ਮਨੋਰੰਜਨ ਭਰਪੂਰ ਰਿਹਾ ਪੈਲਾਟਾਈਨ ਗੁਰੂਘਰ ਦਾ ਭਾਈਚਾਰਕ ਮੇਲਾ

ਖਬਰਾਂ

ਕੁਲਜੀਤ ਸਿੰਘ
ਸ਼ਿਕਾਗੋ: ਸਿੱਖ ਰਿਲੀਜੀਅਸ ਸੁਸਾਇਟੀ ਸ਼ਿਕਾਗੋ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸੁਹਿਰਦ ਸੱਜਣਾਂ ਵੱਲੋਂ ਸਾਂਝੇ ਉਦਮ ਨਾਲ 8 ਅਗਸਤ, ਸ਼ਨਿਚਰਵਾਰ ਨੂੰ ਗੁਰਦੁਆਰਾ ਪੈਲਾਟਾਈਨ ਵਿਖੇ ਕਰਵਾਇਆ ਗਿਆ ‘ਭਾਈਚਾਰਕ ਮੇਲਾ’ ਬੱਚਿਆਂ ਲਈ ਮਨੋਰੰਜਨ ਭਰਪੂਰ ਤਾਂ ਰਿਹਾ ਹੀ, ਸਗੋਂ ਇਸ ਮੌਕੇ ਬੱਚਿਆਂ ਦੀ ਪ੍ਰਤਿਭਾ ਵੀ ਉਭਰ ਕੇ ਸਾਹਮਣੇ ਆਈ। ਵੱਖ-ਵੱਖ ਵਿਸ਼ਿਆਂ ਪ੍ਰਤੀ ਉਨ੍ਹਾਂ ਦੀ ਜਾਣਕਾਰੀ, ਕੰਮ ਕਰਨ ਦੀ ਲਗਨ, ਖੇਡ-ਖੇਡ ਵਿੱਚ ਕੁਝ ਸਿੱਖਣ ਤੇ ਨਵਾਂ ਕਰਨ ਦੀ ਉਨ੍ਹਾਂ ਦੀ ਦਿਲਚਸਪੀ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ।

ਇਸ ਮੌਕੇ ਲਾਏ ਗਏ ਸਟਾਲਾਂ (ਬੂਥਾਂ) ਵਿੱਚ ਤੀਰ-ਅੰਦਾਜ਼ੀ, ਸਰੀਰਕ ਤੰਦਰੁਸਤੀ, ਗੁਰਮੁਖੀ ਖੇਡਾਂ, ਗੁਰਮੁਖੀ ਤਕਨਾਲੋਜੀ, ਸਿੱਖ ਕੈਲੀਗ੍ਰਾਫੀ (ਸੁੰਦਰ ਲਿਖਾਈ), ਸ਼ਸਤਰ ਵਿੱਦਿਆ, ਚਿੱਤਰਕਾਰੀ ਤੇ ਓਰੀਗਾਮੀ, ਗੁਰਮਤਿ ਸੰਗੀਤ ਅਤੇ ਹੋਰ ਨਿੱਕ-ਸੁੱਕ ਵੀ ਸ਼ਾਮਲ ਸੀ। ਆਮ ਲੋਕਾਂ ਲਈ ਲਾਏ ਗਏ ਬੂਥਾਂ ਵਿੱਚ ਵਿੱਤੀ ਤੰਦਰੁਸਤੀ, ਪੈਲਾਟਾਈਨ ਪੁਲਿਸ-ਭਰਤੀ, ਮਾਨਸਿਕ ਤੰਦਰੁਸਤੀ ਆਦਿ ਵੀ ਸ਼ਾਮਲ ਸਨ। ਮੇਲੇ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਹੋਈ।
ਬੱਚੇ ਵੱਖ-ਵੱਖ ਸਟੇਸ਼ਨਾਂ ‘ਤੇ ਜਾਂਦੇ ਅਤੇ ਜਾਣਕਾਰੀ ਪ੍ਰਾਪਤ ਕਰ ਕੇ ਤੇ ਸਵਾਲਾਂ ਦੇ ਜਵਾਬ ਦੇ ਕੇ ਅਗਲੇ ਪੜਾਅ ਵੱਲ ਨੂੰ ਵਧਦੇ। ਬੱਚਿਆਂ ਤੋਂ ਗੁਰਮੁਖੀ ਅੱਖਰਾਂ, ਨੰਬਰਾਂ, ਰੰਗਾਂ ਵਗੈਰਾ ਦੀ ਪਛਾਣ ਕਰਵਾਈ ਜਾਂਦੀ। ਬੱਚਿਆਂ ਦੇ ਨਾਲ ਨਾਲ ਮਾਪੇ ਵੀ ਆਪਣੀ ਕਲਾ ਨੂੰ ਨਿਖਾਰ ਰਹੇ ਸਨ ਤੇ ਉਹ ਵੱਖ-ਵੱਖ ਸਟਾਲਾਂ ਉਤੇ ਬੱਚਿਆਂ ਦੇ ਨਾਲ ਜਾ ਕੇ ਜਾਣਕਾਰੀ ਦਾ ਵਟਾਂਦਰਾ ਕਰ ਰਹੇ ਸਨ।
ਜਸਪ੍ਰੀਤ ਕੌਰ ਗਿੱਲ ਦਾ ਪੰਜਾਬੀ ਵਿਰਸਾ ਸਟਾਲ ਵੀ ਦਿਲਚਸਪ ਜਾਣਕਾਰੀ ਵਾਲਾ ਸੀ। ਇਸ ਬੂਥ `ਤੇ ਛੋਟੇ-ਛੋਟੇ ਗੱਡਾ, ਚਰਖਾ, ਕਪਾਹ, ਸਿੱਟੇ, ਬੰਬੂਕਾਟ, ਪੀੜੀ, ਮੰਜਾ, ਫੁਲਕਾਰੀ ਆਦਿ ਰੱਖੇ ਹੋਏ ਸਨ। ਮਸਾਲਿਆਂ ਵਾਲਾ ਇੱਕ ਬੂਥ ਵੀ ਸੀ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਮਸਾਲੇ ਰੱਖੇ ਗਏ ਸਨ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਨਾਂ ਦੋਹਾਂ ਭਾਸ਼ਾਵਾਂ- ਅੰਗਰੇਜ਼ੀ ਤੇ ਪੰਜਾਬੀ ਵਿੱਚ ਪੁੱਛੇ ਜਾ ਰਹੇ ਸਨ। ਕੁਝ ਬੱਚੇ ਬਾਊਂਸੀ ਹਾਊਸ ਵਿੱਚ ਖੇਡਣ `ਚ ਮਸ਼ਰੂਫ ਸਨ, ਜਦੋਂਕਿ ਵਾਲੰਟੀਅਰ ਆਪੋ-ਆਪਣੀ ਸੇਵਾ ਵਿੱਚ ਰੁੱਝੇ ਹੋਏ ਸਨ।
ਚਿੱਤਰਕਾਰੀ ਵਾਲੇ ਸਟਾਲ ਉਤੇ ਬੱਚਿਆਂ ਨੇ ਚਿੱਤਰ ਬਣਾਏ ਅਤੇ ਗੁਰਮਖੀ ਦੇ ਅੱਖਰ ਵਗੈਰਾ ਲਿਖ ਕੇ ਰੰਗਾਂ ਨਾਲ ਆਪਣੇ ਰੰਗ ਬਿਖੇਰੇ। ਕੁਝ ਬੀਬੀਆਂ ਪੇਂਟਿੰਗ ਉਤੇ ਸੁੰਦਰ ਲਿਖਾਈ ਵਿੱਚ ਨਾਮ ਲਿਖ ਕੇ ਦੇ ਰਹੀਆਂ ਸਨ। ਬੱਚਿਆਂ ਨੂੰ ਚਿੱਤਰਕਾਰੀ ਕਰਨ ਦਾ ਢੰਗ ਅਤੇ ਇਸ ਵਿੱਚ ਨਿਖਾਰ ਲਿਆਉਣ ਦੀ ਵਿਧੀ ਵੀ ਦੱਸੀ ਗਈ। ਇੱਕ ਬੀਬੀ ਬੱਚਿਆਂ ਨੂੰ ਓਰੀਗਾਮੀ ਬਣਾ ਕੇ ਦੇ ਰਹੀ ਸੀ। ਖਾਸੀਅਤ ਇਹ ਸੀ ਕਿ ਪੇਂਟਿੰਗ ਵਾਲੇ ਬੂਥ ਉਤੇ ਬੱਚਿਆਂ ਦੀ ਸਭ ਤੋਂ ਵੱਧ ਭੀੜ ਦੇਖਣ ਨੂੰ ਮਿਲੀ। ਬੱਚੇ ਅਖੀਰ ਤੱਕ ਉਸ ਬੂਥ ਉੱਤੇ ਆਪਣੀ ਪ੍ਰਤਿਭਾ ਰਾਹੀਂ ਚਿੱਤਰਕਾਰੀ ਕਰਦੇ ਰਹੇ।
ਇੱਕ ਬੂਥ ਉਤੇ ਪੰਜਾਬੀ ਵਿੱਚ ਗਿਣਤੀ ਦੱਸਣ ਅਤੇ ਪੰਜਾਬੀ ਅੱਖਰਾਂ ਦੀ ਪਛਾਣ ਬਾਰੇ ਪੁੱਛਿਆ ਜਾ ਰਿਹਾ ਸੀ। ਜਿਹੜੇ ਬੱਚੇ ਸਹੀ ਦੱਸ ਰਹੇ ਸਨ, ਉਨ੍ਹਾਂ ਨੂੰ ਛੋਟੇ-ਛੋਟੇ ਤੋਹਫੇ ਦਿੱਤੇ ਜਾ ਰਹੇ ਸਨ। ਇਸੇ ਬੂਥ ਉਤੇ ਟਰੇਸਿੰਗ ਕਲਰਿੰਗ ਸ਼ੀਟਾਂ ਅਤੇ ਬੁੱਕਮਾਰਕ ਬਣਾਉਣ ਵਾਸਤੇ ਸਮੱਗਰੀ ਰੱਖੀ ਹੋਈ ਸੀ ਤੇ ਬੱਚੇ ਦਿਲਚਸਪੀ ਦਿਖਾ ਰਹੇ ਸਨ।
ਇੱਕ ਸਟਾਲ ਸ਼ਸਤਰਾਂ ਬਾਰੇ ਸੀ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਪੁਰਾਣਿਆਂ ਤੋਂ ਲੈ ਕੇ ਨਵੀਂ ਕਿਸਮ ਦੇ ਸ਼ਸਤਰ ਰੱਖੇ ਹੋਏ ਸਨ ਅਤੇ ਸਿੱਖ ਨੌਜਵਾਨ ਜੁਝਾਰ ਸਿੰਘ ਤੇ ਉਸ ਦੇ ਸਾਥੀ ਬੱਚਿਆਂ ਨੂੰ ਸ਼ਸਤਰਾਂ ਬਾਰੇ ਦੱਸ ਰਹੇ ਸਨ। ਬੱਚਿਆਂ ਦੀ ਸੇਫਟੀ ਲਈ ਇੱਕ ਫਾਰਮ ਸਾਈਨ-ਇਨ ਕਰਵਾਇਆ ਗਿਆ। ਰੈਫਲ (ਲੱਕੀ ਡਰਾਅ) ਰਾਹੀਂ ਇਨਾਮ ਜਿੱਤਣ ਦਾ ਮੌਕਾ ਵੀ ਸੀ। ਇਸ ਮੌਕੇ ਗਗਨਦੀਪ ਚੀਮਾ ਨੇ ਆਪਣੇ ਕਾਰੋਬਾਰੀ ਸਟਾਲ ਤੋਂ ਇੱਕ ਰੈਫਲ ਕੱਢਿਆ, ਜਿਸ ਵਿੱਚ ਉਨ੍ਹਾਂ ਨੇ ਗਿਫਟ ਵਜੋਂ ਗਰਿੱਲ ਦਿੱਤੀ।
ਨਿਸ਼ਕਾਮ ਕਾਰਸੇਵਾ ਜਥੇ ਦੇ ‘ਕਰਤਾਰ ਗੱਡਾ’ ਦੀ ਪ੍ਰਦਰਸ਼ਨੀ ਰਾਹੀਂ ਸ. ਸਤਨਾਮ ਸਿੰਘ ਔਲਖ ਹੱਥੀਂ ਕਿਰਤ ਕਰਨ ਦਾ ਸੁਨੇਹਾ ਦੇ ਰਹੇ ਸਨ। ਗੱਡੇ ਵਿੱਚ ਹਲ਼, ਪੰਜਾਲੀ, ਜੰਦਰਾ, ਕਹੀ ਆਦਿ ਖੇਤੀ ਨਾਲ ਸਬੰਧਤ ਸੰਦ-ਸੰਦੇੜਾ ਰੱਖਿਆ ਗਿਆ ਸੀ। ਨਾਲ ਹੀ ਗੁਰਦੁਆਰਾ ਸਾਹਿਬ ਵਿੱਚ ਚੱਲਦੀ ਰਹਿੰਦੀ ਕਾਰਸੇਵਾ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਸੀ ਤੇ ਹਰ ਪਰਿਵਾਰ ਦੇ ਇੱਕ ਜੀਅ ਨੂੰ ਕਾਰਸੇਵਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਇਸੇ ਤਰ੍ਹਾਂ ਸ. ਓਂਕਾਰ ਸਿੰਘ ਢਿੱਲੋਂ ਬਿਰਧ ਗੁਟਕੇ ਆਦਿ ਅਤੇ ਧਾਰਮਿਕ ਸਮੱਗਰੀ ਦੇ ਸਸਕਾਰ ਲਈ ਬਣਾਏ ਗਏ ‘ਅੰਗੀਠੇ’ ਬਾਰੇ ਜਾਣਕਾਰੀ ਦੇ ਰਹੇ ਸਨ।
ਇਸ ਮੌਕੇ ਡਾ. ਜਸਵਿੰਦਰ ਪਾਲ ਸਿੰਘ ਚਾਵਲਾ ਦੇ ਬੂਥ ਉਤੇ ਸਿੱਖ ਵਿਰਾਸਤ ਨਾਲ ਸਬੰਧਤ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਵੀ ਸੰਗਤ ਲਈ ਖਾਸ ਖਿੱਚ ਦਾ ਕੇਂਦਰ ਬਣੀ ਰਹੀ। ਡਾ. ਚਾਵਲਾ ਪੇਸ਼ੇ ਤੋਂ ਇੱਕ ਨਿਊਰੋਲੋਜਿਸਟ ਹਨ ਅਤੇ ਸਟੈਂਪ ਸੰਗ੍ਰਹਿ ਦਾ ਸ਼ੌਕ ਰੱਖਦੇ ਹਨ। ਟਿਕਟਾਂ ਇਕੱਠੀਆਂ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰਾ ਸਮਾਂ, ਖੋਜ ਅਤੇ ਧਿਆਨ ਲਗਾਉਣ ਦੀ ਲੋੜ ਹੁੰਦੀ ਹੈ। ਡਾ. ਚਾਵਲਾ ਪਿਛਲੇ 50 ਸਾਲਾਂ ਤੋਂ ਸਟੈਂਪ ਇਕੱਠੇ ਕਰ ਰਹੇ ਹਨ ਅਤੇ ਸਿੱਖੀ ਨਾਲ ਸਬੰਧਤ ਸਟੈਂਪਾਂ `ਤੇ ਕੇਂਦ੍ਰਿਤ ਕਰਦੇ ਹਨ। ਉਨ੍ਹਾਂ ਦੇ ਸੰਗ੍ਰਹਿ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮਦਿਨ ਵਰਗੇ ਵਿਸ਼ੇਸ਼ ਮੌਕਿਆਂ `ਤੇ ਜਾਰੀ ਕੀਤੇ ਗਏ ਸਿੱਖ ਸਟੈਂਪ, ਸਿੱਖ ਫੌਜੀ ਸਟੈਂਪ ਅਤੇ ਸਿੱਖ ਕਲਾਕਾਰਾਂ ਦੇ ਨਾਲ-ਨਾਲ ਕਈ ਹੋਰ ਡਾਕ ਟਿਕਟਾਂ ਸ਼ਾਮਲ ਹਨ। ਇਹ ਡਾਕ ਟਿਕਟ ਕਈ ਦੇਸ਼ਾਂ ਦੁਆਰਾ ਜਾਰੀ ਕੀਤੇ ਗਏ ਹਨ। ਡਾ. ਚਾਵਲਾ ਵਿਅਕਤੀਗਤ ਸਟੈਂਪ, ਚਾਰ ਤੇ ਵੱਡੇ ਬਲਾਕ, ਪਹਿਲੇ ਦਿਨ ਦੇ ਕਵਰ ਅਤੇ ਸਟੈਂਪ ਸ਼ੀਟਾਂ ਇਕੱਤਰ ਕਰਦੇ ਹਨ। ਇਹ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਮੇਂ ਉਹ ਦੁਨੀਆ ਵਿੱਚ ਸਿੱਖਾਂ ਨਾਲ ਸਬੰਧਤ ਸਟੈਂਪਾਂ ਦੇ ਸਭ ਤੋਂ ਵੱਡੇ ਸੰਗ੍ਰਹਿ ਦੇ ਮਾਲਕ ਹਨ।
ਮੇਲੇ ਦੌਰਾਨ ਕਰਵਾਇਆ ਗਿਆ ‘ਗੋਲ ਰੋਟੀਆਂ ਬਣਾਉਣ’ ਦਾ ਮੁਕਾਬਲਾ ਵੀ ਦਿਲਚਸਪ ਰਿਹਾ। ਇਹ ਮੁਕਾਬਲਾ ਸਿਰਫ ਮਰਦਾਂ ਵਿਚਾਲੇ ਸੀ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪਹਿਲਾਂ ਤਾਂ ਥੋੜ੍ਹਾ ਥੋੜ੍ਹਾ ਜਕਦੇ ਰਹੇ, ਪਰ ਬੀਬੀਆਂ ਵੱਲੋਂ ਹੱਲਾਸ਼ੇਰੀ ਮਿਲਣ ਪਿੱਛੋਂ ਉਹ ਇਸ ਮੈਦਾਨ ਵਿੱਚ ਨਿੱਤਰ ਆਏ। ਇਸ ਵਿੱਚ ਪੰਜ ਪੁਰਸ਼ਾਂ ਨੇ ਹਿੱਸਾ ਲਿਆ ਅਤੇ ਜੇਤੂ ਰਹੇ ਜਤਿੰਦਰ ਸਿੰਘ ਨੂੰ ਐਮਾਜ਼ੋਨ ਗਿਫਟ ਕਾਰਡ ਦਿੱਤਾ ਗਿਆ। ਛੋਟੇ ਬੱਚਿਆਂ ਦਾ ਗੋਲ ਰੋਟੀ ਵੇਲਣ ਦਾ ਮੁਕਾਬਲਾ ਵੀ ਹੋਇਆ, ਜਿਸ ਵਿੱਚ ਅਜੂਨੀ ਕੌਰ ਪਹਿਲੇ ਸਥਾਨ `ਤੇ ਰਹੀ ਤੇ ਉਸ ਨੂੰ ਗਿਫਟ ਕਾਰਡ ਦਿੱਤਾ ਗਿਆ।
ਬੀਬੀਆਂ ਦਾ ਮਿਊਜ਼ੀਕਲ ਚੇਅਰ ਮੁਕਾਬਲਾ ਵੀ ਦਿਲਚਸਪ ਸੀ, ਜਿਸ ਵਿੱਚ ਪੱਚੀ ਬੀਬੀਆਂ ਸ਼ਾਮਲ ਸਨ। ਅਖੀਰ ਵਿੱਚ ਮੁਕਾਬਲਾ ਦੋ ਬੀਬੀਆਂ ਵਿਚਾਲੇ ਰਹਿ ਗਿਆ ਸੀ, ਜਿਸ ਵਿੱਚ ਗੁਰੂਘਰ ਦੇ ਕੀਰਤਨੀਏ ਸਿੰਘ ਭਾਈ ਵੀਰ ਸਿੰਘ ਦੀ ਪਤਨੀ ਬੀਬੀ ਜਸਪ੍ਰੀਤ ਕੌਰ ਜੇਤੂ ਰਹੀ। ਬੱਚਿਆਂ ਦਾ ਮਿਊਜ਼ੀਕਲ ਚੇਅਰ ਮੁਕਾਬਲਾ ਵੀ ਸੀ। ਉਪਰੰਤ ਦੋ ਵਾਰ ਪੁਰਸ਼ਾਂ ਦਾ ਅਤੇ ਇੱਕ ਵਾਰ ਬੱਚਿਆਂ ਦਾ ਰੱਸਾਕਸ਼ੀ ਮੁਕਾਬਲਾ ਹੋਇਆ। ਮੇਲੇ ਵਾਲੇ ਦਿਨ ਗਰਮੀ ਨੇ ਵੀ ਵੱਟ ਕੱਢੇ ਪਏ ਸਨ; ਪਰ ਬੱਚੇ ਵੀ ਆਪਣੀ ਪ੍ਰਤਿਭਾ ਦਿਖਾਉਣ ਤੇ ਮਸਤੀ ਕਰਨ ਵਾਲੇ ਵੱਟ ਕੱਢ ਰਹੇ ਸਨ।
ਬੱਚਿਆਂ ਦੇ ਖਾਣ ਲਈ ਬਰਫ ਦੇ ਗੋਲੇ ਸਨ। ਸੰਗਤ ਲਈ ਸਮੋਸਾ-ਚਾਟ ਦਾ ਸਟਾਲ ਕੇ.ਕੇ. ਪੰਮਾ ਦੀ ਟੀਮ ਵੱਲੋਂ ਲਾਇਆ ਗਿਆ ਸੀ, ਜਦਕਿ ਨਾਲ ਦੇ ਸਟਾਲ ਉਤੇ ਨਾਚੋ ਚੀਜ਼ (ਚਿਪਸ), ਜੂਸ, ਕ੍ਰੀਮ ਰੋਲ ਤੇ ਭੂਕਨੇ (ਫੁੱਲ-ਵੜੀਆਂ) ਵੀ ਪੇਸ਼-ਏ-ਖਿਦਮਤ ਸਨ। ਲੰਗਰ ਤੇ ਚਾਹ ਦਾ ਪ੍ਰਬੰਧ ਲੰਗਰ ਹਾਲ ਵਿੱਚ ਚੱਲਦਾ ਰਿਹਾ।
ਮੇਲੇ ਦੌਰਾਨ ਵੱਖ-ਵੱਖ ਗਤੀਵਿਧੀਆਂ ਦੀ ਜਾਣਕਾਰੀ ਮਾਈਕ ਰਾਹੀਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਤਰਲੋਚਨ ਸਿੰਘ ਮੁਲਤਾਨੀ ਤੇ ਕਾਰਜਕਾਰੀ ਸਕੱਤਰ ਬੀਬਾ ਸੀਰਤ ਕੌਰ ਕਲੇਰ ਦੇ ਰਹੇ ਸਨ, ਜਦਕਿ ਹੋਰ ਪ੍ਰਬੰਧਾਂ ਵਿੱਚ ਬੋਰਡ ਆਫ ਟਰੱਸਟੀ ਦੇ ਹੋਰ ਮੈਂਬਰ- ਗੁਰਕੀਰਤ ਸਿੰਘ ਗਿੱਲ, ਅਨਮਦੀਪ ਸਿੰਘ, ਸਤਿਨਾਮ ਸਿੰਘ ਗਿੱਲ ਤੇ ਹੋਰ ਵਾਲੰਟੀਅਰ ਹੱਥ ਵਟਾ ਰਹੇ ਸਨ। ਮੇਲੇ ਦੇ ਪ੍ਰਬੰਧਕਾਂ ਤੇ ਵਾਲੰਟੀਅਰਾਂ ਨੇ ਸਾਰੇ ਪ੍ਰਬੰਧ ਵਧੀਆ ਤਰੀਕੇ ਨਾਲ ਮੁਕੰਮਲ ਕੀਤੇ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਵਲਵਲੇ ਸਾਂਝੇ ਕਰਨ ਦੇ ਨਾਲ ਨਾਲ ਆਪਣੇ ਧਰਮ, ਸੱਭਿਆਚਾਰ ਤੇ ਵਿਰਸੇ ਬਾਰੇ ਜਾਣਕਾਰੀ ਦੇਣ ਦਾ ਮੰਚ ਮੁਹੱਈਆ ਕੀਤਾ। ਉਂਜ ਇਹ ਗੱਲ ਜ਼ਰੂਰ ਛਿੜੀ ਕਿ ਭਾਈਚਾਰੇ ਦੇ ਲੋਕਾਂ ਨੂੰ ਆਪਸੀ ਮਤਭੇਦ ਭੁਲਾ ਕੇ ਅਜਿਹੇ ਮੇਲਿਆਂ ਵਿੱਚ ਬੱਚਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਕਿਉਂਕਿ ਇਸ ਮੌਕੇ ਬੱਚਿਆਂ ਦੀ ਪ੍ਰਤਿਭਾ ਉਭਰਦੀ ਹੈ ਅਤੇ ਉਨ੍ਹਾਂ ਅੰਦਰ ਛੁਪੇ ਗੁਣ ਨਿਖਰ ਕੇ ਬਾਹਰ ਆਉਂਦੇ ਹਨ।

Leave a Reply

Your email address will not be published. Required fields are marked *