ਮਹਾ-ਵੰਡ ਵੱਲ ਵਧਦੀ ਦੁਨੀਆ: ਬਦਲ ਰਹੇ ਸੰਸਾਰ ਦੇ ਖ਼ਤਰਨਾਕ ਸੰਕੇਤ

ਵਿਚਾਰ-ਵਟਾਂਦਰਾ

ਰਿਚਰਡ ਮਹਾਪਾਤਰਾ
ਦੁਨੀਆ ਇਸ ਵੇਲੇ ਇੱਕ ਅਜਿਹੇ ਮੋੜ ‘ਤੇ ਖੜੀ ਹੈ, ਜਿੱਥੇ ਹਾਲਾਤ ਬਿਲਕੁਲ ਆਮ ਨਹੀਂ ਰਹੇ। ਗਲੋਬਲ ਪੱਧਰ ’ਤੇ ਵਧ ਰਹੇ ਟਕਰਾਅ, ਜੰਗਾਂ ਅਤੇ ਰਾਜਨੀਤਿਕ ਤਣਾਅ ਨੇ ਮਨੁੱਖਤਾ ਨੂੰ ਇੱਕ ਨਵੇਂ ਪਰ ਖ਼ਤਰਨਾਕ ਯੁੱਗ ਵੱਲ ਧੱਕ ਦਿੱਤਾ ਹੈ, ਜਿਸਨੂੰ ਕਈ ਵਿਦਵਾਨ “ਮਹਾ-ਵੰਡ” ਕਹਿ ਰਹੇ ਹਨ। ਇਹ ਉਹ ਸਮਾਂ ਹੈ, ਜਦੋਂ ਦੁਨੀਆ ਇਕੱਠੀ ਹੋਣ ਦੀ ਬਜਾਏ ਹੌਲੀ-ਹੌਲੀ ਵੱਖ-ਵੱਖ ਖੇਮਿਆਂ ਵਿੱਚ ਵੰਡੀ ਜਾ ਰਹੀ ਹੈ।

ਪਿਛਲੇ ਇੱਕ ਸਾਲ ਦੌਰਾਨ ਦੁਨੀਆ ਨੇ ਵਿਕਾਸ ਦੀਆਂ ਇੱਟਾਂ ਨਾਲੋਂ ਕਈ ਗੁਣਾ ਵੱਧ ਮਿਜ਼ਾਈਲਾਂ ਅਤੇ ਬੰਬਾਂ ਦੀ ਗਿਣਤੀ ਕੀਤੀ ਹੈ। ਜਿੱਥੇ ਇਮਾਰਤਾਂ ਬਣਨੀਆਂ ਸਨ, ਉੱਥੇ ਢਹਿ ਰਹੀਆਂ ਹਨ। ਜਿੱਥੇ ਤਰੱਕੀ ਹੋਣੀ ਸੀ, ਉੱਥੇ ਤਬਾਹੀ ਹੋ ਰਹੀ ਹੈ। ਇਸ ਸਮੇਂ ਕਰੀਬ 35 ਦੇਸ਼ ਕਿਸੇ ਨਾ ਕਿਸੇ ਸੰਘਰਸ਼ ਵਿੱਚ ਫਸੇ ਹੋਏ ਹਨ, ਜੋ ਇਹ ਦਰਸਾਉਂਦਾ ਹੈ ਕਿ ਗਲੋਬਲ ਅਮਨ ਕਿੰਨਾ ਗੰਭੀਰ ਜ਼ਖ਼ਮੀ ਹੋ ਗਿਆ ਹੈ।
ਰੁਝਾਨਾਂ ਦੇ ਉਲਟ, ਹੁਣ ਜੰਗਾਂ ਅਤੇ ਹਿੰਸਕ ਟਕਰਾਅ ਕੁਦਰਤੀ ਆਫ਼ਤਾਂ ਨਾਲੋਂ ਵੱਧ ਲੋਕਾਂ ਨੂੰ ਘਰੋਂ ਬੇਘਰ ਕਰ ਰਹੇ ਹਨ ਤੇ ਉਨ੍ਹਾਂ ਦੀ ਜਾਨ ਲੈ ਰਹੇ ਹਨ। ਲੋਕ ‘ਵਿਸ਼ਵ ਯੁੱਧ’ ਬਾਰੇ ਇੰਟਰਨੈੱਟ `ਤੇ ਵੱਧ ਖੋਜ ਕਰ ਰਹੇ ਹਨ, ਜੋ ਡਰ ਅਤੇ ਅਨਿਸ਼ਚਿਤਤਾ ਨੂੰ ਦਰਸਾਉਂਦਾ ਹੈ। ਵੱਡੇ ਟਕਰਾਵਾਂ ਦਾ ਪੱਧਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਉੱਚੇ ਦਰਜੇ ’ਤੇ ਪਹੁੰਚ ਗਿਆ ਹੈ।
ਪਹਿਲਾਂ ਜਿਸ ਹਾਲਤ ਨੂੰ ‘ਪੌਲੀਕ੍ਰਾਈਸਿਸ’ ਜਾਂ ਬਹੁ-ਸੰਕਟ ਕਿਹਾ ਜਾਂਦਾ ਸੀ, ਹੁਣ ਇਹ ਸਿੱਧੇ ਤੌਰ ‘ਤੇ ‘ਭੂ-ਰਾਜਨੀਤਿਕ ਸੰਕਟ’ ਵਿੱਚ ਬਦਲ ਚੁੱਕੀ ਹੈ। ਜੰਗ ਕਰ ਰਹੇ ਦੇਸ਼ਾਂ ਦੇ ਨੇਤਾ ਆਪਣੇ ਭਾਸ਼ਣਾਂ ਦੀ ਸ਼ੁਰੂਆਤ ਹੀ ਵੈਰੀ ਦੇਸ਼ਾਂ `ਤੇ ਕੀਤੇ ਗਏ ਹਮਲਿਆਂ ਦੀ ਗਿਣਤੀ ਨਾਲ ਕਰਦੇ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਦੁਨੀਆ ਦਾ ਧਿਆਨ ਵਿਕਾਸ ਤੋਂ ਹਟ ਕੇ ਟਕਰਾਅ ਵੱਲ ਮੋੜਿਆ ਜਾ ਰਿਹਾ ਹੈ।
ਸਿਡਨੀ ਵਿੱਚ ਸਥਿਤ ਇੱਕ ਗੈਰ-ਮੁਨਾਫ਼ਾ ਸੰਸਥਾ, ਇੰਸਟੀਟਿਊਟ ਫ਼ਾਰ ਇਕਨਾਮਿਕਸ ਐਂਡ ਪੀਸ (ਆਈ.ਈ.ਪੀ.), ਜੋ ਵਿਸ਼ਵ ਅਮਨ ’ਤੇ ਅਧਿਐਨ ਕਰਦੀ ਹੈ, ਇਸ ਦੌਰ ਨੂੰ ‘ਮਹਾ-ਵੰਡ’ ਦਾ ਨਾਮ ਦਿੰਦੀ ਹੈ। ਇਸ ਸੰਸਥਾ ਅਨੁਸਾਰ 2008 ਦੇ ਵਿਸ਼ਵ ਆਰਥਿਕ ਸੰਕਟ ਤੋਂ ਬਾਅਦ ਹਿੰਸਾ ਵਿੱਚ ਵਾਧਾ ਹੋਇਆ ਅਤੇ ਇਹ ਪਿਛਲੇ 50 ਸਾਲਾਂ ਦਾ ਤੀਜਾ ਵੱਡਾ ਭੂ-ਰਾਜਨੀਤਿਕ ਪੜਾਅ ਹੈ।
ਇੰਸਟੀਟਿਊਟ ਫ਼ਾਰ ਇਕਨਾਮਿਕਸ ਐਂਡ ਪੀਸ ਦੇ ਅੰਕੜਿਆਂ ਮੁਤਾਬਕ ਪਿਛਲੇ 17 ਸਾਲਾਂ ਵਿੱਚੋਂ 13 ਸਾਲ ਅਜਿਹੇ ਰਹੇ ਹਨ, ਜਿੱਥੇ ਵਿਸ਼ਵ ਅਮਨ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ। 1991 ਵਿੱਚ ਠੰਢੇ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਦੁਨੀਆ ਵਿੱਚ ਗਲੋਬਲਾਈਜ਼ੇਸ਼ਨ ਅਤੇ ਖੁੱਲ੍ਹੇ ਬਾਜ਼ਾਰ ਦੀ ਪ੍ਰਕਿਰਿਆ ਤੇਜ਼ੀ ਨਾਲ ਵਧੀ ਸੀ, ਪਰ 2008 ਦੇ ਆਰਥਿਕ ਸੰਕਟ ਨੇ ਇਸ ਦਿਸ਼ਾ ਨੂੰ ਬਦਲ ਦਿੱਤਾ ਅਤੇ ਇੱਕ ਨਵਾਂ ਅਸਥਿਰ ਦੌਰ ਸ਼ੁਰੂ ਹੋ ਗਿਆ।
ਕਈ ਸਰਵੇਖਣ ਦੱਸਦੇ ਹਨ ਕਿ ਅੱਜ ਦੇ ਭੂ-ਰਾਜਨੀਤਿਕ ਖ਼ਤਰੇ ਠੰਢੇ ਯੁੱਧ ਦੇ ਸਮੇਂ ਨਾਲੋਂ ਵੀ ਵੱਧ ਹਨ। ਗਲੋਬਲਾਈਜ਼ੇਸ਼ਨ ਹੁਣ ਸੀਮਿਤ ਵਪਾਰਕ ਸਮਝੌਤਿਆਂ ਤੱਕ ਹੀ ਰਹਿ ਗਿਆ ਹੈ। ਵੱਡੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਪਿੱਛੇ ਛੱਡ ਕੇ ਹੁਣ ਛੋਟੇ-ਛੋਟੇ ਦੇਸ਼ਾਂ ਦੇ ਗਰੁੱਪ ਬਣ ਰਹੇ ਹਨ, ਜਿਨ੍ਹਾਂ ਨੂੰ ‘ਮਿਨੀਲੈਟਰਲ’ ਪ੍ਰਬੰਧ ਕਿਹਾ ਜਾਂਦਾ ਹੈ।
ਇੰਸਟੀਟਿਊਟ ਫ਼ਾਰ ਇਕਨਾਮਿਕਸ ਐਂਡ ਪੀਸ ਦੀ ਰਿਪੋਰਟ ਦੱਸਦੀ ਹੈ ਕਿ ਇਹ ਨਵਾਂ ਦੌਰ ਕਿਸੇ ਇੱਕ ਦਿਨ ਵਿੱਚ ਨਹੀਂ ਆਇਆ, ਸਗੋਂ ਪਿਛਲੇ 15 ਸਾਲਾਂ ਦੌਰਾਨ ਹੌਲੀ-ਹੌਲੀ ਵਧਦੇ ਤਣਾਅ ਦਾ ਨਤੀਜਾ ਹੈ। ਵਪਾਰ ’ਤੇ ਟੈਕਸ (ਟੈਰਿਫ਼), ਬਰਾਮਦ-ਦਰਾਮਦ ’ਤੇ ਰੋਕਾਂ, ਨਿਵੇਸ਼ ’ਤੇ ਪਾਬੰਦੀਆਂ ਅਤੇ ਮਾਈਗ੍ਰੇਸ਼ਨ ਤੇ ਪੂੰਜੀ ’ਤੇ ਕੰਟਰੋਲ ਵਧਦੇ ਗਏ ਹਨ।
ਇਸਦੇ ਨਾਲ ਹੀ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ- ਅਮਰੀਕਾ ਅਤੇ ਚੀਨ ਦਾ ਪ੍ਰਭਾਵ ਵੀ 2015 ਤੋਂ ਬਾਅਦ ਘਟਣਾ ਸ਼ੁਰੂ ਹੋਇਆ ਹੈ। ਇਸਦੀ ਥਾਂ ‘ਦਰਮਿਆਨੇ ਪੱਧਰ ਦੀਆਂ ਤਾਕਤਾਂ’ ਉਭਰ ਰਹੀਆਂ ਹਨ, ਜੋ ਵੱਡੀਆਂ ਤਾਕਤਾਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਇਹ ਹਾਲਾਤ ਹੋਰ ਟਕਰਾਅ ਅਤੇ ਖ਼ਤਰੇ ਪੈਦਾ ਕਰ ਰਹੇ ਹਨ।
ਰਿਪੋਰਟ ਮੁਤਾਬਕ ਇਸ ਤਬਦੀਲੀ ਨਾਲ ਵਿਕਾਸਸ਼ੀਲ ਦੇਸ਼ਾਂ ਵਿੱਚ ਮੁਕਾਬਲਾ ਹੋਰ ਤੇਜ਼ ਹੋ ਗਿਆ ਹੈ। ਇਹ ਦੇਸ਼ ਸਹਾਇਤਾ, ਨਿਵੇਸ਼ ਅਤੇ ਸੁਰੱਖਿਆ ਸਾਂਝੇਦਾਰੀਆਂ ਰਾਹੀਂ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ‘ਪ੍ਰਾਕਸੀ ਜੰਗਾਂ’ ਵਿੱਚ ਵਾਧਾ ਹੋਇਆ ਹੈ। 2010 ਤੋਂ ਬਾਅਦ ਅਜਿਹੇ ਅੰਦਰੂਨੀ ਟਕਰਾਵਾਂ ਵਿੱਚ, ਜਿੱਥੇ ਬਾਹਰੀ ਦੇਸ਼ ਫ਼ੌਜੀ ਸਹਾਇਤਾ ਦਿੰਦੇ ਹਨ, ਲਗਭਗ 175 ਫ਼ੀਸਦੀ ਵਾਧਾ ਹੋਇਆ ਹੈ।
ਅਮਨ ਬਣਾਉਣ ਦੀ ਪ੍ਰਕਿਰਿਆ ਵੀ ਕਮਜ਼ੋਰ ਹੋ ਰਹੀ ਹੈ। 1970 ਦੇ ਦਹਾਕੇ ਵਿੱਚ ਜਿੱਥੇ 23 ਫ਼ੀਸਦੀ ਸੰਘਰਸ਼ ਸ਼ਾਂਤੀ ਸਮਝੌਤਿਆਂ ਨਾਲ ਖ਼ਤਮ ਹੁੰਦੇ ਸਨ, ਉੱਥੇ 2010 ਦੇ ਦਹਾਕੇ ਵਿੱਚ ਇਹ ਅੰਕੜਾ ਘਟ ਕੇ ਸਿਰਫ਼ 4 ਫ਼ੀਸਦੀ ਰਹਿ ਗਿਆ। ਇਸਦਾ ਮਤਲਬ ਹੈ ਕਿ ਜੰਗਾਂ ਹੁਣ ਜ਼ਿਆਦਾ ਲੰਬੀਆਂ ਅਤੇ ਖ਼ਤਰਨਾਕ ਬਣ ਰਹੀਆਂ ਹਨ।
1991 ਤੋਂ ਬਾਅਦ ਫ਼ੌਜੀ ਖ਼ਰਚੇ ਲਗਾਤਾਰ ਵਧ ਰਹੇ ਹਨ। 2022 ਵਿੱਚ ਰੂਸ ਵੱਲੋਂ ਯੂਕਰੇਨ ’ਤੇ ਹਮਲੇ ਤੋਂ ਬਾਅਦ ਯੂਰਪ ਦੇ ਕਈ ਦੇਸ਼ਾਂ ਨੇ ਆਪਣੇ ਰੱਖਿਆ ਬਜਟ ਵਿੱਚ ਵੱਡਾ ਵਾਧਾ ਕੀਤਾ ਹੈ। ਇਸਦਾ ਸਿੱਧਾ ਅਸਰ ਇਹ ਹੋਇਆ ਹੈ ਕਿ ਵਿਕਾਸ ਅਤੇ ਮੌਸਮੀ ਤਬਦੀਲੀ ਨਾਲ ਜੁੜੇ ਕੰਮਾਂ ਲਈ ਘੱਟ ਪੈਸਾ ਬਚਦਾ ਹੈ।
ਯੂਰਪ ਦੀਆਂ ਕਈ ਵਿਕਸਿਤ ਅਰਥਵਿਵਸਥਾਵਾਂ ਨੇ ਸਿੱਖਿਆ ਅਤੇ ਸਿਹਤ ’ਤੇ ਖਰਚ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਨਿਸ਼ਾਨਿਆਂ (Sਧਘਸ) ਨੂੰ ਵੇਖ ਕੇ ਇਹ ਸਪਸ਼ਟ ਹੁੰਦਾ ਹੈ ਕਿ ਜਿਹੜੇ ਦੇਸ਼ ਟਕਰਾਅ ਵਿੱਚ ਫਸੇ ਹਨ, ਉਹ ਇਹ ਨਿਸ਼ਾਨੇ ਹਾਸਲ ਨਹੀਂ ਕਰ ਸਕਣਗੇ। ਅਧਿਐਨ ਇਹ ਵੀ ਦੱਸਦੇ ਹਨ ਕਿ ਜੰਗਾਂ ਦੀ ਸਭ ਤੋਂ ਵੱਡੀ ਕੀਮਤ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਚੁਕਾਉਣੀ ਪੈਂਦੀ ਹੈ। ਇਸਦਾ ਅਸਰ ਦਹਾਕਿਆਂ ਤੱਕ ਰਹਿੰਦਾ ਹੈ ਅਤੇ ਵਿਕਾਸ ਦੀ ਗਤੀ ਕਈ ਸਾਲ ਪਿੱਛੇ ਚਲੀ ਜਾਂਦੀ ਹੈ।
ਕੁੱਝ ਹੋਰ ਖ਼ਤਰਨਾਕ ਤੱਥ ਵੀ ਹਨ; ਜਿਵੇਂ ਦੁਨੀਆ ਭਰ ਵਿੱਚ ਹਥਿਆਰਾਂ ਦੀ ਖਰੀਦ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਦੀ ਗਿਣਤੀ ਅਤੇ ਤਣਾਅ- ਦੋਵੇਂ ਵਧ ਰਹੇ ਹਨ, ਇੰਟਰਨੈੱਟ ਤੇ ਸਾਈਬਰ ਜੰਗ ਵੀ ਨਵੇਂ ਖ਼ਤਰੇ ਵਜੋਂ ਉਭਰ ਰਹੇ ਹਨ ਅਤੇ ਆਰਥਿਕ ਪਾਬੰਦੀਆਂ (ਸੈਂਕਸ਼ਨ) ਹੁਣ ਜੰਗਾਂ ਦਾ ਇੱਕ ਨਵਾਂ ਹਥਿਆਰ ਬਣ ਗਈਆਂ ਹਨ।
ਸੋ, ਨਤੀਜਾ ਇਹ ਹੈ ਕਿ ਦੁਨੀਆ ਇਸ ਵੇਲੇ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਹੀ ਹੈ, ਜਿੱਥੇ ਇਕੱਠ ਅਤੇ ਸਹਿਯੋਗ ਦੀ ਥਾਂ ਵੰਡ ਤੇ ਟਕਰਾਅ ਵੱਧ ਰਹੇ ਹਨ। ‘ਮਹਾ-ਵੰਡ’ ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਇਸ ਸਮੇਂ ਦੀ ਤਲਖ਼ ਹਕੀਕਤ ਹੈ।
ਜੇਕਰ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਦੁਨੀਆ ਹੋਰ ਵੱਧ ਖੇਮਿਆਂ ਵਿੱਚ ਵੰਡੀ ਜਾ ਸਕਦੀ ਹੈ, ਜਿਸਦਾ ਨੁਕਸਾਨ ਸਾਰੀ ਮਨੁੱਖਤਾ ਨੂੰ ਭੁਗਤਣਾ ਪਵੇਗਾ। ਇਸ ਲਈ ਅੱਜ ਦੀ ਸਭ ਤੋਂ ਵੱਡੀ ਲੋੜ ਹੈ- ਅਮਨ, ਸਹਿਯੋਗ ਅਤੇ ਸੰਵਾਦ; ਤਾਂ ਜੋ ਦੁਨੀਆ ਨੂੰ ਇਸ ਖ਼ਤਰਨਾਕ ਸੰਕਟ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *