ਵੰਨ-ਸੁਵੰਨਤਾ ਖੁਸ਼ਹਾਲੀ ਦੀ ਨਿਸ਼ਾਨੀ ਹੈ, ਪਰ ਗ਼ੈਰ-ਬਰਾਬਰੀ ਨਾਕਾਮੀ ਦੀ
ਰਾਜੇਂਦਰਨ ਨਾਰਾਇਣਨ
(ਉੱਘੇ ਸਮਾਜ-ਸ਼ਾਸਤਰੀ)
ਗ਼ੈਰ-ਬਰਾਬਰੀ ਸਿਰਫ਼ ਨੈਤਿਕ ਸਮੱਸਿਆ ਨਹੀਂ, ਇਹ ਦੇਸ਼ ਦੀ ਤਰੱਕੀ ਵਿੱਚ ਵੀ ਵੱਡੀ ਰੁਕਾਵਟ ਹੈ। ਭਾਰਤ ਵਿੱਚ ਗ਼ੈਰ-ਬਰਾਬਰੀ ਦੇ ਕਈ ਰੂਪ ਹਨ, ਪਰ ਚਾਰ ਵੱਡੇ ਰੂਪ ਹਨ- ਜਾਤ, ਧਰਮ, ਲਿੰਗ ਅਤੇ ਆਰਥਿਕ ਗ਼ੈਰ-ਬਰਾਬਰੀ। ਇਨ੍ਹਾਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਸਾਲ 1955 ਵਿੱਚ ਮਸ਼ਹੂਰ ਕਵੀ ਰਾਮਧਾਰੀ ਸਿੰਘ ‘ਦਿਨਕਰ’ ਦੀ ਕਿਤਾਬ ‘ਸੰਸਕ੍ਰਿਤੀ ਕੇ ਚਾਰ ਅਧਿਆਇ’ ਛਪੀ ਸੀ। ਇਸ ਕਿਤਾਬ ਵਿੱਚ ਦਿਨਕਰ ਨੇ ਦੱਸਿਆ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਸਹਿਣਸ਼ੀਲਤਾ ਹੈ। ਉਨ੍ਹਾਂ ਦੇ ਅਨੁਸਾਰ ਭਾਰਤ ਕਿਸੇ ਇੱਕ ਸੋਚ ਦਾ ਦੇਸ਼ ਨਹੀਂ, ਸਗੋਂ ਕਈ ਵਿਚਾਰਾਂ ਅਤੇ ਪਰੰਪਰਾਵਾਂ ਦਾ ਸੁੰਦਰ ਮੇਲ ਹੈ।
ਭਾਰਤ ਦੀ ਖ਼ੂਬਸੂਰਤੀ ਇਹ ਹੈ ਕਿ ਇੱਥੇ ਵੱਖ-ਵੱਖ ਧਰਮਾਂ, ਭਾਸ਼ਾਵਾਂ, ਪਹਿਰਾਵਿਆਂ ਅਤੇ ਰਿਵਾਜਾਂ ਵਾਲੇ ਲੋਕ ਇਕੱਠੇ ਰਹਿੰਦੇ ਹਨ। ਇਹ ਵੰਨ-ਸੁਵੰਨਤਾ ਹੀ ਸਾਡੀ ਤਾਕਤ ਹੈ; ਪਰ ਜਦੋਂ ਸਮਾਜ ਵਿੱਚ ਕੁਝ ਲੋਕਾਂ ਨੂੰ ਵੱਧ ਮੌਕੇ ਮਿਲਣ ਅਤੇ ਕੁਝ ਲੋਕ ਹਮੇਸ਼ਾ ਪਿੱਛੇ ਰਹਿ ਜਾਣ, ਤਦ ਇਹ ਵੰਨ-ਸੁਵੰਨਤਾ ਨਹੀਂ ਰਹਿੰਦੀ, ਸਗੋਂ ਗ਼ੈਰ-ਬਰਾਬਰੀ ਬਣ ਜਾਂਦੀ ਹੈ।
ਅੱਜ ਦੇ ਭਾਰਤ ਵਿੱਚ ਇੱਕ ਹੋਰ ਵੱਡਾ ਫ਼ਰਕ ਵੀ ਨਜ਼ਰ ਆਉਂਦਾ ਹੈ- ਗ਼ੈਰ-ਬਰਾਬਰੀ। ਇਹ ਵੀ ਇੱਕ ਤਰ੍ਹਾਂ ਦਾ ਵੱਖਰਾਪਣ ਹੀ ਹੈ, ਪਰ ਗ਼ੈਰ-ਬਰਾਬਰੀ ਦੇਸ਼ ਦੀ ਤਰੱਕੀ ਲਈ ਰੁਕਾਵਟ ਬਣ ਰਹੀ ਹੈ। ਗ਼ੈਰ-ਬਰਾਬਰੀ ਸਿਰਫ਼ ਗ਼ਲਤ ਨਹੀਂ, ਇਹ ਆਰਥਿਕ ਵਿਕਾਸ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਜਾਤ, ਧਰਮ, ਲਿੰਗ ਅਤੇ ਪੈਸੇ ਦੀ ਗ਼ੈਰ-ਬਰਾਬਰੀ ਆਪਸ ਵਿੱਚ ਜੁੜੀਆਂ ਹੋਈਆਂ ਹਨ। ਜਿਸ ਸਮਾਜ ਵਿੱਚ ਹਰ ਵਿਅਕਤੀ ਨੂੰ ਬਰਾਬਰ ਮੌਕੇ ਨਹੀਂ ਮਿਲਦੇ, ਉਹ ਸਮਾਜ ਕਦੇ ਵੀ ਪੂਰੀ ਤਰ੍ਹਾਂ ਤਰੱਕੀ ਨਹੀਂ ਕਰ ਸਕਦਾ।
ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਜਾਤ ਦੇ ਆਧਾਰ ’ਤੇ ਭੇਦਭਾਵ ਦਾ ਸਾਹਮਣਾ ਕਰਦੇ ਹਨ। ਕਈ ਥਾਵਾਂ ’ਤੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡਿਆ ਜਾਂਦਾ ਹੈ। ਔਰਤਾਂ ਨੂੰ ਮਰਦਾਂ ਦੇ ਬਰਾਬਰ ਮੌਕੇ ਨਹੀਂ ਮਿਲਦੇ। ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਨਹੀਂ ਮਿਲਦੀਆਂ। ਇਹ ਸਾਰੀਆਂ ਗੱਲਾਂ ਮਿਲ ਕੇ ਸਮਾਜ ਵਿੱਚ ਗ਼ੈਰ-ਬਰਾਬਰੀ ਨੂੰ ਹੋਰ ਵਧਾਉਂਦੀਆਂ ਹਨ।
ਪਹਿਲਾ ਹਿੱਸਾ – ਜਾਤੀ ਗ਼ੈਰ-ਬਰਾਬਰੀ
1901 ਵਿੱਚ ਜਦੋਂ ਭਾਰਤ ’ਤੇ ਅੰਗਰੇਜ਼ਾਂ ਦਾ ਰਾਜ ਸੀ, ਉਸ ਸਮੇਂ ਦੇ ਅੰਕੜਿਆਂ ਮੁਤਾਬਕ ਬ੍ਰਾਹਮਣਾਂ ਅਤੇ ਦਲਿਤਾਂ ਦੀ ਪੜ੍ਹਾਈ ਵਿੱਚ ਬਹੁਤ ਵੱਡਾ ਫ਼ਰਕ ਸੀ। ਜਿਥੇ ਲਗਭਗ 60 ਫ਼ੀਸਦੀ ਬ੍ਰਾਹਮਣ ਮਰਦ ਪੜ੍ਹੇ-ਲਿਖੇ ਸਨ, ਉੱਥੇ ਦਲਿਤ ਮਰਦਾਂ ਵਿੱਚ ਇਹ ਗਿਣਤੀ 1 ਫ਼ੀਸਦੀ ਤੋਂ ਵੀ ਘੱਟ ਸੀ। ਬ੍ਰਾਹਮਣ ਔਰਤਾਂ ਵਿੱਚ 5 ਫ਼ੀਸਦੀ ਪੜ੍ਹੀਆਂ-ਲਿਖੀਆਂ ਸਨ, ਪਰ ਦਲਿਤ ਔਰਤਾਂ ਵਿੱਚ ਲਗਭਗ ਕੋਈ ਵੀ ਪੜ੍ਹੀ-ਲਿਖੀ ਨਹੀਂ ਸੀ।
ਸਾਲ 2011 ਦੀ ਜਨਗਣਨਾ ਮੁਤਾਬਕ ਹੁਣ ਹਰ 3 ਦਲਿਤ ਮਰਦਾਂ ਵਿੱਚੋਂ 2 ਪੜ੍ਹੇ-ਲਿਖੇ ਹਨ ਅਤੇ ਦਲਿਤ ਔਰਤਾਂ ਵਿੱਚ 56 ਫ਼ੀਸਦੀ ਸਾਖਰ ਹਨ। ਇਹ ਪਹਿਲਾਂ ਨਾਲੋਂ ਚੰਗੀ ਗੱਲ ਹੈ, ਪਰ ਜਿੰਨੀ ਤੇਜ਼ੀ ਨਾਲ ਸੁਧਾਰ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਅੱਜ ਵੀ ਬਹੁਤ ਸਾਰੇ ਦਲਿਤ ਲੋਕ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ। 2021 ਦੇ ਅੰਕੜਿਆਂ ਮੁਤਾਬਕ ਜਿੱਥੇ ਆਮ ਵਰਗ ਦੇ 8 ਫ਼ੀਸਦੀ ਤੋਂ ਘੱਟ ਲੋਕ ਦਿਹਾੜੀ ਕਰਦੇ ਹਨ, ਉੱਥੇ 35 ਫ਼ੀਸਦੀ ਤੋਂ ਵੱਧ ਦਲਿਤ ਮਜ਼ਦੂਰ ਦਿਹਾੜੀ ’ਤੇ ਨਿਰਭਰ ਹਨ।
ਇਸ ਦਾ ਸਿੱਧਾ ਮਤਲਬ ਹੈ ਕਿ ਜਿਸ ਕੋਲ ਪੜ੍ਹਾਈ ਹੈ, ਉਸ ਕੋਲ ਵਧੀਆ ਨੌਕਰੀ ਅਤੇ ਵਧੀਆ ਕਮਾਈ ਦੇ ਮੌਕੇ ਹੁੰਦੇ ਹਨ। ਜਿਨ੍ਹਾਂ ਕੋਲ ਪੈਸਾ ਅਤੇ ਸਿੱਖਿਆ ਹੁੰਦੀ ਹੈ, ਉਨ੍ਹਾਂ ਦੀ ਸਮਾਜ ਅਤੇ ਪ੍ਰਸ਼ਾਸਨ ਵਿੱਚ ਪਹੁੰਚ ਵੀ ਵੱਧ ਹੁੰਦੀ ਹੈ। ਭਾਵੇਂ ਬ੍ਰਾਹਮਣਾਂ ਦੀ ਗਿਣਤੀ ਘੱਟ ਹੈ, ਪਰ ਸਿੱਖਿਆ ਅਤੇ ਮੌਕਿਆਂ ਵਿੱਚ ਉਹ ਕਾਫ਼ੀ ਅੱਗੇ ਰਹੇ ਹਨ। ਇਸ ਕਰਕੇ ਸਮੇਂ ਦੇ ਨਾਲ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਤਾਕਤ ਹੋਰ ਵਧਦੀ ਗਈ।
ਇਸ ਗ਼ੈਰ-ਬਰਾਬਰੀ ਦਾ ਅਸਰ ਸਿਰਫ਼ ਨੌਕਰੀਆਂ ਜਾਂ ਪੈਸੇ ਤੱਕ ਸੀਮਿਤ ਨਹੀਂ ਰਹਿੰਦਾ। ਇਸ ਦਾ ਅਸਰ ਲੋਕਾਂ ਦੇ ਆਤਮ-ਵਿਸ਼ਵਾਸ, ਜੀਵਨ-ਪੱਧਰ ਅਤੇ ਸਮਾਜਿਕ ਇੱਜ਼ਤ ’ਤੇ ਵੀ ਪੈਂਦਾ ਹੈ। ਜਦੋਂ ਕਿਸੇ ਵਰਗ ਨੂੰ ਲੰਮੇ ਸਮੇਂ ਤੱਕ ਮੌਕੇ ਨਹੀਂ ਮਿਲਦੇ, ਤਾਂ ਉਹ ਪਿੱਛੇ ਰਹਿ ਜਾਂਦਾ ਹੈ ਅਤੇ ਇਹ ਹਾਲਤ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ।
ਦੂਜਾ ਹਿੱਸਾ – ਧਰਮ ਦੇ ਆਧਾਰ ’ਤੇ ਗ਼ੈਰ-ਬਰਾਬਰੀ
2006 ਵਿੱਚ ਸੱਚਰ ਕਮੇਟੀ ਨੇ ਮੁਸਲਿਮ ਭਾਈਚਾਰੇ ਦੀ ਸਮਾਜਿਕ ਅਤੇ ਆਰਥਿਕ ਹਾਲਤ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ। ਭਾਰਤ ਦੀ ਕੁੱਲ ਆਬਾਦੀ ਵਿੱਚ ਲਗਭਗ 14 ਫ਼ੀਸਦੀ ਮੁਸਲਮਾਨ ਹਨ, ਪਰ ਉਸ ਵੇਲੇ 31 ਫ਼ੀਸਦੀ ਮੁਸਲਮਾਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਸਨ; ਜਦਕਿ ਦੇਸ਼ ਦੀ ਕੁੱਲ ਗ਼ਰੀਬ ਆਬਾਦੀ 23 ਫ਼ੀਸਦੀ ਸੀ।
ਆਮ ਹਿੰਦੂ ਵਰਗ ਦੇ ਲੋਕਾਂ ਦਾ ਪ੍ਰਤੀ ਵਿਅਕਤੀ ਮਹੀਨਾਵਾਰ ਖਰਚਾ 1469 ਰੁਪਏ ਸੀ, ਪਰ ਮੁਸਲਮਾਨਾਂ ਲਈ ਇਹ ਸਿਰਫ਼ 800 ਰੁਪਏ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਮੁਸਲਮਾਨ ਆਰਥਿਕ ਤੌਰ ’ਤੇ ਕਾਫ਼ੀ ਪਿੱਛੇ ਸਨ। ਨੌਕਰੀਆਂ ਵਿੱਚ ਵੀ ਉਨ੍ਹਾਂ ਦੀ ਹਿੱਸੇਦਾਰੀ ਘੱਟ ਸੀ ਅਤੇ ਦੁੱਖ ਦੀ ਗੱਲ ਇਹ ਹੈ ਕਿ 20 ਸਾਲ ਬਾਅਦ ਵੀ ਉਨ੍ਹਾਂ ਦੀ ਹਾਲਤ ਵਿੱਚ ਵੱਡਾ ਸੁਧਾਰ ਨਹੀਂ ਆਇਆ। ਰਿਸਰਚ ਦੱਸਦੀ ਹੈ ਕਿ ਪੱਖਪਾਤ ਤੇ ਭੇਦਭਾਵ ਕਰਕੇ ਮੁਸਲਿਮ ਮਰਦਾਂ ਨੂੰ ਪੱਕੀਆਂ ਨੌਕਰੀਆਂ ਘੱਟ ਮਿਲਦੀਆਂ ਹਨ ਅਤੇ ਉਨ੍ਹਾਂ ਦੀ ਤਨਖ਼ਾਹ ਵੀ ਆਮ ਹਿੰਦੂ ਮਰਦਾਂ ਨਾਲੋਂ ਘੱਟ ਹੁੰਦੀ ਹੈ।
ਧਰਮ ਦੇ ਨਾਂ ’ਤੇ ਵੰਡ ਅਤੇ ਨਫ਼ਰਤ ਦਾ ਮਾਹੌਲ ਸਮਾਜ ਲਈ ਖ਼ਤਰਨਾਕ ਹੁੰਦਾ ਹੈ। ਜਦੋਂ ਲੋਕ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗਦੇ ਹਨ, ਤਾਂ ਦੇਸ਼ ਦੀ ਏਕਤਾ ਕਮਜ਼ੋਰ ਹੁੰਦੀ ਹੈ। ਇਸ ਨਾਲ ਸਿਰਫ਼ ਸਮਾਜਿਕ ਨੁਕਸਾਨ ਨਹੀਂ ਹੁੰਦਾ, ਸਗੋਂ ਦੇਸ਼ ਦੀ ਆਰਥਿਕ ਤਰੱਕੀ ਵੀ ਪ੍ਰਭਾਵਿਤ ਹੁੰਦੀ ਹੈ।
“ਹਿੰਦੂ ਖ਼ਤਰੇ ਵਿੱਚ ਹੈ” – ਕੀ ਇਹ ਸੱਚ ਹੈ?
ਅਕਸਰ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇੱਕ ਦਿਨ ਉਹ ਹਿੰਦੂਆਂ ਤੋਂ ਵੱਧ ਹੋ ਜਾਣਗੇ; ਪਰ ਅੰਕੜੇ ਕੁਝ ਹੋਰ ਦੱਸਦੇ ਹਨ। 1992 ਵਿੱਚ ਹਿੰਦੂਆਂ ਦੀ ਜਨਣ ਦਰ 3.3 ਸੀ ਅਤੇ ਮੁਸਲਮਾਨਾਂ ਦੀ 4.4 ਪਰ 2021 ਤੱਕ ਹਿੰਦੂਆਂ ਦੀ ਦਰ 1.94 ਰਹਿ ਗਈ ਅਤੇ ਮੁਸਲਮਾਨਾਂ ਦੀ 2.3 ਹੋ ਗਈ। ਮਤਲਬ ਦੋਹਾਂ ਵਿੱਚ ਗਿਰਾਵਟ ਆ ਰਹੀ ਹੈ ਅਤੇ ਮੁਸਲਮਾਨਾਂ ਦੀ ਦਰ ਹੋਰ ਤੇਜ਼ੀ ਨਾਲ ਘਟ ਰਹੀ ਹੈ।
ਇਹ ਵੀ ਸਾਫ਼ ਹੈ ਕਿ ਜਨਣ ਦਰ ਦਾ ਸਬੰਧ ਧਰਮ ਨਾਲੋਂ ਵੱਧ ਸਿੱਖਿਆ ਅਤੇ ਰਾਜ ਦੇ ਵਿਕਾਸ ਨਾਲ ਹੁੰਦਾ ਹੈ। ਉਦਾਹਰਨ ਲਈ, ਤਾਮਿਲਨਾਡੂ ਵਿੱਚ ਹਿੰਦੂਆਂ ਦੀ ਜਨਣ ਦਰ 1.52 ਅਤੇ ਮੁਸਲਮਾਨਾਂ ਦੀ 1.86 ਹੈ; ਜਦਕਿ ਬਿਹਾਰ ਵਿੱਚ ਹਿੰਦੂਆਂ ਦੀ 2.9 ਅਤੇ ਮੁਸਲਮਾਨਾਂ ਦੀ 3.3 ਹੈ। ਇਸ ਦਾ ਮਤਲਬ ਹੈ ਕਿ ਵਿਕਾਸ ਅਤੇ ਸਿੱਖਿਆ ਜਨਸੰਖਿਆ ’ਤੇ ਵੱਧ ਅਸਰ ਪਾਉਂਦੇ ਹਨ।
ਇਸ ਲਈ “ਹਿੰਦੂ ਖ਼ਤਰੇ ਵਿੱਚ ਹੈ” ਵਾਲੀ ਗੱਲ ਲੋਕਾਂ ਵਿੱਚ ਡਰ ਅਤੇ ਗ਼ਲਤਫ਼ਹਿਮੀ ਪੈਦਾ ਕਰਨ ਵਾਲੀ ਹੈ। ਦਰਅਸਲ, ਜਾਤ, ਧਰਮ, ਪਿੰਡ-ਸ਼ਹਿਰ, ਮਰਦ-ਔਰਤ, ਜ਼ਮੀਨ ਅਤੇ ਭਾਸ਼ਾ ਦੇ ਆਧਾਰ ’ਤੇ ਗ਼ੈਰ-ਬਰਾਬਰੀ ਅੱਜ ਵੀ ਮੌਜੂਦ ਹੈ। ਇਹ ਸਿਰਫ਼ ਸਮਾਜਿਕ ਜਾਂ ਨੈਤਿਕ ਸਮੱਸਿਆ ਨਹੀਂ, ਸਗੋਂ ਦੇਸ਼ ਦੀ ਤਰੱਕੀ ਲਈ ਵੀ ਨੁਕਸਾਨਦਾਇਕ ਹੈ।
ਜਿੱਥੇ ਗ਼ੈਰ-ਬਰਾਬਰੀ ਵੱਧ ਹੁੰਦੀ ਹੈ, ਉੱਥੇ ਸਮਾਜਿਕ ਤਣਾਅ ਵੀ ਵੱਧ ਹੁੰਦਾ ਹੈ ਅਤੇ ਇਸ ਦਾ ਅਸਰ ਆਰਥਿਕ ਵਿਕਾਸ ’ਤੇ ਪੈਂਦਾ ਹੈ। ਵੰਨ-ਸੁਵੰਨਤਾ ਖੁਸ਼ਹਾਲੀ ਦੀ ਨਿਸ਼ਾਨੀ ਹੈ, ਪਰ ਗ਼ੈਰ-ਬਰਾਬਰੀ ਨਾਕਾਮੀ ਦੀ। ਗ਼ੈਰ-ਬਰਾਬਰੀ ਇੱਕ ਜ਼ਖ਼ਮ ਹੈ ਅਤੇ ਵੰਨ-ਸੁਵੰਨਤਾ ਉਸ ਦੀ ਮਲ੍ਹਮ।
ਜੇ ਅਸੀਂ ਸੱਚਮੁੱਚ ਭਾਰਤ ਨੂੰ ਤਾਕਤਵਰ ਦੇਸ਼ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਸਹਿਣਸ਼ੀਲਤਾ, ਮਿਲਾਪ ਅਤੇ ਬਰਾਬਰੀ ਵਾਲਾ ਸਮਾਜ ਬਣਾਉਣਾ ਪਵੇਗਾ। ਸਾਰੇ ਲੋਕਾਂ ਨੂੰ ਬਰਾਬਰ ਮੌਕੇ ਮਿਲਣ, ਚੰਗੀ ਸਿੱਖਿਆ ਮਿਲੇ ਅਤੇ ਧਰਮ ਜਾਂ ਜਾਤ ਦੇ ਆਧਾਰ ’ਤੇ ਕਿਸੇ ਨਾਲ ਭੇਦਭਾਵ ਨਾ ਹੋਵੇ- ਤਦ ਹੀ ਦੇਸ਼ ਅਸਲ ਮਾਇਨੇ ਵਿੱਚ ਅੱਗੇ ਵਧ ਸਕੇਗਾ।
