ਡਾ. ਆਤਮਜੀਤ
ਕਿਸੇ ਟੂਰਿਸਟ ਨੇ ਲਾਹੌਰ ਅਤੇ ਸਮੁੱਚੇ ਲਹਿੰਦੇ ਪੰਜਾਬ ਬਾਰੇ ਬੜੇ ਕੌੜੇ ਬੋਲ ਲਿਖੇ ਹਨ। ਉਹ ਪੁੱਛਦਾ ਹੈ, “ਉੱਥੇ ਖਾਣ-ਪੀਣ ਤੋਂ ਇਲਾਵਾ ਹੋਰ ਹੈ ਕੀ? ਉੱਥੇ ਦੇ ਮੌਲ ਮਜ਼ਾਕ ਹਨ, ਨੌਜਵਾਨਾਂ ਵਾਸਤੇ ਕੁਝ ਵੀ ਨਹੀਂ ਹੈ, ਅਮਰੀਕਾ ਦੇ ਮੁਕਾਬਲੇ ਵਾਲੇ ਪਾਰਕ, ਮਨੋਰੰਜਨ ਦੇ ਸਥਾਨ, ਝੀਲਾਂ ਜਾਂ ਤਲਾਅ ਨਹੀਂ ਹਨ; ਕੁਦਰਤ ਦੇ ਖ਼ੂਬਸੂਰਤ ਨਜ਼ਾਰੇ ਵੀ ਨਹੀਂ ਹਨ। ਤੇ ਨਾ ਹੀ ਡੁਬਈ ਵਰਗੇ ਮੌਲ ਹਨ, ਜਿੱਥੇ ਘੱਟੋ-ਘੱਟ ਘੁੰਮਿਆ ਤਾਂ ਜਾ ਸਕਦਾ ਹੈ।” ਦੂਜੇ ਪਾਸੇ ਚੜ੍ਹਦੇ ਪੰਜਾਬ ਦੇ ਲੋਕਾਂ ਵੱਲ ਦੇਖੋ; ਉਹ ਲਾਹੌਰ `ਤੇ ਜਾਨ ਦੇਂਦੇ ਹਨ। ਉਨ੍ਹਾਂ ਅਨੁਸਾਰ ‘ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆਂ ਈ ਨਹੀਂ।’ ਏਸੇ ਲਈ ਵਰਿਆਮ ਸੰਧੂ ਆਪਣੇ ਸਫ਼ਰਨਾਮੇ ‘ਵਗਦੀ ਏ ਰਾਵੀ’ ਵਿਚ ਲਿਖਦਾ ਹੈ: “ਮੇਰੀ ਇਹ ਲਿਖਤ ਨਾਵਾਂ, ਥਾਵਾਂ ਤੇ ਇਮਾਰਤਾਂ ਦੇ ਦਰਸ਼ਨਾਂ ਦਾ ਵੇਰਵਾ ਦੇਣ ਵਾਲੀ ਨਹੀਂ…। ਇਹ ਮਨਾਂ ਤੋਂ ਮਨਾਂ ਤਕ ਦਾ ਤਰਲ ਬਿਰਤਾਂਤ ਹੈ। ਇਹ ਸਿਰਫ਼ ਸੱਤਾਂ ਦਿਨਾਂ ਦਾ ਵੇਰਵਾ ਨਹੀਂ, ਇਹਦੇ ਪਿੱਛੇ ਤਾਂ ਸੱਤਾਂ ਪੁਸ਼ਤਾਂ ਦਾ ਦਰਦ ਬੋਲਦਾ ਹੈ।”
ਭਾਰਤੀ ਪੰਜਾਬੀਆਂ ਲਈ ਲਾਹੌਰ ਇਨਸਾਨ ਹੈ; ਸ਼ਹਿਰ ਘੱਟ ਤੇ ਉਨ੍ਹਾਂ ਦਾ ਵਡੇਰਾ ਜ਼ਿਆਦਾ। ਇਸੇ ਲਈ ਰਵਿੰਦਰ ਸਹਿਰਾਅ ਉਸ ਸ਼ਹਿਰ ਨਾਲ ਗੱਲਾਂ ਕਰਨ ਗਿਆ। ਪੁਸਤਕ ਵਿਚ ਉਸਨੇ ਆਪਣੀਆਂ ਦੋ ਪਾਕਿਸਤਾਨੀ ਫ਼ੇਰੀਆਂ ਦਾ ਦੋ ਭਾਗਾਂ ਵਿਚ ਜ਼ਿਕਰ ਕੀਤਾ ਹੈ। ਰਵਿੰਦਰ ਸਹਿਰਾਅ ਦੇ ਸਫ਼ਰਨਾਮੇ ਦੀਆਂ ਬਹੁਤ ਸਾਰੀਆਂ ਵਿਲੱਖਣਤਾਵਾਂ ਹਨ: (1) ਸਾਹਨੀ ਅਤੇ ਸੰਧੂ ਦੇ ਸਫ਼ਰਨਾਮੇ ਪੁਰਾਣੇ ਸਮੇਂ ਨਾਲ ਸੰਬੰਧ ਰੱਖਦੇ ਹਨ, ਜਦੋਂ ਕਿ ਸਹਿਰਾਅ ਪਿਛਲੇ ਤਿੰਨ ਚਾਰ ਸਾਲਾਂ ਦੌਰਾਨ ਦੋ ਵਾਰੀ ਉੱਥੇ ਗਿਆ; ਇਸ ਸਮੇਂ ਵਿਚ ਪਾਕਿਸਤਾਨੀ ਸਮਾਜ, ਰਾਜਨੀਤੀ ਅਤੇ ਆਮ ਲੋਕਾਂ ਦੀ ਸੋਚ ਵਿਚ ਬਹੁਤ ਸਾਰੀਆਂ ਸਿਫ਼ਤੀ ਤਬਦੀਲੀਆਂ ਵਾਪਰੀਆਂ ਹਨ। (2) ਉਹ ਅਮਰੀਕਾ ਵਿਚ ਰਹਿੰਦਾ ਹੈ, ਇਸ ਲਈ ਉਸਦੀ ਪਾਕਿਸਤਾਨ ਨਾਲੋਂ ਟੁੱਟੇ ਹੋਣ ਦੀ ਭਾਵਨਾ ਉਨੀ ਪ੍ਰਬਲ ਨਹੀਂ, ਜਿੰਨੀ ਕਿ ਭਾਰਤੀਆਂ ਦੀ ਹੈ; ਇਸੇ ਲਈ ਉਹ ਜਜ਼ਬਾਤ ਦਾ ਬਹੁਤਾ ਬੋਝ ਨਹੀਂ ਚੁੱਕਦਾ। (3) ਜੀਵਨ ਵੱਲ ਵਿਸ਼ੇਸ਼ ਅਤੇ ਨਿਸਚਿਤ ਦ੍ਰਿਸ਼ਟੀਕੋਣ ਹੋਣ ਕਰਕੇ ਉਹ ਸਮਾਜਕ ਨਿਆਂ, ਮਨੁੱਖ ਦੀ ਬਰਾਬਰੀ ਅਤੇ ਜ਼ਿੰਦਗੀ ਪ੍ਰਤੀ ਵਿਗਿਆਨਕ ਦ੍ਰਿਸ਼ਟੀਕੋਣ ਰੱਖਦਾ ਹੈ। (4) ਉਹ ਬਹੁਤ ਸੰਖੇਪ ਹੈ; ਗੱਲ ਨੂੰ ਫ਼ੈਲਾਉਣ ਦੀ ਉਸਨੂੰ ਜਾਚ ਨਹੀਂ; ਇਹ ਕਮਜ਼ੋਰੀ ਵੀ ਹੈ ਅਤੇ ਤਾਕਤ ਵੀ। ਉਹ ਇਨ੍ਹਾਂ ਚਾਰਾਂ ਪੱਖਾਂ ਨੂੰ ਕਦੇ ਅੱਖੋਂ-ਪਰੋਖੇ ਨਹੀਂ ਕਰਦਾ। ਇਨ੍ਹਾਂ ਕਾਰਨਾਂ ਕਰਕੇ ਹੀ ਉਸਦਾ ਸਫ਼ਰਨਾਮਾ ਵੱਖਰੀ ਖਿੱਚ ਪਾਉਂਦਾ ਹੈ।
ਰਵਿੰਦਰ ਸਹਿਰਾਅ ਨੇ ਸਿਰਫ਼ ਲਾਹੌਰ ਦੀ ਹੀ ਯਾਤਰਾ ਨਹੀਂ ਕੀਤੀ, ਪਾਕਪਟਨ, ਹਸਨ ਅਬਦਾਲ (ਪੰਜਾ ਸਾਹਿਬ), ਮਲਕਾ ਹਾਂਸ, ਜੰਡਿਆਲਾ ਸ਼ੇਰ ਖਾਂ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਆਦਿ ਥਾਵਾਂ ਦਾ ਵੀ ਸਫ਼ਰ ਅਤੇ ਜ਼ਿਕਰ ਕੀਤਾ ਹੈ। ਪਾਕਿਸਤਾਨ ਦੇ ਲੋਕਾਂ ਅਤੇ ਜ਼ਿੰਦਗੀ ਬਾਰੇ ਉਸਦੇ ਠੋਸ ਵਿਚਾਰ ਹਨ। ਉਸਨੂੰ ਉੱਥੋਂ ਦੀ ਜ਼ਿੰਦਗੀ ਦੇ ਹਾਲਾਤ ਬਹੁਤੇ ਖ਼ੁਸ਼ਗਵਾਰ ਨਹੀਂ ਲਗਦੇ। ਮੋਟਰਵੇ ਤਾਂ ਵਰਲਡ-ਕਲਾਸ ਹਨ, ਪਰ ਪਿੰਡਾਂ ਵੱਲ ਜਾਂਦੀਆਂ ਸੜਕਾਂ ਦੀ ਹਾਲਤ ਖਸਤਾ ਹੈ। ਨਨਕਾਣਾ ਸਾਹਿਬ ਤੋਂ ਗੁਰਦਵਾਰਾ ਸੱਚਾ ਸੌਦਾ ਚੂੜ੍ਹਕਾਨਾ ਜਾਣ ਵਕਤ ਉਸਨੂੰ ਅੰਦਰਲੀਆਂ ਸੜਕਾਂ ਤੇ ਸਫ਼ਰ ਕਰਨਾ ਪਿਆ। ਉਸਨੇ ਉੱਥੇ ਦੇਖੇ “ਬਿਲਕੁਲ ਮਾਝੇ ਜਾਂ ਮਾਲਵੇ ਦੇ ਪੁਰਾਣੇ ਪਿੰਡਾਂ ਵਰਗੇ ਰਾਹਾਂ ਕੰਢੇ ਕੂੜੇ ਦੇ ਢੇਰ, ਪਾਥੀਆਂ, ਛੱਪੜ, ਠ੍ਹੇਲੇ, ਨੰਗ-ਧੜੰਗੇ ਖੇਡਦੇ ਬੱਚੇ ਤੇ ਡੌਰ-ਭੌਰ ਜਿਹੇ ਬਜ਼ੁਰਗ ਅਤੇ ਬਜ਼ੁਰਗ ਔਰਤਾਂ।”
ਬਾਬਾ ਫ਼ਰੀਦ ਦੀ ਪਾਕਪਟਨ ਦੀ ਦਰਗਾਹ `ਤੇ ਕੁਝ ਮੰਗਤੀਆਂ ਨੇ ਲੇਖਕ ਦੀ ਪਤਨੀ ਨੀਰੂ ਸਹਿਰਾਅ ਦਾ ਪਰਸ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਜੇਕਰ ਇਹੋ ਜਿਹੀਆਂ ਦਰਗਾਹਾਂ ਦਾ ਇਹ ਹਾਲ ਹੈ ਤਾਂ ਬਾਕੀ ਥਾਵਾਂ `ਤੇ ਕੀ ਹੁੰਦਾ ਹੋਵੇਗਾ? ਸਹਿਰਾਅ ਸਾਰੀਆਂ ਸਥਿਤੀਆਂ ਦਾ ਬਹੁਤ ਸੁਹਣਾ ਅਤੇ ਤਰਕਮਈ ਨਤੀਜਾ ਕੱਢਦਾ ਹੈ ਕਿ ਇਹ ਸਾਡੀਆਂ ਹਕੂਮਤਾਂ ਦਾ ਨੁਕਸ ਹੈ, ਜਿਹੜੀਆਂ ਲੋਕਾਂ ਨੂੰ ਰੋਜ਼ੀ-ਰੋਟੀ ਮੁਹੱਈਆ ਨਹੀਂ ਕਰਵਾ ਸਕੀਆਂ। ਜਦੋਂ ਪਾਕਿਸਤਾਨ ਬਣਿਆਂ ਸੀ, ਉਦੋਂ ਕਈ ਸਾਲ ਤਕ ਉੱਥੋਂ ਦੀ ਮਈਸ਼ਤ/ਆਰਥਿਕਤਾ ਬਹੁਤ ਸਥਿਰ ਸੀ ਅਤੇ ਪਾਕਿਸਤਾਨੀ ਰੁਪਿਆ ਸਾਡੇ ਰੁਪਏ ਤੋਂ ਮਜ਼ਬੂਤ ਸੀ। ਅੱਜ ਦੀ ਹਾਲਤ ਇਹ ਹੈ ਕਿ ਇਕ ਭਾਰਤੀ ਰੁਪਏ ਵਾਸਤੇ ਸਵਾ ਤਿੰਨ ਪਾਕਿਸਤਾਨੀ ਰੁਪਏ ਦਰਕਾਰ ਹਨ। ਪਾਕਪਟਨ ਦੀਆਂ ਕੁਝ ਅੰਦਰਲੀਆ ਥਾਵਾਂ `ਤੇ ਔਰਤਾਂ ਦੇ ਜਾਣ ਦੀ ਮਨਾਹੀ ਹੋਣੀ ਅਤੇ ਵਾਰਿਸ ਦੀ ਮੂਲ ਹੱਥ-ਲਿਖਤ ਦਾ ਮੌਲਵੀ ਦੁਆਰਾ ਚੋਰੀ ਕੀਤੇ ਜਾਣ ਦਾ ਖ਼ਦਸ਼ਾ ਵੀ ਰਵਿੰਦਰ ਨੂੰ ਦੁੱਖ ਦੇਂਦਾ ਹੈ। ਉਹ ਖ਼ੁਸ਼ ਸੀ ਕਿ ਬਾਰਡਰ ਉੱਤੇ ਭਾਰਤੀ ਪਾਸਾ ਵਧੇਰੇ ਮਾਂਜਿਆ-ਸੰਵਰਿਆ ਹੋਇਆ ਸੀ, ਜਦੋਂ ਕਿ ਪਾਕਿਸਤਾਨੀ ਪਾਸੇ ਦੀ ਹਾਲਤ ਬਹੁਤੀ ਸੁਖਾਵੀਂ ਨਹੀਂ ਸੀ।
ਪਰ ਜਦੋਂ ਰਵਿੰਦਰ ਸਹਿਰਾਅ ਸਹੀ ਮਾਇਨਿਆਂ ਵਿਚ ਲਾਹੌਰ ਨਾਲ ਗੱਲਾਂ ਕਰਦਾ ਹੈ ਤਾਂ ਉਸਦੇ ਸਨਮੁਖ ਉੱਥੋਂ ਦੇ ਬਹੁਤ ਪਿਆਰੇ ਲੋਕ ਹਨ। ਉਹ ਜਜ਼ਬਾਤੀ ਹੋਣ ਤੋਂ ਬਗੈਰ ਪੁਰਾਤਨ ਸਾਂਝ ਅਤੇ ਲੋਕਾਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਤੇ ਪਿਆਰ ਦੀ ਕਦਰ ਕਰਦਾ ਹੈ। ਉੱਥੇ ਜਾਣ ਤੋਂ ਪਹਿਲਾਂ ਇਸ ਜੋੜੀ ਨੂੰ ਪਤਾ ਨਹੀਂ ਸੀ ਲਗਦਾ ਕਿ ਉਨ੍ਹਾਂ ਨੂੰ ਪਾਕਿਸਤਾਨ ਕੌਣ ਦਿਖਾਏਗਾ। ਪਰ ਜਿਸ ਤਰ੍ਹਾਂ ਉੱਥੋਂ ਦੇ ਪੰਜਾਬੀਆਂ ਨੇ ਉਸਦਾ ਸਵਾਗਤ ਕੀਤਾ, ਉਸ ਵਿਚੋਂ ਲਾਹੌਰ ਦਾ ਅਸਲੀ ਚਿਹਰਾ ਦਿੱਸਦਾ ਹੈ। ਜਿਵੇਂ ਵਕੀਲ ਤਾਹਿਰ ਸੰਧੂ ਨੇ ਉਨ੍ਹਾਂ ਨੂੰ ਵਾਹਗੇ ਬਾਰਡਰ ਤੋਂ ਲਿਆਂਦਾ ਅਤੇ ਅਗਲੇ ਦਿਨ ਜਿਸ ਤਰ੍ਹਾਂ ਚਿੰਤਕ ਮੁਸ਼ਤਾਕ ਸੂਫ਼ੀ ਹੋਰੀਂ ਉਸਨੂੰ ਬਾਬਾ ਬੁਲ੍ਹਾ ਸ਼ਾਹ ਦੀ ਮਜ਼ਾਰ `ਤੇ ਲੈ ਕੇ ਗਏ, ਗੱਡੀ ਦਾ ਡਰਾਈਵਰ ਅਤੇ ਬਜ਼ੁਰਗ ਸੂਫ਼ੀ ਗਾਇਕ ਸਭ ਨੇ ਉਸਦਾ ਮਨ ਮੋਹ ਲਿਆ। ਤਾਹਿਰ ਅਤੇ ਮੁਸ਼ਤਾਕ ਸੂਫ਼ੀ ਦਾ ਅੰਗ-ਸੰਗ ਰਹਿਣਾ ਉਸਨੂੰ ਲਾਹੌਰ ਦੇ ਬਹੁਤ ਨੇੜੇ ਲੈ ਗਿਆ ਤੇ ਦਿਲੀ ਗੱਲਾਂ ਹੋਈਆਂ। ਰਵਿੰਦਰ ਦੱਸਦਾ ਹੈ ਕਿ ਉੱਥੋਂ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਬਾਰੇ ਬੜੀ ਦੇਰ ਤੋਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਸੰਬੰਧ ਵਿਚ ਇਕ ਪਾਕਿਸਤਾਨੀ ਵਕੀਲ ਨੇ ਭਗਤ ਸਿੰਘ ਫ਼ਾਊਂਡੇਸ਼ਨ ਵੱਲੋਂ 2018 ਵਿਚ ਇਕ ਪਟੀਸ਼ਨ ਵੀ ਦਾਖਲ ਕੀਤੀ ਹੋਈ ਹੈ। ਕਹਿੰਦੇ ਹਨ ਕਿ ਕੋਰਟ ਨੇ ਉਸਦੇ ਹੱਕ ਵਿਚ ਫ਼ੈਸਲਾ ਵੀ ਦੇ ਦਿੱਤਾ ਹੈ, ਪਰ ਅਜੇ ਨਾਂ ਰੱਖਣਾ ਬਾਕੀ ਹੈ। ਇਹ ਚੌਕ ਜੇਲ੍ਹ ਦਾ ਉਹ ਹਿੱਸਾ ਸੀ, ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦਿੱਤੀ ਗਈ ਸੀ। ਬਾਅਦ ਵਿਚ ਇਸ ਹਿੱਸੇ ਨੂੰ ਢਾਹ ਕੇ ਗੌਰਮਿੰਟ ਆਫ਼ੀਸਰਜ਼ ਰੈਜ਼ੀਡੈਂਟ ਕਾਲੋਨੀ ਬਣਾ ਦਿੱਤੀ ਗਈ ਸੀ। ਬਿਨਾਂ ਭਾਵੁਕ ਹੋਇਆਂ ਕਵੀ ਸਹਿਰਾਅ ਲਾਹੌਰ ਦੀਆਂ ਕੁੜੀਆ ਨੂੰ ਅਪੀਲ ਕਰਦਾ ਹੈ:
ਲਾਹੌਰ ਵਸੇਂਦੀਓ ਕੁੜੀਓ
ਕਦੇ ਅੰਬਰਸਰ ਵੀ ਆਉ
ਸ਼ਹਿਰ ਦੇ ਗਲੀ ਮੁਹੱਲੇ ਅੰਦਰੋਂ
ਲਾਲ ਖੂਹੀ ਬਾਜ਼ਾਰ ਦੇ ਵਿੱਚੋਂ
ਸ਼ਾਦਮਾਨ ਚੌਕ `ਚੋਂ ਲੰਘਦਿਆਂ
ਜਿੰਨੇ ਵੀ ਗ਼ਮ ਗ਼ੁੱਸੇ ਲੱਭਣ
ਝੋਲੀਆਂ ਭਰ ਕੇ ਲਿਆਉ
ਕਦੇ ਅੰਬਰਸਰ ਵੀ ਆਉ…।
ਇਹ ਹੈ ਲੋਕਾਂ ਦੀ ਲੋਕਾਂ ਨੂੰ ਇਲਤਜਾ/ਬੇਨਤੀ। ਖੂਹੀ ਬਾਜ਼ਾਰ ਉਹ ਜਗ੍ਹਾ ਹੈ, ਜਿੱਥੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਸਨ। ਉਹ ਲਾਹੌਰ ਦੀਆਂ ਕੁੜੀਆਂ ਨੂੰ ਸ਼ਾਇਦ ਇਸ ਲਈ ਸੰਬੋਧਿਤ ਹੈ, ਕਿਉਂਕਿ ਉੱਥੋਂ ਦੀਆਂ ਆਮ ਕੁੜੀਆਂ ਨੇ ਸਹਿਰਾਅ ਜੋੜੀ ਨੂੰ ਬਹੁਤ ਪਿਆਰ ਅਤੇ ਇੱਜ਼ਤ ਦਿੱਤੀ। ਸਾਫ਼ ਹੈ ਕਿ ਆਮ ਲੋਕ ਪੁਰਾਣੇ ਜ਼ਖ਼ਮਾਂ ਨੂੰ ਭੁੱਲ ਚੁੱਕੇ ਹਨ ਜਾਂ ਘੱਟੋ-ਘੱਟ ਭੁਲਣਾ ਚਾਹੁੰਦੇ ਹਨ।
ਸੁਖਾਵੀਂ ਗੱਲ ਇਹ ਸੀ ਕਿ ਰਵਿੰਦਰ ਮੁਸ਼ਤਾਕ ਸੂLਫੀ ਦੇ ਕਾਵਿ-ਸੰਗ੍ਰਹਿ ‘ਖੰਭ-ਸੁਨੇਹਾ’ ਦੀ ਗੁਰਮੁਖੀ ਛਾਪ ਵੀ ਨਾਲ ਲੈ ਕੇ ਗਿਆ ਸੀ। ਉਸ ਪੁਸਤਕ ਉੱਤੇ ਸਮਾਗਮ ਹੋਇਆ, ਮਾਨੋਂ ਸੋਨੇ `ਤੇ ਸੁਹਾਗਾ ਫ਼ਿਰ ਗਿਆ। ਪੰਜਾਬੀ ਪ੍ਰੋਫ਼ੈਸਰ ਕਲਿਆਣ ਸਿੰਘ, ਸ਼ਾਇਰ ਬਾਬਾ ਨਜਮੀ, ਇਕਬਾਲ ਕੈਸਰ, ਅਫ਼ਜ਼ਲ ਸਾਹਿਰ ਤੇ ਸੁਗਰਾ ਸਦਫ਼ ਜੇਹੇ ਲੇਖਕ ਤੇ ਚਿੰਤਕ ਲੋਕ ਵੀ ਉੱਥੇ ਪਹੁੰਚੇ; ਸਹਿਰਾਅ ਦੀ ਹਾਜ਼ਰੀ ਅਤੇ ਨਜ਼ਮਾਂ ਨਾਲ ਉਸਦਾ ਘੇਰਾ ਫੈਲਣ ਲੱਗਾ। ਲੇਖਕ ਨੂੰ ਚੰਗਾ ਲੱਗਾ ਕਿ ਪਾਕਿਸਤਾਨ ਵਿਚ ਲੋਕ ਆਪਣੇ ਅਦੀਬਾਂ ਅਤੇ ਪੁਰਖਿਆਂ ਦੀ ਬਹੁਤ ਇੱਜ਼ਤ ਕਰਦੇ ਹਨ। ਬਾਬਾ ਬੁਲ੍ਹਾ ਸ਼ਾਹ, ਫ਼ਰੀਦ ਅਤੇ ਵਾਰਸ ਸ਼ਾਹ ਦੇ ਮਜ਼ਾਰਾਂ ਉੱਤੇ ਫ਼ੁੱਲ ਵਰਸਾਏ ਜਾਂਦੇ ਹਨ। ਏਥੇ ਦਹਾਕਿਆਂ ਤੋਂ ਲੋਕ ਉਨ੍ਹਾਂ ਦਾ ਕਲਾਮ ਗਾ ਕੇ ਅਕੀਦਤ ਦੇ ਫ਼ੁੱਲ ਵੀ ਵਰਸਾ ਰਹੇ ਹਨ। ਪਾਕਿਸਤਾਨ ਵਰਗੇ ਫ਼ਿਊਡਲ ਸਮਾਜ ਵਿਚ ਵੀ ਹੀਰ ਵਰਗੀ ਬਾਗ਼ੀ ਔਰਤ ਦੇ ਮਕਬਰੇ ਨੂੰ ‘ਮਾਈ ਹੀਰ’ ਦੇ ਨਾਂ ਨਾਲ ਯਾਦ ਕੀਤਾ ਜਾਣਾ ਸਾਧਾਰਨ ਗੱਲ ਨਹੀਂ ਹੈ; ਇਹ ਅਦਬ ਦੀ ਇੱਜ਼ਤ ਹੈ। ਵੱਡੇ ਸ਼ਹਿਰਾਂ ਦਾ ਕਲਚਰ ਵੱਡੀਆਂ ਇਮਾਰਤਾਂ ਨਾਲ ਨਹੀਂ ਬਣਦਾ ਬਲਕਿ ਉਨ੍ਹਾਂ ਛੋਟੀਆਂ ਥਾਵਾਂ ਨਾਲ ਉਸਰਦਾ ਹੈ, ਜਿਨ੍ਹਾਂ ਨੂੰ ਵੱਡੇ ਬੰਦਿਆਂ ਨੇ ਭਾਗ ਲਾਇਆ ਹੁੰਦੈ।
ਇੱਦਾਂ ਦੀ ਹੀ ਇਕ ਥਾਂ ਹੈ ‘ਪਾਕਿ ਟੀ ਹਾਊਸ’। ਕਦੀ ਇਸਦਾ ਨਾਂ ‘ਇੰਡੀਆ ਟੀ ਹਾਊਸ’ ਹੁੰਦਾ ਸੀ, ਜਿਸਨੂੰ ਇਕ ਸਿੱਖ ਨੇ ਬਣਵਾਇਆ ਸੀ। ਤਾਹਿਰ ਨੇ ਦੱਸਿਆ ਕਿ ਇੱਥੇ ਫ਼ੈਜ਼ ਅਹਿਮਦ ਫ਼ੈਜ਼, ਇਬਨੇ ਇੰਸ਼ਾ, ਅਹਿਮਦ ਫ਼ਰਾਜ਼, ਸਆਦਤ ਹਸਨ ਮੰਟੋ, ਮੁਨੀਰ ਨਿਆਜ਼ੀ, ਕਮਾਲ ਰਿਜ਼ਵੀ, ਨਾਸਿਰ ਕਾਜ਼ਮੀ ਤੇ ਉਸਤਾਦ ਅਮਾਨਤ ਅਲੀ ਖਾਂ ਵਰਗੇ ਲੋਕ ਚਾਹ ਨੂੰ ਭਾਗ ਲਾਉਂਦੇ ਹੁੰਦੇ ਸਨ। ਠੀਕ ਹੀ ਸਹਿਰਾਅ ਨੂੰ ਜਲੰਧਰ ਦੇ ਕੰਪਨੀ ਬਾਗ ਨਾਲ ਲਗਦੇ ਕਾਫ਼ੀ ਹਾਊਸ ਦੀ ਯਾਦ ਆਈ, ਜਿੱਥੇ ਸਾਹਿਤਕਾਰ ਇਕੱਠੇ ਹੁੰਦੇ ਸਨ, ਇਵੇਂ ਹੀ ਕਨਾਟ ਪਲੇਸ ਨਾਲ ਲਗਦੇ ਮੋਹਨ ਸਿੰਘ ਪਲੇਸ ਨੂੰ ਵੀ ਚੇਤੇ ਕੀਤਾ ਜਾ ਸਕਦਾ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਸਾਰੇ ਹੀ ਬੰਦ ਹੋ ਗਏ ਸਨ, ਸਿਰਫ਼ ਲਾਹੌਰ ਵਾਲਾ ਹੀ ਦੋਬਾਰਾ ਖੁੱਲ੍ਹਾ ਹੈ। ਇਹ ਹੈ ਸ਼ਹਿਰ ਦੀ ਅੰਦਰਲੀ ਤਾਕਤ! ਸ਼ਹਿਰ ਨਾਲ ਗੱਲਾਂ ਕਰਨ ਦਾ ਰਵਿੰਦਰ ਨੂੰ ਇਕ ਹੋਰ ਮੌਕਾ ਹਾਈ ਕੋਰਟ ਵਿਚ ਮਿਲਿਆ। ਤਾਹਿਰ ਉਸਨੂੰ ਉੱਥੇ ਲੈ ਕੇ ਗਿਆ, ਇਕ ਹਾਲ ਦੇ ਬਾਹਰ ਅਨੇਕਾਂ ਜੁੱਤੀਆਂ ਦੇ ਜੋੜੇ ਸਨ। ਪਤਾ ਲੱਗਾ ਕਿ ਅੰਦਰ ਮੁਸ਼ਾਇਰਾ ਚੱਲ ਰਿਹਾ ਹੈ। ਇਹ ਵਕੀਲਾਂ ਦਾ ਅੱਠਵਾਂ ਸਾਲਾਨਾ ਮੁਸ਼ਾਇਰਾ ਹੋ ਰਿਹਾ ਸੀ। ਕਚਹਿਰੀਆਂ ਵਿਚ ਵੀ ਸ਼ਹਿਰ ਦੀ ਖ਼ੁਸ਼ਬੂ ਸੀ। ਬਾਅਦ ਵਿਚ ਵਕੀਲ ਬੀਬੀਆਂ ਨੇ ਨੀਰੂ ਨੂੰ ਘੇਰਾ ਪਾ ਲਿਆ ਤੇ ਖ਼ੂਬ ਗੱਲਾਂ ਕੀਤੀਆਂ। ਬੁਰਕੇ ਵਿਚ ਢੱਕੀਆਂ ਪੰਜਾਬੀ ‘ਹੀਰਾਂ’ ਦਾ ਇਹ ਨਵਾਂ ਰੂਪ ਸੀ। ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਰਾਜ ਨਾਲ ਲਾਹੌਰ ਦੇ ਲੋਕਾਂ ਨੂੰ ਆਪਣੇ ਨੇੜੇ ਲਿਆਂਦਾ। ਉਹ ਆਪਣਾ ਦਰਬਾਰੇ ਖ਼ਾਸ ਦੀ ਬਜਾਇ ਦਰਬਾਰੇ ਆਮ ਨੂੰ ਇਸਤੇਮਾਲ ਕਰਦਾ ਸੀ। ਹਿੰਦੂ, ਸਿੱਖ ਤੇ ਮੁਸਲਿਮ ਵਿਚ ਸਮਾਨਤਾ ਸੀ। ਇਸੇ ਲਈ ਲਾਹੌਰ ਮਿਊਜ਼ੀਅਮ ਤੋਂ ਬਾਹਰ ਨਿਕਲਦਿਆਂ ਜਦੋਂ ਉਨ੍ਹਾਂ ਨੂੰ ਕਿਸੇ ਆਮ ਬੰਦੇ ਵੱਲੋਂ ਤਪਾਕ ਨਾਲ ਕੋਲਡ ਡਰਿੰਕ ਮਹਿਮਾਨ ਵਜੋਂ ਪਿਆਈ ਤਾਂ ਇਹ ਇਤਿਹਾਸ ਨਾਲ ਉਹ ਮੂਕ ਵਾਰਤਾਲਾਪ ਸੀ, ਜਿਸ ਵਿਚ ਸਾਂਝ ਪਰੁੱਚੀ ਹੋਈ ਸੀ। ਰਵਿੰਦਰ ਦੀਆਂ ਅੱਖਾਂ ਨਮ ਹੋ ਗਈਆਂ ਸਨ। ਅਫ਼ਜ਼ਲ ਸਾਹਿਰ ਦੀ ਨਜ਼ਮ ਦਾ ਇਹ ਟੋਟਾ ਭਲਾ ਕਿਹੜੇ ਪੰਜਾਬ ਦਾ ਹੈ?
ਮਾਵਾਂ ਨੇ ਖੀਸੇ ਫੋਲ ਕੇ
ਪੁੱਤ ਸਫ਼ਰਾਂ `ਤੇ ਟੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ!
ਜਦੋਂ ਹਰ ਕਿਸਮ ਦਾ ਓਪਰਾਪਣ ਲਾਂਭੇ ਹੋ ਜਾਵੇ ਤੇ ਮਾਵਾਂ ਤੇ ਪੁੱਤਾਂ ਦੇ ਦੁੱਖ ਸਾਹਮਣੇ ਆ ਜਾਣ, ਉਦੋਂ ਬੰਦਾ ਕਰਦਾ ਹੈ ਆਪਣੀ ਸਕਾਫ਼ਤ ਦੀਆਂ ਗੱਲਾਂ, ਜੋ ਰਵਿੰਦਰ ਨੇ ਲਾਹੌਰ ਸ਼ਹਿਰ ਵਿਚ ਜਾ ਕੇ ਕੀਤੀਆਂ। ਸ਼ਾਇਦ ਇਹ ਹੀ ਗੱਲ ਕੋਲਡ ਡਰਿੰਕ ਪਿਆਉਣ ਵਾਲਾ ਕਰ ਰਿਹਾ ਸੀ। ਅਸੀਂ ਉੱਪਰ ਲਿਖਿਆ ਸੀ ਕਿ ਅਤਿ ਦੀ ਸੰਖੇਪਤਾ ਰਵਿੰਦਰ ਦੀ ਤਾਕਤ ਵੀ ਹੈ ਅਤੇ ਕਮਜ਼ੋਰੀ ਵੀ; ਤਾਕਤ ਇਸ ਲਈ ਕਿ ਉਹ ਵਿਸ਼ੇ ਤੋਂ ਰਤਾ ਵੀ ਨਹੀਂ ਭਟਕਦਾ, ਕਮਜ਼ੋਰੀ ਇਸ ਲਈ ਕਿ ਕਈ ਵਾਰ ਉਹ ਪਾਠਕ ਨੂੰ ਤ੍ਰਿਹਾਇਆ ਛੱਡ ਜਾਂਦਾ ਹੈ, ਮਿਸਾਲ ਦੇ ਤੌਰ `ਤੇ ਭਾਈ ਮਰਦਾਨੇ ਦੇ ਵੰਸ਼ਜਾਂ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਮੁੱਕ ਗਈ। ਇਵੇਂ ਹੀ ਹਰੇ ਇਨਕਲਾਬ ਬਾਰੇ ਉਹ ਪਾਕਿਸਤਾਨੀਆਂ ਨਾਲ ਸਹਿਮਤ ਨਹੀਂ; ਪਰ ਕਿਉਂ ਸਹਿਮਤ ਨਹੀਂ? ਤੇ ਆਖ਼ਰ ਮੁੱਦਾ ਕੀ ਹੈ? ਇਸ ਗੱਲ ਦਾ ਪਤਾ ਨਹੀਂ ਲਗਦਾ। ਪਰ ਉਹ ਤਰਕ ਦਾ ਲੜ ਕਿਤੇ ਨਹੀਂ ਛੱਡਦਾ। ਵਲੀ ਕੰਧਾਰੀ ਦੀ ਕਥਾ ਨੂੰ ਸੁਣਾ ਕੇ ਉਹ ਸਿੱਖ ਸੰਗਤ ਨੂੰ ਸੋਚੀਂ ਪਾ ਦੇਂਦਾ ਹੈ। ਉਹ ਆਪਣੇ ਸਿੱਖੀ ਸਰੂਪ ਦੀ ਹਉਮੈ ਵਿਚ ਨਹੀਂ ਫਸਦਾ, ਸਿੱਖੀ ਦੇ ਅਸਲ ਕਿਰਦਾਰ ਨੂੰ ਖੋਜਦਾ ਹੈ। ਦਿੱਲੀ ਦੀ ਸੰਗਤ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂ ਘਰ ਦੇ ਉਦਘਾਟਨ ਸਮੇਂ ਭੇਟ ਕੀਤੀ ਸੋਨੇ ਦੀ ਪਾਲਕੀ ਸੰਬੰਧੀ ਉਸਦਾ ਅਹਿਮ ਸਵਾਲ ਹੈ: “ਹੱਥੀਂ ਕਿਰਤ ਕਰਨ ਵਾਲੇ ਬਾਬਾ ਜੀ ਭਲਾ ਸੋਨੇ ਨੂੰ ਕਿੰਨਾ ਕੁ ਮੋਹ ਕਰ ਸਕਦੇ ਹਨ?”
‘ਲਾਹੌਰ ਨਾਲ ਗੱਲਾਂ’ ਸੁਣਨਯੋਗ ਹਨ, ਇਸ ਲਈ ਇਹ ਪੜ੍ਹਨ ਯੋਗ ਪੁਸਤਕ ਹੈ। ਇਸ ਦਾ ਉਦੇਸ਼ ਹੈ ਤੁਹਾਨੂੰ ਲਾਹੌਰ ਵੱਲ ਤੋਰਨਾ। ਮੈ ਤਾਂ ਨਿਸਚੈ ਹੀ ਤੁਰਨਾ ਸ਼ੁਰੂ ਕਰ ਦਿੱਤਾ ਹੈ।
ਖਾਉ ਪੀਉ ਤੇ ਐਸ਼ ਕਰੋ
ਅੰਮ੍ਰਿਤਸਰ ਵਾਂਗ ਲਾਹੌਰ ਵੀ ਚਟੂਰਿਆਂ (ਫ਼ੂਡੀਜ਼) ਦਾ ਸ਼ਹਿਰ ਹੈ। ਅੰਮ੍ਰਿਤਸਰ ਵਿਚ ਜੋ ਕੁਝ ਮਸ਼ਹੂਰ ਹੈ, ਉਹ ਲਾਹੌਰ ਵਿਚ ਵੀ ਪਸੰਦ ਕੀਤਾ ਜਾਂਦਾ ਹੈ। ਇਸਤੋਂ ਇਲਾਵਾ ਉੱਥੋਂ ਦੀ ਨਿਹਾਰੀ, ਹਲੀਮ, ਹਰੀਸ, ਅੰਡਾ ਸ਼ਾਮੀ, ਚਿਕਨ ਕੜਾਹੀ, ਕਬਾਬ, ਪਾਏ (ਖਰੌੜ) ਆਦਿਕ ਬਹੁਤ ਪ੍ਰਚਲਿਤ ਹਨ। ਇਕ ਪ੍ਰਸਿੱਧ ਡਿਸ਼ ਸਰਦਾਰ ਫ਼ਿਸ਼ ਵੀ ਹੈ, ਜਿਸ ਨੂੰ ਵੇਸਣ ਲਾ ਕੇ ਤਲਿLਆ ਜਾਂਦਾ ਹੈ। ਇਹ ਉੱਥੋਂ ਦੇ ਸਿੱਖਾਂ ਨੇ ਪ੍ਰਚਲਿਤ ਕੀਤੀ ਸੀ। ਗੁਰੂ ਨਾਨਕ ਦੇਵ ਨੇ ਲਿਖਿਆ ਸੀ, “ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ॥” ਇਸਦੇ ਕਈ ਅਰਥ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇਕ ਇਹ ਵੀ ਹੈ ਕਿ ਉੱਥੇ ਮਾਸ ਖਾਣ ਵਾਸਤੇ ਜਾਨਵਰਾਂ ਉੱਤੇ ਬਹੁਤ ਕਹਿਰ ਵਰਸਾਇਆ ਜਾਂਦਾ ਹੈ।
ਗਵਾਲਮੰਡੀ ਫੂਡ ਸਟਰੀਟ
ਭਾਵੇਂ 1911 ਵਿਚ ਵਕਤੀ ਤੌਰ `ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ 1947 ਵਿੱਚੋਂ ਅੰਮ੍ਰਿਤਸਰ ਤੋਂ ਗਏ ਮੁਸਲਿਮ ਪੰਜਾਬੀਆਂ ਨੇ ਗਵਾਲਮੰਡੀ ਸਟਰੀਟ ਨੂੰ ਪ੍ਰਚਲਿਤ ਕੀਤਾ, ਜਿੱਥੇ 100 ਤੋਂ ਵੱਧ ਕਿਸਮਾਂ ਦੇ ਖਾਣੇ ਮਿਲਦੇ ਹਨ। ਭਾਵੇਂ ਕਈ ਲੋਕਾਂ ਨੂੰ ਇਸ ਗੱਲ ਵਿਚ ਵੀ ਰਾਜਨੀਤੀ ਦਿਸਦੀ ਹੈ, ਪਰ ਸਰਕਾਰ ਅਨੁਸਾਰ ਉਸਨੇ ਟ੍ਰੈਫ਼ਿਕ ਦੀਆਂ ਮੁਸੀਬਤਾਂ ਨੂੰ ਨਜਿੱਠਣ ਲਈ ਇਸ ਸਟਰੀਟ ਨੂੰ ਬੰਦ ਕੀਤਾ ਸੀ। ਪੁਰਾਣੇ ਲੋਕਾਂ ਨੂੰ ਇਤਰਾਜ਼ ਹੈ ਕਿ ਇਸ ਤਬਦੀਲੀ ਨਾਲ ਪਤੰਗਬਾਜ਼ੀ ਅਤੇ ਬਸੰਤ ਦੀਆਂ ਰੌਣਕਾਂ ਖ਼ਤਮ ਹੋ ਗਈਆਂ ਹਨ। ਟੂਰਿਸਟਾਂ ਨੂੰ ਲੁਭਾਉਣ ਵਾਸਤੇ 1912 ਵਿਚ ਫ਼ੋਰਟ ਰੋਡ `ਤੇ ਨਵੀਂ ਸਟਰੀਟ ਦਾ ਵਿਕਾਸ ਕੀਤਾ ਗਿਆ, ਜਿਸਨੂੰ ਸੜਕ-ਇ-ਖ਼ੁਰਾਕ ਵੀ ਕਹਿੰਦੇ ਹਨ। ਇਹ ਸ਼ਾਹੀ ਮਸਜਿਦ ਦੇ ਸਾਹਮਣੇ ਹੈ ਅਤੇ ਬਹੁਤ ਪ੍ਰਚਲਿਤ ਹੈ। ਹੁਣ ਗਵਾਲਮੰਡੀ ਵਾਲੀ ਫ਼ੂਡ ਸਟਰੀਟ ਫਿਰ ਸਰਗਰਮ ਹੈ।
ਸਿੱਖ ਇਤਿਹਾਸ ਨਾਲ ਜੁੜੀਆਂ ਥਾਵਾਂ
ਗੁਰਦਵਾਰਾ ਡੇਰਾ ਸਾਹਿਬ, ਜਿੱਥੇ 1606 ਵਿਚ ਗੁਰੂ ਅਰਜਨ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰਦਵਾਰਾ ਜਨਮ ਅਸਥਾਨ ਗੁਰੂ ਰਾਮਦਾਸ ਜੀ (ਚੂਨਾ ਮੰਡੀ ਲਾਹੌਰ), ਗੁਰਦਵਾਰਾ ਸ਼ਹੀਦ ਗੰਜ ਸਿੰਘ-ਸਿੰਘਣੀਆਂ, ਗੁਰਦਵਾਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ, ਗੁਰਦਵਾਰਾ ਜਨਮ ਅਸਥਾਨ ਬੇਬੇ ਨਾਨਕੀ (ਪਿੰਡ ਡੇਰਾ ਚਾਹਲ) ਅਤੇ ਸਾਈਂ ਮੀਆਂ ਮੀਰ ਦੀ ਦਰਗਾਹ।
ਭਾਈ ਮਰਦਾਨਾ ਦੇ ਵੰਸ਼ਜ
ਭਾਈ ਆਸ਼ਿਕ ਅਲੀ ਲਾਲ (ਦੇਹਾਂਤ 2012) ਅਤੇ ਭਾਈ ਗੁਲਾਮ ਮੁਹੰਮਦ ਚਾਂਦ (ਦੇਹਾਂਤ 1949) ਜਾ ਚੁੱਕੇ ਹਨ; ਭਾਈ ਮਰਦਾਨਾ ਦੇ ਕੁਝ ਵੰਸ਼ਜ ਅਜੇ ਵੀ ਲਾਹੌਰ ਵਿਚ ਜਿਊਂਦੇ ਹਨ, ਪਰ ਹੁਣ ਉਨ੍ਹਾਂ ਦੀ ਕੀਰਤਨ ਗਾਇਕੀ ਦੀ ਕੋਈ ਕਦਰ ਨਹੀਂ। ਨਾ ਉਹ ਚੜ੍ਹਦੇ ਪੰਜਾਬ ਦੇ ਗੁਰਦਵਾਰਿਆਂ ਵਿਚ ਕੀਰਤਨ ਕਰ ਸਕਦੇ ਹਨ ਤੇ ਨਾ ਹੀ ਲਹਿੰਦੇ ਵਿਚ ਅਜਿਹੀ ਆਗਿਆ ਹੈ। ਕੀਰਤੀ ਜੇਮਜ਼ ਸਿੰਘ ਨੇ ਲੰਡਨ ਯੂਨੀਵਰਸਿਟੀ ਤੋਂ ਪੀਐਚ. ਡੀ. ਕੀਤੀ ਹੈ: ‘ਸਿੱਖ ਪੈਟਰਨੇਜ ਆਫ਼ ਹਿੰਦੁਸਤਾਨੀ ਮਿਊਜ਼ਿਕ ਐਂਡ ਸ਼ਬਦ ਕੀਰਤਨ ਇਨ ਕੌਲੋਨੀਅਲ ਪੰਜਾਬ, 1857-1947’। ਉਹ ਦੱਸਦਾ ਹੈ ਕਿ ਬਹੁਤ ਸਾਰੇ ਰਬਾਬੀ ਪਾਕਿਸਤਾਨੀ ਫ਼ਿਲਮ ਸੰਗੀਤ ਇੰਡਸਟਰੀ ਵਿਚ ਚਲੇ ਗਏ ਸਨ। “ਜਿਹੜੇ ਅੱਜ ਵੀ ਕੀਰਤਨ ਕਰਦੇ ਹਨ, ਉਨ੍ਹਾਂ ਮਹੱਤਵਪੂਰਨ ਰਬਾਬੀਆਂ ਵਿਚ ਭਾਈ ਗੁਲਾਮ ਮੁਹੰਮਦ ਚਾਂਦ ਦਾ ਬੇਟਾ ਭਾਈ ਮੋਈਨ, ਉਸਦਾ ਸ਼ਾਗਿਰਦ ਭਾਈ ਈਨਾਮ ਅਲੀ, ਭਾਈ ਚਿਰਾਗ਼ ਦਾ ਪੋਤਾ ਭਾਈ ਤਾਹਿਰ ਇਕਬਾਲ ਅਤੇ ਭਾਈ ਆਸ਼ਿਕ ਅਲੀ ਲਾਲ ਦਾ ਪੁੱਤਰ ਭਾਈ ਨਾਈਮ ਤਾਹਿਰ ਲਾਲ ਸ਼ਾਮਲ ਹਨ।”
ਮਹਾਰਾਜਾ ਰਣਜੀਤ ਸਿੰਘ ਦਾ ਸ਼ਹਿਰ
1799 ਤੋਂ 1839 ਤਕ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਉਤੇ ਰਾਜ ਕੀਤਾ; ਲਾਹੌਰ ਉਸਦੀ ਰਾਜਧਾਨੀ ਸੀ। ਉਸ ਉੱਤੇ ਪੀਐਚ. ਡੀ. ਕਰਨ ਵਾਲੀ ਡਾਕਟਰ ਖੋਲਾ ਚੀਮਾ ਕਹਿੰਦੀ ਹੈ ਕਿ ਰਣਜੀਤ ਸਿੰਘ ਨੇ ਆਧੁਨਿਕ ਪੰਜਾਬ ਨੂੰ ਪਹਿਲੀ ਵਾਰ ਸਿਰਜਿਆ, ਉਹ ਪੂਰੀ ਤਰ੍ਹਾਂ ਮਨੁੱਖਵਾਦੀ ਸੀ ਅਤੇ ਧਾਰਮਿਕ ਸੰਕੀਰਣਤਾ ਤੋਂ ਉਤਾਂਹ। ਉਹ ਬਾਹਰਲਾ ਹਮਲਾਵਰ ਨਹੀਂ ਸੀ ਤੇ ਨਾ ਹੀ ਉਸਨੇ ਲੋਕਾਂ ਦੀਆਂ ਧੀਆਂ-ਭੈਣਾਂ ਦੀ ਕੋਈ ਤਜਾਰਤ ਕੀਤੀ। ਲਾਹੌਰ ਦੇ ਕਿਲ੍ਹੇ ਅੰਦਰ ਸ਼ੇਰੇ-ਪੰਜਾਬ ਦੀ ਬਾਰਾਂਦਰੀ ਅਤੇ ਸਮਾਧੀ ਤੋਂ ਇਲਾਵਾ ਮਹਾਰਾਜਾ ਖੜਕ ਸਿੰਘ ਅਤੇ ਮਹਾਰਾਣੀ ਜਿੰਦਾਂ ਦੀ ਹਵੇਲੀ ਵੀ ਹੈ।
ਸਰ ਗੰਗਾ ਰਾਮ ਦਾ ਲਾਹੌਰ
ਗੰਗਾ ਰਾਮ ਸਿਵਿਲ ਇੰਜੀਨੀਅਰ ਸੀ। ਉਸਨੇ ਲਾਹੌਰ ਵਾਸਤੇ ਅਨੇਕਾਂ ਯਾਦਗਾਰੀ ਕੰਮ ਕੀਤੇ। 1921 ਵਿਚ ਉਸਨੇ ਗੰਗਾ ਰਾਮ ਹਾਸਪੀਟਲ ਤਾਮੀਰ ਕਰਵਾਇਆ। 1944 ਵਿਚ ਉੱਥੇ ਹੀ ਉਸਦੇ ਪਰਿਵਾਰ ਨੇ ਗੰਗਾ ਰਾਮ ਮੈਡੀਕਲ ਕਾਲਜ ਬਣਵਾਇਆ। 1948 ਵਿਚ ਬਣੀ ਫਾਤਿਮਾ ਜਿੱਨਹਾ ਮੈਡੀਕਲ ਯੂਨੀਵਰਸਟੀ ਚੱਲ ਰਹੀ ਹੈ। ਇਸਤੋਂ ਇਲਾਵਾ ਲਾਹੌਰ ਦਾ ਜਨਰਲ ਪੋਸਟ ਆਫ਼ਿਸ, ਮਿਊਜ਼ੀਅਮ, ਐਟਚਿਨਸਨ ਕਾਲਜ, ਨੈਸ਼ਨਲ ਕਾਲਜ ਆਫ਼ ਆਰਟਸ ਅਤੇ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਦੀਆਂ ਇਮਾਰਤਾਂ ਤੀਮਾਰ ਕਰਵਾਈਆਂ। ਮਾਡਲ ਟਾਊਨ ਅਤੇ ਗੁਲਬਰਗ ਟਾਊਨ ਵਰਗੀਆਂ ਅਬਾਦੀਆਂ ਵੀ ਉਸੇ ਨੇ ਵਿਕਸਿਤ ਕੀਤੀਆਂ।
ਭਾਈ ਰਾਮ ਸਿੰਘ ਦਾ ਲਾਹੌਰ
ਗੰਗਾ ਰਾਮ ਇੰਜੀਨੀਅਰ ਸੀ ਤੇ ਭਾਈ ਰਾਮ ਸਿੰਘ ਆਰਕੀਟੈਕਟ। ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਨੂੰ ਡੀਜ਼ਾਈਨ ਕਰਨ ਵਾਲੇ ਇਸ ਪੰਜਾਬੀ ਨੇ ਪਾਕਿਸਤਾਨ ਦੀਆਂ ਬਹੁਤ ਸਾਰੀਆਂ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ। ਉਸਦੀਆਂ ਲਾਹੌਰ ਵਿਚ ਖੜੀਆਂ ਮੁੱਖ ਇਮਾਰਤਾਂ ਇਹ ਹਨ: ਲਾਹੌਰ ਮਿਊਜ਼ੀਅਮ, ਮਾਇਓ ਸਕੂਲ ਆਫ਼ ਆਰਟ, ਐਟਚਿਨਸਨ ਕਾਲਜ, ਚੰਬਾ ਹਾਊਸ, ਪੰਜਾਬ ਯੂਨੀਵਰਸਿਟੀ ਆਦਿਕ।
ਬਲਰਾਜ ਸਾਹਨੀ ਦਾ ਲਾਹੌਰ
ਬਲਰਾਜ ਸਾਹਨੀ ਦਾ ਪ੍ਰਸਿਧ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਲਾਹੌਰ ਬਾਰੇ ਬਹੁਤ ਕਮਾਲ ਦੀਆਂ ਗੱਲਾਂ ਕਰਦਾ ਹੈ। ਉਸਨੂੰ ਪੰਜਾਬੀ ਦੀਆਂ ਬਿਹਤਰੀਨ ਕਿਤਾਬਾਂ ਵਿਚ ਰੱਖਿਆ ਜਾ ਸਕਦਾ ਹੈ। ਸਾਹਨੀ ਤੋਂ ਬਾਅਦ ਬਹੁਤ ਸਾਰੇ ਹੋਰ ਲੇਖਕਾਂ ਨੇ ਵੀ ਲਾਹੌਰ ਬਾਰੇ ਲਿਖਿਆ, ਜਿਨ੍ਹਾਂ ਵਿਚ ਵਰਿਆਮ ਸੰਧੂ (ਵਗਦੀ ਏ ਰਾਵੀ), ਬਲਦੇਵ ਧਾਲੀਵਾਲ (ਚੰਨ ਤੇ ਤਾਰੇ), ਸਵਰਨ ਸਿੰਘ (ਨਾਵ੍ਹਣ ਚੱਲੇ ਤੀਰਥੀਂ) ਤੇ ਸੁਖਦੇਵ ਸਿੰਘ ਝੰਡ ਸ਼ਾਮਿਲ ਹਨ। ਰਵਿੰਦਰ ਸਹਿਰਅ ਦੀ ਪੁਸਤਕ ਲਾਹੌਰ ਨਾਲ ਗੱਲਾਂ ਨੂੰ ਵੀ ਇਸੇ ਕੜੀ ਵਿਚ ਦੇਖਿਆ ਜਾ ਸਕਦਾ ਹੈ।
ਮੁਗਲ ਰਾਜਿਆਂ ਦੀਆਂ ਨਿਸ਼ਾਨੀਆਂ
ਲਾਹੌਰ ਦਾ ਕਿਲ੍ਹਾ ਜਿਸਦਾ ਕੁਝ ਹਿੱਸਾ ਅਕਬਰ ਨੇ ਬਣਵਾਇਆ, ਉਸਦੇ ਅੰਦਰ ਸ਼ੀਸ਼ ਮਹਿਲ, ਨੌਲੱਖਾ ਪੈਵੀਲੀਅਨ ਅਤੇ ਸ਼ਾਹੀ ਔਰਤਾਂ ਵਾਸਤੇ ਮੋਤੀ ਮਸਜਿਦ, ਔਰੰਗਜ਼ੇਬ ਦੀ ਬਣਾਈ ਬਾਦਸ਼ਾਹੀ ਮਸਜਿਦ ਜਿਸ ਵਿਚ ਇਕ ਲੱਖ ਬੰਦਾ ਨਮਾਜ਼ ਪੜ੍ਹ ਸਕਦਾ ਹੈ, ਜਹਾਂਗੀਰ ਦਾ ਮਕਬਰਾ, ਨੂਰ ਜਹਾਂ ਦਾ ਮਕਬਰਾ, ਸ਼ਾਹ ਜਹਾਨ ਵੱਲੋਂ ਬਣਾਇਆ ਸ਼ਾਲੀਮਾਰ ਬਾਗ਼, ਵਜ਼ੀਰ ਖਾਨ ਦੀ ਮਸਜਿਦ ਆਦਿਕ। ਸ਼ੇਰ ਸ਼ਾਹ ਸੂਰੀ ਦਾ ਬਣਾਇਆ ਰੋਹਤਾਸ ਦਾ ਕਿਲ੍ਹਾ ਵੀ ਲਾਹੌਰ ਦੀ ਸ਼ਾਨ ਹੈ, ਜੋ ਆਪਣੇ ਆਕਾਰ ਅਤੇ ਸ਼ੈਲੀ ਕਾਰਨ ਮੁਸਲਿਮ ਮਿਲਟਰੀ ਇਮਾਰਤਸਾਜ਼ੀ ਦੀ ਇਕ ਵਿਲੱਖਣ ਮਿਸਾਲ ਹੈ।
ਲਾਹੌਰ ਦੀ ਪੰਜਾਬ ਯੂਨੀਵਰਸਿਟੀ
ਇਸ ਸੰਸਥਾ ਦਾ ਪਹਿਲਾ ਨਾਂ ਗੌਰਮਿੰਟ ਕਾਲਜ ਹੁੰਦਾ ਸੀ, ਜਿੱਥੋਂ ਕਈ ਮਹਾਨ ਲੋਕਾਂ ਨੇ ਸਿੱਖਿਆ ਲਈ। ਰੋਸ਼ਨ-ਦਿਮਾਗ ਲੋਕਾਂ ਵਿਚ ਸ਼ਾਮਿਲ ਹਨ- ਫ਼ੈਜ਼ ਅਹਿਮਦ ਫ਼ੈਜ਼, ਨੋਬਲ ਵਿਜੇਤਾ ਹਰਗੋਬਿੰਦ ਖੁਰਾਨਾ ਤੇ ਅਬਦੁਸ ਸਲਾਮ, ਸਰ ਮੁਹੰਮਦ ਇਕਬਾਲ, ਅਸ਼ਫ਼ਾਕ ਅਹਿਮਦ, ਭਾਰਤੀ ਫ਼ੌਜ ਦਾ ਏਅਰ ਚੀਫ਼ ਮਾਰਸ਼ਲ ਓਮ ਪ੍ਰਕਾਸ਼ ਮਹਿਰਾ, ਖੁਸ਼ਵੰਤ ਸਿੰਘ, ਮਨਜ਼ੂਰ ਏਜਾਜ਼, ਮੁਸ਼ਤਾਕ ਸੂਫ਼ੀ, ਨਜਮ ਸੇਠੀ ਆਦਿਕ। ਰਾਜਸੀ ਲੋਕਾਂ ਵਿਚ ਕਾਇਦੇ ਆਜ਼ਮ ਮੁਹੰਮਦ ਅਲੀ ਜਿੱਨਾਹ, ਭਾਰਤ ਦੇ ਸਾਬਕਾ ਮੰਤਰੀ ਸਵਰਨ ਸਿੰਘ; ਪਾਕਿਸਤਾਨ ਦੇ 4 ਸਾਬਕਾ ਪ੍ਰਧਾਨ ਮੰਤਰੀ: ਨਵਾਜ਼ ਸ਼ਰੀਫ, ਜ਼ਫ਼ਰਉੱਲਾ ਖਾਂ ਜਮਾਲੀ, ਯੂਸਫ਼ ਰਜ਼ਾ ਗਿਲਾਨੀ ਅਤੇ ਮੁਈਨਦੀਨ ਅਹਿਮਦ ਕੁਰੈਸ਼ੀ; ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮੁਹੰਮਦ ਕਸੂਰੀ ਆਦਿਕ। ਸਕੁਐਸ਼ ਦਾ ਛੇ ਵਾਰ ਵਿਸ਼ਵ ਚੈਂਪੀਅਨ ਜਹਾਂਗੀਰ ਖਾਨ ਅਤੇ ਫ਼ਿਲਮ ਅਭਿਨੇਤਾ ਦੇਵ ਆਨੰਦ, ਬਲਰਾਜ ਸਾਹਨੀ, ਉਸਮਾਨ ਪੀਰਜ਼ਾਦਾ, ਅਹਿਸਾਨ ਖਾਨ ਆਦਿਕ ਵੀ ਏਥੇ ਹੀ ਪੜ੍ਹੇ।
ਗੰਦਗੀ ਵਿਚ ਝੰਡੀ
ਲਾਹੌਰ ਦੁਨੀਆਂ ਦੇ ਸਭ ਤੋਂ ਗੰਦੇ ਸ਼ਹਿਰਾਂ ਵਿੱਚੋਂ ਇਕ ਗਿਣਿਆ ਜਾਂਦਾ ਹੈ, ਲਗਪਗ ਦਿੱਲੀ ਜਿੰਨਾ ਗੰਦਾ। ਉਸਦੇ ਪ੍ਰਦੂਸ਼ਨ ਦਾ ਅੰਦਾਜ਼ਾ ਇਸ ਗੱਲ ਤੋਂ ਲਾਉ ਕਿ ਮੁਕਾਬਲੇ ਵਿਚ ਪਟਿਆਲਾ ਬਹੁਤ ਬਿਹਤਰ ਹਾਲਤ ਵਾਲਾ ਸ਼ਹਿਰ ਹੈ। ਗੰਦਗੀ ਵਿਚ ਦੁਨੀਆਂ ਅੰਦਰ ਦਿੱਲੀ ਦਾ ਦੂਜਾ ਥਾਂ ਹੈ ਤੇ ਲਾਹੌਰ ਦਾ ਪੰਜਵਾਂ। ਜਦੋਂ ਕਿ ਅੰਮ੍ਰਿਤਸਰ ਉਨਾਸੀਵੇਂ ਅਤੇ ਪਟਿਆਲਾ ਇਕ ਸੌ ਉਨੰਜਵੇਂ ਥਾਂ `ਤੇ ਹੈ। ਕਲਕੱਤਾ ਨੂੰ ਅਸੀਂ ਬਹੁਤ ਗੰਦਾ ਸਮਝਦੇ ਹਾਂ, ਪਰ ਉਸਦੀ ਵਿਸ਼ਵ ਰੈਂਕਿੰਗ 200 ਹੈ, ਲਾਹੌਰ ਤੋਂ ਕਿਤੇ ਘੱਟ ਗੰਦਾ।
ਬਦਲਦਾ ਲਾਹੌਰ
ਸ਼ਹਿਰ ਤੇਜ਼ੀ ਨਾਲ ਬਦਲ ਰਿਹਾ ਹੈ, ‘ਮੀਨਾਰ-ਏ-ਪਾਕਿਸਤਾਨ’ ਇਸ ਤਬਦੀਲੀ ਦੀ ਸ਼ੁਰੂਆਤ ਸੀ, ਹੁਣ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਸਕੀਮ ਅਧੀਨ ਇਨਕਲਾਬੀ ਤਬਦੀਲੀਆਂ ਆ ਰਹੀਆਂ ਹਨ। ਲਾਹੌਰ ਏਸ਼ੀਆ ਦਾ ਪਹਿਲਾ ਸ਼ਹਿਰ ਹੈ, ਜਿੱਥੇ ਨੀਲੀਆਂ ਸੜਕਾਂ ਵਿਛਾਉਣ ਦਾ ਕੰਮ ਹੋ ਰਿਹਾ ਹੈ। ਕਾਲੀਆਂ ਦੇ ਮੁਕਾਬਲੇ ਨੀਲੀਆਂ ਸੜਕਾਂ ਦਾ ਤਾਪਮਾਨ 2 ਡਿਗਰੀ ਘੱਟ ਹੁੰਦਾ ਹੈ। ਕਾਰਾਂ ਦੇ ਟਾਇਰ ਅਤੇ ਵਾਤਾਵਰਨ ਨੂੰ ਬਚਾਉਣ ਦਾ ਇਹ ਅਨੋਖਾ ਉੱਦਮ ਹੈ।
ਹਵੇਲੀ ਬਾਰੂਦਖ਼ਾਨਾ
ਮਹਾਰਾਜਾ ਰਣਜੀਤ ਸਿੰਘ ਦਾ ਗੋਲਾ-ਬਾਰੂਦ ਏਥੇ ਰੱਖਿਆ ਜਾਂਦਾ ਸੀ ਅਤੇ ਉਸਦੇ ਮਾਲਕ ਜਰਨੈਲ ਦੀ ਰਿਹਾਇਸ਼ ਵੀ ਏਥੇ ਹੀ ਸੀ। ਹੁਣ ਇਸ ਹਵੇਲੀ ਦਾ ਮਾਲਿਕ ਮੀਆਂ ਸਲਾਹੁਦੀਨ ਹੈ। ਇਸਦੇ ਅੰਦਰ ਨਾਯਾਬ ਵਸਤਾਂ ਪਈਆਂ ਹੋਈਆਂ ਹਨ, ਜਿਨ੍ਹਾਂ ਨੂੰ ਲਾਹੌਰ ਦੀਆਂ ਹਵੇਲੀਆ ਦੇ ਦਰਸ਼ਨ ਕਰਾਉਣ ਵਾਲੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਦੇਖਿਆ ਜਾ ਸਕਦਾ ਹੈ। ਪਰ ਇਸ ਹਵੇਲੀ ਦੀ ਸਭ ਤੋਂ ਵੱਡੀ ਤਾਕਤ ਇਸ ਅੰਦਰ ਹੁੰਦੇ ਸੰਗੀਤ ਦੇ ਬਹੁਤ ਕਮਾਲ ਦੇ ਪ੍ਰੋਗਰਾਮ ਹਨ। ਭਾਵੇਂ ਇਨ੍ਹਾਂ ਵਿਚ ਸ਼ਹਿਰ ਦੀ ਈਲੀਟ ਹੀ ਆਉਂਦੀ ਹੈ, ਪਰ ਆਨਲਾਈਨ ਸ੍ਰੋਤਾਂ ਵਿਚ ਇਨ੍ਹਾਂ ਪ੍ਰੋਗਰਾਮਾਂ ਦੀ ਕੁਆਲਿਟੀ ਅਤੇ ਸੰਗੀਤ ਦੇ ਪੰਜਾਬੀ ਵਿਰਸੇ ਨੂੰ ਭਰਪੂਰ ਮਾਣਿਆ ਜਾ ਸਕਦਾ ਹੈ। ਰੱਬ ਕਰੇ ਪੁਰਾਣੇ ਜ਼ਮਾਨੇ ਦਾ ਸਾਰਾ ਬਾਰੂਦ ਸੁੱਚੇ ਸੁਰਾਂ ਵਿਚ ਢਲ ਜਾਵੇ!
ਲਾਹੌਰ ਤੋਂ ਰਤਾ ਪਰ੍ਹੇ
ਕਸੂਰ ਵਾਲੇ ਪਾਸੇ ਘੰਟੇ ਕੁ ਦੀ ਦੂਰੀ `ਤੇ ਪਿੰਡ ਲਲਿਆਣੀ ਵਿਚ ਇਕਬਾਲ ਕੈਸਰ ਦੇ ਯਤਨਾਂ ਨਾਲ 2001 ਤੋਂ ਪੰਜਾਬ ਖੋਜਗੜ੍ਹ ਨਾਂ ਦੀ ਸੰਸਥਾ ਚੱਲ ਰਹੀ ਹੈ, ਜਿਸ ਵਿਚ ਲਗਪਗ 10000 ਪੁਸਤਕਾਂ ਹਨ। ਖੋਜਗੜ੍ਹ ਨੇ ਕਈ ਸਮਾਗਮ ਕਰਵਾਏ ਹਨ, ਪੁਸਤਕਾਂ ਛਾਪੀਆਂ ਹਨ ਅਤੇ ਪੰਜਾਬੀ ਸਾਹਿਤ, ਕਲਾ, ਸਭਿਆਚਾਰ ਅਤੇ ਇਤਿਹਾਸ ਨਾਲ ਸੰਬੰਧਿਤ ਸਾਰਥਕ ਕਾਰਜ ਕੀਤੇ ਹਨ। ਬਹੁਤ ਸਾਰੇ ਪੰਜਾਬੀ ਵਿਦਵਾਨ ਇਸ ਸੰਸਥਾ ਵਿਚ ਆ ਕੇ ਆਪਣੀ ਖੋਜ ਦਾ ਕੰਮ ਕਰਦੇ ਹਨ।