ਅਮਰੀਕਾ ਨੇ 95 ਲੱਖ ਕਰੋੜ ਰੁਪਏ ਖਰਚੇ, ਈਰਾਨ ਵਿੱਚ 3,600 ਤੋਂ ਜ਼ਿਆਦਾ ਮੌਤਾਂ; ਚੀਨ-ਰੂਸ ਨੂੰ ਫ਼ਾਇਦਾ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਦੀ ਈਰਾਨ ਦੇ ਖਿਲਾਫ 28 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਹੋ ਚੁਕਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸਨੂੰ ਛੋਟੀ ਅਤੇ ਫ਼ੈਸਲਾਕੁੰਨ ਲੜਾਈ ਦੱਸਿਆ ਸੀ, ਪਰ ਹੁਣ ਹਾਲਾਤ ਉਲਟ ਦਿਖ ਰਹੇ ਹਨ। ਜੰਗ ਰੁਕੀ ਜ਼ਰੂਰ ਹੈ, ਪਰ ਖ਼ਤਮ ਨਹੀਂ ਹੋਈ। ਇਸ ਜੰਗ ਵਿੱਚ ਹੁਣ ਤੱਕ ਈਰਾਨ ਦੇ 3,600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 1,700 ਤੋਂ ਵੱਧ ਆਮ ਨਾਗਰਿਕ ਹਨ।
ਅੰਤਰਰਾਸ਼ਟਰੀ ਮੂਦਰਾ ਕੋਸ਼ (ਆਈ.ਐੱਮ.ਐਫ.) ਦੇ ਮੁੱਖ ਅਰਥਸ਼ਾਸਤਰੀ ਪਿਯਰੇ-ਓਲਿਵਿਯਰ ਗੋਰਿਨਸ਼ਾਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਜੰਗੀ ਸੰਘਰਸ਼ ਲੰਮਾ ਚੱਲਦਾ ਹੈ ਅਤੇ ਤੇਲ ਦੀਆਂ ਕੀਮਤਾਂ ਉੱਚੀਆਂ ਬਣੀਆਂ ਰਹਿੰਦੀਆਂ ਹਨ, ਤਾਂ ਗਲੋਬਲ ਆਰਥਿਕ ਗ੍ਰੋਥ ਰੇਟ ਘਟ ਕੇ ਲਗਭਗ 2 ਫ਼ੀਸਦੀ ਤੱਕ ਆ ਸਕਦੀ ਹੈ, ਜਿਸਨੂੰ ਆਮ ਤੌਰ ‘ਤੇ ਗਲੋਬਲ ਮੰਦੀ ਮੰਨਿਆ ਜਾਂਦਾ ਹੈ।
ਆਈ.ਐੱਮ.ਐਫ. ਨੇ ਦੱਸਿਆ ਕਿ ਜੰਗ ਤੋਂ ਪਹਿਲਾਂ ਉਮੀਦ ਸੀ ਕਿ ਇਸ ਸਾਲ ਵਿਸ਼ਵ ਪੱਧਰੀ ਮਹਿੰਗਾਈ 4.1 ਫ਼ੀਸਦੀ ਤੋਂ ਘਟ ਕੇ 3.8 ਫ਼ੀਸਦੀ ਹੋ ਜਾਵੇਗੀ, ਪਰ ਹੁਣ 4.4 ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ।
ਉਧਰ ਹਾਰਵਰਡ ਦੀ ਅਰਥਸ਼ਾਸਤਰੀ ਲਿੰਡਾ ਬਿਲਮਜ਼ ਦਾ ਅਨੁਮਾਨ ਹੈ ਕਿ ਅਮਰੀਕਾ ਨੇ ਇਸ ਯੁੱਧ ’ਤੇ ਕਰੀਬ 1 ਟ੍ਰਿਲੀਅਨ ਡਾਲਰ ਯਾਨੀ 95 ਲੱਖ ਕਰੋੜ ਰੁਪਏ ਖ਼ਰਚ ਕੀਤੇ ਹਨ। ਹਾਲਾਂਕਿ ਅਮਰੀਕੀ ਸਰਕਾਰ ਨੇ 25 ਅਰਬ ਡਾਲਰ ਖ਼ਰਚ ਕਰਨ ਦੀ ਗੱਲ ਕਹੀ ਹੈ। ਦੂਜੇ ਪਾਸੇ ਇਸ ਜੰਗ ਤੋਂ ਚੀਨ ਅਤੇ ਰੂਸ ਨੂੰ ਫ਼ਾਇਦਾ ਮਿਲ ਰਿਹਾ ਹੈ। ਚੀਨ ਇਸ ਜੰਗ ਤੋਂ ਤੁਲਨਾਤਮਕ ਤੌਰ ’ਤੇ ਮਜਬੂਤ ਸਥਿਤੀ ਵਿੱਚ ਦਿਖ ਰਿਹਾ ਹੈ। ਚੀਨ ਨੇ ਪਹਿਲਾਂ ਹੀ ਤੇਲ ਦੇ ਭੰਡਾਰ ਜੋੜ ਰੱਖੇ ਸਨ ਅਤੇ ਬਦਲਵੀਂ ਊਰਜਾ ’ਤੇ ਵੀ ਕਈ ਦਹਾਕਿਆਂ ਤੋਂ ਧਿਆਨ ਦੇ ਰਿਹਾ ਸੀ। ਨਾਲ ਹੀ, ਅਮਰੀਕਾ ਦਾ ਅਕਸ ਕਮਜ਼ੋਰ ਹੋਣ ਨਾਲ ਉਸਨੂੰ ਕੂਟਨੀਤਿਕ ਫ਼ਾਇਦਾ ਮਿਲਿਆ ਹੈ।
ਚੀਨ ਦੀਆਂ ਤੇਲ ਅਤੇ ਗੈਸ ਕੰਪਨੀਆਂ ਵੀ ਮੁਨਾਫ਼ਾ ਕਮਾ ਰਹੀਆਂ ਹਨ। ਸੀ.ਐਨ.ਐਨ. ਮੁਤਾਬਕ 6 ਵੱਡੀਆਂ ਕੰਪਨੀਆਂ ਇਸ ਸਾਲ 94 ਅਰਬ ਡਾਲਰ ਤੱਕ ਦਾ ਲਾਭ ਕਮਾ ਸਕਦੀਆਂ ਹਨ। ਇਸ ਤੋਂ ਇਲਾਵਾ ਇਸ ਜੰਗ ਤੋਂ ਰੂਸ ਦੀ ਅਰਥਵਿਵਸਥਾ ਨੂੰ ਵੀ ਫ਼ਾਇਦਾ ਮਿਲਦਾ ਦਿਖ ਰਿਹਾ ਹੈ। ਤੇਲ ਅਤੇ ਅਨਾਜ ਦੀਆਂ ਉੱਚੀਆਂ ਕੀਮਤਾਂ ਦੀ ਵਜ੍ਹਾ ਨਾਲ ਰੂਸ ਦੀ ਕਮਾਈ ਵਧੀ ਹੈ।
ਨਾਲ ਹੀ ਜਦੋਂ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਸਨ, ਤਦ ਅਮਰੀਕਾ ਨੇ ਸਮੁੰਦਰ ਵਿੱਚ ਮੌਜੂਦ ਰੂਸੀ ਤੇਲ ’ਤੇ ਕੁਝ ਸਮੇਂ ਲਈ ਪਾਬੰਦੀਆਂ ਢਿੱਲੀਆਂ ਕਰ ਦਿੱਤੀਆਂ, ਜਿਸ ਨਾਲ ਸਪਲਾਈ ਵੱਧ ਸਕੇ, ਇਸ ਨਾਲ ਰੂਸ ਨੂੰ ਹੋਰ ਲਾਭ ਹੋਇਆ। ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ.ਈ.ਏ) ਮੁਤਾਬਕ ਮਾਰਚ ਵਿੱਚ ਰੂਸ ਦੀ ਐਨਰਜੀ ਕਮਾਈ ਕਰੀਬ ਦੋਗੁਣੀ ਹੋ ਕੇ 19 ਅਰਬ ਡਾਲਰ ਪਹੁੰਚ ਗਈ, ਜੋ ਫਰਵਰੀ ਵਿੱਚ 9.75 ਅਰਬ ਡਾਲਰ ਸੀ।
ਇਸ ਜੰਗ ਵਿੱਚ ਕੋਈ ਅਸਲੀ ਜੇਤੂ ਨਹੀਂ
ਬਰੂਕਿੰਗਸ ਇੰਸਟੀਟਿਊਟ ਦੀ ਸੀਨੀਅਰ ਫੈਲੋ ਮੇਲਾਨੀ ਸਿਸਨ ਨੇ ਸੀ.ਐਨ.ਐਨ. ਨੂੰ ਕਿਹਾ ਕਿ ਜੰਗ ਵਿੱਚ ਕੋਈ ਅਸਲੀ ਜੇਤੂ ਨਹੀਂ ਹੈ। ਅਮਰੀਕਾ ਨੂੰ ਵੀ ਰਣਨੀਤਿਕ ਲਾਭ ਨਹੀਂ ਮਿਲਿਆ ਹੈ। ਜੰਗ ਦਾ ਅਸਰ ਪੂਰੀ ਦੁਨੀਆ ‘ਤੇ ਦਿਖ ਰਿਹਾ ਹੈ। ਈਰਾਨ, ਲੇਬਨਾਨ ਅਤੇ ਖਾੜੀ ਦੇਸ਼ਾਂ ਤੋਂ ਲੈ ਕੇ ਭਾਰਤ ਤੱਕ ਪੂਰੀ ਦੁਨੀਆ ਦੇ ਲੋਕ ਇਸਦੀ ਕੀਮਤ ਚੁਕਾ ਰਹੇ ਹਨ।
ਈਰਾਨ ਵਿੱਚ ਆਮ ਜਨਤਾ ’ਤੇ ਸਰਕਾਰ ਦੀ ਸਖ਼ਤੀ
ਈਰਾਨ ਦੀ ਸਰਕਾਰ ਨੇ ਵੀ ਅੰਦਰੂਨੀ ਵਿਰੋਧ ’ਤੇ ਸਖ਼ਤੀ ਵਧਾ ਦਿੱਤੀ ਹੈ। ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 600 ਤੋਂ ਵੱਧ ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਦੇਸ਼ ਵਿੱਚ ਅੱਠ ਹਫ਼ਤਿਆਂ ਤੋਂ ਇੰਟਰਨੈੱਟ ਬੰਦ ਹੈ ਅਤੇ ਅਰਥਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜਿਸ ਨਾਲ ਨੌਕਰੀਆਂ ਜਾ ਰਹੀਆਂ ਹਨ ਅਤੇ ਗਰੀਬੀ ਵੱਧ ਰਹੀ ਹੈ।
ਰਿਪੋਰਟ ਮੁਤਾਬਕ ਇਜ਼ਰਾਇਲ ਨੇ ਲੇਬਨਾਨ ਦੇ ਕਰੀਬ 15 ਫ਼ੀਸਦੀ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਉਹ ਇਸ ਇਲਾਕੇ ਨੂੰ ਬਫਰ ਜ਼ੋਨ ਦੇ ਰੂਪ ਵਿੱਚ ਬਣਾਈ ਰੱਖਣਾ ਚਾਹੁੰਦਾ ਹੈ, ਜਦ ਤੱਕ ਹਿਜਬੁੱਲਾਹ ਨੂੰ ਕਮਜ਼ੋਰ ਨਹੀਂ ਕਰ ਦਿੱਤਾ ਜਾਂਦਾ। ਸੀਨੀਅਰ ਪੱਤਰਕਾਰ ਨੋਰਾ ਬੌਸਤਾਨੀ ਦਾ ਕਹਿਣਾ ਹੈ ਕਿ ਲੇਬਨਾਨ ਦੇ ਲੋਕਾਂ ਨੂੰ ਸਭ ਤੋਂ ਵੱਡਾ ਡਰ ਇਹੀ ਹੈ ਕਿ ਦੇਸ਼ ਦਾ ਇੱਕ ਹਿੱਸਾ ਫਿਰ ਲੰਬੇ ਸਮੇਂ ਤੱਕ ਵਿਦੇਸ਼ੀ ਕਬਜ਼ੇ ਵਿੱਚ ਰਹਿ ਸਕਦਾ ਹੈ। ਇਹ ਇਲਾਕਾ ਮੁੱਖ ਤੌਰ ’ਤੇ ਬਾਰਡਰ ਤੋਂ ਲੈ ਕੇ ਲਿਤਾਨੀ ਦਰਿਆ ਤੱਕ ਫੈਲਿਆ ਹੋਇਆ ਹੈ।
ਲੇਬਨਾਨ ਦੇ ਲੋਕ ਕਈ ਦਹਾਕਿਆਂ ਤੋਂ ਹਿਜਬੁੱਲਾਹ ਅਤੇ ਇਜ਼ਰਾਇਲ ਦੇ ਵਿਚਕਾਰ ਚੱਲ ਰਹੇ ਸੰਘਰਸ਼ ਵਿੱਚ ਫਸੇ ਹੋਏ ਹਨ। ਫਰਵਰੀ ਤੱਕ ਇੱਕ ਨਾਜ਼ੁਕ ਸੀਜ਼ਫਾਇਰ ਬਣਿਆ ਹੋਇਆ ਸੀ, ਪਰ ਹਾਲਾਤ ਤਦ ਵਿਗੜ ਗਏ ਜਦ ਇਜ਼ਰਾਇਲ ਨੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾਹ ਅਲੀ ਖਾਮੇਨੇਈ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਹਿਜਬੁੱਲਾਹ ਨੇ ਇਜ਼ਰਾਇਲ ’ਤੇ ਹਮਲੇ ਸ਼ੁਰੂ ਕਰ ਦਿੱਤੇ। ਜਵਾਬ ਵਿੱਚ ਇਜ਼ਰਾਇਲ ਨੇ ਲੇਬਨਾਨ ’ਤੇ ਜ਼ੋਰਦਾਰ ਏਅਰਸਟਰਾਇਕ ਅਤੇ ਜ਼ਮੀਨੀ ਕਾਰਵਾਈ ਸ਼ੁਰੂ ਕੀਤੀ, ਜਿਸਦਾ ਮਕਸਦ ਹਿਜਬੁੱਲਾਹ ਨੂੰ ਖ਼ਤਮ ਕਰਨਾ ਦੱਸਿਆ ਗਿਆ। ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ 2 ਮਾਰਚ ਤੋਂ ਹੁਣ ਤੱਕ ਇਨ੍ਹਾਂ ਹਮਲਿਆਂ ਵਿੱਚ 2500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਸੈਟੇਲਾਈਟ ਤਸਵੀਰਾਂ ਤੋਂ ਸਾਹਮਣੇ ਆਇਆ ਹੈ ਕਿ ਇਜ਼ਰਾਇਲ ਉਹੀ ਰਣਨੀਤੀ ਅਪਣਾ ਰਿਹਾ ਹੈ, ਜੋ ਉਸਨੇ ਪਹਿਲਾਂ ਗਾਜ਼ਾ ਵਿੱਚ ਅਪਣਾਈ ਸੀ। ਯਾਨੀ ਪੂਰੇ ਦੇ ਪੂਰੇ ਪਿੰਡ ਤਬਾਹ ਕਰਨਾ।
ਹਾਲਾਤ ਇੰਨੇ ਖਰਾਬ ਹਨ ਕਿ ਦੱਖਣੀ ਲੇਬਨਾਨ ਦੇ ਕਰੀਬ 6 ਲੱਖ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਇਜ਼ਰਾਇਲ ਨੇ ਸਾਫ ਕਿਹਾ ਹੈ ਕਿ ਜਦ ਤੱਕ ਹਿਜਬੁੱਲਾਹ ਤੋਂ ਉੱਤਰੀ ਇਜ਼ਰਾਇਲ ਨੂੰ ਖ਼ਤਰਾ ਖਤਮ ਨਹੀਂ ਹੁੰਦਾ, ਤਦ ਤੱਕ ਇਨ੍ਹਾਂ ਲੋਕਾਂ ਨੂੰ ਵਾਪਸ ਘਰ ਨਹੀਂ ਜਾਣ ਦਿੱਤਾ ਜਾਵੇਗਾ।
ਖਾੜੀ ਦੇਸ਼ਾਂ ਦੀ ਅਰਥਵਿਵਸਥਾ ’ਤੇ ਅਸਰ
ਖਾੜੀ ਦੇ ਕਈ ਦੇਸ਼ ਵੀ ਇਸ ਜੰਗ ਦੀ ਲਪੇਟ ਵਿੱਚ ਆ ਗਏ ਹਨ। ਸਭ ਤੋਂ ਵੱਧ ਅਸਰ ਯੂ.ਏ.ਈ. ’ਤੇ ਪਿਆ ਹੈ। ਇੱਥੇ ਈਰਾਨ ਨੇ ਸਭ ਤੋਂ ਵੱਧ ਮਿਸਾਈਲ ਅਤੇ ਡਰੋਨ ਹਮਲੇ ਕੀਤੇ। ਹਾਲਾਂਕਿ ਜ਼ਿਆਦਾਤਰ ਹਮਲੇ ਰੋਕ ਦਿੱਤੇ ਗਏ, ਪਰ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਯੂ.ਏ.ਈ. ਦੀ ਇੱਕ ਵੱਡੇ ਬਿਜ਼ਨਸ ਅਤੇ ਟੂਰਿਜ਼ਮ ਹਬ ਵਾਲੀ ਦਿੱਖ ਨੂੰ ਝਟਕਾ ਲੱਗਾ ਹੈ।
ਉਧਰ ਈਰਾਨ ਵੱਲੋਂ ਹੌਰਮੂਜ਼ ਸਟ੍ਰੇਟ ਨੂੰ ਬੰਦ ਕਰਨ ਨਾਲ ਇਰਾਕ, ਕਤਰ ਅਤੇ ਕੁਵੈਤ ਦੀ ਅਰਥਵਿਵਸਥਾ ’ਤੇ ਬੁਰਾ ਅਸਰ ਪਿਆ ਹੈ। ਇਹ ਦੇਸ਼ ਆਪਣੇ ਤੇਲ, ਗੈਸ ਅਤੇ ਹੋਰ ਸਮਾਨ ਦੀ ਸਪਲਾਈ ਲਈ ਇਸੇ ਰਸਤੇ ’ਤੇ ਨਿਰਭਰ ਹਨ। ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ.ਐਮ.ਐਫ.) ਨੇ ਵੀ ਇਨ੍ਹਾਂ ਦੇਸ਼ਾਂ ਦੀ ਆਰਥਿਕ ਗ੍ਰੋਥ ਦੇ ਅਨੁਮਾਨ ਘਟਾ ਦਿੱਤੇ ਹਨ ਅਤੇ ਮੰਨਿਆ ਹੈ ਕਿ ਇਸ ਸਾਲ ਇਰਾਕ, ਕਤਰ ਅਤੇ ਕੁਵੈਤ ਦੀ ਅਰਥਵਿਵਸਥਾ ਸੁੰਗੜ ਸਕਦੀ ਹੈ।
ਅਮਰੀਕਾ ਵਿੱਚ ਮਹਿੰਗਾਈ ਦਾ ਅਸਰ
ਜੰਗ ਨਾਲ ਅਮਰੀਕਾ ਵਿੱਚ ਪੈਟਰੋਲ, ਹਵਾਈ ਟਿਕਟ ਅਤੇ ਕਈ ਸਰਵਿਸਜ਼ ਮਹਿੰਗੀਆਂ ਹੋ ਗਈਆਂ ਹਨ, ਕਿਉਂਕਿ ਕੰਪਨੀਆਂ ਹੁਣ ਕੀਮਤਾਂ ਵਿੱਚ ਫਿਊਲ ਸਰਚਾਰਜ ਜੋੜ ਰਹੀਆਂ ਹਨ। ਮਹਿੰਗਾਈ ਦਰ ਫਰਵਰੀ ਦੇ 2.4 ਫ਼ੀਸਦੀ ਤੋਂ ਵੱਧ ਕੇ ਮਾਰਚ ਵਿੱਚ 3.3 ਫ਼ੀਸਦੀ ਹੋ ਗਈ ਹੈ ਅਤੇ ਲੋਕਾਂ ਦਾ ਭਰੋਸਾ (ਕੰਜ਼ਿਊਮਰ ਸੈਂਟੀਮੈਂਟ) ਤੇਜ਼ੀ ਨਾਲ ਘਟ ਰਿਹਾ ਹੈ। ਬਰੂਕਿੰਗਸ ਇੰਸਟੀਟਿਊਟ ਮੁਤਾਬਕ ਅਮਰੀਕਾ ਦੀ ਅਰਥਵਿਵਸਥਾ ਕਾਫ਼ੀ ਹੱਦ ਤੱਕ ਤੇਲ ’ਤੇ ਨਿਰਭਰ ਹੈ ਜਦਕਿ ਰਿਨਿਊਏਬਲ ਐਨਰਜੀ (ਜਿਵੇਂ ਸੋਲਰ, ਵਿੰਡ) ਵਿੱਚ ਨਿਵੇਸ਼ ਅਜੇ ਵੀ ਘੱਟ ਹੈ ਅਤੇ ਇਹੀ ਹੁਣ ਕਮਜ਼ੋਰੀ ਬਣ ਰਹੀ ਹੈ।
ਗਲੋਬਲ ਗ੍ਰੋਥ ਰੇਟ 3.3 ਫ਼ੀਸਦੀ ਤੋਂ ਘਟ ਕੇ 3.1 ਫ਼ੀਸਦੀ ਹੋਇਆ
ਆਈ.ਐਮ.ਐਫ. ਨੇ ਗਲੋਬਲ ਗ੍ਰੋਥ ਦਾ ਅਨੁਮਾਨ ਵੀ ਘਟਾ ਦਿੱਤਾ ਹੈ। ਹੁਣ ਇਸ ਸਾਲ ਦੁਨੀਆ ਦੀ ਅਰਥਵਿਵਸਥਾ 3.1 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ, ਜਦਕਿ ਜਨਵਰੀ ਵਿੱਚ ਇਹ ਅਨੁਮਾਨ 3.3 ਫ਼ੀਸਦੀ ਸੀ। ਅਨਾਜ ਦੀਆਂ ਕੀਮਤਾਂ ਵਿੱਚ ਵੀ ਤੇਜ਼ ਵਾਧਾ ਹੋਇਆ ਹੈ। ਜਿਨ੍ਹਾਂ ਦੇਸ਼ਾਂ ਵਿੱਚ ਲੋਕ ਖੇਤੀ ’ਤੇ ਵੱਧ ਨਿਰਭਰ ਹਨ ਅਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਖਾਣ ’ਤੇ ਖਰਚ ਕਰਦੇ ਹਨ, ਉਨ੍ਹਾਂ ’ਤੇ ਇਸ ਮਹਿੰਗਾਈ ਦਾ ਅਸਰ ਸਿੱਧਾ ਅਤੇ ਵੱਧ ਪੈਂਦਾ ਹੈ।
ਜੰਗ ਕਾਰਨ ਟਰੰਪ ਦੀ ਲੋਕਪ੍ਰਿਯਤਾ ਘਟੀ
ਡੋਨਾਲਡ ਟਰੰਪ ਲਈ ਇਹ ਜੰਗ ਇੱਕ ਵੱਡਾ ਦਾਅ ਸੀ। ਉਨ੍ਹਾਂ ਨੇ ਇਸਨੂੰ ਜਲਦੀ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਨਾ ਤਾਂ ਈਰਾਨ ਝੁਕਿਆ ਹੈ ਅਤੇ ਨਾ ਹੀ ਜੰਗ ਖ਼ਤਮ ਹੋਈ ਹੈ। ਸੀ.ਐਨ.ਐਨ. ਦੇ ਪੋਲ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੀ ਲੋਕਪ੍ਰਿਯਤਾ ਵੀ ਘਟ ਕੇ 37 ਫ਼ੀਸਦੀ ਰਹਿ ਗਈ ਹੈ।
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸ਼ੁਰੂ ਵਿੱਚ ਰਣਨੀਤਿਕ ਲਾਭ ਮਿਲਿਆ, ਪਰ ਹੁਣ ਉੱਥੇ ਵੀ ਲੋਕ ਮੰਨਦੇ ਹਨ ਕਿ ਜੰਗ ਵਿੱਚ ਜਿੱਤ ਪੱਕੀ ਨਹੀਂ ਹੈ। ਈਰਾਨ ਦੀ ਸੱਤਾ ਨੂੰ ਵੀ ਨੁਕਸਾਨ ਹੋਇਆ ਹੈ ਪਰ ਨਵੀਂ ਲੀਡਰਸ਼ਿਪ ਹੋਰ ਵੱਧ ਹਮਲਾਵਰ ਦਿਖ ਰਹੀ ਹੈ। ਨਾਲ ਹੀ ਹੌਰਮੂਜ਼ ਸਟ੍ਰੇਟ ’ਤੇ ਕੰਟਰੋਲ ਦਿਖਾ ਕੇ ਈਰਾਨ ਨੇ ਗਲੋਬਲ ਦਬਾਅ ਬਣਾਉਣ ਦੀ ਸਮਰੱਥਾ ਦਿਖਾਈ ਹੈ।
