ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
13 ਅਪ੍ਰੈਲ ਦਾ ਦਿਨ ਵਿਸਾਖੀ ਦੇ ਦਿਹਾੜੇ ਵਜੋਂ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਲਈ ਖ਼ਾਸ ਮਹੱਤਵ ਵਾਲਾ ਦਿਨ ਹੈ। ਇਹ ਦਿਨ ਜਿੱਥੇ ਕਿਸਾਨਾਂ ਦੀ ਹੱਡ-ਭੰਨ੍ਹਵੀਂ ਮਿਹਨਤ ਨਾਲ ਉਗਾਈ ਗਈ ਕਣਕ ਦੀ ਸੋਨ-ਸੁਨਹਿਰੀ ਫ਼ਸਲ ਦੀ ਵਾਢੀ ਕਰਕੇ ਸਾਲ ਭਰ ਲਈ ਘਰ ’ਚ ਅੰਨ੍ਹ ਤੇ ਜੇਬ ’ਚ ਪੈਸੇ ਇਕੱਠੇ ਕਰਨ ਦਾ ਸੁਭਾਗਾ ਦਿਨ ਹੈ, ਉੱਥੇ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਮੂਹ ਜਾਤਾਂ-ਪਾਤਾਂ ਦੀਆਂ ਵਲਗਣਾਂ ਢਾਹ ਕੇ ‘ਖ਼ਾਲਸਾ ਪੰਥ’ ਦੀ ਸਾਜਨਾ ਕਰਨ ਦੇ ਪਾਵਨ ਦਿਵਸ ਨੂੰ ਸਮਰਪਿਤ ਦਿਨ ਵੀ ਹੈ।
ਇਸਦੇ ਨਾਲ ਹੀ ਇਹ ਦਿਨ ਭਾਰਤ ਦੇ ਇਤਿਹਾਸ ਦੇ ਉਸ ਲਹੂ ਭਿੱਜੇ ਪੰਨੇ ਨਾਲ ਵੀ ਜੁੜਿਆ ਹੋਇਆ ਹੈ, ਜਿਸ ਪੰਨੇ ’ਤੇ ਜੱਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਇਬਾਰਤ ਲਿਖੀ ਹੋਈ ਹੈ। ਇੰਨੇ ਮਹੱਤਵਪੂਰਨ ਦਿਨ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਵਿੱਚ ਭਾਰਤੀ ਸਿਨੇਮਾ ਭਲਾ ਪਿੱਛੇ ਕਿਵੇਂ ਰਹਿ ਸਕਦਾ ਹੈ? ਆਓ, ਵਿਸਾਖੀ ਦੇ ਦਿਹਾੜੇ ਨਾਲ ਜੁੜੀਆਂ ਖ਼ੁਸ਼ੀਆਂ ਤੇ ਗ਼ਮੀਆਂ ਦੀ ਤਸਵੀਰਕਸ਼ੀ ਕਰਦੀਆਂ ਵੱਖ-ਵੱਖ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫ਼ਿਲਮਾਂ ਦੀ ਗੱਲ ਕਰੀਏ:
ਬਾਲੀਵੁੱਡ ਨੂੰ ਜਦੋਂ ਵੀ ਖੇਤਾਂ ਵਿੱਚ ਲਹਿਰਾਉਂਦੀ ਕਣਕ ਦੀ ਫ਼ਸਲ ਜਾਂ ਸਰ੍ਹੋਂ ਦੇ ਫੁੱਲਾਂ ਨਾਲ ਭਰੇ ਖੇਤਾਂ ਦਾ ਸੁੰਦਰ ਤੇ ਮਨਮੋਹਕ ਦ੍ਰਿਸ਼ ਪੇਸ਼ ਕਰਨਾ ਹੋਵੇ ਤਾਂ ਸਮੂਹ ਫ਼ਿਲਮਕਾਰਾਂ ਦੀ ਨਿਗ੍ਹਾ ਪੰਜਾਬ ’ਤੇ ਪੈਂਦੀ ਹੈ। ਸਾਲ 2004 ਵਿੱਚ ਬਾਲੀਵੁੱਡ ਦੇ ਨਾਮਵਰ ਫ਼ਿਲਮਕਾਰ ਯਸ਼ ਚੋਪੜਾ ਦੁਆਰਾ ਬਣਾਈ ਗਈ ਫ਼ਿਲਮ ‘ਵੀਰ-ਜ਼ਾਰਾ’ ਵਿੱਚ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੂੰ ਵਿਸਾਖੀ ਮੌਕੇ ਨੀਲੇ ਅੰਬਰ ਹੇਠਾਂ ਪੱਕੀਆਂ ਕਣਕਾਂ ਦੇ ਖੇਤਾਂ ‘ਚੋਂ ਲਹਿਰਾ ਕੇ ਗੁਜ਼ਰਦਿਆਂ ਹੋਇਆਂ ਵਿਖ਼ਾਇਆ ਗਿਆ ਸੀ ਤੇ ਵਿਸਾਖੀ ਦੇ ਮੇਲੇ ‘ਤੇ ਅਠਖੇਲੀਆਂ ਕਰਦੀ ਤੇ ਝੂਮਦੀ ਪ੍ਰੀਤੀ ਤਾਂ ਅਰਸ਼ੋਂ ਉੱਤਰੀ ਕੋਈ ਪਰੀ ਲੱਗਦੀ ਸੀ। ਇਸੇ ਤਰ੍ਹਾਂ ਸੰਨ 1977 ਵਿੱਚ ਬਣੀ ਫ਼ਿਲਮ ‘ਈਮਾਨ ਧਰਮ’ ਵਿਚਲਾ ਗੀਤ, “ਓ ਜੱਟਾ ਆਈ ਵਿਸਾਖ਼ੀ” ਵੀ ਵਿਸਾਖੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਨ ਦੇ ਨਾਲ-ਨਾਲ ਪੰਜਾਬ ਦੇ ਸੂਰਬੀਰ ਸੈਨਿਕਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸੀ। ਜਨਾਬ ਆਨੰਦ ਬਖ਼ਸੀ ਵੱਲੋਂ ਲਿਖੇ ਅਤੇ ਲਕਸ਼ਮੀਕਾਂਤ-ਪਿਆਰੇ ਲਾਲ ਦੀ ਜੋੜੀ ਵੱਲੋਂ ਸੰਗੀਤਬੱਧ ਕੀਤੇ ਇਸ ਗੀਤ ਨੂੰ ਮੁਹੰਮਦ ਰਫ਼ੀ ਅਤੇ ਮੁਕੇਸ਼ ਦੀ ਜੋੜੀ ਨੇ ਗਾਇਆ ਸੀ ਤੇ ਇਹ ਗੀਤ ਵਿਸਾਖੀ ਮੌਕੇ ਖ਼ੁਸ਼ੀਆਂ ਮਨਾਉਂਦੇ ਅਪਾਹਿਜ ਸੈਨਿਕਾਂ ਦੀ ਟੋਲੀ ’ਤੇ ਫ਼ਿਲਮਾਇਆ ਗਿਆ ਸੀ।
ਸੰਨ 1967 ਵਿੱਚ ਬਣੀ ਅਦਾਕਾਰ ਮਨੋਜ ਕੁਮਾਰ ਦੀ ਫ਼ਿਲਮ ‘ਉਪਕਾਰ’ ਵਿੱਚ ਗਾਇਕ ਮਹਿੰਦਰ ਕਪੂਰ ਦੀ ਬੁਲੰਦ ਆਵਾਜ਼ ਵਿੱਚ ਗਾਇਆ ਗੀਤ “ਮੇਰੇ ਦੇਸ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰ ਮੋਤੀ” ਵਿਸਾਖੀ ਮੌਕੇ ਫ਼ਸਲਾਂ ਦੀ ਵਾਢੀ ਅਤੇ ਦੇਸ਼ ਭਗਤਾਂ ਵੱਲੋਂ ਆਜ਼ਾਦੀ ਲਈ ਪਾਏ ਗਏ ਯੋਗਦਾਨ ਦੀ ਗਾਥਾ ਬਿਆਨ ਕਰ ਗਿਆ ਸੀ। ਇਸ ਗੀਤ ਦਾ ਸੰਗੀਤ ਕਲਿਆਣ ਜੀ-ਅਨੰਦ ਜੀ ਦੀ ਜੋੜੀ ਨੇ ਤਿਆਰ ਕੀਤਾ ਸੀ। ਗਾਇਕਾ ਆਸ਼ਾ ਭੌਂਸਲੇ, ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ ਅਤੇ ਮੰਨਾ ਡੇ ਜਿਹੇ ਉੱਚ-ਕੋਟੀ ਦੇ ਗਾਇਕਾਂ ਵੱਲੋਂ ਭਾਰਤੀ ਸਿਨੇਮਾ ਦੀ ਸ਼ਾਹਕਾਰ ਫ਼ਿਲਮ ‘ਮਦਰ ਇੰਡੀਆ’ (1957) ਲਈ ਗਾਇਆ ਗਿਆ ਗੀਤ “ਦੁੱਖ ਭਰੇ ਦਿਨ ਬੀਤੇ ਰੇ ਭਈਆ, ਅਬ ਸੁੱਖ ਆਇਓ ਰੇ” ਵੀ ਫ਼ਸਲਾਂ ਦੀ ਵਾਢੀ ਮੌਕੇ ਕਿਸਾਨਾਂ ਦੇ ਚਿਹਰਿਆਂ ’ਤੇ ਖਿੜ੍ਹੀਆਂ ਬਹਾਰਾਂ ਦੀ ਪੇਸ਼ਕਾਰੀ ਕਰ ਗਿਆ ਸੀ। ਇਸੇ ਭਾਵਨਾ ਨਾਲ ਜੁੜਿਆ ਸੰਨ 1953 ਵਿੱਚ ਬਣੀ ਫ਼ਿਲਮ ‘ਦੋ ਬੀਘਾ ਜ਼ਮੀਨ’ ਦਾ ਗੀਤ “ਧਰਤੀ ਕਹੇ ਪੁਕਾਰ ਕੇ” ਵੀ ਫ਼ਸਲਾਂ ਦੀ ਵਾਢੀ ਦਾ ਖ਼ੂਬਸੂਰਤ ਦ੍ਰਿਸ਼ ਫ਼ਿਲਮੀ ਪਰਦੇ ’ਤੇ ਸਾਕਾਰ ਕਰ ਗਿਆ ਸੀ। ਗੀਤਕਾਰ ਸ਼ੈਲੈਂਦਰ ਦੇ ਰਚੇ ਤੇ ਸੰਗੀਤਕਾਰ ਸਲਿਲ ਚੌਧਰੀ ਦੇ ਸੰਗੀਤਬੱਧ ਕੀਤੇ ਇਸ ਗੀਤ ਨੂੰ ਮਨਾ ਡੇ ਅਤੇ ਲਤਾ ਮੰਗੇਸ਼ਕਰ ਨੇ ਗਾਇਆ ਸੀ।
ਉਕਤ ਫ਼ਿਲਮਾਂ ਤੋਂ ਇਲਾਵਾ ‘ਰੱਬ ਨੇ ਬਣਾ ਦੀ ਜੋੜੀ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦਿਲ ਬੋਲੇ ਹੜਿੱਪਾ’ ਆਦਿ ਫ਼ਿਲਮਾਂ ਦੇ ਨਾਲ-ਨਾਲ ਅਦਾਕਾਰ ਮਿਥੁਨ ਚੱਕਰਵਰਤੀ ਅਤੇ ਅਮ੍ਰਿਤਾ ਸਿੰਘ ਦੀ ਜੋੜੀ ’ਤੇ ਆਧਾਰਿਤ ਫ਼ਿਲਮ ‘ਅਗਨੀ’ ਵਿਚਲਾ ਗੀਤ “ਓ ਆਈ ਵਿਸਾਖੀ”, ਵਿਸਾਖੀ ਮੌਕੇ ਫ਼ਸਲਾਂ ਦੀ ਵਾਢੀ ਅਤੇ ਕਿਸਾਨਾਂ ਦੇ ਚਿਹਰਿਆਂ ’ਤੇ ਖਿੜੀਆਂ ਬਹਾਰਾਂ ਨੂੰ ਬਾਖ਼ੂਬੀ ਪੇਸ਼ ਕਰਨ ਵਿੱਚ ਸਫ਼ਲ ਰਹੇ ਸਨ। ਇਸੇ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ‘ਨਾਨਕ ਨਾਮ ਜਹਾਜ਼ ਹੈ’, ‘ਨਾਨਕ ਦੁਖੀਆ ਸਭ ਸੰਸਾਰ’, ‘ਧੰਨਾ ਜੱਟ’, ‘ਵਿਸਾਖੀ’, ‘ਵਿਸਾਖੀ ਵਾਲਾ ਮੇਲਾ’, ‘ਕਣਕਾਂ ਦੇ ਓਹਲੇ’, ‘ਉਡੀਕਾਂ’, ‘ਵਿਸਾਖੀ ਲਿਸਟ’ ਆਦਿ ਫ਼ਿਲਮਾਂ ਸਣੇ ਕਈ ਹੋਰ ਫ਼ਿਲਮਾਂ ਵਿਸਾਖੀ ਮੌਕੇ ਪੰਜਾਬੀਆਂ ਦੇ ਚਿਹਰਿਆਂ ’ਤੇ ਮੇਲਦੀਆਂ ਰੌਣਕਾਂ ਨੂੰ ਬਿਆਨ ਕਰ ਗਈਆਂ ਸਨ।
ਦਾਰਾ ਸਿੰਘ ਅਭਿਨੀਤ ਸੰਨ 1970 ਵਿੱਚ ਬਣੀ ਫ਼ਿਲਮ ‘ਨਾਨਕ ਦੁਖੀਆ ਸਭ ਸੰਸਾਰ’ ਵਿਚਲਾ ਗੀਤ “ਸਾਡੇ ਖੇਤਾਂ ਵਿੱਚ ਰੱਬ ਵੱਸਦਾ” ਮੁਹੰਮਦ ਰਫ਼ੀ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗਾਇਆ ਸੀ ਤੇ ਇਹ ਗੀਤ ਵਿਸਾਖੀ ਦੇ ਤਿਉਹਾਰ ਮੌਕੇ ਪੰਜਾਬੀਆਂ ਦੇ ਮਾਣ ਅਤੇ ਖ਼ੁਸ਼ੀਆਂ ਦੀ ਪੂਰੀ ਤਰਜ਼ਮਾਨੀ ਕਰ ਗਿਆ ਸੀ। ਇਸੇ ਤਰ੍ਹਾਂ ਸੰਨ 1959 ਵਿੱਚ ਬਣੀ ਫ਼ਿਲਮ ‘ਦੋ ਲੱਛੀਆਂ’ ਦਾ ਗੀਤ “ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਂਉਂ ਬਹਿੰਦੀ”, ਜੋ ਕਿ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗ਼ਮ ਨੇ ਗਾਇਆ ਸੀ, ਵੀ ਵਿਸਾਖੀ ਦੇ ਦਿਨਾਂ ਵਿੱਚ ਕਣਕਾਂ ਪ੍ਰਤੀ ਕਿਸਾਨਾਂ ਦੇ ਮੋਹ ਨੂੰ ਬਿਆਨ ਕਰ ਗਿਆ ਸੀ।
ਬਰਤਾਨਵੀ ਹਕੂਮਤ ਤੋਂ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਦੇਸ਼ ਭਗਤਾਂ ਦੇ ਜੀਵਨ ਵਿੱਚ ਅਤੇ ਭਾਰਤ ਦੇ ਇਤਿਹਾਸ ਵਿੱਚ 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ‘ਜੱਲਿ੍ਹਆਂਵਾਲਾ ਬਾਗ’ ਵਿਖੇ ਵਾਪਰੇ ਖ਼ੂਨੀ ਸਾਕੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਇੱਥੇ ਇਕੱਤਰ ਹੋ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਨਿਹੱਥੇ ਅਤੇ ਨਿਰਦੋਸ਼ ਨੌਜਵਾਨਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ‘ਤੇ ਜਨਰਲ ਡਾਇਰ ਦੇ ਹੁਕਮਾਂ ਅਨੁਸਾਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਡੇਢ ਹਜ਼ਾਰ ਦੇ ਕਰੀਬ ਲੋਕ ਸ਼ਹੀਦ ਹੋ ਗਏ ਸਨ ਤੇ ਬਾਰ੍ਹਾਂ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਅਮਰ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੇ ਜ਼ਿਹਨ ’ਤੇ ਇਸ ਸ਼ਹੀਦੀ ਸਾਕੇ ਦਾ ਡੂੰਘਾ ਅਸਰ ਪਿਆ ਸੀ ਤੇ ਇਹ ਘਟਨਾ ਉਨ੍ਹਾਂ ਦੇ ਸੀਨੇ ਅੰਦਰ ਬਲ਼ਦੀ ਆਜ਼ਾਦੀ ਲਈ ਸੰਘਰਸ਼ ਦੀ ਲਾਟ ਨੂੰ ਭਾਂਬੜ ਬਣਾ ਗਈ ਸੀ। ਸ਼ਹੀਦ ਊਧਮ ਸਿੰਘ ਨੇ ਤਾਂ ਸ਼ਹੀਦਾਂ ਦੇ ਖ਼ੂਨ ਨਾਲ ਲਿਬੜੀ ਇਸ ਬਾਗ਼ ਦੀ ਮਿੱਟੀ ਨੂੰ ਹੱਥ ’ਚ ਲੈ ਕੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਜਨਰਲ ਡਾਇਰ ਤੋਂ ਲੈਣ ਦੀ ਖਾਧੀ ਕਸਮ ਨੂੰ ਲੰਦਨ ਜਾ ਕੇ ਪੂਰਾ ਕੀਤਾ ਸੀ। ਇਸ ਸ਼ਹੀਦੀ ਸਾਕੇ ਨੂੰ ਕੇਂਦਰ ’ਚ ਰੱਖ ਕੇ ਕੇਵਲ ਭਾਰਤੀ ਸਿਨੇਮਾ ਹੀ ਨਹੀਂ, ਸਗੋਂ ਵਿਸ਼ਵ ਸਿਨੇਮਾ ਵਿੱਚ ਵੀ ਕਈ ਸਾਰੀਆਂ ਯਾਦਗਾਰ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।
ਸੰਨ 1977 ਵਿੱਚ ਵਿਨੋਦ ਖੰਨਾ, ਪ੍ਰੀਕਸ਼ਿਤ ਸਾਹਨੀ, ਸ਼ਬਾਨਾ ਆਜ਼ਮੀ ਅਤੇ ਦੀਪਤੀ ਨਵਲ ਜਿਹੀ ਸੁਲਝੀ ਹੋਈ ਸਟਾਰਕਾਸਟ ਨੂੰ ਲੈ ਕੇ ਲੇਖਕ ਤੇ ਗੀਤਕਾਰ ਗੁਲਜ਼ਾਰ ਦੀ ਫ਼ਿਲਮ ‘ਜੱਲਿ੍ਹਆਂਵਾਲਾ ਬਾਗ’, ਸ਼ਹੀਦ ਊਧਮ ਸਿੰਘ ਦੀ ਸੋਚ ਉੱਤੇ ਪਏ ਜੱਲਿ੍ਹਆਂਵਾਲਾ ਬਾਗ ਕਾਂਡ ਦੇ ਗੰਭੀਰ ਪ੍ਰਭਾਵਾਂ ਨੂੰ ਬਿਆਨ ਕਰਦਿਆਂ ਉਸਦੇ ਸੱਚਾ ਦੇਸ਼ ਭਗਤ ਬਣਨ ਦੀ ਕਹਾਣੀ ਨੂੰ ਬਿਆਨ ਕਰ ਗਈ ਸੀ। ਇਸ ਫ਼ਿਲਮ ਦੇ ਨਿਰਦੇਸ਼ਕ ਸ੍ਰੀ ਬਲਰਾਜ ਸਨ। ਸੰਨ 1982 ਵਿੱਚ ਬਣੀ ਮਹਾਨ ਨਿਰਦੇਸ਼ਕ ਸਰ ਰਿਚਰਡ ਅਡਿਨਬਰਗ ਦੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਫ਼ਿਲਮ ‘ਗਾਂਧੀ’ ਵਿੱਚ ਵੀ ਜੱਲਿ੍ਹਆਂਵਾਲਾ ਬਾਗ’ ਦੇ ਖ਼ੂਨੀ ਸਾਕੇ ਅਤੇ ਇਸ ਸਾਕੇ ਦੇ ਦੂਰਵਰਤੀ ਪ੍ਰਭਾਵਾਂ ਨੂੰ ਬੜੇ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਇਹ ਫ਼ਿਲਮ ਅੱਠ ‘ਆਸਕਰ ਪੁਰਸਕਾਰ’ ਜਿੱਤਣ ਵਿੱਚ ਕਾਮਯਾਬ ਰਹੀ ਸੀ।
ਸੰਸਾਰ ਦੇ ਚਰਚਿਤ ਸਾਹਿਤਕਾਰ ਸਲਮਾਨ ਰਸ਼ਦੀ ਦੀ ਰਚਨਾ ‘ਮਿਡਨਾਈਟਸ ਚਿਲਡਰਨ’ ’ਤੇ ਆਧਾਰਿਤ ਇਸੇ ਨਾਂ ਦੀ ਅੰਗਰੇਜ਼ੀ ਫ਼ਿਲਮ ਵਿੱਚ ਵੀ ਫ਼ਿਲਮ ਦੀ ਨਿਰਦੇਸ਼ਿਕਾ ਦੀਪਾ ਮਹਿਤਾ ਨੇ ਜੱਲਿ੍ਹਆਂਵਾਲਾ ਬਾਗ ਦੇ ਸਾਕੇ ਨੂੰ ਬੇਹੱਦ ਜਜ਼ਬਾਤਪੂਰਨ ਅੰਦਾਜ਼ ਵਿੱਚ ਮੂਰਤੀਮਾਨ ਕੀਤਾ ਸੀ। ਇਸੇ ਪ੍ਰਕਾਰ ਨਿਰਦੇਸ਼ਕ ਚਾਰਲਸ ਡਰਲਚਰ ਦੀ ਫ਼ਿਲਮ ‘ਦਿ ਮਸਾਕਰ ਦੈਟ ਸ਼ੁੱਕ ਦਾ ਐਂਪਾਇਅਰ’ ਭਾਵ ‘ਅੰਗਰੇਜ਼ੀ ਸਾਮਰਾਜ ਦੀਆਂ ਚੂਲ੍ਹਾਂ ਹਿਲਾ ਦੇਣ ਵਾਲਾ ਖ਼ੂਨੀ ਸਾਕਾ’ ਵੀ ਜੱਲਿ੍ਹਆਂਵਾਲਾ ਬਾਗ਼ ਦੇ ਸਾਕੇ ਬਾਬਤ ਹੀ ਸੀ। ਇਸ ਤੋਂ ਪਹਿਲਾਂ ਭਾਰਤੀ ਸਿਨੇਮਾ ਦੇ ਦਿੱਗਜ ਫ਼ਿਲਮਕਾਰ ਸੱਤਿਆਜੀਤ ਰੇਅ ਨੇ ਵੀ ਸੰਨ 1961 ਵਿੱਚ ‘ਰਬਿੰਦਰਨਾਥ ਟੈਗੋਰ’ ਨਾਮਕ ਇੱਕ ਦਸਤਾਵੇਜ਼ੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ ਤੇ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ’ਤੇ ਸੰਨ 1919 ਵਿੱਚ ਵਾਪਰੇ ਇਸ ਦਰਦਨਾਕ ਕਾਂਡ ਦਾ ਗੰਭੀਰਤਾਪੂਰਵਕ ਜ਼ਿਕਰ ਅਤੇ ਇਸ ਸਾਕੇ ਦਾ ਟੈਗੋਰ ਦੇ ਜੀਵਨ ’ਤੇ ਪ੍ਰਭਾਵ ਬੜੀ ਹੀ ਨਫ਼ਾਸਤ ਨਾਲ ਪੇਸ਼ ਕੀਤਾ ਸੀ।
ਸਾਲ 1965 ਵਿੱਚ ਅਦਾਕਾਰ ਮਨੋਜ ਕੁਮਾਰ ਨੂੰ ਨਾਇਕ ਲੈ ਕੇ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਰੂਪਮਾਨ ਕਰਦੀ ਫ਼ਿਲਮ ‘ਸ਼ਹੀਦ’ ਅਤੇ ਸੰਨ 2002 ਵਿੱਚ ਰਿਲੀਜ਼ ਹੋਈ ਬੌਬੀ ਦਿਓਲ ਅਭਿਨੀਤ ਅਤੇ ਗੁੱਡੂ ਧਨੋਆ ਦੁਆਰਾ ਨਿਰਦੇਸ਼ਿਤ ਫ਼ਿਲਮ ‘23 ਮਾਰਚ 1931: ਸ਼ਹੀਦ’ ਆਦਿ ਫ਼ਿਲਮਾਂ ਰਾਹੀਂ ਜਿੱਥੇ ਇਸ ਖ਼ੂਨੀ ਸਾਕੇ ਦਾ ਸਰਦਾਰ ਭਗਤ ਸਿੰਘ ਦੇ ਜੀਵਨ ’ਤੇ ਡੂੰਘਾ ਪ੍ਰਭਾਵ ਬਿਆਨ ਕੀਤਾ ਗਿਆ ਸੀ, ਉੱਥੇ ਹੀ ਸੰਨ 1999 ਵਿੱਚ ਅਦਾਕਾਰ ਰਾਜ ਬੱਬਰ ਨੂੰ ਸਰਦਾਰ ਊਧਮ ਸਿੰਘ ਦੀ ਭੂਮਿਕਾ ਵਿੱਚ ਲੈ ਕੇ ਨਿਰਦੇਸ਼ਕ ਚਿਤਰਾਰਥ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ ‘ਸ਼ਹੀਦ ਊਧਮ ਸਿੰਘ’ ਅਤੇ ਸਾਲ 2021 ਵਿੱਚ ਨਾਮਵਰ ਬਾਲੀਵੁੱਡ ਨਿਰਦੇਸ਼ਕ ਸੁਜੀਤ ਸਰਕਾਰ ਦੁਆਰਾ ਅਦਾਕਾਰ ਵਿੱਕੀ ਕੌਸ਼ਲ ਨੂੰ ਮੁੱਖ ਕਿਰਦਾਰ ’ਚ ਲੈ ਕੇ ਬਣਾਈ ਗਈ ਫ਼ਿਲਮ ‘ਸਰਦਾਰ ਊਧਮ’ ਵੀ ਮਹਾਨ ਸ਼ਹੀਦ ਸ. ਊਧਮ ਸਿੰਘ ਦੁਆਰਾ ਜੱਲਿ੍ਹਆਂਵਾਲਾ ਬਾਗ ਵਿਖੇ 13 ਅਪ੍ਰੈਲ 1919 ਦੀ ਵਿਸਾਖੀ ਮੌਕੇ ਵਾਪਰੇ ਖ਼ੂਨੀ ਕਾਂਡ ਦਾ ਬਦਲਾ ਲੈਣ ਲਈ ਘਾਲੀ ਗਈ ਸਖ਼ਤ ਘਾਲਣਾ ਤੇ ਦਿੱਤੀ ਗਈ ਪ੍ਰਾਣਾਂ ਦੀ ਆਹੂਤੀ ਨੂੰ ਪੇਸ਼ ਕਰਨ ਵਿੱਚ ਸਫ਼ਲ ਰਹੀਆਂ ਸਨ। ਉਧਰ ‘ਚਾਰ ਸਾਹਿਬਜ਼ਾਦੇ’ ਅਤੇ ‘ਸ਼ੂਦਰ ਤੋਂ ਖ਼ਾਲਸਾ’ ਆਦਿ ਐਨੀਮੇਸ਼ਨ ਫ਼ਿਲਮਾਂ ਸਣੇ ਕੁਝ ਹੋਰ ਐਨੀਮੇਸ਼ਨ ਫ਼ਿਲਮਾਂ ਵਿੱਚ 13 ਅਪ੍ਰੈਲ 1699 ਦੀ ਵਿਸਾਖੀ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ‘ਖ਼ਾਲਸਾ ਪੰਥ’ ਦੀ ਸਾਜਨਾ ਕਰਨ ਦਾ ਮਹੱਤਵ ਬਾਖ਼ੂਬੀ ਬਿਆਨ ਕੀਤਾ ਗਿਆ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੀ ਮਿੱਟੀ ਤੇ ਪੰਜਾਬੀ ਬੋਲੀ ਨਾਲ ਜੁੜੇ ਰਾਮਾਨੰਦ ਸਾਗਰ, ਬੀ.ਆਰ. ਚੋਪੜਾ ਤੇ ਯਸ਼ ਚੋਪੜਾ ਜਿਹੇ ਫ਼ਿਲਮਕਾਰਾਂ ਵੱਲੋਂ 13 ਅਪ੍ਰੈਲ ਦੇ ਦਿਨ ਮੁੰਬਈ ਵਿਖੇ ‘ਵਿਸਾਖੀ ਨਾਈਟ’ ਨਾਮਕ ਜਸ਼ਨ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਮੁੰਬਈ ਰਹਿੰਦੇ ਪੰਜਾਬੀ ਫ਼ਿਲਮਕਾਰ ਤੇ ਅਦਾਕਾਰ ਇਸ ਆਯੋਜਨ ਨੂੰ ਸਫ਼ਲ ਬਣਾਉਣ ਲਈ ਪੱਬਾਂ ਭਾਰ ਰਹਿੰਦੇ ਹਨ। ਸ਼ਹਿਰ ਬਟਾਲਾ ਨਾਲ ਸਬੰਧਿਤ ਸੰਗੀਤਕਾਰ ਵਿਜੇ ਬਟਾਲਵੀ ਅਤੇ ਗੀਤਕਾਰ ਫ਼ਿਦਾ ਬਟਾਲਵੀ ਨੇ ਤਾਂ ਸੰਨ 1998 ਵਿੱਚ ਬਾਲੀਵੁੱਡ ਦੇ ਨਾਮੀ ਗਾਇਕ ਪੰਕਜ ਉਧਾਸ ਤੋਂ ਪੰਜਾਬੀ ਗੀਤਾਂ ਨਾਲ ਸਜੀ ਐਲਬਮ ‘ਵਿਸਾਖੀ’ ਰਿਕਾਰਡ ਕਰਵਾ ਲਈ ਸੀ, ਜਿਸਨੂੰ ‘ਯੂਨੀਵਰਸਲ ਮਿਊਜ਼ਿਕ ਇੰਡੀਆ ਕੰਪਨੀ’ ਨੇ ਰਿਲੀਜ਼ ਕੀਤਾ ਸੀ ਤੇ ਇਸ ਐਲਬਮ ਵਿੱਚ ਪੰਕਜ ਉਧਾਸ ਵੱਲੋਂ ਪਹਿਲੀ ਵਾਰ ਪੰਜਾਬੀ ਜ਼ੁਬਾਨ ਵਿੱਚ ਗਾਏ ਗੀਤਾਂ ਨੂੰ ਸੁਣ ਕੇ ਸਰੋਤੇ ਮੰਤਰਮੁਗਧ ਹੋ ਗਏ ਸਨ। ਉਂਜ ਮਰਹੂਮ ਗਾਇਕ ਪੰਕਜ ਉਧਾਸ ਵੱਲੋਂ ਫ਼ਿਲਮਕਾਰ ਮਹੇਸ਼ ਭੱਟ ਦੀ ਫ਼ਿਲਮ ‘ਨਾਮ’ ਵਿੱਚ ਗਾਈਆਂ ਗਈਆਂ ਸਤਰਾਂ “ਫ਼ਸਲ ਕਟੀ ਆਈ ਬੈਸਾਖੀ, ਤੇਰਾ ਆਨਾ ਰਹਿ ਗਿਆ ਬਾਕੀ, ਚਿੱਠੀ ਆਈ ਹੈ, ਵਤਨ ਸੇ ਚਿੱਠੀ ਆਈ ਹੈ” ਅੱਜ ਵੀ ਸਰੋਤਿਆਂ ਦੇ ਚੇਤਿਆਂ ਵਿੱਚ ਵੱਸੀਆਂ ਹੋਈਆਂ ਹਨ।