ਅਸ਼ਵਨੀ ਚਤਰਥ
ਫੋਨ:+91-6284220595
ਮੌਜੂਦਾ ਦੌਰ ਨੂੰ ਵਿਖਾਵੇਬਾਜ਼ੀ ਦਾ ਦੌਰ ਕਿਹਾ ਜਾ ਸਕਦਾ ਹੈ, ਜਿਸ ਵਿੱਚ ਹਰੇਕ ਆਦਮੀ ਦੂਜੇ ਤੋਂ ਆਪਣੇ ਆਪ ਨੂੰ ਵਧ-ਚੜ੍ਹ ਕੇ ਵਿਖਾਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗਾ ਰਹਿੰਦਾ ਹੈ। ਅੱਜ ਕੱਲ ਲੋਕ ਆਪਣੀ ਜ਼ਮੀਨ–ਜਾਇਦਾਦ ਅਤੇ ਰੁਤਬੇ ਦਾ ਵਿਖਾਵਾ ਕਰਨ ਲਈ ਮੋਟਾ ਪੈਸਾ ਖ਼ਰਚ ਕਰ ਦਿੰਦੇ ਹਨ। ਇਵੇਂ ਲੱਗਦਾ ਹੈ, ਜਿਵੇਂ ਅੱਜ ਦੇ ਆਦਮੀ ਦਾ ਕੰਮ ਹੀ ਦੂਜਿਆਂ ਦਾ ਧਿਆਨ ਆਪਣੇ ਵੱਲ ਖਿਚਣਾ ਰਹਿ ਗਿਆ ਹੋਵੇ।
ਅਕਸਰ ਵੇਖਦੇ ਹਾਂ ਕਿ ਸਮਾਜਿਕ ਇਕੱਤਰਤਾ ਭਾਵੇਂ ਕੋਈ ਧਾਰਮਿਕ, ਪਰਿਵਾਰਕ ਜਾਂ ਕੋਈ ਜਸ਼ਨਮਈ ਸਮਾਗਮ ਹੋਵੇ, ਲੋਕ ਆਪਣੇ ਮਹਿੰਗੇ ਤੋਂ ਮਹਿੰਗੇ ਕੱਪੜਿਆਂ ਅਤੇ ਨਵੇਂ ਤੋਂ ਨਵੇਂ ਵਾਹਨਾਂ ਦਾ ਵਿਖਾਵਾ ਕਰਨੋਂ ਪਿੱਛੇ ਨਹੀਂ ਹਟਦੇ। ਇਕੱਤਰਤਾ ਦੀ ਮੂਲ ਭਾਵਨਾ ਨੂੰ ਦਰਕਿਨਾਰ ਕਰਕੇ, ਲੋਕ ਇੱਕ ਦੂਸਰੇ ਦੀਆਂ ਫ਼ੋਟੋਆਂ ਖਿੱਚਦੇ ਹਨ ਅਤੇ ਵੰਨ–ਸੁਵੰਨੀਆਂ ਸੈਲਫ਼ੀਆਂ ਲੈਂਦੇ ਹਨ।
ਅਸਲ ਵਿੱਚ ਸੋਸ਼ਲ ਮੀਡੀਆ ਦੇ ਦੌਰ ਵਿੱਚ ਵੱਖ–ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਨੇ ਜਸ਼ਨਾਂ ਦੇ ਵਿਖਾਵਿਆਂ ਨੂੰ ਉਨ੍ਹਾਂ ਦੀ ਭਾਵਨਾਤਮਿਕ ਮਹਤੱਤਾ ਅਤੇ ਰਵਾਇਤੀ ਕਦਰਾਂ-ਕੀਮਤਾਂ ਤੋਂ ਵੀ ਜ਼ਿਆਦਾ ਜ਼ਰੂਰੀ ਬਣਾ ਦਿੱਤਾ ਹੈ। ਹੁਣ ਤਾਂ ਯੁੱਗਾਂ ਪੁਰਾਣੇ ਰੀਤੀ ਰਿਵਾਜਾਂ ਦੀ ਥਾਂ ਉੱਤੇ ਪ੍ਰੋਗਰਾਮ ਨੂੰ ਚਿੱਤਰਮਈ ਦਿੱਖ ਦੇਣ ਲਈ ਸਮੇਂ ਅਤੇ ਸਥਾਨ ਨੂੰ ਬਦਲ ਦਿੱਤਾ ਜਾਂਦਾ ਹੈ। ਕਿਸੇ ਵੀ ਪ੍ਰੋਗਰਾਮ ਨੂੰ ਲਿਸ਼ਕਣੀ ਸਜਾਵਟ, ਸ਼ਾਹੀ ਭੋਜਨ, ਬਰੈਨਡਡ ਕੱਪੜੇ ਅਤੇ ਮਹਿੰਗੇ ਤੋਹਫ਼ਿਆਂ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਇੱਕ ਅਦਿੱਖ ਮੁਕਾਬਲਾ ਜਿਹਾ ਬਣਾ ਦਿੱਤਾ ਗਿਆ ਹੈ, ਜਿਸ ਕਰਕੇ ਹਰ ਕੋਈ ਆਪਣੇ ਪ੍ਰੋਗਰਾਮ ਨੂੰ ਦੂਜਿਆਂ ਤੋਂ ਵਧੀਆ ਵਿਖਾਉਣਾ ਚਾਹੁੰਦਾ ਹੈ। ਇੱਥੋਂ ਤੱਕ ਕਿ ਭਾਵੇਂ ਕੋਈ ਇਕੱਤਰਤਾ ਸੋਗਮਈ ਕੰਮ ਸਬੰਧੀ ਹੋਵੇ, ਉਸ ਵਿੱਚ ਵੀ ਆਪਣੇ ਪਹਿਰਾਵੇ ਦੀ ਮਰਯਾਦਾ ਨੂੰ ਭੁੱਲ ਕੇ ਆਪਣੀਆਂ ਪੋਸ਼ਾਕਾਂ ਦੀ ਨੁਮਾਇਸ਼ ਕਰਨ ਲੱਗ ਜਾਂਦੇ ਹਨ।
ਲੋਕਾਂ ਦੇ ਇਸ ਵਰਤਾਰੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਅਤੇ ਨਾਂਹ–ਪੱਖੀ ਯੋਗਦਾਨ ਹੈ। ਹਰ ਕੋਈ ਆਦਮੀ ਆਪਣੀ ਆਨ–ਲਾਈਨ ਹੋਂਦ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਵਿੱਚ ਲੱਗਾ ਹੋਇਆ ਹੈ। ਪਹਿਲੇ ਸਮਿਆਂ ਵਿੱਚ ਲੋਕਾਂ ਵਿੱਚ ਸਾਦਗੀ ਹੋਇਆ ਕਰਦੀ ਸੀ। ਲੋਕ ਸਰਲਤਾ ਤੇ ਸਹਿਜਤਾ ਨਾਲ ਰਹਿੰਦੇ ਸਨ ਅਤੇ ਉਸ ਸਮੇਂ ਵਿੱਚ ਮੁਕਾਬਲੇਬਾਜ਼ੀ ਦਾ ਰੁਝਾਨ ਵੀ ਘੱਟ ਸੀ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਸ ਸਮੇਂ ਰੁਪਏ–ਪੈਸੇ ਦਾ ਪਸਾਰ ਘੱਟ ਹੀ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਸਮਾਜ ਵਿੱਚ ਜਿੰਨੀਆਂ ਵੀ ਸਮਾਜਿਕ ਇਕੱਤਰਤਾਵਾਂ ਹੁੰਦੀਆਂ ਹਨ, ਉਨ੍ਹਾਂ ਵਿੱਚੋਂ ਵਿਆਹ-ਸ਼ਾਦੀ ਦੇ ਪ੍ਰੋਗਰਾਮ ਨੂੰ ਮਨੁੱਖ ਲਈ ਨਵੇਂ ਰਿਸ਼ਤੇ ਕਾਇਮ ਕਰਨ ਦਾ ਅਤੇ ਲੋਕਾਂ ਦੀਆਂ ਭਾਵਨਾਵਾਂ ਦੇ ਪ੍ਰਗਟਾਵੇ ਦਾ ਇੱਕ ਅਹਿਮ ਮਾਧਿਅਮ ਮੰਨਿਆ ਗਿਆ ਹੈ। ਵਿਆਹ ਸ਼ਾਦੀ ਦਾ ਮੌਕਾ ਮਨੁੱਖ ਲਈ ਇੱਕ ਅਜਿਹਾ ਖੁਸ਼ੀ ਦਾ ਮੌਕਾ ਹੁੰਦਾ ਹੈ, ਜੋ ਉਸ ਨੂੰ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਨ ਦਾ ਸਬੱਬ ਪ੍ਰਦਾਨ ਕਰਦਾ ਹੈ। ਪਰ ਅਜੋਕੇ ਸਮੇਂ ’ਚ ਤਾਂ ਇਹ ਇੱਕ ਮਹਿਜ਼ ਫ਼ਜ਼ੂਲ ਖ਼ਰਚੀ ਦਾ ਅਤੇ ਝੂਠੇ ਵਿਖਾਵੇ ਦਾ ਸਬੱਬ ਬਣ ਕੇ ਰਹਿ ਗਿਆ ਹੈ। ਅਜੋਕੇ ਸਮੇਂ ਦੇ ਵਿਆਹਾਂ ਵਿੱਚ ਪ੍ਰੀ–ਵੈਡਿੰਗ, ਪੋਸਟ–ਵੈਡਿੰਗ, ਡਰੋਨ ਦੀ ਵਰਤੋਂ, ਫ਼ੋਟੋ–ਸ਼ੂਟ, ਡਾਂਸਰਾਂ ਦੀ ਸਟੇਜ ਪ੍ਰਦਰਸ਼ਨੀ, ਫ਼ੋਟੋਗ੍ਰਾਫ਼ੀ, ਵੀਡੀਓਗ੍ਰਾਫ਼ੀ, ਘੋੜੀ ਦੀ ਜਗ੍ਹਾ ਹਾਥੀ ਜਾਂ ਰੱਥ ਦਾ ਪ੍ਰਬੰਧ, ਖਾਣ ਪੀਣ ਦੀਆਂ ਵਸਤਾਂ ਦੀ ਅਥਾਹ ਵੰਨ–ਸੁਵੰਨਤਾ, ਪੈਲੇਸਾਂ ਵਿੱਚ ਪਰੋਸੇ ਜਾਂਦੇ ਭੋਜਨਾਂ ਦੀ ਵੱਧ ਤੋਂ ਵੱਧ ਬਰਬਾਦੀ, ਵਿਆਹ-ਸ਼ਾਦੀ ਆਦਿ ਪ੍ਰੋਗਰਾਮਾਂ ਦਾ ਲਾਈਵ ਟੈਲੀਕਾਸਟ ਅਤੇ ਅਜਿਹੇ ਅਨੇਕਾਂ ਹੋਰ ਕਾਰਜਕ੍ਰਮ ਹਨ, ਜੋ ਵਿਆਹਾਂ ਦੇ ਖ਼ਰਚਿਆਂ ਨੂੰ ਵਧਾਉਂਦੇ ਹਨ। ਇਸੇ ਤਰ੍ਹਾਂ ਦੂਸਰੇ ਸਮਾਜਿਕ ਕਾਰਜਕ੍ਰਮਾਂ- ਚਾਹੇ ਉਹ ਖ਼ੁਸ਼ੀ ਦੇ ਹੋਣ ਜਾਂ ਗਮੀ ਦੇ, ਵਿੱਚ ਵੀ ਵਿਖਾਵੇ ਦਾ ਬੋਲ–ਬਾਲਾ ਕਾਫ਼ੀ ਵਧ ਗਿਆ ਹੈ।
ਗੱਲ ਕਰੀਏ ਪੁਰਾਣਿਆਂ ਸਮਿਆਂ ਦੀ ਤਾਂ ਉਨ੍ਹਾਂ ਵਕਤਾਂ ਵਿੱਚ ਵਿਆਹ-ਸ਼ਾਦੀ ਦਾ ਸਮਾਂ ਦੋ ਪਰਿਵਾਰਾਂ ਦੇ ਮਿਲਣ ਅਤੇ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਹੋਇਆ ਕਰਦਾ ਸੀ, ਨਾ ਕਿ ਆਪਣੇ ਆਪ ਨੂੰ ਦੂਸਰੇ ਤੋਂ ਵੱਡਾ ਦਿਖਾਉਣ ਦਾ। ਉਨ੍ਹਾਂ ਸਮਿਆਂ ਵਿੱਚ ਇੱਕ ਸਧਾਰਨ ਜਿਹੇ ਪਰਿਵਾਰ ਦੇ ਵਿਆਹ ਸ਼ਾਦੀ ਦੀਆਂ ਛੋਟੀਆਂ-ਛੋਟੀਆਂ ਲੋੜਾਂ ਆਂਢ-ਗੁਆਂਢ ਤੋਂ ਹੀ ਪੂਰੀਆਂ ਕਰ ਲਈਆਂ ਜਾਂਦੀਆਂ ਸਨ, ਪਰ ਰੁਪਏ-ਪੈਸੇ ਦੇ ਪਸਾਰ ਅਤੇ ਸ਼ਹਿਰੀਕਰਨ ਸਦਕਾ ਸਮੇਂ ਦਾ ਪਹੀਆ ਅਜਿਹਾ ਅੱਗੇ ਵਧਿਆ, ਜਿਸ ਨਾਲ ਸਮਾਜ ਦੇ ਸਾਧਾਰਨ-ਵਰਗ ਦਾ ਇੱਕ ਹਿੱਸਾ ਹੇਠਲੇ ਮੱਧ-ਵਰਗ ਵਿੱਚ ਤਬਦੀਲ ਹੋ ਗਿਆ, ਜਿਸ ਨੂੰ ਰੁਪਏ-ਪੈਸੇ ਦੇ ਖੰਭ ਲੱਗ ਗਏ। ਵਿਆਹ ਸ਼ਾਦੀ ਜਾਂ ਹੋਰ ਸਮਾਜਿਕ ਕਾਰ-ਵਿਹਾਰ ਦੇ ਕੰਮ, ਜੋ ਪਹਿਲਾਂ ਸਰਾਵਾਂ ਅਤੇ ਧਾਰਮਿਕ ਸਥਾਨਾਂ ਵਰਗੇ ਸੇਵਾ ਦੇ ਕੇਂਦਰਾਂ ਵਿੱਚ ਸੰਪੂਰਨ ਕਰ ਲਏ ਜਾਂਦੇ ਸਨ, ਹੁਣ ਉਨ੍ਹਾਂ ਦੀ ਥਾਂ ਪੈਲੇਸਾਂ ਵਰਗੇ ਵਪਾਰਕ ਅਦਾਰਿਆਂ ਨੇ ਲੈ ਲਈ। ਲੋਕ ਇਨ੍ਹਾਂ ਵਿਆਹਾਂ ਅਤੇ ਸਮਾਜਿਕ ਕਾਰਜਕ੍ਰਮਾਂ ਵਿੱਚ ਅਥਾਹ ਧਨ ਖ਼ਰਚ ਕਰਦੇ ਹਨ ਅਤੇ ਭਰਪੂਰ ਵਿਖਾਵਾ ਕਰਦੇ ਹਨ। ਅੱਜ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਅੰਦਰ ਐੱਮ.ਬੀ.ਏ. ਦੀ ਡਿਗਰੀ ਵਿੱਚ ਪੜ੍ਹਾਏ ਜਾਂਦੇ ਵਿਸ਼ੇ ਜਿਵੇਂ ਸਹਿਯੋਗ, ਮਿਲਵਰਤਨ ਤੇ ਕੰਮ ਦੀ ਵੰਡ ਬਿਨਾਂ ਸ਼ੱਕ ਪੰਜਾਬ ਦੇ ਪਿੰਡਾਂ ਦੀ ਹੀ ਦੇਣ ਹਨ, ਜਿੱਥੇ ਲੋਕ ਆਪਸੀ ਸਹਿਯੋਗ ਅਤੇ ਮਿਲਵਰਤਨ ਨਾਲ ਅਤੇ ਬਿਨਾਂ ਜ਼ਿਆਦਾ ਖ਼ਰਚ ਕੀਤੇ ਵੱਡੇ-ਵੱਡੇ ਸਮਾਜਿਕ ਕਾਰਜਾਂ ਨੂੰ ਨੇਪਰੇ ਚੜ੍ਹਾਉਂਦੇ ਸਨ।
ਜ਼ਿਕਰਯੋਗ ਹੈ ਕਿ ਵੱਧ ਤੋਂ ਵੱਧ ਡੱਬੇ ਵੰਡ ਕੇ ਇਕੱਠੀ ਕੀਤੀ ਗਈ ਲੋਕਾਂ ਦੀ ਭੀੜ ਨੂੰ ਅਸੀਂ ਆਪਣੀ ਤਰੱਕੀ ਸਮਝਣ ਦੀ ਭੁੱਲ ਕਰ ਬੈਠਦੇ ਹਾਂ, ਜਦ ਕਿ ਸੱਚਾਈ ਇਹ ਹੈ ਕਿ ਪੈਲੇਸਾਂ ਅੰਦਰ ਸਟਾਲਾਂ ਦੇ ਰੂਪ ਵਿੱਚ ਭੋਜਨ ਦੇ ਲਾਏ ਗਏ ਢੇਰਾਂ ਦਾ ਤਕਰੀਬਨ ਅੱਧਾ ਹਿੱਸਾ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜੋ ਕਿ ਇੱਕ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਵਰਤਾਰਾ ਹੈ। ਇੱਥੇ ਇਹ ਸਮਝਣ ਦੀ ਲੋੜ ਹੈ ਕਿ ਸਮਾਜਿਕ ਕਾਰਜਕ੍ਰਮਾਂ ਵਿੱਚ ਭੋਜਨ ਪਦਾਰਥਾਂ ਦੀ ਜਿੰਨੀ ਜ਼ਿਆਦਾ ਵੰਨਗੀ ਹੁੰਦੀ ਹੈ, ਓਨੀ ਹੀ ਉਨ੍ਹਾਂ ਦੀ ਬਰਬਾਦੀ ਜ਼ਿਆਦਾ ਹੁੰਦੀ ਹੈ। ਜਾਣਨ ਦੀ ਲੋੜ ਹੈ ਕਿ ਪੁਰਾਣੇ ਜ਼ਮਾਨੇ ਦੇ ਪ੍ਰੋਗਰਾਮਾਂ ਵਿੱਚ ਲੋਕਾਂ ’ਚ ਸਾਦਗੀ ਹੁੰਦੀ ਸੀ ਅਤੇ ਪਰੋਸਿਆ ਜਾਣ ਵਾਲਾ ਭੋਜਨ ਪੌਸ਼ਟਿਕਤਾ ਭਰਪੂਰ ਤੇ ਕਿਫ਼ਾਇਤੀ ਹੋਇਆ ਕਰਦਾ ਸੀ। ਭਾਵ ਥੋੜ੍ਹਾ ਖ਼ਰਚ ਕਰਕੇ ਵੀ ਸਾਰੇ ਪਿੰਡ ਨੂੰ ਖਾਣਾ ਖਵਾਇਆ ਜਾ ਸਕਦਾ ਸੀ। ਪਰ ਅਜੋਕੇ ਯੁੱਗ ਦੇ ਪੈਲੇਸਾਂ ਵਾਲੇ ਪ੍ਰੋਗਰਾਮਾਂ ’ਚ ਵਰਤਾਇਆ ਜਾਂਦਾ ਭੋਜਨ ਮਹਿੰਗਾ ਵੀ ਹੁੰਦਾ ਹੈ ਅਤੇ ਸਿਹਤ ਪੱਖੋਂ ਗ਼ੈਰ–ਮਿਆਰੀ ਤੇ ਬਿਮਾਰੀਆਂ ਲਗਾਉਣ ਵਾਲਾ ਵੀ ਹੁੰਦਾ ਹੈ। ਅਫ਼ਸੋਸ ਦੀ ਗੱਲ ਇਹ ਕਿ ਪ੍ਰੋਗਰਾਮਾਂ ਵਿੱਚ ਆਏ ਮਹਿਮਾਨ ਵੀ ਪਲੇਟ ਨੂੰ ਤੂਸ ਕੇ ਭਰ ਲੈਂਦੇ ਹਨ ਅਤੇ ਅੱਧਾ ਖਾ ਕੇ ਅੱਧਾ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ, ਤੇ ਫਿਰ ਅਗਲੇ ਸਟਾਲ ਵੱਲ ਤੁਰ ਪੈਂਦੇ ਹਨ। ਇਨ੍ਹਾਂ ਠਾਠ–ਬਾਠ ਅਤੇ ਝੂਠੇ ਵਿਖਾਵੇ ਵਾਲੇ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਵਿੱਚ ਬਰਬਾਦ ਕੀਤੇ ਖਾਣੇ ਨਾਲ ਉਨ੍ਹਾਂ ਗਰੀਬ ਲੋਕਾਂ ਦਾ ਪੇਟ ਭਰ ਸਕਦਾ ਹੈ, ਜੋ ਲੋਕ ਭੁੱਖੇ ਪੇਟ ਸੌਣ ਨੂੰ ਮਜਬੂਰ ਹੁੰਦੇ ਹਨ।
ਸਭ ਤੋਂ ਜ਼ਿਆਦਾ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਇੱਕ ਆਮ ਆਦਮੀ ਵੀ ਆਪਣੇ ਵਿੱਤੋਂ ਬਾਹਰ ਜਾ ਕੇ ਅਤੇ ਉਧਾਰ ਚੁੱਕ ਕੇ ਇਸੇ ਤਾਣੇ-ਬਾਣੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਮਰ ਭਰ ਕਰਜ਼ੇ ਦੇ ਬੋਝ ਹੇਠ ਦੱਬਿਆ ਜਾ ਰਿਹਾ ਹੈ। ਇਸ ਲਈ ਸਿਆਣਪ ਇਸੇ ਗੱਲ ਵਿੱਚ ਹੈ ਕਿ ਹਰੇਕ ਆਦਮੀ ਨੂੰ ਆਪਣੇ ਵਿੱਤ ਵਿੱਚ ਰਹਿ ਕੇ ਅਤੇ ਫ਼ਜ਼ੂਲ ਖ਼ਰਚ ਤੋਂ ਬਚ ਕੇ ਹੀ ਵਿਆਹ-ਸ਼ਾਦੀ ਦਾ ਖ਼ਰਚ ਕਰਨਾ ਚਾਹੀਦਾ ਹੈ ਅਤੇ ਝੂਠੀ ਸਮਾਜਿਕ ਵਿਖਾਵੇਬਾਜ਼ੀ ਤੋਂ ਬਚਣਾ ਚਾਹਦਾ ਹੈ।
