ਪਿੰਡ ਵਸਿਆ-29
‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਹਥਲੀ ਲਿਖਤ ਵਿੱਚ ਪ੍ਰਾਚੀਨ ਨਗਰ ਹਠੂਰ ਦਾ ਸੰਖੇਪ ਵੇਰਵਾ ਹੈ।
–ਪ੍ਰਬੰਧਕੀ ਸੰਪਾਦਕ
ਵਿਜੈ ਬੰਬੇਲੀ
ਫੋਨ: +91-9463439075
ਤਵਾਰੀਖੀਆਂ ਜਰਨੈਲ ਅਚਰਵਾਲ ਲਿਖਦਾ ਹੈ, “…ਹਠੂਰ ਆਪਣੇ ਅੰਦਰ ਹਜ਼ਾਰਾਂ ਸਾਲਾਂ ਦਾ ਇਤਿਹਾਸ ਸੰਭਾਲੀ ਬੈਠਾ ਹੈ। ਮਾਲਵੇ ਦੇ ਇਤਿਹਾਸ ਦਾ ਜ਼ਿਕਰ ਇਸੇ ਪਿੰਡੋਂ ਸ਼ੁਰੂ ਹੁੰਦਾ ਹੈ।” ਡਾ. ਨਾਹਰ ਸਿੰਘ ਦੇ ਹਵਾਲੇ ਨਾਲ, ਉਹ ਲਿਖਦਾ ਹੈ, “ਇਸ ਖੇੜੇ ਨੂੰ ਪਹਿਲੀ ਸਦੀ ਈਸਵੀ ਪੂਰਬੀ ‘ਚ ਰਾਜਾ ਕਨਿਸ਼ਕ ਨੇ ਵਸਾਇਆ ਸੀ, ਜਿਸ ਉੱਤੇ ਤੇਰਵ੍ਹੀਂ ਸਦੀ ਢੁਕਦਿਆਂ ਜੈਸਲਮੇਰ ਦਾ ਤੁਲਸੀ ਰਾਮ ਆ ਕਾਬਜ਼ ਹੋਇਆ।”
ਮਾਲਵਾ ਇਤਿਹਾਸ ਵਿੱਚ ਸੰਤ ਵਿਸਾਖਾ ਸਿੰਘ ਲਿਖਦੇ ਹਨ, “ਜਦ ਹਠੂਰ ਕੋਲ ਸਤਲੁਜ ਵਗਦਾ ਸੀ, ਤਦ ਉਸਦੇ ਉਰਾਰ (ਉਰਲੇ ਪਾਸੇ) ਦੇ ਇਲਾਕੇ ਨੂੰ ‘ਹਿਠਾੜ’ (ਹੇਠਲਾ ਖਿੱਤਾ) ਕਿਹਾ ਜਾਂਦਾ ਸੀ। ਇਸੇ ਬਦੌਲਤ ਸਤਲੁਜ ਦੇ ਉਰਲੇ, ਮਾਲਵਾ ਵੱਲ ਦੇ, ਕੰਢੇ ਵਸੀ ਇਸ ਨਗਰੀ ਨੂੰ ‘ਹਿਠਾਰ’ ਕਿਹਾ ਗਿਆ ਜਿਸਦਾ ਨਾਮਕਰਨ ਸਮਾਂ ਪਾ ‘ਹਠੂਰ’ ਪੱਕ-ਪਕਾ ਗਿਆ। ਪੰਜਵੀਂ ਸਦੀ ਵਿੱਚ ‘ਹੂੰਨ’ ਕੁਨਬੇ ਨੇ ਇਸ ਨੂੰ ਬਰਬਾਦ ਕਰ ਦਿੱਤਾ, ਜਿਹੜਾ ਛੇਵੀਂ ਸਦੀ ਤੱਕ ਮੁੜ ਪੈਰੀਂ ਹੋ ਗਿਆ। ਫਿਰ ‘ਤੂਰ’ ਇੱਥੇ ਆ ਕਾਬਜ਼ ਹੋਏ, ਉਨ੍ਹਾਂ ਵੇਲੇ, ਨੌਵੀਂ ਸਦੀ ਤੱਕ ਇਹ ਬਹੁਤ ਪ੍ਰਫੁਲਤ ਹੋ ਗਿਆ। ‘ਮੰਜ’ ਰਾਜਪੂਤਾਂ ਦੇ ਹਥਿਆਉਣ ਤੋਂ ਪਹਿਲਾਂ ਪ੍ਰਿਥੀ ਰਾਜ ਦੇ ਨਾਨਕਾ ਖਾਨਦਾਨ ਵਿੱਚੋਂ ਕੋਈ ਤੰਵਰ ਰਾਜਾ ਇੱਥੇ ਗੱਦੀ ਨਸ਼ੀਨ ਸੀ, ਜਿਸਨੂੰ ਰਾਏ ਤੁਲਸੀ ਰਾਮ, ਜਿਹੜਾ ਮੁਸਲਿਮ ਧਰਮ ਗ੍ਰਹਿਣ ਕਰਨ ਉਪਰੰਤ ਸ਼ੇਖ ਚਾਚੋ ਅਖਵਾਇਆ, ਨੇ ਇਹ ਨਗਰ ਆ ਨੱਪਿਆ। ਗਿਰਦ ਦੇ ਹੋਰ ਇਲਾਕਿਆਂ ਨੂੰ ਕਬਜ਼ਾਉਣ ਤੋਂ ਬਾਅਦ ਉਸਨੇ ਇਸੇ ਹਠੂਰ ਨੂੰ ਆਪਣੀ ਰਾਜਧਾਨੀ ਘੋਸ਼ਿਤ ਕਰ ਦਿੱਤਾ।” ਇਹ ਗੱਲਾਂ ਗੁਲਾਮ ਖਾਨਦਾਨ ਸ਼ਮਸ਼ੂਦੀਨ ਵੇਲੇ ਦੀਆਂ ਹਨ।
ਉਜੜਨ-ਵਸਣ-ਉਜੜਨ ਅਤੇ ਮੁੜ-ਮੁੜ ਵਸਣ ਕਾਰਨ ਇਹ ਨਗਰ ਥੇਹਾਂ ਦਾ ਮੁਜੱਸਮਾ ਵੀ ਬਣਦਾ ਰਿਹਾ। ਮੌਜੂਦਾ ਬਣਤਰ ਤੋਂ ਵੀ ਭਾਸਦਾ ਹੈ ਕਿ ਇਹ ਪਿੰਡ ਇੱਕ ਵੱਡੇ ਥੇਹ ਉੱਤੇ ਵਸਿਆ ਹੋਇਆ ਹੈ। ਪੱਛੋਂ ਦੀ ਬਾਹੀ ਹਾਲੇ ਵੀ ਇੱਕ ਵੱਡਾ ਥੇਹ ਮੌਜੂਦ ਹੈ, ਜਿਸ ਵਿੱਚੋਂ ਕਈ ਪੁਰਾਤਨ ਅਵਸ਼ੇਸ, ਸਿੱਕੇ ਅਤੇ ਵਸਤਾਂ ਨਿਕਲਦੀਆਂ ਹਨ। ਦੰਦ ਕਥਾਵਾਂ ਅਨੁਸਾਰ: ਇਹ ਰਾਜਾ ਵਿਰਾਟ ਦੀ ਧਾਰਾ ਨਗਰੀ ਸੀ, ਜਿੱਥੇ ਪਾਂਡਵਾਂ ਬਣਵਾਸ ਦਾ ਇੱਕ ਹਿੱਸਾ ਕੱਟਿਆ; ਪਰ ਲੋਕ ਇਤਿਹਾਸ ਮੁਤਾਬਿਕ ਵਿਰਾਟ ਨਗਰੀ ਤਾਂ ਦਸੂਹਾ (ਹੁਸ਼ਿਆਰਪੁਰ) ਮਿੱਥੀ ਗਈ ਹੈ। ਹਾਂ! ਹੋਰ ਲੋਕ-ਮਿੱਥਾ ਮੁਤਾਬਿਕ ਇਸਨੂੰ ਕੇਕੱਈਆਂ ਦੀ ਰਾਜਧਾਨੀ, ਕੇਕੱਈ ਦੇ ਮਾਪਿਆਂ ਦਾ ਨਗਰ ਵੀ ਕਿਹਾ ਜਾਂਦਾ ਹੈ।
‘ਅੱਚਰਵਾਲ’ ਮੁਤਾਬਿਕ, “ਹੋ ਸਕਦਾ, ਉਦੋਂ ‘ਮਦਰ’ ਦੇਸ਼, ਦੀ ਰਾਜਧਾਨੀ ਇਹੋ ਹੋਵੇ, ਪੰਜਾਬ ਨੂੰ ਕਦੇ ਮਦਰ ਦੇਸ਼ ਵੀ ਕਿਹਾ ਜਾਂਦਾ ਸੀ।” ਉਸ ਅਨੁਸਾਰ, “ਇੱਥੋਂ ਦੇ ਰਾਜੇ ਦੀਆਂ ਅੱਠ, ਬੇਹੱਦ ਖੁਬਸੂਰਤ ਰਾਣੀਆਂ ਸਨ, ਜਿਨ੍ਹਾਂ ਸਦਕਾ ਇਸਨੂੰ ‘ਅੱਠ ਹੂਰਾਂ ਦਾ ਦੇਸ਼’ ਵੀ ਆਖਿਆ ਜਾਣ ਲੱਗਾ ਅਤੇ ਇਸ ਖੇੜੇ ਦਾ ਨਾਂ ‘ਅੱਠ-ਹੂਰ’ ਤੋਂ ਪਹਿਲਾਂ ‘ਅਠੂਰ’ ਅਤੇ ਮਗਰੋਂ ਵਿਗੜਦਾ-ਸੰਵਰਦਾ ‘ਹਠੂਰ’ ਬਣ ਗਿਆ।”
ਕਿਹਾ ਜਾਂਦਾ ਹੈ ਕਿ ਇਹ ਨਗਰ ਕਦੇ ਰਾਜਧਾਨੀ, ਰਾਜਿਆਂ ਦੇ ਖੇਡਣ ਦਾ ਮੈਦਾਨ, ਫੌਜਾਂ ਦੀ ਛਾਉਣੀ, ਘੋੜਿਆਂ ਦੀਆਂ ਚਰਾਂਦਾ ਅਤੇ ਕਦੇ ਧੜਵੈਲ ਪਸ਼ੂਆਂ ਦੇ ਵਾੜਿਆਂ ਵਜੋਂ ਵੀ ਜਾਣਿਆ ਜਾਂਦਾ ਰਿਹਾ। ਸੁ-ਪ੍ਰਸਿੱਧ ਚੀਨੀ ਯਾਤਰੀ, 7ਵੀਂ ਸਦੀ ਦਾ ਦਾਰਸ਼ਨਿਕ ਘੂੰਮੱਕੜ, ਇਸਨੂੰ “ਭਾਗਾਂ ਭਰਿਆ ਨਗਰ” ਵਜੋਂ ਕਲਮਬੱਧ ਕਰਦਾ ਹੈ। ਉਸ ਮੁਤਾਬਿਕ, “ਕਨਿਸ਼ਕ ਨੇ ਜਦੋਂ ਚੀਨ ਨੂੰ ਜਿੱਤਿਆ ਤਾਂ ਉਥੋਂ ਦੇ ਰਾਜਕੁਮਾਰਾਂ ਨੂੰ ਇੱਥੇ ਰੱਖਿਆ ਗਿਆ ਸੀ।” ਅਸਲ ਵਿੱਚ ਉਹ ਇਹ ਬਿਰਤਾਂਤ ਸਿਰਜਦਾ ਹੈ ਕਿ, “ਜਲੰਧਰ ਦੇ ਦੱਖਣ ਵੱਲ ਕੋਈ ਦੂਰ ਤੇ ਪਾਸੇ ਹੱਟਵੀਂ ਕੋਈ ਥਾਂ ਹੈ, ਜਿੱਥੇ ਚੀਨ ਦੇ ਰਾਜਕੁਮਾਰਾਂ ਨੂੰ ਰੱਖਿਆ ਗਿਆ ਸੀ।” ਉਸ ਅਨੁਸਾਰ ਸ਼ਾਇਦ ਉਹ ਥਾਂ ਇਹੋ ਹਠੂਰ ਹੋਵੇ ਜਿਹੜੀ ਕਦੇ ਕਨਿਸ਼ਕ ਦੀ ਰਾਜਧਾਨੀ ਸੀ।
ਪਿੰਡ ਦੇ ਇਤਿਹਾਸ ਦਾ ਗੁਰਮੁਖੀ/ਪੰਜਾਬੀ ਲਿਪੀ ਨਾਲ ਵੀ ਗੂੜ੍ਹਾ ਰਿਸ਼ਤਾ ਹੈ। ਕੁਝ ਪ੍ਰੋਢ ਵਿਦਵਾਨਾਂ ਅਨੁਸਾਰ, ਹਠੂਰ ‘ਚ ਹਾਸਿਲ ਕੁਝ ਪੁਰਾਤਨ ਸ਼ਿਲਾਲੇਖ ਗੁਰਮੁਖੀ ਲਿਪੀ ਦੇ ਪੰਜਾਬੀ ਲਿਪੀ ਵਜੋਂ ਪਹਿਲਾਂ ਹੀ ਮੌਜੂਦ ਹੋਣ ਦੀ ਪੀਢੀ ਕਨਸੋਅ ਦਿੰਦੇ ਹਨ। ਲਿਪੀ ਦੇ ਪ੍ਰਸਿੱਧ ਖੋਜੀ ਜੀ.ਬੀ. ਸਿੰਘ ਆਪਣੀ ਖੋਜ ਦੇ ਸੰਦਰਭ ‘ਚ ਕਈ ਵਾਰ ਇਸ ਪਿੰਡ ਸ਼ਿਲਾਲੇਖਾਂ ਦੇ ਨਮੂਨੇ ਲੈਣ ਅਤੇ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਦੇ ਸਬੰਧ ਵਿੱਚ ਆਇਆ ਸੀ। ਅੱਚਰਵਾਲ ਮੁਤਾਬਿਕ, ਲਏ ਗਏ ਕਈ ਨਮੂਨੇ ਬਾਬਾ ਨਾਨਕ ਜੀ ਤੋਂ ਵੀ ਕਿਤੇ ਪਹਿਲਾਂ ਦੇ ਸਨ, ਜਿਹੜੇ ਦੱਸਦੇ ਹਨ ਕਿ ਪੰਜਾਬੀ ਮੁੱਢ-ਕਦੀਮ ਤੋਂ ਪੰਜਾਬ ‘ਚ ਵੱਸਣ ਵਾਲਿਆ ਦੀ ਸਾਂਝੀ ਤੇ ਪੁਰਾਤਨ ਬੋਲੀ ਸੀ/ਹੈ। ਸਿੰਘ ਆਪਣੀ ਕਿਤਾਬ ‘ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ’ ਵਿੱਚ ਲਿਖਦਾ ਹੈ, “ਲੁਧਿਆਣੇ ਜ਼ਿਲ੍ਹੇ ਵਿੱਚ ਅਠੂਰ ਜਾਂ ਹਠੂਰ ਇੱਕ ਬਹੁਤ ਪੁਰਾਣਾ ਸ਼ਹਿਰ ਹੈ। ਉਥੇ ਇੱਕ ਬਹੁਤ ਪੁਰਾਣਾ ਥੇਹ ਹੈ। ਥੇਹ ਹੇਠ ਇੱਕ ਵਿਸ਼ਾਲ ਖੂਹ ਸੀ। ਜਦੋਂ ਥੇਹ ਪੁੱਟ ਕੇ ਖੂਹ ਦੀ ਖੁਦਾਈ ਕੀਤੀ ਗਈ ਤਾਂ ਵੀਹ-ਬਾਈ ਹੱਥ ਦੀ ਡੂੰਘਾਈ ਤੱਕ ਜਾਂਦਿਆਂ ਦੋ ਪੱਥਰ ਦੇ ਬਣੇ ਹੋਏ ਹੂ-ਬ-ਹੂ ਸ਼ਕਲ ਦੇ ‘ਸਿਸ਼ਨ’ (ਸ਼ਿਲਾਲੇਖ) ਨਿਕਲੇ, ਜਿਹੋ ਜਿਹੀ ਲਿਪੀ ਦਾ ਜ਼ਿਕਰ ਰਿਗਵੇਦ ਵਿੱਚ ਹੈ।”
ਇਤਿਹਾਸਕਾਰ ਅਤਰ ਸਿੰਘ ਨੇ ਕਲਕੱਤਾ ਵਿਖੇ ‘ਰਾਇਲ ਏਸ਼ੀਆਂਟਿਕ ਸੁਸਾਇਟੀ, ਬੰਗਾਲ’ ਵਿੱਚ ਇਸ ਸ਼ਹਿਰ ਦੀ ਪੁਰਾਤਨਤਾ ਬਾਰੇ 1871 ਈ. ਦੀ ਇੱਕ ਰਿਪੋਰਟ ‘ਚੋਂ ਉਸ ਹਿੱਸੇ ਦਾ ਵੀ ਹਵਾਲਾ ਦਿੱਤਾ ਸੀ, ਜਿਹੜਾ ਲੁਧਿਆਣੇ ਜ਼ਿਲ੍ਹੇ ਦੀ ‘ਰਿਪੋਰਟ ਬੰਦੋਬਸਤ’ ਵਿੱਚ ਦਰਜ ਸੀ। ਇਹੀ ਨਹੀਂ, ਉਨ੍ਹੀਂ ਬਿਕਰਮੀ ਸੰਮਤ 1475 (1532 ਈ.) ਦੀ ਇੱਕ ਹੋਰ ਲਿਖ਼ਤ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਪਿੰਡ ‘ਚ ਤਾਮੀਰ ‘ਰਾਏ ਫਿਰੋਜ਼ ਦਾ ਮਕਬਰਾ’ ਦਾ ਵਿਸਥਾਰਤ ਜ਼ਿਕਰ ਹੈ, ਭਾਵ ਇਸ ਨਗਰ ਦਾ ਮੁਸਲਮਾਨੀ ਸਰਗਰਮੀਆਂ ਨਾਲ ਵੀ ਗੂੜ੍ਹਾ ਰਿਸ਼ਤਾ ਹੈ। ਦਰ-ਹਕੀਕਤ; ਸਿਰਫ ਪੁਰਾਤਨ ਹਿੰਦੂ ਮੋਹਤਬਰਾਨਾ ਨਾਲ ਹੀ ਨਹੀਂ, ਇਸ ਨਗਰ ਦਾ ਮੰਝਾਂ (ਹਿੰਦੂ/ਮੁਸਲਿਮ ਰਾਜਪੂਤਾਂ), ਹਿੰਦੂ-ਮੁਸਲਿਮ ਭੱਟੀਆਂ, ਸਿੱਖਾਂ ਦੇ ‘ਘੱਲੂਘਾਰਿਆਂ’ ਤੇ ਮਿਸਲਾਂ ਸਮੇਤ, ਐਂਗਲੋ-ਸਿੱਖ ਵਾਰ, ‘ਕੂਕਾ ਲਹਿਰ’ ਅਤੇ ‘ਜੰਗ-ਏ-ਆਜ਼ਾਦੀ’ ਦੀ ਤਵਾਰੀਖ ‘ਚ ਵੀ ਜ਼ਿਕਰ ਸ਼ੁਮਾਰ ਹੈ। ਕੀ ਤੇ ਕਿਵੇਂ? ਕਿਤੇ ਫੇਰ ਸੀ!