ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਭਾਰਤ ਦਾ ਗਣਿਤ ਦੇ ਖੇਤਰ ਵਿੱਚ ਯੋਗਦਾਨ ਲਾਮਿਸਾਲ ਹੈ। ਭਾਰਤ ਨੇ ਦੁਨੀਆਂ ਨੂੰ ਨਾ ਕੇਵਲ ‘ਜ਼ੀਰੋ’ ਭਾਵ ਸਿਫ਼ਰ ਅਤੇ ‘ਦਸ਼ਮਲਵ ਪ੍ਰਣਾਲੀ’ ਦੀ ਕਾਢ ਨੂੰ ਜਨਮ ਦੇਣ ਵਾਲੀ ‘ਸਥਾਨਕ ਮੁੱਲ ਪ੍ਰਣਾਲੀ’ ਦੀਆਂ ਕਾਢਾਂ ਦੇ ਕੇ ਗਣਿਤ ਦੀ ਦਸ਼ਾ ਤੇ ਦਿਸ਼ਾ ਬਦਲ ਦਿੱਤੀ ਸਗੋਂ ‘ਅਲਜਬਰਾ’, ‘ਤਿਕੋਣਮਿਤੀ’ ,‘ਜੁਮੈਟਰੀ ’ ਅਤੇ ‘ਬੀਜ ਗਣਿਤ’ ਸਬੰਧੀ ਨਵੀਆਂ ਖੋਜਾਂ ਅਰਪਣ ਕਰਕੇ ਗਣਿਤ ਨੂੰ ਹੋਰ ਆਸਾਨ ਅਤੇ ਰੌਚਿਕ ਬਣਾਉਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ।
ਭਾਰਤ ਦਾ ਨਾਂ ਗਣਿਤ ਦੇ ਪੱਖੋਂ ਸੰਸਾਰ ਭਰ ਵਿੱਚ ਰੌਸ਼ਨ ਕਰਨ ਵਾਲੇ ਗਣਿਤ ਦੇ ਮਹਾਨ ਵਿਦਵਾਨਾਂ- ਆਰੀਆ ਭੱਟ, ਬ੍ਰਹਮਗੁਪਤ, ਭਾਸਕਰ-ਦੂਜਾ, ਸ੍ਰੀਨਿਵਾਸ ਰਾਮਾਨੁਜਨ, ਪੀ.ਸੀ. ਮਹਾਂਬੋਲਿਸ, ਸੁਰਿੰਦਰਨਾਥ ਬੋਸ, ਡੀ.ਆਰ. ਕਾਪਰੇਕਰ, ਨਰੇਂਦਰ ਕਰਮਾਕਰ, ਸੀ.ਆਰ. ਰਾਓ, ਹਰੀਸ਼ ਚੰਦਰ, ਗਣੇਸ਼ ਪ੍ਰਸਾਦ ਅਤੇ ਆਸ਼ੁਤੋਸ਼ ਮੁਖਰਜੀ ਆਦਿ ਤੋਂ ਇਲਾਵਾ ਇੱਕ ਨਾਮ ਹੋਰ ਹੈ, ਜਿਸਨੇ ਭਾਰਤ ਦਾ ਨਾਮ ਨਾ ਕੇਵਲ ਗਣਿਤ ਦੇ ਖੇਤਰ ਵਿੱਚ ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿੱਚ ਹੀ ਦਰਜ ਕਰਵਾ ਦਿੱਤਾ, ਸਗੋਂ ਗਣਿਤਕ ਗਣਨਾਵਾਂ ਕਰਨ ਵਿੱਚ ਮਨੁੱਖ ਨਾਲੋਂ ਉੱਤਮ ਸਮਝੇ ਜਾਂਦੇ ਕੰਪਿਊਟਰ ਨੂੰ ਵੀ ਮਾਤ ਦੇ ਕੇ ਸੰਸਾਰ ਦੇ ਗਣਿਤਕ ਮਹਾਂਰਥੀਆਂ ਨੂੰ ਦੰਦਾਂ ਹੇਠ ਜੀਭ ਲੈਣ ਲਈ ਮਜਬੂਰ ਕਰ ਦਿੱਤਾ ਸੀ। ਭਾਰਤ ਨੂੰ ਗਣਿਤ ਦੇ ਖੇਤਰ ਵਿੱਚ ਪ੍ਰਸਿੱਧੀ ਦੁਆਉਣ ਵਾਲੀ ਉਸ ਅਮਰ ਹਸਤੀ ਦਾ ਨਾਂ ਸੀ- ਸ਼ਕੁੰਤਲਾ ਦੇਵੀ।
ਇੱਕ ‘ਜਿਊਂਦਾ ਜਾਗਦਾ ਮਨੁੱਖੀ ਕੰਪਿਊਟਰ’ ਆਖੀ ਜਾਂਦੀ ਸ਼ਕੁੰਤਲਾ ਦੇਵੀ ਦਾ ਜਨਮ 4 ਨਵੰਬਰ 1929 ਨੂੰ ਕਰਨਾਟਕ ਰਾਜ ਦੇ ਸ਼ਹਿਰ ਬੰਗਲੌਰ ਵਿਖੇ ਵੱਸਦੇ ਸ੍ਰੀ ਸੀ.ਵੀ. ਸੁੰਦਰਾਰਾਜ ਰਾਓ ਦੇ ਘਰ ਹੋਇਆ ਸੀ। ਉਸਦੇ ਪਿਤਾ ਇੱਕ ਬੜੇ ਹੀ ਗੁਣੀ ਕਲਾਕਾਰ ਸਨ। ਉਹ ਸਰਕਸ ਵਿੱਚ ਸ਼ੇਰ ਨੂੰ ਕਾਬੂ ਕਰਨ ਤੋਂ ਇਲਾਵਾ ਪਤਲੀ ਪਰੰਤੂ ਉੱਚੀ ਰੱਸੀ ’ਤੇ ਬਿਨਾ ਸਹਾਰੇ ਦੇ ਚੱਲਣ ਅਤੇ ਜਾਦੂ ਦੇ ਵੱਖ-ਵੱਖ ਕਰਤੱਬ ਵਿਖਾਉਣ ਵਿੱਚ ਮਾਹਿਰ ਸਨ। ਕਈ ਕਲਾਵਾਂ ਦੇ ਧਨੀ ਪਿਤਾ ਦੀ ਇਕਲੌਤੀ ਧੀ ਭਲਾ ਕਿਸੇ ਗੱਲੋਂ ਘੱਟ ਕਿਵੇਂ ਹੋ ਸਕਦੀ ਸੀ? ਸ਼ੰਕੁਤਲਾ ਦੇਵੀ ਅਜੇ ਮਸਾਂ ਤਿੰਨ ਕੁ ਵਰਿ੍ਹਆਂ ਦੀ ਸੀ, ਜਦੋਂ ਉਸਦੇ ਪਿਤਾ ਨੇ ਵੇਖ ਲਿਆ ਕਿ ਉਸਦੀ ਧੀ ਤਾਸ਼ ਦੇ ਪੱਤਿਆਂ ਦੇ ਅੰਕਾਂ ਦੇ ਜੋੜ, ਘਟਾਓ ਅਤੇ ਗੁਣਾਂ ਬੜੀ ਤੇਜ਼ੀ ਨਾਲ ਕਰ ਲੈਂਦੀ ਸੀ। ਬਿਨਾ ਕਿਸੇ ਸਕੂਲੀ ਸਿੱਖਿਆ ਹਾਸਿਲ ਕਰਨ ਦੇ ਤੇ ਕੇਵਲ ਕੁਦਰਤ ਵੱਲੋਂ ਮਿਲੇ ਗਣਿਤਕ ਗਣਨਾਵਾਂ ਤੇਜ਼ ਗਤੀ ਨਾਲ ਕਰਨ ਦੇ ਆਪਣੇ ਹੁਨਰ ਸਦਕਾ ਸ਼ਕੁੰਤਲਾ ਦੇਵੀ ਨੇ ਮਹਿਜ ਛੇ ਵਰਿ੍ਹਆਂ ਦੀ ਛੋਟੀ ਉਮਰ ਵਿੱਚ ਮੈਸੂਰ ਯੂਨੀਵਰਸਿਟੀ ਵਿਖੇ ਆਪਣੇ ਇਸ ਹੁਨਰ ਦਾ ਬਾਖ਼ੂਬੀ ਮੁਜ਼ਾਹਰਾ ਕੀਤਾ ਸੀ।
ਜਦੋਂ ਸ਼ਕੁੰਤਲਾ ਦੇਵੀ ਪੰਦਰ੍ਹਾਂ ਸਾਲ ਦੀ ਹੋਈ ਤਾਂ ਉਹ ਲੰਦਨ ਚਲੀ ਗਈ। ਉਸਨੇ ਉਥੇ ਜਾ ਕੇ ਵੀ ਆਪਣੇ ਗਣਿਤਕ ਹੁਨਰ ਦਾ ਪ੍ਰਗਟਾਵਾ ਕੀਤਾ ਤੇ ਖ਼ੂਬ ਪ੍ਰਸ਼ੰਸਾ ਹਾਸਿਲ ਕੀਤੀ। ਇਸ ਤੋਂ ਬਾਅਦ ਉਹ ਯੂਰਪ ਦੀ ਯਾਤਰਾ ’ਤੇ ਚਲੀ ਗਈ ਤੇ ਸੰਨ 1976 ਵਿੱਚ ਉਹ ਨਿਊ ਯਾਰਕ ਪੁੱਜ ਗਈ ਸੀ। ਉਹ ਜਿਨ੍ਹਾਂ ਵੀ ਮੁਲਕਾਂ ਜਾਂ ਨਗਰਾਂ ਵਿੱਚ ਜਾਂਦੀ ਸੀ ਤਾਂ ਲੋਕ ਉਸ ਵੱਲੋਂ ਔਖੀਆਂ ਤੋਂ ਔਖੀਆਂ ਅਤੇ ਕੁਝ ਇੱਕ ਤਾਂ ਅਸੰਭਵ ਗਣਨਾਵਾਂ ਚੰਦ ਹੀ ਸਕਿੰਟਾਂ ਵਿੱਚ ਕਰ ਲੈਣ ਦੀ ਕਲਾ ਨੂੰ ਵੇਖ਼ ਕੇ ਹੈਰਾਨ ਰਹਿ ਜਾਂਦੇ ਸਨ ਤੇ ਤੁਰੰਤ ਹੀ ਉਸਦੇ ਪ੍ਰਸ਼ੰਸਕ ਬਣ ਜਾਂਦੇ ਸਨ। ਕਿੰਨੇ ਫ਼ਖ਼ਰ ਅਤੇ ਹੈਰਾਨੀ ਦੀ ਗੱਲ ਹੈ ਕਿ ਉਸਦੀ ਅਸਾਧਾਰਨ ਬੁੱਧੀ ਨੂੰ ਪਰਖਣ ਲਈ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਵਿਖੇ ‘ਐਜੂਕੇਸ਼ਨਲ ਸਾਈਕੋਲੋਜੀ’ ਵਿਸ਼ੇ ਦੇ ਪ੍ਰੋਫ਼ੈਸਰ ਆਰਥਰ ਜੇਨਸਨ ਨੇ ਉਸਦਾ ਕਰੜਾ ਇਮਤਿਹਾਨ ਲਿਆ ਸੀ, ਜਿਸ ਵਿੱਚੋਂ ਵੀ ਉਹ ਜੇਤੂ ਹੀ ਹੋ ਕੇ ਨਿਕਲੀ ਸੀ। ਪ੍ਰੋਫ਼ੈਸਰ ਆਰਥਰ ਉਸ ਵੇਲੇ ਹੈਰਾਨ-ਪ੍ਰੇਸ਼ਾਨ ਰਹਿ ਗਏ ਸਨ, ਜਦੋਂ ਸ਼ੰਕੁਤਲਾ ਦੇਵੀ ਨੇ 61,629,875 ਦਾ ਘਣਮੂਲ ਅਤੇ 170,859,375 ਦਾ ਸਪਤਮ ਮੂਲ ਚੰਦ ਸਕਿੰਟਾਂ ਵਿੱਚ ਹੀ ਕੱਢ ਦਿੱਤਾ ਸੀ। ਪ੍ਰੋ. ਆਰਥਰ ਜੇਨਸਨ ਨੇ ਸ਼ਕੁੰਤਲਾ ਦੇਵੀ ਦੀ ਇਸ ਅਦਭੁੱਤ ਪ੍ਰਤਿਭਾ ਬਾਰੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਂਦਾ ਇੱਕ ਲੇਖ ਸੰਨ 1990 ਵਿੱਚ ਉਸ ਵੇਲੇ ਦੇ ਮਸ਼ਹੂਰ ਵਿੱਦਿਅਕ ਰਸਾਲੇ ‘ਇੰਟੈਲੀਜੈਂਸ’ ਵਿੱਚ ਛਾਪ ਦਿੱਤਾ ਸੀ ਤੇ ਉਸਦੇ ਲਾਮਿਸਾਲ ਗਣਿਤਕ ਹੁਨਰ ਦੀ ਦਿਲ ਖੋਲ੍ਹ ਕੇ ਸਿਫ਼ਤ ਕੀਤੀ ਸੀ।
ਸ਼ਕੁੰਤਲਾ ਦੇਵੀ ਦੇ ਗਣਿਤਕ ਕਾਰਨਾਮਿਆਂ ਦੀ ਸੂਚੀ ਉਂਜ ਤਾਂ ਬਹੁਤ ਲੰਮੀ ਹੈ, ਪਰ ਚੰਦ ਅਤਿਅੰਤ ਜ਼ਿਕਰਯੋਗ ਕਾਰਨਾਮੇ ਇਸ ਪ੍ਰਕਾਰ ਹਨ। ਭਾਰਤ ਦੀ ਇਸ ਮਹਾਨ ਬੇਟੀ ਨੇ ਸੰਨ 1977 ਵਿੱਚ ‘ਸਾਊਦਰਨ ਮੈਥੋਡਿਸਟ ਯੂਨੀਵਰਸਿਟੀ’ ਵਿਖੇ 201 ਅੰਕਾਂ ਦੀ ਸੰਖਿਆ ਦਾ 23ਵਾਂ ਮੂਲ ਕੇਵਲ 50 ਸਕਿੰਟਾਂ ਦੇ ਸਮੇਂ ਅੰਦਰ ਲੱਭ ਦਿੱਤਾ ਸੀ, ਜਦੋਂ ਕਿ ‘ਕੰਪਿਊਟਰ’ ਨੂੰ ਇਹੋ ਜਵਾਬ ਲੱਭਣ ਵਿੱਚ 62 ਸਕਿੰਟ ਲੱਗੇ ਸਨ। ਇਸੇ ਤਰ੍ਹਾਂ 18 ਜੂਨ 1980 ਨੂੰ ਲੰਦਨ ਦੇ ਇੰਪੀਰੀਅਲ ਕਾਲਜ ਵਿਖੇ ਵੀ ਸ਼ੰਕੁਤਲਾ ਦੇਵੀ ਨੇ ਕਮਾਲ ਕਰ ਵਿਖਾਇਆ ਸੀ। ਉਸਨੇ 13 ਅੰਕਾਂ ਦੀ ਇੱਕ ਸੰਖਿਆ ਨੂੰ 13 ਹੀ ਅੰਕਾਂ ਦੀ ਦੂਜੀ ਸੰਖਿਆ ਨਾਲ ਗੁਣਾ ਕਰਨ ਲਈ ਕੇਵਲ ਚੰਦ ਸਕਿੰਟ ਲਗਾਏ ਸਨ। ਇਹ ਸੰਖਿਆਵਾਂ 7686369774870 ਅਤੇ 2465099745779 ਆਦਿ ਸਨ। ਇਨ੍ਹਾਂ ਸੰਖਿਆਵਾਂ ਦੀ ਗੁਣਾਂ ਦਾ ਜਵਾਬ ਉਸਨੇ 18947668177995426462773730 ਦੀ ਸੰਖਿਆ ਦੇ ਰੂਪ ਵਿੱਚ ਬਿਲਕੁਲ ਸਹੀ ਦਿੱਤਾ ਸੀ ਤੇ ਇਸ ਕਠਿਨ ਜਵਾਬ ਨੂੰ ਦੇਣ ਲਈ ਉਸਨੇ ਸਿਰਫ ਤੇ ਸਿਰਫ 28 ਸਕਿੰਟ ਦਾ ਹੀ ਸਮਾਂ ਲਿਆ ਸੀ। ਜ਼ਿਕਰਯੋਗ ਹੈ ਕਿ ਸੰਨ 1977 ਵਿੱਚ ਸ਼ਕੁੰਤਲਾ ਦੇਵੀ ਨੇ ‘ਦਿ ਜੁਆਏ ਆਫ਼ ਨੰਬਰਜ਼’ ਨਾਮਕ ਇੱਕ ਕਿਤਾਬ ਲਿਖੀ ਸੀ, ਜਿਸ ਵਿੱਚ ਉਸਨੇ ਅਜਿਹੇ ਕਈ ਤਰੀਕੇ ਪਾਠਕਾਂ ਨਾਲ ਸਾਂਝੇ ਕੀਤੇ ਸਨ, ਜਿਨ੍ਹਾਂ ਤਰੀਕਿਆਂ ਨਾਲ ਉਹ ਔਖੀਆਂ ਤੋਂ ਔਖੀਆਂ ਗਣਨਾਵਾਂ ਝਟਪਟ ਹੀ ਕਰ ਲੈਂਦੀ ਸੀ।
ਸ਼ਕੁੰਤਲਾ ਦੇਵੀ ਦਾ ਪਰਿਵਾਰਕ ਜੀਵਨ ਜ਼ਿਆਦਾ ਸਫ਼ਲ ਨਹੀਂ ਰਿਹਾ ਸੀ। ਸੰਨ 1964 ਵਿੱਚ ਉਸਦੀ ਸ਼ਾਦੀ ਕਲਕੱਤਾ ਵਾਸੀ ਆਈ.ਏ.ਐਸ. ਅਫ਼ਸਰ ਸ੍ਰੀ ਪਾਰਿਤੋਸ਼ ਬੈਨਰਜੀ ਨਾਲ ਹੋਈ ਸੀ ਤੇ ਉਨ੍ਹਾਂ ਦੇ ਘਰ ਅਨੁਪਮਾ ਬੈਨਰਜੀ ਨਾਂ ਦੀ ਇੱਕ ਬੇਟੀ ਨੇ ਜਨਮ ਲਿਆ ਸੀ। ਫਿਰ ਪਤੀ-ਪਤਨੀ ਦਰਮਿਆਨ ਵਿਚਾਰਧਾਰਕ ਟਕਰਾਓ ਹੋਣ ਲੱਗ ਪਿਆ। ਅਖ਼ੀਰ ਸੰਨ 1979 ਵਿੱਚ ਉਨ੍ਹਾਂ ਦੋਵਾਂ ਨੇ ਤਲਾਕ ਲੈ ਲਿਆ ਤੇ ਇੱਕ-ਦੂਜੇ ਤੋਂ ਵੱਖ ਹੋ ਗਏ।
ਇੱਕ ਬੜਾ ਹੀ ਮਜ਼ੇਦਾਰ ਤੱਥ ਇਹ ਵੀ ਹੈ ਕਿ ਸੰਨ 1980 ਵਿੱਚ ਸ਼ਕੁੰਤਲਾ ਦੇਵੀ ਨੇ ਲੋਕ ਸਭਾ ਲਈ ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਰਾਜਾਂ ਤੋਂ ਦੋ ਸੀਟਾਂ ਲਈ ਚੋਣ ਲੜੀ ਸੀ। ਆਂਧਰਾ ਪ੍ਰਦੇਸ਼ ਵਾਲੀ ਸੀਟ ਲਈ ਉਸਦਾ ਮੁਕਾਬਲਾ ਉਸ ਵੇਲੇ ਦੀ ਨਾਮਵਰ ਸਿਆਸਤਦਾਨ ਇੰਦਰਾ ਗਾਂਧੀ ਨਾਲ ਹੋਇਆ ਸੀ। ਇਸ ਮੁਕਾਬਲੇ ਵਿੱਚ ਸ਼ਕੁੰਤਲਾ ਦੇਵੀ ਨੂੰ ਕੇਵਲ 6514 ਵੋਟਾਂ ਮਿਲੀਆਂ ਸਨ, ਜੋ ਕਿ ਉਸ ਹਲਕੇ ਦੀਆਂ ਕੁੱਲ ਵੋਟਾਂ ਦਾ ਕੇਵਲ 1.47 ਫ਼ੀਸਦੀ ਹੀ ਬਣਦੀਆਂ ਸਨ। ਇਹ ਵੀ ਜ਼ਿਕਰਯੋਗ ਹੈ ਕਿ ਸ਼ਕੁੰਤਲਾ ਦੇਵੀ ਇੱਕ ਬਹੁਪੱਖੀ ਲੇਖਿਕਾ ਵੀ ਸੀ। ਉਸਨੇ ਖਾਣਾ ਪਕਾਉਣ ਅਤੇ ਜੋਤਿਸ਼ ਸਬੰਧੀ ਕੁਝ ਕਿਤਾਬਾਂ ਲਿਖਣ ਦੇ ਨਾਲ-ਨਾਲ ਦਿਲਚਸਪ ਬੁਝਾਰਤਾਂ, ਨਾਵਲ, ਮਿੰਨੀ ਕਹਾਣੀਆਂ ਅਤੇ ਰਹੱਸ ਭਰਪੂਰ ਕਥਾਵਾਂ ਵੀ ਲਿਖੀਆਂ ਸਨ। ਅਖ਼ੀਰ 21 ਅਪਰੈਲ 2013 ਨੂੰ ਬੰਗਲੌਰ ਵਿਖੇ ਹੀ ਸ਼ਕੁੰਤਲਾ ਦੇਵੀ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਸ਼ਕੁੰਤਲਾ ਦੇਵੀ ਦੇ ਜੀਵਨ ਸਬੰਧੀ ਸੰਨ 2019 ਵਿੱਚ ਇੱਕ ਹਿੰਦੀ ਫ਼ਿਲਮ ਵੀ ਬਣੀ ਸੀ। ਇਸ ਫ਼ਿਲਮ ਦਾ ਨਾਂ ਸੀ ‘ਸ਼ਕੁੰਤਲਾ ਦੇਵੀ’ ਅਤੇ ਇਸ ਵਿੱਚ ਸ਼ੰਕੁਤਲਾ ਦੇਵੀ ਦਾ ਕਿਰਦਾਰ ਮਸ਼ਹੂਰ ਅਦਾਕਾਰਾ ਵਿੱਦਿਆ ਬਾਲਨ ਨੇ ਅਦਾ ਕੀਤਾ ਸੀ। ਸ਼ਕੁੰਤਲਾ ਦੇਵੀ ਦੁਆਰਾ ਰਚੀਆਂ ਗਈਆਂ ਪੁਸਤਕਾਂ ਵਿੱਚੋਂ ‘ਪਰਫ਼ੈਕਟ ਮਰਡਰ’, ‘ਮੋਰ ਪਜ਼ਲਸ ਟੂ ਪਜ਼ਲ ਯੂ’, ‘ਐਸਟ੍ਰੋਲੋਜੀ ਫ਼ਾਰ ਯੂ’, ‘ਬੁੱਕ ਆਫ਼ ਨੰਬਰਜ਼’, ‘ਇਨ ਦਿ ਵੰਡਰਲੈਂਡ ਆਫ ਨੰਬਰਜ਼’ ਅਤੇ ‘ਸੁਪਰ ਮੈਮਰੀ’ ਆਦਿ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹਨ।
ਬੜਾ ਹੀ ਦਿਲਚਸਪ ਤੱਥ ਹੈ ਕਿ ‘ਮਹਾਂਤੇਜ਼ੀ’ ਨਾਲ ਗਣਿਤਕ ਗਣਨਾਵਾਂ ਕਰਨ ਵਾਲੀ ਸ਼ਕੁੰਤਲਾ ਦੇਵੀ ਦੀ ਇਸ ਪ੍ਰਤਿਭਾ ਨੂੂੰ ਸੰਨ 1982 ਵਿੱਚ ਦੁਨੀਆਂ ਦੀ ਸਭ ਤੋਂ ਪ੍ਰਸਿੱਧ ਰਿਕਾਰਡ ਪੁਸਤਕ ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿੱਚ ਦਰਜ ਕਰ ਲਿਆ ਗਿਆ ਸੀ, ਪਰ ਇਸ ਰਿਕਾਰਡ ਦਾ ਅਸਲ ਸਰਟੀਫ਼ਿਕੇਟ 30 ਜੁਲਾਈ 2020 ਨੂੰ ਜਾਰੀ ਕੀਤਾ ਗਿਆ ਸੀ, ਜਦੋਂ ਕਿ ਉਸਦਾ ਦੇਹਾਂਤ ਹੋਏ ਨੂੰ ਸੱਤ ਸਾਲ ਬੀਤ ਚੁੱਕੇ ਸਨ।
