ਅਕਸ਼ਿਤ ਸੰਗੋਮਲਾ
ਦੁਨੀਆ ਅੱਜ ਪਾਣੀ ਦੇ ਗੰਭੀਰ ਸੰਕਟ ਵੱਲ ਤੇਜ਼ੀ ਨਾਲ਼ ਵੱਧ ਰਹੀ ਹੈ। ਲੰਬੇ ਸਮੇਂ ਤੱਕ ਚੱਲਣ ਵਾਲੇ ਭਿਆਨਕ ਸੋਕੇ (ਮੇਗਾ-ਡ੍ਰਾਊਟ) ਅਤੇ ਕਈ ਥਾਵਾਂ ’ਤੇ ਡੁੱਬਦੇ ਸ਼ਹਿਰ ਇਸ ਗੱਲ ਦੀ ਚੇਤਾਵਨੀ ਦੇ ਰਹੇ ਹਨ ਕਿ ਧਰਤੀ ’ਤੇ ਮਿੱਠੇ ਪਾਣੀ ਦੇ ਸਰੋਤ ਖ਼ਤਰਨਾਕ ਢੰਗ ਨਾਲ਼ ਘਟ ਰਹੇ ਹਨ। ਇਹ ਸਿਰਫ਼ ਕਿਸੇ ਇੱਕ ਖੇਤਰ ਦੀ ਸਮੱਸਿਆ ਨਹੀਂ ਰਹੀ, ਸਗੋਂ ਪੂਰੀ ਮਨੁੱਖਤਾ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ।
ਈਰਾਨ, ਇਰਾਕ ਅਤੇ ਸੀਰੀਆ ਵਰਗੇ ਦੇਸ਼ ਲੰਬੇ ਸਮੇਂ ਤੋਂ ਸੋਕੇ ਨਾਲ਼ ਜੂਝ ਰਹੇ ਹਨ, ਪਰ ਇਹ ਹਾਲਤ ਹੁਣ ਦੁਨੀਆ ਦੇ ਹਰ ਮਹਾਂਦੀਪ ਵਿੱਚ ਵੇਖੀ ਜਾ ਰਹੀ ਹੈ। ਦੱਖਣੀ ਅਮਰੀਕਾ ਦੇ ਚਿਲੀ ਦਾ ਉਦਾਹਰਨ ਕਾਫ਼ੀ ਚਿੰਤਾਜਨਕ ਹੈ, ਜਿੱਥੇ 2010 ਤੋਂ ਲਗਾਤਾਰ ਸੋਕਾ ਪਿਆ ਹੋਇਆ ਹੈ। ਇੱਥੇ ਮੀਂਹ ਵਿੱਚ 20 ਤੋਂ 60 ਫ਼ੀਸਦੀ ਤੱਕ ਕਮੀ ਦਰਜ ਕੀਤੀ ਗਈ ਹੈ। ਚਿਲੀ ਦੀਆਂ ਪਹਾੜੀ ਝੀਲਾਂ, ਜੋ ਮਿੱਠੇ ਪਾਣੀ ਦਾ ਮੁੱਖ ਸਰੋਤ ਸਨ, 2010 ਤੋਂ 2020 ਦੇ ਦਰਮਿਆਨ ਕਾਫ਼ੀ ਹੱਦ ਤੱਕ ਸੁੱਕ ਗਈਆਂ ਹਨ। ਇੱਕ ਅਧਿਐਨ ਮੁਤਾਬਕ ਇਸ ਦੌਰਾਨ 12 ਝੀਲਾਂ ਦਾ ਖੇਤਰਫਲ 7 ਤੋਂ 25 ਫ਼ੀਸਦੀ ਤੱਕ ਘਟ ਗਿਆ।
ਇਸ ਸੰਕਟ ਨੂੰ ਹੋਰ ਗੰਭੀਰ ਬਣਾਉਣ ਵਿੱਚ ਮਨੁੱਖੀ ਗਤੀਵਿਧੀਆਂ ਦਾ ਵੀ ਵੱਡਾ ਹਿੱਸਾ ਹੈ। 1997 ਤੋਂ 2022 ਤੱਕ ਚਿਲੀ ਵਿੱਚ ਭੂ-ਗਰਭ ਪਾਣੀ ਦਾ ਸ਼ੋਸ਼ਣ 383 ਫ਼ੀਸਦੀ ਵਧ ਗਿਆ, ਜਿਸ ਨਾਲ਼ ਪਾਣੀ ਦਾ ਸੰਤੁਲਨ ਵਿਗੜ ਗਿਆ। ਇਸ ਦੇ ਨਤੀਜੇ ਵਜੋਂ 2022 ਵਿੱਚ ਰਾਜਧਾਨੀ ਸੈਂਟਿਆਗੋ ਵਿੱਚ ਪਾਣੀ ਦੀ ਰਾਸ਼ਨਿੰਗ ਲਾਗੂ ਕਰਨੀ ਪਈ, ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ।
ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਸੋਕੇ ਦੇ ਗੰਭੀਰ ਪ੍ਰਭਾਵ ਵੇਖਣ ਨੂੰ ਮਿਲ ਰਹੇ ਹਨ। ਆਸਟ੍ਰੇਲੀਆ ਅਤੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਲੰਬੇ ਸਮੇਂ ਦੇ ਸੋਕੇ ਕਾਰਨ ਜੰਗਲਾਂ ਵਿੱਚ ਭਿਆਨਕ ਅੱਗਾਂ ਲੱਗੀਆਂ। 2025 ਵਿੱਚ ਕੈਲੀਫੋਰਨੀਆ ਦੀਆਂ ਅੱਗਾਂ ਕਾਰਨ ਲਗਭਗ 60 ਅਰਬ ਡਾਲਰ ਦਾ ਨੁਕਸਾਨ ਹੋਇਆ। ਵਿਗਿਆਨੀ ਇਸਨੂੰ ‘ਹਾਈਡਰੋਕਲਾਈਮੇਟਿਕ ਵਿਪਲੈਸ਼’ ਕਹਿੰਦੇ ਹਨ, ਜਿਸ ਵਿੱਚ ਇੱਕ ਸਾਲ ਭਾਰੀ ਮੀਂਹ ਅਤੇ ਅਗਲੇ ਸਾਲ ਤਿੱਖੀ ਗਰਮੀ ਤੇ ਸੋਕਾ ਆਉਂਦਾ ਹੈ, ਜੋ ਅੱਗ ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦਾ ਹੈ।
ਇੱਕ ਅਧਿਐਨ ਅਨੁਸਾਰ 1980 ਤੋਂ 2018 ਤੱਕ 500 ਲੰਬੇ ਸਮੇਂ ਦੇ ਸੋਕਿਆਂ ਦਾ ਵਿਸ਼ਲੇਸ਼ਣ ਕਰਨ ’ਤੇ ਪਤਾ ਲੱਗਾ ਕਿ ਹੁਣ ਇਹ ਸੋਕੇ ਪਹਿਲਾਂ ਨਾਲ਼ੋਂ ਜ਼ਿਆਦਾ ਗਰਮ, ਲੰਬੇ ਅਤੇ ਖ਼ਤਰਨਾਕ ਹੋ ਗਏ ਹਨ। ਹਰ ਸਾਲ ਲਗਭਗ 49,000 ਵਰਗ ਕਿਲੋਮੀਟਰ ਨਵਾਂ ਖੇਤਰ ਸੋਕੇ ਦੀ ਲਪੇਟ ਵਿੱਚ ਆ ਰਿਹਾ ਹੈ, ਜੋ ਕਿ ਇੱਕ ਵੱਡੀ ਚੇਤਾਵਨੀ ਹੈ।
ਸੋਕੇ ਨਾਲ਼ ਜੁੜੇ ਤਾਪਮਾਨ ਵਿੱਚ ਵਾਧਾ ਵੀ ਚਿੰਤਾਜਨਕ ਹੈ। ਹਰ ਦਹਾਕੇ ਵਿੱਚ ਤਾਪਮਾਨ 0.26 ਤੋਂ 0.35 ਡਿਗਰੀ ਸੈਲਸੀਅਸ ਵਧ ਰਿਹਾ ਹੈ, ਜੋ ਕਿ ਗਲੋਬਲ ਤਾਪਮਾਨ ਵਾਧੇ ਦੇ ਬਰਾਬਰ ਹੈ। ਇਸਦਾ ਮਤਲਬ ਹੈ ਕਿ ਸੋਕਾ ਅਤੇ ਗਰਮੀ ਇਕੱਠੇ ਵਧ ਰਹੇ ਹਨ, ਜਿਸ ਨਾਲ਼ ਕੁਦਰਤ ਦਾ ਸੰਤੁਲਨ ਟੁੱਟ ਰਿਹਾ ਹੈ।
ਇਸ ਦਾ ਸਭ ਤੋਂ ਵੱਡਾ ਅਸਰ ਕੁਦਰਤ ਅਤੇ ਮੌਜੂਦਾ ਹਾਲਾਤ ’ਤੇ ਪੈ ਰਿਹਾ ਹੈ। ਘਾਹ ਵਾਲੇ ਮੈਦਾਨਾਂ ਵਿੱਚ ਹਰਿਆਲੀ ਤੇਜ਼ੀ ਨਾਲ਼ ਘਟ ਰਹੀ ਹੈ। ਮੰਗੋਲੀਆ, ਦੱਖਣ-ਪੂਰਬੀ ਆਸਟ੍ਰੇਲੀਆ ਅਤੇ ਪੱਛਮੀ ਅਮਰੀਕਾ ਵਿੱਚ ਇਸ ਦਾ ਵੱਡਾ ਨੁਕਸਾਨ ਹੋਇਆ ਹੈ। ਕੁਝ ਖੇਤਰਾਂ ਵਿੱਚ ਹਰਿਆਵਲ 30 ਤੋਂ 33 ਫ਼ੀਸਦੀ ਤੱਕ ਘਟ ਗਈ ਹੈ, ਜਿਸ ਨਾਲ਼ ਜੰਗਲੀ ਜੀਵਨ ਅਤੇ ਵੰਨ-ਸੁਵੰਨਤਾ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਇੱਕ ਹੋਰ ਗੰਭੀਰ ਗੱਲ ਇਹ ਹੈ ਕਿ ਖੁਸ਼ਕ ਖੇਤਰ ਹੋਰ ਤੇਜ਼ੀ ਨਾਲ਼ ਸੁੱਕ ਰਹੇ ਹਨ, ਜਦਕਿ ਨਮੀ ਵਾਲੇ ਖੇਤਰ ਉਤਨੀ ਤੇਜ਼ੀ ਨਾਲ਼ ਨਮੀ ਨਹੀਂ ਵਧਾ ਰਹੇ। ਇਸ ਨਾਲ਼ ਪੂਰੀ ਧਰਤੀ ’ਤੇ ਕੁੱਲ ਮਿਲਾ ਕੇ ਸੋਕਾ ਵਧ ਰਿਹਾ ਹੈ। 2002 ਤੋਂ 2024 ਦੇ ਦਰਮਿਆਨ ਹਰ ਸਾਲ ਦੋਵੇਂ ਖੇਤਰ ਕੈਲੀਫੋਰਨੀਆ ਦੇ ਦੁੱਗਣੇ ਖੇਤਰ ਦੇ ਬਰਾਬਰ ਵੱਧ ਰਹੇ ਹਨ।
ਭਾਰਤ ਵੀ ਇਸ ਸੰਕਟ ਤੋਂ ਬਚਿਆ ਨਹੀਂ। ਪਹਿਲਾਂ ਪੰਜਾਬ ਅਤੇ ਰਾਜਸਥਾਨ ਨੂੰ ਸੋਕੇ ਦੇ ਮੁੱਖ ਹਾਟਸਪਾਟ ਮੰਨਿਆ ਜਾਂਦਾ ਸੀ, ਪਰ ਹੁਣ ਦਿੱਲੀ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵੀ ਇਸ ਵਿੱਚ ਸ਼ਾਮਲ ਹੋ ਰਹੇ ਹਨ। ਇਹ ਖੇਤਰ ਹੁਣ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਅਤੇ ਉੱਤਰੀ ਅਫਰੀਕਾ ਦੇ ਹੋਰ ਸੁੱਕੇ ਖੇਤਰਾਂ ਨਾਲ਼ ਜੁੜਦੇ ਜਾ ਰਹੇ ਹਨ, ਜਿਸ ਨਾਲ਼ ਇੱਕ ਵੱਡਾ ‘ਮੈਗਾ-ਡ੍ਰਾਇੰਗ ਜ਼ੋਨ’ ਬਣਦਾ ਜਾ ਰਿਹਾ ਹੈ।
ਦੁਨੀਆ ਦੇ ਕਈ ਵੱਡੇ ਦਰਿਆਈ ਖੇਤਰ ਵੀ ਤੇਜ਼ੀ ਨਾਲ਼ ਸੁੱਕ ਰਹੇ ਹਨ। ਸਿੰਧੂ ਦਰਿਆ ਬੇਸਿਨ ਵਿੱਚ ਹਰ ਸਾਲ ਲਗਭਗ 1.23 ਸੈਂਟੀਮੀਟਰ ਪਾਣੀ ਘਟ ਰਿਹਾ ਹੈ, ਜਦਕਿ ਗੰਗਾ-ਬ੍ਰਹਮਪੁਤਰ ਬੇਸਿਨ ਵਿੱਚ ਇਹ ਘਟਾਓ ਲਗਭਗ 1.09 ਸੈਂਟੀਮੀਟਰ ਹੈ। ਇਹ ਹਾਲਾਤ ਖੇਤੀਬਾੜੀ ਅਤੇ ਪੀਣ ਵਾਲੇ ਪਾਣੀ ਲਈ ਵੱਡਾ ਸੰਕਟ ਪੈਦਾ ਕਰ ਰਹੇ ਹਨ।
ਇਸਦੇ ਨਾਲ਼ ਹੀ, ਇਹ ਵਧਦਾ ਸੋਕਾ ਸਮੁੰਦਰੀ ਪੱਧਰ ਵਿੱਚ ਵਾਧੇ ਦਾ ਵੀ ਇੱਕ ਵੱਡਾ ਕਾਰਨ ਬਣ ਰਿਹਾ ਹੈ। ਅਧਿਐਨਾਂ ਮੁਤਾਬਕ, ਜ਼ਮੀਨ ’ਤੇ ਪਾਣੀ ਦੀ ਘਾਟ ਸਮੁੰਦਰੀ ਪੱਧਰ ਵਧਣ ਵਿੱਚ ਲਗਭਗ 44 ਫ਼ੀਸਦੀ ਯੋਗਦਾਨ ਪਾ ਰਹੀ ਹੈ, ਜੋ ਗਲੇਸ਼ੀਅਰਾਂ ਦੇ ਪਿਘਲਣ ਨਾਲ਼ੋਂ ਵੀ ਵੱਧ ਹੈ।
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਨੇ ਇਸ ਹਾਲਤ ਨੂੰ “ਵਾਟਰ ਬੈਂਕਰਪਸੀ” ਕਿਹਾ ਹੈ, ਜਿਸਦਾ ਅਰਥ ਹੈ ਪਾਣੀ ਦੇ ਸਰੋਤਾਂ ਦਾ ਲਗਭਗ ਖ਼ਤਮ ਹੋ ਜਾਣਾ। ਰਿਪੋਰਟ ਮੁਤਾਬਕ, ਦੁਨੀਆ ਦੀ ਤਿੰਨ-ਚੌਥਾਈ ਅਬਾਦੀ ਅਜਿਹੇ ਖੇਤਰਾਂ ਵਿੱਚ ਰਹਿੰਦੀ ਹੈ, ਜਿੱਥੇ ਪਾਣੀ ਦੀ ਭਾਰੀ ਕਮੀ ਹੈ ਜਾਂ ਪਾਣੀ ਅਸੁਰੱਖਿਅਤ ਹੈ।
ਕਈ ਨਦੀਆਂ ਹੁਣ ਸਮੁੰਦਰ ਤੱਕ ਨਹੀਂ ਪਹੁੰਚਦੀਆਂ ਅਤੇ ਝੀਲਾਂ ਤੇਜ਼ੀ ਨਾਲ਼ ਘਟ ਰਹੀਆਂ ਹਨ। ਦੁਨੀਆ ਨੇ ਪਿਛਲੇ 50 ਸਾਲਾਂ ਵਿੱਚ ਲਗਭਗ 410 ਮਿਲੀਅਨ ਹੈਕਟੇਅਰ ਵੈਟਲੈਂਡ ਗੁਆ ਲਈ ਹੈ, ਜੋ ਕਿ ਕੁਦਰਤ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹ ਖੇਤਰ ਵੰਨ-ਸੁਵੰਨਤਾ ਨਾਲ਼ ਭਰੇ ਹੋਏ ਹੁੰਦੇ ਹਨ ਅਤੇ ਜੀਵ-ਜੰਤੂਆਂ ਲਈ ਆਸਰਾ ਬਣਦੇ ਹਨ।
ਧਰਤੀ ਹੇਠਲੇ ਪਾਣੀ ਦੀ ਵਧ ਰਹੀ ਦੁਰਵਰਤੋਂ ਨਾਲ਼ ਜ਼ਮੀਨ ਵੀ ਧਸ ਰਹੀ ਹੈ। ਲਗਭਗ 60 ਲੱਖ ਵਰਗ ਕਿਲੋਮੀਟਰ ਖੇਤਰ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਕੁਝ ਥਾਵਾਂ ’ਤੇ ਹਰ ਸਾਲ 25 ਸੈਂਟੀਮੀਟਰ ਤੱਕ ਜ਼ਮੀਨ ਡੁੱਬ ਰਹੀ ਹੈ, ਜਿਸ ਨਾਲ਼ ਪਾਣੀ ਸਟੋਰ ਕਰਨ ਦੀ ਸਮਰੱਥਾ ਘਟਦੀ ਜਾ ਰਹੀ ਹੈ ਅਤੇ ਹੜ੍ਹਾਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ।
ਇਸ ਦੇ ਨਾਲ਼ ਹੀ, ਗਲੇਸ਼ੀਅਰ ਵੀ ਤੇਜ਼ੀ ਨਾਲ਼ ਪਿਘਲ ਰਹੇ ਹਨ। 1970 ਤੋਂ ਹੁਣ ਤੱਕ ਦੁਨੀਆ ਦੇ 30 ਫ਼ੀਸਦੀ ਗਲੇਸ਼ੀਅਰ ਖ਼ਤਮ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਈ ਪੂਰੀ ਤਰ੍ਹਾਂ ਗਾਇਬ ਹੋ ਸਕਦੇ ਹਨ। ਇਸ ਨਾਲ਼ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਅਤੇ ਰੋਜ਼ਗਾਰ ਪ੍ਰਭਾਵਿਤ ਹੋਵੇਗਾ, ਜੋ ਦਰਿਆਵਾਂ ਅਤੇ ਹਿਮ-ਨਦੀਆਂ ’ਤੇ ਨਿਰਭਰ ਹਨ।
ਖੇਤੀਬਾੜੀ, ਜੋ ਦੁਨੀਆ ਦੇ ਲਗਭਗ 70 ਫ਼ੀਸਦੀ ਮਿੱਠੇ ਪਾਣੀ ਦੀ ਵਰਤੋਂ ਕਰਦੀ ਹੈ, ਸਭ ਤੋਂ ਵੱਡੇ ਖ਼ਤਰੇ ਵਿੱਚ ਹੈ। ਪਾਣੀ ਦੀ ਘਟਦੀ ਉਪਲਬਧਤਾ ਨਾਲ਼ ਫਸਲਾਂ ’ਤੇ ਅਸਰ ਪੈ ਰਿਹਾ ਹੈ ਅਤੇ ਅਨਾਜ ਸੁਰੱਖਿਆ ਨੂੰ ਵੀ ਖ਼ਤਰਾ ਹੈ। ਇਸ ਦੇ ਨਾਲ਼ ਹੀ, ਪਾਣੀ ਦੀ ਗੁਣਵੱਤਾ ਵੀ ਘਟ ਰਹੀ ਹੈ ਕਿਉਂਕਿ ਉਦਯੋਗ, ਖੇਤੀ ਅਤੇ ਗੰਦਲੇ ਪਾਣੀ ਦੇ ਕਾਰਨ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ।
ਅੱਜ ਦੀ ਲੋੜ ਹੈ ਕਿ ਪਾਣੀ ਦੀ ਸਹੀ ਮੈਨੇਜਮੈਂਟ ਕੀਤੀ ਜਾਵੇ। ਪਾਣੀ ਦੀ ਬੱਚਤ, ਦੁਬਾਰਾ ਵਰਤੋਂ ਅਤੇ ਕੁਦਰਤ ਨਾਲ਼ ਸੰਤੁਲਨ ਬਣਾਉਣ ਲਈ ਸਖ਼ਤ ਕਦਮ ਚੁੱਕਣੇ ਪੈਣਗੇ। ਜੇ ਅਸੀਂ ਹੁਣ ਵੀ ਨਾ ਜਾਗੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਪਾਣੀ ਉਪਲਬਧ ਕਰਵਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ।
