰ ਬਣਾ ਦਿੱਤਾ ਗਿਆ ਹੈ। ਤਾਹਿਰ ਸੰਧੂ ਨੇ ਅਤੇ ਅਸੀਂ ਉਸ ਨੂੰ ਵਧਾਈ ਦਿੱਤੀ ਤੇ ਅਗਲੇ ਪੜਾਅ ਲਈ ਰੁਖ਼ਸਤ ਹੋਏ।
ਤਾਹਿਰ ਨੇ ਪਰਬੀਨ ਆਪਾ ਨੂੰ ਫ਼ੋਨ ਕੀਤਾ, ਜੋ ਪੰਜਾਬੀ ਅਦਬੀ ਬੋਰਡ ਦੇ ਸਕੱਤਰ ਸਨ। ਉਨ੍ਹਾਂ ਕਿਹਾ ਕਿ ਮੈਂ ਦਫ਼ਤਰ ਵਿੱਚ ਹੀ ਆਂ, ਤੁਸੀਂ ਆ ਜਾਉ। ਉੱਥੇ ਹੀ ਮੁਸ਼ਤਾਕ ਸੂਫ਼ੀ ਜੀ ਨਾਲ਼ ਵੀ ਮੁਲਾਕਾਤ ਹੋ ਗਈ। ਚਾਹ ਨਾਲ਼ ਗੱਲਾਂ-ਬਾਤਾਂ ਤੇ ਫ਼ੋਟੋਆਂ ਦਾ ਦੌਰ ਵੀ ਚੱਲਿਆ। ਪਰਬੀਨ ਆਪਾ ਬਹੁਤ ਹੀ ਸਲੀਕੇ ਵਾਲੀ ਤੇ ਮਿੱਠ ਬੋਲੜੀ ਖ਼ਾਤੂਨ ਹੈ। ਫਿਰ ਉਸ ਤੋਂ ਬਾਅਦ ਅਸੀਂ ਸੂਫ਼ੀ ਜੀ ਦੇ ਘਰ ਵੀ ਗਏ। ਉਨ੍ਹਾਂ ਸਾਡੀ ਬੜੀ ਆਓ-ਭਗਤ ਕੀਤੀ ਅਤੇ ਸਾਡਾ ਸਨਮਾਨ ਵੀ ਕੀਤਾ। ਅਸੀਂ ਉਨ੍ਹਾਂ ਦਾ ਸ਼ੁਕਰੀਆ ਕਰ ਕੇ ਵਿਦਾ ਲਈ।
ਤਾਹਿਰ ਅੱਜ ਦੇ ਦਿਨ ਦਾ ਪੂਰਾ ਲਾਹ ਲੈਣਾ ਚਾਹੁੰਦਾ ਸੀ ਤੇ ਉਸਨੇ ਆਪਣੇ ਉਸਤਾਦ ਜਮੀਲ ਪਾਲ ਜੀ ਨੂੰ ਕਿਹਾ ਕਿ ਉਹ ਤੁਹਾਨੂੰ ਮਿਲਣ ਲਈ ਆ ਰਹੇ ਹਨ। ਘਰ ਗਏ ਤਾਂ ਤਾਹਿਰ ਦਾ ਜਮਾਤੀ ਤੇ ਪਾਲ ਹੋਰਾਂ ਦਾ ਜਵਾਈ ਪ੍ਰੋ. (ਡਾ.) ਇਜਾਜ਼ ਵੀ ਘਰ ਹੀ ਸੀ। ਉੱਥੇ ਵੀ ਕਿਤਾਬਾਂ ਦਾ ਲੈਣ-ਦੇਣ ਹੋਇਆ। ਅਸੀਂ ਉਨ੍ਹਾਂ ਨੂੰ ‘ਹੁਣ’ ਦਾ ਅੱਠਤਾਲੀਵਾ ਅੰਕ ਵੀ ਦਿੱਤਾ, ਜਿਸਦੇ ਉਹ ਪੱਕੇ ਪਾਠਕ ਸਨ। ਇਹ ਮਿਲਣੀ ਵੀ ਬੜੀ ਸਾਰਥਿਕ ਰਹੀ।
ਅੱਜ ਹੀ ਅਸੀਂ ਨਾਬਰੀ ਦੇ ਵੱਡੇ ਯੋਧੇ ‘ਦੁੱਲਾ ਭੱਟੀ’ ਦੀ ਕਬਰ ਉੱਪਰ ਵੀ ਅਕੀਦਤ ਦੇ ਫੁੱਲ ਭੇਟ ਕੀਤੇ। ਦੁੱਲਾ ਭੱਟੀ ਦੀ ਕਬਰ ਮਿਆਣੀ ਸਾਹਿਬ ਕਬਰਸਤਾਨ ਵਿੱਚ ਹੈ, ਜੋ ਏਸ਼ੀਆ ਦਾ ਸਭ ਤੋਂ ਵੱਡਾ ਹੈ। ਇਹ ਕਬਰਸਤਾਨ ਕਿੰਨੇ ਹੀ ਏਕੜਾਂ ਵਿੱਚ ਫੈਲਿਆ ਹੋਇਆ ਹੈ। ਸਾਨੂੰ ਦੁੱਲੇ ਭੱਟੀ ਦੀ ਕਬਰ ਲੱਭਣ ਵਿੱਚ ਥੋੜ੍ਹੀ ਮੁਸ਼ਕਲ ਆਈ, ਪਰ ਉਥੇ ਰਹਿੰਦੇ ਪ੍ਰਬੰਧਕਾਂ ਨੇ ਸਾਡੀ ਕਾਫ਼ੀ ਮਦਦ ਕੀਤੀ। ਸਾਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਜਦੋਂ ਮੈਂ ਉੱਥੇ ਕੰਮ ਕਰਦੇ ਕਾਮਿਆਂ ਨੂੰ ਦੁੱਲਾ ਭੱਟੀ ਦੇ ਬਾਰੇ ਪੁੱਛਿਆ ਕਿ ਤੁਹਾਨੂੰ ਪਤਾ ਇਹ ਕੌਣ ਸੀ ਤਾਂ ਉਨ੍ਹਾਂ ਦਾ ਜਵਾਬ ਨਾਂਹ ਵਿੱਚ ਸੀ। ਉਹ ਯੋਧਾ ਜਿਹਨੇ ਅਕਬਰ ਦੇ ਦਰਬਾਰ ਨੂੰ ਭਾਜੜਾਂ ਪਾਈ ਰੱਖੀਆਂ, ਅੱਜ ਬੇਨਾਮੀ ਦੇ ਆਲਮ ਵਿੱਚ ਸੁੱਤਾ ਪਿਆ ਸੀ। ਅੱਜ ਦਾ ਦਿਨ ਬੜਾ ਹੀ ਰੁਝੇਵੇਂ ਭਰਿਆ ਤਾਂ ਸੀ, ਪਰ ਅਸੀਂ ਖ਼ੁਸ਼ ਵੀ ਬਹੁਤ ਸਾਂ ਕਿ ਏਨੀਆਂ ਇਤਿਹਾਸਕ ਥਾਵਾਂ ਦੇਖਣ ਦਾ ਮੌਕਾ ਮਿਲਿਆ।
ਇਤਿਹਾਸਕ ਡੀ.ਏ.ਵੀ. ਕਾਲਜ ਤੇ ਮਕਸੂਦ ਸਾਹਿਬ ਦੇ ਦਫ਼ਤਰ ਵਿੱਚ
28 ਫਰਵਰੀ 2024 ਦਾ ਦਿਨ ਅਸੀਂ ਪ੍ਰੋ. ਇਜਾਜ਼ ਨਾਲ਼ ਡੀ.ਏ.ਵੀ. ਕਾਲਜ ਦਾ ਚੱਕਰ ਲਾਉਣਾ ਸੀ। ਤਾਹਿਰ ਸੰਧੂ ਨੇ ਪਹਿਲਾਂ ਹੀ ਪ੍ਰੋ. ਇਜਾਜ਼ ਨੂੰ ਜੋ ਉੱਥੇ ਪ੍ਰੋਫ਼ੈਸਰ ਸਨ, ਨੂੰ ਸਾਡੀ ਫੇਰੀ ਬਾਰੇ ਦੱਸ ਰੱਖਿਆ ਸੀ। ਪ੍ਰੋ. ਇਜਾਜ਼ ਆਪਣੇ ਦੂਜੇ ਸਹਿਕਰਮੀਆਂ ਨਾਲ਼ ਸਾਡੀ ਉਡੀਕ ਕਰ ਰਿਹਾ ਸੀ। ਉਸ ਦੀਆਂ ਕਲਾਸਾਂ ਅੱਜ ਛੇਤੀ ਖ਼ਤਮ ਹੋ ਗਈਆਂ ਸਨ। ਇਸ ਕਾਲਜ ਦੀ ਇਮਾਰਤ ਇੱਕ ਮਹਾਂਦਾਨੀ ਰਾਏ ਬਹਾਦਰ ਗੰਗਾ ਰਾਮ ਨੇ 1886 ਵਿੱਚ 50,000 ਰੁਪਏ ਇਕੱਠੇ ਕਰਕੇ ਤਾਮੀਰ ਕਰਵਾਈ ਸੀ। 1947-48 ਵਿੱਚ ਭਾਰਤ-ਪਾਕਿ ਵੰਡ ਤੋਂ ਬਾਅਦ ਇਸ ਦਾ ਨਾਂ ਗੌਰਮਿੰਟ ਇਸਲਾਮੀਆ ਕਾਲਜ ਰੱਖ ਦਿੱਤਾ ਗਿਆ ਸੀ। ਪੁਰਾਣਾ ਕਾਲਜ ਅੰਬਾਲੇ ਬਦਲ ਦਿੱਤਾ ਗਿਆ ਸੀ।
ਸਾਡੇ ਲਈ ਇਸ ਇਤਿਹਾਸਕ ਕਾਲਜ ਦੀ ਖਿੱਚ ਹੋਰ ਕਾਰਨ ਕਰਕੇ ਸੀ। ਇਹ ਕਾਲਜ ਸਿਵਲ ਲਾਈਨਜ਼ ਦੇ ਬਿਲਕੁਲ ਸਾਹਮਣੇ ਹੈ। ਇਸ ਕਾਲਜ ਦੇ ਮੁੱਖ ਗੇਟ ਕੋਲ ਸ਼ਰੀਂਹ ਦਾ ਉਹ ਰੁੱਖ ਅਜੇ ਵੀ ਖੜ੍ਹਾ ਹੈ, ਜਿੱਥੇ ਖਲੋ ਕੇ ਭਗਤ ਸਿੰਘ ਹੋਰੀਂ ਸਾਹਮਣੇ ਸਿਵਲ ਲਾਈਨਜ਼ ’ਚੋਂ ਨਿਕਲਦੇ ਸਾਂਡਰਸ ਉੱਪਰ ਗੋਲੀਆਂ ਚਲਾ ਕੇ ਉਹਦਾ ਖ਼ਾਤਮਾ ਕੀਤਾ ਸੀ। ਫਿਰ ਉਹ ਕਾਲਜ ਦੇ ਵਿੱਚੋਂ ਹੁੰਦੇ ਹੋਏ ਪਿੱਛੇ ਬਣੇ ਹੋਸਟਲ ਵਿੱਚ ਜਾ ਛੁਪੇ ਸਨ ਤੇ ਫਿਰ ਸਟੂਡੈਂਟ ਯੂਨੀਅਨ ਦੇ ਸਾਥੀਆਂ ਕੋਲੋਂ ਸਾਈਕਲ ਲੈ ਕੇ ਹੋਸਟਲ ਦੀ ਕੰਧ ਟੱਪ ਕੇ ਫ਼ਰਾਰ ਹੋ ਗਏ ਸਨ। ਭਗਤ ਸਿੰਘ ਹੋਰੀਂ ਕਿਉਂਕਿ ਸਕੂਲ ਵੇਲੇ ਇੱਥੇ ਪੜ੍ਹਦੇ ਵੀ ਰਹੇ ਸਨ, ਇਸ ਕਰਕੇ ਇਸ ਥਾਂ ਤੋਂ ਭਲੀ-ਭਾਂਤ ਵਾਕਿਫ਼ ਸਨ। ਉਹ ਇੱਥੋਂ ਨਿਕਲਣ ਵਿੱਚ ਬਿਨਾ ਕਿਸੇ ਮੁਸੀਬਤ ਤੋਂ ਨਿਕਲ ਗਏ ਸਨ।
ਪ੍ਰੋ. ਇਜਾਜ਼ ਨਾਲ਼ ਫ਼ਾਰਸੀ ਦੇ ਪ੍ਰੋ. ਯਾਸੀਨ ਵੀ ਸਾਡੇ ਨਾਲ਼ ਨਾਲ਼ ਰਹੇ। ਉਨ੍ਹਾਂ ਸਾਨੂੰ ਉਹ ਪੁਰਾਣਾ ਹੋਸਟਲ ਵੀ ਦਿਖਾਇਆ ਤੇ ਉਹ ਕਮਰੇ ਵੀ ਜਿੱਥੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਆਉਂਦੇ ਰਹਿੰਦੇ ਸਨ। ਉਨ੍ਹਾਂ ਕਮਰਿਆਂ ਦੀ ਹਾਲਤ ਹੁਣ ਬਹੁਤਾ ਖ਼ਸਤਾ ਹੋ ਚੁੱਕੀ ਸੀ ਤੇ ਉੱਥੇ ਨਾਲ਼ ਹੀ ਨਵਾਂ ਹੋਸਟਲ ਵੀ ਬਣਾ ਦਿੱਤਾ ਗਿਆ ਸੀ। ਉਨ੍ਹਾਂ ਹੋਸਟਲ ਦੇ ਵਾਰਡਨ ਨਾਲ਼ ਵੀ ਮਿਲਾਇਆ। ਉਸਨੇ ਵੀ ਪੁਰਾਣੇ ਇਤਿਹਾਸਕ ਹੋਸਟਲ ਬਾਰੇ ਕਾਫ਼ੀ ਗੱਲਾਂ ਕੀਤੀਆਂ। ਸਾਨੂੰ ਕਾਲਜ ਦੇ ਪ੍ਰਿੰਸੀਪਲ ਜਨਾਬ ਅਖ਼ਤਰ ਹੁਸੈਨ ਸੰਧੂ ਨਾਲ਼ ਵੀ ਮਿਲਾਇਆ ਗਿਆ। ਉਨ੍ਹਾਂ ਦੇ ਦਫ਼ਤਰ ਵਿੱਚ ਅਸੀਂ ਗੱਲਬਾਤ ਕਰ ਹੀ ਰਹੇ ਸੀ ਕਿ ਤਾਹਿਰ ਸੰਧੂ ਵੀ ਉੱਥੇ ਹੀ ਆ ਗਿਆ। ਪ੍ਰਿੰਸੀਪਲ ਸਾਹਿਬ ਦੀ ਨਮਾਜ਼ ਦਾ ਵਕਤ ਹੋ ਗਿਆ ਸੀ ਤੇ ਉਨ੍ਹਾਂ ਸਾਨੂੰ ਥੋੜ੍ਹੀ ਦੇਰ ਹੋਰ ਰੁਕਣ ਲਈ ਕਿਹਾ। ਅਸੀਂ ਚਾਹ ਦੀਆਂ ਚੁਸਕੀਆਂ ਨਾਲ਼ ਗੱਲੀਂ-ਬਾਤੀਂ ਰੁੱਝੇ ਰਹੇ। ਇਸੇ ਸਮੇਂ ਕੁਝ ਹੋਰ ਅਦੀਬ ਵੀ ਆਉਂਦੇ ਜਾਂਦੇ ਰਹੇ। ਪ੍ਰੋ. ਇਜਾਜ਼ ਨੇ ਨਮਾਜ਼ ਅਦਾ ਕਰਕੇ ਆਏ ਪ੍ਰਿੰਸੀਪਲ ਸਾਹਿਬ ਤੋਂ ਜਾਣ ਦੀ ਇਜਾਜ਼ਤ ਲਈ। ਸੰਧੂ ਹੋਰੀਂ ਸਾਨੂੰ ਕੁਝ ਕਿਤਾਬਾਂ ਵੀ ਦਿੱਤੀਆਂ। ਸ਼ਾਹਜੇਬ ਸਾਡੀਆਂ ਫ਼ੋਟੋਆਂ ਖਿੱਚਦਾ ਰਿਹਾ।
ਰਸਤੇ ਵਿੱਚ ਆਉਂਦੇ ਸਮੇਂ ਤਾਹਿਰ ਕਹਿੰਦਾ ਚਲੋ ਮਕਸੂਦ ਸਾਕਿਬ ਨੂੰ ਵੀ ਮਿਲ ਚੱਲੀਏ। ਇੱਕ ਤੰਗ ਗਲੀ ਦੇ ਚੁਬਾਰੇ ਨੁਮਾ ਇਮਾਰਤ ਵਿੱਚ ਉਨ੍ਹਾਂ ਦਾ ਪ੍ਰਕਾਸ਼ਨ ਹਾਊਸ ਹੈ। ਆਲ਼ੇ-ਦੁਆਲ਼ੇ ਕਿਤਾਬਾਂ ਹੀ ਕਿਤਾਬਾਂ। ਕੁਝ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਉਲਥਾਈਆਂ ਕਿਤਾਬਾਂ ਵੀ ਉਨ੍ਹਾਂ ਸਾਨੂੰ ਦਿਖਾਈਆਂ, ਜਿਨ੍ਹਾਂ ਵਿੱਚ ਡਾ. ਜਗਤਾਰ ਤੇ ਵਰਿਆਮ ਸੰਧੂ ਦੀਆਂ ਕਿਤਾਬਾਂ ਅਤੇ ਹੋਰ ਵੀ ਕਈ ਸਨ। ਬਾਬਾ ਨਜ਼ਮੀ ਵੀ ਉੱਥੇ ਹੀ ਆ ਗਏ। ਮੈਂ ਉਨ੍ਹਾਂ ਨੂੰ ਆਪਣੀ ਵਾਰਤਕ ਦੀ ਕਿਤਾਬ ‘ਸੁਰਖ਼ ਰਾਹਾਂ ਦੇ ਹਮਸਫ਼ਰ’ ਭੇਟ ਕੀਤੀ। ਮਕਸੂਦ ਸਾਕਿਬ ਇੱਕ ਦਰਵੇਸ਼ ਲਿਖਾਰੀ ਤੇ ਪ੍ਰਕਾਸ਼ਕ ਹਨ। ਨਫ਼ੇ, ਮੁਨਾਫ਼ੇ ਦੀ ਪ੍ਰਵਾਹ ਨਾ ਕਰਦਿਆਂ ਉਹ ਲਗਾਤਾਰ ਦੋਹਾਂ ਪੰਜਾਬਾਂ ਦੇ ਤਰੱਕੀ ਪਸੰਦ ਲੇਖਕਾਂ ਨੂੰ ਛਾਪ ਰਹੇ ਹਨ। ਅਜਿਹੇ ਦਰਵੇਸ਼ ਲੇਖਕ ਬੜੇ ਘੱਟ ਮਿਲਦੇ ਹਨ ਅੱਜਕੱਲ੍ਹ। ਉਨ੍ਹਾਂ ਕਿਹਾ ਕਿ ਮੇਰਾ ਸਹਾਇਕ ਕਾਮਾ ਬੜੀ ਸੁਆਦਲੀ ਚਾਹ ਬਣਾਉਂਦਾ ਹੈ, ਤੁਸੀਂ ਜ਼ਰੂਰ ਪੀ ਕੇ ਜਾਇਓ। ਚਾਹ ਵਾਕਈ ਬਹੁਤ ਸੁਆਦਲੀ ਸੀ। ਸ਼ਾਮ ਢਲ਼ ਰਹੀ ਸੀ ਤੇ ਅਸੀਂ ਇਜਾਜ਼ਤ ਲੈ ਕੇ ਆਪਣੇ ਹੋਟਲ ਲਈ ਚਾਲੇ ਪਾਏ।
