ਪਿੰਡ ਵਸਿਆ-27
‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਹਥਲੀ ਲਿਖਤ ਵਿੱਚ ਭਦਉੜੀਆਂ ਰਾਜਪੂਤ ਦੇ ਕੁਨਬੇ ਤੋਂ ਉਪਜੇ ‘ਭਦੌੜ’ ਬਾਰੇ ਸੰਖੇਪ ਗਾਥਾ ਪੇਸ਼ ਹੈ। –ਪ੍ਰਬੰਧਕੀ ਸੰਪਾਦਕ
ਵਿਜੈ ਬੰਬੇਲੀ
ਫੋਨ: +91-9463439075
“ਭਦੌੜ” ਸ਼ਬਦ ਰਾਜਾ ਭਦਰ ਸੈਨ, ਜਿਹੜਾ ਗੁਪਤ ਸਾਮਰਾਜ ਦਾ ਸਮਕਾਲੀ ਸੀ, ਦੇ “ਭਦਉੜੀਆਂ ਰਾਜਪੂਤ” ਕੁਨਬੇ ਤੋਂ ਉੱਪਜਿਆ ਸੀ। ਰਾਜਪੂਤਾਂ ਦੀ ਇੱਕ ਸ਼ਾਖ ਜਿਹੜੀ ਚੰਬਲ ਨਦੀ ਕਿਨਾਰੇ “ਭਦਾਵਰ” ਖਿੱਤੇ `ਚ ਵੱਸਦੀ ਸੀ, ਪਹਿਲਾਂ “ਭਦਉੜੀਆਂ” ਦੀ ਅੱਲ ਵਜੋਂ ਉਪਰੰਤ ਇਸੇ ਗੋਤ ਵਜੋਂ ਸਨਦਬੱਧ ਹੋ ਗਈ। ਸਮਾਂ ਪਾ ਇਹ ਕੁਨਬਾ, ਰਾਜਪੂਤਾਂ ਦੇ ਇੱਕ ਧੜਵੈਲ ਕੁਨਬੇ ਵਜੋਂ ਸਥਾਪਤ ਹੋ ਗਿਆ। ਇਸੇ ਜਾਤ ਦੇ ਇੱਕ ਯੋਧੇ ਨੇ ਮਾਲਵਾ ਖੇਤਰ ਦੇ ਕੁਦਰਤ ਪੱਖੋਂ ਸ਼ਬਜ ਟੁਕੜੇ ‘ਤੇ ਕਬਜ਼ਾ ਕਰ, ਜਿਸ ਪ੍ਰਾਚੀਨ ਵਸੇਬ ਨੂੰ ਆਪਣਾ ਸਦਰ-ਮੁਕਾਮ ਟਿੱਕਿਆ, ਉਹੀ ਖੇੜਾ ਭਦਉੜੀਆਂ ਤੋਂ ਭਦਉਰੀਆ-ਭਦਉੜ ਅਤੇ ਮਗਰੋਂ ਲੋਕ ‘ਵਾਜ਼ ਅਨੁਸਾਰ ਪੱਕੇ ਤੌਰ `ਤੇ “ਭਦੌੜ” ਵਜੋਂ ਅਲ਼ੰਕਾਰ ਹੋ ਗਿਆ। ਉਦੋਂ ਕੁ ਹੀ ਗੁਪਤੇ (ਗੁਪਤ ਸਾਮਰਾਜ), ਪੰਜਾਬ ‘ਚ ਵੀ ਪੱਕੇ ਪੈਰੀਂ ਹੋ ਰਹੇ ਸਨ, ਫਿਰ ਜਿਵੇਂ ਕਿ ਹੁੰਦਾ ਹੀ ਸੀ/ਹੈ, “ਤਕੜੇ ਦਾ ਸੱਤੀ ਵੀਹੀਂ ਸੌ”, ਉਨ੍ਹੀਂ (ਸਮੁੰਦਰ ਗੁਪਤ) ਨੇ ਭਦੌੜ ਰਾਜ ਵੀ ਢਹਿ-ਢੇਰੀ ਕਰ ਦਿੱਤਾ; ਪਰ ਉਹ ਇਸਦਾ ਨਾਂ ਨਹੀਂ ਸੀ ਮੇਸ ਸਕੇ।
ਸਮਾਂ ਪਾ, ਉਜੜੇ-ਪੁਜੜੇ ਇਸ ਥੇਹ ਗਿਰਦ ਹਠੂਰ (ਹਿਠਾੜ) ਦੇ ਇੱਜੜਾਂ ਅਤੇ ਆਜੜੀਆਂ ਆ ਵਸੇਬ ਕੀਤੀ। ਉਪਰੰਤ ਆਪਣੇ ਪਸਾਰ, ਲੋੜ ਅਤੇ ਲਾਲਚ ਵੱਸ ਉਨ੍ਹਾਂ ਵੇਲਿਆ ‘ਚ ਧੜਵੈਲ ਕੁਨਬੇ ਬਿਗਾਨੀਆਂ ਜੂਹਾਂ ‘ਤੇ ਜਿਵੇਂ ਮੱਲਾਂ ਮਾਰਦੇ ਹੀ ਸਨ, “ਫੁਲ ਬੰਸ’ ਦੇ ਸਿਪਾਹ-ਸਿਲਾਰ “ਰਾਮੇ ਫੁਲਕੇ” ਨੇ ਆ ਦਸਤਕ ਦਿੱਤੀ। ਮਾੜੇ-ਧੀੜੇ ਆਜੜੀ ਕੀ ਕਰ ਸਕਦੇ ਸਨ? ਨਰਮ-ਦਿਲ ਰਾਮੇ ਨੇ ਉਨ੍ਹਾਂ ਦੀ ਵੀ ਲੱਜ ਰੱਖੀ ਅਤੇ ਭਦੌੜ ਨੂੰ ਵੀ ਮੁੜ ਰਿਸਾ-ਵਸਾ ਦਿੱਤਾ। ਹੁਣ ਇੱਥੇ ਰਾਮੇ ਕਿਆ ਦੀ ਚੜ੍ਹਤ ਹੋ ਗਈ। ਸਮੇਂ ਅਤੇ ਦਵੱਲੀ ਲੋੜ ਮੂਜਬ, ਵੇਲੇ ਦੇ ਚਲਨ ਮੁਤਾਬਿਕ ਇੱਥੇ ਤਾਅ ਜਾਤਾਂ-ਧਰਮਾਂ ਦੇ ਲੋਕਾਂ ਦੀ ਘਣੀ-ਵਸੋਂ ਹੋ ਗਈ। ਭਦੌੜ ਲਘੂ-ਰਿਆਸਤ ਟਿੱਕੀ ਗਈ ਅਤੇ ਇਹ ਖੈੜਾ 22 ਅਗਵਾੜਾਂ `ਚ ਵੰਡਿਆ ਗਿਆ: 1 ਤੋਂ 8: ਅਗਵਾੜ ਨੱਤਾਂ ਦਾ, ਗੋਂਦਾਰਿਆਂ ਦਾ, ਢੀਂਡਸਿਆਂ ਦਾ, ਗਰੇਵਾਲਾਂ ਦਾ, ਗਿੱਲਾਂ ਦਾ, ਮਾਨਾਂ ਦਾ, ਬੂਟਰਾਂ ਦਾ ਅਤੇ ਸੰਧੂਆਂ ਦਾ। ਅਗਵਾੜ: 9-12: ਕਲਾਲਾਂ ਦਾ, ਜੰਗੀ ਕਾ, ਤੇਲੀਆਂ ਦਾ ਅਤੇ ਕਸਾਈਆਂ ਦਾ। 13-16: ਢਿੱਲਵਾਂ ਕਾ, ਡਿੱਬੀ ਪੁਰੀਆਂ ਦਾ, ਭੈਣੀ ਦਾ ਅਤੇ ਜੈਦਾਂ ਦਾ। 17-21: ਗੋਢੀਆਂ ਦਾ, ਵੱਡੇ ਕੋੜਿਆਂ ਦਾ, ਛੋਟੇ ਕੋੜਿਆਂ ਦਾ, ਭਲੇਰੀਆਂ ਦਾ ਅਤੇ ਢੁੰਡਿਆਂ ਦਾ। 22ਵਾਂ ਅਗਵਾੜ ਪੁਰੀਆਂ ਦਾ ਸੀ/ਹੈ। ਇਹ ਸਾਰੀ ਵਸੋਂ ਇੱਕ-ਦੂਜੇ ਨਾਲ ਅਗਲ-ਵਿੰਢੀ ਅਤੇ ਬਗਲਗੀਰ ਸੀ/ਹੈ।
ਦੂਰ-ਅੰਦੇਸ਼ੀ ਅਤੇ ਹਾਲਾਤ ਵੱਸ ਰਾਮਾ ਦਿੱਲੀ ਸ਼ਹਿਨਸ਼ਾਹੀ ਦਾ ਵਫਾਦਾਰ ਸੀ। ਸੰਮਤ 1733, ਈਸਵੀ ਸੰਨ 1676 ਨੂੰ ਰਾਮੇ ਫੂਲਕੀਏ ਦੀ ਤੀਵੀਂ ਸਾਭੀ ਦੀ ਕੁੱਖੋਂ ਦੁੰਨੇ ਦਾ ਜਨਮ ਹੋਇਆ। ਦੁੰਨਾ, ਜਿਹੜਾ ਲੋਕਾਂ ਖਾਸ ਕਰਕੇ ਆਪਣੇ ਭਾਈਚਾਰੇ ਪ੍ਰਤੀ ਦਰਿਆ-ਦਿਲ ਸੀ, ਨੇ 1714 ਈ. ਨੂੰ ਰਿਆਸਤ ਦੀ ਵਾਗਡੋਰ ਸੰਭਾਲੀ। ਉਹ ਵੀ ਸਿੱਖਾ-ਸ਼ਾਹੀ ਦੀ ਬਜਾਏ ਦਿੱਲੀ ਵੱਲ ਉਲਾਰ ਸੀ, ਜਿਹੜਾ 1726 ਨੂੰ ਫੌਤ ਹੋ ਗਿਆ। ਉਪਰੰਤ ਉਸਦੇ ਭਾਈ ਆਲਾ ਸਿੰਘ ਬਰਨਾਲਾ ਭਦੌੜ ਦਾ ਸਰਬ-ਰਾਹ ਬਣ ਗਿਆ।
ਗੱਲ ਮੁਕਾਈਏ, ਰਾਮਾ-ਦੁੰਨਾ ਤੋਂ ਕੁਝ ਅਗਲੀਆਂ-ਅਗਲੇਰੀਆਂ ਪੀੜ੍ਹੀਆਂ ਤੋਂ ਉੱਠਦੀ-ਢਹਿੰਦੀ ਇਹ ਰਿਆਸਤ (ਭਦੌੜ) ਮੁਕੰਮਲ ਤੋਰ `ਤੇ ਪਟਿਆਲਾ ਸ਼ਾਹੀ ਦੇ ਪੁਰਜ਼ਿਆਂ ਦੇ ਕਾਬੂ ਆ ਗਈ ਅਤੇ ਇਸਦੀ ਖੇਤੀ “ਮੁਜ਼ਾਰਾ” ਪ੍ਰਚਲਨ ਹੇਠ। ਲੋਕ ਤੀਹਰੀ ਚੱਕੀ ਹੇਠ ਪੀਸ ਹੋਣ ਲੱਗੇ: ਗੋਰਾ ਸ਼ਾਹੀ ਹੇਠ, ਪਟਿਆਲਾ ਸ਼ਾਹੀ ਹੇਠ ਅਤੇ ਜਗੀਰਦਾਰੀ ਸ਼ਾਹੀ ਹੇਠ। ਹਲਵਾਹਕ ਬੁਰੀ ਤਰ੍ਹਾਂ ਮੰਦਵਾੜੇ ਅਤੇ ਸ਼ੋਸਣ ਹੇਠ ਆ ਗਏ, ਸਿੱਟੇ ਵਜੋਂ ਲੋਕਸ਼ਾਹੀ-ਮੁਜ਼ਾਰਾ ਲਹਿਰ ਦਾ ਉਥਾਨ ਹੋ ਗਿਆ।
ਮੁਜ਼ਾਰਾ ਲਹਿਰ ਦੀਆਂ ਜੜ੍ਹਾਂ 1861-62 ਦੇ ਜ਼ਮੀਨੀ ਬੰਦੋਬਸਤ ਪ੍ਰਬੰਧ ਅਤੇ ਰਾਜਾਸ਼ਾਹੀ ਤੇ ਜਗੀਰਦਾਰਾਂ ਦੇ ਲਾਲਚ ਅਤੇ ਉਨ੍ਹਾਂ ਦੇ ਹਲਵਾਹਕਾਂ ਪ੍ਰਤੀ ਜ਼ਾਹਰਾ ਤੇ ਮੂਕ ਮਾਨਸਿਕ-ਤਸ਼ੱਦਦ ਨਾਲ ਜੁੜਦੀਆਂ ਹਨ। ਉਪਰੰਤ; 1901 ਤੋਂ ਧੁਖਦੀ ਅੱਗ ਨੇ 1925-26 `ਚ ਪੀਡਾ ਜਥੇਬੰਦਕ ਰੂਪ ਧਾਰ ਲਿਆ, ਜਿਸਨੇ 1927 `ਚ ਸੂਹਾ-ਰੁੱਖ ਫੜ੍ਹ 1928 ਤੋਂ 1937 ਤੱਕ ਲਾ-ਮਿਸਾਲ ਹੱਕੀ-ਘੋਲ ਲੜਿਆ। ਭਦੌੜ ਨੇ ਇਸ ਵਿੱਚ ਅਣਮਿਣਵੀਂ ਕੁਰਬਾਨੀ ਦਾ ਹਿੱਸਾ ਪਾਇਆ। ਇਸ ਦੀਆਂ ਤਾਅ-ਜਾਤਾਂ ਅਤੇ ਕਿਰਤੀ-ਸ਼ਿਲਪੀ `ਕੱਠੇ ਜੂਝੇ। ਦਰ-ਹਕੀਕਤ; ਭਦੌੜ ਵਾਲਿਆਂ ਤਾਂ 1920 ਵਿੱਚ ਹੀ ਜਗੀਰੂ ਪ੍ਰਥਾ ਵਿਰੁੱਧ ਆਪਣੇ ਫਰਜੰਦਾਂ: ਬੱਗੂ ਭਲੇਰੀਆਂ, ਗੁੱਜਰ ਸਿੰਘ ਅਤੇ ਦੁੱਲਾ ਅਰਾਈਂ ਦੀ ਕਮਾਂਡ ਹੇਠ ਬਗਾਵਤੀ ਝੰਡਾ ਚੁੱਕ ਲਿਆ ਸੀ। ਇਹੀ ਨਹੀਂ, “ਮੁਜ਼ਾਰਾ ਵਾਰ ਕੌਂਸਲ”, ਜਿਹੜੀ ਰੱਤ-ਡੋਲ੍ਹਵੀਂ ਜੱਦੋ-ਜਹਿਦ ਦੀ ਅਗਵਾਈ ਕਰਦੀ ਸੀ, ਵਿੱਚ ਬਰਨਾਲਾ ਪਰਗਨੇ ਦੇ ਸਿਰਲੱਥ ਜਰਨੈਲਾਂ `ਚ ਇਸੇ ਭਦੌੜ ਦੇ ਤਿੰਨ ਸਪੂਤ- ਕਾਮਰੇਡ ਹਰਨਾਮ ਸਿੰਘ, ਚੰਦ ਸਿੰਘ ਮਾਨ ਅਤੇ ਬਾਬਾ ਅਰਜਨ ਸਿੰਘ, ਸ਼ੁਮਾਰ ਸਨ।
ਮੁੱਕਦੀ ਗੱਲ; ਪ੍ਰਾਚੀਨ ਸਮਿਆਂ ਤੋਂ ਲੈ ਕੇ, ਭਦੌੜ ਦੇ ਮੁੜ ਰਸਣ-ਵਸਣ ਤੱਕ ਅਤੇ ਹੁਣ ਦੇ ਵੇਲਿਆਂ ਦੀਆਂ ਬੜੀਆਂ ਸ਼ਾਨਾਂ ਤੇ ਮਾਣਮੱਤੀਆਂ ਗਥਾਵਾਂ ਹਨ। ਕੀ ਤੁਸੀਂ ਭਦੌੜ ਦੇ ਖੂਹਾਂ-ਟੋਭਿਆਂ, ਜੰਗਲਾਂ-ਬੇਲਿਆਂ, ਦੇਸ਼ ਭਗਤਾਂ, ਨਾਮਵਰ ਕਿਰਤੀ-ਸ਼ਿਲਪੀਆਂ-ਕਾਰੀਗਰਾਂ, ਨਾਥਾਂ-ਜੋਗੀਆਂ, ਛੱਜ ਘਾੜਿਆਂ, ਬੱਕਰਵਾਲਾਂ, ਮਾਸ਼ਕੀਆਂ, ਇਨਕਲਾਬੀਆਂ ਅਤੇ ਸਾਹਿਤਕਾਰਾਂ, ਸੰਗੀਤਵੇਤਿਆਂ ਤੇ ਤਰਕਸ਼ੀਲਾਂ ਤੋਂ ਬਿਨਾ ਭਦੌੜ ਦਾ ਇਤਿਹਾਸ ਸਮੇਟ ਸਕਦੇ ਹੋ? ਕਦਾਚਿਤ ਨਹੀਂ, ਪਰ ਲੇਖ ਦੀ ਸੀਮਤਾਈ ਇੰਜ ਕਰਨ ਦੀ ਆਗਿਆ ਨਹੀਂ ਦਿੰਦੀ।