18 ਫ਼ੀਸਦੀ ਜੈਨ ਜ਼ੀ ਮਹਿਲਾਵਾਂ ਬੱਚੇ ਨਹੀਂ ਚਾਹੁੰਦੀਆਂ

ਆਮ-ਖਾਸ

*ਹਰ ਸਾਲ ਵਧ ਰਹੇ ਨੇ ਬਿਨਾ ਬੱਚਿਆਂ ਵਾਲੇ ਪਰਿਵਾਰ
*ਬਦਲਦੀ ਜੀਵਨ-ਸ਼ੈਲੀ ਅਤੇ ਮਹਿੰਗਾਈ ਨਾਲ ‘ਚਾਈਲਡ ਫ੍ਰੀ ਇੰਡੀਆ’ ਵਰਗੀਆਂ ਮੁਹਿੰਮਾਂ ਨੂੰ ਮਿਲ ਰਿਹਾ ਉਤਸ਼ਾਹ

ਪੰਜਾਬੀ ਪਰਵਾਜ਼ ਬਿਊਰੋ
ਬੈਂਗਲੁਰੂ ਦੇ ਨੌਜਵਾਨ ਅੰਕਿਤ ਅਤੇ ਉਸ ਦੀ ਪਤਨੀ ਸ਼੍ਰੇਆ ਮਲਟੀ-ਨੈਸ਼ਨਲ ਕੰਪਨੀਆਂ ਵਿੱਚ ਕੰਮ ਕਰਦੇ ਹਨ। ਉਹ ਹਰ ਸਾਲ ਵਿਦੇਸ਼ ਯਾਤਰਾ ਕਰਦੇ ਹਨ, ਫਿਟਨੈੱਸ ਅਤੇ ਨਵੀਆਂ ਚੀਜ਼ਾਂ ਸਿੱਖਣ ’ਤੇ ਪੈਸਾ ਖਰਚਦੇ ਹਨ। ਉਨ੍ਹਾਂ ਦੀ ਸ਼ਾਦੀ ਨੂੰ 4 ਸਾਲ ਹੋ ਚੁੱਕੇ ਹਨ, ਪਰ ਉਹ ਬੱਚਾ ਨਹੀਂ ਚਾਹੁੰਦੇ। ਇਹ ਗੱਲ ਨਹੀਂ ਕਿ ਉਹ ਸਰੀਰਕ ਜਾਂ ਆਰਥਿਕ ਤੌਰ ’ਤੇ ਸਮਰੱਥ ਨਹੀਂ ਹਨ।
ਅੰਕਿਤ ਅਤੇ ਸ਼੍ਰੇਆ ਭਾਰਤੀ ਨੌਜਵਾਨ ਜੋੜਿਆਂ ਵਿੱਚ ਵੱਧ ਰਹੇ ‘ਡਿੰਕ’ (ਦੋਹਰੀ ਆਮਦਨ, ਬਿਨਾ ਬੱਚੇ) ਰੁਝਾਨ ਦੇ ਸਮਰਥਕ ਹਨ। ਇਹ ਤੇਜ਼ੀ ਨਾਲ ਵਧ ਰਹੀ ਉਸ ਸ਼ਹਿਰੀ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ, ਜੋ ਬੱਚੇ ਨਾ ਪੈਦਾ ਕਰਨ ਨੂੰ ਮਜ਼ਬੂਰੀ ਨਹੀਂ, ਸਗੋਂ ਸੋਚ-ਸਮਝ ਕੇ ਲਿਆ ਗਿਆ ਫੈਸਲਾ ਮੰਨਦੀ ਹੈ। ਚੇਨੱਈ ਦੇ ਰਾਖੀ ਅਤੇ ਤੁਸ਼ੀਰ ਦੇ ਪਰਿਵਾਰ ਵਿੱਚ ਉਨ੍ਹਾਂ ਤੋਂ ਇਲਾਵਾ ਚਾਰ ਡੋਬਰਮੈਨ ਕੁੱਤੇ ਹਨ, ਜਿਨ੍ਹਾਂ ਨੂੰ ਉਹ ਬੱਚਿਆਂ ਵਾਂਗ ਪਾਲਦੇ ਹਨ। ਰਾਖੀ ਕਹਿੰਦੀ ਹੈ, “ਮੈਂ ਕਦੇ ਵੀ ਆਪਣੇ ਆਪ ਨੂੰ ਅਧੂਰਾ ਮਹਿਸੂਸ ਨਹੀਂ ਕੀਤਾ। ਹੁਣ ਪਰਿਵਾਰ ਦਾ ਮਤਲਬ ਸਿਰਫ਼ ਬੱਚੇ ਨਹੀਂ ਰਹਿ ਗਿਆ।” ਇਹ ਜੈਨ ਜ਼ੀ ਦਾ ਦੌਰ ਹੈ।
ਮਹਾਂਨਗਰਾਂ ਵਿੱਚ ਬਿਨਾ ਬੱਚੇ ਜਾਂ ਇੱਕ ਬੱਚੇ ਵਾਲੇ ਜੋੜੇ 20–30 ਫ਼ੀਸਦੀ ਤੱਕ
ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਿੱਚ ਕੀਤੇ ਗਏ ਇੱਕ ਨਿੱਜੀ ਸਰਵੇ ਵਿੱਚ 28–40 ਸਾਲ ਦੇ 27 ਫ਼ੀਸਦੀ ਜੋੜਿਆਂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਬਿਨਾ ਬੱਚਿਆਂ ਦੇ ਰਹਿਣਾ ਪਸੰਦ ਕਰ ਰਹੇ ਹਨ। ਪਿਊ ਰਿਸਰਚ ਸੈਂਟਰ ਦੀ ਇੱਕ ਗਲੋਬਲ ਰਿਪੋਰਟ ਅਨੁਸਾਰ ਭਾਰਤ ਦੇ ਲਗਭਗ 12 ਫ਼ੀਸਦੀ ਸ਼ਹਿਰੀ ਲੋਕਾਂ ਨੇ ਕਿਹਾ ਕਿ ਉਹ ਬੱਚੇ ਨਹੀਂ ਚਾਹੁੰਦੇ ਜਾਂ ਅਜੇ ਤਿਆਰ ਨਹੀਂ ਹਨ।
ਇੰਟਰਨੈਸ਼ਨਲ ਜਰਨਲ ਆਫ਼ ਕ੍ਰੀਏਟਿਵ ਰਿਸਰਚ ਥਾਟਸ ਮੁਤਾਬਕ ਮਹਾਂਨਗਰਾਂ ਵਿੱਚ ਬਿਨਾ ਬੱਚੇ ਜਾਂ ਇੱਕ ਬੱਚੇ ਵਾਲੇ ਜੋੜਿਆਂ ਦੀ ਗਿਣਤੀ 20–30 ਫ਼ੀਸਦੀ ਤੱਕ ਪਹੁੰਚ ਗਈ ਹੈ। ਨੋਵਾ ਆਈ.ਵੀ.ਐਫ. ਫਰਟੀਲਿਟੀ ਸਰਵੇ ਵਿੱਚ 18 ਫ਼ੀਸਦੀ ਜੈਨ ਜ਼ੀ ਮਹਿਲਾਵਾਂ ਨੇ ਕਿਹਾ ਕਿ ਉਹ ਬੱਚੇ ਨਹੀਂ ਚਾਹੁੰਦੀਆਂ। ਯੂਗੋਵ ਇੰਡੀਆ ਦੇ ਸਰਵੇ ਵਿੱਚ ਮੈਟਰੋ ਸ਼ਹਿਰਾਂ ਦੇ ਲਗਭਗ 18 ਫ਼ੀਸਦੀ ਨੌਜਵਾਨ ਜੋੜਿਆਂ ਨੇ ਇੱਕ ਤੋਂ ਵੱਧ ਬੱਚੇ ਨਾ ਰੱਖਣ ਦੀ ਇੱਛਾ ਜਤਾਈ।
ਡਿੰਕ, ਡਿੰਕਵਾਡ ਅਤੇ ਡਿਸਕ: ਨਵੇਂ ਰੁਝਾਨਾਂ ਦੇ ਨਵੇਂ ਨਾਮ
ਡਿੰਕ (ਦੋਹਰੀ ਆਮਦਨ, ਬਿਨਾ ਬੱਚੇ): ਉਹ ਦੰਪਤੀ ਜਿਨ੍ਹਾਂ ਨੇ ਸੋਚ-ਸਮਝ ਕੇ ਬੱਚੇ ਨਾ ਕਰਨ ਦਾ ਫੈਸਲਾ ਕੀਤਾ ਹੈ।
ਡਿੰਕਵਾਡ (ਦੋਹਰੀ ਆਮਦਨ, ਬਿਨਾ ਬੱਚੇ, ਨਾਲ ਕੁੱਤਾ): ਡਿੰਕ ਦਾ ਇੱਕ ਰੂਪ, ਜਿਸ ਵਿੱਚ ਮਰਦ-ਔਰਤ ਬੱਚਿਆਂ ਦੀ ਥਾਂ ਪਾਲਤੂ ਜਾਨਵਰ-ਅਕਸਰ ਕੁੱਤੇ ਨੂੰ ਪਰਿਵਾਰ ਦਾ ਹਿੱਸਾ ਬਣਾਉਂਦੇ ਹਨ।
ਡਿਸਕ (ਦੋਹਰੀ ਆਮਦਨ, ਇੱਕ ਬੱਚਾ): ਉਹ ਦੰਪਤੀ ਜੋ ਦੋਹਰੀ ਆਮਦਨ ਰੱਖਦੇ ਹਨ ਅਤੇ ਸਿਰਫ਼ ਇੱਕ ਬੱਚਾ ਰੱਖਣਾ ਪਸੰਦ ਕਰਦੇ ਹਨ।
ਦੇਸ਼ ਦੀ 50 ਫ਼ੀਸਦੀ ਖਪਤ ਇਸ ਵਰਗ ਤੋਂ
ਡਿੰਕ ਵਰਗ ਕੋਲ ਖਰਚ ਕਰਨ ਲਈ ਵੱਧ ਪੈਸਾ ਹੁੰਦਾ ਹੈ। ਇਹ ਦੇਸ਼ ਦੇ ਉਨ੍ਹਾਂ ਉਪਰਲੇ 6 ਕਰੋੜ ਲੋਕਾਂ ਵਿੱਚ ਸ਼ਾਮਲ ਹਨ, ਜੋ ਲਗਭਗ 50 ਫ਼ੀਸਦੀ ਖਪਤ ਕਰਦੇ ਹਨ। ਪਰ ਉਨ੍ਹਾਂ ਦੀ ਖਰੀਦ ਵਿੱਚ “ਫੈਮਿਲੀ ਪੈਕ” ਲਈ ਥਾਂ ਨਹੀਂ ਹੁੰਦੀ। ਉਹ 5 ਕਿਲੋ ਦੇ ਵੱਡੇ ਪੈਕ ਦੀ ਥਾਂ 500 ਗ੍ਰਾਮ ਦੇ ਛੋਟੇ ਅਤੇ ਆਰਗੈਨਿਕ ਪੈਕ ਚੁਣਦੇ ਹਨ।
ਡਿੰਕ ਵਰਗ ਯਾਤਰਾ, ਸ਼ਾਨੋ-ਸ਼ੌਕਤ, ਫਿਟਨੈੱਸ, ਪਾਲਤੂ ਜਾਨਵਰਾਂ, ਨਿਵੇਸ਼ ਅਤੇ ਤਜਰਬਿਆਂ ’ਤੇ ਵੱਧ ਖਰਚ ਕਰਦਾ ਹੈ। ਇਹ ਤੇਜ਼ ਡਿਲਿਵਰੀ ਵਾਲੇ ਵਪਾਰ ਲਈ ਮੁੱਖ ਗਾਹਕ ਹਨ।
ਕੰਪਨੀਆਂ ਵੀ ਬਦਲ ਰਹੀਆਂ ਹਨ ਰਣਨੀਤੀ
ਡਿੰਕ ਰੁਝਾਨ ਕਾਰਨ ਯਾਤਰਾ, ਹੋਟਲ, ਮਹਿੰਗੇ ਰਿਟੇਲ, ਪਾਲਤੂ ਜਾਨਵਰ ਸੰਭਾਲ ਅਤੇ ਨਿੱਜੀ ਸੇਵਾਵਾਂ ਵਾਲੇ ਖੇਤਰਾਂ ਨੂੰ ਵੱਡਾ ਲਾਭ ਹੋ ਰਿਹਾ ਹੈ। ਇਸ ਲਈ ਕੰਪਨੀਆਂ ਹੁਣ ਇਸ ਵਰਗ ਨੂੰ ਧਿਆਨ ਵਿੱਚ ਰੱਖ ਕੇ ਨਵੇਂ ਉਤਪਾਦ ਅਤੇ ਸੇਵਾਵਾਂ ਤਿਆਰ ਕਰ ਰਹੀਆਂ ਹਨ। ਦੂਜੇ ਪਾਸੇ ਬੱਚਿਆਂ ਨਾਲ ਜੁੜੇ ਖੇਤਰਾਂ ਵਿੱਚ ਹੌਲ਼ੀ-ਹੌਲ਼ੀ ਬਦਲਾਅ ਦਿਖਾਈ ਦੇ ਰਹੇ ਹਨ।
ਚੁਣੌਤੀਆਂ: ਸੰਪਤੀ ਕਿਸ ਨੂੰ ਮਿਲੇਗੀ?
ਦੇਸ਼ ਵਿੱਚ ਬਿਨਾ ਬੱਚਿਆਂ ਦੇ ਰਹਿਣਾ ਚਾਹੁੰਦੇ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ, ਪਰ ਭਵਿੱਖ ਨਾਲ ਜੁੜੀਆਂ ਚਿੰਤਾਵਾਂ ਵੀ ਹਨ। ‘ਚਾਈਲਡ ਫ੍ਰੀ ਇੰਡੀਆ’ ਨਾਲ ਜੁੜੇ ਇੱਕ ਨੌਜਵਾਨ ਅਨੁਸਾਰ ਅਜੇ ਵੀ ਸਮਾਜ ਅਤੇ ਪਰਿਵਾਰ ਵਿੱਚ ਇਸ ਨੂੰ ਪੂਰੀ ਪ੍ਰਵਾਨਗੀ ਨਹੀਂ ਮਿਲੀ।
ਇੱਕ ਵੱਡੀ ਚਿੰਤਾ ਇਹ ਵੀ ਹੈ ਕਿ ਅਜਿਹੇ ਲੋਕ ਆਪਣੀ ਸੰਪਤੀ ਕਿਸ ਨੂੰ ਦੇਣਗੇ! ਕੁਝ ਲੋਕ ਗਰੀਬਾਂ ਨੂੰ ਦਾਨ ਦੇਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਬਾਅਦ ਰਿਸ਼ਤੇਦਾਰ ਕਾਨੂੰਨੀ ਤਰੀਕੇ ਨਾਲ ਸੰਪਤੀ ਹੜੱਪ ਸਕਦੇ ਹਨ।

Leave a Reply

Your email address will not be published. Required fields are marked *