ਸੰਨ ਸੰਤਾਲੀ ਦੇ ਬਟਵਾਰੇ ਦੀ ਮਾਰ ਜਿਸ ਨੂੰ ਪਈ ਹੈ, ਉਸ ਦਾ ਦਰਦ ਉਹੋ ਹੀ ਜਾਣਦੇ ਹਨ। ਉਦੋਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਖਾਸ ਕਰ ਰਿਸ਼ਤੇ-ਨਾਤੇ! ਹਥਲੀ ਲਿਖਤ ਵਿੱਚ ਵਿਛੜਿਆਂ ਨੂੰ ਮਿਲਣ ਦੀ ਤਾਂਘ ਲਈ ਫਿਰਦੇ ਲੋਕਾਂ ਦੇ ਦਰਦ ਨੂੰ ਬਿਆਨਿਆ ਗਿਆ ਹੈ; ਜਿਵੇਂ ਸੰਤਾਲੀ ਦੀ ਵੰਡ ਦਾ ਭੰਨਿਆ ਮਾਨਸਿਕ ਤੌਰ `ਤੇ ਜ਼ਖਮੀ ਹੋਇਆ ਰਫ਼ੀਕ ਉਮਰੋਂ ਪਹਿਲਾਂ ਬੁੱਢਾ ਹੋ ਗਿਆ ਸੀ।
ਸੰਤਾਲ਼ੀ ਨੇ ਉਸ ਕੋਲ਼ੋਂ ਬਹੁਤ ਕੁਝ ਖੋਹ ਲਿਆ ਸੀ ਤੇ ਉਮਰਾਂ ਦੇ ਪਛਤਾਵੇ ਉਹਦੀ ਝੋਲੀ ’ਚ ਪਾ ਦਿੱਤੇ ਸਨ। ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਦੀ ਗੰਢ ਨਾਮੀ ਕਲਮਕਾਰ ਸਾਂਵਲ ਧਾਮੀ ਨੇ ਕੁਝ ਇਸ ਲਹਿਜ਼ੇ ‘ਚ ਖੋਲ੍ਹੀ ਹੈ ਕਿ ਉਮੀਦ ਕੀਤੀ ਜਾ ਸਕਦੀ ਹੈ, ਪਾਠਕ ਇਨ੍ਹਾਂ ਨੂੰ ਪਰੁੱਚ ਕੇ ਪੜ੍ਹਨਗੇ…। -ਪ੍ਰਬੰਧਕੀ ਸੰਪਾਦਕ
ਸਾਂਵਲ ਧਾਮੀ
ਵੰਡ ਵੇਲੇ ਲਾਹੌਰ ਦੇ ਚਾਰ ਥਾਣੇ ਭਾਰਤ ਦੇ ਹਿੱਸੇ ਆ ਗਏ ਤੇ ਵਲਟੋਹੀਏ ਬੈਠੇ-ਬਿਠਾਏ, ਲਾਹੌਰੀਆਂ ਤੋਂ ਅੰਮ੍ਰਿਤਸਰੀਏ ਬਣ ਗਏ। ਇਸ ਪਿੰਡ ਦੇ ਜੰਮ-ਪਲ ਪੰਡਤ ਅਮੀਰ ਚੰਦ ਅੱਜ-ਕਲ੍ਹ ਜਲੰਧਰ ਰਹਿ ਰਹੇ ਨੇ। ਸੰਤਾਲ਼ੀ ਦੇ ਆਰ-ਪਾਰ ਦੀਆਂ ਕਈ ਯਾਦਾਂ ਉਨ੍ਹਾਂ ਕੋਲ਼ ਮਹਿਫ਼ੂਜ਼ ਪਈਆਂ ਨੇ।
“ਅੱਠਵੀਂ ਤੇ ਨੌਵੀਂ, ਇਹ ਦੋ ਜਮਾਤਾਂ ਮੈਂ ਕਸੂਰ ’ਚ ਪੜ੍ਹਿਆਂ ਸਾਂ। ਮੇਰਾ ਬਾਪ ਕਸੂਰ ਦੇ ਡੀ.ਏ.ਵੀ. ਸਕੂਲ ’ਚ ਉਸਤਾਦ ਸੀ। ਸਾਡਾ ਸਾਰਾ ਮੁਹੱਲਾ ਮੁਸਲਮਾਨਾਂ ਦਾ ਸੀ। ਨੌਕਰੀ ਛੱਡ ਕੇ ਸੰਨ ਛਿਆਲੀ ’ਚ ਮੇਰਾ ਬਾਪ ਪਿੰਡ ਮੁੜ ਆਇਆ ਸੀ। ਸੰਤਾਲ਼ੀ ’ਚ ਅਸੀਂ ਵਲਟੋਹੇ ’ਚ ਹੀ ਸਾਂ। ਸਾਡੇ ਪਿੰਡ ਕੋਈ ਖ਼ਾਸ ਵੱਢ-ਟੁੱਕ ਨਹੀਂ ਸੀ ਹੋਈ। ਘਰਿਆਲਾ ਤੇ ਵਰਨਾਲਾ ਮੁਸਲਮਾਨ ਜੱਟਾਂ ਦੇ ਪਿੰਡ ਸਨ। ਓਥੇ ਤਾਂ ਲਾਸ਼ਾਂ ਦੇ ਢੇਰ ਲੱਗ ਗਏ ਸਨ।
ਵੇਖਦਿਆਂ-ਵੇਖਦਿਆਂ, ਪਾਕਿਸਤਾਨ ਵੱਲੋਂ ਹਿੰਦੂ-ਸਿੱਖਾਂ ਦੇ ਕਾਫ਼ਲੇ ਆਉਣ ਡਹਿ ਪਏ ਸਨ। ਉੱਜੜੇ-ਪੁੱਜੜੇ! ਨੰਗੇ-ਪੈਰ, ਪਾਟੇ ਕੱਪੜੇ ਤੇ ਜ਼ਖ਼ਮੀ ਸਰੀਰ! ਪਿੰਡੋਂ ਬਾਹਰ ਉਨ੍ਹਾਂ ਦਾ ਕੈਂਪ ਲੱਗ ਗਿਆ ਸੀ। ਸਾਰਾ ਪਿੰਡ ਲੰਗਰ ਤਿਆਰ ਕਰਦਾ ਤੇ ਅਸੀਂ ਨੌਜਵਾਨ ਉਨ੍ਹਾਂ ਨੂੰ ਛਕਾਉਣ ਜਾਂਦੇ। ਇਹ ਸਿਲਸਿਲਾ ਕੋਈ ਡੇਢ ਮਹੀਨਾ ਚੱਲਦਾ ਰਿਹਾ ਸੀ।
ਵੰਡ ਤੋਂ ਮਹੀਨਾ ਕੁ ਪਹਿਲਾਂ ਦੀ ਗੱਲ ਏ। ਮੈਂ ਲਲਿਆਣੀ ਮੰਗਿਆ ਗਿਆ ਸਾਂ। ਉਸ ਪਿੰਡ ’ਚ ਵੀ ਬਹੁਤ ਕਤਲੋ-ਗਾਰਤ ਹੋਈ ਸੀ। ਮੇਰੇ ਸਹੁਰੇ ਬਚ ਗਏ ਸਨ। ਉਨ੍ਹਾਂ ਇੱਕ ਰਾਤ ਪਹਿਲਾਂ ਪਿੰਡ ਛੱਡ ਦਿੱਤਾ ਸੀ। ਉਹ ਪਹਿਲਾਂ ਤਾਂ ਸਿੱਧੇ ਕਰਨਾਲ ਵੱਲ ਨਿਕਲ ਗਏ ਸਨ ਤੇ ਫਿਰ ਕੁਝ ਮਹੀਨਿਆਂ ਬਾਅਦ, ਉਨ੍ਹਾਂ ਨੂੰ ਪੱਟੀ ’ਚ ਜ਼ਮੀਨ ਅਲਾਟ ਹੋ ਗਈ ਸੀ। ਸੰਨ ਅਠਤਾਲ਼ੀ ’ਚ ਮੇਰਾ ਵਿਆਹ ਹੋ ਗਿਆ ਸੀ।
ਵਿਆਹ ’ਚ ਉਦਾਸੀ ਦਾ ਮਾਹੌਲ ਸੀ। ਵਜਾਹ ਇਹ ਕਿ ਸਾਡੀ ਵਿਚੋਲਣ ਕਰਤਾਰੋ ਓਧਰ ਰਹਿ ਗਈ ਸੀ। ਉਹ ਮੇਰੀ ਪਤਨੀ ਦੇ ਤਾਏ ਦੀ ਧੀ ਸੀ। ਵੰਡ ਤੋਂ ਕੋਈ ਛੇ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਉਸਦਾ। ਉਹਦੇ ਸਹੁਰਿਆਂ ਦਾ ਪਿੰਡ ਸੀ- ਹੱਲੜਕੇ ਪਮਾਰ। ਇਹ ਲਾਹੌਰ ਦੀ ਕਸੂਰ ਤਹਿਸੀਲ ਦਾ ਪਿੰਡ ਸੀ।
ਉਨ੍ਹਾਂ ਦਾ ਕਾਫ਼ਲਾ ਜਦੋਂ ਖੇਮਕਰਨ ਦੇ ਲਹਿੰਦੇ ਪਾਸੇ ਸਥਿਤ, ਅਬਦੁੱਲ ਖਾਲ਼ਕ ਦੀ ਦਰਗਾਹ ਕੋਲ਼ ਪਹੁੰਚਿਆ ਤਾਂ ਉਨ੍ਹਾਂ ’ਤੇ ਹਮਲਾ ਹੋ ਗਿਆ ਸੀ। ਕਰਤਾਰੋ ਦਾ ਸਹੁਰਾ ਪਰਿਵਾਰ ਕਤਲ ਕਰ ਦਿੱਤਾ ਗਿਆ ਸੀ ਤੇ ਧਾੜਵੀ ਉਸਨੂੰ ਚੁੱਕ ਕੇ ਲੈ ਗਏ ਸਨ।
ਮੈਂ ਤੇ ਉਸਦਾ ਭਾਈ, ਉਹਨੂੰ ਲੱਭਣ ਲਈ ਦੋ ਵਾਰ ਪਾਕਿਸਤਾਨ ਗਏ ਸਾਂ, ਪਰ…। ਉਹ ਮੇਰੇ ਨਾਲ਼ੋਂ ਦੋ ਕੁ ਸਾਲ ਵੱਡੀ ਸੀ। ਜੇ ਅੱਜ ਜਿਉਂਦੀ ਹੋਵੇ ਤਾਂ ਨੱਬੇ ਕੁ ਵਰਿ੍ਹਆਂ ਦੀ ਹੋਵੇਗੀ। ਚਲੋ ਉਹ ਨਹੀਂ ਤਾਂ ਉਹਦੀ ਔਲ਼ਾਦ ਤਾਂ ਹੋਵੇਗੀ! ਅਸੀਂ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਆਂ। ਕਰਤਾਰੋ ਦਾ ਸਕਾ ਭਰਾ ਵੀ ਹਾਲੇ ਜਿਉਂਦਾ। ਉਹ ਵਿਚਾਰਾ ਤੜਫ਼ਦਾ ਤਾਂ ਬਹੁਤ ਹੈ, ਪਰ…!”
ਇਹ ਇੰਟਰਵਿਊ ਵੇਖ ਮੈਨੂੰ ਲਹਿੰਦੇ ਪੰਜਾਬ ਤੋਂ ਫੋਨ ਆਇਆ।
“ਮੇਰਾ ਨਾਂ ਰਫ਼ੀਕ ਬਲੋਚ ਜੇ। ਮੈਂ ਬੀਬੀ ਕਰਤਾਰੋ ਦੇ ਪੇਕੇ ਪਿੰਡ ਲਲਿਆਣੀ ਤੋਂ ਬੋਲਨਾਂ। ਸਾਡੇ ਪਿੰਡ ਵੀ ਬਹੁਤ ਵੱਢ-ਟੁੱਕ ਹੋਈ ਸੀ, ਪਰ ਮੇਰੇ ਦਾਦੇ ਨੇ ਬਹੁਤੇ ਹਿੰਦੂ-ਸਿੱਖ ਆਪਣੀ ਹਵੇਲੀ ’ਚ ਲੁਕੋ ਲਏ ਸਨ। ਖੁਦ ਹੱਦ ਟਪਾ ਕੇ ਆਇਆ ਸੀ, ਉਹ।”
ਰਫ਼ੀਕ ਦੇ ਬਜ਼ੁਰਗਾਂ ਵੱਲ਼ੋਂ ਕੀਤੇ ਬਚਾਅ ਦੀਆਂ ਕਹਾਣੀਆਂ ਮੈਂ ਪਹਿਲਾਂ ਵੀ ਗੋਇੰਦਵਾਲ਼ ਸਾਹਿਬ ਰਹਿੰਦੇ, ਸ. ਜਰਨੈਲ ਸਿੰਘ ਭੁੱਲਰ ਤੇ ਫ਼ਿਰੋਜ਼ ਕੇਰਾ ਵੱਸਦੇ ਬਾਬਾ ਕਰਤਾਰ ਸਿੰਘ ਭੁੱਲਰ ਹੁਰਾਂ ਕੋਲ਼ੋਂ ਸੁਣ ਚੁੱਕਾ ਸਾਂ। ਦੁਨੀਆਂ ਤੋਂ ਤੁਰ ਗਏ, ਰਫ਼ੀਕ ਦੇ ਦਾਦੇ, ਉਸਤਾਦ ਕਰਮਦੀਨ ਬਲੋਚ ਹੁਰਾਂ ਨੂੰ ਮੈਂ ਸਲਾਮ-ਏ-ਅਕੀਦਤ ਪੇਸ਼ ਕੀਤਾ। ਮੈਂ ਉਸਨੂੰ ਆਖ਼ਿਆ- ਇੱਕ ਭਲੇ ਦਾ ਕੰਮ ਤੂੰ ਵੀ ਜ਼ਰੂਰ ਕਰ ਰਫ਼ੀਕ ਭਾਈ। ਉਸਨੇ ਕੰਮ ਪੁੱਛਿਆ ਤਾਂ ਮੈਂ ਕਿਹਾ- ਆਪਣੇ ਪਿੰਡ ਦੀ ਧੀ, ਬੀਬੀ ਕਰਤਾਰੋ ਨੂੰ ਲੱਭ। ਉਹਦੇ ਰਿਸ਼ਤੇਦਾਰ ਉਸਨੂੰ ਮਿਲਣਾ ਚਾਹੁੰਦੇ ਨੇ!
“ਮੈਂ ਪੂਰੀ ਵਾਹ ਲਗਾਵਾਂਗਾ ਜੀ, ਪਰ ਮੇਰੀ ਵੀ ਇੱਕ ਅਰਜ਼ ਹੈ! ਜ਼ੀਰਾ ਲਾਗੇ ਇੱਕ ਪਿੰਡ ਹੈ, ਟਿੰਡਵਾਂ। ਉਸ ਪਿੰਡ ਦੀ ਧੀ ਤੇ ਨੂੰਹ ਬੀਬੀ ਹਸ਼ਮਤੇ ਨੂੰ ਵੀ ਸੰਤਾਲ਼ੀ…। ਉਹਦੇ ਪੁੱਤਰ ਉਸਨੂੰ ਮਿਲਣਾ ਚਾਹੁੰਦੇ ਨੇ!” ਉਹਨੇ ਤਰਲਾ ਜਿਹਾ ਲੈਂਦਿਆਂ ਕਿਹਾ ਸੀ।
ਰਫ਼ੀਕ ਬਲੋਚ ਦੇ ਖ਼ਾਸ ਦੋਸਤ, ਰਾਣਾ ਸ਼ਰਫ਼ਰਾਜ ਦੇ ਪਿਉ ਦੀ ਪਹਿਲੀ ਪਤਨੀ ਸੀ, ਬੀਬੀ ਹਸ਼ਮਤੇ। ਸੰਤਾਲ਼ੀ ਤੋਂ ਬਾਅਦ ਬੀਬੀ ਹਸ਼ਮਤੇ ਦੇ ਪਤੀ ਸਿਰਾਜ ਚੌਧਰੀ ਨੂੰ ਲਲਿਆਣੀ ਲਾਗਲੇ ਕਿਸੇ ਪਿੰਡ ’ਚ ਘਰ ਤੇ ਜ਼ਮੀਨ ਮਿਲੇ ਸਨ।
ਮੁਸਲਮਾਨ ਰਾਜਪੂਤਾਂ ਦੇ ਚਾਲ਼ੀ ਕੁ ਘਰ ਸਨ, ਟਿੰਡਵਾਂ ’ਚ। ਸਭ ਨਾਲ਼ੋਂ ਵੱਡਾ ਘਰ ਤੇ ਵੱਧ ਜ਼ਮੀਨ ਸਿਰਾਜ ਹੁਰਾਂ ਦੀ ਸੀ। ਪੰਜ ਸੌ ਏਕੜ ਦਾ ਮਾਲਕ ਸੀ ਉਹ। ਉਹਦਾ ਬਾਪ ਪੜ੍ਹਿਆ-ਲਿਖਿਆ ਬੰਦਾ ਸੀ। ਇਸ ਇਲਾਕੇ ’ਚ ਜਦੋਂ ਕੋਈ ਅੰਗਰੇਜ਼ ਅਫ਼ਸਰ ਆਉਂਦਾ ਤਾਂ ਸਿਰਾਜ ਦੇ ਬਾਪੂ ਨੂੰ ਬੁਲਾਇਆ ਜਾਂਦਾ ਸੀ।
ਸੰਤਾਲ਼ੀ ’ਚ ਸਿਰਾਜ ਦਾ ਨਿਕਾਹ ਹੋਏ ਨੂੰ ਦੋ ਕੁ ਸਾਲ ਹੋਏ ਸਨ। ਵਰ੍ਹੇ ਕੁ ਦਾ ਇੱਕ ਪੁੱਤਰ ਵੀ ਸੀ ਉਸਦਾ।
ਟਿੰਡਵਾਂ ਦੇ ਮੁਸਲਮਾਨ ਜਦੋਂ ਪਿੰਡੋਂ ਨਿਕਲੇ ਤਾਂ ਉਨ੍ਹਾਂ ’ਤੇ ਹਮਲਾ ਹੋ ਗਿਆ ਸੀ। ਹਸ਼ਮਤੇ ਪਿਛਾਂਹ ਵੱਲ ਦੌੜ ਪਈ ਸੀ ਤੇ ਆਪਣੇ ਪਿੰਡ ਦੇ ਕਿਸੇ ਗੈਰ-ਮੁਸਲਿਮ ਦੇ ਘਰ ਪਹੁੰਚ ਗਈ ਸੀ। ਦੱਸਦੇ ਨੇ ਕਿ ਉਸਨੇ ਹਸ਼ਮਤੇ ਨੂੰ ਕਿਸੇ ਲੋੜਵੰਦ ਦੇ ਘਰ ਬਿਠਾਲ ਦਿੱਤਾ ਸੀ।
ਸਿਰਾਜ ਮੁੰਡੇ ਨੂੰ ਕੁੱਛੜ ਚੁੱਕੀ ਅਗਾਂਹ ਵੱਲ ਦੌੜ ਪਿਆ ਸੀ। ਧਾੜਵੀ ਉਸਦੇ ਪਿੱਛੇ ਲੱਗੇ ਹੋਏ ਸਨ। ਉਹ ਦੌੜਦਾ ਰਿਹਾ। ਦੌੜਦਾ ਰਿਹਾ। ਆਖ਼ਰ ਉਹ ਹੰਭ ਗਿਆ। ਆਪਣਾ ਬਲੂਰ ਜਿਹਾ ਪੁੱਤਰ ਵੀ ਉਸਨੂੰ ਭਾਰਾ ਲੱਗਣ ਲੱਗ ਪਿਆ। ਉਸਨੇ ਪੁੱਤਰ ਜ਼ਮੀਨ ’ਤੇ ਰੱਖ ਦਿੱਤਾ ਸੀ ਤੇ ਆਪਣੀ ਜਾਨ ਬਚਾ ਕੇ ਧਾੜਵੀਆਂ ਦੀ ਪਹੁੰਚ ਤੋਂ ਪਰ੍ਹਾਂ ਚਲਾ ਗਿਆ ਸੀ। ਬਚਦਾ ਬਚਾਉਂਦਾ, ਉਹ ਨਵੇਂ ਬਣੇ ਮੁਲਕ ’ਚ ਪਹੁੰਚ ਗਿਆ ਸੀ।
ਟਿੰਡਵਾਂ ਪੰਜਾਬ ਦੇ ਉਨ੍ਹਾਂ ਬਦਨਸੀਬ ਪਿੰਡਾਂ ’ਚੋਂ ਇੱਕ ਸੀ, ਜਿਸਦੇ ਬਹੁਤੇ ਵਾਸੀ ਕਤਲ ਹੋ ਗਏ ਸਨ। ਸਿਰਾਜ ਆਪਣੇ ਟੱਬਰ ’ਚੋਂ ਇਕੱਲਾ ਹੀ ਬਚਿਆ ਸੀ।
ਸਾਲ ਕੁ ਬਾਅਦ, ਉਹ ਪਰਮਿਟ ਬਣਾ ਕੇ ਵਾਪਸ ਮੁੜਿਆ ਸੀ। ਉਹ ਕਈ ਦਿਨ ਹਸ਼ਮਤੇ ਨੂੰ ਲੱਭਦਾ ਰਿਹਾ ਸੀ। ਜਿਸ ਥਾਂ ’ਤੇ ਆਪਣੇ ਪੁੱਤਰ ਨੂੰ ਸੁੱਟ ਗਿਆ ਸੀ, ਉਹ ਉਸ ਥਾਂ ’ਤੇ ਵੀ ਗਿਆ ਸੀ। ਉਸ ਜ਼ਮੀਨ ’ਤੇ ਮੱਥਾ ਰਗੜਿਆ ਸੀ, ਰੋਇਆ ਸੀ, ਵਿਲਕਿਆ ਸੀ।
ਉਹ ਜਿੱਥੇ ਵੀ ਜਾਂਦਾ, ਆਪਣਾ ਨਾਂ-ਪਤਾ ਲਿਖ ਕੇ ਦੇ ਦਿੰਦਾ। ਹੱਥ ਜੋੜ ਕੇ ਬੇਨਤੀ ਕਰਦਾ- ਹਸ਼ਮਤੇ ਜਾਂ ਉਸਦੇ ਪੁੱਤਰ ਦਾ ਕਿਧਰੇ ਪਤਾ ਲੱਗੇ ਤਾਂ ਉਸਨੂੰ ਮੇਰਾ ਪਤਾ ਜ਼ਰੂਰ ਦੇ ਦੇਣਾ।
ਕੋਈ ਦੋ ਵਰਿ੍ਹਆਂ ਬਾਅਦ, ਚੜ੍ਹਦੇ ਪੰਜਾਬ ਤੋਂ ਉਸਦੇ ਨਾਂ ਇੱਕ ਖਤ ਗਿਆ ਸੀ। ਕੋਅਲ਼ੇ ਨਾਲ਼ ਲਿਖਿਆ ਹੋਇਆ। ਇਹ ਹਸ਼ਮਤੇ ਦਾ ਖਤ ਸੀ। ਉਸਨੇ ਆਪਣਾ ਪਤਾ-ਟਿਕਾਣਾ ਲਿਖਿਆ ਹੋਇਆ ਸੀ ਤੇ ਆ ਕੇ ਲਿਜਾਣ ਲਈ ਜ਼ਰੂਰੀ ਤਾਕੀਦ ਵੀ ਕੀਤੀ ਹੋਈ ਸੀ।
ਸਿਰਾਜ ਫਿਰ ਆਇਆ। ਇਸ ਵਾਰ ਪੁਲਿਸ ਵੀ ਉਸਦੇ ਨਾਲ਼ ਸੀ। ਉਹ ਦੱਸੇ ਹੋਏ ਟਿਕਾਣੇ ’ਤੇ ਪਹੁੰਚਿਆ, ਪਰ ਉਸ ਘਰ ਨੂੰ ਜੰਦਰਾ ਲੱਗਾ ਹੋਇਆ ਸੀ। ਉਹ ਨਿਰਾਸ਼ ਹੋ ਕੇ ਵਾਪਸ ਮੁੜ ਗਿਆ ਸੀ।
ਉਸਨੂੰ ਸਾਲ ’ਚ, ਹਸ਼ਮਤੇ ਦੇ ਇੱਕ-ਦੋ ਖਤ ਜ਼ਰੂਰ ਆਉਂਦੇ। ਉਹ ਉਸਨੂੰ ਲਿਜਾਣ ਲਈ ਭਾਰਤ ਪਹੁੰਚਦਾ, ਪਰ ਉਸਨੂੰ ਹਰ ਵਾਰ ਨਿਰਾਸ਼ ਹੋ ਕੇ ਮੁੜਨਾ ਪੈਂਦਾ।
ਉਹ ਕੋਈ ਦਸ ਵਾਰ ਇੱਧਰ ਆਇਆ ਹੋਵੇਗਾ।
ਫਿਰ ਖ਼ਤਾਂ ਦਾ ਸਿਲਸਿਲਾ ਵੀ ਮੁੱਕ ਗਿਆ। ਸਿਰਾਜ ਨਿਰਾਸ਼ ਹੋ ਗਿਆ। ਸੰਤਾਲ਼ੀ ਨੇ ਉਸ ਕੋਲ਼ੋਂ ਬਹੁਤ ਕੁਝ ਖੋਹ ਲਿਆ ਸੀ ਤੇ ਉਮਰਾਂ ਦੇ ਪਛਤਾਵੇ ਉਹਦੀ ਝੋਲੀ ’ਚ ਪਾ ਦਿੱਤੇ ਸਨ। ਉਹ ਉਮਰੋਂ ਪਹਿਲਾਂ ਬੁੱਢਾ ਹੋ ਗਿਆ ਸੀ।
“ਆਖ਼ਰੀ ਵੇਲ਼ੇ ਉਹ ਕਰੀਬ-ਕਰੀਬ ਪਾਗਲ ਹੋ ਚੁੱਕਾ ਸੀ। ਉੱਠ-ਉੱਠ ਦੌੜਦਾ ਸੀ। ਹਸ਼ਮਤੇ ਨੂੰ ’ਵਾਜਾਂ ਮਾਰਦਾ ਸੀ। ਆਪਣੇ ਪੁੱਤਰ ਨੂੰ ਜ਼ਮੀਨ ’ਤੇ ਸੁੱਟ ਕੇ ਆਉਣ ਦਾ ਗ਼ਮ ਉਹ ਕਦੇ ਨਹੀਂ ਸੀ ਭੁਲਾ ਸਕਿਆ। ਕਦੇ ਵੀ ਨਹੀਂ!” ਇਹ ਕਹਿੰਦਿਆਂ ਰਫ਼ੀਕ ਬਲੋਚ ਦੇ ਬੋਲ ਭਾਰੇ ਹੋ ਗਏ ਸਨ।
ਮੇਰੇ ਕੋਲ਼ੋਂ ਵੀ ਹੁੰਗਾਰਾ ਨਹੀਂ ਸੀ ਭਰਿਆ ਗਿਆ।
“…ਉਸਨੂੰ ਆਪਣੀ ਬੇਗਮ ਦਾ ਵਿਛੋੜਾ ਤਾਂ ਹੈ ਸੀ, ਪਰ ਬਹੁਤਾ ਉਹ ਆਪਣੇ ਪੁੱਤਰ ਨੂੰ ਯਾਦ ਕਰਕੇ ਵਿਲਕਦਾ ਰਹਿੰਦਾ ਸੀ। ਜਦੋਂ ਕਿਸੇ ਆਖਣਾ ਕਿ ਔਲ਼ਾਦ ਸਭ ਨੂੰ ਪਿਆਰੀ ਹੁੰਦੀ ਏ ਤਾਂ ਉਹ ਕੂਕਦਾ- ਓ ਲੋਕੋ ਨਹੀਂ, ਔਲ਼ਾਦ ਨਹੀਂ, ਬੰਦੇ ਨੂੰ ਆਪਣੀ ਜਾਨ ਸਭ ਤੋਂ ਵੱਧ ਪਿਆਰੀ ਹੁੰਦੀ ਏ।”
ਇਸ ਗੱਲ ਤੋਂ ਬਾਅਦ, ਰਫ਼ੀਕ ਤੇ ਮੈਂ- ਅਸੀਂ ਦੋਵੇਂ ਚੁੱਪ ਹੋ ਗਏ ਸਾਂ।