ਜੰਗ ਦੇ ਡਰਾਉਣੇ ਪ੍ਰਛਾਵੇਂ

ਆਮ-ਖਾਸ

ਯਾਦ-ਝਰੋਖਾ
ਪਰਮਜੀਤ ਢੀਂਗਰਾ
ਫੋਨ: +91-94173 58120
ਜੰਗਾਂ ਹਮੇਸ਼ਾ ਤਬਾਹੀ ਦਾ ਕਾਰਨ ਬਣਦੀਆਂ ਹਨ। ਅੱਜ ਕੱਲ੍ਹ ਇਹ ਗੱਲ ਬੜੀ ਸਪਸ਼ਟ ਹੈ ਕਿ ਦੇਸ਼ ਜੰਗ ਨਹੀਂ ਲੜਦੇ, ਸਗੋਂ ਵਿਸ਼ਵੀ ਤਾਕਤਾਂ ਜਿਵੇਂ ਚਾਹੁੰਦੀਆਂ ਹਨ, ਉਵੇਂ ਮੁਲਕਾਂ ਨੂੰ ਲੜਾਉਣ ਦੇ ਪੜੁਲ ਬੰਨ੍ਹ ਦਿੰਦੀਆਂ ਹਨ। ਉਹ ਹਮੇਸ਼ਾ ਆਪਣਾ ਨਫਾ ਸੋਚ ਕੇ ਕੋਈ ਕਦਮ ਚੁੱਕਦੀਆਂ ਹਨ। ਇਸ ਨਾਲ ਲੜਨ ਵਾਲੇ ਦੇਸ਼ ਆਰਥਿਕ ਪੱਖੋਂ ਵਿਸ਼ਵੀ ਤਾਕਤਾਂ ਦੇ ਦਾਬੇ ਹੇਠ ਚਲੇ ਜਾਂਦੇ ਹਨ ਤੇ ਫਿਰ ਉਨ੍ਹਾਂ ਕੋਲ ਆਪਣੇ ਮੁਲਕ ਦੇ ਕੀਮਤੀ ਸ੍ਰੋਤ ਇੱਕ ਤਰ੍ਹਾਂ ਨਾਲ ਗਹਿਣੇ ਧਰ ਦਿੰਦੇ ਹਨ। ਜੀਓ ਪਾਲਿਟਿਕਸ ਵਿੱਚ ਦੁਨੀਆ ਵਿੱਚ ਵੱਡੇ ਵੱਡੇ ਹੇਰ-ਫੇਰ ਹੋ ਰਹੇ ਹਨ। ਹਰ ਸੌ ਸਾਲ ਬਾਅਦ ਦੁਨੀਆ ਦੇ ਦੇਸ਼ਾਂ ਦੀਆਂ ਹੱਦਾਂ ਬਦਲਦੀਆਂ ਹਨ। ਹੁਣ ਫਿਰ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ।

ਪਹਿਲਗਾਮ ਵਿੱਚ ਵਾਪਰੇ ਦੁਖਾਂਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਕਸ਼ੀਦਗੀ ਚਲ ਰਹੀ ਹੈ। ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਸੂਈ ਪਾਕਿਸਤਾਨ ਵੱਲ ਜਾ ਰਹੀ ਹੈ, ਕਿਉਂਕਿ ਲੰਮੇ ਸਮੇਂ ਤੋਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਇਹੋ ਜਿਹੀਆਂ ਹੋਰ ਅਤਿਵਾਦੀ ਜਥੇਬੰਦੀਆਂ ਦੀ ਪਾਕਿਸਤਾਨ ਪੁਸ਼ਤਪਨਾਹੀ ਕਰਦਾ ਆ ਰਿਹਾ ਹੈ। ਉਹਦੇ ਵਿਦੇਸ਼ ਮੰਤਰੀ ਨੇ ਮੰਨਿਆ ਵੀ ਹੈ ਕਿ ਪਰਾਏ ਮੁਲਕਾਂ ਦੇ ਕਹਿਣ ਉੱਤੇ ਪਾਕਿਸਤਾਨ ਅਤਿਵਾਦੀ ਕਾਰਵਾਈਆਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ ਹੈ, ਜੋ ਮੰਦਭਾਗਾ ਹੈ। ਪਰ ਲੰਮੇ ਅਰਸੇ ਦੌਰਾਨ ਪਾਕਿਸਤਾਨ ਨੇ ਸਬਕ ਨਹੀਂ ਸਿਖਿਆ। ਉਥੇ ਲੋਕਤੰਤਰ ਬੜਾ ਕਮਜ਼ੋਰ ਹੈ ਤੇ ਫੌਜੀ ਹੁਕਮਰਾਨ ਮਨ ਮਰਜ਼ੀ ਦੇ ਫੈਸਲੇ ਲੈਣ ਲਈ ਆਜ਼ਾਦ ਹਨ।
ਇਸੇ ਤਣਾਅ ਵਿੱਚੋਂ ਜੰਗ ਦਾ ਬਿਗੁਲ ਵੱਜਿਆ। ਸਰਹੱਦੀ ਇਲਾਕਿਆਂ ਵਿੱਚ ਹਾਲੇ ਵੀ ਦਹਿਸ਼ਤ ਦਾ ਮਾਹੌਲ ਹੈ। ਜਿਨ੍ਹਾਂ ਲੋਕਾਂ ਨੇ ਪਹਿਲੀਆਂ ਜੰਗਾਂ ਭੁਗਤੀਆਂ ਹਨ, ਉਹ ਖੌਫਜ਼ਦਾ ਹਨ। ਲੋਕ ਪ੍ਰੇਸ਼ਾਨ ਹਨ ਕਿ ਪਾਕਿਸਤਾਨ ਨੂੰ ਜੰਗ ਦੀ ਥਾਂ ਸਬਕ ਸਿਖਾਉਣ ਦਾ ਹੋਰ ਕੋਈ ਰਾਹ ਨਹੀਂ? ਜੰਗ ਲੱਗੀ ਤੋਂ ਸਭ ਤੋਂ ਵੱਧ ਘਾਣ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਹੁੰਦਾ ਹੈ। ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਆਰਥਿਕ ਪੱਖੋਂ ਹੋਰ ਪੱਛੜ ਜਾਂਦਾ ਹੈ। ਜਦੋਂ ਘਰਾਂ ਦੇ ਘਰ ਉਜੜਦੇ ਹਨ ਤਾਂ ਕਈ ਪੀੜ੍ਹੀਆਂ ਉਦਾਸੀ ਦੀ ਜੂਨ ਹੰਢਾਉਂਦੀਆਂ ਹਨ। ਵਿਹੜਿਆਂ ਵਿੱਚ ਜਵਾਨਾਂ ਦੀਆਂ ਬਕਸੇ-ਬੰਦ ਲਾਸ਼ਾਂ ਸਾਰੀ ਉਮਰ ਤੜਫਾਉਂਦੀਆਂ ਹਨ।
ਜਦੋਂ 1965 ਦੀ ਜੰਗ ਲੱਗੀ ਤਾਂ ਮੈਂ ਪ੍ਰਾਇਮਰੀ ਦਾ ਵਿਦਿਆਰਥੀ ਸਾਂ। ਸਾਨੂੰ ਸਕੂਲ ਵਿੱਚ ਸਿਖਾਇਆ ਜਾਂਦਾ ਸੀ ਕਿ ਜੇ ਹਵਾਈ ਹਮਲਾ ਹੋ ਜਾਵੇ ਤਾਂ ਕੀ ਕਰਨਾ ਹੈ। ਇਹਦੇ ਲਈ ਦੋ ਗੱਲਾਂ ਅਜੇ ਤੱਕ ਯਾਦ ਹਨ- ਪਹਿਲੀ ਇਹ ਕਿ ਕੰਧ ਨਾਲ ਲੱਗ ਕੇ ਖਲੋ ਜਾਣਾ ਹੈ। ਦੂਜਾ, ਜੇ ਨੇੜੇ ਕੋਈ ਰੁੱਖ ਹੋਵੇ ਤਾਂ ਉਹਦੇ ਹੇਠਾਂ ਮੂਧੇ ਲੇਟ ਜਾਣਾ ਹੈ। ਇਹ ਦੋਵੇਂ ਅਭਿਆਸ ਸਕੂਲ ਵੜਦਿਆਂ ਉੱਚੀ ਜਿਹੀ ਕੱਚੀ ਥਾਂ `ਤੇ ਜਗਦੀਸ਼ ਭੈਣ ਜੀ ਵਲੋਂ ਕਰਵਾਏ ਜਾਂਦੇ ਸਨ। ਸਕੂਲ ਵਿੱਚ ਪੜ੍ਹਾਈ ਨਾ-ਮਾਤਰ ਰਹਿ ਗਈ ਸੀ।
ਇਹ ਜੰਗ ਚਾਨਣੀਆਂ ਰਾਤਾਂ ਵਿੱਚ ਹੋਈ ਸੀ। ਚਾਰੇ ਪਾਸੇ ਬਲੈਕ ਆਊਟ ਹੁੰਦੀ ਸੀ ਤੇ ਹਨੇਰੇ ਵਿੱਚੋਂ ਜਿੱਥੋਂ ਥਾਂ ਲੱਭਦੀ, ਆਪਣੇ ਰਾਹ ਬਣਾਉਂਦੀ ਚਾਨਣੀ ਬੜਾ ਤਲਿਸਮੀ ਮਾਹੌਲ ਸਿਰਜ ਦਿੰਦੀ ਸੀ। ਉਦੋਂ ਖਬਰਾਂ ਦਾ ਮੁੱਖ ਸ੍ਰੋਤ ਅਕਾਸ਼ਬਾਣੀ ਦਾ ਜਲੰਧਰ ਸਟੇਸ਼ਨ ਹੁੰਦਾ ਸੀ। ਉਸ ਉੱਤੇ ਰਾਤੀਂ ਅੱਠ ਵਜੇ ਖਬਰਾਂ ਆਉਂਦੀਆਂ ਸਨ। ਸਾਡਾ ਸਾਰਾ ਟੱਬਰ ਚਾਨਣੀ ਵਿੱਚ ਰੌਂਸ `ਤੇ ਬਹਿ ਕੇ ਇਹ ਖਬਰਾਂ ਟਰਾਂਜਿਸਟਰ `ਤੇ ਸੁਣਦਾ। ਆਸ-ਪਾਸ ਦੇ ਘਰਾਂ ਵਾਲੇ ਵੀ ਆਪਣੀਆਂ ਛੱਤਾਂ `ਤੇ ਬੈਠੇ ਖਬਰਾਂ ਸੁਣਦੇ, ਨਾਲ ਨਾਲ ਜੰਗ `ਤੇ ਤਬਸਰੇ ਕਰਦੇ। ਦੂਜਾ ਸ੍ਰੋਤ ਲਾਹੌਰ ਦਾ ਰੇਡੀਓ ਸਟੇਸ਼ਨ ਹੁੰਦਾ ਸੀ, ਜਿਸ ਵਿੱਚ ਮਸਾਲੇਦਾਰ ਖਬਰਾਂ ਨੂੰ ਵਧਾਅ-ਚੜ੍ਹਾਅ ਕੇ ਜਿੰਨਾ ਝੂਠ ਬੋਲਿਆ ਜਾ ਸਕਦਾ ਸੀ, ਬੋਲਿਆ ਜਾਂਦਾ। ਮਸਲਨ ਪਾਕਿਸਤਾਨੀ ਫੌਜਾਂ ਨੇ ਅੰਮ੍ਰਿਤਸਰ ਫਤਹਿ ਕਰ ਲਿਆ ਤੇ ਕੁਲਚੇ ਛੋਲੇ ਖਾ ਕੇ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ…। ਹੁਣ ਪਾਕਿਸਤਾਨੀ ਫੌਜਾਂ ਅੰਬਾਲੇ ਦੇ ਨੇੜੇ ਢੁੱਕਣ ਵਾਲੀਆਂ ਨੇ…। ਦਿੱਲੀ ਹੁਣ ਦੂਰ ਨਹੀਂ, ਜਲਦੀ ਲਾਲ ਕਿਲ੍ਹੇ `ਤੇ ਪਾਕਿਸਤਾਨੀ ਤਰਾਨਾ ਵੱਜ ਰਿਹਾ ਸੁਣੋਗੇ…। ਤੇ ਇਹੋ ਜਿਹੀ ਹੋਰ ਬੱਕੜਵਾਹ।
ਗਰਮੀ ਦਾ ਮੌਸਮ ਸੀ। ਅਸੀਂ ਬੱਚੇ ਏਨਾ ਡਰ ਗਏ ਸਾਂ ਕਿ ਰਾਤ ਨੂੰ ਸਾਨੂੰ ਨੀਂਦ ਨਹੀਂ ਸੀ ਆਉਂਦੀ ਤੇ ਭਰ ਗਰਮੀ ਵਿੱਚ ਵੀ ਅਸੀਂ ਰਜਾਈ ਵਿੱਚ ਸਿਰ, ਮੂੰਹ ਲਪੇਟੀ ਮੁੜ੍ਹਕੇ ਨਾਲ ਭਿੱਜੇ, ਖੌਫਜ਼ਦਾ ਰਹਿੰਦੇ ਸਾਂ। ਰੌਂਸ ਦੇ ਅਗਲੇ ਪਾਸੇ ਲੋਹੇ ਦੀਆਂ ਮੋਟੀਆਂ ਸੀਖਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਕੋਲ ਉਤੋਂ ਖਲੋ ਕੇ ਜੇ ਹੇਠਾਂ ਬਾਜ਼ਾਰ ਵੱਲ ਦੇਖਦੇ ਤਾਂ ਗਾੜ੍ਹਾ ਹਨੇਰਾ ਬੜਾ ਡਰਾਉਣਾ ਨਜ਼ਰ ਆਉਂਦਾ। ਚਾਨਣੀ ਦੀ ਕਾਤਰ ਦੁਕਾਨਾਂ `ਤੇ ਪਤਲੇ ਜਿਹੇ ਚੀਰ ਵਾਂਗ ਨਜ਼ਰ ਆਉਂਦੀ। ਥੱਲੇ ਪੁਲਿਸ ਦਾ ਪਹਿਰਾ ਹੁੰਦਾ ਸੀ ਤੇ ਉਹ ਸੀਟੀ ਮਾਰ ਕੇ ਪਿਛੇ ਹੋ ਜਾਣ ਲਈ ਕਹਿੰਦੇ। ਵੱਡੇ ਸਾਨੂੰ ਝਿੜਕ ਕੇ ਪਿਛੇ ਕਰ ਦਿੰਦੇ। ਉਨ੍ਹਾਂ ਦੇ ਚੇਹਰਿਆਂ `ਤੇ ਡਰ ਤੇ ਖੌਫ਼ ਹੁੰਦਾ ਕਿ ਜਿਵੇਂ ਜਿਵੇਂ ਲੜਾਈ ਵੱਧ ਰਹੀ ਹੈ, ਆਪਣੇ ਟੱਬਰ ਨੂੰ ਕਿਹੜੀ ਸੁਰੱਖਿਅਤ ਥਾਂ `ਤੇ ਭੇਜਿਆ ਜਾਵੇ। ਮੇਰੀਆਂ ਭੂਆ ਕਾਨਪੁਰ, ਦਿੱਲੀ, ਦੇਹਰਾਦੂਨ ਵਗੈਰਾ ਰਹਿੰਦੀਆਂ ਸਨ, ਉਨ੍ਹਾਂ ਦੇ ਸੁਨੇਹੇ ਆਉਂਦੇ ਕਿ ਉਥੇ ਆ ਜਾਓ; ਪਰ ਘਰ-ਘਾਟ, ਕਾਰੋਬਾਰ ਛੱਡ ਕੇ ਜਾਣੇ ਔਖੇ ਸਨ। ਵੱਡਿਆਂ ਨੇ ਵੰਡ ਦਾ ਦੁਖਾਂਤ ਝੱਲਿਆ ਹੋਇਆ ਸੀ ਤੇ ਹੁਣ ਉਹ ਇਸ ਸਰਾਪ ਨੂੰ ਹੋਰ ਥਾਂ ਜਾ ਕੇ ਹੰਢਾਉਣ ਲਈ ਤਿਆਰ ਨਹੀਂ ਸਨ।
ਦਿਨ ਵੇਲੇ ਫੌਜੀ ਪਲਟਨਾਂ ਬਾਜ਼ਾਰਾਂ ਵਿੱਚੋਂ ਪੈਦਲ ਮਾਰਚ ਕਰਦੀਆਂ ਲੰਘਦੀਆਂ। ਅਸੀਂ ਉਨ੍ਹਾਂ ਨੂੰ ਜੈ ਹਿੰਦ ਕਹਿ ਕੇ ਸਲੂਟ ਮਾਰਦੇ। ਉਹ ਵੀ ਅੱਗੋਂ ਸਲੂਟ ਮਾਰਦੇ। ਉਨ੍ਹਾਂ ਦੇ ਚਿਹਰੇ ਵੀ ਕਿਸੇ ਅਨਜਾਣੀ ਚਿੰਤਾ ਵਿੱਚ ਡੁੱਬੇ ਨਜ਼ਰ ਆਉਂਦੇ, ਉਨ੍ਹਾਂ ਦਿਨਾਂ ਵਿੱਚ ਜੰਗ ਖਿਲਾਫ਼ ਲਿਖੇ ਕਿੱਸੇ ਬੜੇ ਮਸ਼ਹੂਰ ਹੁੰਦੇ ਸਨ। ਇੱਕ ਕਿੱਸਾ ਦਸ ਪੈਸੇ ਦਾ ਆਉਂਦਾ ਸੀ। ਮੈਨੂੰ ਕਈ ਕਿੱਸੇ ਜ਼ਬਾਨੀ ਯਾਦ ਸਨ। ਦੋ ਸਤਰਾਂ ਅੱਜ ਵੀ ਜਿਹਨ ਵਿੱਚ ਸੁਰੱਖਿਅਤ ਹਨ,
ਜਦੋਂ ਦਾ ਹੈ ਸੰਨ ਪੈਂਹਠ ਚੜ੍ਹਿਆ
ਪਾਕਿਸਤਾਨ ਤਾਈਂ ਹੈ ਸੱਪ ਲੜਿਆ।
ਮਾਤਾ ਦੇ ਦਾਗਾਂ ਵਾਲੇ ਅੱਧਖੜ ਬੰਦੇ ਦਾ ਚਿਹਰਾ ਅੱਜ ਤੱਕ ਯਾਦ ਹੈ, ਜੋ ਬਾਜ਼ਾਰਾਂ ਵਿੱਚ ਗਾ-ਗਾ ਕੇ ਇਹ ਕਿੱਸੇ ਵੇਚਦਾ ਹੁੰਦਾ ਸੀ। ਜੰਗ ਖਤਮ ਹੋਣ ਤੋਂ ਬਾਅਦ ਵੀ ਇਹ ਕਿੱਸੇ ਵਿਕਦੇ ਤੇ ਗਾਏ ਜਾਂਦੇ ਰਹੇ ਸਨ।
ਉਨ੍ਹਾਂ ਦਿਨਾਂ ਦੀ ਇੱਕ ਘਟਨਾ ਯਾਦ ਹੈ। ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ ਕਿ ਖੇਮਕਰਨ ਸੈਕਟਰ ਵਿੱਚ ਪਾਕਿਸਤਾਨੀ ਫੌਜ ਦਾਖਲ ਹੋ ਗਈ ਹੈ ਤੇ ਬੜੀ ਜਲਦੀ ਭਿੱਖੀਵਿੰਡ, ਖਾਲੜਾ ਤੇ ਝਬਾਲ ਵਿੱਚ ਵੜ ਸਕਦੀ ਹੈ। ਤਰਨਤਾਰਨ ਵੀ ਬਿਲਕੁਲ ਨੇੜੇ ਸੀ। ਸਾਡੇ ਸਾਰੇ ਕੁਨਬੇ ਨੇ ਫੈਸਲਾ ਕੀਤਾ ਕਿ ਭਾਵੇਂ ਦੁਸ਼ਮਣ ਦੀ ਫੌਜ ਆ ਜਾਵੇ, ਇੱਥੇ ਰਹਿ ਕੇ ਮੁਕਾਬਲਾ ਕੀਤਾ ਜਾਵੇ। ਕਿਤੇ ਭੱਜਣ ਦੀ ਲੋੜ ਨਹੀਂ। ਇੱਕ ਦਿਨ ਇਹ ਖਬਰ ਵੀ ਆ ਗਈ ਕਿ ਕਸੂਰ ਵਾਲੇ ਪਾਸਿਓਂ ਪਾਕਿਸਤਾਨੀ ਫੌਜ ਪੱਟੀ ਵੱਲ ਵੱਧ ਰਹੀ ਹੈ। ਖਤਰਾ ਪੈਰੋ ਪੈਰ ਵੱਧਦਾ ਜਾ ਰਿਹਾ ਸੀ, ਪਰ ਡਰ ਤੇ ਖੌਫ ਵਿੱਚੋਂ ਕੋਈ ਰਾਹ ਵੀ ਨਹੀਂ ਸੀ ਲੱਭ ਰਿਹਾ। ਉਨ੍ਹਾਂ ਦਿਨਾਂ ਵਿੱਚ ਇੱਕ ਘਟਨਾ ਚਰਚਾ ਵਿੱਚ ਸੀ ਕਿ ਪਾਕਿਸਤਾਨ ਦੇ ਜੰਗੀ ਜਹਾਜ਼ ਨੂੰ ਉਡਾ ਰਹੇ ਇੱਕ ਫੌਜੀ ਕਮਾਂਡਰ ਨੂੰ ਵਾਰ ਵਾਰ ਤਰਨਤਾਰਨ `ਤੇ ਹਮਲਾ ਕਰਨ ਲਈ ਭੇਜਿਆ ਜਾ ਰਿਹਾ ਸੀ, ਕਿਉਂਕਿ ਉਹ ਇੱਥੋਂ ਦਾ ਜੰਮਪਲ ਸੀ ਤੇ ਉਹਨੂੰ ਲੋਕੇਸ਼ਨ ਦਾ ਪਤਾ ਸੀ; ਪਰ ਉਹ ਹਰ ਵਾਰ ਵਾਪਸ ਜਾ ਕੇ ਕਹਿ ਦਿੰਦਾ ਕਿ ਉਹਨੂੰ ਤਾਂ ਉਸ ਲੋਕੇਸ਼ਨ ਹੇਠ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਇਸ ਲਈ ਪਾਣੀ ਵਿੱਚ ਬੰਬ ਨਹੀਂ ਸੁੱਟ ਸਕਦਾ।
ਉਨ੍ਹਾਂ ਦਿਨਾਂ ਵਿੱਚ ਅਫਵਾਹਾਂ ਦਾ ਬਾਜ਼ਾਰ ਬੜਾ ਗਰਮ ਹੁੰਦਾ ਸੀ ਤੇ ਇਨ੍ਹਾਂ ਦੀ ਪੁਸ਼ਟੀ ਜਾਂ ਰੱਦ ਕਰਨ ਦਾ ਕੋਈ ਸਾਧਨ ਨਹੀਂ ਸੀ ਹੁੰਦਾ। ਲੋਕ ਯਕੀਨ ਕਰ ਲੈਂਦੇ ਫਿਰ ਪਛਤਾਂਦੇ। ਹੁਣ ਬਾਜ਼ਾਰਾਂ ਵਿੱਚੋਂ ਹਰ ਰੋਜ਼ ਸਿੱਖ ਰੈਜੀਮੈਂਟਾਂ ਲੰਘਣ ਲੱਗੀਆਂ। ਕਈ ਲੋਕ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡ ਕੇ ਫੌਜੀਆਂ ਦਾ ਮਨੋਬਲ ਵਧਾਉਂਦੇ। ਸ਼ਾਮ ਦੇ ਚਾਰ ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਤੇ ਇੰਜ ਸੁੰਨ ਪਸਰ ਜਾਂਦੀ, ਜਿਵੇਂ ਪ੍ਰੇਤ ਫਿਰ ਗਿਆ ਹੋਵੇ। ਸੱਤ ਵਜੇ ਬਲੈਕ ਆਊਟ ਹੋ ਜਾਂਦੀ ਤੇ ਅੱਗੇ ਡਰਾਉਣੀ ਇੱਕ ਹੋਰ ਰਾਤ ਪਹਿਰੇ ਉਤੇ ਆ ਜਾਂਦੀ। ਇੰਜ ਹੀ ਅਫਵਾਹਾਂ, ਡਰ ਤੇ ਖੌਫ਼ ਨਾਲ ਘਸੜਦੀ ਲੜਾਈ ਅੱਗੇ ਵਧਦੀ ਜਾ ਰਹੀ ਸੀ, ਜਦੋਂ ਅਚਾਨਕ ਇੱਕ ਦਿਨ ਖਬਰ ਆ ਗਈ ਕਿ ਭਾਰਤੀ ਫੌਜ ਛੰਬ ਜੋੜੀਆਂ ਤੇ ਬਰਕੀ ਰਾਹੀਂ ਪਾਕਿਸਤਾਨ ਵਿੱਚ ਵੜ ਗਈ ਹੈ। ਲੋਕਾਂ ਨੂੰ ਜਿਵੇਂ ਸਾਹ ਆ ਗਿਆ। ਬਰਕੀ ਪਿੱਤਲ ਦੇ ਭਾਰੇ ਤੇ ਵੱਡੇ ਭਾਂਡਿਆਂ ਲਈ ਮਸ਼ਹੂਰ ਸੀ। ਉਥੋਂ ਲੁੱਟੇ ਭਾਂਡੇ ਖੱਚਰਾਂ `ਤੇ ਲੱਦ ਕੇ ਲਿਆਂਦੇ ਗਏ ਤੇ ਸਾਡਾ ਬਾਜ਼ਾਰ ਭਾਂਡਿਆਂ ਵਾਲੇ ਬਾਜ਼ਾਰ ਕਰਕੇ ਮਸ਼ਹੂਰ ਸੀ। ਇੱਥੇ ਆ ਕੇ ਉਹ ਭਾਂਡੇ ਵਿਕਦੇ।
1965 ਦਾ ਇੱਕ ਹੋਰ ਦਰਦਨਾਕ ਵਾਕਿਆ ਯਾਦ ਹੈ। ਅੰਮ੍ਰਿਤਸਰ ਵਿੱਚ ਛੋਟਾ ਜਿਹਾ ਕਸਬਾ ਛੇਹਰਟਾ ਹੈ। ਇਹ ਪੰਜਵੇਂ ਤੇ ਛੇਵੇਂ ਗੁਰੂ ਸਾਹਿਬ ਦੀ ਵਰੋਸਾਈ ਧਰਤੀ ਹੈ। ਸਿੱਖ ਇੱਥੇ ਅਕਸਰ ਦਰਸ਼ਨ ਦੀਦਾਰੇ ਕਰਨ ਲਈ ਆਉਂਦੇ ਹਨ। ਇਸ ਕਸਬੇ ਕੋਲ ਤੇਜ਼ਾਬ ਬਣਾਉਣ ਦੀ ਇੱਕ ਬਹੁਤ ਵੱਡੀ ਫੈਕਟਰੀ ਹੁੰਦੀ ਸੀ। ਉਹ ਪਾਕਿਸਤਾਨ ਦੇ ਨਿਸ਼ਾਨੇ ਉਤੇ ਸੀ। ਜੇ ਉਹਦੇ ਉਤੇ ਬੰਬਾਰੀ ਹੋ ਜਾਂਦੀ ਤਾਂ ਸਾਰਾ ਅੰਮ੍ਰਿਤਸਰ ਸ਼ਹਿਰ ਤਬਾਹ ਹੋ ਸਕਦਾ ਸੀ। ਪਾਕਿਸਤਾਨ ਦਾ ਲੜਾਕੂ ਜਹਾਜ਼ ਉਸ `ਤੇ ਬੰਬਾਰੀ ਕਰਨ ਤੋਂ ਉਕ ਗਿਆ ਤੇ ਉਹਨੇ ਛੇਹਰਟੇ ਦੇ ਭੀੜ ਭਾੜ ਵਾਲੇ ਪ੍ਰਤਾਪ ਬਾਜ਼ਾਰ `ਤੇ ਹਮਲਾ ਕਰ ਦਿੱਤਾ। ਸ਼ਹਿਰੀ ਵੱਸੋਂ ਨੂੰ ਨਿਸ਼ਾਨਾ ਬਣਾਉਣਾ ਜੰਗ ਦੇ ਅਸੂਲਾਂ ਦੇ ਖਿਲਾਫ਼ ਹੈ; ਪਰ ਕਿਹਾ ਜਾਂਦਾ ਹੈ ਨਾ ਕਿ ਪਿਆਰ ਤੇ ਜੰਗ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ!
ਬੰਬਾਰੀ ਤੋਂ ਬਾਅਦ ਬਾਜ਼ਾਰ ਦਾ ਦ੍ਰਿਸ਼ ਬੜਾ ਭਿਆਨਕ ਸੀ। ਉਹਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ। ਸਾਰਾ ਬਾਜ਼ਾਰ ਢਹਿ ਢੇਰੀ ਹੋ ਗਿਆ। ਮਰਨ ਵਾਲਿਆਂ ਦੇ ਚੀਥੜੇ ਉਡ ਗਏ। ਬਿਜਲੀ ਦੀਆਂ ਤਾਰਾਂ `ਤੇ ਕਿਸੇ ਦੀ ਬਾਂਹ ਲਟਕੀ ਹੋਈ ਸੀ, ਕਿਸੇ ਦੀ ਲੱਤ। ਕਿਸੇ ਦੇ ਸਿਰ ਦੇ ਚੀਥੜੇ ਤੇ ਕਿਸੇ ਹੋਰ ਦੇ ਸਰੀਰ ਦੇ ਲਹੂ ਚੋਂਅਦੇ ਅੰਗ। ਸਮਾਨ ਸੜ ਰਿਹਾ ਸੀ। ਚਾਰੇ ਪਾਸੇ ਕੋਹਰਾਮ ਮਚਿਆ ਹੋਇਆ ਸੀ। ਅਜਿਹੇ ਦਰਦਨਾਕ ਮੰਜ਼ਰ ਅੱਜ ਦੇ ਸੀਰੀਆ ਤੇ ਗਾਜ਼ਾ ਵਿੱਚ ਦੇਖੇ ਜਾ ਸਕਦੇ ਹਨ। ਜੰਗਾਂ ਸ਼ਾਇਦ ਸਿਰਫ ਆਮ ਲੋਕਾਂ ਨੂੰ ਮਾਰਨ ਤੇ ਤਬਾਹੀ ਲਈ ਹੀ ਲੜੀਆਂ ਜਾਂਦੀਆਂ ਹਨ।
ਜ਼ਮੀਨੀ ਲੜਾਈ ਪੱਖੋਂ ਉਦੋਂ ਪਾਕਿਸਤਾਨ ਦਾ ਹੱਥ ਉਪਰ ਸੀ। ਭਾਰਤ ਪੰਚਸ਼ੀਲ ਦਾ ਦੀਵਾਨਾ ਹੋਣ ਕਰਕੇ ਸ਼ਾਂਤੀ, ਅਮਨ ਤੇ ਵਿਸ਼ਵ ਭਾਈਚਾਰੇ ਦਾ ਅਲੰਬਰਦਾਰ ਸੀ। ਦੇਸ਼ ਨੂੰ ਆਜ਼ਾਦ ਹੋਇਆਂ ਬਹੁਤਾ ਸਮਾਂ ਨਹੀਂ ਸੀ ਹੋਇਆ। ਗੁਲਾਮੀ ਦੇ ਜੂਲੇ ਵਿੱਚੋਂ ਨਿਕਲ ਕੇ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਤੈਅ ਕਰਨ ਲਈ ਪੰਜ ਸਾਲਾ ਯੋਜਨਾਵਾਂ `ਤੇ ਅਮਲ ਕੀਤਾ ਜਾ ਰਿਹਾ ਸੀ। ਇਸ ਲਈ ਜੰਗੀ ਤਿਆਰੀ ਵਜੋਂ ਅਜੇ ਬਹੁਤ ਕੁਝ ਕਰਨ ਵਾਲਾ ਬਾਕੀ ਸੀ। ਪਾਕਿਸਤਾਨ ਦਾ ਪੈਟਨ ਟੈਂਕ ਭਾਰਤੀ ਫੌਜ ਲਈ ਵੱਡੀ ਚੁਣੌਤੀ ਸੀ। ਇਸਦੀ ਬਣਤਰ ਅਜਿਹੀ ਸੀ ਕਿ ਗੋਲਾ ਇਹਦੇ `ਤੇ ਵੱਜ ਕੇ ਤਿਲਕ ਜਾਂਦਾ ਸੀ ਤੇ ਇਹਦਾ ਨੁਕਸਾਨ ਨਹੀਂ ਸੀ ਹੁੰਦਾ। ਭਾਰਤੀ ਫੌਜ ਨੇ ਇਹਦਾ ਮੁਕਾਬਲਾ ਕਰਨ ਲਈ ਅਜਿਹਾ ਗੋਲਾ ਤਿਆਰ ਕੀਤਾ, ਜੋ ਵਰਮੇ ਵਾਂਗ ਘੁੰਮਦਾ ਇਸ ਵਿੱਚ ਛੇਕ ਕਰਕੇ ਇਹਨੂੰ ਤਬਾਹ ਕਰਨ ਲੱਗਾ। ਬਸ ਫਿਰ ਭਾਰਤੀ ਫੌਜ ਪਾਕਿਸਤਾਨ `ਤੇ ਹਾਵੀ ਹੋਣ ਲੱਗੀ। ਬਾਅਦ ਵਿੱਚ ਕਈ ਚਿਰ ਤੱਕ ਤਬਾਹ ਕੀਤੇ ਪੈਟਨ ਟੈਂਕਾਂ ਦੀ ਨੁਮਾਇਸ਼ ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਜੀ.ਟੀ. ਰੋਡ ਉਤੇ ਕੀਤੀ ਗਈ। ਲੋਕ ਉਸ `ਤੇ ਚੜ੍ਹ ਚੜ੍ਹ ਕੇ ਦੇਖਦੇ ਨਾਲੇ ਖੁਸ਼ ਹੁੰਦੇ।
ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਨੇ ਲੋਕਾਂ ਤੇ ਫੌਜ ਵਿੱਚ ਨਵੀਂ ਰੂਹ ਫੂਕ ਦਿਤੀ ਤੇ ਅਖੀਰ ਪਾਕਿਸਤਾਨ ਦੇ ਇਲਾਕਿਆਂ ਵਿੱਚ ਭਾਰਤੀ ਫੌਜ ਨੇ ਝੰਡੇ ਗੱਡ ਕੇ ਸੀਜ਼ ਫਾਇਰ ਕਰ ਦਿੱਤਾ। ਲੜਾਈ ਦੇ ਖਤਮ ਹੋਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਬਲੈਕ ਆਊਟ ਹੁੰਦੀ ਰਹੀ। ਅਖੀਰ ਜੰਗਬੰਦੀ ਬਾਰੇ ਤਾਸ਼ਕੰਦ ਸਮਝੌਤਾ ਹੋਇਆ; ਪਰ ਅਸੀਂ ਇੱਕ ਦੂਰਦਰਸ਼ੀ ਸੋਚ ਵਾਲਾ, ਹਿੰਮਤੀ ਤੇ ਦ੍ਰਿੜ ਇਰਾਦੇ ਵਾਲਾ ਪ੍ਰਧਾਨ ਮੰਤਰੀ ਗੁਆ ਲਿਆ। ਇਤਿਹਾਸ ਦੇ ਪੰਨਿਆਂ `ਤੇ ਇਸ ਲੜਾਈ ਵਿੱਚ ਫੌਜ ਤੇ ਦੇਸ਼ ਵਾਸੀਆਂ ਨੂੰ ਚੜ੍ਹਦੀ ਕਲਾ ਦਾ ਭਰੋਸਾ ਦੇਣ ਲਈ ਲਾਲ ਬਹਾਦਰ ਸ਼ਾਸਤਰੀ ਹੋਰਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਦੇਸ਼ ਵੰਡ ਵੇਲੇ ਪੰਜਾਬ ਤੇ ਬੰਗਾਲ ਦੀ ਵੰਡ ਕਰ ਦਿੱਤੀ ਗਈ। ਇਹ ਸਿਤਮਜ਼ਰੀਫੀ ਸੀ ਕਿ ਜਿਨਾਹ ਨੇ ਪਾਕਿਸਤਾਨ ਮੰਗਿਆ ਸੀ, ਪਰ ਇਹਦੀ ਰੂਪ-ਰੇਖਾ ਸਪਸ਼ਟ ਨਹੀਂ ਸੀ। ਸਿੰਧ ਤੇ ਬਲੋਚਿਸਤਾਨ ਵੱਖਰੀ ਭਾਹ ਵਾਲੇ ਇਲਾਕੇ ਸਨ। ਸਿੰਧੀ ਤੇ ਬਲੋਚੀ ਅੱਜ ਤੱਕ ਆਪਣੀ ਵੱਖਰੀ ਹੋਂਦ ਲਈ ਲੜ ਰਹੇ ਹਨ। ਪੂਰਬੀ ਬੰਗਾਲ ਪਾਕਿਸਤਾਨ ਦਾ ਅਜਿਹਾ ਇਲਾਕਾ ਸੀ, ਜੋ ਭੂਗੋਲਿਕ ਤੌਰ ਉੱਤੇ ਨਾਲ ਲਗਵਾਂ ਨਹੀਂ, ਸਗੋਂ ਵੱਡੀ ਦੂਰੀ ਉੱਤੇ ਸੀ। ਪੂਰਬੀ ਬੰਗਾਲ ਦੇ ਲੋਕ ਉਰਦੂ ਦੀ ਥਾਂ ਬੰਗਾਲੀ ਭਾਸ਼ਾ, ਰਵਾਇਤਾਂ ਤੇ ਸਭਿਆਚਾਰ ਨਾਲ ਪਰਣਾਏ ਹੋਏ ਸਨ। ਪਾਕਿਸਤਾਨ ਦੇ ਹੁਕਮਰਾਨ ਤੇ ਵਿਸ਼ੇਸ਼ ਕਰਕੇ ਫੌਜ ਮੁਖੀ ਉਨ੍ਹਾਂ ਨੂੰ ਆਪਣੀ ਪਾਲਿਸੀ ਹੇਠ ਉਰਦੂ ਤੇ ਇਸਲਾਮੀਕਰਨ ਕਰਕੇ ਰਾਜ ਕਰਨਾ ਚਾਹੁੰਦੇ ਸਨ। ਹੌਲੀ ਹੌਲੀ ਉਥੇ ਬੇਚੈਨੀ ਵਧਣ ਲੱਗੀ। ਪਾਕਿਸਤਾਨ ਫੌਜ ਦੇ ਨੀਚ ਕਾਰਿਆਂ ਦਾ ਵਿਰੋਧ ਕਰਨ ਲਈ ਲੋਕ ਸੜਕਾਂ ਉੱਤੇ ਆ ਗਏ। ਸ਼ੇਖ ਮੁਜੀਬਰ ਰਹਿਮਾਨ ਨੇ ਆਪਣੇ ਗੁਆਂਢੀ ਭਾਰਤ ਦਾ ਓਟ ਆਸਰਾ ਲਿਆ। ਭਾਰਤੀ ਫੌਜ ਨੇ ਪਹਿਲਾਂ ਮੁਕਤੀ ਵਾਹਣੀ ਦਸਤਿਆਂ ਦਾ ਗਠਨ ਕੀਤਾ, ਜੋ ਪਾਕਿਸਤਾਨੀ ਫੌਜ ਨਾਲ ਭਿੜਨ ਲੱਗੇ। ਪਾਕਿਸਤਾਨ ਨੇ ਚਿੜ ਵਿੱਚ ਆ ਕੇ ਪੰਜਾਬ ਵਾਲੇ ਪਾਸੇ ਲੜਾਈ ਦਾ ਬਿਗਲ ਵਜਾ ਦਿੱਤਾ।
ਇਹ ਲੜਾਈ ਦਸੰਬਰ ਦੇ ਮਹੀਨੇ ਵਿੱਚ ਹੋਈ। ਇਸ ਲੜਾਈ ਸਮੇਂ ਵੀ ਉਸੇ ਤਰ੍ਹਾਂ ਬਲੈਕ ਆਊਟ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਾਡਾ ਸਾਰਾ ਖਾਨਦਾਨ ਇੱਕ ਵਾਰ ਫਿਰ ਡਰ ਤੇ ਖੌਫ਼ ਦੇ ਸਾਏ ਹੇਠ ਝੂਰਨ ਲੱਗਾ। ਅਸਲ ਵਿੱਚ ਵਪਾਰੀ ਹਮੇਸ਼ਾ ਸ਼ਾਂਤੀ ਚਾਹੁੰਦੇ ਹਨ ਤਾਂ ਕਿ ਵਪਾਰ ਨਿਰਵਿਘਨ ਚਲਦਾ ਰਹੇ। 1971 ਦੀ ਜੰਗ ਦੀਆਂ ਯਾਦਾਂ ਵੀ ਅਜੇ ਤੱਕ ਮਨ ਵਿੱਚ ਉਕਰੀਆਂ ਪਈਆਂ ਹਨ।
ਸਾਰੀ ਸਾਰੀ ਰਾਤ ਗੋਲਿਆਂ ਦੀ ਗਰਜ ਸੁਣਾਈ ਦਿੰਦੀ ਤੇ ਘਰ ਦੀਆਂ ਬਾਰੀਆਂ ਤੇ ਰੌਸ਼ਨਦਾਨ ਧਮਕ ਨਾਲ ਕੰਬਦੇ। ਇਸ ਡਰਾਉਣੇ ਤੇ ਹਨੇਰੇ ਮਾਹੌਲ ਵਿੱਚ ਸਾਹ ਘੁੱਟਦਾ। ਰਾਤ ਨੂੰ ਮਿੱਟੀ ਦੇ ਤੇਲ ਦਾ ਲੈਂਪ ਬਾਲ ਕੇ ਪੜ੍ਹਾਈ ਕਰਨੀ। ਜਿਸ ਬਾਰੀ ਵਿੱਚ ਲੈਂਪ ਰਖਿਆ ਹੁੰਦਾ ਸੀ, ਉਹਦੇ ਬਾਹਰ ਮੋਟਾ ਪੜਦਾ ਤਾਣ ਦੇਣਾ ਤਾਂ ਕਿ ਚਾਨਣ ਬਾਹਰ ਨਾ ਜਾਵੇ। ਅੰਦਰ ਧੂੰਆਂ ਇਕੱਠਾ ਹੋ ਜਾਣਾ, ਪਰ ਇੱਕ ਸਿਰੜ ਹੁੰਦਾ ਸੀ ਕਿ ਹਰ ਚੀਜ਼ ਦਾ ਮੁਕਾਬਲਾ ਕਰਨਾ ਆਉਣਾ ਚਾਹੀਦਾ ਹੈ। ਸਵੇਰੇ ਛੇ ਵਜੇ ਮੈਂ ਟਿਊਸ਼ਨ ਪੜ੍ਹਨ ਲਈ ਮਾਸਟਰ ਸਾਧੂ ਸਿੰਘ ਹੋਰਾਂ ਦੇ ਘਰ ਜਾਣਾ। ਉਨ੍ਹਾਂ ਦਾ ਘਰ ਲਗਪਗ ਇੱਕ ਡੇਢ ਕਿਲੋਮੀਟਰ ਸ਼ਹਿਰ ਤੋਂ ਬਾਹਰਵਾਰ ਨੂਰਦੀਨ ਵਾਲੀ ਸੜਕ `ਤੇ ਸੀ। ਹਨੇਰੇ ਵਿੱਚ ਕਦੇ ਕਦੇ ਕੁੱਤਿਆਂ ਨਾਲ ਸਾਹਮਣਾ ਹੁੰਦਾ ਤਾਂ ਡਰ ਨਾਲ ਅੰਦਰ ਕੰਬ ਜਾਂਦਾ। ਗੋਲਿਆਂ ਦੀ ਗਰਜ ਹੋਰ ਸਾਫ ਸੁਣਾਈ ਦਿੰਦੀ। ਹਨੇਰੇ ਵਿੱਚ ਲਿਪਟੇ ਬਾਜ਼ਾਰ, ਦੁਕਾਨਾਂ ਲੇਟੇ ਹੋਏ ਭੂਤ ਲੱਗਦੇ। ਠੰਢ ਜ਼ੋਰਾਂ ਉਤੇ ਸੀ। ਇਸ ਠੰਢ ਵਿੱਚ ਵੀ ਪਸੀਨੇ ਆ ਜਾਂਦੇ ਸਨ। ਸੰਨ ਪੈਂਹਠ ਵਾਂਗ ਅਫਵਾਹਾਂ ਦਾ ਬਾਜ਼ਾਰ ਗਰਮ ਹੁੰਦਾ, ਪਰ ਹੁਣ ਲੋਕ ਬੀਬੀਸੀ ਲੰਡਨ ਸੁਣਨ ਲੱਗ ਪਏ ਸਨ ਤੇ ਉਹਦੀਆਂ ਖਬਰਾਂ `ਤੇ ਵਧੇਰੇ ਯਕੀਨ ਕਰਦੇ ਸਨ।
ਇੰਦਰਾ ਗਾਂਧੀ ਨੇ ਪਾਕਿਸਤਾਨ ਦਾ ਇੱਕ ਹਿੱਸਾ ਵੱਢ ਕੇ ਨਵਾਂ ਮੁਲਕ ਬੰਗਲਾਦੇਸ਼ ਬਣਾ ਦਿੱਤਾ ਸੀ ਤੇ ਇਸ ਨੂੰ ਮਾਨਤਾ ਦੇ ਕੇ ਪਾਕਿਸਤਾਨ ਦੀ ਹਿੱਕ `ਤੇ ਸੱਪ ਲਿਟਾ ਦਿੱਤਾ। ਬੰਗਲਾ ਦੇਸ਼ ਬਣਨ ਤੋਂ ਬਾਅਦ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜੇ ਅੱਗੇ ਪਾਕਿਸਤਾਨ ਦੀ ਫੌਜ ਦੇ 95,000 ਸਿਪਾਹੀਆਂ ਨੇ ਹਥਿਆਰ ਸੁੱਟ ਦਿੱਤੇ। ਇਹ ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ। ਲੈਫਟੀਨੈਂਟ ਜਗਜੀਤ ਸਿੰਘ ਅਰੋੜਾ ਇਸ ਜੰਗ ਦਾ ਨਾਇਕ ਬਣ ਗਿਆ ਸੀ।
ਪਾਕਿਸਤਾਨ ਹੁਣ ਜੰਗ ਤੋਂ ਭੱਜਣ ਲੱਗ ਪਿਆ ਸੀ। ਜਿਸ ਦਿਨ ਸੀਜ਼ਫਾਇਰ ਹੋਇਆ, ਉਹ ਮੰਜ਼ਰ ਕਦੇ ਨਹੀਂ ਭੁੱਲ ਸਕਦਾ। ਸਾਡਾ ਘਰ ਤਿੰਨ ਮੰਜ਼ਲਾ ਸੀ ਤੇ ਆਸੇ-ਪਾਸੇ ਦੇ ਘਰਾਂ ਨਾਲੋਂ ਕਾਫੀ ਉੱਚਾ ਵੀ ਸੀ। ਅਸੀਂ ਛੱਤ `ਤੇ ਗੁੱਡੀਆਂ ਉਡਾ ਰਹੇ ਸਾਂ। ਸ਼ਾਮ ਪੰਜ ਕੁ ਵਜੇ ਦਾ ਸਮਾਂ ਹੋਵੇਗਾ, ਜਦੋਂ ਭਾਰਤ ਦੇ ਤਿੰਨ ਜੰਗੀ ਜਹਾਜ਼ ਮਿੱਗ-20 ਅਕਾਸ਼ ਵਿੱਚ ਘੁੰਮਣ ਲੱਗੇ। ਚਾਰੇ ਪਾਸੇ ਰੌਲਾ ਪੈ ਗਿਆ ਕਿ ਖਤਰਾ ਹੈ, ਕੋਈ ਹਮਲਾ ਹੋਣ ਵਾਲਾ ਹੈ। ਕੁਝ ਮਿੰਟਾਂ ਬਾਅਦ ਇੱਕ ਨੁਕਰੋਂ ਤਿੰਨ ਜਹਾਜ਼ ਹੋਰ ਆ ਗਏ। ਛੇ ਜਹਾਜ਼ ਕਲਾ ਬਾਜ਼ੀਆਂ ਪਾਉਂਦੇ ਅਕਾਸ਼ ਵਿੱਚ ਗੂੰਜਣ ਲੱਗੇ। ਏਨੇ ਨੂੰ ਛੇ ਜਹਾਜ਼ ਹੋਰ ਆ ਗਏ। ਲੋਕਾਂ ਦੇ ਤ੍ਰਾਹ ਨਿਕਲ ਗਏ ਕਿ ਕੋਈ ਅਣਹੋਣੀ ਹੋਣ ਵਾਲੀ ਹੈ। ਸਾਰੇ ਲੋਕ ਛੱਤਾਂ `ਤੇ ਚੜ੍ਹ ਗਏ। ਬਾਰਾਂ ਜਹਾਜ਼ ਟੋਲੀਆਂ ਵਿੱਚ ਚੱਕਰ ਕੱਟਣ ਲੱਗੇ। ਜਦੋਂ ਸਿਰਾਂ ਤੋਂ ਲੰਘਦੇ ਤਾਂ ਲੋਕ ਚੀਕਾਂ ਮਾਰਨ ਲੱਗ ਜਾਂਦੇ। ਹਵਾਈ ਜਹਾਜ਼ਾਂ ਦੀ ਗੜਗੜਾਹਟ ਨਾਲ ਕੰਨ ਬੋਲ਼ੇ ਹੋ ਜਾਂਦੇ। ਲੜਾਈ ਦਾ ਇਸ ਤਰ੍ਹਾਂ ਦਾ ਪ੍ਰਤੱਖ ਅਨੁਭਵ ਡਰਾਉਣਾ ਵੀ ਸੀ ਤੇ ਰੁਮਾਂਚਿਕ ਵੀ।
ਇੰਨੇ ਨੂੰ ਸਾਡੇ ਬਾਰਾਂ ਜਹਾਜ਼ਾਂ ਨੇ ਪਾਕਿਸਤਾਨ ਦਾ ਇੱਕ ਕਾਫੀ ਵੱਡਾ ਜਹਾਜ਼ ਅਕਾਸ਼ ਵਿੱਚ ਘੇਰ ਲਿਆ। ਉਹ ਜਿਵੇਂ ਹੀ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰੇ, ਪਿੱਛੋਂ ਸਾਡੇ ਜਹਾਜ਼ਾਂ ਦੀ ਇੱਕ ਟੋਲੀ ਘੇਰ ਕੇ ਉਹਨੂੰ ਅਗਲੇ ਪਾਸੇ ਜਾਣ ਲਈ ਮਜਬੂਰ ਕਰੇ। ਅਖੀਰ ਬਾਰਾਂ ਜਹਾਜ਼ਾਂ ਦੇ ਘੇਰੇ ਨੇ ਉਸ ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਗੋਇੰਦਵਾਲ ਦੇ ਨੇੜੇ ਮਾਰ ਗਿਰਾਇਆ। ਥੋੜ੍ਹੀ ਦੇਰ ਬਾਅਦ ਉਹੋ ਜਿਹਾ ਇੱਕ ਹੋਰ ਪਾਕਿਸਤਾਨੀ ਜਹਾਜ਼ ਪੱਛਮ ਵੱਲੋਂ ਆ ਕੇ ਸਾਡੇ ਸ਼ਹਿਰ `ਤੇ ਚੱਕਰ ਕੱਟਣ ਲੱਗਾ, ਪਰ ਇਸਤੋਂ ਪਹਿਲਾਂ ਕਿ ਉਹ ਕੋਈ ਹਰਕਤ ਕਰਦਾ, ਭਾਰਤੀ ਲੜਾਕੂ ਜਹਾਜ਼ ਉਹਨੂੰ ਘੇਰਨ ਲੱਗੇ ਤੇ ਉਹ ਬਚ ਕੇ ਨਿਕਲ ਗਿਆ। ਉਸਤੋਂ ਬਾਅਦ ਵੀ ਸਾਡੇ ਲੜਾਕੂ ਜਹਾਜ਼ ਕਾਫੀ ਦੇਰ ਤੱਕ ਅਕਾਸ਼ ਵਿੱਚ ਚੱਕਰ ਕੱਟਦੇ ਰਹੇ। ਇਹ ਲੜਾਈ ਦਾ ਆਖਰੀ ਦਿਨ ਸੀ ਤੇ ਰਾਤ ਸੱਤ ਵਜੇ ਸੀਜ਼ਫਾਇਰ ਹੋ ਗਿਆ।
ਇਸ ਲੜਾਈ ਦਾ ਇੱਕ ਹੋਰ ਵਾਕਿਆ ਯਾਦ ਹੈ। ਮਿਲਟਰੀ ਦੇ ਟਰੱਕ ਅਕਸਰ ਸ਼ਹਿਰ ਦੇ ਬਾਹਰ ਵਾਲੀ ਸੜਕ ਤੋਂ ਲੰਘ ਕੇ ਨੂਰਦੀਨ ਵਾਲੀ ਸੜਕ ਉਤੇ ਪੈ ਜਾਂਦੇ, ਜੋ ਅੱਗੋਂ ਖੇਮਕਰਨ ਜਾਂਦੀ ਸੀ। ਟੂਟੀਆਂ ਕੋਲ (ਜਿੱਥੇ ਅਕਸਰ ਲੋਕ ਸਸਕਾਰ ਕਰਨ ਤੋਂ ਬਾਅਦ ਆ ਕੇ ਹੱਥ, ਮੂੰਹ ਧੋਂਦੇ ਸਨ) ਸ਼ਹਿਰ ਵੱਲੋਂ ਫੌਜੀਆਂ ਨੂੰ ਗੁੜ੍ਹ, ਭੁੱਜੇ ਛੋਲੇ ਤੇ ਖਾਣ-ਪੀਣ ਦੇ ਪੈਕੇਟ ਦੇ ਕੇ ਨਾਲ ਨਾਲ ਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਨਾਅਰੇ ਲਾਏ ਜਾਂਦੇ ਸਨ। ਇਸ ਵਿੱਚ ਸਾਡਾ ਜੋਸ਼ ਵੀ ਠਾਠਾਂ ਮਾਰਦਾ ਸੀ। ਇਸ ਜੰਗ ਵਿੱਚ ਦੇਸ਼ ਭਗਤੀ ਦਾ ਜਜ਼ਬਾ ਦੇਖਣ ਵਾਲਾ ਹੁੰਦਾ ਸੀ। ਦੇਸ਼ ਦੀ ਆਨ ਤੇ ਸ਼ਾਨ ਲਈ ਮਰ ਮਿਟਣ ਦਾ ਹੌਸਲਾ ਏਨਾ ਸੀ ਕਿ ਅਸੀਂ ਆਪਣੇ ਆਪ ਨੂੰ ਛੋਟੇ-ਛੋਟੇ ਸਿਪਾਹੀ ਸਮਝਦੇ ਸਾਂ। ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਜੋਸ਼ ਭਰ ਦਿੰਦੀਆਂ।
ਇਸੇ ਸਮੇਂ ਇੱਕ ਹਾਦਸਾ ਵਾਪਰ ਗਿਆ। ਅਸਲੇ ਨਾਲ ਭਰੀ ਫੌਜ ਦੀ ਇੱਕ ਗੱਡੀ ਮੇਨ ਸੜਕ ਤੋਂ ਅੰਦਰ ਵੱਲ ਮੁੜਨ ਵੇਲੇ ਉਲਟ ਕੇ ਹੇਠਾਂ ਰੋਹੀ ਵਿੱਚ ਜਾ ਡਿੱਗੀ। ਅਸਲਾ ਚਲਣਾ ਸ਼ੁਰੂ ਹੋ ਗਿਆ। ਇੰਜ ਲੱਗ ਰਿਹਾ ਸੀ ਜਿਵੇਂ ਪੂਰਾ ਸ਼ਹਿਰ ਤਬਾਹ ਹੋ ਜਾਏਗਾ; ਕਿਸੇ ਵੇਲੇ ਕੋਈ ਵੱਡਾ ਗੋਲਾ ਸ਼ਹਿਰ `ਤੇ ਆ ਕੇ ਡਿੱਗ ਸਕਦਾ ਹੈ; ਪਰ ਪਿਛੇ ਆ ਰਹੀ ਪਲਟਨ ਨੇ ਬੜੀ ਸੂਝ-ਬੂਝ ਨਾਲ ਇਸ ਆਪ੍ਰੇਸ਼ਨ ਨੂੰ ਆਪਣੇ ਹੱਥ ਲੈ ਲਿਆ ਤੇ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਹਾਦਸੇ ਵਾਲੀ ਗੱਡੀ ਵਿੱਚੋਂ ਅਸਲਾ ਕੱਢਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਜਿਹੇ ਨੁਕਸਾਨ ਤੋਂ ਬਾਅਦ ਸ਼ਹਿਰ ਨੂੰ ਤਬਾਹੀ ਤੋਂ ਬਚਾ ਲਿਆ।
ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਪਾਕਿਸਤਾਨ ਦੇ ਨੌਂ ਟਿਕਾਣਿਆਂ ਉਤੇ ਸਰਜੀਕਲ ਏਅਰ ਸਟ੍ਰਾਈਕ ਕੀਤਾ; ਪਰ ਇੱਕ ਗੱਲ ਸਪਸ਼ਟ ਹੈ ਕਿ ਜੰਗਾਂ ਕਿਸੇ ਮਸਲੇ ਦਾ ਹਲ ਨਹੀਂ ਹੁੰਦੀਆਂ। ਲੋੜ ਇਸ ਗੱਲ ਉਤੇ ਜ਼ੋਰ ਦੇਣ ਦੀ ਹੈ ਕਿ ਅਤਿਵਾਦ ਨਾਲ ਕਿਵੇਂ ਨਜੀਠਿਆ ਜਾਵੇ! ਦੁਨੀਆ ਭਰ ਦੇ ਤਾਕਤਵਰ ਮੁਲਕਾਂ ਨੂੰ ਇਸ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੋ ਅਤਿਵਾਦ ਖਤਮ ਕਰਕੇ ਜੰਗਾਂ ਦਾ ਮੂੰਹ ਮੋੜਿਆ ਜਾ ਸਕੇ। ਜੰਗ ਵਿੱਚ ਜਿਹੜੇ ਫੌਜੀ ਸ਼ਹੀਦ ਹੋ ਜਾਂਦੇ ਹਨ ਜਾਂ ਸਿਵਲੀਅਨ ਮਾਰੇ ਜਾਂਦੇ ਹਨ, ਉਨ੍ਹਾਂ ਦੇ ਪਰਿਵਾਰ ਰੁਲ ਜਾਂਦੇ ਹਨ। ਇਸ ਬਰਬਾਦੀ ਤੋਂ ਬਚਣ ਲਈ ਦੁਨੀਆ ਵਿੱਚ ਅਮਨ, ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਪੈਗਾਮ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *