*ਦੁਨੀਆਂ ਦੇ 60 ਵਿਗਿਆਨੀਆਂ ਵੱਲੋਂ ਚਿਤਾਵਨੀ
*ਘਟ ਰਹੇ ਵਾਪਸ ਪਰਤਣ ਦੇ ਮੌਕੇ
ਪੰਜਾਬੀ ਪਰਵਾਜ਼ ਬਿਊਰੋ
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ 81ਵਾਂ ਸੈਸ਼ਨ ਨਿਊ ਯਾਰਕ ਵਿੱਚ ਸਥਿਤ ਇਸ ਸੰਸਥਾ ਦੇ ਹੈਡਕੁਆਰਟਰ ਵਿਖੇ 22 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ। ਸੰਸਾਰ ਸਿਆਸਤ ਦੀ ਵੰਨ-ਸੁਵੰਨਤਾ ਨੂੰ ਇੱਕ ਲੜੀ ਵਿੱਚ ਪਰੋਣ ਅਤੇ ਦੁਨੀਆਂ ਭਰ ਵਿੱਚ ਚੱਲ ਰਹੇ ਫੌਜੀ ਕਲੇਸ਼ਾਂ ਦੇ ਅਮਨਪੂਰਬਕ ਹੱਲ ਪੇਸ਼ ਕਰਨ ਦੀ ਦ੍ਰਿਸ਼ਟੀ ਤੋਂ ਇਸ ਤਹਿਤ ਹੋਣ ਵਾਲੇ ਸਮਾਗਮ ਬੇਹੱਦ ਮਹੱਤਵਪੂਰਨ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਸਾਈਡ ‘ਤੇ ਸੰਸਾਰ ਦੇ ਰਾਜਨੀਤਿਕ ਲੀਡਰਾਂ ਵਿਚਕਾਰ ਡਿਪਲੋਮੈਟਿਕ ਗੱਲਬਾਤ ਦੇ ਦੌਰ ਵੀ ਚੱਲਣਗੇ। ਸੰਯੁਕਤ ਰਾਸ਼ਟਰ ਦੇ ਮੈਂਬਰ 193 ਮੁਲਕਾਂ ਦੇ ਪ੍ਰਮੁੱਖ ਲੀਡਰ ਜਨਰਲ ਅਸੈਂਬਲੀ ਦੇ ਸੈਸ਼ਨ ਵਿੱਚ ਸ਼ਮੂਲੀਅਤ ਕਰਨਗੇ।
ਸੰਯੁਕਤ ਰਾਸ਼ਟਰ ਅਸੈਂਬਲੀ ਦੇ 81ਵੇਂ ਸੈਸ਼ਨ ਤਹਿਤ ਸ਼ੁਰੂਆਤੀ ਭਾਸ਼ਨ ਸੰਸਥਾ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਜ਼ ਨੇ ਦਿੱਤਾ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀਸਿਲਵਾ ਵੱਲੋਂ ਕਿਸੇ ਮੈਂਬਰ ਮੁਲਕ ਵਜੋਂ ਪਹਿਲਾ ਭਾਸ਼ਨ ਦਿੱਤਾ ਗਿਆ। ਦੂਜਾ ਭਾਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੀ। (ਇਹ ਤਰਤੀਬ ਬਦਲ ਰਹੇ ਸੰਸਾਰ ਦੀ ਸੂਹ ਦਿੰਦੀ ਹੈ) ਸੰਯੁਕਤ ਰਾਸ਼ਟਰ ਆਮ ਡਿਬੇਟਾਂ (ਜਨਰਲ) ਦੇ ਤਹਿਤ 25 ਸਤੰਬਰ ਤੱਕ ਲਗਾਤਾਰ ਸਮਾਗਮ ਚੱਲਣਗੇ। 22-23 ਸਤੰਬਰ ਨੂੰ ਪ੍ਰਾਈਵੇਟ ਸੈਕਟਰ ਦੇ ਟਿਕਾਊ ਵਿਕਾਸ ‘ਤੇ ਭਰਵੀਂ ਵਿਚਾਰ ਚਰਚਾ ਹੋਈ। ਇਸ ਦੇ ਨਾਲ ਹੀ 23 ਨਵੰਬਰ ਨੂੰ ਕਲਾਈਮੇਟ ਐਕਸ਼ਨ ਅਤੇ ਵਿਸ਼ਵਾਸ ਬਹਾਲੀ (ਟਰਸਟ ਟਰਾਂਜ਼ੀਸ਼ਨ) ‘ਤੇ ਵੀ ਉੱਚ ਪੱਧਰੀ ਮੀਟਿੰਗ ਹੋਵੇਗੀ। ਇਸੇ ਦੌਰਾਨ 23, 24 ਅਤੇ 25 ਨਵੰਬਰ ਨੂੰ ਕ੍ਰਮਵਾਰ ‘ਡੈਕਲੇਰੇਸ਼ਨ ਆਫ ਰਾਈਟ ਟੂ ਡਿਵੈਲਪਮੈਂਟ’, ਸਮੁੰਦਰੀ ਪਾਣੀ ਦੇ ਪੱਧਰ ਵਿੱਚ ਚੜ੍ਹਾਅ ਅਤੇ ਮਹਾਂਮਾਰੀਆਂ ਰੋਕਣ ਵਾਸਤੇ ਤਿਆਰੀ ਤੇ ਐਕਸ਼ਨ ਬਾਰੇ ਵਿਚਾਰ ਚਰਚਾ ਹੋਵੇਗੀ।
ਇਸ ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆਂ ਦੇ ਤਕਰੀਬਨ 60 ਵਿਗਿਆਨੀਆਂ ਵੱਲੋਂ ਵਾਤਾਵਰਣ ਵਿੱਚ ਆ ਰਹੀਆਂ ਖ਼ਤਰਨਾਕ ਤਬਦੀਲੀਆਂ ਬਾਰੇ ਇੱਕ ਵਿਸਥਾਰਿਤ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਨੇ ਸੰਸਾਰ ਭਰ ਦੇ ਮੁਲਕਾਂ ਦੇ ਆਗੂਆਂ ਨੂੰ ਗੰਭੀਰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਮਨੁੱਖ ਨੇ ਆਪਣਾ ਕੁਦਰਤ ਪ੍ਰਤੀ ਰਵੱਈਆ ਨਾ ਬਦਲਿਆ ਤਾਂ ਧਰਤੀ ‘ਤੇ ਜੀਵਨ ਨੂੰ ਕਾਇਮ ਰੱਖਣਾ ਬੇਹੱਦ ਮੁਸ਼ਕਲ ਹੋ ਜਾਵੇਗਾ। ਇਸ ਸਦੀ ਦੇ ਅੰਤ ਤੱਕ ਇਸ ਨਾਲ ਧਰਤੀ ਦਾ ਤਾਪਮਾਨ 30 ਫੀਸਦੀ ਹੋਰ ਵਧ ਸਕਦਾ ਹੈ। ਜਲਦੀ ਹੀ ਇਸ ਕਿਸਮ ਦੀਆਂ ਸਥਿਤੀਆਂ ਪੈਦਾ ਹੋਣ ਜਾ ਰਹੀਆਂ ਹਨ, ਜਿਨ੍ਹਾਂ ਤੋਂ ਵਾਪਸ ਪਰਤਣਾ ਮਨੁੱਖ ਲਈ ਨਾਮੁਮਕਿਨ ਹੋ ਜਾਵੇਗਾ।
ਇਸ ਸਾਲ ਸੰਸਾਰ ਵਿੱਚ ਪਈ ਰਿਕਾਰਡ ਤੋੜ ਗਰਮੀ, ਯੂਰਪ, ਅਮਰੀਕਾ ਅਤੇ ਕੈਨੇਡਾ ਵਿੱਚ ਵਾਪਰੇ ਜੰਗਲੀ ਅੱਗਾਂ ਦੇ ਵਰਤਾਰੇ ਨੇ ਦੁਨੀਆਂ ਭਰ ਦੇ ਵਾਤਾਵਰਣ ਚਿੰਤਨ ਨੂੰ ਸਤਰਕ ਕਰ ਦਿੱਤਾ ਹੈ। ਰਿਪੋਰਟ ਨਾਲ ਜੁੜੇ ਵਿਗਿਆਨੀਆਂ ਅਨੁਸਾਰ ਧਰਤੀ ‘ਤੇ ਜੀਵਨ ਦੇ ਵਿਗਸਣ ਲਈ ਜ਼ਰੂਰੀ 9 ਵਰਤਾਰਿਆਂ (ਬਾਊਂਡਰੀਜ਼) ਵਿੱਚ ਸੱਤ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਏ ਹਨ। ਕੁਝ ਸਾਲਾਂ ਤੋਂ ਬਾਅਦ ਜ਼ਿੰਦਗੀ ਵਿਰੋਧੀ ਇਹ ਤਬੀਦਲੀਆਂ ਵਾਪਸੀ ਦੇ ਕਾਬਲ ਨਹੀਂ ਰਹਿਣਗੀਆਂ। ਮਤਲਬ ਇਹ ਵਾਪਸ ਦਰੁਸਤੀ ਵੱਲ ਪਰਤਣ (ਇਰਰਿਵਰਸੀਬਲ) ਦੇ ਕਾਬਲ ਨਹੀਂ ਰਹਿ ਜਾਣਗੀਆਂ।
ਦੁਨੀਆਂ ਪੱਧਰ ‘ਤੇ ਹਾਲ ਹੀ ਵਿੱਚ ਕੀਤੇ ਗਏ ਵਿਸ਼ਵ ਪੱਧਰੇ ਸਿਹਤ ਚੈੱਕ (ਹੈਲਥ ਚੈੱਕ) ਅਨੁਸਾਰ ਮਨੁੱਖੀ ਗਤੀਵਿਧੀਆਂ ਵੱਲੋਂ ਪੈਦਾ ਕੀਤੇ ਗਏ ਇਹ ਵਰਤਾਰੇ ਗੰਭੀਰ ਜੀਵਨ ਵਿਰੋਧੀ ਸਥਿਤੀਆਂ ਪੈਦਾ ਕਰ ਰਹੇ ਹਨ।
ਰਿਪਰਟ ਵਿੱਚ ਦਰਜ ਸੱਤ ਜੀਵਨ ਵਰਤਾਰੇ ਜਿਹੜੇ ਬੇਹੱਦ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋ ਰਹੇ ਹਨ, ਇਨ੍ਹਾਂ ਵਿੱਚ ਮੌਸਮੀ ਤਬਦੀਲੀਆਂ (ਕਲਾਈਮੇਟ ਚੇਂਜ), ਬਾਇਓਸਫੀਅਰ (ਜੈਵਿਕ ਆਲੇ ਦੁਆਲੇ) ਵਿੱਚ ਤਬਦੀਲੀ, ਜ਼ਮੀਨੀ ਸਿਸਟਮ ਵਿੱਚ ਤਬਦੀਲੀ, ਤਾਜ਼ਾ ਪਾਣੀ (ਫਰੈਸ਼ ਵਾਟਰ) ਦੇ ਸੋਮਿਆਂ ਵਿੱਚ ਤਬਦੀਲੀ, ਬਾਇਲੋਜੀਕਲ ਵਹਿਣ ਵਿੱਚ ਵਾਪਰੀ ਤਬਦੀਲੀ ਹੈ। ਕੁੱਝ ਨਵੇਂ ਵਿਲੱਖਣ ਅਤੇ ਖਤਰਨਾਕ ਕੁਦਰਤੀ ਵਰਤਾਰਿਆਂ ਦੀ ਆਮਦ ਵੀ ਹੋ ਰਹੀ ਹੈ, ਜਿਸ ਵਿੱਚ ਸਮੁੰਦਰ ਦਾ ਤੇਜ਼ਾਬੀਕਰਣ ਆਦਿ ਸ਼ਾਮਲ ਹਨ। ਸਿਰਫ ਓਜ਼ੋਨ ਵਿੱਚ ਪਾੜ ਅਤੇ ਐਟਮੌਸਫੀਰਿਕ ਐਰੋਸੋਲ (ਕਾਰਬਨ, ਧੂੜ ਕਣਾਂ ਅਤੇ ਹਵਾ ਵਿੱਚ ਤੈਰਦੇ ਪਾਣੀ ਦੇ ਤੁਪਕਿਆਂ ਜਾਂ ਧੁਆਂਖੀ ਬੱਦਲਵਾਈ) ਦੇ ਮਾਮਲੇ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਸੁਧਾਰ ਵੇਖਿਆ ਗਿਆ ਹੈ। ਫਿਰ ਵੀ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਐਟਮੌਸਫੀਰਿਕ ਐਰੋਸੋਲ (ਪਾਣੀ ਅਤੇ ਠੋਸ ਕਣਾਂ ਦੇ ਬੇਹੱਦ ਬਾਰੀਕ ਤੁਪਕੇ) ਹਾਲੇ ਵੀ ਸਮੱਸਿਆ ਬਣੇ ਹੋਏ ਹਨ। ਐਟਮੌਸਫੀਰਿਕ ਐਰੋਸੋਲ ਮੁੱਖ ਤੌਰ ‘ਤੇ ਹਵਾ ਦੇ ਪ੍ਰਦੂਸ਼ਣ ਤੋਂ ਪੈਦਾ ਹੁੰਦੇ ਹਨ। ਇਹ ਅਤਿ ਬਾਰੀਕ ਕਣ ਹਨ, ਜਿਨ੍ਹਾਂ ਦੀ ਚੌੜਾਈ ਮਨੁੱਖੀ ਵਾਲ ਤੋਂ ਵੀ ਬਰੀਕ ਹੁੰਦੀ ਹੈ। ਭਾਵੇਂ ਕਿ ਵਿਗਿਆਨੀ ਇਨ੍ਹਾਂ ਵਰਤਾਰਿਆਂ ਤੋਂ ਕਾਫੀ ਦੇਰ ਤੋਂ ਵਾਕਫ ਹਨ ਪਰ ਕੋਲੇ, ਤੇਲ ਅਤੇ ਗੈਸ ਵਗੈਰਾ ਦੇ ਬਾਲਣ ਕਾਰਨ ਖ਼ਾਰਜ ਹੋਣ ਵਾਲੀਆਂ ਗੈਸਾਂ ਨਾਲ ਪੈਦਾ ਹੋਣ ਵਾਲੇ ਸਿੱਧੇ ਅਸਰਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਮੌਸਮੀ ਤਬਦੀਲੀਆਂ (ਕਲਾਈਮੇਟ ਚੇਂਜ) ‘ਤੇ ਪੈਣ ਵਾਲੇ ਅਸਰਾਂ ਨਾਲ ਇਸ ਸਦੀ ਦੇ ਅੰਤ ਤੱਕ ਧਰਤੀ ਦਾ ਤਾਪਮਾਨ 20 ਤੋਂ 30 ਫਸਦੀ ਤੱਕ ਵਧ ਜਾਵੇਗਾ। ਇਸ ਨਾਲ ਸਾਡੇ ਵਰਤਮਾਨ ਵਿੱਚ ਧਰਤੀ ਦਾ ਤਾਪਮਾਨ 0.2 ਫੀਸਦੀ ਤੋਂ 0.4 ਫੀਸਦੀ ਤੱਕ ਹੋਰ ਵਧ ਸਕਦਾ ਹੈ; ਪਰ ਮਨੁੱਖੀ ਗਤੀਵਿਧੀ ਵਿੱਚ ਕੀਤੀਆਂ ਜਾਣ ਵਾਲੀਆਂ ਸੁਚੇਤ ਤਬਦੀਲੀਆਂ ਇਸ ਨੂੰ ਘਟਾ ਸਕਦੀਆਂ ਹਨ।
ਉਂਝ ਧਰਤੀ ਦੇ ਤਾਪਮਾਨ ਵਿੱਚ ਬੇਹੱਦ ਛੋਟੀ ਜਿਹੀ ਤਬਦੀਲੀ ਵੀ ਵੱਡੀ ਅਤੇ ਬਹੱਦ ਮਾਰੂ ਮੌਸਮੀ ਤਬਦੀਲੀਆਂ ਨੂੰ ਜਨਮ ਦੇ ਸਕਦੀ ਹੈ। ਬੀਤੀਆਂ ਗਰਮੀਆਂ ਵਿੱਚ ਹੀਟ ਵੇਵ, ਹੜ੍ਹਾਂ ਅਤੇ ਜੰਗਲੀ ਅੱਗਾਂ ਦੇ ਵਰਤਾਰੇ ਨੇ ਇਹ ਤੱਥ ਸਪਸ਼ਟ ਕਰ ਦਿੱਤਾ ਹੈ। ਇਵੇਂ ਪਾਕਿਸਤਾਨ ਅਤੇ ਨੇਪਾਲ ਸਮੇਤ ਕਈ ਮੁਲਕਾਂ ਵਿੱਚ ਇਸ ਵਰ੍ਹੇ ਆਏ ਤੇਜ਼ ਹੜ੍ਹਾਂ ਨੇ ਇਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਦੁਨੀਆਂ ਦੇ ਤਕਰੀਬਨ ਸਾਰੇ ਹਿੱਸੇ ਇਨ੍ਹਾਂ ਅਤਿ ਮੁਖੀ ਮੌਸਮੀ ਤਬਦੀਲੀਆਂ (ਐਕਸਟਰੀਮ ਵੈਦਰ ਕੰਡੀਸ਼ਨਾਂ) ਦਾ ਸ਼ਿਕਾਰ ਹੋ ਰਹੇ ਹਨ।
ਉਪਰੋਕਤ ਰਿਪੋਰਟ ਨੂੰ ਤਿਆਰ ਕਰਨ ਵਾਲੇ ਵਿਗਿਅਨੀਆਂ ਦੀ ਅਗਵਾਈ ਕਰਨ ਵਾਲੇ ਸੈਮ ਐਬਰਨੇਥੀ ਨੇ ਬੀਤੇ ਸੋਮਵਾਰ ਸੰਯੁਕਤ ਰਾਸ਼ਟਰ ਦੇ ਸਮਾਗਮਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਕੀਤੀ ਗਈ ਉਕਤ ਰਿਪੋਰਟ ਨੂੰ ਰਿਲੀਜ਼ ਕਰਨ ਵੇਲੇ ਕਿਹਾ ਕਿ ਜਿਹੜੇ ਮਾਡਲਾਂ ਤਹਿਤ ਮੌਜੂਦਾ ਮੌਸਮੀ ਤਬਦੀਲੀਆਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਧਰਤੀ, ਸਮੁੰਦਰ ਅਤੇ ਪਹਾੜੀ ਖ਼ੇਤਰਾਂ ਵਿੱਚ ਜੰਮੀ ਬਰਫ ਦਾ ਪਿਘਲਣਾ, ਕਾਰਬਨ ਅਤੇ ਮੀਥੇਨ ਗੈਸਾਂ ਦੇ ਖਾਰਜ ਹੋਣ ਦੀ ਗਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ, ਉਹ ਮੌਸਮੀ ਤਬਦੀਲੀਆਂ ‘ਤੇ ਪੈਣ ਵਾਲੇ ਇਨ੍ਹਾਂ ਵਰਤਾਰਿਆਂ ਦੇ ਸਿੱਧੇ (ਡਾਇਰੈਕਟ) ਅਸਰਾਂ ਨੂੰ ਘਟਾ ਕੇ ਵੇਖਦੇ ਹਨ। ਸਟੈਂਡਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਅਤੇ ਨਵੇਂ ਅਧਿਅਨ ਵਿੱਚ ਸ਼ਾਮਲ ਰੌਬ ਜੈਕਸਨ ਨੇ ਕਿਹਾ ਕਿ ਸੰਸਾਰ ਦੇ ਕਾਰਬਨ ਚੱਕਰਵਿਊ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਦੇ ਅਸਰ ਹੁਣ ਸਮਕਾਲੀ ਸਮੇਂ ਵਿੱਚ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸੰਸਾਰ ਵਾਤਾਵਰਣ ਵਿੱਚ ਵਾਪਰਣ ਵਾਲੀਆਂ ਤਬਦੀਲੀਆਂ ਸਾਡੇ ਲਈ ਇੱਕ ਚਿਤਾਵਨੀ ਵਾਂਗ ਹਨ ਕਿ ਜੇ ਅਸੀਂ ਇਨ੍ਹਾਂ ਨੂੰ ਭਵਿੱਖ ਦੇ ਅਧਿਅਨਾਂ ਵਿੱਚ ਸ਼ਾਮਲ ਨਾ ਕੀਤਾ ਤਾਂ ਵਾਤਾਵਰਣਿਕ ਤਬਦੀਲੀਆਂ ਦੇ ਸਿੱਟੇ ਵਧੇਰੇ ਖਤਰਨਾਕ ਹੋ ਸਕਦੇ ਹਨ। ਇੰਗਲੈਂਡ ਦੇ ਇੱਕ ਅਖ਼ਬਾਰ ‘ਦ ਗਾਰਡੀਅਨ’ ਵਿੱਚ ਛਪੀ ਇੱਕ ਰਿਪੋਰਟ ਅਨੁਸਾਰ ਓਰੇਗਨ ਯੂਨੀਵਰਿਸਟੀ ਦੇ ਵਿਗਿਆਨੀ ਬਿੱਲ ਰਿਪਲ ਨੇ ਕਿਹਾ ਕਿ ਮੌਸਮੀ ਤਬਦਲੀਆਂ ਦੇ ਵਰਤਾਰੇ ਬਾਰੇ ਸਭ ਤੋਂ ਪ੍ਰੇਸ਼ਾਨ ਕਰਨ ਵਾਲਾ ਪੱਖ ਇਹ ਹੈ ਕਿ ਧਰਤੀ ਦਾ ਵਧ ਰਿਹਾ ਤਾਪਮਾਨ ਅਜਿਹੇ ਕੁਦਰਤੀ ਵਰਤਾਰਿਆਂ ਨੂੰ ਜਨਮ ਦੇ ਸਕਦਾ ਹੈ, ਜਿਹੜੇ ਧਰਤੀ ਨੂੰ ਹੋਰ ਵਧੇਰੇ ਤਪਾਉਣ ਵੱਲ ਵਧਾ ਸਕਦੇ ਹਨ। ਉਕਤ ਵਿਗਿਆਨੀ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਵਿੱਚ ਭਾਈਵਾਲ ਨਹੀਂ ਹੈ; ਪਰ ਫਿਰ ਵੀ ਉਸ ਨੇ ਕਿਹਾ ਕਿ 60 ਵਿਗਿਆਨੀਆਂ ਵੱਲੋਂ ਜਾਰੀ ਕੀਤੀ ਗਈ ਮੌਜੂਦਾ ਰਿਪੋਰਟ ਮਹੱਤਵਪੂਰਣ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਹੌਥ ਹਾਊਸ ਅਰਥ (ਧਰਤੀ) ਟਰੈਜੈਕਟਰੀ ਤਹਿ ਹੈ। (ਹੌਥ ਹਾਊਸ ਟਰੈਜੈਕਟਰੀ ਅਨੁਸਾਰ ਮਨੁੱਖ ਵੱਲੋਂ ਪੈਦਾ ਕੀਤਾ ਤਾਪਮਾਨ ਵਾਧਾ ਧਰਤੀ ਦੇ ਕਦਰਤੀ ਸਿਸਟਮ ਵਿੱਚ ਪ੍ਰਤੀਕਰਮਾਂ ਦੀ ਇੱਕ ਲੜੀ ਨੂੰ ਜਨਮ ਦਿੰਦਾ ਹੈ, ਜਿਸ ਤਹਿਤ ਬਰਫਾਂ ਦਾ ਪਿਘਲਣਾ, ਜੰਗਲਾਂ ਦਾ ਖਤਮ ਹੋਣਾ ਆਦਿ ਸ਼ਾਮਲ ਹੈ। ਇਸ ਨਾਲ ਤਾਪਮਾਨ ਵਿੱਚ ਇੱਕ ਅਰੁਕ ਵਾਧਾ ਪੈਦਾ ਹੁੰਦਾ ਹੈ) ਪਰ ਇਹ ਰਿਪੋਰਟ ਇਹ ਸੁਨੇਹਾ ਜ਼ਰੂਰ ਦਿੰਦੀ ਹੈ ਕਿ ਧਰਤੀ ਦਾ ਵਧ ਰਿਹਾ ਤਾਪਮਾਨ, ਇਸ ਦੇ ਹੋਰ ਜ਼ਿਆਦਾ ਵਧਣ ਦੀ ਗਤੀ ਨੂੰ ਤੇਜ਼ ਕਰ ਸਕਦਾ ਹੈ। ਕਹਿਣ ਦਾ ਮਤਲਬ ਇਹ ਕਿ ਜੇ ਅਨੁੱਖ ਨਾ ਸੰਭਲਿਆ ਤਾਂ ਤਾਪਮਾਨ ਵਧਣ ਦਾ ਚੱਕਰਵਿਊ ਇਸ ਨੂੰ ਘਟਾਉਣ ਦੀਆਂ ਮਨੁੱਖੀ ਕੋਸ਼ਿਸ਼ਾਂ ਦੇ ਹੱਥੋਂ ਬਾਹਰ ਨਿਕਲ ਸਕਦਾ ਹੈ।
