1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ, ਤੇ ਜਿਨ੍ਹਾਂ ਨੇ ਇਸ ਦੀ ਪੀੜ ਆਪਣੇ ਪਿੰਡੇ ’ਤੇ ਹੰਢਾਈ ਹੈ, ਉਸ ਦਾ ਹਿਸਾਬ ਕੌਣ ਕਰ ਸਕਦੈ? ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਲੇਖਾ-ਜੋਖਾ ਕਰਨਾ ਬਹੁਤ ਮੁਸ਼ਕਿਲ ਹੈ! ਪਿੰਡਾਂ ਵਿੱਚ ਸਭ ਮਜ਼ਹਬਾਂ ਦੇ ਲੋਕ ਆਪਸੀ ਵਿਤਕਰੇ ਤੋਂ ਦੂਰ ਸਹਿਚਾਰੇ ਨਾਲ ਨਾਲ ਰਹਿੰਦੇ ਸਨ।
ਅਫਸੋਸ! ਵੰਡ-ਵੰਡਾਰੇ ਦੀ ਹਨੇਰੀ ਐਸੀ ਆਈ ਕਿ ਦੂਜੇ ਮਜ਼ਹਬ ਨਾਲ ਜੁੜੇ ਇੱਕ ਦੋਸਤ ਨੂੰ ਕਿਸ ਤਰ੍ਹਾਂ ਦੂਜੇ ਮਜ਼ਹਬ ਦੇ ਦੋਸਤ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ ਗਿਆ; ਇਸ ਦਰਦ ਦੀ ਹੂਕ ਇਸ ਲਿਖਤ ਵਿੱਚ ਮਾਰੀ ਗਈ ਹੈ। ਇਸ ਸਭ ਸੁਣਦਿਆਂ ਅੱਖਾਂ ਦੇ ਨਾਲ਼ ਦਿਲ ਵੀ ਭਰ ਆਉਂਦਾ ਹੈ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।
ਸਾਂਵਲ ਧਾਮੀ
ਫੋਨ:+91-9781843444
ਜੇ ਪੰਜਾਬ ਦੇ ਉਨ੍ਹਾਂ ਪਿੰਡਾਂ ਦੇ ਲੇਖਾ-ਜੋਖਾ ਕੀਤਾ ਜਾਵੇ, ਜਿੱਥੇ ਸੰਤਾਲ਼ੀ ’ਚ ਸਭ ਤੋਂ ਵੱਧ ਕਤਲੋ-ਗਾਰਤ ਹੋਈ ਤਾਂ ਬੇਰਛੇ ਦਾ ਨਾਂ ਪਹਿਲੇ ਸੌ ਪਿੰਡਾਂ ’ਚ ਜ਼ਰੂਰ ਸ਼ੁਮਾਰ ਹੋਏਗਾ। ਹੁਸ਼ਿਆਰਪੁਰ ਜ਼ਿਲ੍ਹੇ ਦੀ ਦਸੂਹਾ ਤਹਿਸੀਲ ਦਾ ਪਿੰਡ ਹੈ ਇਹ। ਵੰਡ ਤੋਂ ਪਹਿਲਾਂ ਇੱਥੇ ਮੁਸਲਿਮ ਡੋਗਰ, ਰਾਜਪੂਤ, ਸਰਾਂ ਗੋਤ ਦੇ ਜੱਟ ਤੇ ਆਦਿ-ਧਰਮੀ ਬਰਾਦਰੀ ਦੇ ਲੋਕ ਵੱਸਦੇ ਸਨ। ਜੱਟਾਂ ਬਾਰੇ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਇਹ ਪਿੰਡ ਸੌਂਗਰੀ-ਗੁਲਿਆਣਾ, ਜ਼ਿਲ੍ਹਾ ਕੈਥਲ ਤੋਂ ਇੱਥੇ ਆਏ ਸਨ। ਕਦੇ ਠਾਕੁਰ ਪਹਿਲਵਾਨ ਦੇ ਨਾਂ ਤੋਂ ਵੀ ਇਸ ਪਿੰਡ ਨੂੰ ਜਾਣਿਆ ਜਾਂਦਾ ਸੀ।
ਸੰਤਾਲ਼ੀ ਤੋਂ ਪਹਿਲਾਂ ਇੱਥੇ ਮੰਡੀ ਲੱਗਦੀ ਸੀ। ਖੇਡਾਂ ਹੁੰਦੀਆਂ ਸਨ। ਉਦੋਂ ਬਹੁਤ ਭਾਰੀ ਪਿੰਡ ਸੀ ਇਹ। ਲਹਿੰਦੇ ਪਾਸੇ ਰਾਜਪੂਤ, ਵਿਚਕਾਰ ਜੱਟ ਤੇ ਚੜ੍ਹਦੇ ਪਾਸੇ ਡੋਗਰ ਵੱਸਦੇ ਸਨ। ਰਾਜਪੂਤਾਂ ਦੀ ਪੱਤੀ ਦਾ ਨਾਂ ਰਾਜਪੁਰਾ ਸੀ। ਭੀਖੇ ਖ਼ਾਂ, ਗੁਲਾਮ ਕਾਦਿਰ ਤੇ ਖੈਰੂ ਲੰਬੜਦਾਰ ਸਿਰਕੱਢ ਬੰਦੇ ਸਨ। ਭੀਖੇ ਖਾਂ ਨਿਰਪੱਖ ਸੋਚ ਦਾ ਵਿਅਕਤੀ ਸੀ। ਉਹ ਰੋਜ਼ਾਨਾ ਨੇੜਲੇ ਪਿੰਡ ਬੋਦਲਾਂ ਦੇ ਗਰਨਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਵੀ ਜਾਂਦਾ ਹੁੰਦਾ ਸੀ। ਜਪੁਜੀ ਸਾਹਿਬ ਉਸਨੂੰ ਮੂੰਹ-ਜ਼ੁਬਾਨੀ ਯਾਦ ਸੀ। ਕਿਹਾ ਜਾਂਦਾ ਕਿ ਉਸਨੇ ਗਰਨਾ ਸਾਹਿਬ ਗੁਰਦੁਆਰੇ ਨੂੰ ਦੋ ਕਿੱਲ੍ਹੇ ਜ਼ਮੀਨ ਵੀ ਦਾਨ ਕੀਤੀ ਸੀ। ਬੋਦਲਾਂ ਦੇ ਸ. ਮਹਿੰਦਰ ਸਿੰਘ ਰੰਧਾਵਾ ਹੁਰਾਂ ਦੀ ਇਸ ਪਰਿਵਾਰ ਨਾਲ਼ ਬਹੁਤ ਗੂੜ੍ਹੀ ਸਾਂਝ ਸੀ।
ਡੋਗਰਾਂ ਦੇ ਇਸ ਪਿੰਡ ’ਚ ਸੌ ਦੇ ਕਰੀਬ ਘਰ ਸਨ। ਅਹਿਮਦ ਅਲੀ ਤੇ ਗੁਲਾਮ ਅਲੀ ਉਨ੍ਹਾਂ ’ਚੋਂ ਪ੍ਰਸਿੱਧ ਸਨ। ਜ਼ਿਆਦਾ ਰਕਬਾ ਰਾਜਪੂਤਾਂ ਕੋਲ਼ ਸੀ। ਰਾਜਪੂਤ ਡੋਗਰਾਂ ਨਾਲ਼ੋਂ ਵੱਧ ਟੌਹਰੀ ਸਨ। ਛਿਆਲੀ ’ਚ ਭੀਖ਼ੇ ਖਾਂ ਦੀ ਮੌਤ ਹੋ ਗਈ। ਬਜ਼ੁਰਗਾਂ ਦਾ ਮੰਨਣਾ ਹੈ ਕਿ ਜੇ ਭੀਖੇ ਖਾਂ ਜਿਉਂਦਾ ਰਹਿੰਦਾ ਤਾਂ ਸ਼ਾਇਦ ਬੇਰਛੇ ’ਚ ਐਨੀ ਕਤਲੋਗਾਰਤ ਨਾ ਹੁੰਦੀ। ਪਾਕਿਸਤਾਨ ਬਣਨ ਤੋਂ ਬਾਅਦ ਰੰਧਾਵਾ ਸਾਹਿਬ ਨੇ ਭੀਖੇ ਖਾਂ ਦੀ ਕਬਰ ਨੂੰ ਪੱਕਾ ਕਰਵਾਇਆ ਸੀ।
ਸੰਤਾਲ਼ੀ ਦੇ ਆਰ-ਪਾਰ ਦੀਆਂ ਗੱਲਾਂ ਸੁਣਨ ਲਈ ਕੈਪਟਨ ਰਣਜੀਤ ਸਿੰਘ ਹੁਰਾਂ ਕੋਲ ਗਿਆ।
“ਸੰਤਾਲ਼ੀ ਚੜ੍ਹਿਆ ਤਾਂ ਸਾਡੇ ਸਕੂਲ ’ਚ ਦੋ ਬੰਦੇ ਆਏ…।” ਉਨ੍ਹਾਂ ਗੱਲ ਸ਼ੁਰੂ ਕੀਤੀ ਸੀ।
“…ਉਨ੍ਹਾਂ ਦੇ ਸਿਰਾਂ ’ਤੇ ਮੁਸਲਿਮ ਲੀਗੀਆਂ ਵਾਲ਼ੀਆਂ ਟੋਪੀਆਂ। ਪਜਾਮਾ ਤੇ ਅਚਕਨ ਪਾਏ ਹੋਏ। ਮੱਥੇ ’ਤੇ ਚੰਦ ਤੇ ਤਾਰੇ ਉਕਰੇ ਹੋਏ। ਉਨ੍ਹਾਂ ਮੂੰਹੋਂ ਅਸੀਂ ਪਹਿਲੀ ਵਾਰ ਪਾਕਿਸਤਾਨ ਦਾ ਨਾਂ ਸੁਣਿਆ। ਇੱਕ ਮੁੰਡਾ ਹੁੰਦਾ ਸੀ। ਉਹਦੇ ਫੁੱਲਬਹਿਰੀ ਹੋਈ ਸੀ। ਉਹਨੇ ਨਜ਼ਮ ਸੁਣਾਈ- ਸਾਰੇ ਜਹਾਂ ਸੇ ਅੱਛਾ, ਪਾਕਿਸਤਾਂ ਹਮਾਰਾ। ਫਿਰ ਵੱਡੇ-ਵੱਡੇ ਪੋਸਟਰ ਲੱਗ ਗਏ, ਇੱਥੇ। ਮੁਹੰਮਦ ਬੂਟਾ ਹੁੰਦਾ ਸੀ ਇੱਥੇ। ਹਜ਼ਾਮਤਾਂ ਕਰਨ ਵਾਲ਼ਾ। ਉਹਦਾ ਮੁੰਡਾ ਹਮੀਦ ਮੇਰਾ ਦੋਸਤ ਸੀ। ਅਸੀਂ ਇੱਕੋ ਜਮਾਤ ’ਚ ਪੜ੍ਹਦੇ ਸਾਂ। ਸਕੂਲੋਂ ਮੁੜਦਿਆਂ ਉਹ ਮੈਨੂੰ ਪੁੱਛਣ ਲੱਗਾ- ਜੀਤ ਇਹ ਪਾਕਿਸਤਾਨ ਭਲਾ ਕਿਸ ਬਲਾ ਦਾ ਨਾਂ ਏਂ? ਮੈਨੂੰ ਕਿਹੜਾ ਸਮਝ ਸੀ ਕੋਈ। ਮੁਸਲਿਮ ਲੀਗੀਆਂ ਦੀ ਗੱਲਬਾਤ ਤੋਂ ਮੈਂ ਇੰਨਾ ਕੁ ਜ਼ਰੂਰ ਸਮਝ ਗਿਆ ਸਾਂ ਕਿ ਕੋਈ ਨਵਾਂ ਦੇਸ਼ ਬਣਨ ਜਾ ਰਿਹਾ ਹੈ ਤੇ ਉਸ ਦੇਸ਼ ਦਾ ਨਾਂ ਪਾਕਿਸਤਾਨ ਹੋਵੇਗਾ, ਜਿਸ ਵਿੱਚ ਬਹੁਤੇ ਮੁਸਲਮਾਨ ਹੋਣਗੇ। ਮੈਂ ਆਖਿਆ- ਹਮੀਦ ਤੁਹਾਡਾ ਨਵਾਂ ਦੇਸ਼ ਬਣ ਜਾਣਾ। ਮੇਰੀ ਗੱਲ ਸੁਣ ਕੇ ਉਹ ਉਦਾਸ ਹੋ ਗਿਆ। ਕੁਝ ਦੇਰ ਸੋਚਣ ਤੋਂ ਬਾਅਦ ਬੋਲਿਆ- ਤੂੰ ਨਹੀਂ ਹੋਵੇਗਾ ਉਸ ਦੇਸ਼ ਵਿੱਚ?
ਮੈਂ ਆਖਿਆ- ਮੈਂ ਕਿਹੜਾ ਮੁਸਲਮਾਨ ਆਂ ਹਮੀਦਿਆ। ਮੇਰਾ ਉੱਤਰ ਸੁਣ ਕੇ ਉਹ ਹੱਸ ਪਿਆ ਸੀ।
ਅਗਲੀ ਸਵੇਰ ਡਾਹਢਾ ਉਦਾਸ ਸੀ ਉਹ। ਅੱਧੀ ਛੁੱਟੀ ਵੇਲ਼ੇ ਮੈਨੂੰ ਖੇਡਣ ਦੇ ਬਹਾਨੇ ਇੱਕ ਪਾਸੇ ਲਿਜਾ ਕੇ ਕਹਿਣ ਲੱਗਾ- ਮੈਂ ਅੱਬਾ ਕੋਲ਼ੋਂ ਪੁੱਛਿਆ। ਉਹ ਕਹਿੰਦਾ ਕਿ ਅਸੀਂ ਬਿਆਸੋਂ ਪਾਰ ਚਲੇ ਜਾਣਾ। ਮੈਂ ਅੱਬਾ ਨੂੰ ਆਖਿਆ- ਮੈਂ ਨਹੀਂ ਛੱਡਣਾ ਆਪਣਾ ਬੇਰਛਾ।
ਮੈਂ ਹਮੀਦੇ ਨੂੰ ਗਹੁ ਨਾਲ਼ ਵੇਖਿਆ ਸੀ। ਉਸ ਦੀਆਂ ਅੱਖਾਂ ਛਲਕ ਪਈਆਂ ਸਨ। ਮੈਂ ਉਸਦਾ ਹੱਥ ਫੜਦਿਆਂ ਆਖਿਆ ਸੀ- ਐਵੇਂ ਝੂਠਾ ਰੌਲ਼ਾ ਪਈ ਜਾਂਦਾ। ਬੇਰਛਾ ਤਾਂ ਸਾਰਿਆਂ ਦਾ ਪਿੰਡ ਏ। ਕੋਈ ਕਿਸੇ ਨੂੰ ਉਹਦੇ ਪਿੰਡੋਂ ਥੋੜ੍ਹੋਂ ਕੱਢ ਸਕਦਾ। ਮੇਰੀ ਗੱਲ ਸੁਣਦਿਆਂ ਉਹ ਮੁਸਕਰਾ ਪਿਆ ਸੀ। ਮੈਲ਼ੇ ਤੇ ਖਸਤਾ ਹਾਲ ਝੱਗੇ ਨਾਲ਼ ਅੱਖਾਂ ਪੂੰਝਦਿਆਂ ਬੋਲਿਆ ਸੀ- ਉਏ ਜੀਤ, ਜੇ ਕੋਈ ਸਾਨੂੰ ਪਿੰਡੋਂ ਕੱਢੂ ਤਾਂ ਅਸੀਂ ਤੇਰੇ ਘਰ ਆ ਜਾਣਾ। ਤੂੰ ਦਰਵਾਜ਼ਾ ਖੋਲ੍ਹ ਦਏਂਗਾ ਨਾ ਉਸ ਵੇਲੇ?
ਉਸਦੀ ਗੱਲ ਸੁਣ ਕੇ ਮੇਰਾ ਦਿਲ ਭਰ ਆਇਆ ਸੀ।
ਕੁਝ ਦਿਨਾਂ ’ਚ ਪਿੰਡ ਦੀ ਫ਼ਿਜ਼ਾ ’ਚ ਜ਼ਹਿਰ ਫ਼ੈਲ਼ ਗਈ ਸੀ। ਸਾਡਾ ਸਕੂਲ ਵੀ ਬੰਦ ਹੋ ਗਿਆ ਸੀ। ਲੋਕ ਘਰੋਂ ਬਹੁਤ ਘੱਟ ਨਿਕਲਦੇ ਸਨ। ਲੁਹਾਰ ਬਾਕੀ ਸਭ ਕੁਝ ਛੱਡ ਛਵੀਆਂ, ਟਕੂਏ ਤੇ ਤਲਵਾਰਾਂ ਬਣਾਉਣ ਲੱਗ ਪਏ ਸਨ। ਪਿੰਡ-ਪਿੰਡ ਘੁੰਮ ਕੇ ਹਜ਼ਾਮਤਾਂ ਕਰਨ ਵਾਲ਼ੇ ਬੂਟਾ ਮੁਹਮੰਦ ਨੂੰ ਘਰ ਬਹਿਣਾ ਪੈ ਗਿਆ ਸੀ। ਇੱਕ ਸ਼ਾਮ ਹਮੀਦ ਨੇ ਮੇਰੇ ਘਰ ਮੂਹਰੇ ਆ ਕੇ ਮੈਨੂੰ ਆਵਾਜ਼ ਮਾਰੀ ਸੀ।
ਅੱਖਾਂ ਅੰਦਰ ਵੱਲ ਧੱਸੀਆਂ ਹੋਈਆਂ। ਚਿਹਰਾ ਉੱਜੜਿਆ ਹੋਇਆ। ਨੰਗੇ ਪੈਰ ਤੇ ਟਾਕੀਆਂ ਲੱਗਾ ਝੱਗਾ। ਮੈਂ ਹੈਰਾਨ ਹੁੰਦਿਆਂ ਉਹਦਾ ਹਾਲ ਪੁੱਛਿਆ ਤਾਂ ਉਹਦਾ ਗੱਚ ਭਰ ਆਇਆ ਸੀ। ਕੁਝ ਪਲ ਕੋਸ਼ਿਸ਼ ਕਰਨ ਬਾਅਦ ਉਹ ਮਸਾਂ ਬੋਲਿਆ ਸੀ- ਮਾਂ ਨੇ ਭੇਜਿਆ। ਮੈਂ… ਮੈਂ… ਆਟਾ ਲੈਣ ਆਇਆਂ।
ਉਹਦੇ ਜਾਣ ਤੋਂ ਬਾਅਦ ਬਾਪੂ ਨੇ ਮੈਨੂੰ ਵਰਜਿਆ ਸੀ- ਜੀਤ ਮੁੜ ਨਾ ਮਿਲੀਂ ਏਹਨੂੰ। ਹੋਰ ਨਾ ‘ਸਿਰ-ਫਿਰੇ’ ਸਾਡੇ ਪਿੱਛੇ ਪੈ ਜਾਣ। ਸਿਰ-ਫਿਰੇ ਤੋਂ ਉਸਦਾ ਭਾਵ ਉਨ੍ਹਾਂ ਲੋਕਾਂ ਤੋਂ ਸੀ, ਜਿਨ੍ਹਾਂ ਜਥੇ ਬਣਾ ਕੇ ਮੁਸਲਮਾਨਾਂ ਦੇ ਪਿੰਡਾਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਜਥਿਆਂ ਦਾ ਮੋਹਰੀ ਸਾਡੀ ਪੱਤੀ ਦਾ ਜਗੀਰਾ ਹੁੰਦਾ ਸੀ।
ਕੁਝ ਦਿਨਾਂ ਬਾਅਦ ਨੇੜਲੇ ਪਿੰਡਾਂ ਤੋਂ ਮੁਸਲਮਾਨ ਸਾਡੇ ਪਿੰਡ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਡੀ ਪੱਤੀ ਦੇ ਮੁੱਖ ਦਰਵਾਜ਼ੇ ’ਤੇ ਪਹਿਰਾ ਲੱਗਣ ਲੱਗ ਪਿਆ। ਅਫ਼ਵਾਹ ਇਹ ਸੀ ਕਿ ਮੁਸਲਮਾਨਾਂ ਨੇ ਸਾਡੇ ਪਿੰਡ ਨੂੰ ਕਤਲ ਕਰਨ ਤੋਂ ਬਾਅਦ ਕਾਫ਼ਲੇ ਦੀ ਸ਼ਕਲ ’ਚ ਹਿੰਦੂ-ਸਿੱਖਾਂ ਦੇ ਪਿੰਡ ਤਬਾਹ ਕਰਦਿਆਂ, ਬਿਆਸ ਦੇ ਕੰਡੇ ਜਾ ਕੇ ਪਾਕਿਸਤਾਨ ਦਾ ਝੰਡਾ ਝੁਲਾਉਣਾ ਏਂ।
ਜਿਸ ਰਾਤ ਸਾਡੇ ਪਿੰਡ ’ਤੇ ਹਮਲਾ ਹੋਇਆ, ਬੋਦਲਾਂ ਵਾiਲ਼ਆਂ ਖੈਰੂ ਖ਼ਾਂ ਦੇ ਟੱਬਰ ਤੇ ਆਦਿਧਰਮੀਆਂ ਨੂੰ ਪਿੰਡ ’ਚੋਂ ਕੱਢ ਲਿਆ ਸੀ। ਫਿਰ ਬਹੁਤ ਕਤਲੇਆਮ ਹੋਇਆ। ਚੀਕ-ਚਿਹਾੜਾ ਸਾਰੀ ਰਾਤ ਸੁਣਦਾ ਰਿਹਾ। ਬਾਪੂ ਸਾਰੀ ਰਾਤ ਦੇਸ਼ ਦੇ ਲੀਡਰਾਂ ਨੂੰ ਗਾਲ਼ਾਂ ਕੱਢਦਾ ਰਿਹਾ ਤੇ ਮੈਨੂੰ ਮੁੜ-ਮੁੜ ਹਮੀਦ ਦਾ ਖ਼ਿਆਲ ਆਉਂਦਾ ਰਿਹਾ। ਸਵੇਰ ਹੋਈ ਤਾਂ ਚੁਫ਼ੇਰੇ ਸ਼ਾਂਤੀ ਸੀ। ਮੇਰਾ ਗੁਆਂਢੀ ਮੁੰਡਾ ਦੌੜਾ-ਦੌੜਾ ਆਇਆ ਤੇ ਕਹਿਣ ਲੱਗਾ- ਹਮੀਦੇ ਨੂੰ ਜਗੀਰੇ ਨੇ ਫੜ ਲਿਆ!
ਬਾਪੂ ਦੇ ਰੋਕਦੇ-ਰੋਕਦੇ ਮੈਂ ਦੌੜਿਆ। ਦਰਵਾਜ਼ੇ ’ਤੇ ਖੜ੍ਹੇ ਬੰਦਿਆਂ ਮੈਨੂੰ ਫੜ੍ਹ ਲਿਆ। ਮੈਂ ਦੇਖਿਆ ਕਿ ਹਮੀਦਾ ਜਗੀਰੇ ਦੀਆਂ ਮਿੰਨਤਾਂ ਕਰਨ ਲੱਗਿਆ ਹੋਇਆ ਸੀ। ਕਦੇ ਹੱਥ ਜੋੜਦਾ ਤੇ ਕਦੇ ਪੈਰ ਫੜ੍ਹਦਾ। ਨਾ ਉਸਦੀ ਸ਼ਕਲ ਪਛਾਣੀ ਜਾ ਰਹੀ ਸੀ, ਨਾ ਆਵਾਜ਼।
ਪਲਾਂ-ਛਿਣਾਂ ’ਚ ਜਗੀਰੇ ਨੇ ਤਲਵਾਰ ਉਛਾਲੀ। ਹਮੀਦ ਦੀ ਚੀਕ ਅਸਮਾਨ ਨੂੰ ਚੀਰ ਗਈ ਤੇ ਮੈਂ ਜ਼ਮੀਨ ’ਤੇ ਡਿੱਗ ਪਿਆ। ਹੋਸ਼ ਆਈ ਤਾਂ ਮੈਂ ਆਪਣੇ ਘਰ ਸਾਂ। ਬੁਖ਼ਾਰ ਨਾਲ਼ ਦੇਹ ਤਪ ਰਹੀ ਸੀ ਤੇ ਮਾਂ ਮੇਰੇ ਸਿਰ ’ਤੇ ਠੰਢੀਆਂ ਪੱਟੀਆਂ ਰੱਖ ਰਹੀ ਸੀ।
ਦਿਨ, ਮਹੀਨੇ, ਸਾਲ ਬੀਤਦੇ ਗਏ। ਪੜ੍ਹਾਈ ਤੋਂ ਬਾਅਦ ਮੈਂ ਫੌਜ ’ਚ ਭਰਤੀ ਹੋ ਗਿਆ। ਨੌਕਰੀ ਤੋਂ ਰਿਟਾਇਰ ਹੋ ਕੇ ਪਿੰਡ ਮੁੜ ਆਇਆ। ਜਗੀਰਾ ਮੈਨੂੰ ਹਮੇਸ਼ਾ ਕੋਈ ਖ਼ੂਨੀ ਦਰਿੰਦਾ ਲੱਗਦਾ ਰਿਹਾ।
ਪਿੰਡ ’ਚ ਕੋਈ ਮੌਤ ਹੋ ਗਈ ਸੀ। ਸਾਰੇ ਪਤਵੰਤੇ ਬੈਠੇ ਸਨ। ਜਗੀਰਾ ਬਹੁਤ ਉੱਚੀਆਂ-ਸੁੱਚੀਆਂ ਗੱਲਾਂ ਕਰ ਰਿਹਾ ਸੀ। ਹੱਕ-ਸੱਚ ਤੇ ਜ਼ਿੰਦਗੀ ਦੀ ਨਾਸ਼ਵਾਨਤਾ ਦੀਆਂ ਗੱਲਾਂ। ਰੱਬ ਤੇ ਸਰਬੱਤ ਦੇ ਭਲੇ ਦੀਆਂ ਗੱਲਾਂ। ਮੈਨੂੰ ਹਮੀਦ ਦੇ ਕਤਲ ਵਾਲ਼ਾ ਦ੍ਰਿਸ਼ ਯਾਦ ਆ ਗਿਆ। ਮੈਂ ਗੁੱਸੇ ਨਾਲ਼ ਭਰ ਗਿਆ। ਮੈਂ ਉਸਨੂੰ ਪੁੱਛਿਆ- ਜਦੋਂ ਤੂੰ ਹਮੀਦੇ ਨੂੰ ਮਾਰਿਆ, ਉਦੋਂ ਤੇਰੇ ਦਿਲ ’ਚ ਕਿਹੜੀ ਗੱਲ ਸੀ? ਉਸ ਗਰੀਬ ਨੇ ਕਿਹੜਾ ਗੁਨਾਹ ਕੀਤਾ ਸੀ? ਮੇਰੇ ਸਵਾਲ ਸੁਣ ਕੇ ਉਹਨੇ ਨੀਵੀਂ ਪਾ ਲਈ ਸੀ। ਮੈਂ ਉਸਦਾ ਜਵਾਬ ਉਡੀਕਦਾ ਰਿਹਾ। ਉਸਨੇ ਨਾ ਸਿਰ ਚੁੱਕਿਆ ਤੇ ਨਾ ਹੀ ਕੁਝ ਬੋਲਿਆ। ਕੋਈ ਪੰਜਾਹ ਵਰਿ੍ਹਆਂ ਬਾਅਦ, ਉਸ ਦਿਨ ਮੇਰੇ ਮਨ ’ਤੇ ਪਿਆ ਬੋਝ ਲਹਿ ਗਿਆ ਸੀ। ਮੈਂ ਆਪਣੇ ਦੋਸਤ ਹਮੀਦ ਦੇ ਕਤਲ ਦਾ ਬਦਲਾ ਲੈ ਲਿਆ ਸੀ।”
ਕਹਾਣੀ ਮੁਕਾਉਂਦਿਆਂ ਸੂਬੇਦਾਰ ਰਣਜੀਤ ਸਿੰਘ ਸਰਾਂ ਦੇ ਚਿਹਰੇ ’ਤੇ ਜੇਤੂ ਮੁਸਕਾਨ ਫੈਲ ਗਈ ਸੀ।
ਐਸ. ਅਸ਼ੋਕ ਭੌਰਾ: ਪ੍ਰੋ. ਗੁਰਭਜਨ ਗਿੱਲ ਦੇ ਸ਼ਬਦਾਂ ਵਿੱਚ…
ਮੈਂ ਉਪਰੋਥਲੀ ਅਮਰੀਕਾ ਅਤੇ ਕੈਨੇਡਾ ਦੇ ਕਈ ਗੇੜੇ ਮਾਰੇ ਹਨ, ਸਾਹਿਤ ਨਾਲ ਤੇਹ ਅਤੇ ਕਵਿਤਾ ਨਾਲ ਸਨੇਹ, ਕਾਵਿ ਰਚਨਾ ਦੇ ਹੁਨਰ ਕਰਕੇ ਪਰਵਾਸੀ ਪੰਜਾਬੀ ਸਾਹਿਤ ਜਗਤ ਵਿੱਚ ਮੈਨੂੰ ਖੁੱਲ੍ਹ ਕੇ ਅਤੇ ਖੁੱਭ ਕੇ ਵਿਚਰਨ ਦਾ ਮੌਕਾ ਮਿਲਦਾ ਰਿਹਾ ਹੈ; ਤੇ ਹੁਣ ਤੱਕ ਮੈਂ ਅਸ਼ੋਕ ਭੌਰੇ ਦੀਆਂ ਸਾਰੀਆਂ ਲਿਖਤਾਂ ਨੂੰ ਪੰਜਾਬ ਵਿੱਚ ਵੀ ਪੜ੍ਹਦਾ ਰਿਹਾ ਹਾਂ, ਪਰਵਾਸੀ ਪੰਜਾਬੀ ਪਾਠਕਾਂ ਵੱਲੋਂ ਹਰ ਥਾਂ ਉਸ ਦੇ ਲੇਖਾਂ ਨੂੰ ਉਡੀਕਦਿਆਂ ਖੁਦ ਵੇਖਿਆ ਹੈ। ਉਹਦਾ ਹਫਤਾਵਾਰੀ ਕਾਲਮ ਕਿਸੇ ਵਿਸ਼ਾ ਵਿਸ਼ੇਸ਼ `ਤੇ ਕੇਂਦਰਿਤ ਹੋਣ ਦੀ ਥਾਂ ਵਗਦੇ ਦਰਿਆ ਵਾਂਗ ਬਹੁਤ ਵਾਰ ਵਹਿਣ ਬਦਲ ਜਾਂਦਾ ਹੈ ਅਤੇ ਦਰਿਆਈ ਮੌਜ ਵਾਂਗ ਆਪਣੀ ਰਫਤਾਰ ਖੁਦ ਨਿਸ਼ਚਿਤ ਕਰਦਾ ਹੈ। ਅਸ਼ੋਕ ਜਦੋਂ ਪੰਜਾਬ ਵਿੱਚ ਵਸਦਾ ਸੀ ਤਾਂ ਇਸ ਦੀ ਮੁਹਾਰਤ ਦਾ ਖੇਤਰ ਲੋਕ ਸਾਹਿਤ, ਸੰਗੀਤ, ਸੱਭਿਆਚਾਰ ਅਤੇ ਪੇਂਡੂ ਜ਼ਿੰਦਗੀ ਦੇ ਉਹ ਜੀਵੰਤ ਕਿਰਦਾਰ ਹੁੰਦੇ ਹਨ, ਜਿਨ੍ਹਾਂ ਸਦਕਾ ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਗਿਣਿਆ ਜਾਂਦਾ ਹੈ।
ਹੁਣ ਅਸ਼ੋਕ ਭੌਰਾ ਪੰਜਾਬੀ ਤਾਂ ਹੈ, ਪਰ ਭਾਰਤੀ ਪੰਜਾਬੀ ਨਹੀਂ। ਅਮਰੀਕਨ ਪੰਜਾਬੀ ਬਣ ਕੇ ਉਸ ਦੇ ਸਰੋਕਾਰ ਵੀ ਗਲੋਬਲ ਹੋ ਗਏ ਹਨ। ਉਸ ਦੇ ਵਿਸ਼ਾ ਚੋਣ ਵਿੱਚ ਵੀ ਵੰਨ-ਸੁਵੰਨਤਾ ਆਈ ਹੈ। ਚੰਗੀ ਗੱਲ ਹੈ ਕਿ ਉਹ ਕਿਸੇ ਵੀ ਵਿਸ਼ੇ `ਤੇ ਗੱਲ ਕਰਨ ਲੱਗਿਆਂ ਮਿਸਾਲਾਂ ਇਸ ਪੰਜਾਬ ਦੇ ਸੱਭਿਆਚਾਰ ਵਿੱਚੋਂ ਹੀ ਚੁਣਦਾ ਹੈ। ਉਸ ਦੇ ਸਿਰਲੇਖ ਦਿਲ-ਖਿੱਚਵੇਂ ਤਾਂ ਹੁੰਦੇ ਹੀ ਹਨ, ਦਿਲ ਟੁੰਬਵੇਂ ਵੀ ਬਣ ਜਾਂਦੇ ਹਨ, ਕਿਉਂਕਿ ਆਪਣੇ ਲੇਖ ਸ਼ਬਦਾਂ ਦੇ ਸਹਾਰੇ ਚਿਣਦਾ ਹੈ, ਪਰ ਰੂਹ ਦੀ ਭਾਵਨਾ ਨੂੰ ਨਾਲੋ ਨਾਲ ਜੋੜਦਾ ਹੈ। ਇਸੇ ਕਰਕੇ ਉਸ ਦੀ ਲਿਖਤ ਨੂੰ ਸਿਰਫ ਪੰਜਾਬੀ ਨੌਜਵਾਨ ਹੀ ਪ੍ਰਵਾਨ ਨਹੀਂ ਕਰਦੇ, ਸਗੋਂ ਬਜ਼ੁਰਗ ਵੀ ਚਾਹ ਕੇ ਪੜ੍ਹਦੇ ਹਨ। ਉਮਰ ਦੇ ਜਿਸ ਮੁਕਾਮ `ਤੇ ਉਹ ਇਸ ਵੇਲੇ ਬੈਠਾ ਹੈ, ਉਸ ਨਾਲ ਉਸ ਦਾ ਸੁਚੇਤ ਤਜਰਬਾ 40 ਕੁ ਵਰਿ੍ਹਆਂ ਤੋਂ ਵੱਧ ਨਹੀਂ, ਪਰ ਲਿਖਤ ਵਿੱਚੋਂ ਉਹ 100 ਸਾਲ ਦੇ ਤਜਰਬੇ ਵਾਲਾ ਬਾਬਾ ਬੋਹੜ ਲੱਗਦਾ ਹੈ। ਮਿਸਾਲਾਂ ਦੇਣ ਲੱਗਿਆਂ ਉਹ ਇਤਿਹਾਸ ਦੀਆਂ ਪਰਤਾਂ ਨੂੰ ਇੰਨੀ ਕਾਮਯਾਬੀ ਨਾਲ ਫੋਲਦਾ ਹੈ ਕਿ ਗਹਿਰ-ਗੰਭੀਰ ਚਿੰਤਕ ਜਾਪਦਾ ਹੈ। ਘਟਨਾਵਾਂ-ਦੁਰਘਟਨਾਵਾਂ ਦੇ ਚੱਕਰਵਿਊ ਨੇ ਉਸ ਨੂੰ ਬਹੁਤ ਸਿਆਣਾ ਕਰ ਦਿੱਤਾ ਹੈ। ਉਸ ਦੀਆਂ ਲਿਖਤਾਂ ਦੇ ਕੁਝ ਰੰਗ ਦੇਖੋ ਯੂਨਾਈਟਿਡ ਅਰਬ ਅਮੀਰਾਤ ਵਿੱਚ ਨਿੱਕੇ ਜਿਹੇ ਕਲੇਸ਼ ਤੋਂ ਫਾਂਸੀ ਦੀ ਸਜ਼ਾ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਪੈਰਵੀ ਕਰਦਿਆਂ ਉਸ ਦਾ ਲੇਖ ‘ਹਾੜਾ ਵੇ ਏਡਾ ਜ਼ੁਲਮ ਨਾ ਕਰ ਹਾਕਮਾ’ ਵਿੱਚ ਇਤਿਹਾਸਕ ਘਟਨਾਵਾਂ ਦੇ ਹਵਾਲੇ ਨਾਲ ਆਪਣੀ ਗੱਲ ਆਖੀ। ਉਨ੍ਹਾਂ ਮੁਲਕਾਂ ਦੀ ਸੱਭਿਆਚਾਰਕ ਹਸਤੀ ਦਾ ਜ਼ਿਕਰ ਕਰਦਿਆਂ ਉਹ ਦੱਸਦਾ ਹੈ, ‘ਮੰਨੋਗੇ ਕਿ ਚੱਪਲਾਂ ਪਾ ਕੇ ਬੱਕਰੀਆਂ ਚਾਰਨ ਵਾਲੇ ਬੱਦੂਆਂ ਦੇ ਭਾਗ ਉਦੋਂ ਜਾਗੇ ਜਦੋਂ ਅਰਬ ਮੁਲਕਾਂ ਵਿੱਚ ਕਾਲੇ ਸੋਨੇ ਯਾਨੀ ਕਿ ਤੇਲ ਦੀ ਸਰਦਾਰੀ ਹੋ ਗਈ।’ ਜੰਗਲ ਦੇ ਰਾਜ ਵਰਗੇ ਹਾਲਾਤ ਨਾਲ ਸਿੱਝਣ ਲਈ ਉਹ ਅਰਬ ਦੇਸ਼ਾਂ ਦੀ ਰੂਹ ਨੂੰ ਇਸਲਾਮ ਦਾ ਹਵਾਲਾ ਦੇ ਕੇ ਜੋੜਦਾ ਹੈ।
ਮਮਤਾ ਦਾ ਮਾਂ ਦਾ ਰਿਸ਼ਤਾ ਬਿਆਨਦਿਆਂ ਉਹ ਹਜ਼ਰਤ ਮੁਹੰਮਦ ਸਾਹਿਬ, ਨੈਪੋਲੀਅਨ, ਪ੍ਰੋਫੈਸਰ ਮੋਹਨ ਸਿੰਘ ਅਤੇ ਧਰਤੀ ਦੀਆਂ ਮਹੱਤਵਪੂਰਨ ਹਸਤੀਆਂ ਦੇ ਹਵਾਲੇ ਨਾਲ ਕੁੱਖ ਦੀ ਸਲਾਮਤੀ ਲਈ ਦੁਆ ਕਰਦਾ ਹੈ। ਅੰਤਰਰਾਸ਼ਟਰੀ ਅਤਿਵਾਦ ਦੇ ਖਿਲਾਫ ਉਸ ਦੀ ਕਲਮ ਵਾਰ ਵਾਰ ਹਮਲਾਵਰ ਰੁਖ ਗ੍ਰਹਿਣ ਕਰਦੀ ਹੈ। ਧੀਆਂ ਦੀ ਪੌੜੀ ਵਜੋਂ ਵਰਤੋਂ ਨੂੰ ਉਹ ਗੁਨਾਹ ਵਾਂਗ ਵੇਖਦਾ ਹੈ ਅਤੇ ਦੋਆਬਾ ਖੇਤਰ ਦੀ ਸੱਭਿਆਚਾਰਕ ਤਬਾਹੀ ਨੂੰ ਪਰਦੇਸ ਮੋਹ ਵਜੋਂ ਪਛਾਣਦਾ ਹੈ। ਭ੍ਰਿਸ਼ਟ ਨਿਜ਼ਾਮ ਵੀ ਉਸ ਦੀ ਕਲਮ ਦਾ ਸ਼ਿਕਾਰ ਹੁੰਦਾ ਹੈ। ਸਮੱਸਿਆਵਾਂ ਵਿੱਚ ਘਿਰੇ ਪੰਜਾਬੀ ਮਨ ਨੂੰ ਉਹ ਪਸ਼ੂਆਂ ਦੇ ਹਵਾਲੇ ਨਾਲ ਨਿਤਾਰਦਾ ਹੈ ਅਤੇ ਕੁਝ ਅਜਿਹੇ ਮਸਲੇ ਨਜਿੱਠਣ ਵਿੱਚ ਕਾਮਯਾਬ ਹੁੰਦਾ ਹੈ, ਜਿਨ੍ਹਾਂ ਦਾ ਉਤਰ ਮਨੁੱਖਾਂ ਕੋਲ ਨਹੀਂ, ਸਿਰਫ ਪਸ਼ੂਆਂ-ਪੰਛੀਆਂ ਕੋਲ ਹੈ। ਬੇਗਰਜ਼, ਲੋਭਹੀਣ, ਇਮਾਨਦਾਰ, ਮਾਰਧਾੜ ਰਹਿਤ ਨਿਜ਼ਾਮ ਉਸਾਰਨ ਲਈ ਉਹ ਪ੍ਰੇਰਕ ਬਣਦਾ ਹੈ।
ਕੁਝ ਗੀਤਕਾਰਾਂ ਦੇ ਜੀਵਨ ਹਵਾਲਿਆਂ ਦੀ ਪੇਸ਼ਕਾਰੀ ਕਰਨ ਲੱਗਿਆਂ ਸਾਨੂੰ ਵੱਖ ਵੱਖ ਇਲਾਕਿਆਂ ਦੀ ਲੋਕਧਾਰਾ ਦੇ ਸਨਮੁੱਖ ਖੜ੍ਹਾ ਕਰ ਦਿੰਦਾ ਹੈ। ਰਿਸ਼ਤਿਆਂ ਦੀ ਪਵਿੱਤਰ ਤੰਦ ਦੇ ਓਹਲੇ ਵਿੱਚ ਲਾਲਚ ਦੇ ਗਰਜ਼ ਦਾ ਰੂਪ ਵੇਖ ਕੇ ਉਹ ਤੜਫ ਉਠਦਾ ਹੈ। ਆਪਣੇ ਮਿੱਤਰ ਦਾਇਰੇ ਦੇ ਅਧਿਕਾਰੀ ਲੋਕਾਂ ਨੂੰ ਵੀ ਉਹ ਸਲਾਮ ਆਖਣੋਂ ਨਹੀਂ ਖੁੰਝਦਾ। ਮਿੱਤਰ ਭਾਵੇਂ ਕ੍ਰਿਸ਼ਨ ਕੁਮਾਰ ਆਈ.ਏ.ਐਸ. ਜਾਂ ਸਤਵੰਤ ਸਿੰਘ ਜੌਹਲ; ਇਨ੍ਹਾਂ ਵੱਲੋਂ ਕੀਤੇ ਸ਼ੁਭ ਕਾਰਜਾਂ ਨੂੰ ਵੀ ਮੋਟੇ ਅੱਖਰਾਂ ਵਿੱਚ ਬਿਆਨਦਾ ਹੈ।
ਚੰਗੀ ਗੱਲ ਇਹ ਹੈ ਕਿ ਦੂਰ ਬੈਠਾ ਅਸ਼ੋਕ ਭੌਰਾ ਪੰਜਾਬ ਦੀਆਂ ਲੋਕ ਸੱਥਾਂ, ਬਾਬਿਆਂ ਦਾ ਜ਼ਿਕਰ ਕਰਨ ਲੱਗਾ ਇਸ ਨੂੰ ਪਿੰਡਾਂ ਦੀ ਰੌਣਕ ਵਜੋਂ ਚੇਤੇ ਕਰਦਾ ਹੈ। ਉਸ ਨੂੰ ਇਹ ਗੱਲ ਅੱਖਰਦੀ ਹੈ ਕਿ ਪੰਜਾਬ ਪਹਿਲਾਂ ਵਰਗਾ ਕਿਉਂ ਨਹੀਂ ਰਿਹਾ! ਪ੍ਰਮਾਰਥ ਦਾ ਮਾਰਗ ਦੱਸਣ ਵਾਲੇ ਸਾਧਾਂ-ਸੰਤਾਂ ਦੀਆਂ ਲਾਲ ਬੱਤੀਆਂ ਨੂੰ ਵੀ ਉਹ ਦੁਨਿਆਵੀ ਕੋਹੜ ਦੀ ਨਿਸ਼ਾਨੀ ਵਜੋਂ ਦੇਖਦਾ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ਚੇਤੇ ਕਰਦਿਆਂ ਉਹ ਸੱਭਿਆਚਾਰ ਦੀ ਧਰਤੀ ਦੇ ਨਿਘਾਰ ਨੂੰ ਪਛਾਣਦਾ ਹੈ। ਜ਼ਿੰਦਗੀ, ਮੌਤ ਤੇ ਸੰਘਰਸ਼ ਦਾ ਜ਼ਿਕਰ ਉਸ ਦੀਆਂ ਲਿਖਤਾਂ ਵਿੱਚ ਵਾਰ ਵਾਰ ਆਉਂਦਾ ਹੈ। ਇਸ ਲਈ ਅਸ਼ੋਕ ਭੌਰਾ ਦੀ ਲਿਖਤ ਨੂੰ ਵਕਤ ਦੇ ਦਸਤਾਵੇਜ਼ਾਂ ਵਜੋਂ ਪੜ੍ਹਨ ਦੀ ਲੋੜ ਹੈ। ਤਰਕਸ਼ੀਲ ਸੋਚ ਦਾ ਧਾਰਨੀ ਹੋਣ ਦੇ ਕਾਰਨ ਉਹ ਅੰਧਵਿਸ਼ਵਾਸ ਦੇ ਹਨੇਰੇ ਦੀ ਚਾਦਰ ਚੀਰਦਾ ਹੈ। ਪੰਜਾਬ ਦੀ ਗੱਲ ਕਰਦਾ ਕਰਦਾ ਉਹ ਏਨਾ ਭਾਵੁਕ ਹੋ ਜਾਂਦਾ ਹੈ ਕਿ ਸ਼ਬਦ ਹਉਕੇ ਭਰਦੇ ਸੁਣੇ ਜਾ ਸਕਦੇ ਹਨ। ਉਸ ਦੇ ਇਕੱਲੇ ਇਕੱਲੇ ਲੇਖ ਦੇ ਹਵਾਲੇ ਨਾਲ ਗੱਲ ਕਰਾਂਗਾ ਤਾਂ ਬਾਤ ਬਹੁਤ ਦੂਰ ਚਲੇ ਜਾਵੇਗੀ।
ਅਸ਼ੋਕ ਭੌਰਾ ਦੀ ਵਾਰਤਕ ਰਚਨਾ ਉਸ ਦੇ ਮਨ ਅੰਦਰਲੇ ਵਲਵਲਿਆਂ ਦੀ ਸੱਚੀ-ਸੁੱਚੀ ਪੇਸ਼ਕਾਰੀ ਹੋਣ ਕਾਰਨ ਜਿੱਥੇ ਗਿਆਨ ਦਾ ਸੋਮਾ ਬਣਦੀ ਹੈ, ਉਥੇ ਸਾਨੂੰ ਉਸ ਧਰਤੀ ਦੀਆਂ ਮੂਲ ਸ਼ਕਤੀਆਂ ਨਾਲ ਵੀ ਜੋੜਦੀ ਹੈ। ਦੇਸ਼ ਵਿੱਚ ਬੈਠਾ ਪਾਠਕ ਪਰਦੇਸੀਂ ਬੈਠੇ ਵੀਰ ਦੀ ਮਨੋਦਸ਼ਾ ਨੂੰ ਸਹਿਜੇ ਜਾਣ ਸਕਦਾ ਹੈ ਅਤੇ ਪਰਦਸੀਂ ਬੈਠਾ ਪਾਠਕ ਪੰਜਾਬ ਦੀ ਧਰਤੀ ਦੀਆਂ ਖੂਬਸੂਰਤੀਆਂ ਅਤੇ ਖੁਸ਼ਬੋਈਆਂ ਤੋਂ ਰੂਹ ਨੂੰ ਵਾਕਿਫ ਕਰਵਾ ਸਕਦਾ ਹੈ।
ਅਸ਼ੋਕ ਭੌਰਾ ਦੋਆਬੇ ਦੇ ਨਵਾਂ ਸ਼ਹਿਰ ਖਿੱਤੇ ਦੇ ਪਿੰਡ ਭੌਰਾ ਦਾ ਜੰਮਪਲ ਹੈ। ਕਿੱਤੇ ਪੱਖੋਂ ਇੰਜੀਨੀਅਰ ਅਤੇ ਸ਼ੌਕ ਪੱਖੋਂ ਲੋਕ ਸੰਗੀਤ ਦਾ ਪਾਰਖੂ, ਖੋਜੀ ਲੇਖਕ, ਪੱਤਰਕਾਰ ਅਤੇ ਕਦਰਦਾਨ ਹੈ। ਤਿੰਨ ਦਰਜਨ ਤੋਂ ਵੱਧ ਸਾਲ ਉਸ ਨੇ ਪੰਜਾਬੀ ਲੋਕ ਸੰਗੀਤ ਦੇ ਅੰਗ-ਸੰਗ ਵਿਚਰਦਿਆਂ ਗੁਜ਼ਾਰੇ ਹਨ। ਅਸ਼ੋਕ ਦੀ ਵਾਰਤਕ ਵਿੱਚ ਲੜੀਬੱਧ ਸ਼ਕਤੀ ਅਤੇ ਸਮਰੱਥਾ ਹੈ। ਉਸ ਨੇ ਪਿਛਲੇ ਕਰੀਬ ਚਾਰ ਦਹਾਕਿਆਂ ਵਿੱਚ ਜਿੰਨਾ ਕੰਮ ਪੂਰੀ ਸਰਗਰਮੀ ਨਾਲ ਸਾਹਿਤ, ਸੰਗੀਤ ਅਤੇ ਸੱਭਿਆਚਾਰ ਲਈ ਕੀਤਾ ਹੈ, ਉਸ ਦੀ ਬਾਤ ਆਉਣ ਵਾਲੀਆਂ ਪੰਜਾਬੀ ਨਸਲਾਂ ਪਾਉਂਦੀਆਂ ਹੀ ਰਹਿਣਗੀਆਂ, ਜਦੋਂ ਤੱਕ ਪੰਜਾਬੀ ਜ਼ੁਬਾਨ ਤੇ ਭਾਸ਼ਾ ਜਿਉਂਦੀ ਰਹੇਗੀ। ਉਸਦੇ ਲਿਖਣ ਦੀ ਵਿਧੀ ਅਤੇ ਸ਼ੈਲੀ ਨੂੰ ਮੈਂ ਵੀ ਸਲਾਮ ਕਰਦਾ ਹਾਂ ਅਤੇ ਇਹ ਵੀ ਕਹਾਂਗਾ ਕਿ ਪੰਜਾਬੀ ਦੇ ਬਹੁਤ ਘੱਟ ਲੇਖਕਾਂ ਜਿਨ੍ਹਾਂ ਦਾ ਘੇਰਾ ਅੰਤਰਰਾਸ਼ਟਰੀ ਹੈ, ਜਿਨ੍ਹਾਂ ਨੇ ਉਸ ਨੂੰ ਹਾਲੇ ਤੱਕ ਨਹੀ ਪੜ੍ਹਿਆ, ਉਹ ਜ਼ਰੂਰ ਪੜ੍ਹਨ; ਫਿਰ ਉਨ੍ਹਾਂ ਨੂੰ ਲੱਗੇਗਾ ਕਿ ਜਿੰਨੀਆਂ ਗੱਲਾਂ ਮੈਂ ਕੀਤੀਆਂ ਹਨ, ਉਸ ਨਾਲੋਂ ਕਈ ਗੁਣਾ ਵੱਧ ਮੈਨੂੰ ਕਰਨੀਆਂ ਚਾਹੀਦੀਆਂ ਹਨ।