‘ਨੇਟਿਵ ਅਮੈਰਿਕਨ’ ਮੂਲ ਅਮਰੀਕੀ ਅਤੇ ਪੰਜਾਬ ਵਾਸੀ

ਵਿਚਾਰ-ਵਟਾਂਦਰਾ

ਦਲਜੀਤ ਸਿੰਘ ਇੰਡੀਆਨਾ
ਮੂਲ ਅਮਰੀਕਨ ਨਿਵਾਸੀ ਪਿਛਲੇ 15 ਹਜ਼ਾਰ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ, ਪਰ ਹੁਣ ਇਨ੍ਹਾਂ ਦਾ ਵਜੂਦ, ਇਨ੍ਹਾਂ ਦੀ ਹੋਂਦ ਲਗਭਗ ਖਤਮ ਹੋਣ ਕਿਨਾਰੇ ਹੈ ਜਾਂ ਆਖ ਲਓ ਕਿ ਇਨ੍ਹਾਂ ਦਾ ਪਤਨ ਹੋ ਚਲਿਆ ਹੈ। ਜਿਹੜੇ ਇਹ ਅਸਲ ਅਮਰੀਕੀ ਲੋਕ ਹਨ, ਅੱਜ ਇਹ ਦੂਸਰੇ ਦਰਜੇ ਦੇ ਸ਼ਹਿਰੀ ਆਪਣੇ ਹੀ ਦੇਸ਼ ਵਿੱਚ ਬਣ ਕੇ ਰਹਿ ਗਏ ਹਨ।

ਜਦ ਬ੍ਰਿਟਿਸ਼ ਤੋਂ ਉੱਠ ਕੇ ਕੋਲੰਬਸ ਅਮਰੀਕਾ ਦੀ ਧਰਤੀ `ਤੇ ਉਤਰਿਆ, ਉਦੋ ਤੋਂ ਹੀ ਬ੍ਰਿਟਿਸ਼ ਨੇ ਇੱਥੇ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ। ਇਨ੍ਹਾਂ ਨੇਟਿਵ ਨਾਲ ਬਹੁਤ ਲੜਾਈਆਂ ਹੋਈਆਂ, ਪਰ ਬ੍ਰਿਟਿਸ਼ ਨੇ ਅਫਰੀਕਾ ਤੋਂ ਕਾਲੇ ਲਿਆਉਣੇ ਸ਼ੁਰੂ ਕੀਤੇ ਕੰਮ ਵਾਸਤੇ ਅਤੇ ਫੇਰ ਬ੍ਰਿਟਿਸ਼ ਤੇ ਕਾਲਿਆਂ ਦੀ ਗਿਣਤੀ ਵਧਦੀ ਗਈ ਤੇ ਇਹ ਲੋਕ ਨੇਟਿਵ `ਤੇ ਭਾਰੂ ਹੁੰਦੇ ਹੁੰਦੇ ਅਮਰੀਕਾ `ਤੇ ਕਾਬਜ਼ ਹੋਏ। ਫੇਰ ਇਨ੍ਹਾਂ ਨੇਟਿਵ ਲੋਕਾਂ ਨੂੰ ਫਰੀਬੀਜ਼ (ਾਂਰੲੲਬੲੲਸ) ਤੇ ਅੰਨੇਵਾਹ ਵੈਲਫੇਅਰ ਦੇਣੀ ਸ਼ੁਰੂ ਕੀਤੀ। ਇਨ੍ਹਾਂ ਲੋਕਾਂ ਨੂੰ ਕੰਮ ਕੀਤਿਆਂ ਬਿਨਾਂ ਪੈਸੇ ਮਿਲਣ ਲੱਗੇ, ਜਿਸ ਨਾਲ ਜਿੱਥੇ ਇਹ ਲੋਕ ਨਿਕੰਮੇ ਹੁੰਦੇ ਗਏ, ਓਥੇ ਪੜ੍ਹਾਈ-ਲਿਖਾਈ ਤੇ ਖੇਡਾਂ ਤੋਂ ਦੂਰ ਸਰੀਰਕ ਪੱਖੋਂ ਵੀ ਖਤਮ ਹੁੰਦੇ ਗਏ।
ਅੱਜ ਇਨ੍ਹਾਂ ਲੋਕਾਂ ਦੀ ਗਿਣਤੀ ਕੁਝ ਕੁ ਸੂਬਿਆਂ ਜਿਵੇਂ ਨਿਊ ਮੈਕਸਿਕੋ, ਕਲੋਰਾਡੋ, ਵਿਓਮਿੰਗ ਵਿੱਚ ਸਿਮਟ ਕੇ ਰਹਿ ਗਈ ਹੈ। ਜਿਹੜੇ ਲੋਕ ਇਨ੍ਹਾਂ ਸੂਬਿਆਂ ਵਿੱਚ ਟਰੈਵਲ ਕਰਦੇ ਹਨ, ਉਹ ਇਨ੍ਹਾਂ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਵਾਕਿਫ ਹਨ।
ਇਹ ਮੈਂ ਗੱਲ ਕਿਉਂ ਕਰ ਰਿਹਾ? ਕਿਉਂਕਿ ਅੱਜ ਕੱਲ੍ਹ ਇਹੋ ਕੁਝ ਪੰਜਾਬ ਵਿੱਚ ਡੀਪ ਸਟੇਟ ਵੱਲੋਂ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਮੁਫ਼ਤਖੋਰ ਤੇ ਹੱਡ ਹਰਾਮੀ ਬਣਾਇਆ ਜਾ ਰਿਹਾ ਹੈ। ਹੋਰ ਸੂਬਿਆਂ ਦੇ ਲੋਕ ਤਾਂ ਪਹਿਲਾਂ ਤੋਂ ਭੁੱਖਮਰੀ ਨਾਲ ਜੂਝ ਰਹੇ ਸਨ। ਥੋੜ੍ਹੇ ਪੈਸਿਆਂ ਪਿੱਛੇ ਵਿਕਦੇ ਸਨ, ਕਿਉਂਕਿ ਭੁੱਖਮਰੀ ਉਨ੍ਹਾਂ ਦੀ ਮਜਬੂਰੀ ਵੀ ਸੀ।
ਪਰ ਜਿਹੜੀਆਂ ਡੀਪ ਸਟੇਟ ਏਜੰਸੀਆਂ ਹਨ, ਉਨ੍ਹਾਂ ਨੂੰ ਪੰਜਾਬ ਪਹਿਲੇ ਦਿਨ ਤੋਂ ਹੀ ਚੁਭਦਾ ਆ ਰਿਹਾ ਹੈ। ਆਰ.ਐਸ.ਐਸ. ਤੇ ਭਾਜਪਾ ਨੇ ਪੂਰੇ ਭਾਰਤ ਨੂੰ ਭਗਵੇ ਵਿੱਚ ਰੰਗ ਦਿੱਤਾ ਹੈ। ਪੰਜਾਬ ਨੂੰ ਉਹ ਗੁਲਾਮ ਬਣਾਉਣ ਵਿੱਚ ਕਾਮਯਾਬ ਨਹੀਂ ਹੋਏ। ਪੰਜਾਬ ਵਿੱਚ ਨਸ਼ਿਆਂ ਦੀ ਅਤੇ ਗੈਂਗਸਟਰ ਦੀ ਆਮਦ ਅਕਾਲੀਆਂ ਰਾਹੀਂ ਭਾਜਪਾ ਨੇ ਹੀ ਕਰਵਾਈ, ਜਿਹੜੀ ਪੰਜਾਬ ਦੀ ਜਵਾਨੀ ਨੂੰ ਸਿਉਂਕ ਵਾਂਗ ਖਾ ਰਹੀ ਹੈ। ਇਸ ਆਫ਼ਤ ਤੋਂ ਡਰਦੀ ਜਵਾਨੀ ਜਹਾਜ਼ਾਂ ਨੂੰ ਚਾੜ੍ਹ ਦਿੱਤੀ ਤੇ ਬਾਕੀ ਬਚੀ ਜਵਾਨੀ (ਸਾਰੀ ਨਹੀਂ) ਬੇਰੁਜ਼ਗਾਰ ਹੋਈ ਨਸ਼ੇ ਦੀ ਪੂਰਤੀ ਵਾਸਤੇ ਲੁੱਟਾਂ-ਖੋਹਾਂ ਕਰਦੀ ਫਿਰਦੀ ਹੈ।
ਭਾਵੇਂ ਪੰਜਾਬ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਪਰ ਇਹਨੂੰ ਵੀ ਪਿੱਛੇ ਤੋਂ ਡੀਪ ਸਟੇਟ ਚਲਵਾ ਰਹੀ ਹੈ। ਪੰਜਾਬ ਵਿੱਚ ਮੁਫ਼ਤ ਦੀ ਬਿਜਲੀ, ਮੁਫ਼ਤ ਦੇ ਬੱਸਾਂ ਵਿੱਚ ਸਫ਼ਰ, ਮੁਫ਼ਤ ਦੀਆਂ ਹੋਰ ਸਹੂਲਤਾਂ ਆਦਿ ਵਾਸਤੇ ਪੈਸਾ ਕਿੱਥੋਂ ਆ ਰਿਹਾ ਹੈ? ਇਹ ਪੰਜਾਬ ਨੂੰ ਅੰਨ੍ਹੇਵਾਹ ਕਰਜਾ ਦੇ ਕੇ ਇਸ ਨੂੰ ਕਰਜ਼ਈ ਕੀਤਾ ਜਾ ਰਿਹਾ ਹੈ। ਉਸ ਹੀ ਪੈਸੇ ਨਾਲ ਪੰਜਾਬ ਦੇ ਲੋਕਾਂ ਨੂੰ ਵਿਹਲੜ ਤੇ ਨਿਕੰਮੇ ਜਾਂ ਮੰਗਤੇ ਬਣਾਇਆ ਜਾ ਰਿਹਾ ਹੈ। ਜਿਹੜੀ ਕੌਮ ਵੱਲੋਂ ਦੁਨੀਆਂ ਭਰ ਵਿੱਚ ਲੰਗਰ ਲਗਾ ਕੇ ਭੁੱਖਿਆਂ ਨੂੰ ਰਜਾਇਆ ਜਾਂਦਾ ਹੈ, ਅੱਜ ਉਸ ਹੀ ਕੌਮ ਦੀਆਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਪਿੱਛੇ ਨਚਾ ਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਜਲੂਸ ਕੱਢਿਆ ਜਾ ਰਿਹਾ ਹੈ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਸਾਡੀ ਮਦਦ ਨਹੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੀਆਂ ਜੜ੍ਹਾਂ ਵਿੱਚ ਤੇਲ ਦਿੱਤਾ ਜਾ ਰਿਹਾ ਹੈ।
ਆਰ.ਐਸ.ਐਸ. ਤੇ ਭਾਜਪਾ ਨੇ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਦੀ ਬਿਊਰੋਕ੍ਰੇਸੀ `ਤੇ ਪੂਰਾ ਕਬਜ਼ਾ ਕਰ ਲਿਆ ਹੋਇਆ ਹੈ। ਜਿਵੇਂ ਕਿ ਪੰਜਾਬ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਿੰਸੀਪਲ ਤੇ ਟੀਚਰ ਗੈਰ-ਪੰਜਾਬੀ ਲਗਾਏ ਜਾ ਰਹੇ ਨੇ, ਜਿਹੜੇ ਆਰ.ਐਸ.ਐਸ. ਦਾ ਏਜੰਡਾ ਸਕੂਲਾਂ ਰਾਹੀਂ ਬੱਚਿਆਂ ਵਿੱਚ ਫਿੱਟ ਕਰ ਰਹੇ ਹਨ। ਇਹਦੀ ਝਲਕ ਇਨ੍ਹਾਂ ਸਕੂਲਾਂ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮ ਵਿੱਚ ਜਾ ਕੇ ਦੇਖ ਕੇ ਪਤਾ ਲਗਦਾ ਹੈ।
ਪੰਜਾਬ ਵਿੱਚ ਜ਼ਿਆਦਾਤਰ ਡੀ.ਸੀ. ਅਤੇ ਐੱਸ.ਐੱਸ.ਪੀ., ਐੱਸ.ਪੀ. ਰੈਂਕ ਦੇ ਅਫਸਰ ਗੈਰ-ਪੰਜਾਬੀ ਹਨ, ਜਿਹੜੇ ਡੀਪ ਸਟੇਟ ਦਾ ਏਜੰਡਾ ਪੰਜਾਬ ਵਿੱਚ ਫਿੱਟ ਕਰ ਰਹੇ ਹਨ। ਪੰਜਾਬ ਵਿੱਚ ਕਿਸੇ ਵੀ ਨਾਮੀ ਹੋਟਲ, ਨਾਮੀ ਕੰਪਨੀ ਵਿੱਚ ਸਾਰੀ ਮੈਨੇਜਮੈਂਟ ਗੈਰ-ਪੰਜਾਬੀ ਹੈ। ਪੰਜਾਬੀ ਸਿਰਫ ਸਿਕਿਉਰਿਟੀ ਗਾਰਡ ਹੀ ਦਿਸਦੇ ਹਨ।
ਹੁਣ ‘ਆਪ’ ਸਰਕਾਰ ਹਜ਼ਾਰ-ਹਜ਼ਾਰ ਰੁਪਏ ਦੇ ਰਹੀ ਹੈ, ਭਾਜਪਾ ਨੇ ਪੰਜ-ਪੰਜ ਕਰਨਾ। ਭਾਜਪਾ ਦੀਆਂ ਏਜੰਸੀਆਂ ਕੋਲ ਪੰਜਾਬ ਦੇ ਹਰ ਲੀਡਰ, ਹਰ ਅਫਸਰ ਦਾ ਲੇਖਾ-ਜੋਖਾ ਹੈ। ਸੋ ਇਨ੍ਹਾਂ ਨੇ ਇਕਦਮ ਸੱਟ ਮਾਰਨੀ ਹੈ ਤੇ ਪੰਜਾਬ ਨੂੰ ਭਗਵਾ ਕਰਨਾ ਹੈ।
ਜਿਹੜੀ ਆਮ ਆਦਮੀ ਪਾਰਟੀ ਵਾਰ-ਵਾਰ ਅਕਾਲ ਤਖ਼ਤ ਨੂੰ ਅਤੇ ਸਿੱਖ ਧਰਮ ਨੂੰ ਆਪਣੀ ਸਿਆਸਤ ਵਿੱਚ ਲੈ ਕੇ ਆ ਰਹੀ ਹੈ, ਇਹ ਵੀ ਏਜੰਸੀਆਂ ਦੀ ਇੱਕ ਚਾਲ ਹੈ, ਤਾਂ ਹੀ ਤਾਂ ਇਨ੍ਹਾਂ ਨੂੰ ਸੈਂਟਰ ਸਰਕਾਰ ਤੋਂ ਕਰਜਾ ਮਿਲ ਰਿਹਾ।
ਇੱਕ ਪੁਆਇੰਟ ਤਾਂ ਭੁੱਲ ਹੀ ਗਿਆ ਸੀ, ਜਿਹੜਾ ਪੰਜਾਬ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਇਹ ਵੀ ਇੱਕ ਤਰੀਕੇ ਨਾਲ ਪੰਜਾਬ ਨੂੰ ਉਜਾੜਿਆ ਜਾ ਰਿਹਾ ਹੈ। ਖੇਤੀ ਪ੍ਰਧਾਨ ਸੂਬੇ ਦੀ ਜ਼ਮੀਨ ਨੂੰ ਸੜਕਾਂ ਨਾਲ ਰੋਕਿਆ ਜਾ ਰਿਹਾ ਹੈ, ਤਾਂ ਜੋ ਲੋਕ ਜ਼ਮੀਨ ਵਿਹੂਣੇ ਹੋ ਜਾਣ ਤੇ ਗੁਲਾਮ ਹੋ ਜਾਣ। ਇਨ੍ਹਾਂ ਨੂੰ ਪਤਾ ਹੈ ਕਿ ਸੜਕਾਂ ਬਦਲੇ ਜ਼ਮੀਨਾਂ ਦੇ ਦਿੱਤੇ ਪੈਸੇ ਇਨ੍ਹਾਂ ਲੋਕਾਂ ਤੋਂ ਸੰਭਾਲੇ ਨਹੀਂ ਜਾਣੇ ਤੇ ਖਾ ਪੀ ਜਾਣੇ ਹਨ।
ਸੋ, ਇਹ ਗੱਲਾਂ ਆਮ ਲੋਕਾਂ ਨੂੰ ਸ਼ਾਇਦ ਅਕੇਵੇਂ ਵਾਲੀਆਂ ਜਾਂ ਗੈਰ-ਜਰੂਰੀ ਲੱਗਣ, ਪਰ ਜੋ ਹਾਲਾਤ ਕੀਤੇ ਜਾ ਰਹੇ ਹਨ, ਜਿਵੇਂ ਅਮਰੀਕਾ ਵਿੱਚ ਨੇਟਿਵ ਭਾਵ ਮੂਲ ਨਿਵਾਸੀਆਂ ਨਾਲ ਹੋਈ, ਉਸੇ ਤਰ੍ਹਾਂ ਹੀ ਪੰਜਾਬੀਆਂ ਨਾਲ ਹੋਣੀ ਹੈ। ਕਿਸੇ ਸਮੇਂ ਕਾਬਲ ਕੰਧਾਰ ਤੱਕ ਸਿੱਖ ਰਾਜ ਕਰਨ ਵਾਲੀ ਸਿੱਖ ਕੌਮ ਥੋੜ੍ਹੇ-ਥੋੜ੍ਹੇ ਪੈਸੇ ਪਿੱਛੇ ਨੱਚਦੀ ਦੇਖ ਕੇ ਤਰਸ ਆਉਂਦਾ ਹੈ ਅਤੇ ਕੰਧ `ਤੇ ਲਿਖਿਆ ਪੜ੍ਹਿਆ ਜਾਣ ਵਾਲਾ ਉਹ ਮੰਜਰ ਹੈ ਕਿ ਅਸੀਂ ਆਪਣੇ ਰਾਜ ਦਾ ਸੁਪਨਾ ਦੇਖਣ ਵਾਲੇ ਥੋੜ੍ਹੇ ਸਮੇਂ ਬਾਅਦ ਪੰਜਾਬ ਵੱਲੋਂ ਵੀ ਹੱਥ ਧੋ ਬੈਠਾਂਗੇ!

Leave a Reply

Your email address will not be published. Required fields are marked *