ਖ਼ਾਮੋਸ਼ ਕਾਤਲ: ਕੰਮ ਦਾ ਦਬਾਅ ਲੈ ਰਿਹੈ ਹਰ ਸਾਲ 8.4 ਲੱਖ ਤੋਂ ਵੱਧ ਜਾਨਾਂ

ਖਬਰਾਂ ਵਿਚਾਰ-ਵਟਾਂਦਰਾ

ਪੰਜਾਬੀ ਪਰਵਾਜ਼ ਬਿਊਰੋ
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈ.ਐੱਲ.ਓ.) ਦੀ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੰਮ ਨਾਲ ਜੁੜਿਆ ਵਧਦਾ ਦਬਾਅ ਹਰ ਸਾਲ 8.4 ਲੱਖ ਤੋਂ ਵੱਧ ਜਾਨਾਂ ਨਿਗਲ ਰਿਹਾ ਹੈ। ਕੰਮ ਦਾ ਵਧਦਾ ਦਬਾਅ ਹੁਣ ਸਿਰਫ਼ ਥਕਾਵਟ ਨਹੀਂ ਰਿਹਾ, ਸਗੋਂ ਸਿਹਤ ਲਈ ਇੱਕ ਗੰਭੀਰ ਸੰਕਟ ਬਣਦਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਲੰਮੇ ਕੰਮ ਦੇ ਘੰਟੇ, ਨੌਕਰੀ ਜਾਣ ਦਾ ਡਰ, ਦਫ਼ਤਰ ਵਿੱਚ ਪ੍ਰੇਸ਼ਾਨੀ ਅਤੇ ਲਗਾਤਾਰ ਤਣਾਅ ਵਰਗੇ ਮਨੋ-ਸਮਾਜਿਕ ਖ਼ਤਰੇ ਹਰ ਸਾਲ 8.4 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਰਹੇ ਹਨ।

ਇਹ ਹੀ ਨਹੀਂ, ਇਨ੍ਹਾਂ ਕਾਰਨਾਂ ਕਰਕੇ ਹਰ ਸਾਲ ਲਗਭਗ 4.5 ਕਰੋੜ ਸਿਹਤਮੰਦ ਸਾਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਇਸਦਾ ਮਤਲਬ ਹੈ ਕਿ ਲੱਖਾਂ ਲੋਕ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਬਿਮਾਰੀ, ਤਣਾਅ ਅਤੇ ਸਮੇਂ ਤੋਂ ਪਹਿਲਾਂ ਆਈਆਂ ਮੌਤਾਂ ਵਿੱਚ ਗੁਆ ਰਹੇ ਹਨ।
ਰਿਪੋਰਟ ਦੱਸਦੀ ਹੈ ਕਿ ਇਨ੍ਹਾਂ ਖ਼ਤਰਿਆਂ ਦਾ ਸਿੱਧਾ ਸੰਬੰਧ ਦਿਲ ਦੀਆਂ ਬਿਮਾਰੀਆਂ, ਮਾਨਸਿਕ ਰੋਗਾਂ ਅਤੇ ਇੱਥੋਂ ਤੱਕ ਕਿ ਆਤਮਹੱਤਿਆ ਨਾਲ ਵੀ ਹੈ। ਇਸਦਾ ਅਸਰ ਸਿਰਫ਼ ਮਨੁੱਖੀ ਸਿਹਤ ਤੱਕ ਸੀਮਿਤ ਨਹੀਂ, ਸਗੋਂ ਵਿਸ਼ਵ ਅਰਥਵਿਵਸਥਾ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਅੰਦਾਜ਼ਾ ਹੈ ਕਿ ਇਸ ਕਾਰਨ ਵਿਸ਼ਵ ਦੀ ਕੁੱਲ ਜੀ.ਡੀ.ਪੀ. ਨੂੰ ਲਗਭਗ 1.37 ਫ਼ੀਸਦੀ ਦਾ ਨੁਕਸਾਨ ਹੋ ਰਿਹਾ ਹੈ। ਇਸਦਾ ਮਤਲਬ ਹੈ ਕਿ ਖ਼ਰਾਬ ਕੰਮਕਾਜੀ ਹਾਲਾਤ ਸਿਰਫ਼ ਲੋਕਾਂ ਦੀ ਸਿਹਤ ਨਹੀਂ, ਸਗੋਂ ਦੇਸ਼ਾਂ ਦੀ ਤਰੱਕੀ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ।
ਰਿਪੋਰਟ ਇਹ ਵੀ ਦੱਸਦੀ ਹੈ ਕਿ ਡਿਜੀਟਲ ਤਕਨਾਲੋਜੀ, ਮਸ਼ੀਨੀ ਬੁੱਧੀ (ਏ.ਆਈ.), ਘਰੋਂ ਕੰਮ ਅਤੇ ਨਵੇਂ ਰੋਜ਼ਗਾਰ ਮਾਡਲ ਕੰਮ ਕਰਨ ਦੇ ਤਰੀਕਿਆਂ ਨੂੰ ਤੇਜ਼ੀ ਨਾਲ ਬਦਲ ਰਹੇ ਹਨ। ਇੱਕ ਪਾਸੇ ਇਹ ਬਦਲਾਅ ਲਾਭਦਾਇਕ ਹੋ ਸਕਦੇ ਹਨ, ਪਰ ਜੇ ਇਨ੍ਹਾਂ ਨੂੰ ਠੀਕ ਤਰੀਕੇ ਨਾਲ ਨਾ ਸੰਭਾਲਿਆ ਗਿਆ ਤਾਂ ਇਹ ਤਣਾਅ ਅਤੇ ਮਾਨਸਿਕ ਦਬਾਅ ਨੂੰ ਹੋਰ ਵਧਾ ਸਕਦੇ ਹਨ।
ਰਿਪੋਰਟ ਸਾਫ਼ ਕਹਿੰਦੀ ਹੈ ਕਿ ਜੇ ਕੰਮ ਦੇ ਘੰਟੇ ਸੰਤੁਲਿਤ ਕੀਤੇ ਜਾਣ, ਕਰਮਚਾਰੀਆਂ ਨੂੰ ਸੁਰੱਖਿਆ ਅਤੇ ਇੱਜ਼ਤ ਮਿਲੇ ਅਤੇ ਮਾਨਸਿਕ ਸਿਹਤ ਨੂੰ ਤਰਜੀਹ ਦਿੱਤੀ ਜਾਵੇ, ਤਾਂ ਇਸ ਸੰਕਟ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਹਰ ਸਵੇਰ ਲੋਕ ਆਪਣੀ ਰੋਜ਼ੀ-ਰੋਟੀ ਲਈ ਕੰਮ ’ਤੇ ਜਾਂਦੇ ਹਨ, ਪਰ ਹੁਣ ਉਹੀ ਕੰਮ ਉਨ੍ਹਾਂ ਦੀ ਸਿਹਤ ਅਤੇ ਜ਼ਿੰਦਗੀ ’ਤੇ ਭਾਰੀ ਪੈ ਰਿਹਾ ਹੈ। ਦੁਨੀਆ ਵਿੱਚ ਕੰਮ ਦਾ ਦਬਾਅ, ਅਸੁਰੱਖਿਆ ਅਤੇ ਤਣਾਅ ਹੁਣ ਸਿਰਫ਼ ਥਕਾਵਟ ਨਹੀਂ ਰਹੇ ਸਗੋਂ ਇੱਕ ‘ਖ਼ਾਮੋਸ਼ ਕਾਤਲ’ ਬਣ ਚੁੱਕੇ ਹਨ।

ਟੁੱਟਦਾ ਸਰੀਰ, ਬਿਖਰਦਾ ਮਨ
ਰਿਪੋਰਟ ਦੱਸਦੀ ਹੈ ਕਿ ਇਨ੍ਹਾਂ ਖ਼ਤਰਿਆਂ ਦਾ ਸਭ ਤੋਂ ਵੱਡਾ ਅਸਰ ਦਿਲ ਦੀਆਂ ਬਿਮਾਰੀਆਂ ਅਤੇ ਮਾਨਸਿਕ ਸਮੱਸਿਆਵਾਂ ਦੇ ਰੂਪ ਵਿੱਚ ਹੁੰਦਾ ਹੈ। ਕਈ ਮਾਮਲਿਆਂ ਵਿੱਚ ਲੋਕ ਆਤਮਹੱਤਿਆ ਤੱਕ ਕਰ ਲੈਂਦੇ ਹਨ। ਪਾਠਕਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਕਾਰਨਾਂ ਕਰਕੇ ਹਰ ਸਾਲ ਲਗਭਗ 4.5 ਕਰੋੜ ਸਿਹਤਮੰਦ ਸਾਲਾਂ ਦਾ ਨੁਕਸਾਨ ਹੁੰਦਾ ਹੈ। ਇਹ ਉਹ ਕੀਮਤੀ ਸਾਲ ਹਨ, ਜੋ ਲੋਕ ਆਪਣੇ ਪਰਿਵਾਰ ਨਾਲ ਖੁਸ਼ੀ ਨਾਲ ਬਿਤਾਉਣਾ ਚਾਹੁੰਦੇ ਹਨ, ਪਰ ਕੰਮ ਦਾ ਦਬਾਅ ਉਨ੍ਹਾਂ ਨੂੰ ਇਹ ਮੌਕਾ ਨਹੀਂ ਦਿੰਦਾ। ਇਹ ਸਿਰਫ਼ ਮਨੁੱਖੀ ਦੁੱਖ ਨਹੀਂ, ਸਗੋਂ ਵੱਡਾ ਆਰਥਿਕ ਸੰਕਟ ਵੀ ਹੈ।

‘ਸਾਈਕੋਸੋਸ਼ਲ ਵਰਕਿੰਗ ਐਨਵਾਇਰਨਮੈਂਟ’ ਕੀ ਹੈ?
ਇਹ ਸਿਰਫ਼ ਕੰਮ ਦਾ ਬੋਝ ਨਹੀਂ, ਸਗੋਂ ਪੂਰੀ ਕੰਮ ਪ੍ਰਣਾਲੀ ਨਾਲ ਜੁੜਿਆ ਮਾਮਲਾ ਹੈ। ਕੰਮ ਦੀ ਕਿਸਮ, ਉਸ ’ਤੇ ਤੁਹਾਡਾ ਕਿੰਨਾ ਕੰਟਰੋਲ ਹੈ, ਬੌਸ ਅਤੇ ਸਾਥੀਆਂ ਦਾ ਵਿਹਾਰ ਕਿਵੇਂ ਹੈ ਅਤੇ ਕੰਪਨੀ ਦੀਆਂ ਨੀਤੀਆਂ ਕਿੰਨੀਆਂ ਸੁਰੱਖਿਅਤ ਹਨ; ਇਹ ਸਭ ਇਸ ਵਿੱਚ ਸ਼ਾਮਲ ਹੈ। ਜਦੋਂ ਇਹ ਸੰਤੁਲਨ ਖ਼ਰਾਬ ਹੋ ਜਾਂਦਾ ਹੈ ਤਾਂ ਕੰਮ ਦੀ ਥਾਂ ਤਣਾਅ ਤੇ ਡਰ ਦਾ ਮਾਹੌਲ ਬਣ ਜਾਂਦਾ ਹੈ ਅਤੇ ਇੱਥੋਂ ਹੀ ਸਰੀਰ ਤੇ ਮਨ ਦੀ ਭੱਜ-ਟੁੱਟ ਸ਼ੁਰੂ ਹੋ ਜਾਂਦੀ ਹੈ।

ਵਧਦਾ ਵਰਕ ਸਟ੍ਰੈੱਸ ਕਿਉਂ?
ਰਿਪੋਰਟ ਮੁਤਾਬਕ ਇਸ ਦੇ ਤਿੰਨ ਮੁੱਖ ਕਾਰਨ ਹਨ:
ਕੰਮ ਦੀ ਕਿਸਮ– ਜ਼ਿਆਦਾ ਕੰਮ, ਘੱਟ ਸਾਧਨ ਅਤੇ ਹੁਨਰ ਦਾ ਠੀਕ ਇਸਤੇਮਾਲ ਨਾ ਹੋਣਾ।
ਪ੍ਰਬੰਧਨ ਦੀ ਕਮੀ– ਜ਼ਿੰਮੇਵਾਰੀਆਂ ਅਸਪਸ਼ਟ ਹੋਣਾ ਅਤੇ ਕੰਟਰੋਲ ਘੱਟ ਹੋਣਾ।
ਕੰਮਕਾਜੀ ਮਾਹੌਲ– ਨੌਕਰੀ ਜਾਣ ਦਾ ਡਰ, ਲੰਮੇ ਘੰਟੇ, ਘੱਟ ਤਨਖ਼ਾਹ, ਡਿਜੀਟਲ ਨਿਗਰਾਨੀ ਅਤੇ ਪ੍ਰੇਸ਼ਾਨੀ।
ਇਹ ਸਾਰੇ ਕਾਰਨ ਮਿਲ ਕੇ ਕੰਮ ਨੂੰ ਤਣਾਅ ਅਤੇ ਅਸੁਰੱਖਿਆ ਦਾ ਜਾਲ ਬਣਾ ਦਿੰਦੇ ਹਨ।

ਬਦਲਦੀ ਦੁਨੀਆ, ਵਧਦਾ ਖ਼ਤਰਾ
ਡਿਜੀਟਲ ਤਕਨਾਲੋਜੀ, ਏ.ਆਈ. ਅਤੇ ਘਰੋਂ ਕੰਮ ਵਰਗੇ ਨਵੇਂ ਤਰੀਕੇ ਕੰਮ ਨੂੰ ਬਦਲ ਰਹੇ ਹਨ, ਪਰ ਜੇ ਇਨ੍ਹਾਂ ਨੂੰ ਠੀਕ ਤਰੀਕੇ ਨਾਲ ਨਾ ਸੰਭਾਲਿਆ ਗਿਆ ਤਾਂ ਇਹ ਮਾਨਸਿਕ ਦਬਾਅ ਹੋਰ ਵਧਾ ਸਕਦੇ ਹਨ।

ਹੱਲ ਕੀ ਹੈ?
ਆਈ.ਐੱਲ.ਓ. ਦਾ ਕਹਿਣਾ ਹੈ ਕਿ ਇਹ ਸੰਕਟ ਰੋਕਿਆ ਜਾ ਸਕਦਾ ਹੈ। ਇਸ ਲਈ:
ਕੰਮ ਦੇ ਘੰਟੇ ਸੰਤੁਲਿਤ ਕਰਨੇ
ਕਰਮਚਾਰੀਆਂ ਨੂੰ ਸੁਰੱਖਿਆ ਅਤੇ ਸਤਿਕਾਰ ਦੇਣਾ
ਮਾਨਸਿਕ ਸਿਹਤ ਨੂੰ ਤਰਜੀਹ ਦੇਣੀ
ਫੈਸਲਿਆਂ ਵਿੱਚ ਕਰਮਚਾਰੀਆਂ ਦੀ ਹਿੱਸੇਦਾਰੀ ਵਧਾਉਣੀ
ਇਹ ਕਦਮ ਕੰਮਕਾਜੀ ਥਾਂ ਨੂੰ ਸੁਰੱਖਿਅਤ ਅਤੇ ਮਾਨਵ-ਪੱਖੀ ਬਣਾ ਸਕਦੇ ਹਨ।
ਸੋ; ਇਹ ਸਮਝਣਾ ਜ਼ਰੂਰੀ ਹੈ ਕਿ ਕੰਮ ਸਿਰਫ਼ ਰੋਜ਼ਗਾਰ ਨਹੀਂ ਸਗੋਂ ਜੀਵਨ ਦਾ ਹਿੱਸਾ ਹੈ, ਪਰ ਜੇ ਇਹੀ ਕੰਮ ਜ਼ਿੰਦਗੀ ਖੋਹਣ ਲੱਗ ਪਏ ਤਾਂ ਵਿਕਾਸ ਦਾ ਕੋਈ ਮਤਲਬ ਨਹੀਂ ਰਹਿੰਦਾ। ਸਿਹਤਮੰਦ ਕਰਮਚਾਰੀ ਹੀ ਮਜਬੂਤ ਅਰਥਵਿਵਸਥਾ ਦੀ ਬੁਨਿਆਦ ਹਨ।

Leave a Reply

Your email address will not be published. Required fields are marked *