ਸਾਕਾ ਨਨਕਾਣਾ ਸਾਹਿਬ (6)
ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ
ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ ਨਹੀਂ ਰਹਿ ਸਕਦੀ। ਇੱਕ ਪਾਸੜ ਇਤਿਹਾਸਕਾਰੀ ਦੇ ਦੁਖਾਂਤ ਨੇ ਸਿੱਖ ਕੌਮ ਦੀ ਸੋਚ ਨੂੰ ਸਦੀਆਂ ਤੋਂ ਗ੍ਰਹਿਣ ਲਾਇਆ ਹੋਇਆ ਹੈ। ਇੰਜ ਹੀ ‘ਸਾਕਾ ਨਨਕਾਣਾ ਸਾਹਿਬ’ ਬਾਬਤ ਬੜਾ ਕੁਝ ਲਿਖਿਆ ਗਿਆ ਹੈ।
ਇਹ ਸਾਕਾ ਵਾਪਰੇ ਨੂੰ ਇੱਕ ਸਦੀ ਅਤੇ 4 ਸਾਲ ਹੋ ਚੱਲੇ ਹਨ। ਹਥਲੇ ਲੰਮੇ ਲੇਖ ਵਿੱਚ ਇਸ ਸਾਕੇ ਲਈ ਜ਼ਿੰਮੇਵਾਰ ਧਿਰਾਂ ਜਾਂ ਹਾਲਾਤ ਨੂੰ ਪੜਚੋਲਣ ਜਾਂ ਨਜ਼ਰਸਾਨੀ ਕਰਨ ਦਾ ਯਤਨ ਕੀਤਾ ਗਿਆ ਹੈ। ਹਥਲੀ ਕਿਸ਼ਤ ਵਿੱਚ ਇਸ ਕਤਲੇਆਮ ਲਈ ਸਰਕਾਰ ਜ਼ਿੰਮੇਵਾਰ ਸੀ ਜਾਂ ਨਹੀਂ? ਅਤੇ ਹੋਰ ਕੜੀਆਂ ਦਾ ਵੇਰਵਾ ਪੇਸ਼ ਹੈ… ਪ੍ਰਬੰਧਕੀ ਸੰਪਾਦਕ
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਇਸ ਕਤਲੇਆਮ ਵਾਲੇ ਸਾਕੇ ਨੂੰ ਜੇ ਪਿਛੋਕੜ ਦੀਆਂ ਸਾਰੀਆਂ ਘਟਨਾਵਾਂ ਤੋਂ ਨਿਖੇੜ ਕੇ ਦੇਖਿਆ ਜਾਵੇ ਤਾਂ ਸਾਧਾਰਨ ਬੰਦਾ ਇਸ ਖਾਤਰ ਸਰਕਾਰ ਨੂੰ ਜ਼ਰੂਰ ਜ਼ਿੰਮੇਵਾਰ ਠਹਿਰਾਵੇਗਾ ਕਿ ਮਹੰਤ ਵੱਲੋਂ ਸਿੱਖਾਂ ਦੇ ਕਤਲੇਆਮ ਕਰਨ ਦੇ ਖਦਸ਼ੇ ਨੂੰ ਉਹ ਕਿਉਂ ਨਹੀਂ ਸਮਝ ਸਕੀ? ਜੇ ਸਮਝ ਸਕੀ ਤਾਂ ਉਸਨੇ ਇਸਦੀ ਰੋਕਥਾਮ ਕਿਉਂ ਨਾ ਕੀਤੀ?
ਪਰ ਜੇ ਅਕਾਲੀਆਂ ਵੱਲੋਂ ਇਸ ਤੋਂ ਪਹਿਲਾਂ ਗੁਰਦੁਆਰਿਆਂ ’ਤੇ ਕਬਜ਼ਾ ਕਰਨ ਲਈ ਵਿੱਢੀ ਗਈ ਸਫਲ ਮੁਹਿੰਮ ਨੂੰ ਸਾਹਮਣੇ ਰੱਖ ਕੇ ਵਿਚਾਰਿਆ ਜਾਵੇ ਤਾਂ ਸਾਕੇ ਲਈ ਸਰਕਾਰ ਦੀ ਜ਼ਿੰਮੇਵਾਰੀ ਸਾਹਮਣੇ ਨਹੀਂ ਆਉਂਦੀ। ਤੁਸੀਂ ਪਿਛੇ ਪੜ੍ਹ ਆਏ ਹੋ ਕੇ ਮਹੰਤ ਗੁਰਦੁਆਰਿਆਂ ’ਤੇ ਕਾਨੂੰਨੀ ਤੌਰ ’ਤੇ ਕਾਬਜ਼ ਸਨ। ਉਸ ਵੇਲੇ ਗੁਰਦੁਆਰਿਆਂ ਲਈ ਕੋਈ ਵੱਖਰਾ ਕਾਨੂੰਨ ਨਾ ਹੋਣ ਕਰਕੇ ਗੁਰਦੁਆਰੇ ਹਿੰਦੂ ਡੇਰਿਆਂ ਵਾਲੇ ਉਸੇ ਕਾਨੂੰਨ ਅਧੀਨ ਆਉਂਦੇ ਸਨ ਜਿਵੇਂ ਕਿ ਅੱਜ। ਡੇਰਿਆਂ ਲਈ ਲੱਗੀ ਜਾਇਦਾਦ ਦੇ ਵਾਲੀ ਵਾਰਸ ਵੀ ਹੁੰਦੇ ਸਨ ਤੇ ਅੱਜ ਵੀ ਹਨ। ਡੇਰੇਦਾਰ ਵੱਲੋਂ ਮੁਕੱਰਰ ਕੀਤਾ ਹੋਇਆ ਉਸਦਾ ਕੋਈ ਚੇਲਾ ਹੀ ਡੇਰੇਦਾਰ ਦੀ ਮੌਤ ਤੋਂ ਬਾਅਦ ਡੇਰੇ ਦਾ ਮਾਲਕ ਹੁੰਦਾ ਹੈ।
ਜਿਵੇਂ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਹਜ਼ਾਰਾਂ ਹਥਿਆਰਬੰਦ ਅਕਾਲੀਆਂ ਨੇ ਇੱਕ ਫੌਜੀ ਯੋਜਨਾਬੰਦੀ ਦੇ ਤਹਿਤ ਜਿਸ ਤਰ੍ਹਾਂ ਮਹੰਤ ’ਤੇ ਧਾਵਾ ਬੋਲਣਾ ਸੀ ਤਾਂ ਉਸਦੇ ਸਾਹਮਣੇ ਮਹੰਤ ਦੇ ਸੌ-ਪੰਜਾਹ ਗੁੰਡੇ ਉੱਕਾ ਹੀ ਨਹੀਂ ਸਨ ਖਲੋ ਸਕਦੇ। ਇਹ ਗੱਲ ਵੀ ਬਿਲਕੁਲ ਮੰਨਣਯੋਗ ਹੈ ਕਿ ਸਰਕਾਰ ਨੂੰ ਮਹੰਤ ਦੀਆਂ ਤਿਆਰੀਆਂ ਦਾ ਵੀ ਪਤਾ ਸੀ ਤੇ ਹਜ਼ਾਰਾਂ ਅਕਾਲੀਆਂ ਵੱਲੋਂ ਗੁਰਦੁਆਰੇ ’ਤੇ ਧਾਵਾ ਬੋਲਣ ਦੀ ਵੀ ਰਿਪੋਰਟ ਸੀ। ਸਰਕਾਰ ਨੇ ਨਾ ਹੀ ਮਹੰਤ ਨੂੰ ਬਚਾਓ ਦੀਆਂ ਤਿਆਰੀਆਂ ਕਰਨ ਤੋਂ ਰੋਕਿਆ, ਨਾ ਹੀ ਉਸਦੇ ਹਾੜੇ ਕੱਢਣ ਦੇ ਬਾਵਜੂਦ ਪੁਲਿਸ ਸੁਰੱਖਿਆ ਭੇਜੀ। ਦੂਜੇ ਪਾਸੇ ਅਕਾਲੀਆਂ ਵੱਲੋਂ ਮਹੰਤ ’ਤੇ ਧਾਵਾ ਕਰਨ ਲਈ ਕੀਤੀ ਜਾ ਹੀ ਲਾਮਬੰਦੀ ਨੂੰ ਵੀ ਨਹੀਂ ਰੋਕਿਆ। ਗੁਰਦੁਆਰਿਆਂ ’ਤੇ ਅਕਾਲੀਆਂ ਵੱਲੋਂ ਕੀਤੇ ਗਏ ਪਹਿਲੇ ਕਬਜ਼ਿਆਂ ਅਤੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਨੂੰ ਇਹ ਇਲਮ ਸੀ ਕਿ ਅਕਾਲੀਆਂ ਵੱਲੋਂ ਕੀਤੀ ਜਾ ਰਹੀ ਤਿਆਰੀ ਸਾਹਮਣੇ ਮਹੰਤ ਦੀ ਤਾਕਤ ਬਹੁਤ ਥੋੜ੍ਹੀ ਹੈ ਤੇ ਅਕਾਲੀ ਗੁਰਦੁਆਰਿਆਂ ’ਤੇ ਕਬਜ਼ਾ ਕਰ ਹੀ ਲੈਣਗੇ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਰਕਾਰ ਦੀ ਮਨਸ਼ਾ ਸੀ ਕਿ ਅਕਾਲੀ ਗੁਰਦੁਆਰਿਆਂ ’ਤੇ ਕਬਜ਼ਾ ਕਰ ਲੈਣ।
ਸਰਕਾਰ ਦੇ ਆਲ਼ੋਚਕਾਂ ਦਾ ਇਹ ਕਹਿਣਾ ਕਿ ਉਹਨੇ ਮਹੰਤ ਨੂੰ ਪਹਿਲਾਂ ਹੀ ਗ੍ਰਿਫਤਾਰ ਕਿਉਂ ਨਾ ਕੀਤਾ, ਬਿਲਕੁਲ ਨਾ-ਵਾਜਬ ਹੈ। ਕੋਈ ਵੀ ਸਰਕਾਰ ਇਹ ਨਹੀਂ ਕਰ ਸਕਦੀ ਕਿ ਉਹ ਧੱਕੇ ਨਾਲ ਕਿਸੇ ਦੇ ਘਰ ਜਾਂ ਅਦਾਰੇ ’ਤੇ ਕਬਜ਼ਾ ਕਰਨ ਜਾ ਰਹੇ ਬੰਦਿਆਂ ਨੂੰ ਤਾਂ ਨਾ ਰੋਕੇ, ਪਰ ਘਰ ਦੇ ਮਾਲਕ ਨੂੰ ਫੜ ਲਵੇ। ਉਸ ਵੇਲੇ ਤੋਂ ਲੈ ਕੇ ਅੱਜ ਤਕ ਵੀ ਅਦਾਲਤੀ ਇਨਸਾਫ ਦਾ ਇਹ ਮੰਨਿਆ ਪ੍ਰਮੰਨਿਆ ਅਸੂਲ ਹੈ ਕਿ ਜਦੋਂ ਕੋਈ ਕਿਸੇ ’ਤੇ ਹਮਲਾ ਕਰਨ ਜਾਂਦਾ ਹੈ ਤਾਂ ਉਸਨੂੰ ਹੱਕ ਹੈ ਕਿ ਉਹ ਹਮਲਾਵਰ ’ਤੇ ਪਹਿਲਾਂ ਹਮਲਾ ਕਰਨ ਦਾ ਹੱਕ ਰੱਖਦਾ ਹੈ। ਜਿਵੇਂ ਪਿਛੇ ਦੱਸਿਆ ਜਾ ਚੁੱਕਾ ਹੈ, ਮਹੰਤ ਨਰੈਣ ਦਾਸ ਨੇ ਪਹਿਲਾਂ ਸਰਕਾਰ ਕੋਲ ਦਾਦ ਫਰਿਆਦ ਕਰਦਿਆਂ ਇਹ ਆਖਿਆ ਸੀ ਕਿ ਜੇ ਕੋਈ ਅਕਾਲੀ ਗੁਰਦੁਆਰੇ ਦਾ ਕਬਜ਼ਾ ਲੈਣ ਆਇਆ ਤਾਂ ਮੈਂ ਮਾਰ ਦੇਣਾ ਹੈ ਤੇ ਫੇਰ ਮੈਨੂੰ ਜ਼ਿੰਮੇਵਾਰ ਨਾ ਠਹਿਰਾਇਓ। ਮਹੰਤ ਵੱਲੋਂ ਆਪਣੀ ਫਾਂਸੀ ਦੀ ਸਜ਼ਾ ਦੇ ਖ਼ਿਲਾਫ਼ ਜੋ ਹਾਈਕੋਰਟ ਵਿੱਚ ਅਪੀਲ ਕੀਤੀ ਗਈ ਸੀ, ਉਸ ਵਿੱਚ ਮਹੰਤ ਨੇ ਆਪਣੇ ਹੱਕ ਵਿੱਚ ਇਸੇ ਦਲੀਲ ਦਾ ਸਹਾਰਾ ਲਿਆ ਸੀ। ਹਾਈ ਕੋਰਟ ਨੇ ਵੀ ਇਸੇ ਦਲੀਲ ਨੂੰ ਮੰਨਦਿਆਂ ਉਸਦੀ ਸਜ਼ਾ ਘਟਾ ਕੇ ਉਮਰ ਕੈਦ ਕੀਤੀ ਸੀ।
ਅਕਾਲੀਆਂ ਵੱਲੋਂ ਕਬਜ਼ੇ ਦੀ ਪਹਿਲਾਂ ਕੀਤੀ ਵਿਉਂਤਬੰਦੀ ਦੇ ਤਹਿਤ ਲਗਭਗ ਦਸ-ਪੰਦਰਾਂ ਹਜ਼ਾਰ ਸਿੱਖਾਂ ਨੇ ਨਨਕਾਣਾ ਸਾਹਿਬ ’ਤੇ ਕਬਜ਼ੇ ਲਈ ਮਹੰਤ ’ਤੇ ਧਾਵਾ ਬੋਲਣਾ ਸੀ। ਇਸ ਅਨੁਮਾਨ ਨੂੰ ਅਸੀਂ ਘਟਾ ਕੇ ਜੇ ਪੰਜ ਹਜ਼ਾਰ ਜਾਂ ਦੋ ਹਜ਼ਾਰ ਵੀ ਮੰਨ ਲਈਏ ਤਾਂ ਵੀ ਇਹ ਇੱਕ ਬਹੁਤ ਵੱਡੀ ਫੋਰਸ ਸੀ। ਕਤਲੇਆਮ ਤੋਂ ਬਾਅਦ ਜਦੋਂ ਕਰਤਾਰ ਸਿੰਘ ਝੱਬਰ ਨਨਕਾਣੇ ਪੁੱਜਾ ਤਾਂ ਉਸ ਕੋਲ ਲਗਭਗ ਬਾਈ ਸੌ ਬੰਦੇ ਸਨ, ਹਾਲਾਂਕਿ ਪਹਿਲਾਂ ਰੱਦ ਹੋਏ ਪ੍ਰੋਗਰਾਮ ਨੂੰ ਸੁਣ ਕੇ ਇਕੱਠੇ ਹੋਏ ਜਥੇ ਘਰੋਂ-ਘਰੀਂ ਚਲੇ ਗਏ ਸਨ। ਨਾਲੇ ਗੱਲ ਇਕੱਲੀ ਬੰਦਿਆਂ ਦੀ ਗਿਣਤੀ ਦੀ ਨਹੀਂ, ਜਦੋਂਕਿ ਸੁੱਤੇ ਪਏ ਬੰਦਿਆਂ ਨੂੰ ਬਾਹਰੋਂ ਕੁੰਡੇ ਮਾਰ ਦੇਵੇ ਤਾਂ ਉਸਦੀ ਫੋਰਸ ਵੈਸੇ ਹੀ ਠੁੱਸ ਹੋ ਜਾਂਦੀ ਹੈ। ਸ. ਝੱਬਰ ਹੋਰਾਂ ਨੇ ਵੀ ਇਵੇਂ ਹੀ ਕਰਨਾ ਸੀ। ਜਦੋਂ ਲਛਮਣ ਸਿੰਘ ਦੀ ਅਗਵਾਈ ਵਾਲਾ ਲਗਭਗ 150 ਸਿੰਘਾਂ ਦਾ ਜਥਾ 20 ਫਰਵਰੀ ਨੂੰ ਸਵੇਰੇ ਗੁਰਦੁਆਰੇ ਵਿੱਚ ਦਾਖਲ ਹੋਇਆ ਤਾਂ ਇਸਦਾ ਮਹੰਤ ਦੇ ਕਿਸੇ ਰਾਖੇ ਨੂੰ ਪਤਾ ਵੀ ਨਾ ਲੱਗਾ। ਜਥੇ ਨੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਦਰਬਾਰ ਹਾਲ ਵਿੱਚ ਜਾ ਕੇ ਜੈਕਾਰੇ ਛੱਡੇ ਤਾਂ ਮਹੰਤ ਨੂੰ ਪਤਾ ਲੱਗਾ। ਜੈਕਾਰੇ ਸੁਣ ਕੇ ਮਹੰਤ ਨੇ ਸਮਝਿਆ ਕਿ ਗੁਰਦੁਆਰੇ ਵਿੱਚ ਕਬਜ਼ਾ ਹੋ ਚੁੱਕਾ ਹੈ। ਉਹ ਐਨਾ ਠਠੰਬਰ ਗਿਆ ਕਿ ਉਹ ਇੱਕ ਘੰਟਾ ਸਿੰਘਾਂ ਦੇ ਹਮਲਾ ਕਰਨ ਲਈ ਸਹਿਮਤ ਨਾ ਹੋਇਆ। ਜਦੋਂ ਉਸਨੂੰ ਦੱਸਿਆ ਗਿਆ ਕਿ ਇਹ ਜਥਾ ਵਿਰਕਾਂ ਦਾ ਨਹੀਂ ਹੈ ਤੇ ਬੰਦੇ ਵੀ ਥੋੜ੍ਹੇ ਹੀ ਹਨ ਤਾਂ ਕਿਤੇ ਜਾ ਕੇ ਮਹੰਤ ਨੇ ਇਨ੍ਹਾਂ ਨੂੰ ਮਾਰਨ ਦਾ ਹੁਕਮ ਦਿੱਤਾ। ਸਾਰੇ ਹਾਲਾਤ ਦੇ ਮੱਦੇਨਜ਼ਰ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜੇ ਪਹਿਲੋਂ ਕੀਤੀ ਤਿਆਰੀ ਮੁਤਾਬਕ ਮਹੰਤ ’ਤੇ ਧਾਵਾ ਬੋਲਿਆ ਜਾਂਦਾ ਤਾਂ ਬਿਨਾ ਕਿਸੇ ਹੀਲ ਹੁੱਜਤ ਦੇ ਮਹੰਤ ਤੇ ਉਸਦੇ ਗੁੰਡਿਆਂ ਦੀਆਂ ਮੁਸ਼ਕਾਂ ਬੰਨ੍ਹੀਆਂ ਜਾਣੀਆਂ ਸਨ। ਜੇ ਬੰਦੇ ਥੋੜ੍ਹੇ ਜਾਂਦੇ ਤਾਂ ਓਹੀ ਹੋਣਾ ਸੀ ਜੋ ਹੋਇਆ।
ਜਦੋਂ 19 ਫਰਵਰੀ ਸ਼ਾਮ ਨੂੰ ਸੱਚਾ ਸੌਦਾ ਵਿਖੇ ਕੁਝ ਆਗੂਆਂ ਵੱਲੋਂ ਝੱਬਰ ’ਤੇ ਕਬਜ਼ੇ ਦਾ ਪ੍ਰੋਗਰਾਮ ਕੈਂਸਲ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਸ. ਝੱਬਰ ਨੇ ਆਪਣੀ ਭਾਰੀ ਤਿਆਰੀ ਦੇ ਮੱਦੇਨਜ਼ਰ ਬੜੇ ਸਵੈ-ਭਰੋਸੇ ਨਾਲ ਇਹ ਆਖਿਆ ਸੀ ਕਿ “ਜੇ ਅਸੀਂ ਨਾ ਗਏ ਤਾਂ ਪਤਾ ਨਹੀਂ ਕਿ ਨਨਕਾਣੇ ਸਾਹਿਬ ਕੀ ਬਣ ਜਾਵੇ? ਮੈਂ ਤੁਹਾਡਾ ਹੁਕਮ ਛਾਤੀ ’ਤੇ ਰੱਖ ਕੇ ਮੰਨਦਾ ਹਾਂ। ਹੁਣ ਅਸੀਂ ਨਹੀਂ ਜਾਵਾਂਗੇ। ਮੈਂ ਤੁਹਾਨੂੰ ਹੁਣ ਵੀ ਆਖਦਾ ਹਾਂ ਕਿ ਤੁਸੀਂ ਨਾ ਰੋਕੋ, ਓਥੇ ਸੂਈ ਦਾ ਵੀ ਨੁਕਸਾਨ ਨਹੀਂ ਹੋਵੇਗਾ; ਪਰ ਤੁਸੀਂ ਸਾਨੂੰ ਮਜ਼ਬੂਰ ਪਏ ਕਰਦੇ ਹੋ, ਜੇ ਉਥੇ ਕੱਲ੍ਹ ਕੋਈ ਕਤਲ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੋਵੇਗਾ?” ਸ. ਜਸਵੰਤ ਸਿੰਘ ਝਬਾਲ ਕਹਿਣ ਲੱਗੇ, “ਅਸੀਂ ਪੰਥ ਅੱਗੇ ਜ਼ਿੰਮੇਵਾਰ ਹੋਵਾਂਗੇ।” ਸ. ਝੱਬਰ ਨੂੰ ਇਸ ਗੱਲ ਦਾ ਮੁਕੰਮਲ ਖਦਸ਼ਾ ਸੀ ਕਿ ਕੁਝ ਬੰਦਿਆਂ ਨੇ ਜਾਣੋਂ ਰੁਕਣਾ ਨਹੀਂ ਅਤੇ ਥੋੜ੍ਹੇ ਬੰਦਿਆਂ ਨੂੰ ਮਹੰਤ ਜ਼ਰੂਰ ਕਤਲ ਕਰ ਦੇਵੇਗਾ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਸਾਕੇ ਤੋਂ ਪਹਿਲਾਂ ਨਾ ਹੀ ਕਿਸੇ ਅਕਾਲੀ ਨੇ ਤੇ ਨਾ ਹੀ ਕਿਸੇ ਸਰਕਾਰੀ ਆਲੋਚਕ ਨੇ ਇਹ ਮੰਗ ਕੀਤੀ ਸੀ ਕਿ ਮਹੰਤ ਨੂੰ ਬਚਾਅ ਦੀਆਂ ਤਿਆਰੀਆਂ ਕਰਨੋਂ ਰੋਕੇ ਜਾਂ ਉਸਨੂੰ ਗ੍ਰਿਫਤਾਰ ਕਰੇ। ਇਸ ਤੋਂ ਪਹਿਲਾਂ ਵੀ ਜਿੱਥੇ ਜਿੱਥੇ ਅਕਾਲੀਆਂ ਨੇ ਕਬਜ਼ੇ ਕੀਤੇ, ਉਨ੍ਹਾਂ ਬਾਰੇ ਕਿਸੇ ਵਿੱਚ ਵੀ ਇਹ ਨਹੀਂ ਸੀ ਕਿਹਾ ਗਿਆ ਕਿ ਸਾਡੇ ਕਬਜ਼ਾ ਕਰਨ ਤੋਂ ਪਹਿਲਾਂ ਸਰਕਾਰ ਨੇ ਮਹੰਤਾਂ ਨੂੰ ਗ੍ਰਿਫਤਾਰ ਕਿਉਂ ਨਾ ਕੀਤਾ। ਇੱਥੋਂ ਤਕ ਕਿ ਤਰਨਤਾਰਨ ਦੇ ਕਬਜ਼ੇ ਤੋਂ ਬਾਅਦ ਵੀ ਅਜਿਹੀ ਕੋਈ ਗੱਲ ਨਹੀਂ ਸੀ ਆਖੀ ਗਈ। ਹਾਲਾਂਕਿ ਇੱਥੇ ਮਹੰਤ ਨੇ ਦੋ ਸਿੰਘਾਂ ਨੂੰ ਕਤਲ ਵੀ ਕਰ ਦਿੱਤਾ ਸੀ ਅਤੇ ਗੋਲੀਆਂ ਵੀ ਚਲਾਈਆਂ ਸਨ।
ਨਰੈਣ ਦਾਸ ਵੱਲੋਂ ਵੀ ਬਚਾਅ ਦੀਆਂ ਤਿਆਰੀਆਂ ਨੂੰ ਭਾਵੇਂ ਅਸੀਂ ਕਤਲੇਆਮ ਦੀਆਂ ਤਿਆਰੀਆਂ ਕਹਿ ਲਈਏ ਤਾਂ ਵੀ ਕਿਸੇ ਨੇ ਇਨ੍ਹਾਂ ਨੂੰ ਰੋਕਣ ਦੀ ਮੰਗ ਨਹੀਂ ਕੀਤੀ, ਕਿਉਂਕਿ ਕੋਈ ਬੰਦਾ ਇਹ ਮੰਗ ਨਹੀਂ ਕਰ ਸਕਦਾ ਸੀ ਕਿ ਅਸੀਂ ਗੁਰਦੁਆਰੇ ’ਤੇ ਕਬਜ਼ਾ ਕਰਨ ਜਾਣਾ ਹੈ ਤੇ ਸਰਕਾਰ ਮਹੰਤ ਦੇ ਹਥਿਆਰ ਖੋਹ ਕੇ ਬੜੇ ਆਰਾਮ ਨਾਲ ਕਬਜ਼ਾ ਹੋਣ ਦੇਵੇ। ਨਾ ਹੀ ਇਹ ਕੰਮ ਸਰਕਾਰ ਖੁਦ ਕਰ ਸਕਦੀ ਸੀ ਕਿ ਉਹ ਮਹੰਤ ਨੂੰ ਪੁਲਿਸ ਹਿਫਾਜ਼ਤ ਵੀ ਨਾ ਦੇਵੇ ਅਤੇ ਉਸਦੇ ਹਥਿਆਰ ਵੀ ਖੋਹ ਲਵੇ। ਉਪਰ ਦੱਸੇ ਗਏ ਹਾਲਾਤਾਂ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਇਹ ਕਤਲੇਆਮ ਸਿਰਫ ਥੋੜ੍ਹੇ ਬੰਦਿਆਂ ਦੇ ਜਾਣ ਕਰਕੇ ਹੀ ਹੋਇਆ। ਇਸ ਲਈ ਉਨ੍ਹਾਂ ਲੀਡਰਾਂ ਨੂੰ ਹੀ ਇਸ ਲਈ ਜ਼ਿੰਮੇਵਾਰ ਕਰਾਰ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਇਹ ਆਖਿਆ ਸੀ ਕਿ ਜੇ ਕੋਈ ਨੁਕਸਾਨ ਹੋ ਗਿਆ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ। ਕਿਸੇ ਵੀ ਘਟਨਾ ਵਾਪਰਨ ਤੋਂ ਬਾਅਦ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕੀਹਦੀ ਰਾਏ ਠੀਕ ਸੀ ਤੇ ਕੀਹਦੀ ਗਲਤ। ਭਾਵੇਂ ਅਸੀਂ ਪ੍ਰੋਗਰਾਮ ਰੱਦ ਕਰਵਾਉਣ ਵਾਲੇ ਲੀਡਰਾਂ ਦੀ ਨੀਅਤ ’ਤੇ ਕੋਈ ਸ਼ੱਕ ਨਾ ਵੀ ਕਰੀਏ, ਪਰ ਇਹ ਤਾਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਪ੍ਰੋਗਰਾਮ ਨੂੰ ਠੁੱਸ ਕਰਨ ਨੇ ਹੀ ਇਸ ਸ਼ਹੀਦੀ ਸਾਕੇ ਲਈ ਮਹੰਤ ਨੂੰ ਹਾਲਾਤ ਮੁਹੱਈਆ ਕਰਵਾਏ।
ਜਿੱਥੇ ਕਿਤੇ ਵੀ ਇਸ ਸਾਕੇ ਦਾ ਇਤਿਹਾਸ ਲੱਭਦਾ ਹੈ, ਉਥੇ ਇਸ ਗੱਲ ’ਤੇ ਚਾਨਣਾ ਪਾਇਆ ਨਹੀਂ ਮਿਲਦਾ ਕਿ ਕਬਜ਼ੇ ਨੂੰ ਕਿਉਂ ਰੋਕਿਆ ਗਿਆ। ਮਾਸਟਰ ਤਾਰਾ ਸਿੰਘ ਆਪਣੀ ਸਵੈ-ਜੀਵਨੀ ‘ਮੇਰੀ ਯਾਦ’ ਵਿੱਚ ਸਿਰਫ ਐਨਾ ਹੀ ਦਸਦੇ ਹਨ ਕਿ ਤੇਜਾ ਸਿੰਘ ਸਮੁੰਦਰੀ ਨੂੰ ਕਬਜ਼ੇ ਦਾ ਬਹੁਤ ਫਿਕਰ ਸੀ; ਇੱਥੇ ਵੀ ਉਨ੍ਹਾਂ ਨੇ ਫਿਕਰ ਦਾ ਕੋਈ ਕਾਰਨ ਬਿਆਨ ਨਹੀਂ ਕੀਤਾ। ਇਸ ਤੋਂ ਪਹਿਲਾਂ ਹੋਏ ਕਬਜ਼ਿਆਂ ਨੇ ਪੰਥ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ। ਇਹ ਵੀ ਗੱਲ ਮੰਨਣਯੋਗ ਨਹੀਂ ਹੈ ਕਿ ਗੁਰਦੁਆਰਾ ਕਮੇਟੀ ਦੇ ਲੀਡਰਾਂ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਨਨਕਾਣਾ ਸਾਹਿਬ ਵਿੱਚ ਮਹੰਤ ਸਿੱਖਾਂ ਨੂੰ ਕਤਲ ਕਰ ਸਕਦਾ ਹੈ, ਕਿਉਂਕਿ ਨਨਕਾਣਾ ਸਾਹਿਬ ’ਤੇ ਕਬਜ਼ੇ ਦੇ ਪ੍ਰੋਗਰਾਮ ਤੋਂ ਬਹੁਤ ਚਿਰ ਪਹਿਲਾਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਤਾ ਪਾਸ ਕਰ ਦਿੱਤਾ ਸੀ ਕਿ ਕਬਜ਼ੇ ਨਾ ਕੀਤੇ ਜਾਣ। ਉਸ ਵੇਲੇ ਵੀ ਇਸਦੀ ਵਜ੍ਹਾ ਬਿਆਨ ਕਰਦਾ ਇਤਿਹਾਸ ਨਹੀਂ ਲੱਭਦਾ। ਹਾਂ, ਇਹ ਗੱਲ ਜ਼ਰੂਰ ਇਤਿਹਾਸ ਵਿੱਚ ਵਾਰ-ਵਾਰ ਮਿਲਦੀ ਹੈ ਕਿ ਮਹਾਤਮਾ ਗਾਂਧੀ ਵਾਰ-ਵਾਰ ਇਹੀ ਸਲਾਹ ਦਿੰਦਾ ਸੀ ਕਿ “ਕਬਜ਼ੇ ਕਰਨੇ ਬੰਦ ਕਰੋ, ਮਹੰਤਾਂ ਨੂੰ ਗੁਰਦੁਆਰਿਆਂ ’ਚੋਂ ਕੱਢਣਾ ਜ਼ਬਰ ਹੈ।” ਨਨਕਾਣਾ ਸਾਹਿਬ ਵਿੱਚ ਮਹੰਤ ਵੱਲੋਂ ਲਗਭਗ 130 ਸਿੱਖਾਂ ਦੇ ਕਤਲੇਆਮ ਤੋਂ ਬਾਅਦ 3 ਮਾਰਚ 1921 ਨੂੰ ਨਨਕਾਣਾ ਸਾਹਿਬ ਵਿੱਚ ਹੋਈ ਸ਼ਹੀਦੀ ਕਾਨਫਰੰਸ ਮੌਕੇ ਵੀ ਉਹਦੇ ਮੂੰਹੋਂ ਮਹੰਤਾਂ ਦੀ ਨਿਖੇਧੀ ਦਾ ਇੱਕ ਸ਼ਬਦ ਨਹੀਂ ਨਿਕਲਿਆ। ਸਗੋਂ ਸਾਰੀ ਸੰਗ-ਸ਼ਰਮ ਲਾਹ ਕੇ ਉਸ ਨੇ ਸਿੱਖਾਂ ਨੂੰ ਇੱਥੋਂ ਤਕ ਮਸ਼ਵਰਾ ਦਿੱਤਾ ਕਿ ਸਿੱਖ ਮਹੰਤ ਤੇ ਉਹਦੇ ਗੁੰਡਿਆਂ ਨੂੰ ਸਜ਼ਾ ਦਿਵਾਉਣ ਲਈ ਅਦਾਲਤਾਂ ਵਿੱਚ ਨਾ ਜਾਣ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਬਜ਼ੇ ਨੂੰ ਰੋਕਣ ਦਾ ਪ੍ਰੋਗਰਾਮ ਬਾਰੇ ਭਾਵੇਂ ਇਹ ਕਹਿ ਲਿਆ ਜਾਵੇ ਕਿ ਉਹ ਗਾਂਧੀ ਦੀਆਂ ਹਦਾਇਤਾਂ ’ਤੇ ਕੰਮ ਨਹੀਂ ਸੀ ਕਰ ਰਹੀ, ਪਰ ਇਸ ਮਾਮਲੇ ਵਿੱਚ ਉਸਦਾ ਪ੍ਰੋਗਰਾਮ ਗਾਂਧੀ ਵਾਲਾ ਹੀ ਸੀ। ਬਾਅਦ ਵਿੱਚ ਵੀ ਕਮੇਟੀ ਪੂਰਨ ਰੂਪ ਵਿੱਚ ਗਾਂਧੀ ਦੇ ਸਾਰੇ ਪ੍ਰੋਗਰਾਮਾਂ ਦੀ ਸਿੱਧਮ ਸਿੱਧੀ ਹਾਮੀ ਭਰਨ ਲੱਗ ਪਈ। ਉਸਨੇ ਗਾਂਧੀ ਦੇ ਨਾ-ਮਿਲਵਰਤਨ ਅੰਦੋਲਨ ਦਾ ਮਤਾ ਪਾ ਕੇ ਹਮਾਇਤ ਕੀਤੀ ਅਤੇ ਇੱਥੋਂ ਤਕ ਆਖ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਵੀ ਨਾ ਮਿਲਵਰਤਨ ਅੰਦੋਲਨ ਦੇ ਤਹਿਤ ਖੱਦਰ ਦੇ ਹੀ ਹੋਣਗੇ।
ਸਰਕਾਰ ਦਾ ਹੱਥ ਹੋਣ ਦੀਆਂ ਗੱਲਾਂ
ਸ਼ਹੀਦੀ ਸਾਕੇ ਵਾਲੇ ਦਿਨ ਤੋਂ ਹੀ ਇਸ ਕਾਂਡ ਵਿੱਚ ਸਰਕਾਰ ਦਾ ਹੱਥ ਹੋਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਮਹਾਤਮਾ ਗਾਂਧੀ ਅਤੇ ਆਰੀਆ ਸਮਾਜੀ ਲਾਣਾ ਹਮੇਸ਼ਾ ਇਹ ਚਾਹੁੰਦਾ ਰਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਮੋੜਾ ਅੰਗਰੇਜ਼ਾਂ ਵੱਲੋਂ ਮੋੜਿਆ ਜਾਵੇ, ਉਨ੍ਹਾਂ ਨੂੰ ਇਹ ਸਾਕਾ ਅੰਗਰੇਜ਼ਾਂ ਦੇ ਖ਼ਿਲਾਫ਼ ਸਿੱਖਾਂ ਨੂੰ ਭੜਕਾਉਣ ਲਈ ਮਸਾਂ ਥਿਆਇਆ। ਗਾਂਧੀ ਨੇ ਇਹ ਗੱਲ ਹਮੇਸ਼ਾ ਚਾਹੀ ਕਿ ਸਿੱਖ ਜੋ ਵੀ ਅੰਦੋਲਨ ਕਰਨ, ਉਹ ਹਮੇਸ਼ਾ ਕਾਂਗਰਸ ਦੀਆਂ ਨੀਤੀਆਂ ਮੁਤਾਬਕ ਹੋਵੇ। ਅੰਗਰੇਜ਼ਾਂ ਤੋਂ ਤੋਸ਼ੇਖਾਨੇ ਦੀਆਂ ਕੁੰਜੀਆਂ ਲੈਣ ਵਾਲੇ ਸਿੱਧੇ ਧਾਰਮਿਕ ਮਸਲੇ ਨੂੰ ਉਹਨੇ ਆਜ਼ਾਦੀ ਦੀ ਲੜਾਈ ਵਿੱਚ ਇੱਕ ਜਿੱਤ ਕਹਿੰਦਿਆਂ ਬਾਬਾ ਖੜਕ ਸਿੰਘ ਨੂੰ ਤਾਰ ਦਿੱਤੀ ਸੀ। ਨਨਕਾਣਾ ਸਾਹਿਬ 3 ਮਾਰਚ 1921 ਦੀ ਸ਼ਹੀਦੀ ਕਾਨਫਰੰਸ ਮੌਕੇ ਵੀ ਉਸਨੇ ਮਹੰਤਾਂ ਦੀ ਨਿਖੇਧੀ ਨਾ ਕਰਕੇ ਇਸਨੂੰ ਜਲਿ੍ਹਆਂਵਾਲਾ ਬਾਗ ਗੋਲੀ ਕਾਂਡ ਨਾਲ ਤੁਲਨਾ ਕਰਦਿਆਂ ਇਸਨੂੰ ਡਾਇਰ ਸ਼ਾਹੀ ਦਾ ਦੂਜਾ ਐਡੀਸ਼ਨ ਕਹਿ ਕੇ ਸਰਕਾਰ ਲਈ ਇਸ ਨੂੰ ਜ਼ਿੰਮੇਵਾਰ ਕਰਾਰ ਦਿੱਤਾ।
ਲਾਹੌਰ ਦੀ ਸਾਰੀ ਆਰੀਆ ਸਮਾਜੀ ਮਹਾਸ਼ਾ ਪ੍ਰੈੱਸ ਨੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦੇਣਾ ਹੀ ਸੀ, ਸਗੋਂ ਅਕਾਲੀ ਪ੍ਰੈਸ ਵੀ ਇਸਦੇ ਵਹਿਣ ਵਿੱਚ ਵਹਿ ਤੁਰੀ। ਉਘੇ ਆਰੀਆ ਸਮਾਜੀ ਲੀਡਰ ਨੇ ਵੀ ਨਨਕਾਣਾ ਸਾਹਿਬ ਪਹੁੰਚ ਕੇ ਸਰਕਾਰ ਦੀ ਹੀ ਨਿਖੇਧੀ ਕੀਤੀ। ਹਾਲਾਂਕਿ ਇਹ ਮਹੰਤ ਨੂੰ ਪਹਿਲਾਂ ਕਬਜ਼ਾ ਬਰਕਰਾਰ ਰੱਖਣ ਦੀਆਂ ਜੁਗਤਾਂ ਦੱਸਦਾ ਰਿਹਾ ਸੀ। ਜਦੋਂ ਅਕਾਲੀ ਮਹੰਤਾਂ ਦੇ ਖ਼ਿਲਾਫ਼ ਗੱਲ ਕਰਦੇ ਸਨ ਤਾਂ ਹਿੰਦੂ ਲੀਡਰਸ਼ਿਪ ਨੂੰ ਬਹੁਤ ਤਕਲੀਫ ਹੁੰਦੀ ਸੀ ਅਤੇ ਜਦੋਂ ਸਿੱਖ ਅੰਗਰੇਜ਼ਾਂ ਖ਼ਿਲਾਫ਼ ਕੋਈ ਲਫਜ਼ ਮੂੰਹੋਂ ਕੱਢਦੇ ਸਨ ਤਾਂ ਉਨ੍ਹੀਂ ਪੈਰੀਂ ਘੁੰਮ ਕੇ ਉਹ ਸਿੱਖਾਂ ਨੂੰ ਹੱਲਾਸ਼ੇਰੀ ਦੇਣ ਲੱਗ ਜਾਂਦੇ ਸਨ।
1921 ਦੇ ਮਾਰਚ-ਅਪ੍ਰੈਲ ਦੌਰਾਨ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਗੁਰਦੁਆਰਾ ਕਾਨੂੰਨ ਬਣਾਉਣ ਬਾਰੇ ਬਹਿਸ ਸ਼ੁਰੂ ਹੋਈ ਤਾਂ ਸਾਰੇ ਹਿੰਦੂ ਐਮ.ਐਲ.ਏਜ਼ ਨੇ ਇਸਦਾ ਜ਼ੋਰਦਾਰ ਵਿਰੋਧ ਕਰਦਿਆਂ ਗੁਰਦੁਆਰਿਆਂ ਦੇ ਪ੍ਰਬੰਧ ਮਹੰਤਾਂ ਦੇ ਹੱਥਾਂ ਵਿੱਚ ਹੀ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ। ਇੱਕ ਮੈਂਬਰ ਗਣਪਤ ਰਾਏ ਨੇ ਕਿਹਾ ਕਿ ਇਹ ਲਹਿਰ ਸਿੱਖਾਂ ਦੀ ਨਹੀਂ ਸਗੋਂ ਇੱਕ ਫਿਰਕੇ ਦੀ ਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਾਨੂੰਨ ਬਣਨਾ ਆਪਣੇ ਪੂਜਾ ਪਾਠ ਦੇ ਢੰਗ ਨੂੰ ਹੋਰਨਾਂ ’ਤੇ ਜ਼ਬਰੀ ਮੜ੍ਹਨ ਵਾਲੀ ਕਾਰਵਾਈ ਹੋਵੇਗੀ। ਪਰ ਹਿੰਦੂਆਂ ਦੇ ਵਿਰੋਧ ਦੇ ਬਾਵਜੂਦ ਜਦੋਂ ਗੁਰਦੁਆਰਾ ਕਾਨੂੰਨ ਬਣ ਹੀ ਗਿਆ ਤਾਂ ਹਿੰਦੂ ਸਭਾ ਨੇ ਮੰਗ ਰੱਖ ਦਿੱਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹਿੰਦੂ ਮੈਂਬਰ ਵੀ ਲਏ ਜਾਣ। ਪੰਜਾਬ ਹਿੰਦੂ ਸਭਾ ਦੇ ਪ੍ਰਧਾਨ ਅਤੇ ਵਿਧਾਨ ਸਭਾ ਦੇ ਮੈਂਬਰ ਨਰਿੰਦਰ ਨਾਥ ਨੇ ਵੀ ਮਹੰਤਾਂ ਦਾ ਡਟ ਕੇ ਪੱਖ ਪੂਰਿਆ। ਇਨ੍ਹਾਂ ਤੱਥਾਂ ਤੋਂ ਬਾਅਦ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਮਹੰਤਾਂ ਨੂੰ ਅਸਲੀ ਹੱਲਾਸ਼ੇਰੀ ਕਿਸ ਦੀ ਸੀ ਅਤੇ ਅਮਲੀ ਤੌਰ ’ਤੇ ਉਨ੍ਹਾਂ ਦੀ ਪਿੱਠ ’ਤੇ ਹਿੰਦੂ ਜਥੇਬੰਦੀਆਂ ਸਨ।
ਸਾਜਿਸ਼ ਵਾਲੀ ਗੱਲ ਸਿੱਖਾਂ ਦੇ ਕਿਉਂ ਹਜ਼ਮ ਹੋਈ?
ਸਿੱਖਾਂ ਨੂੰ ਅੰਗਰੇਜ਼ਾਂ ਨਾਲ ਇਸ ਗੱਲ ਦੀ ਪਹਿਲਾਂ ਤੋਂ ਹੀ ਖੁੰਧਕ ਸੀ ਕਿ ਉਨ੍ਹਾਂ ਨੇ ਸਿੱਖਾਂ ਦਾ ਰਾਜ ਖੋਹਿਆ ਹੈ। ਉਸ ਤੋਂ ਬਾਅਦ 1915 ਵਿੱਚ ਸਰਕਾਰ ਖ਼ਿਲਾਫ਼ ਬਗਾਵਤ ਕਰਨ ਦੇ ਦੋਸ਼ ਵਿੱਚ 25 ਸਿੱਖਾਂ ਨੂੰ ਫਾਂਸੀ ਦੇਣ ਦੀ ਘਟਨਾ ਨੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਹੋਰ ਖ਼ਿਲਾਫ਼ ਕਰ ਦਿੱਤਾ। 13 ਅਪ੍ਰੈਲ 1919 ਦੇ ਜਲਿ੍ਹਆਂਵਾਲੇ ਬਾਗ ਗੋਲੀ ਕਾਂਡ ਨੇ ਤਾਂ ਬਲਦੀ ’ਤੇ ਹੀ ਤੇਲ ਪਾ ਦਿੱਤਾ। ਜਦੋਂ ਕਿਸੇ ਵਿਅਕਤੀ ਜਾਂ ਸਮਾਜ ਦੇ ਮਨ ਵਿੱਚ ਕਿਸੇ ਹਾਕਮ ਬਾਰੇ ਨਫਰਤ ਪੈਦਾ ਹੋ ਜਾਵੇ ਤਾਂ ਉਸਦਾ ਮਨ, ਹਾਕਮ ਬਾਰੇ ਫੈਲਾਈ ਜਾ ਰਹੀ ਹਰ ਸੱਚੀ-ਝੂਠੀ ਘਟਨਾ ਨੂੰ ਹਜ਼ਮ ਕਰ ਲੈਂਦਾ ਹੈ। ਇਹੀ ਕਾਰਨ ਸਨ ਕਿ ਸਿੱਖਾਂ ਨੇ ਸਰਕਾਰੀ ਸਾਜਿਸ਼ ਵਾਲੀ ਗੱਲ ਨੂੰ ਸਹਿਜੇ ਹੀ ਅਪਣਾ ਲਿਆ। ਨਾਲੇ ਉਸ ਵੇਲੇ ਕੋਈ ਅਜਿਹੀ ਲੀਡਰਸ਼ਿਪ ਨਹੀਂ ਸੀ, ਜੋ ਇਸ ਗੱਲ ਨੂੰ ਖਾਰਜ ਕਰਨ ਦਾ ਹੌਸਲਾ ਕਰ ਸਕੇ। ਜੇ ਕੋਈ ਅਜਿਹਾ ਕਰਦਾ ਸੀ ਤਾਂ ਉਸ ’ਤੇ ਅੰਗਰੇਜ਼ਾਂ ਦਾ ਪਿੱਠੂ ਹੋਣ ਦਾ ਦੋਸ਼ ਲੱਗਦਾ ਸੀ। ਆਜ਼ਾਦੀ ਤੋਂ ਬਾਅਦ ਕਿਸੇ ਨੇ ਕਿਸੇ ਵੀ ਮਸਲੇ ’ਤੇ ਅੰਗਰੇਜ਼ਾਂ ਦੀ ਵਕਾਲਤ ਕਰਨ ਦਾ ਹੌਸਲਾ ਨਹੀਂ ਕੀਤਾ। ਅੱਜ ਵੀ ਹਰੇਕ ਮਸਲੇ ਉਤੇ ਅੰਗਰੇਜ਼ਾਂ ਦੀ ਨਿਖੇਧੀ ਕਰਨ ਵਾਲੀ ਪਿਰਤ ਜਾਰੀ ਹੈ। ਨਾਲੇ ਅੰਗਰੇਜ਼ਾਂ ਦੀ ਨਿਖੇਧੀ ਕਰਨੀ ਬਹੁਤ ਸੌਖੀ ਹੈ, ਜਦਕਿ ਇਸਦੇ ਉਲਟ ਗੱਲ ਕਰਨ ਵਾਲੇ ਨੂੰ ਮੌਜੂਦਾ ਸੱਤਾਧਾਰੀ ਨਿਜਾਮ ਅਤੇ ਕਾਮਰੇਡਾਂ ਦੀ ਆਲੋਚਨਾ ਦਾ ਡਰ ਰਹਿੰਦਾ ਹੈ।
ਸੋਹਨ ਸਿੰਘ ਜੋਸ਼ ਦਾ ਥੀਸਿਜ਼
ਅਕਾਲੀ ਮੋਰਚਿਆਂ ਬਾਰੇ ਕਾਮਰੇਡ ਸੋਹਨ ਸਿੰਘ ਜੋਸ਼ ਨੇ ਇੱਕ ਥੀਸਿਜ਼ (ਖੋਜ ਕਿਤਾਬ) ਲਿਖੀ, ਜਿਸ ਵਿੱਚ ਨਨਕਾਣਾ ਸਾਹਿਬ ਦੀ ਘਟਨਾ ਦਾ ਇੱਕ ਵੱਡਾ ਜ਼ਿਕਰ ਹੈ। ਇਸ ਖੋਜ ਦਾ ਸਾਰਾ ਖਰਚਾ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ.ਪੀ.ਆਈ.) ਨੇ ਕੀਤਾ। ਇਹ ਖੋਜ ਤਿੰਨ ਵਰਿ੍ਹਆਂ ਵਿੱਚ ਪੂਰੀ ਹੋਈ, ਜਿਸਦੀ ਪਹਿਲੀ ਐਡੀਸ਼ਨ 1967 ਵਿੱਚ ਛਪੀ। ਕਮਿਊਨਿਸਟ ਪਾਰਟੀਆਂ ਹਮੇਸ਼ਾ ਹੀ ਅੰਗਰੇਜ਼ਾਂ ਨੂੰ ਸਾਮਰਾਜੀ ਕਹਿ ਕੇ ਭੰਡਦੀਆਂ ਆਈਆਂ ਹਨ। ਅਕਾਲੀ ਮੋਰਚਿਆਂ ਦੇ ਇਤਿਹਾਸ ਨੂੰ ਦੱਸਣ ਲੱਗਿਆਂ ਉਨ੍ਹਾਂ ਨੇ ਇਹ ਕਿਤਾਬ ਅੰਗਰੇਜ਼ਾਂ ਨੂੰ ਭੰਡਣ ਦੇ ਨਜ਼ਰੀਏ ਤੋਂ ਹੀ ਲਿਖੀ ਹੈ।
ਕਿਤਾਬ ਦੇ ਮੁੱਖ ਬੰਦ ਵਿੱਚ ਇਹ ਗੱਲ ਸਾਬਤ ਕਰਦਿਆਂ ਸ੍ਰੀ ਜੋਸ਼ ਲਿਖਦੇ ਹਨ, “ਪੁਸਤਕ ਵਿੱਚ ਬ੍ਰਿਟਿਸ਼ ਸਾਮਰਾਜ ਦਾ ਰੋਲ ਮੈਂ ਬੜਾ ਉਭਾਰ ਕੇ ਪੇਸ਼ ਕੀਤਾ ਹੈ ਅਤੇ ਅੰਗਰੇਜ਼ ਹਾਕਮਾਂ ਦੀਆਂ ਕੁਟਲ ਨੀਤੀਆਂ, ਚਾਲਾਂ-ਕੁਚਾਲਾਂ, ਫੁੱਟ ਪਾਉਣ ਦੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਨਸ਼ਰ ਕੀਤਾ ਹੈ। ਮੇਰੀ ਪੱਕੀ ਰਾਇ ਹੈ ਕਿ ਬ੍ਰਿਟਿਸ਼ ਸਾਮਰਾਜ ਦੇ ਦੌਰ ਦਾ ਕੋਈ ਵੀ ਇਤਿਹਾਸ ਜਿਹੜਾ ਸਾਮਰਾਜੀ ਸਾਜਿਸ਼ਾਂ ਤੇ ਕੁਟਲ ਨੀਤੀਆਂ ਨੂੰ ਚੰਗੀ ਤਰ੍ਹਾਂ ਨਸ਼ਰ ਨਹੀਂ ਕਰਦਾ, ਉਹ ਸੱਚਾ ਇਤਿਹਾਸ ਨਹੀਂ ਹੋ ਸਕਦਾ।”
ਇਸ ਕਿਤਾਬ ਦੇ ਸਫਾ 14 ਅਤੇ 28 ’ਤੇ ਉਹ ਮਹੰਤਾਂ ਨੂੰ ਸਰਕਾਰ ਦੇ ਹੱਥਠੋਕੇ ਅਤੇ ਹਕੂਮਤ ਮਹੰਤਾਂ ਦੀ ਪਿੱਠ ’ਤੇ ਕਹਿਣ ਵਾਲਾ ਆਪਣਾ ਵਿਚਾਰ ਬਿਨਾ ਕਿਸੇ ਦਲੀਲ ਤੋਂ ਵਾਰ ਵਾਰ ਪੇਸ਼ ਕਰਦੇ ਹਨ। ਸਾਜਿਸ਼ ਨੂੰ ਸੱਚ ਬਣਾਉਣ ਖਾਤਰ ਉਹ ਅਜਿਹੀਆਂ ਦਲੀਲਾਂ ਦਿੰਦੇ ਹਨ, ਜਿਨ੍ਹਾਂ ਦੀ ਕੋਈ ਖਾਸ ਅਹਿਮੀਅਤ ਨਹੀਂ। ਮਿਸਾਲ ਦੇ ਤੌਰ ’ਤੇ ਸਫਾ 71 ’ਤੇ ਉਹ ਲਿਖਦੇ ਹਨ, “ਡਿਪਟੀ ਕਮਿਸ਼ਨਰ ਨੇ ਕਾਰ ਦੇ ਹੁੰਦਿਆਂ ਨਨਕਾਣੇ ਪਹੁੰਚਣ ਵਿੱਚ ਦੁਪਹਿਰ ਕਿਉਂ ਕੀਤੀ ਜਾਂ ਕਮਿਸ਼ਨਰ ਨੇ ਲਾਹੌਰੋਂ ਆਉਣ ਵਿੱਚ ਰਾਤ ਕਿਉਂ ਕੀਤੀ, ਜਿਸ ਕਰਕੇ ਇਹ ਸਾਜਿਸ਼ ਸਾਬਤ ਕਰਦਾ ਹੈ।”
ਸਭ ਨੂੰ ਪਤਾ ਹੈ ਕਿ 1921 ਵਿੱਚ ਤਾਰ ਤੋਂ ਇਲਾਵਾ ਹੋਰ ਕੋਈ ਤੇਜ਼ ਰਫਤਾਰ ਸੰਚਾਰ ਸਾਧਨ ਨਹੀਂ ਸੀ। ਉਸ ਦਿਨ ਡੀ.ਸੀ. ਆਪਣੇ ਹੈੱਡ ਕੁਆਰਟਰ ਸ਼ੇਖੂਪੁਰੇ ਨਹੀਂ, ਬਲਕਿ ਮਾਂਗਟਾਂ ਵਾਲੇ ਡਾਕ ਬੰਗਲੇ ਵਿੱਚ ਸੀ। ਪੰਜਾਬ ਵਿੱਚ ਖਾੜਕੂਵਾਦ ਤੋਂ ਪਹਿਲਾਂ ਤਕ ਡੀ.ਸੀ. ਨਾਲ ਸਿਰਫ ਇੱਕ ਹੀ ਗੰਨਮੈਨ ਹੁੰਦਾ ਸੀ। ਸੋ ਇੱਕ ਗੰਨਮੈਨ ਨਾਲ ਡੀ.ਸੀ. ਵੱਲੋਂ ਆਪਣੇ ਤੌਰ ’ਤੇ ਕੋਈ ਕਾਰਵਾਈ ਕਰਨਾ ਔਖਾ ਸੀ। ਰਹੀ ਗੱਲ ਕਮਿਸ਼ਨਰ ਦੇ ਰਾਤ ਨੂੰ ਪਹੁੰਚਣ ਦੀ, ਕਮਿਸ਼ਨਰ ਡੀ.ਆਈ.ਜੀ. ਨੂੰ ਲੈ ਕੇ ਪੂਰੀ ਫੋਰਸ ਨਾਲ ਇੱਕ ਸਪੈਸ਼ਲ ਰੇਲ ਗੱਡੀ ਭਰ ਕੇ ਨਨਕਾਣੇ ਉਸੇ ਦਿਨ, ਰਾਤ ਨੂੰ ਪੁੱਜਾ। ਸਲਾਹ ਮਸ਼ਵਰਾ, ਫੋਰਸ ਤੇ ਸਪੈਸ਼ਲ ਰੇਲ ਗੱਡੀ ਦੀ ਤਿਆਰੀ ਕਰਨ ਅਤੇ ਨਨਕਾਣੇ ਪੁੱਜਣ ਲਈ ਰਾਤ ਨੂੰ ਜਾਣੀ ਕੋਈ ਵੱਡੀ ਗੱਲ ਨਹੀਂ। ਸਵਾਲ ਇਹ ਨਹੀਂ ਕਿ ਰਾਤ ਨੂੰ ਪੁੱਜਾ ਜਾਂ ਦੁਪਹਿਰੇ ਕਿਉਂ ਨਹੀਂ ਪੁੱਜਾ, ਬਲਕਿ ਸਵਾਲ ਇਹ ਹੈ ਕਿ ਉਹਨੇ ਐਕਸ਼ਨ ਕੀ ਕੀਤਾ? ਉਸਨੇ ਜਾਂਦਿਆਂ ਸਾਰ ਮਹੰਤ ਅਤੇ ਉਹਦੇ 28 ਗੁੰਡਿਆਂ ਨੂੰ ਫੜ ਕੇ ਉਸੇ ਸਪੈਸ਼ਲ ਰੇਲ ਗੱਡੀ ਰਾਹੀਂ ਲਾਹੌਰ ਭੇਜ ਦਿੱਤਾ। ਇਸ ਗ੍ਰਿਫਤਾਰੀ ਤੋਂ ਬਾਅਦ ਹੋਰ ਗ੍ਰਿਫਤਾਰੀਆਂ ਦਾ ਹੋਣਾ, ਤੇਜ਼ੀ ਨਾਲ ਮੁਕੱਦਮਾ ਚਲਣਾ ਅਤੇ ਮਹੰਤ ਨੂੰ ਸਜ਼ਾ ਹੋਣਾ ਸਰਕਾਰੀ ਸਾਜਿਸ਼ ਵਾਲੇ ਅੰਸ਼ ਨੂੰ ਚੰਗੀ ਤਰ੍ਹਾਂ ਖਾਰਜ ਕਰਨ ਲਈ ਕਾਫੀ ਹੈ। ਗਵਰਨਰ ਵੱਲੋਂ ਪੰਜਾਬ ਦੀ ਸਾਰੀ ਵਜ਼ਾਰਤ ਸਣੇ ਮੌਕੇ ’ਤੇ ਪਹੁੰਚਣਾ ਸਰਕਾਰ ਦੀ ਗੰਭੀਰਤਾ ਸਾਬਤ ਕਰਦਾ ਹੈ। ਸੋਹਣ ਸਿੰਘ ਜੋਸ਼ ਦੀ ਇਹ ਕਿਤਾਬ ਨੇ ਵੀ ਸਰਕਾਰੀ ਸਾਜਿਸ਼ ਵਾਲੇ ਸਿਧਾਂਤ ਨੂੰ ਪੱਕਾ ਕਰਨ ਵਿੱਚ ਬਹੁਤ ਯੋਗਦਾਨ ਪਾਇਆ।
ਅਕਾਲੀ ਮੋਰਚਿਆਂ ਬਾਰੇ ਇੱਕ ਬਹੁਤ ਹੀ ਪੁਖਤਾ ਕਿਤਾਬ ‘ਅਕਾਲੀ ਮੋਰਚੇ ਅਤੇ ਝੱਬਰ’ ਨਰੈਣ ਸਿੰਘ ਐਮ.ਏ. ਦੀ ਲਿਖੀ ਮਿਲਦੀ ਹੈ। ਇਹ ਕਿਤਾਬ ਕਿਸੇ ਵੀ ਖਾਸ ਨਜ਼ਰੀਏ ਤੋਂ ਨਹੀਂ ਲਿਖੀ ਗਈ, ਬਲਕਿ ਇਸ ਵਿੱਚ ਸਿਰਫ ਘਟਨਾਵਾਂ ਦਾ ਹੀ ਵੇਰਵਾ ਹੈ। ਸੋਹਨ ਸਿੰਘ ਜੋਸ਼ ਆਪਣੀ ਕਿਤਾਬ ਦੇ ਸਫਾ 74 ਦੇ ਫੁਟ ਨੋਟ ’ਤੇ ਇਸ ਕਿਤਾਬ ਨੂੰ ਬਹੁਤ ਹੀ ਪਤਲੀਆਂ ਜਿਹੀਆਂ ਦਲੀਲਾਂ ਨਾਲ ਭੰਡਦੇ ਹਨ। ਉਹ ਲਿਖਦੇ ਹਨ, “ਇਹ ਪੁਸਤਕ 45-46 ਸਾਲਾਂ ਪਿਛੋਂ ਲਿਖੀ ਗਈ ਹੈ। ਇਸ ਵਿੱਚ ਹਉਮੈ ਤੇ ਅਤਿਕਥਨੀ ਬੜੀ ਹੈ। ਕੁਝ ਤੱਥ ਵੀ ਗਲਤ ਹਨ। ਉਸ ਵੇਲੇ ਨਨਕਾਣੇ ਵਿੱਚ ਸੌ ਗੋਰੇ ਫੌਜੀ ਅਫਸਰ ਤੇ ਸਿਪਾਹੀ ਅਤੇ ਸੌ ਦੇਸੀ ਫੌਜੀ ਸਿਪਾਹੀ ਸਨ।”
ਆਪਣੀ ਕਿਤਾਬ ਵਿੱਚ ਭਾਈ ਨਰੈਣ ਸਿੰਘ ਨੇ 150 ਗੋਰੇ ਫੌਜੀਆਂ ਦਾ ਪਹੁੰਚਣਾ ਦੱਸਿਆ ਹੈ, ਜਦਕਿ ਜੋਸ਼ ਆਪਣੀ ਕਿਤਾਬ ਵਿੱਚ 100 ਗੋਰਾ ਫੌਜੀ ਅਤੇ 100 ਦੇਸੀ ਸਿਪਾਹੀ ਦੱਸਦੇ ਹਨ। ਇਹ ਆਪਣੇ ਆਪ ਵਿੱਚ ਹੀ ਇੱਕ ਹਾਸੋਹੀਣੀ ਦਲੀਲ ਹੈ ਕਿ ਸਿਰਫ ਗਿਣਤੀ ਦੇ ਇਸ ਫਰਕ ਨੂੰ ਹੀ ਇਹ ਲਿਖ ਮਾਰਿਆ ਜਾਵੇ ਕਿ ਕਿਤਾਬ ਵਿੱਚ ਤੱਥ ਗਲਤ ਹਨ। ਨਾਲੇ ਜਿਸ ਵਾਕੇ ਭਾਈ ਨਰੈਣ ਸਿੰਘ ਨੇ ਜ਼ਿਕਰ ਕੀਤਾ ਹੈ, ਉਸ ਵਾਕੇ ਵਿੱਚ ਇਸ ਗੱਲ ਦੀ ਕੋਈ ਅਹਿਮੀਅਤ ਨਹੀਂ ਕਿ ਗਿਣਤੀ ਸੌ ਸੀ ਜਾਂ ਡੇਢ ਸੌ! ਨਾਲੇ ਅਜਿਹੇ ਮੌਕਿਆਂ ’ਤੇ ਕੋਈ ਪੂਰੀ ਪੱਕੀ ਗਿਣਤੀ ਹੋ ਵੀ ਨਹੀਂ ਸਕਦੀ।
ਦੂਜਾ ਪੱਖ ਰਿਹਾ ਕਿਤਾਬ ਦੇ 45 ਵਰ੍ਹੇ ਬਾਅਦ ਲਿਖੇ ਜਾਣ ਦਾ। ਇਸ ਕਿਤਾਬ ਦੇ ਲਿਖਾਰੀ ਭਾਈ ਨਰੈਣ ਸਿੰਘ ਉਸ ਪਹਿਲੇ ਜਥੇ ਵਿੱਚ ਸ਼ਾਮਿਲ ਸਨ, ਜੋ ਕਿ ਸਾਕੇ ਤੋਂ ਬਾਅਦ ਨਨਕਾਣਾ ਸਾਹਿਬ ਪੁੱਜਾ। ਉਹ ਗੁਰਦੁਆਰਾ ਨਨਕਾਣਾ ਸਾਹਿਬ ਦੇ 1932 ਵਿੱਚ ਮੈਨੇਜਰ ਨਿਯੁਕਤ ਹੋਏ ਅਤੇ ਅਗਸਤ 1947 ਤਕ ਇਸ ਅਹੁਦੇ ’ਤੇ ਰਹੇ। ਉਹ ਆਪ ਵੀ ਅਕਾਲੀ ਲਹਿਰ ਨਾਲ ਸਬੰਧਤ ਸਨ, ਜਿਸ ਕਰਕੇ ਉਨ੍ਹਾਂ ਦਾ ਸੰਪਰਕ ਅਕਾਲੀ ਲਹਿਰ ਦੇ ਯੋਧਿਆਂ, ਸੂਰਬੀਰਾਂ ਨਾਲ ਮੁੱਢ ਤੋਂ ਹੀ ਸੀ। ਇਹ ਕਿਤਾਬ ਉਨ੍ਹਾਂ ਨੇ ਭਾਈ ਕਰਤਾਰ ਸਿੰਘ ਝੱਬਰ ਦੀ ਡਾਇਰੀ ਨੂੰ ਆਧਾਰ ਬਣਾ ਕੇ ਲਿਖੀ ਹੈ, ਜੋ ਕਿ ਉਸ ਵੇਲੇ ਦੇ ਅਖਬਾਰਾਂ ਵਿੱਚ ਛਪਦੀ ਰਹੀ ਸੀ। ਸ. ਨਰੈਣ ਸਿੰਘ ਦਾ ਮੇਲ ਝੱਬਰ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਤੱਕ ਰਿਹਾ, ਜਦੋਂ 1947 ਤੋਂ ਬਾਅਦ ਸ. ਝੱਬਰ ਕਰਨਾਲ ਜਿਲ਼੍ਹੇ ਦੇ ਹਾਬੜੀ ਪਿੰਡ ਵਿੱਚ ਰਹਿ ਰਹੇ ਸਨ। ਸ. ਝੱਬਰ ਦੀ ਮੌਤ 1962 ਹੋਈ।
ਭਾਈ ਕਰਤਾਰ ਸਿੰਘ ਝੱਬਰ ਦਾ ਇਹ ਪੱਕਾ ਰੁਟੀਨ ਸੀ ਕਿ ਉਹ ਹਰੇਕ ਰਾਤ ਆਪਣੀ ਸਾਰੀ ਦਿਹਾੜੀ ਦੀ ਕਾਰਵਾਈ ਨੂੰ ਲਿਖ ਕੇ ਲਿਫਾਫਾ ਬੰਦ ਕਰ ਦਿੰਦੇ ਸਨ ਅਤੇ ਸਿਰਹਾਨੇ ਹੇਠ ਰੱਖ ਕੇ ਸੌਂਦੇ ਸਨ। ਸਵੇਰੇ ਉਠ ਕੇ ਉਸ ਨੂੰ ਅਖਬਾਰਾਂ ਦੇ ਨਾਂ ਡਾਕ ਵਿੱਚ ਪਾ ਦਿੰਦੇ ਸਨ। ਸੋ ਅਜਿਹੀ ਡਾਇਰੀ ਅਸਲੀਅਤ ਦੇ ਸਭ ਤੋਂ ਨੇੜੇ ਹੁੰਦੀ ਹੈ। ਭਾਈ ਨਰੈਣ ਸਿੰਘ 93 ਸਾਲ ਉਮਰ ਭੋਗ ਕੇ 1994 ਵਿੱਚ ਫੌਤ ਹੋਏ ਸਨ। ਉਨ੍ਹਾਂ ਦੀ ਕਿਤਾਬ ’ਤੇ ਹਉਮੈ ਤੇ ਅਤਿਕਥਨੀ ਵਾਲੇ ਦੋਸ਼ਾਂ ਬਾਬਤ ਸ੍ਰੀ ਜੋਸ਼ ਇੱਕ ਵੀ ਮਿਸਾਲ ਪੇਸ਼ ਨਹੀਂ ਕਰ ਸਕੇ।
ਸ਼੍ਰੋਮਣੀ ਕਮੇਟੀ ਅਤੇ ਹੋਰ ਉੱਘੀਆਂ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਨਨਕਾਣਾ ਸਾਹਿਬ ਦੇ ਸਾਕੇ ਬਾਰੇ ਹੋਰ ਖੋਜ ਕਰਾਵੇ। ਇਸ ਸਾਕੇ ਦੀ ਸਾਰੀ ਅਦਾਲਤੀ ਕਾਰਵਾਈ ਵੀ ਬਾਹਰ ਲਿਆਂਦੀ ਜਾਣੀ ਚਾਹੀਦੀ ਹੈ। ਨਹੀਂ ਤਾਂ ਸਮਾਂ ਬੀਤਣ ਨਾਲ ਕਿਤੋਂ ਵੀ ਕੁਝ ਨਹੀਂ ਲੱਭਣਾ!
(ਬਾਕੀ ਅਗਲੇ ਅੰਕ ਵਿੱਚ)