ਅਗਲੇ ਸਾਲ ਸਾਂਝੀਆਂ ਸਮੁੰਦਰੀ ਮਸ਼ਕਾਂ ਕਰਨਗੇ ਕੁਆਡ ਮੁਲਕ

ਸਿਆਸੀ ਹਲਚਲ ਖਬਰਾਂ

*ਸਾਈਬਰ ਸੁਰੱਖਿਆ, ਸਮੁੰਦਰੀ ਸਰਵੀਲੈਂਸ ਤੇ ਏ.ਆਈ. ‘ਚ ਸਹਿਯੋਗ ਦਾ ਅਹਿਦ
*ਸਮੁੰਦਰੀ ਸਪਲਾਈ ਚੇਨਾਂ ਨੂੰ ਸੁਰੱਖਿਅਤ ਬਣਾਉਣ ਲਈ ਬਣੀ ਸਹਿਮਤੀ
ਪੰਜਾਬੀ ਪਰਵਾਜ਼ ਬਿਊਰੋ
ਚਾਰ ਮੁਲਕਾਂ- ਹਿੰਦੁਸਤਾਨ, ਜਪਾਨ, ਆਸਟਰੇਲੀਆ ਅਤੇ ਅਮਰੀਕਾ ‘ਤੇ ਆਧਾਰਤ ਕੌਮਾਂਤਰੀ ਸੰਗਠਨ ਕੁਆਡ (ਕੁਆਡਰੀਲੇਟਰਲ ਸਿਕਿਉਰਿਟੀ ਡਾਇਲਾਗ)ਦੇ ਆਗੂ ਪੱਧਰੇ ਸੰਮੇਲਨ ਲਈ ਹਾਲ ਹੀ ਵਿੱਚ ਇਨ੍ਹਾਂ ਮੁਲਕਾਂ ਦੇ ਮੁਖੀ ਮਨੀਲਾ ਵਿੱਚ ਮਿਲੇ ਹਨ। ਇਸ ਸੰਗਠਨ ਦੇ ਆਗੂਆਂ ਵੱਲੋਂ ਅਗਲੇ ਸਾਲ ਦੇ ਸ਼ੁਰੂ ਵਿੱਚ ‘ਇੰਡੋ ਪੈਸੇਫਿਕ ਮੈਰੀਟਾਈਮ ਕਲੈਬੋਰੇਸ਼ਨ’ ਨਾਂ ਥੱਲੇ ਫੌਜੀ ਮਸ਼ਕਾਂ ਕਰਨ ਦੀ ਤਜਵੀਜ਼ ਬਣਾਈ ਗਈ ਹੈ। ਚਾਰੋ ਮੁਲਕਾਂ ਦੇ ਆਗੂਆਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ

ਇਨ੍ਹਾਂ ਮੁਲਕਾਂ ਵੱਲੋਂ ਸੂਚਨਾ ਸਾਂਝੀ ਕਰਨ, ਸਮੁੰਦਰੀ ਖੇਤਰ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਖੇਤਰ ਦੇ ਸਮੁੰਦਰੀ ਮਾਰਗਾਂ ‘ਤੇ ਨਿਗਾਹ ਰੱਖਣ ਵਰਗੀਆਂ ਸਾਂਝੀਆਂ ਸਰਗਰਮੀਆਂ ਕੀਤੀਆਂ ਜਾਣਗੀਆਂ। ਇਹ ਕਾਰਜ ਅਗਲੇ ਸਾਲ ਮਾਰਚ ਵਿੱਚ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।
ਇਸ ਮੀਟਿੰਗ ਵਿੱਚ ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਟਕਾਇਚੀ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਨਥਨੀ ਅਲਬੇਨਸੀ ਅਤੇ ਹਿੰਦੁਸਤਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਚਾਰਾਂ ਮੁਲਕਾਂ ਦੇ ਆਗੂਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮੁੰਦਰੀ ਸਪਲਾਈ ਚੇਨਾਂ ਨੂੰ ਇਕਪਾਸੜ ਤੌਰ ‘ਤੇ ਬੰਦ ਕਰਨ, ਇੰਡੋ ਪੈਸੇਫਿਕ ਸਮੁੰਦਰੀ ਸਰਵੀਲੈਂਸ ਰਾਹੀਂ ਸਪਲਾਈ ਚੇਨਾਂ ਨੂੰ ਸੁਰੱਖਿਅਤ ਬਣਾਉਣ ਅਤੇ ਏ.ਆਈ. ਐਗਜ਼ਲੇਰੇਟਰ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਇੱਕ-ਦੂਜੇ ਦਾ ਸਹਿਯੋਗ ਕੀਤਾ ਜਾਵੇਗਾ। ਲੀਡਰਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਮੁੰਦਰੀ ਰਸਤਿਆਂ ਨੂੰ ਇਕਪਾਸੜ ਤੌਰ ‘ਤੇ ਫੌਜੀ ਤਾਕਤ ਦੀ ਵਰਤੋਂ ਨਾਲ ਰੋਕਣ ਖਿਲਾਫ ਮੀਟਿੰਗ ਵਿੱਚ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਭਾਵੇਂ ਕਿ ਇਸ ਬਿਆਨ ਵਿੱਚ ਕਿਸੇ ਮੁਲਕ ਦਾ ਨਾਮ ਨਹੀਂ ਲਿਆ ਗਿਆ, ਪਰ ਸਾਫ ਤੌਰ ‘ਤੇ ਇਹ ਇਸ਼ਾਰਾ ਇਰਾਨ ਵੱਲ ਹੀ ਕੀਤਾ ਗਿਆ ਜਾਪਦਾ ਹੈ।
ਇੰਡੋ ਪੈਸੇਫਿਕ ਵਿੱਚ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਲਈ ਪੀ-8 ਅਤੇ ਪੀ-3ਸੀ ਸਮੁੰਦਰੀ ਨਿਗਾਹਬਾਨੀ ਕਰਨ ਵਾਲੇ ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਸਰਗਰਮੀ ਕੁਆਡ ਮੁਲਕਾਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਜਾਵੇਗੀ। ਸਾਂਝੇ ਬਿਆਨ ਅਨੁਸਾਰ ਸਾਈਬਰ ਸਿਕਿਉਰਿਟੀ ਇਸ ਖੇਤਰ ਵਿੱਚ ਇੰਟਰਨੈਟ ਦੀ ਦੁਰਵਤੋਂ ਕਰਨ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਜਥੇਬੰਦ ਕੀਤੀ ਜਾਵੇਗੀ। ਚਾਰਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਅਮਰੀਕਾ ਦੇ ਸ਼ਹਿਰ ਐਟਲਾਂਟਾ ਵਿੱਚ ਐਲਾਨੀ ਏ.ਆਈ. ਐਗਲੇਰੇਟਰ ਦੀ ਵਰਤੋਂ ਦੇ ਤਹਿਤ ਵਿਸ਼ਵਾਸਯੋਗ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਪਹੁੰਚ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ-ਨਾਲ ਇਸ ਖਿਤੇ ਦੀ ਸੁਰੱਖਿਆ ਅਤੇ ਸਥਿਰਤਾ ਵੀ ਯਕੀਨੀ ਬਣਾਈ ਜਾਵੇਗੀ। ਇਸ ਬਿਆਨ ਵਿੱਚ ਚਾਰਾਂ ਲੀਡਰਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ 2027 ਵਿੱਚ ਕੁਆਡ ਬਿਜ਼ਨਸ ਲੀਡਰਜ਼ ਫੋਰਮ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਇਸ ਨਾਲ ਕੰਪਨੀਆਂ ਦੇ ਚੀਫ ਅਗਜ਼ੈਕਟਿਵ ਅਧਿਕਾਰੀਆਂ, ਸਰਕਾਰੀ ਅਧਿਕਾਰੀਆਂ ਅਤੇ ਨੀਤੀ ਘਾੜਿਆਂ ਵਿੱਚ ਨੇੜਤਾ ਵਧੇਗੀ। ਇਨ੍ਹਾਂ ਮੁਲਕਾਂ ਵਿਚਕਾਰ ਊਰਜਾ ਤਬਾਦਲੇ ਦੇ ਵਾਧੇ ਲਈ ਸਮੁੰਦਰ ਨੀਚੇ ਕੇਬਲਾਂ ਵਿਛਾਉਣ ਬਾਰੇ ਵੀ ਚਰਚਾ ਕੀਤੀ ਗਈ ਹੈ। ਆਸਟਰੇਲੀਆ ਵੱਲੋਂ ਇਸ ਵਿੱਚ ਪਹਿਲ ਕੀਤੇ ਜਾਣ ਦੀ ਸੰਭਾਵਨਾ ਹੈ।
ਕਥਿਤ ਅੱਤਿਵਾਦ ਵਿਰੋਧੀ ਕਦਮ ਚੁੱਕਣ ਲਈ ਚਾਰਾਂ ਲੀਡਰਾਂ ਵੱਲੋਂ ਹਰ ਕਿਸਮ ਦੇ ਹਿੰਸਕ ਅੱਤਿਵਾਦ ਖਿਲਾਫ ਸਹਿਯੋਗ ਵਧਾਉਣ ਦਾ ਵੀ ਅਹਿਦ ਕੀਤਾ ਗਿਆ ਹੈ। ‘ਏਸ਼ੀਆਨ’ ਦਾ ਪੱਖ ਪੂਰਦਿਆਂ ਚਾਰੋਂ ਲੀਡਰਾਂ ਨੇ ਕਿਹਾ ਕਿ ਚਾਰ ਮੁਲਕਾਂ ਦਾ ਇਹ ਧੜਾ ਆਜ਼ਾਦ ਅਤੇ ਖੁੱਲ੍ਹੇ ਇੰਡੋ ਪੈਸੇਫਿਕ ਨੂੰ ਯਕੀਨੀ ਬਣਾਏਗਾ। ਹਿੰਦੁਸਤਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਨੂੰ ਪ੍ਰਭਾਵਕੁੰਨ ਕਿਹਾ। ਆਪਣੇ ਐਕਸ ‘ਤੇ ਜਾਰੀ ਇਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕੁਆਡ’ ਹਿੰਦ ਮਹਾਂਸਾਗਰ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਵੇਗਾ।
ਇੱਥੇ ਜ਼ਿਕਰਯੋਗ ਹੈ ਕਿ ‘ਕੁਆਡ’ ਦੇ ਗਠਨ ਦਾ ਗੈਰ-ਰਸਮੀ ਯਤਨ 2004 ਵਿੱਚ ਆਈ ਸੁਨਾਮੀ ਤੋਂ ਬਾਅਦ ਆਸਟਰੇਲੀਆ, ਭਾਰਤ, ਜਪਾਨ ਅਤੇ ਅਮਰੀਕਾ ਵੱਲੋਂ ਕੀਤਾ ਗਿਆ ਸੀ। ਇਸ ਦਾ ਪਹਿਲਾ ਯਤਨ ਸੁਨਾਮੀ ਤੋਂ ਪ੍ਰਭਾਵਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸੀ। ਇਸ ਤੋਂ ਬਾਅਦ 2007 ਵਿੱਚ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਇਸ ਨੂੰ ਇੱਕ ਰਸਮੀ ਜਮਹੂਰੀ ਸੰਗਠਨ ਵਿੱਚ ਤਬਦੀਲ ਕਰਨ ਲਈ ਪਹਿਲ ਕਦਮੀ ਕੀਤੀ। ਇਸ ਫੋਰਮ ਦੀ ਪਹਿਲੀ ਮੀਟਿੰਗ ਮਨੀਲਾ ਵਿੱਚ ਏਸੀਆਨ ਦੀ ਮੀਟਿੰਗ ਦੀ ਵੱਖੀ ‘ਤੇ ਕੀਤੀ ਗਈ ਸੀ। ਇਸ ਤੋਂ ਪਿੱਛੋਂ ਬੰਗਾਲ ਦੀ ਖਾੜੀ ਵਿੱਚ ਇਨ੍ਹਾਂ ਮੁਲਕਾਂ ਵੱਲੋਂ ਸਮੁੰਦਰੀ ਮਸ਼ਕਾਂ ਦਾ ਆਯੋਜਨ ਕੀਤਾ ਗਿਆ। ਸਾਲ 2008 ਵਿੱਚ ਚੀਨ ਵੱਲੋਂ ਇਸ ਸੰਗਠਨ ਦਾ ਇਹ ਆਖ ਕੇ ਵਿਰੋਧ ਕੀਤਾ ਗਿਆ ਕਿ ਚੀਨ ਦੇ ਉਭਾਰ ਨੂੰ ਰੋਕਣ ਲਈ ਇਹ ਗਠਿਤ ਕੀਤਾ ਗਿਆ ਹੈ। ਇਸ ਵਿਰੋਧ ਕਾਰਨ ਆਸਟਰੇਲੀਆ ਇਸ ਫੋਰਮ ਤੋਂ ਬਾਹਰ ਹੋ ਗਿਆ ਸੀ, ਪਰ ਚੀਨ ਵੱਲੋਂ ਆਪਣੇ ਦੱਖਣ ਪੂਰਬੀ ਸਮੁੰਦਰੀ ਖੇਤਰ ਵਿੱਚ ਸਰਗਰਮੀ ਵਧਾ ਦਿੱਤੇ ਜਾਣ ਕਾਰਨ ਇਨ੍ਹਾਂ ਮੁਲਕਾਂ ਵਿਚਕਾਰ ਸੁਰੱਖਿਆ ਸੰਬੰਧ ਮਜਬੂਤ ਕਰਨ ਦੀ ਕਵਾਇਦ ਜਾਰੀ ਰਹੀ। 2017 ਵਿੱਚ ਚਾਰ ਮੁਲਕਾਂ ਦੇ ਇਸ ਗੱਠਜੋੜ ਨੇ ਮੁੜ ਕੇ ਸਰਗਰਮੀ ਸ਼ੁਰੂ ਕੀਤੀ। ਸਤੰਬਰ 2021 ਵਿੱਚ ਕੁਆਡ ਲੀਡਰ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਵਿੱਚ ਇਕੱਤਰ ਹੋਏ। ਚਾਰ ਮੁਲਕਾਂ ਦੇ ਇਸ ਸੰਗਠਨ ਨੇ ਆਪਣੇ ਆਪ ਨੂੰ ਫੌਜੀ ਸਰਗਰਮੀਆਂ ਤੱਕ ਸੀਮਤ ਕਰਨ ਦੀ ਥਾਂ ਸਮੁੰਦਰੀ ਖੇਤਰ ਬਾਰੇ ਜਾਗਰੂਕਤਾ, ਸਾਈਬਰ ਸਿਕਿਉਰਿਟੀ, ਦੁਰਲੱਭ ਖਣਿਜਾਂ, ਮੌਸਮੀ ਤਬਦੀਲੀਆਂ, ਨਵੀਆਂ ਤਕਨੀਕਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਦਿ ਖੇਤਰਾਂ ਤੱਕ ਘੇਰਾ ਮੋਕਲਾ ਕੀਤਾ।
ਕੌਮਾਂਤਰੀ ਰਾਜਨੀਤਿਕ ਮਾਮਲਿਆਂ ਦੇ ਮਾਹਿਰ ਵਿਦਵਾਨ ਇਸ ਨੂੰ ਅਸਲ ਵਿੱਚ ਚੀਨ ਦੀ ਘੇਰਾਬੰਦੀ ਕਰਨ ਦਾ ਇੱਕ ਯਤਨ ਹੀ ਆਖ ਰਹੇ ਹਨ। ਦਿਲਚਸਪ ਤੱਥ ਇਹ ਹੈ ਕਿ ਏਸ਼ੀਆ ਦੀ ਆਪਣੀ ਇੱਕੋ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਪਾਸੇ ਤਾਂ ਚੀਨ ਅਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਸ਼ਿਨਜੇਨ ਵਿੱਚ ਗੱਲਬਾਤ ਕਰ ਰਹੇ ਹਨ, ਦੂਜੇ ਪਾਸੇ ਕੁਆਡ ਵਿੱਚ ਭਾਰਤ, ਆਸਟਰੇਲੀਆ ਅਤੇ ਜਪਾਨ ਦੇ ਲੀਡਰਾਂ ਨੂੰ ਮਿਲ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਰਾਨ ਵਾਲੇ ਕਲੇਸ਼ ਦੇ ਅਸਰਦਾਰ ਹੱਲ ਲਈ ਅਮਰੀਕੀ ਰਾਸ਼ਟਰਪਤੀ ਵੱਲੋਂ ਰੂਸ ਅਤੇ ਚੀਨ ਦੇ ਰਾਸ਼ਟਰਪਤੀਆਂ ਨਾਲ ਸੰਪਰਕ ਸਾਧੇ ਗਏ ਸਨ। ਚੀਨ ਵਿੱਚ ਤਿੰਨ ਧਿਰੀ ਵਾਰਤਾਲਾਪ ਦਾ ਮੂLਲ ਮਸਲਾ ਅਸਲ ਵਿੱਚ ਇਰਾਨ-ਅਮਰੀਕਾ ਕਲੇਸ਼ ਦਾ ਹੱਲ ਕਰਨ ਵੱਲ ਹੀ ਸੇਧਤ ਹੈ। ਅਮਰੀਕਾ ਦੀਆਂ ਮੱਧਵਰਤੀ ਚੋਣਾਂ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨ ਪਾਰਟੀ ਬੈਕ-ਫੁਟ ‘ਤੇ ਹਨ।

Leave a Reply

Your email address will not be published. Required fields are marked *