ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਸਾਨੂੰ ਜਨਮ ਦੇਣ ਵਾਲੇ ਮਾਪਿਆਂ ਨੇ ਸਾਨੂੰ ਪਾਲਣ ਹਿੱਤ, ਸਾਡੇ ਸੁਫ਼ਨੇ ਪੂਰੇ ਕਰਨ ਹਿੱਤ ਆਪਣੀਆਂ ਕਈ ਖ਼ਾਹਿਸ਼ਾਂ ਦੀ ਬਲੀ ਦੇ ਦਿੱਤੀ ਹੁੰਦੀ ਹੈ ਤੇ ਸਦਾ ਸਾਡੀ ਖ਼ੈਰ ਹੀ ਮੰਗੀ ਹੁੰਦੀ ਹੈ। ਸਾਡਾ ਸਭ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਬਿਰਧ ਹੋ ਚੁਕੇ ਮਾਪਿਆਂ ਲਈ ਸਮਾਂ ਕੱਢੀਏ, ਉਨ੍ਹਾਂ ਨਾਲ ਗੱਲਾਂ ਕਰੀਏ, ਉਨ੍ਹਾਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖੀਏ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਆਖ਼ਰੀ ਪੜਾਅ ਭਾਵ ਉਨ੍ਹਾਂ ਦੇ ਬੁਢਾਪੇ ਨੂੰ ਸੁੱਖਾਂ ਤੇ ਖ਼ੁਸ਼ੀਆਂ ਨਾਲ ਭਰਪੂਰ ਬਣਾਈਏ।
ਸਿਆਣਿਆਂ ਨੇ ਸੱਚ ਹੀ ਕਿਹਾ ਹੈ, ‘ਤਿੰਨ ਰੰਗ ਨਹੀਂ ਲੱਭਣੇ, ਹੁਸਨ ਜਵਾਨੀ ਤੇ ਮਾਪੇ।’ ਇਸ ਲਈ ਮਾਪੇ ਜੇਕਰ ਇੱਕ ਵਾਰ ਸਾਥੋਂ ਵਿੱਛੜ ਗਏ ਤਾਂ ਸਾਨੂੰ ਦੁਬਾਰਾ ਆਪਣੇ ਦਿਲ ਦੀਆਂ ਕਹਿਣ ਤੇ ਉਨ੍ਹਾਂ ਦੇ ਦਿਲ ਦੀਆਂ ਸੁਣਨ ਦਾ ਮੌਕਾ ਕਦੇ ਨਹੀਂ ਮਿਲਣਾ। ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ,
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ।
ਮਾਂ ਦੇ ਸਿਰ ’ਤੇ ਐਸ਼ਾਂ ਹੁੰਦੀਆਂ
ਪਿਉ ਦੇ ਸਿਰ ’ਤੇ ਰਾਜ।
ਸੋ ਜੋ ਮੌਜਾਂ ਅਸੀਂ ਬਚਪਨ ਵਿੱਚ ਮਾਪਿਆਂ ਦੇ ਸਿਰ ’ਤੇ ਮਾਣ ਲੈਂਦੇ ਹਾਂ, ਉਹ ਸਾਡੇ ਲਈ ਜੀਵਨ ਭਰ ਦਾ ਸਰਮਾਇਆ ਬਣ ਜਾਣਾ ਚਾਹੀਦੀਆਂ ਹਨ, ਪਰ ਬਦਕਿਸਮਤੀ ਇਹ ਹੈ ਕਿ ਕੁਝ ਖ਼ੁਦਗ਼ਰਜ਼ ਅਤੇ ਗ਼ੈਰ-ਜ਼ਿੰਮੇਵਾਰ ਬੱਚੇ ਆਪਣੇ ਸੁਆਰਥ ਖ਼ਾਤਿਰ ਮਾਪਿਆਂ ਵੱਲੋਂ ਦੁੱਖ ਝੱਲ ਕੇ ਕੀਤੀ ਪਰਵਰਿਸ਼ ਨੂੰ ਭੁਲਾ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਨਹੀਂ ਦਿੰਦੇ ਹਨ ਤੇ ਉਨ੍ਹਾਂ ਦੀ ਪੁੱਛ-ਪ੍ਰਤੀਤ ਨਹੀਂ ਕਰਦੇ ਹਨ। ਕਈ ਬੇਜ਼ਮੀਰੇ ਬੱਚੇ ਤਾਂ ਆਪਣੇ ਬਿਰਧ ਮਾਪਿਆਂ ਨੂੰ ਬਿਰਧ ਆਸ਼ਰਮ ਦੇ ਹਵਾਲੇ ਕਰਕੇ ਆਪਣੇ ਮਹਿਲਾਂ ਜਾਂ ਵਿਦੇਸ਼ਾਂ ’ਚ ਜਾ ਵੱਸਦੇ ਹਨ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਇਸੇ ਮੁਲਕ ਵਿੱਚ ਸਰਵਣ ਅਤੇ ਰਾਮ ਚੰਦਰ ਜੀ ਜਿਹੇ ਆਗਿਆਕਾਰੀ ਪੁੱਤਰ ਵੀ ਪੈਦਾ ਹੋਏ ਸਨ, ਜਿਨ੍ਹਾਂ ਨੇ ਮਾਪਿਆਂ ਦੀ ਹਰ ਆਗਿਆ ’ਤੇ ਪੂਰਨ ਸਤਿਕਾਰ ਸਹਿਤ ਫੁੱਲ ਚੜ੍ਹਾਏ ਸਨ ਤੇ ਉਨ੍ਹਾਂ ਦੀ ਤਨ, ਮਨ, ਧਨ ਨਾਲ ਸੇਵਾ ਕੀਤੀ ਸੀ। ਬਿਰਧ ਮਾਪਿਆਂ ਨੂੰ ਇਕੱਲਾ ਛੱਡ ਕੇ ਮੰਦਰਾਂ-ਗੁਰਦੁਆਰਿਆਂ ਵਿੱਚ ‘ਸੇਵਾ’ ਤੇ ‘ਸਿਮਰਨ’ ਦਾ ਢੋਂਗ ਕਰਨ ਵਾਲੀ ਔਲਾਦ ਨੂੰ ਇਹ ਸੱਚ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਸ ਯੁਗ ’ਚ ਕੀ, ਕਿਸੇ ਵੀ ਯੁਗ ਵਿੱਚ ਭਲਾ ਨਹੀਂ ਹੋਵੇਗਾ।
ਪੰਜਾਬੀ ਦਾ ਨਾਮਵਰ ਗੀਤਕਾਰ ਦੇਵ ਥਰੀਕੇਵਾਲਾ ਲਿਖ਼ਦਾ ਹੈ, “ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ।” ਇਹ ਪੂਰਨ ਸੱਚ ਹੈ ਕਿ ਮਾਂ ਰੱਬ ਦਾ ਹੀ ਦੂਜਾ ਰੂਪ ਹੁੰਦੀ ਹੈ, ਕਿਉਂਕਿ ਹਰੇਕ ਧਰਮ ਪਰਮਾਤਮਾ ਨੂੰ ਹੀ ਇਸ ਸ੍ਰਿਸ਼ਟੀ ਦਾ ‘ਜਨਮਦਾਤਾ’ ਮੰਨਦਾ ਹੈ ਤੇ ਪਰਮਾਤਮਾ ਤੋਂ ਬਾਅਦ ਇਸ ਸੰਸਾਰ ਵਿੱਚ ਮਾਂ ਹੀ ਅਜਿਹੀ ਹਸਤੀ ਹੈ, ਜੋ ‘ਜਨਮਦਾਤੀ’ ਹੋਣ ਦਾ ਸ਼ਰਫ਼ ਰੱਖਦੀ ਹੈ। ਉਹ ਸਾਡੇ ਬਚਪਨ ਵਿੱਚ ਆਪਣੀਆਂ ਨੀਂਦਾਂ ਖ਼ਰਾਬ ਕਰਕੇ ਸਾਨੂੰ ਲੋਰੀਆਂ ਗਾ-ਗਾ ਕੇ ਸੁਆਉਂਦੀ ਹੈ ਅਤੇ ਆਪ ਭੁੱਖੇ ਪੇਟ ਹੁੰਦਿਆਂ ਵੀ ਆਪਣੀ ਛਾਤੀ ਦਾ ਦੁੱਧ ਪਿਆ ਕੇ ਸਾਡਾ ਪੇਟ ਭਰਦੀ ਹੈ। ਉਹ ਆਪ ਗਿੱਲੇ ’ਤੇ ਪੈ ਕੇ ਵੀ ਸਾਨੂੰ ਸੁੱਕੇ ’ਤੇ ਪਾਉਂਦੀ ਹੈ। ਉਹ ਸਾਡੀ ਚੰਗੀ ਪਰਵਰਿਸ਼ ਲਈ ਆਪ ਕਈ ਤਰ੍ਹਾਂ ਦੀਆਂ ਤੰਗੀਆਂ-ਤੁਰਸ਼ੀਆਂ ਅਤੇ ਔਕੜਾਂ ਹੱਸ ਕੇ ਜਰ ਜਾਂਦੀ ਹੈ ਤੇ ਸੀ ਵੀ ਨਹੀਂ ਕਰਦੀ ਹੈ। ਮਾਂ ਦੇ ਪਰਕਉਪਕਾਰਾਂ ਅਤੇ ਬਲਿਦਾਨਾਂ ਦਾ ਕੋਈ ਅੰਤ ਨਹੀਂ ਹੈ। ਮਾਂ ਦੀ ਅਦੁੱਤੀ ਸ਼ਖ਼ਸੀਅਤ ਸਬੰਧੀ ਕਿਸੇ ਸ਼ਾਇਰ ਦੇ ਬੋਲ ਹਨ,
ਲੱਖ ਛੁਪਾਵਾਂ ਮਾਂ ਆਪਣੀ ਤੋਂ
ਦੁੱਖ ਨਹੀਉਂ ਛੁਪਦਾ ਮੇਰਾ।
ਪੜ੍ਹੀ ਲਿਖ਼ੀ ਨਹੀਂ ਮਾਂ ਮੇਰੀ
ਪਰ ਝੱਟ ਪੜ੍ਹ ਲੈਂਦੀ ਚਿਹਰਾ।
ਇਹ ਬਾਕਮਾਲ ਬੋਲ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮਾਂ ਦਾ ਰਿਸ਼ਤਾ ਇੰਨਾ ਗੂੜ੍ਹਾ ਤੇ ਨੇੜੇ ਦਾ ਹੁੰਦਾ ਹੈ ਕਿ ਮਾਂ ਬੱਚੇ ਦੀ ਹਰ ਦੱਸੀ ਤੇ ਅਣਦੱਸੀ ਗੱਲ ਨੂੰ ਉਸਦੇ ਚਿਹਰੇ ਦੇ ਹਾਵ-ਭਾਵ ਤੋਂ ਜਾਣ ਜਾਂਦੀ ਹੈ। ਨਿਰਸੰਦੇਹ ਮਾਂ ਤਾਂ ਰੱਬ ਦਾ ਦੂਜਾ ਰੂਪ ਹੈ ਤੇ ਉਸਦਾ ਦੇਣ ਕਦੇ ਨਹੀਂ ਦਿੱਤਾ ਜਾ ਸਕਦਾ ਹੈ।
ਗੀਤਕਾਰ ਦੇਵ ਥਰੀਕੇਵਾਲਾ ਨੇ ਇਹ ਵੀ ਲਿਖ਼ਿਆ ਸੀ, “ਰੱਬਾ ਦੇਵ ਕਰੇ ਅਰਜ਼ੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ।” ਗੀਤਕਾਰ ਦੇ ਇਨ੍ਹਾਂ ਬੋਲਾਂ ਦੇ ਧੁਰ ਅੰਦਰ ਦੀ ਸੱਚਾਈ ਅਤੇ ਡੂੰਘੇ ਅਹਿਸਾਸ ਕੇਵਲ ਓਹੀ ਬੱਚੇ ਸਮਝ ਸਕਦੇ ਹਨ, ਜੋ ਆਪਣੀ ਮਾਂ ਨੂੰ ਸਦਾ ਲਈ ਗੁਆ ਚੁੱਕੇ ਹਨ। ਮਾਂ ਦੇ ਪਿਆਰ ਤੋਂ ਵਿਰਵੇ ਰਹੇ ਬੱਚੇ ਦੀ ਸ਼ਖ਼ਸੀਅਤ ਵਿੱਚ ਕਈ ਘਾਟਾਂ ਰਹਿ ਜਾਂਦੀਆਂ ਹਨ। ਮਾਂ ਵਿਹੂਣੇ ਬੱਚਿਆਂ ਦੀ ਪਰਵਰਿਸ਼ ਇੱਕ ਪਿਤਾ ਲਈ ਬਹੁਤ ਹੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਕਈ ਲੋਕਾਂ ਨੂੰ ਤਾਂ ਮਾਂ ਦੀ ਅਹਿਮੀਅਤ ਦਾ ਪਤਾ, ਮਾਂ ਦੇ ਟੁਰ ਜਾਣ ਤੋਂ ਬਾਅਦ ਹੀ ਲੱਗਦਾ ਹੈ।
ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਹਰੇਕ ਧੀ ਜਾਂ ਪੁੱਤ ਦੇ ਜੀਵਨ ਨੂੰ ਸੁਆਰਨ ਤੇ ਸਜਾਉਣ ਵਿੱਚ ਬਾਪ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇੱਕ ਬਾਪ ਉਮਰ ਭਰ ਤੰਗੀਆਂ-ਤੁਰਸ਼ੀਆਂ ਝੱਲ ਕੇ ਵੀ ਆਪਣੇ ਬੱਚਿਆਂ ਦੀਆਂ ਖ਼ਾਹਿਸ਼ਾਂ ਤੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਜੱਦੋ-ਜਹਿਦ ਕਰਦਾ ਰਹਿੰਦਾ ਹੈ। ਜ਼ਿੰਦਗੀ ਦੇ ਸੰਘਰਸ਼ ਭਰੇ ਬਿਖੜੇ ਪੈਂਡੇ ’ਤੇ ਚੱਲਦਿਆਂ ਉਹ ਆਪਣੇ ਸੁਫ਼ਨੇ ਤੇ ਆਪਣੀਆਂ ਖ਼ਾਹਿਸ਼ਾਂ ਤਾਂ ਭੁੱਲ ਹੀ ਜਾਂਦਾ ਹੈ। ਕਿਸੇ ਵਿਦਵਾਨ ਦਾ ਕਥਨ ਹੈ, “ਹਰੇਕ ਮੁੰਡੇ ਦੇ ਜੀਵਨ ਦਾ ਪਹਿਲਾ ਮਹਾਂਨਾਇਕ ਅਤੇ ਹਰੇਕ ਧੀ ਦਾ ਪਹਿਲਾ ਪਿਆਰ, ਉਸਦਾ ਪਿਤਾ ਹੀ ਹੁੰਦਾ ਹੈ।”
ਇਹ ਕੋਈ ਅਤਿਕਥਨੀ ਨਹੀਂ ਕਿ ਮੁੰਡਿਆਂ ਦੇ ਮੁਕਾਬਲੇ ਧੀਆਂ ਦੀ ਆਪਣੇ ਬਾਬਲ ਨਾਲ ਸਾਂਝ ਕਿਤੇ ਜ਼ਿਆਦਾ ਹੁੰਦੀ ਹੈ। ਮਨੋਵਿਗਿਆਨੀ ਮੰਨਦੇ ਹਨ ਕਿ ਹਰੇਕ ਲੜਕੇ ਦੀ ਆਪਣੀ ਮਾਂ ਨਾਲ ਅਤੇ ਹਰੇਕ ਲੜਕੀ ਦੀ ਆਪਣੇ ਪਿਤਾ ਨਾਲ ਦਿਲੀ ਸਾਂਝ ਹੁੰਦੀ ਹੈ। ਧੀ ਬੇਸ਼ੱਕ ਬਾਪ ਤੋਂ ਭੈਅ ਵੀ ਖਾਂਦੀ ਹੈ, ਪਰ ਬਾਪ ਨਾਲ ਉਸਦਾ ਪਿਆਰ ਅਕਹਿ ਤੇ ਅਮੁੱਕ ਹੁੰਦਾ ਹੈ। ਇਸ ਪ੍ਰਥਾਇ ਇੱਕ ਵਿਦਵਾਨ ਦੇ ਬੋਲ ਹਨ, “ਹਰੇਕ ਕੁੜੀ ਆਪਣੀ ਪਤੀ ਲਈ ਰਾਣੀ ਚਾਹੇ ਹੋਵੇ ਜਾਂ ਨਾ ਹੋਵੇ, ਪਰ ਆਪਣੇ ਬਾਪ ਲਈ ਉਹ ‘ਰਾਜਕੁਮਾਰੀ’ ਜ਼ਰੂਰ ਹੁੰਦੀ ਹੈ।” ਧੀਆਂ ਆਪਣੇ ਬਾਬਲ ਦੀਆਂ ਲਾਡਲੀਆਂ ਹੁੰਦੀਆਂ ਹਨ ਤੇ ਸਹੁਰੇ ਘਰ ਜਾ ਕੇ ਵੀ ਬਾਪ ਦੀ ਗਲਵੱਕੜੀ ਦਾ ਨਿੱਘ ਕਦੇ ਨਹੀਂ ਭੁੱਲਦੀਆਂ ਹਨ। ਪਿਤਾ ਦੇ ਪਿਆਰ ਨਾਲ ਸਰਾਬੋਰ ਇੱਕ ਧੀ ਦੇ ਬੋਲ ਹਨ,
ਮੇਰੇ ਅੰਦਰ ਅੱਜ ਵੀ ਬਚਪਨ ਜਿਊਂਦਾ ਏ
ਮੈਨੂੰ ਬਾਬਲ ‘ਲਾਡੋ’ ਆਖ ਬੁਲਾਉਂਦਾ ਏ।
ਭਾਰਤੀ ਸਮਾਜ ਵਿੱਚ ਇੱਕ ਪਿਤਾ ਬਾਰੇ ਆਮ ਰਾਏ ਹੈ ਕਿ ਉਹ ਸੁਭਾਅ ਦਾ ਸਖ਼ਤ ਹੁੰਦਾ ਹੈ, ਪਰ ਇਹ ਗੱਲ ਸਾਰੇ ਜਾਣਦੇ ਨੇ ਕਿ ਉਹ ਬਾਹਰੋਂ ਕਿੰਨਾ ਵੀ ਸਖ਼ਤ ਕਿਉਂ ਨਾ ਹੋਵੇ, ਪਰ ਅੰਦਰੋਂ ਦਿਲ ਤੋਂ ਬੇਹੱਦ ਨਰਮ ਤੇ ਔਲਾਦ ਨੂੰ ਹੱਦੋਂ ਵੱਧ ਪਿਆਰ ਕਰਨ ਵਾਲਾ ਹੁੰਦਾ ਹੈ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਸੀ, “ਬਾਪ ਸੁਭਾਅ ਦਾ ਗਰਮ ਪਰ ਦਿਲ ਦਾ ਨਰਮ ਤੇ ਬੇਬੇ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ ਹੁੰਦਾ ਹੈ। ਬੇਬੇ ਪਿਆਰ ਛੁਪਾਉਂਦੀ ਨਹੀਂ ਹੈ, ਪਰ ਬਾਪੂ ਪਿਆਰ ਵਿਖ਼ਾਉਂਦਾ ਨਹੀਂ ਹੈ।” ਇਸੇ ਤਰ੍ਹਾਂ ਇੱਕ ਹੋਰ ਵਿਦਵਾਨ ਨੇ ਪਿਤਾ ਦੀ ਮਹਾਨਤਾ ਪ੍ਰਗਟਾਉਂਦਿਆਂ ਫ਼ਰਮਾਇਆ ਹੈ, “ਪਿਤਾ ਕਈ ਵਾਰ ਨਿੰਮ ਦੇ ਰੁੱਖ ਵਰਗਾ ਹੁੰਦਾ ਹੈ, ਜਿਸਦੇ ਪੱਤੇ ਤਾਂ ਕੁਸੈਲੇ ਹੁੰਦੇ ਹਨ, ਪਰ ਉਹ ਛਾਂ ਹਮੇਸ਼ਾ ਠੰਡੀ ਹੀ ਦਿੰਦਾ ਹੈ।” ਪਿਤਾ ਹੀ ਅਸਲ ਵਿੱਚ ਕਿਸੇ ਬੱਚੇ ਨੂੰ ਪਹਿਲਾਂ ਘਰ ਵਿੱਚ ਤੇ ਫਿਰ ਦੁਨੀਆਂ ਵਿੱਚ ਚੱਲਣਾ ਸਿਖਾਉਂਦਾ ਹੈ। ਉਹ ਆਪ ਤਕਲੀਫ਼ਾਂ ਝੱਲ ਲੈਂਦਾ ਹੈ, ਪਰ ਔਲਾਦ ਦੇ ਸੁੱਖ ਲਈ ਪੂਰੀ ਵਾਹ ਲਾ ਦਿੰਦਾ ਹੈ। ਉਹ ਦੁਨੀਆਂ ਦਾ ਇਕੱਲਾ ਐਸਾ ਸ਼ਖ਼ਸ ਹੁੰਦਾ ਹੈ, ਜੋ ਇਹ ਚਾਹੁੰਦਾ ਹੈ ਕਿ ਉਸਦੇ ਬੱਚੇ ਉਸ ਤੋਂ ਵੀ ਵੱਧ ਕਾਮਯਾਬ ਹੋਣ। ਇੱਕ ਅਜਿਹੇ ਪਿਤਾ ਦਾ ਫ਼ਰਜ਼ੰਦ ਆਪਣੇ ਪਿਤਾ ਬਾਰੇ ਜਜ਼ਬਾਤ ਬਿਆਨ ਕਰਦਿਆਂ ਆਖਦਾ ਹੈ,
ਪਿਤਾ ਹਾਰ ਕਰ ਬਾਜ਼ੀ ਹਮੇਸ਼ਾ ਮੁਸਕੁਰਾਇਆ
ਸ਼ਤਰੰਜ ਕੀ ਉਸ ਜੀਤ ਕੋ ਮੈਂ ਅਬ ਸਮਝ ਪਾਇਆ।
ਇਕ ਸਮਰਪਿਤ ਪਿਤਾ ਖ਼ੁਦ ਫ਼ਾਕੇ ਕੱਟ ਕੇ ਵੀ ਬੱਚਿਆਂ ਦਾ ਪੇਟ ਭਰਨ ਲਈ ਦਿਨ-ਰਾਤ ਮੁਸ਼ੱਕਤ ਕਰਦਾ ਹੈ। ਔਲਾਦ ਦੀ ਬਿਹਤਰ ਪਰਵਰਿਸ਼ ਹੀ ਉਸਦੀ ਜ਼ਿੰਦਗੀ ਦਾ ਇਕਮਾਤਰ ਮਕਸਦ ਹੁੰਦੀ ਹੈ। ਉਰਦੂ ਦੇ ਕਿਸੇ ਸ਼ਾਇਰ ਦੇ ਬਹੁਤ ਹੀ ਖ਼ੂਬਸੂਰਤ ਬੋਲ ਹਨ,
ਜੇਬ ਖ਼ਾਲੀ ਹੋ ਫ਼ਿਰ ਭੀ ਮਨ੍ਹਾ ਕਰਤੇ ਨਹੀਂ ਦੇਖਾ
ਮੈਨੇ ਅਪਨੇ ਅੱਬਾ ਸੇ ਅਮੀਰ ਸ਼ਖ਼ਸ ਨਹੀਂ ਦੇਖਾ।
ਅਤੇ
ਉਮਰ ਭਰ ਏਕ ਪੈਰ ਪਰ ਦੌੜਤਾ ਹੈ ਹਰ ਪਿਤਾ
ਅਪਨੇ ਬੱਚੋਂ ਕੋ ਉਨਕੇ ਪੈਰੋਂ ਪੇ ਖੜ੍ਹੇ ਕਰਨੇ ਕੇ ਲੀਏ।
ਚੰਗੇ ਬੱਚੇ ਤਾਂ ਹਰ ਘੜੀ, ਹਰ ਪਲ ਪਰਮਾਤਮਾ ਅੱਗੇ ਇਹੋ ਹੀ ਦੁਆ ਕਰਦੇ ਹਨ,
ਨਾ ਅਸੀਂ ਮੰਗਦੇ ਧੁੱਪ ਵੇ ਰੱਬਾ
ਨਾ ਹੀ ਮੰਗਦੇ ਛਾਂਵਾਂ ਨੂੰ।
ਸਾਡੇ ਬਾਪ ਨੂੰ ਕੁਝ ਨਾ ਹੋਵੇ
ਸੁਖੀ ਰੱਖੀਂ ਸਦਾ ਮਾਂਵਾਂ ਨੂੰ।
ਸੋ ਜਿਨ੍ਹਾਂ ਭਾਗਾਂ ਵਾਲਿਆਂ ਕੋਲ ਮਾਪਿਆਂ ਜਿਹੀ ਅਨਮੋਲ ਦੌਲਤ ਮੌਜੂਦ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮਾਪਿਆਂ ਦੀ ਰੱਜ ਕੇ ਸੇਵਾ ਕਰਨ ਤੇ ਉਨ੍ਹਾਂ ਤੋਂ ਢੇਰ ਸਾਰੀਆਂ ਦੁਆਵਾਂ ਲੈਣ।