*ਸੀਨੀਅਰ ਪੱਤਰਕਾਰ ਅਵਤਾਰ ਸਿੰਘ ਦੀ ਕਿਤਾਬ ਦੇ ਹਵਾਲੇ ਨਾਲ
ਬਰਤਾਨੀਆ ਵਿੱਚ ਵੱਸਦੇ ਪੰਜਾਬੀ ਪੱਤਰਕਾਰ ਸ. ਅਵਤਾਰ ਸਿੰਘ ਦੀ ਹਾਲ ਹੀ ਵਿੱਚ ਛਪੀ ਕਿਤਾਬ ‘ਸਿੱਖ ਕੌਮ ਦਾ ਸੰਕਲਪ: ਨਾ ਹਮ ਹਿੰਦੂ ਨਾ ਮੁਸਲਮਾਨ’ ਸਿੱਖਾਂ ਦੇ ਇੱਕ ਧਾਰਮਿਕ ਭਾਈਚਾਰੇ ਦੇ ਨਾਲ-ਨਾਲ ਇੱਕ ਕੌਮੀ ਹਸਤੀ ਹੋਣ ਦੇ ਸੰਕਲਪ ਦੀ ਸੰਸਾਰ ਚਿੰਤਨ ਦੇ ਪ੍ਰਸੰਗ ਵਿੱਚ ਵਿਆਖਿਆ ਕਰਦੀ ਹੈ। ਇਸ ਤੋਂ ਪਹਿਲਾਂ ‘ਸਿੱਖ ਕੌਮ’ ਜਾਂ ‘ਸਿੱਖ ਪੰਥ’ ਸ਼ਬਦ ਤਾਂ ਭਾਵੇਂ ਆਮ ਵਰਤਿਆ ਜਾਂਦਾ ਰਿਹਾ ਹੈ, ਪਰ ਇਸ ਦੀ ਅਕਾਦਮਿਕ ਪੱਧਰ ‘ਤੇ ਵਿਆਖਿਆ ਦੇ ਸ਼ਾਇਦ ਹੀ ਕਦੇ ਯਤਨ ਹੋਏ ਹੋਣ।
ਇਸ ਦਾ ਇੱਕ ਕਾਰਨ ਇਹ ਵੀ ਜਾਪਦਾ ਹੈ ਕਿ ਪੰਜਾਬ ਵਿੱਚ ਪੰਜਾਬੀ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣੀਆਂ ਯੂਨੀਵਰਸਿਟੀਆਂ ਨੇ ਵੀ ਇਸ ਸਵਾਲ ਦਾ ਹੱਲ ਲੱਭਣ ਦਾ ਯਤਨ ਨਹੀਂ ਕੀਤਾ। ਪਿਛਲੇ 70-75 ਸਾਲਾਂ ਵਿੱਚ ਭਾਰਤੀ ਰਾਜ ਦਾ ਜਿਸ ਕਦਰ ਕੇਂਦਰੀਕਰਨ ਹੋ ਗਿਆ, ਉਸ ਕਾਰਨ ਇੱਥੇ ਨਾਮ ਨਿਹਾਦ ਜਿਹਾ ਫੈਡਰੇਲਿਜ਼ਮ ਹੀ ਰਹਿ ਗਿਆ ਹੈ। ਪੰਜਾਬ ਵਿੱਚ ਮੌਜੂਦ ਸਟੇਟ ਯੂਨੀਵਰਸਿਟੀਆਂ ਦੀ ਨਿਯੁਕਤੀ ਕਦੀ ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਸੀ, ਹੁਣ ਇਹ ਵੀ ਕੇਂਦਰ ਨੇ ਰਾਜਪਾਲ ਰਾਹੀਂਂ ਆਪਣੇ ਹੱਥ ਲੈ ਲਿਆ ਹੈ। ਇਸ ਹਾਲਤ ਵਿੱਚ ਹਿੰਦੁਸਤਾਨੀ ਰਾਜਸੱਤਾ ‘ਤੇ ਹਿੰਦੂਤਵੀ ਤਾਕਤਾਂ ਦੀ ਪ੍ਰਭੂਸੱਤਾ ਹੋਣ ਕਾਰਨ ਸਾਡੀਆਂ ਯੂਨੀਵਰਸਿਟੀਆਂ ਕੇਂਦਰੀ ਹਕੂਮਤ ਦੀ ਰਾਮਕਾਰ ਨੂੰ ਨਹੀਂ ਉਲੰਘਦੀਆਂ। ਇਸ ਮਾਮਲੇ ਵਿੱਚ ਪੱਛਮੀ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਖਾਸ ਕਰਕੇ ਅਮਰੀਕਾ ਅਤੇ ਬਰਤਾਨੀਆਂ ਦੀਆਂ ਯੂਨੀਵਰਸਟੀਆਂ ਦੀ ਖੁਦਮੁਖਤਾਰ ਹਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ; ਪਰ ਕੁਝ ਦਿਨ ਪਹਿਲਾਂ ਅਮਰੀਕਾ ਦੀ ਜਗਤ ਪ੍ਰਸਿੱਧ ਯੂਨੀਵਰਸਿਟੀ, ਹਾਰਵਰਡ ਦੇ ਟਰੰਪ ਪ੍ਰਸ਼ਾਸਨ ਨਾਲ ਪੈਦਾ ਹੋਏ ਟਕਰਾਅ ਨੇ ਵਿਖਾ ਦਿੱਤਾ ਹੈ ਕਿ ਇਨ੍ਹਾਂ ਮੁਲਕਾਂ ਦੀਆਂ ਯੂਨੀਵਰਸਿਟੀਆਂ ਨੂੰ ਵੀ ਹੁਣ ਕਿਸ ਕਿਸਮ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਸੰਸਾਰ ਵਿੱਚ ਪੈਦਾ ਹੋ ਰਹੀਆਂ ਨਵੀਆਂ ਆਰਥਿਕ-ਸਿਆਸੀ ਸਥਿਤੀਆਂ ਵਿੱਚ ਕਿਸੇ ਕੌਮ/ਖਿੱਤੇ ਦੇ ਮਹੱਤਵਪੂਰਨ ਸੰਕਲਪਾਂ ਨੂੰ ਨਿਤਾਰਨ ਅਤੇ ਪਰਿਭਾਸ਼ਤ ਕਰਨ ਦਾ ਕਾਰਜ ਕੁਝ ਸਵੈ-ਸੇਵੀ ਜਾਂ ਵਿਸ਼ੇਸ਼ ਵਿਦਵਾਨਾਂ ਦੇ ਕਰਨ ਜੋਗਰਾ ਹੀ ਰਹਿ ਗਿਆ ਹੈ। ਸ. ਅਵਤਾਰ ਸਿੰਘ ਦੀ ਕਿਤਾਬ ਇਸ ਨਵੇਂ ਹਾਲਾਤ ਵਿੱਚ ਸਿਰਜੀ ਬੇਹਤਰੀਨ ਕਿਤਾਬ ਹੈ। ਪੰਜਾਬ ਦੇ ਸੁਹਿਰਦ ਕਮਿਊਨਿਸਟ ਹਲਕਿਆਂ ਨੂੰ ਵੀ ਇਸ ਕਿਤਾਬ ਨੂੰ ਬੇਹੱਦ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕੌਮੀ ਮਸਲੇ ‘ਤੇ ਪੰਜਾਬੀ ਬੁੱਧੀਜੀਵੀ ਹਲਕਿਆਂ ਨੂੰ ਬਹੁਤ ਕੁਝ ਨਵੇਂ ਸਿਰੇ ਤੋਂ ਵਿਚਾਰਨ ਦੀ ਲੋੜ ਹੈ। ਇਸ ਮਸਲੇ ‘ਤੇ ਇਹ ਕਿਤਾਬ ਸੁਹਿਰਦ ਬਹਿਸ ਦਾ ਆਧਾਰ ਬਣ ਸਕਦੀ ਹੈ। –ਪ੍ਰਬੰਧਕੀ ਸੰਪਾਦਕ
ਜਸਵੀਰ ਸਿੰਘ ਸ਼ੀਰੀ
ਬਰਤਾਨੀਆ ਵੱਸਦੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਦੀ ਪਲੇਠੀ ਕਿਤਾਬ ‘ਸਿੱਖ ਕੌਮ ਦਾ ਸੰਕਲਪ: ਨਾ ਹਮ ਹਿੰਦੂ ਨਾ ਮੁਸਲਮਾਨ’ ਸਿੱਖਾਂ ਦੀ ਇੱਕ ਕੌਮੀ ਹਸਤੀ ਅਤੇ ਉਸ ਦੇ ਪ੍ਰਭੂਸੱਤਾ ਸੰਪਨ ਰਾਜ ਦੀ ਤਾਲਾਸ਼ ਨੂੰ ਵਿਧੀਵਤ ਢੰਗ ਨਾਲ ਸੰਬੋਧਨ ਹੋਣ ਵਾਲੀ ਪਹਿਲੀ ਕਿਤਾਬ ਹੈ। ਸਿੱਖਾਂ ਨੂੰ ਆਪਣੇ ਆਪ ਨੂੰ ਇੱਕ ‘ਵੱਖਰੀ ਕੌਮ’ ਵਜੋਂ ਚਿਤਵਣ ਦੀ ਲੋਕ ਰਵਾਇਤ ਤਾਂ ਪੁਰਾਣੀ ਹੈ, ਪਰ ਇਸ ਨੂੰ ਸੰਸਾਰ ਭਾਰ ਦੀਆਂ ਕੌਮੀ ਹਸਤੀਆਂ ਦੇ ਪ੍ਰਸੰਗ ਵਿੱਚ ਰੱਖ ਕੇ ਬੌਧਿਕ ਵਿਆਖਿਆ ਕਰਨ ਦਾ ਕਾਰਜ਼ ਇੱਕ ਵੱਡੀ ਬੌਧਿਕ ਚੁਣੌਤੀ ਸੀ। ਇਸ ਕਿਸਮ ਦੇ ਕਾਰਜ ਸਿੱਖ ਸੰਸਥਾਵਾਂ ਦੇ ਕਰਨ ਵਾਲੇ ਹਨ। ‘ਕੌਮ’ ਦੀ ਬਣਤਰ ਕੀ ਹੁੰਦੀ ਹੈ ਅਤੇ ਇਸ ਅਨੁਸਾਰ ਸਿੱਖ ਕਿਸ ਤਰ੍ਹਾਂ ‘ਕੌਮ’ ਹਨ, ਇਸ ਗੁੰਝਲ ਨੂੰ ਅਵਤਾਰ ਸਿੰਘ ਨੇ ਪੱਛਮੀ ਵਿਦਵਾਨਾਂ ਦੇ ਵਿਸਤ੍ਰਿਤ ਅਤੇ ਬਾਰੀਕ ਅਧਿਅਨ ਦੇ ਪ੍ਰਸੰਗ ਵਿੱਚ ਰੱਖ ਕੇ ਵੇਖਿਆ ਹੈ। ਇਸ ਦੇ ਨਾਲ ਹੀ ਇਹ ਪੱਖ ਵੀ ਬੇਹੱਦ ਗਹਿਰੇ ਜਾ ਕੇ ਬਿਆਨ ਕੀਤਾ ਗਿਆ ਹੈ ਕਿ ਸਿੱਖ ਧਰਮ ਅਤੇ ਸਿੱਖ ‘ਕੌਮ’ ਵਿਚਕਾਰ ਕੀ ਰਿਸ਼ਤਾ ਹੈ! ਮਸਲਨ ਸਿੱਖ ਇੱਕ ਧਾਰਮਿਕ ਭਾਈਚਾਰਾ ਹਨ ਜਾਂ ਇਹ ਇੱਕ ਕੌਮ ਹੋਣ ਦੀਆਂ ਬੌਧਿਕ ਸ਼ਰਤਾਂ ਵੀ ਪੂਰੀਆਂ ਕਰਦੇ ਹਨ! ਇਸ ਨੂੰ ਬਿਆਨਣ ਲਈ ਪੱਛਮੀ ਵਿਦਵਾਨਾਂ ਵਿੱਚ ਪ੍ਰਚਲਿਤ ਤਕਰੀਬਨ ਸਾਰੀਆਂ ਧਾਰਾਵਾਂ (ਸਕੂਲਜ਼) ਨੂੰ ਖੰਘਾਲਿਆ ਗਿਆ ਹੈ। ਇਸ ਸੰਬੰਧ ਵਿੱਚ ਲੇਖਕ ਇਹ ਨਤੀਜਾ ਕੱਢਦਾ ਹੈ ਕਿ ਸਿੱਖ ਇੱਕ ਧਰਮ ਹੋਣ ਤੋਂ ਇਲਾਵਾ ਇੱਕ ਸਮਾਜਿਕ-ਸੱਭਿਆਚਾਰਕ ਸੰਗਠਨ ਦੇ ਰੂਪ ਵਿੱਚ ‘ਕੌਮ’ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਸਿੱਖ ਧਾਰਮਿਕ, ਸਮਾਜਿਕ ਜਾਂ ਸਿਆਸੀ ਆਗੂ ਸਿੱਖ ‘ਕੌਮ’ ਅਤੇ ‘ਪੰਥ’ ਸ਼ਬਦ ਆਮ ਹੀ ਵਰਤਦੇ ਹਨ। ਲੇਖਕ ਅਨੁਸਾਰ ਸਿੱਖ ਲੋਕ ਮਾਨਸਿਕਤਾ ਲਈ ਇਹ ਦੋਵੇਂ ਸ਼ਬਦ ਸਮਾਨਾਰਥੀ ਹਨ। ਸਿੱਖ ਧਰਮੋ-ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਇਹ ਵਰਤਾਰਾ ਸਹਿਜ ਰੂਪ ਵਿੱਚ ਵਰਤਦਾ ਰਿਹਾ ਹੈ; ਪਰ ਸਿੱਖ ਵਿਦਵਾਨਾਂ ਵੱਲੋਂ ‘ਸਿੱਖ ਕੌਮ’ ਦੇ ਸੰਕਲਪ ਦੀ ਬੌਧਿਕ ਬੁਨਿਆਦ ਬੰਨ੍ਹਣ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ।
ਪੰਜਾਬੀ ਬੌਧਿਕ ਹਲਕਿਆਂ ਵਿੱਚ ‘ਕੌਮ’ ਦੀ ਪਰਿਭਾਸ਼ਾ ਆਮ ਤੌਰ ‘ਤੇ ਰੂਸੀ ਕਮਿਊਨਿਸਟ ਆਗੂ ਜੋਸਫ ਸਟਾਲਿਨ ਵਾਲੀ ਵਧੇਰੇ ਪ੍ਰਚਲਤ ਹੈ, ਜਿਸ ਵਿੱਚ ਧਰਮ ਕੌਮੀ ਬਣਤਰ ਲਈ ਕੋਈ ਮਹੱਤਵਪੂਰਨ ਤੱਤ ਨਹੀਂ ਹੈ। ਇਹ ਧਿਰਾਂ ਭਾਸ਼ਾ ਅਤੇ ਸੱਭਿਆਚਾਰ ‘ਤੇ ਵਧੇਰੇ ਜ਼ੋਰ ਦਿੰਦੀਆਂ ਹਨ, ਪਰ ਇਹ ਕਿਤਾਬ ਦਰਸਾਉਂਦੀ ਹੈ ਕਿ ਕੌਮੀ ਹੋਂਦ ਦੇ ਪ੍ਰਸੰਗ ਵਿੱਚ ਧਰਮ ਅਤੇ ਰੂਹਾਨੀਅਤ ਦੀ ਭੂਮਿਕਾ ਕੇਂਦਰੀ ਹੁੰਦੀ ਹੈ। ਬਾਕੀ ਤੱਤ ਇਸ ਦੁਆਲੇ ਸਹਾਇਕ ਰੂਪ ਵਿੱਚ ਜੁੜੇ ਹੁੰਦੇ ਹਨ। ਉਂਝ ਇਹ ਸੱਚਾਈ ਅਸੀਂ ਸਮਕਾਲੀ ਦੌਰ ਵਿੱਚ ਇਜ਼ਰਾਇਲ ਅਤੇ ਫਲਿਸਤੀਨ ਵਿਚਕਾਰ ਜੰਗ ਵਿੱਚ ਵਾਪਰਦੇ ਵੇਖ ਰਹੇ ਹਾਂ। ਦੋਵੇਂ ਕੌਮਾਂ ਆਪਣੀ ਅੰਤਿਮ ਪ੍ਰੇਰਣਾ ਧਰਮ ਤੋਂ ਹੀ ਲੈ ਰਹੀਆਂ ਹਨ। ਇਸ ਸੱਚਾਈ ਨੂੰ ਇਸ ਖੇਤਰ ਵਿੱਚ ਮਨੁੱਖੀ ਹੱਕਾਂ ਦੀ ਹੋ ਰਹੀ ਵਿਆਪਕ ਉਲੰਘਣਾ ਤੋਂ ਵੱਖ ਕਰਕੇ ਅਤੇ ਵਿਵੇਕਸ਼ੀਲ ਹੋ ਕੇ ਵੇਖਣ ਦੀ ਲੋੜ ਹੈ। ਇਹ ਕਿਤਾਬ ਸਾਬਤ ਕਰਨ ਦਾ ਯਤਨ ਕਰਦੀ ਹੈ ਕਿ ‘ਧਰਮ’ ਕੌਮੀ ਹੋਂਦ ਅਤੇ ਇਸ ਦੇ ਚਿਰਸਥਾਈਪਣ (ਸਦੀਵਤਾ) ਵਿੱਚ ਕੇਂਦਰੀ ਹੁੰਦਾ ਹੈ।
ਇਸ ਕਿਤਾਬ ਵਿੱਚ ਕੌਮੀ ਸਵਾਲ ਬਾਰੇ ਮਾਰਕਸਵਾਦੀ ਧਾਰਨਾਵਾਂ, ਵਿਚਾਰਾਂ ਅਤੇ ਸੰਕਲਪਾਂ ‘ਤੇ ਇੱਕ ਪੂਰਾ ਚੈਪਟਰ ਲਿਖਿਆ ਗਿਆ ਹੈ। ਇਹ ਚੈਪਟਰ ਕੌਮੀ ਹੋਂਦ ਦੇ ਢਾਂਚੇ (ਸਟਰਕਚਰ) ਬਾਰੇ ਗਹਿਰ-ਗੰਭੀਰ ਬਹਿਸ ਦਾ ਆਧਾਰ ਬਣ ਸਕਦਾ ਹੈ। ਇੱਥੋਂ ਤੱਕ ਕਿ ਲੈਨਿਨ ਅਤੇ ਮਾਰਕਸ ਸਮੇਤ ਕਮਿਊਨਿਸਟ ਲਹਿਰ ਦੇ ਬਾਨੀਆਂ ਦੇ ਕੌਮ ਅਤੇ ਕੌਮੀ ਹੋਂਦ ਹਸਤੀ ਸੰਬੰਧੀ ਵਿਚਾਰਾਂ ਨੂੰ ਤੀਬਰ ਆਲੋਚਨਾ ਦੀ ਮਾਰ ਹੇਠ ਲਿਆਂਦਾ ਗਿਆ ਹੈ। ਮੇਰੇ ਹਿਸਾਬ ਨਾਲ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਨੂੰ ਵੀ ਅਵਤਾਰ ਸਿੰਘ ਦੀ ਇਹ ਕਿਤਾਬ ਨਿੱਠ ਕੇ ਪੜ੍ਹਨੀ ਚਾਹੀਦੀ ਹੈ। ਖਾਸ ਕਰਕੇ ਉਨ੍ਹਾਂ ਖੱਬੇ ਪੱਖੀ ਧਿਰਾਂ ਨੂੰ, ਜਿਹੜੀਆਂ ਅਜੋਕੇ ਭਾਰਤੀ ਰਾਜ ਨੂੰ ਇੱਕ ਬਹੁਕੌਮੀ ਸੰਘ ਸਮਝਦੀਆਂ ਹਨ। ਖੱਬੇ ਪੱਖੀ ਬੁੱਧੀਜੀਵੀਆਂ ਦਾ ਵੱਡਾ ਹਿੱਸਾ ਧਰਮ ਨੂੰ ਕੌਮ ਦਾ ‘ਤੱਤ’ ਮੰਨਣ ਲਈ ਤਿਆਰ ਨਹੀਂ ਹੈ; ਪਰ ਅਵਤਾਰ ਸਿੰਘ ਨੇ ‘ਕੌਮ’ ਦੇ ਸੰਕਲਪ ਬਾਰੇ ਪੱਛਮ ਦੇ ਵੱਡੇ ਵਿਦਵਾਨਾਂ ਹਵਾਲੇ ਨਾਲ ਸਾਬਤ ਕੀਤਾ ਹੈ ਕਿ ਕੌਮੀ ਉਸਾਰੀ ਵਿੱਚ ਧਰਮ ਦੇ ਕੇਂਦਰੀ ਤੱਤ ਤੋਂ ਬਿਨਾ ਕੌਮਾਂ ਦੀ ਚਿਰ ਸਥਾਈ ਹੋਂਦ ਕਾਇਮ ਨਹੀਂ ਰੱਖੀ ਜਾ ਸਕਦੀ। ਲੇਖਕ ਦੀ ਨਜ਼ਰ ਵਿੱਚ ਇਹ ਧਰਮ ਜਾਂ ਧਾਰਮਿਕ ਪਰੰਪਰਾਵਾਂ ਹੀ ਹੁੰਦੀਆਂ ਹਨ, ਜੋ ਕੌਮਾਂ ਨੂੰ ਆਪਣੀ ਹੋਂਦ ਬਚਾਈ ਰੱਖਣ ਲਈ ਧਰਵਾਸ ਅਤੇ ਆਧਾਰ ਮੁਹੱਈਆ ਕਰਦੀਆਂ ਹਨ। ਜਿਸ ਤਰ੍ਹਾਂ ਇੱਕ ਨਿੱਜੀ ਮਨੁੱਖੀ ਹੋਂਦ ਦਾ ਇੱਕ ਅਜਿਹਾ ਤੱਤ ਵੀ ਹੁੰਦਾ ਹੈ, ਜੋ ਸਰੀਰਕ ਨਾਸ਼ਮਾਨਤਾ ਦੇ ਬਾਵਜੂਦ ਸਦੀਵੀ ਹੁੰਦਾ ਹੈ। ਉਹ ਨਿੱਜੀ ਮਨੁੱਖੀ ਮੌਤ ਨਾਲ ਮਰਦਾ ਨਹੀਂ। ਇਸ ਨੂੰ ਤੁਸੀਂ ਰੂਹ ਵੀ ਕਹਿ ਸਕਦੇ ਹੋ, ਜਾਂ ਕੁਝ ਹੋਰ ਵੀ ਨਾਂ ਦੇ ਸਕਦੇ ਹੋ। ਹਰ ਮਨੁੱਖੀ ਹੋਂਦ ਉਹ ਭਾਵੇਂ ਇਸ ਬਾਰੇ ਸੁਚੇਤ ਹੋਵੇ ਜਾਂ ਅਚੇਤ, ਇਸ ਤੱਤ ਨੂੰ ਆਪਣੇ ਅੰਦਰ ਸਮੋਅ ਕੇ ਰੱਖਦੀ ਹੈ। ਇਸੇ ਤਰ੍ਹਾਂ ਕੌਮੀ ਹੋਂਦਾਂ ਦੇ ਅੰਦਰ ਵੀ ਇੱਕ ਸੈਕਰਡ ਸਪੇਸ ਮੌਜੂਦ ਹੁੰਦੀ ਹੈ, ਜਿਸ ਦੀ ਅਣਹੋਂਦ ਵਿੱਚ ਕੋਈ ਵੀ ਕੌਮੀ ਹੋਂਦ ਹਸਤੀ ਸੰਪੂਰਣ ਅਤੇ ਪ੍ਰਮਾਣਿਕ ਨਹੀਂ ਹੋ ਸਕਦੀ। ਇਸ ਨੂੂੰ ਲੇਖਕ ਆਪਣੀ ਕਿਤਾਬ ਵਿੱਚ ਕੌਮ ਦੇ ‘ਰੂਹਾਨੀ ਵਾਤਾਵਰਣ’ ਦਾ ਨਾਂ ਦਿੰਦਾ ਹੈ। ਲੇਖਕ ਅਨੁਸਾਰ ਇੱਕੋ ਭਾਸ਼ਾ ਬੋਲਣ ਵਾਲੇ ਲੋਕਾਂ ਦੀਆਂ ਇੱਕ ਜਾਂ ਇੱਕ ਤੋਂ ਵਧੇਰੇ ਕੌਮਾਂ ਵੀ ਹੋ ਸਕਦੀਆਂ ਹਨ। (ਉਂਝ ਇਹ ਧਰਮ ਦੇ ਮਾਮਲੇ ਵਿੱਚ ਵੀ ਸੱਚ ਹੈ) ਮਸਲਨ ਕੌਮਾਂ ਦੀ ਹੋਂਦ ਬਾਰੇ ਇੱਕ ਵਿਦਵਾਨ ‘ਬਲੂਮ’ ਦੇ ਹਵਾਲੇ ਨਾਲ ਲੇਖਕ ਦੱਸਦਾ ਹੈ ਕਿ ਮਾਰਕਸ ਨੇ ਆਪਣੀ ਇੱਕ ਲਿਖਤ ਵਿੱਚ ਕਿਹਾ ਸੀ ਕਿ ‘ਚੈਕ’ ਇੱਕ ਮਰ ਰਹੀ ਕੌਮ ਹੈ, ਜਦਕਿ ਚੈਕ ਕੌਮ ਨੇ ਹੁਣ ਆਪਣਾ ਪ੍ਰਭੂਸਤਾ ਪੂਰਨ ਕੌਮੀ ਰਾਜ ਸਥਾਪਤ ਕਰ ਲਿਆ ਹੈ।
ਅਵਤਾਰ ਸਿੰਘ ਦੀ ਧਾਰਨਾ ਹੈ ਕਿ ਕਮਿਊਨਿਸਟਾਂ ਨੇ ਪ੍ਰੋਲੇਤਾਰੀ ਦੀ ਡਿਕਟੇਟਰਸ਼ਿੱਪ ਸਥਾਪਤ ਕਰਨ ਲਈ ਕੌਮੀ ਭਾਵਨਾਵਾਂ ਨੂੰ ਵਰਤਣ ਦਾ ਯਤਨ ਕੀਤਾ ਹੈ। ਲੇਖਕ ਨੇ ਮੁਢਲੇ ਕਮਿਊਨਿਸਟ ਮਹਾਂਰਥੀਆਂ ‘ਤੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੇ ਵੱਡੀਆਂ ਕੌਮਾਂ ਅਤੇ ਦੇਸ਼ਾਂ ਦਾ ਪੱਖ ਤਾਂ ਪੂਰਿਆ, ਪਰ ਛੋਟੀਆਂ ਕੌਮਾਂ ਦੀ ਆਜ਼ਾਦੀ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਵੱਡੇ ਰਾਜਾਂ ਵਿੱਚ ਜ਼ਬਰੀ ਸ਼ਾਮਲ ਕਰਨ ਦਾ ਪੱਖ ਪੂਰਿਆ। ਮਿਸਾਲ ਦੇ ਤੌਰ ‘ਤੇ, “ਏਂਗਲਜ਼ ਦੀਆਂ ਲਿਖਤਾਂ ਵਿੱਚ 1948 ਤੋਂ ਬਾਅਦ ਕੌਮੀ ਜਜ਼ਬੇ ਦੇ ਸੰਦਰਭ ਵਿੱਚ ਕੁਝ ਤਬਦੀਲੀਆਂ ਵੇਖਣ ਨੂੰ ਮਿਲੀਆਂ। ਉਸ ਦੇ ਜਿਹੜੇ ਪਰਚੇ 1948 ਤੋਂ ਬਾਅਦ ਛਪੇ, ਉਨ੍ਹਾਂ ਵਿੱਚ ਕੌਮਾਂ ਦੀ ਹੋਂਦ ਨੂੰ ਅਣਮੰਨੇ ਜਿਹੇ ਮਨ ਨਾਲ ਮੰਨਿਆ ਜ਼ਰੂਰ ਗਿਆ ਸੀ। ਇਨ੍ਹਾਂ ਵਿਦਵਾਨਾਂ ਵੱਲੋਂ ਗੈਰ-ਰੂਸੀ ਅਤੇ ਗੈਰ-ਪੋਲਿਸ਼ ਲੋਕਾਂ ਨੂੰ ‘ਮੁਕਤੀ ਰਹਿਤ ਕੌਮੀ ਗੰਦਖ਼ਾਨਾ ਅਤੇ ਬਚੀ-ਖੁਚੀ ਜੂਠ ਕਹਿ ਕਿ ਨਕਾਰਿਆ ਜਾਂਦਾ ਸੀ। ਇਨ੍ਹਾਂ ਨੂੰ ਇਨਕਲਾਬੀ ਨਸਲਘਾਤ ਤਹਿਤ ਤਬਾਹ ਕਰ ਦੇਣ ਦੇ ਲਲਕਾਰੇ ਵੀ ਮਾਰੇ ਗਏ।’ ਇਸੇ ਤਰ੍ਹਾਂ ਕਿਹਾ ਗਿਆ ਕਿ “ਸਲਾਵਿਕ ਜਾਬਰਾਂ ਅਤੇ ਝੋਟੇ ਦੇ ਸਿਰ ਵਾਲੀਆਂ ਇਨ੍ਹਾਂ ਸਾਰੀਆਂ ਕੌਮਾਂ ਨੂੰ ਇਸ ਤਰ੍ਹਾਂ ਤਬਾਹ ਕੀਤਾ ਜਾਵੇਗਾ ਕਿ ਇਨ੍ਹਾਂ ਦੇ ਨਾਂ ਤੋਂ ਬਿਨਾ ਇਤਿਹਾਸ ਵਿੱਚ ਇਨ੍ਹਾਂ ਦੀ ਕੋਈ ਨਿਸ਼ਾਨੀ ਨਹੀਂ ਬਚੇਗੀ।” ਮੈਕਸੀਕਨਾਂ ਨੂੰ ਏਂਗਲਜ਼ ਬਹੁਤ ਹੀ ਭੱਦੇ ਸ਼ਬਦਾਂ ਨਾਲ ਸੰਬੋਧਨ ਹੁੰਦਾ ਹੈ। ਆਇਰਸ਼ ਲੋਕਾਂ ਦੇ ਕੌਮੀ ਜਜ਼ਬੇ ਤੋਂ ਖਫਾ ਹੋ ਕੇ ਏਂਗਲਜ਼ ਉਨ੍ਹਾਂ ਨੂੰ ਜੰਗਲੀ, ਹਠਧਰਮੀ, ਘਟੀਆ ਦਿਲ ਵਾਲੇ, ਭ੍ਰਿਸ਼ਟ, ਕੁਦਰਤ ਦੇ ਆਲੂ ਖਾਣ ਵਾਲੇ ਜੀਵ ਆਦਿ ਆਖ ਕੇ ਨਕਾਰਦਾ ਹੈ।
ਲੇਖਕ ਉਂਝ ਆਪਣੀ ਕਿਤਾਬ ਦੇ ਪਹਿਲੇ ਪਹਿਰੇ ਵਿੱਚ ਹੀ ਸਪਸ਼ਟ ਕਰ ਦਿੰਦਾ ਹੈ ਕਿ ਮਾਰਕਸਵਾਦ ਅਤੇ ਕੌਮਵਾਦ ਸਿਧਾਂਤਕ ਤੌਰ ‘ਤੇ ਬੇਮੇਲ ਹਨ। ਕੌਮਵਾਦ ਅਨੁਸਾਰ ਮਨੁੱਖਤਾ ਦੀਆਂ ਵੰਡੀਆਂ ਖੜ੍ਹੇ ਦਾਅ (ਵਰਟੀਕਲ) ਵਾਲੀਆਂ ਹਨ, ਜਦਕਿ ਮਾਰਕਸਵਾਦੀਆਂ ਅਨੁਸਾਰ ਇਹ ਵੰਡਾਂ ਲੰਬੇ (ਵਿਛਵੇਂ ਜਾਂ ਹੌਰੀਜੈਂਟਲ) ਦਾਅ ਵਾਲੀਆਂ ਹਨ। ਕੌਮਵਾਦੀਆਂ ਦਾ ਵਿਚਾਰ ਹੈ ਕਿ ਜਦੋਂ ਵਫਾਦਾਰੀਆਂ ਨਿਭਾਉਣ ਦਾ ਵਕਤ ਆਉਂਦਾ ਹੈ ਤਾਂ ਜਮਾਤੀ ਚੇਤਨਾ ਦੇ ਮੁਕਾਬਲੇ ਕੌਮੀ ਚੇਤਨਾ ਵੱਧ ਅਪੀਲ ਕਰਦੀ ਹੈ। ਅਵਤਾਰ ਸਿੰਘ ਵੱਲੋਂ ਲਿਖੀ ਗਈ 414 ਪੰਨਿਆਂ ਦੀ ਇਸ ਕਿਤਾਬ ਦੇ ਕੁੱਲ 17 ਚੈਪਟਰ ਹਨ। ਚੈਪਟਰਾਂ ਦੀ ਵੰਡ ਇੱਕ ਟੈਕਸਟ ਬੁੱਕ ਵਾਂਗ ਬੇਹੱਦ ਤਰਤੀਬ ਨਾਲ ਕੀਤੀ ਗਈ ਹੈ।
ਪਹਿਲੇ ਚੈਪਟਰ ਵਿੱਚ ਕੌਮ ਅਤੇ ਕੌਮਵਾਦ ਦੇ ਸੰਸਾਰ ਪ੍ਰਸਿਧ ਵਿਦਵਾਨਾਂ ਐਡਰੀਨ ਹੇਸਰਿੰਗਜ਼, ਫਰੈਡਰਿਕ ਹਰਟਜ਼, ਅਜ਼ਰਗੈਟ, ਹਾਂਸ ਕੋਹਨ, ਲੂਈਸ ਐਲ ਸਿੰਡਰ, ਮੈਕਸ ਵੈਬਰ, ਵਾਕਰ ਕੋਨਰ, ਰੁਪਰਟ ਐਮਰਸਨ, ਹੈਰੋਲਡ ਆਰ ਇਸਕਾਜ਼, ਡੋਨਾਲਡ ਐਲ ਹੌਰੋਵਿਟਜ਼, ਬੈਂਜਾਮਿਨ ਐਕਜ਼ਿਨ, ਅਰਨੈਸਟ ਗੈਲਨਰ ਆਦਿ ਦੇ ਵਿਚਾਰਾਂ ਦੇ ਸੰਦਰਭ ਵਿੱਚ ਕੌਮੀ ਢਾਂਚੇ ਦੇ ਮੁੱਖ ਤੱਤਾਂ ਦੀ ਚਰਚਾ ਕੀਤੀ ਗਈ ਹੈ। ਇਹ ਕਿਤਾਬ ਅਸਲ ਵਿੱਚ ਧਰਮ ਦੇ ਨਾਲ ਨਾਲ ਭਾਸ਼ਾ ਅਤੇ ਲਿਪੀ ਨੂੰ ਵੀ ਕੌਮੀ ਢਾਂਚੇ ਦੇ ਮੁੱਖ ਤੱਤ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ; ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇੱਕ ਭਾਸ਼ਾ ਬੋਲਣ ਵਾਲੀਆਂ ਇੱਕ ਜਾਂ ਇੱਕ ਤੋਂ ਵੱਧ ਕੌਮਾਂ ਵੀ ਹੋ ਸਕਦੀਆਂ ਹਨ। ਇੰਜ ਇਸ ਕਿਤਾਬ ਨੇ ਪੰਜਾਬੀ ਬੌਧਿਕ ਖੇਤਰ ਵਿੱਚ ਮੰਨੀ ਜਾਂਦੀ ਸਟਾਲਿਨ ਦੀ ਕੌਮੀ ਹਸਤੀ ਬਾਰੇ ਪਰਿਭਾਸ਼ਾ ਤੋੜਨ ਦਾ ਯਤਨ ਕੀਤਾ ਹੈ। ਲੇਖਕ ਨੇ ਕੌਮ ਅਤੇ ਕੌਮੀ ਹਸਤੀ ਦੇ ਮਾਮਲੇ ਵਿੱਚ ਬਹੁਤ ਸਾਰੇ ਵਿਦਵਾਨਾਂ ਨੂੰ ਸਮਾਨੰਤਰ ਰੂਪ ਵਿੱਚ ਰੱਖ ਦਿੱਤਾ ਹੈ। ਇਹ ਕਿਤਾਬ ਨੋਟ ਕਰਦੀ ਹੈ ਕਿ ਕੌਮਵਾਦ ਦੇ ਬਹੁਤੇ ਵਿਦਵਾਨ ਕੌਮਾਂ ਦੀ ਮੁਢਲੀ ਸੰਸਥਾ ‘ਪੂਰਬ ਆਧੁਨਿਕ ਐਥਨਿਕ ਸਮੂਹ’ ਨੂੰ ਹੀ ਮੰਨਦੇ ਹਨ। ਪੂਰਬ ਆਧੁਨਿਕ ਐਥਨਿਕ ਸਮੂਹ ਵਿੱਚ ਭਾਵੇਂ ਕੌਮ ਵਾਲੀਆਂ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਪਰ ਇਹ ਸਮੂਹ ਰਾਜਨੀਤਿਕ ਰੂਪ ਵਿੱਚ ਚੇਤਨ ਨਹੀਂ ਹੁੰਦੇ। ਰਾਜਸੀ ਤੌਰ ‘ਤੇ ਚੇਤਨ ਕੌਮਾਂ ਕੋਲ ਜਾਂ ਤਾਂ ਆਪਣਾ ਰਾਜਭਾਗ ਹੁੰਦਾ ਹੈ ਜਾਂ ਉਹ ਆਪਣੀ ਆਜ਼ਾਦੀ ਲਈ ਜੰਗ ਦੇ ਮੈਦਾਨ ਵਿੱਚ ਹੁੰਦੀਆਂ ਹਨ।
ਕੌਮਾਂ ਅੰਦਰ ਸੱਭਿਆਚਾਰਕ ਵਖਰੇਵਿਆਂ ਦਾ ਡੂੰਘਾ ਅਤੇ ਵਿਆਪਕ ਅਧਿਅਨ ਕਰਨ ਵਾਲੇ ਵਿਦਵਾਨ ਪਾਲ ਬਰਾਸ ਦਾ ਹਵਾਲਾ ਦਿੰਦਿਆਂ ਲੇਖਕ ਕਹਿੰਦਾ ਹੈ ਕਿ ਸੱਭਿਆਚਾਰਕ ਸਮੂਹਾਂ ਵਿੱਚ ਵੱਡੇ ਵਖਰੇਵੇਂ ਹੁੰਦੇ ਹਨ; ਪਰ ਕਿਸੇ ਸਮੂਹ ਦੇ ਰਾਜਸੀ ਨੇਤਾ ਜਿਹੜੇ ਆਪਣੀ ਜ਼ਿੰਦਗੀ ਦੀਆਂ ਰਾਜਨੀਤਿਕ (ਪ੍ਰੋਫੈਸ਼ਨਲ) ਲੋੜਾਂ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦੇ ਹਨ, ਉਹ ਵਕਤੀ ਤੌਰ ‘ਤੇ ਇਨ੍ਹਾਂ ਵਖਰੇਵਿਆਂ ਨੂੰ ਆਪਣੀਆਂ ਲੋੜਾਂ ਲਈ ਵਰਤਦੇ ਹਨ। (ਪੰਜਾਬ ਦੇ ਸਿਆਸਤਦਾਨ, ਖਾਸ ਕਰਕੇ ਅਕਾਲੀਆਂ ਨੂੰ ਇਸੇ ਕੋਟੀ ਵਿੱਚ ਰੱਖਿਆ ਜਾ ਸਕਦਾ ਹੈ।) ਲੇਖਕ ਅਜੋਕੇ ਦੌਰ ਦੇ ਪ੍ਰਭੂਸੱਤਾ ਸੰਪਨ ਰਾਜਾਂ ਨੂੰ ਦੋ ਵਰਗਾਂ ਵਿੱਚ ਵੰਡ ਕੇ ਕਲਾਸੀਫਾਈ ਕਰਦਾ ਹੈ। ਇਹ ਹਨ- ਨੇਸ਼ਨ ਸਟੇਟ ਅਤੇ ਸਟੇਟ ਨੇਸ਼ਨ। ਇਸ ਵਿਆਖਿਆ ਅਨੁਸਾਰ ਸਟੇਟ ਨੇਸ਼ਨਜ਼ ਉਹ ਹਨ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕੌਮਾਂ ਵੱਸਦੀਆਂ ਹਨ ਅਤੇ ਰਾਜ ਸ਼ਕਤੀ ਇਨ੍ਹਾਂ ਕੌਮਾਂ ਨੂੰ ਇੱਕ ਵੱਡੀ ਕੌਮ ਵਿੱਚ ਇਕਮਿੱਕ ਕਰਕੇ ਇੱਕ ਮਿਲੀ-ਜੁਲੀ (ਖਿਚੜੀ) ‘ਕੌਮ’ ਬਣਾਉਣ ਦਾ ਮਸਨੂਈ ਪ੍ਰੋਜੈਕਟ ਅੱਗੇ ਤੋਰਦੀ ਹੈ। ਇਸ ਮਾਮਲੇ ਵਿੱਚ ਅਸੀਂ ਮੌਜੂਦਾ ਹਿੰਦੁਸਤਾਨੀ ਸਟੇਟ ਨੂੰ ਵੇਖ ਸਕਦੇ ਹਾਂ। ਨੇਸ਼ਨ ਸਟੇਟਸ ਉਹ ਹਨ, ਜਿਨ੍ਹਾਂ ਵਿੱਚ ਇੱਕੋ ਕੌਮ ਵੱਸਦੀ ਹੈ ਅਤੇ ਨੇਸ਼ਨ ਸਟੇਟ ਇਸ ਕੌਮ ਦੀ ਸੱਚੀ ਪ੍ਰਤੀਨਿਧਤਾ ਕਰਦੀ ਹੈ। ਇਜ਼ਰਾਇਲ ਅਤੇ ਨੀਦਰਲੈਂਡ ਵਗੈਰਾ ਨੂੰ ਇਸ ਕਿਸਮ ਦੀਆਂ ਨੇਸ਼ਨ ਸਟੇਟਸ ਕਿਹਾ ਜਾ ਸਕਦਾ ਹੈ। ਇਸ ਕਿਤਾਬ ਵਿੱਚ ਪੇਸ਼ ਹੋਏ ਸਿਧਾਂਤ ਮੁਤਾਬਕ ਕੌਮਾਂ ਦੀ ਹੋਂਦ ਸਿਰਫ ਆਧੁਨਿਕ ਸਨਅਤੀਕਰਣ ਦੇ ਦੌਰ ਦਾ ਵਰਤਾਰਾ ਨਹੀਂ ਹੈ, ਜਿਵੇਂ ਕਿ ਆਮ ਤੌਰ ‘ਤੇ ਇਸ ਨੂੰ ਸਮਝਿਆ ਜਾਂਦਾ ਹੈ। ਸਗੋਂ ਇਨ੍ਹਾਂ ਦੇ ਬੀਜ ਰੂਪ ਪੂਰਬ ਆਧੁਨਿਕ ਐਥਨਿਕ ਸਮੂਹਾਂ ਵਿੱਚ ਪਏ ਹਨ। ਪੂਰਬ ਆਧੁਨਿਕ ਐਥਨਿਕ ਸਮੂਹਾਂ ਦੀ ਹੋਂਦ ਹਜ਼ਾਰਾਂ ਸਾਲਾਂ ਤੋਂ ਕਾਇਮ ਰਹੀ ਹੈ।
ਯਾਦ ਰਹੇ, ਕਮਿਊਨਿਸਟ ਵਿਦਵਾਨ ‘ਆਦਿ ਕਮਿਉਨ’ ਤੋਂ ਬਾਅਦ ਸਾਰੇ ਮਨੁੱਖੀ ਸੱਭਿਅਤਾ ਦੇ ਸਫਰ ਨੂੰ ਜਮਾਤੀ ਸੰਘਰਸ਼ ਦਾ ਇਤਿਹਾਸ ਮੰਨਦੇ ਹਨ। ਪੂਰਬ ਐਥਨਿਕ ਗਰੁੱਪ ਦੀ ਪਰਿਭਾਸ਼ਾ ਦਿੰਦਿਆਂ ਲੇਖਕ ਦੱਸਦਾ ਹੈ ਕਿ ਐਥਨਿਕ ਗਰੁੱਪ (ਸੱਭਿਆਚਾਰਕ ਸਮੂਹ) ਉਹ ਹੁੰਦਾ ਹੈ, ਜੋ ਆਪਣੇ ਆਪ ਨੂੰ ਆਪਣੇ ਸਮੂਹ ਤੋਂ ਬਾਹਰਲੇ ਜਾਂ ਵਿਰੋਧੀ ਲੋਕਾਂ ਤੋਂ ਕੁਝ ਇਤਿਹਾਸਕ ਬਿਰਤਾਂਤਾਂ ਰਾਹੀਂ; ਇੱਕ ਸਾਂਝੇ ਕੌਮੀ ਨਾਂ ਜਾਂ ਨਿਸ਼ਾਨ, ਸਾਂਝਾ ਸੱਭਿਆਚਾਰਕ ਤੱਤ (ਧਰਮ ਅਤੇ ਭਾਸ਼ਾ) ਇੱਕ ਖਾਸ ਖਿੱਤੇ (ਹੋਮਲੈਂਡ) ਰਾਹੀਂ ਵੱਖ ਦਰਸਾਉਂਦਾ ਹੈ। ਇੱਕ ਬੰਸਾਵਲੀ ਜਾਂ ਇੱਕੋ ਗੁਰੂ ਪਿਤਾ ਦੀ ਔਲਾਦ ਹੋਣ ਦਾ ਮਾਣ ਵੀ ਇਸ ਨਾਲ ਜੁੜਿਆ ਹੁੰਦਾ ਹੈ। ਲੇਖਕ ਅਨੁਸਾਰ ਕੌਮ ਇੱਕ ਸਵੈ-ਪਰਿਭਾਸ਼ਿਤ ਸਮੂਹ ਹੈ, ਜਿਸ ਅੰਦਰ ਇੱਕ ਸਾਂਝੀ ਭਾਈਚਾਰਕ ਸਾਂਝ ਦੀ ਤੀਬਰ ਤਾਂਘ ਹੁੰਦੀ ਹੈ। ਸੁਜੱਗ ਕੌਮੀ ਸਮੂਹ ਆਪਣੀਆਂ ਵਿਲੱਖਣ ਤੇ ਸਪਸ਼ਟ ਸਮਾਜੀ ਸਰਹੱਦਾਂ ਜਾਂ ਦੂਜਿਆਂ ਨਾਲੋਂ ਵੱਖ ਕਰਦੀਆਂ ਸਰਹੱਦੀ ਬੁਰਜੀਆਂ ਬਾਰੇ ਬੇਹੱਦ ਸੁਚੇਤ ਹੁੰਦੇ ਹਨ। ਭਾਵ ਇੱਕ ਐਥਨਿਕ ਸਮੂਹ ਦੇ ਮੈਂਬਰ ਇਸ ਪੱਖੋਂ ਸੁਚੇਤ ਹੁੰਦੇ ਹਨ ਕਿ ਉਹ ਕੀ ਹਨ ਅਤੇ ਕੀ ਨਹੀਂ ਹਨ! ਆਪਣੇ ਵਿਰੋਧੀ ਜਾਂ ਆਪਣੇ ਸ਼ਰੀਕ ਕੌਮੀ ਸਮੂਹਾਂ ਨਾਲੋਂ ਆਪਣੇ ਕੌਮੀ ਵਖਰੇਵੇਂ ਦੀਆਂ ਬੁਰਜੀਆਂ ਨੂੰ ਕੌਮੀ ਚੇਤਨਾਵਾਂ ਸਦਾ ਲਿਸ਼ਕਾ ਕੇ ਰੱਖਦੀਆਂ ਹਨ। ਇਸੇ ਕਰਕੇ ਕਿਸੇ ਐਥਨਿਕ ਸਮੂਹ ਵਿੱਚ ਧਾਰਮਿਕ ਵਿਲੱਖਣਤਾ ਦੀ ਲੋੜ ਬੇਹੱਦ ਤੀਬਰ ਹੁੰਦੀ ਹੈ। ਲੇਖਕ ਬਿਆਨ ਕਰਦਾ ਹੈ ਕਿ ਅਜੋਕੇ ਦੌਰ ਵਿੱਚ ਵੀ ਧਰਮ ਆਧਾਰਤ ਕੌਮੀ ਲਹਿਰਾਂ ਆਪਣੇ ਸੰਘਰਸ਼ ਨੂੰ ਅੱਗੇ ਵਧਾ ਰਹੀਆਂ ਹਨ। ਇਸ ਵਿਚਾਰ ਦਾ ਕੇਂਦਰੀ ਤੱਤ ਇਹ ਹੈ ਕਿ ਜਦੋਂ ਵੀ ਕੋਈ ਕੌਮੀ ਸਮੂਹ ਆਪਣੀ ਕੌਮੀ ਅਤੇ ਸੱਭਿਆਚਾਰਕ ਪਹਿਚਾਣ, ਕਦਰਾਂ-ਕੀਮਤਾਂ ਅਤੇ ਹੋਂਦ ਨੂੰ ਬਚਾਉਣ ਲਈ ਸੰਘਰਸਸ਼ੀਲ ਹੋਵੇਗਾ, ਧਰਮ ਇਨ੍ਹਾਂ ਕਦਰਾਂ ਕੀਮਤਾਂ ਨੂੰ ਅਸਲ ਅਰਥ ਪ੍ਰਦਾਨ ਕਰੇਗਾ। ਅਜਿਹੇ ਸੰਕਟ ਗ੍ਰਸਤ ਵਕਤਾਂ ਵਿੱਚ ਕੌਮੀ ਸਮੂਹ ਦੀ ਪਹਿਚਾਣ ਆਪਣੀ ਧਰਮਿਕ ਹਸਤੀ ਨਾਲ ਇੱਕ-ਮਿੱਕ ਹੋ ਜਾਵੇਗੀ। ਮਤਲਬ ਧਰਮ ਹੀ ਇਸ ਸਭਿਆਚਾਰਕ ਪਹਿਚਾਣ ਅਤੇ ਇਸ ਨਾਲ ਜੁੜੀਆਂ ਕਦਰਾਂ ਕੀਮਤਾਂ ਨੂੰ ਅਰਥ ਪ੍ਰਦਾਨ ਕਰੇਗਾ। ਇਸ ਤਰ੍ਹਾਂ ਇੱਕ ਵਿਸ਼ੇਸ਼ ਧਰਮ ਕਿਸੇ ਕੌਮੀ ਪਹਿਚਾਣ ਦਾ ਕੇਂਦਰੀ ਤੱਤ ਬਣ ਕੇ ਉਭਰ ਆਵੇਗਾ।
ਲੇਖਕ ਨੋਟ ਕਰਦਾ ਹੈ ਕਿ ਇਸ ਦੇ ਬਾਵਜੂਦ ਸਾਰੀਆਂ ਧਾਰਮਿਕ ਘੱਟਗਿਣਤੀਆਂ ਜਾਂ ਧਰਮ ਆਧਾਰਤ ਕੌਮਾਂ ਸੰਪੂਰਨ ਆਜ਼ਾਦੀ ਦੀ ਤਾਂਘ ਨਹੀਂ ਰੱਖਦੀਆਂ। ਬਹੁਤ ਸਾਰੀਆਂ ਘੱਟਗਿਣਤੀ ਕੌਮਾਂ ਆਪਣੇ ਆਪ ਨੂੰ ਮੌਜੂਦ ਰਾਜਨੀਤਿਕ-ਸੱਭਿਆਚਾਰਕ ਢਾਂਚੇ ਵਿੱਚ ਅਡਜਸਟ ਕਰਨ ਦਾ ਯਤਨ ਕਰਦੀਆਂ ਹਨ। ਆਪਣੀ ਵੱਖਰੀ ਕੌਮੀ ਪਹਿਚਾਣ ਦੇ ਖੁਰ ਜਾਣ ਦਾ ਡਰ ਕਿਸੇ ਕੌਮ ਨੂੰ ਕਿੰਨਾ ਵੱਢ-ਵੱਢ ਖਾਂਦਾ ਹੈ, ਇਹ ਭਾਵਨਾ ਅਤੇ ਤਾਸੀਰ ਹੀ ਕੌਮ ਦੇ ਅੰਤਿਮ ਨਿਸ਼ਾਨੇ ਨੂੰ ਤੈਅ ਕਰੇਗੀ। ਕਿਤਾਬ ਵਿੱਚ ਕੌਮ ਅਤੇ ਕੌਮੀ ਹਸਤੀ ਬਾਰੇ ਪੇਸ਼ ਹੋਈ ਸਮਝ ਵਿੱਚ ਪਰਿਭਾਸ਼ਤ ਕੀਤਾ ਗਿਆ ਹੈ ਕਿ ਜਾਗਰੂਕ ਕੌਮਾਂ ਦਾ ਸਰਬਪੱਖੀ ਵਿਕਾਸ ਇੱਕ ਆਜ਼ਾਦ ਸਟੇਟ (ਸੌਵਰਨ ਸਟੇਟ) ਵਿੱਚ ਹੀ ਹੋ ਸਕਦਾ ਹੈ; ਕਿਉਂਕਿ ਰਾਜਨੀਤਿਕ ਗੁਲਾਮੀ ਕਿਸੇ ਕੌਮ ਦੇ ਰੂਹਾਨੀ ਮੰਡਲ ਨੂੰ ਪੂਰੀ ਤਰ੍ਹਾਂ ਪਨਪਣ ਨਹੀਂ ਦਿੰਦੀ। ਇਸੇ ਲਈ ਆਪਣਾ ਖਿੱਤਾ (ਹੋਮਲੈਂਡ) ਸੌਵਰਨ ਰਾਜ, ਧਰਮ ਅਤੇ ਭਾਸ਼ਾ ਕਿਸੇ ਕੌਮ ਦੀ ਹੋਂਦ ਹਸਤੀ ਦੇ ਪ੍ਰਮੁੱਖ ਤੱਤ ਹਨ। ਇਹ ਕਿਤਾਬ ਇਹ ਪੱਖ ਸਾਬਤ ਕਰਨ ਦਾ ਵੀ ਯਤਨ ਹੈ ਕਿ ਕਿਸੇ ਕੌਮ ਦੀ ਹਸਤੀ ਨਿਰੋਲ ਤੌਰ ‘ਤੇ ਧਰਮ ‘ਤੇ ਆਧਾਰਤ ਵੀ ਹੋ ਸਕਦੀ ਹੈ। ਅਜਿਹੇ ਵਿੱਚ ਧਰਮ ਅਤੇ ਐਥਿਨੀਸਿਟੀ ਇੱਕ ਵਿਸ਼ੇਸ਼ ਸਥਾਨਿਕਤਾ ਨਾਲ ਇਕਮਿੱਕ ਹੋ ਜਾਂਦੇ ਹਨ। ਅਪਵਾਦ ਇਹ ਕਿ ਕੌਮਾਂ ਆਪਣੇ ਪ੍ਰਭੂਸੱਤਾ ਸੰਪਨ ਰਾਜ ਗੁਆ ਕੇ ਵੀ ਜਿਉਂਦੀਆਂ ਰਹਿ ਸਕਦੀਆਂ ਹਨ। ਅਜਿਹੇ ਵਿੱਚ ਧਰਮ ਹੀ ਹੈ, ਜੋ ਕੌਮਾਂ ਨੂੰ ਸਦੀਆਂ ਤੱਕ ਬਚਾ ਕੇ ਰੱਖਦਾ ਹੈ। ਯਹੂਦੀ ਕੌਮ ਜਾਂ ਫਲਿਸਤੀਨੀ ਕੌਮ ਇਸ ਦੀ ਸਾਕਸ਼ਾਤ ਉਦਾਹਰਣ ਹੈ। ਮਿਸਾਲ ਦੇ ਤੌਰ ‘ਤੇ ਇਜ਼ਰਾਇਲ ਦੇ ਖਿਲਾਫ ਜ਼ਿੰਦਗੀ-ਮੌਤ ਦਾ ਸੰਘਰਸ਼ ਕਰ ਰਹੀ ਫਲਿਸਤੀਨੀ ਕੌਮ ਅੱਜ ਇਸਲਾਮ ਦੇ ਇੰਨੀ ਨੇੜੇ ਚਲੀ ਗਈ ਹੈ ਕਿ ਧਰਮ ਅਤੇ ਕੌਮ ਦਾ ਫਰਕ ਕਰਨਾ ਮੁਸ਼ਕਲ ਹੋ ਗਿਆ ਹੈ।