ਦੋ ਭਰਾਵਾਂ ਦੀ ਕਹਾਣੀ

ਆਮ-ਖਾਸ

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ; ਤੇ ਕੁਝ ਅਜਿਹੇ ਵੀ ਸਨ, ਜੋ ਆਪਣਾ ਜੱਦੀ ਪਿੰਡ ਛੱਡ ਨਾ ਸਕੇ। ਦੋ ਭਰਾਵਾਂ ਦੀ ਇਸ ਕਹਾਣੀ ਵਿੱਚ ਇੱਕ ਦਾ ਹਾਲ ਇਹੋ ਜਿਹਾ ਹੀ ਸੀ, ਤੇ ਉਸ ਦੇ ਇਹ ਬੋਲ ਬੜੇ ਜਜ਼ਬਾਤੀ ਤੇ ਮਿੱਟੀ ਨਾਲ ਜੁੜੇ ਹੋਣ ਦੀ ਸ਼ਾਹਦੀ ਭਰਦੇ ਹਨ, “ਮੇਰੀ ਕੀ ਭੁੱਲ ਜੇ ਚਵਿੰਡਾ ਮੇਰੇ ਕੋਲ਼ੋਂ ਨਹੀਂ ਛੱਡ ਹੋਇਆ? ਉਹਦੇ ਸਿਰ ਤੋਂ ‘ਬੜਾ ਕੁਝ’ ਵਾਰਿਆ ਏ ਮੈਂ। ਜੰਮਣ-ਭੋਂਅ ਨਾਲ਼ ਪਿਆਰ ਦੀ ਡਾਹਢੀ ਕੀਮਤ ਤਾਰੀ ਏ ਮੈਂ।” ਖ਼ੈਰ! ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।

ਸਾਂਵਲ ਧਾਮੀ
ਫੋਨ:+91-9781843444

ਸਿਆਲਕੋਟ ਦੀ ਤਹਿਸੀਲ ਪਸਰੂਰ ਤੋਂ ਚਾਰ ਕੁ ਕਿਲੋਮੀਟਰ ਦੂਰ ਹੈ, ਪਿੰਡ ਚਵਿੰਡਾ। ਬਾਈ ਪੱਤੀਆਂ ਤੇ ਅੱਠ ਲੰਬੜਦਾਰਾਂ ਵਾਲ਼ੇ ਇਸ ਪਿੰਡ ਨੂੰ ਚਵਿੰਡਾ ਬਾਜਵਾ ਵੀ ਕਿਹਾ ਜਾਂਦਾ ਸੀ। ਇਸ ਪਿੰਡ ਦਾ ਜ਼ੈਲਦਾਰ ਅਬਦੁੱਲ ਖਾਨ ਵੀ ਬਾਜਵਾ ਸੀ।
ਇਸ ਪਿੰਡ ਦੀ ਮਾਛੂਆੜੇ ਪੱਤੀ ਦੇ ਲਹਿਣਾ ਸਿੰਘ ਦੇ ਪੰਜ ਪੁੱਤਰ ਸਨ। ਸਭ ਨਾਲ਼ੋਂ ਵੱਡਾ ਬਾਵਾ ਸਿੰਘ ‘ਚੌਧਰਪੁਣੇ’ ਵਿੱਚ ਰਹਿੰਦਾ ਸੀ ਤੇ ਮੁਸਲਮਾਨਾਂ ਬਾਜਵਿਆਂ ਨਾਲ਼ ਉਹਦੀਆਂ ਗੂੜ੍ਹੀਆਂ ਸਾਂਝਾਂ ਸਨ। ਛੋਟਾ ਲਾਭ ਸਿੰਘ ਸੰਨ ਉੱਨਤਾਲ਼ੀ ’ਚ ਦੂਜੀ ਆਲਮੀ ਜੰਗ ਦੌਰਾਨ ਬਰਮਾ ’ਚ ਮਾਰਿਆ ਗਿਆ ਸੀ। ਉਸ ਨਾਲ਼ੋਂ ਛੋਟਾ ਸੰਪੂਰਨ ਸਿੰਘ ਬਿਮਾਰ ਹੋ ਕੇ ਦੁਨੀਆਂ ਤੋਂ ਤੁਰ ਗਿਆ ਸੀ। ਚੌਥੇ ਨੰਬਰ ਵਾਲ਼ਾ ਦਲੀਪ ਸਿੰਘ ਫਸਟ ਸਿੱਖ ਪਲਟਨ ਵਿੱਚ ਸੀ ਤੇ ਅਠਤਾਲ਼ੀ ਦੇ ਕਬਾਇਲੀ ਹਮਲੇ ਦੌਰਾਨ ਬਾਰਾਮੂਲਾ ’ਚ ਸ਼ਹੀਦ ਹੋ ਗਿਆ ਸੀ।
ਸਭ ਨਾਲ਼ੋਂ ਛੋਟਾ ਹਜ਼ੂਰਾ ਸਿੰਘ ਸੌ ਸਾਲ ਦੇ ਨੇੜੇ-ਤੇੜੇ ਹੈ ਤੇ ਜਲੰਧਰ ਦੇ ਇੱਟਾਂਬੱਧੀ ਪਿੰਡ ’ਚ ਰਹਿ ਰਿਹਾ ਏ। ਚਵਿੰਡੇ ਨੂੰ ਯਾਦ ਕਰਦਿਆਂ ਉਹ ਆਖਦਾ ਹੈ, “ਖੂਹਾਂ ਦੀ ਖੇਤੀ ਸੀ। ਬੇਰੀ ਵਾਲ਼ਾ, ਮੋਟਿਆਂ ਵਾਲਾ, ਤੂਤਾਂ ਵਾਲ਼ਾ ਤੇ ਅੰਬਾਂ ਵਾਲ਼ਾ; ਬੜੇ ਖੂਹ ਸਨ ਓਥੇ। ਨੇੜਲੇ ਪਿੰਡ ਸਨ- ਭੀਲੋਕੀ, ਰਾਵਾਂ, ਬੁੱਟਰ, ਬੱਠੇ, ਜੱਜੇ, ਮੁੰਡੇਕੀ ਬੇਰੀਆਂ, ਚੁਬਾਰਾ, ਗਿੱਲ ਤੇ ਮੱਤੇਵਾਲ। ਫਿਲੌਰ ਥਾਣਾ ਹੁੰਦਾ ਸੀ ਸਾਡਾ। ਮੇਰੇ ਨਾਨਕੇ ਜੱਜੇ ਪਿੰਡ ’ਚ ਸਨ ਤੇ ਭੂਆ ਧਮਥਲ।
ਓਥੇ ਬਾਜ਼ਾਰ ਸੀ, ਹਸਪਤਾਲ ਵੀ ਸੀ। ਇੱਕ ਮੁਹੱਲਾ ਕਸ਼ਮੀਰੀਆਂ ਦਾ ਸੀ। ਓਥੇ ਹਾੜ੍ਹ ਮਹੀਨੇ ਛਿੰਜ ਪੈਂਦੀ। ਗੂੰਗਾ ਪਹਿਲਵਾਨ ਵੀ ਆਉਂਦਾ ਹੁੰਦਾ ਸੀ।
ਮੈਂ ਕੌਡੀ ਦਾ ਚੰਗਾ ਖਿਡਾਰੀ ਸਾਂ। ਮੁਹੰਮਦ ਦੀਨ, ਕਸ਼ਮੀਰਾ, ਅਲੀ ਮੁਹੰਮਦ, ਕੁੰਦਨ ਸਿੰਘ ਤੇ ਫ਼ਿਰੋਜ਼ ਮੇਰੇ ਨਾਲ਼ ਖੇਡਦੇ ਹੁੰਦੇ ਸਨ। ਅਸੀਂ ਠਰੋਅ, ਫਿਲੌਰ, ਬੱਢਿਆਣੇ ਤੇ ਕਾਲੂਵਾਹਰ ਦੇ ਮੇਲਿਆਂ ’ਚ ਖੇਡਣ ਜਾਂਦੇ।
ਸੰਤਾਲ਼ੀ ਦੀ ਛੇ ਜੂਨ ਨੂੰ ਮੈਂ ਫੌਜ ’ਚ ਭਰਤੀ ਹੋ ਗਿਆ ਸਾਂ। ਸੰਤਾਲ਼ੀ ’ਚ ਸਾਨੂੰ ਗੱਡੀਆਂ ਮਿਲ ਗਈਆਂ। ਉਸ ’ਚ ਇੱਕ ਡਾਕਟਰ, ਇੱਕ ਅਫ਼ਸਰ, ਇੱਕ ਜੇ.ਸੀ.ਓ. ਤੇ ਗਾਰਦ ਹੁੰਦੀ ਸੀ। ਅਸੀਂ ਗੁੱਜਰਾਂਵਾਲ਼ਾ, ਸ਼ੇਖ਼ੂਪੁਰਾ ਤੇ ਸਿਆਲਕੋਟ ਦੇ ਪਿੰਡਾਂ ’ਚੋਂ ਰਹਿ ਗਏ ਬੰਦਿਆਂ ਨੂੰ ਕੱਢ ਕੇ ਲਿਆਉਂਦੇ ਹੁੰਦੇ ਸਾਂ।
ਬੱਢਿਆਣੇ ਪਿੰਡ ਦੇ ਲਹਿੰਦੇ ਪਾਸੇ ਬਾਗ਼ ਵਿਚਲੇ ਚੁਬਾਰੇ ’ਚੋਂ ਅਸੀਂ ਇੱਕ ਕੁੜੀ ਕੱਢ ਕੇ ਲਿਆਂਦੀ ਸੀ। ਉਹਦੀ ਲੱਤ ’ਚ ਗੋਲ਼ੀ ਲੱਗੀ ਹੋਈ ਸੀ। ਉਂਝ ਸਾਨੂੰ ਬਹੁਤੇ ਬਜ਼ੁਰਗ ਹੀ ਮਿਲ਼ਦੇ ਸਨ। ਮੁੰਡੇਕੀ ਬੇਰੀਆਂ ’ਚ ਇੱਕ ਬਜ਼ੁਰਗ ਜੋੜਾ ਸੀ। ਬੰਦਾ ਕਹਿਣ ਲੱਗਾ- ਅਸੀਂ ਇੱਥੇ ਜੰਮੇ ਆਂ ਤਾਂ ਇੱਥੇ ਈ ਮਰਨੈਂ। ਅਸੀਂ ਵਿਲ੍ਹਕਦਿਆਂ ਨੂੰ ਚੁੱਕ ਕੇ ਗੱਡੀ ’ਚ ਚੜ੍ਹਾਇਆ ਸੀ।
ਇੱਕ ਦਿਨ ਨਾਲ਼ ਦੇ ਫੌਜੀਆਂ ਨੇ ਮੈਨੂੰ ਦੱਸਿਆ ਕਿ ਚਵਿੰਡੇ ’ਚ ਬਹੁਤ ਕਤਲੇਆਮ ਹੋਇਆ ਏ। ਮਾਰਨ ਵਾਲ਼ੇ ਆਪਣੇ ਹੀ ਪਿੰਡ ਦੇ ਕਸ਼ਮੀਰੀ ਸਨ। ਰਾਵਾਂ ਤੇ ਬੁੱਟਰਾਂ ਪਿੰਡ ਦੇ ਮੁਸਲਮਾਨਾਂ ਨੇ ਹਿੰਦੂ-ਸਿੱਖਾਂ ਦੀ ਬਹੁਤ ਮਦਦ ਕੀਤੀ ਸੀ। ਮੈਨੂੰ ਬਾਵਾ ਸਿੰਘ ਦਾ ਫ਼ਿਕਰ ਲੱਗ ਗਿਆ। ਉਹ ਵਿਆਹਿਆ-ਵਰਿ੍ਹਆ ਸੀ। ਚਾਰ ਪੁੱਤਰ ਸਨ ਉਹਦੇ- ਬਲਕਾਰ ਸਿੰਘ, ਪ੍ਰੀਤਮ ਸਿੰਘ, ਅਮਰੀਕ ਸਿੰਘ ਤੇ ਛੋਟੇ ਦਾ ਨਾਂ ਮੈਨੂੰ ਹੁਣ ਯਾਦ ਨਹੀਂ।
ਮੈਂ ਗੱਡੀ ਲੈ ਕੇ ਪਿੰਡ ਗਿਆ। ਉਹ ਸਾਨੂੰ ਬਾਹਰ ਹੀ ਮਿਲ ਗਿਆ। ਓਥੇ ਕਾਫ਼ੀ ਲੋਕ ਇਕੱਠੇ ਹੋ ਗਏ। ਮੇਰੇ ਦੋਸਤ ਫ਼ਿਰੋਜ਼ ਨੇ ਵੀ ਉਸਨੂੰ ਕਿਹਾ ਸੀ ਕਿ ਤੂੰ ਚਲਾ ਜਾਹ। ਮੈਂ ਬਾਹੋਂ ਫੜ ਕੇ ਉਸਨੂੰ ਟਰੱਕ ਵੱਲ ਤੋਰਿਆ ਵੀ। ਉਹਨੇ ਨਾਂਹ ਕਰ ਦਿੱਤੀ। ਜੇ ਨਾਲ਼ ਮੁਸਲਮਾਨ ਅਫ਼ਸਰ ਤੇ ਗਾਰਦ ਨਾ ਹੁੰਦੀ ਤਾਂ ਮੈਂ ਉਹਨੂੰ ਗੋਲ਼ੀ ਮਾਰ ਦੇਣੀ ਸੀ!
ਸਾਡੀ ਮਾਂ ਤਾਂ ਸਾਡੀ ਬਹੁਤ ਪਹਿਲਾਂ ਦੀ ਮਰ ਗਈ ਸੀ। ’ਕੱਲਾ-ਕਾਰਾ ਬਾਪ ਪਤਾ ਨਹੀਂ ਕਿਵੇਂ ਰੁਲ਼-ਖੁਲ਼ ਕੇ ਇੱਧਰ ਆਇਆ! ਗੁਰਦਾਸਪੁਰ ਤੋਂ ਲਹਿੰਦੇ ਵੱਲ, ਹਯਾਤ ਨਗਰ ਪਿੰਡ ’ਚ ਇੱਕ ਕੋਠਾ ਮਿਲ ਗਿਆ ਸੀ ਉਹਨੂੰ। ਕੁਝ ਦਿਨਾਂ ਬਾਅਦ ਉਹ ਆਪਣੀ ਧੀ ਕੋਲ਼ ਕਾਦੀਆਂ ਚਲਾ ਗਿਆ ਸੀ। ਮੈਂ ਇਕੱਲਾ ਰਹਿ ਗਿਆ। ਬੜੇ ਮਾੜੇ ਦਿਨ ਕੱਟੇ ਮੈਂ। ਜਦੋਂ ਛੁੱਟੀ ਆਉਂਦਾ ਤਾਂ ਪੰਜ-ਛੇ ਕਿਲੋਮੀਟਰ ਤੁਰ ਕੇ, ਗੁਰਦਾਸਪੁਰ ਦੇ ਕਿਸੇ ਢਾਬੇ ਤੋਂ ਰੋਟੀ ਖਾਣ ਜਾਂਦਾ ਹੁੰਦਾ ਸਾਂ। ਸਾਰੀ ਵਾਟ ਘਰ ਦੀਆਂ ਰੌਣਕਾਂ ਨੂੰ ਯਾਦ ਕਰਦੇ ਜਾਣਾ।
ਇੱਕ ਵਾਰ ਮੇਰੇ ਮਾਮੇ ਦਾ ਪੁੱਤ ਮੈਨੂੰ ਮਿਲਣ ਗਿਆ ਤਾਂ ਉਹ ਮੈਨੂੰ ਇੱਥੇ ਲੈ ਆਇਆ। ਇੱਥੇ ਮੈਂ ਜ਼ਮੀਨ ਵੀ ਖਰੀਦ ਲਈ। ਚਵਿੰਡੇ ਵਾਲ਼ਾ ਰਕਬਾ ਤਾਂ ਸਾਨੂੰ ਮਿਲਣਾ ਨਹੀਂ ਸੀ। ਉਹ ਓਧਰ ਬਾਵਾ ਸਿੰਘ ਦੇ ਨਾਂ ਚੜ੍ਹ ਗਿਆ ਸੀ। ਦਰਅਸਲ ਬਾਵਾ ਸਿੰਘ ਸਾਡੇ ਨਾਲ਼ ਪਿਆਰ ਨਹੀਂ ਸੀ ਕਰਦਾ!” ਹਜ਼ੂਰਾ ਸਿੰਘ ਨਿਰਾਸ਼ਾ ’ਚ ਸਿਰ ਮਾਰਦਿਆਂ ਚੁੱਪ ਹੋ ਗਿਆ ਸੀ।
“ਮੁੜ ਕਦੇ ਨਹੀਂ ਮਿਲਿਆ ਉਹ ਤੁਹਾਨੂੰ?” ਮੈਂ ਸਵਾਲ ਕੀਤਾ।
“ਸੰਨ ਬਵੰਜਾ ’ਚ ਹਯਾਤ ਨਗਰ ਆਇਆ ਸੀ ਉਹ। ਗੁਰਚਰਨ ਸਿੰਘ ਸਰਪੰਚ ਨਾਲ਼ ਪਿਆਰ ਸੀ ਉਹਦਾ। ਸਰਪੰਚ ਨੇ ਮੈਨੂੰ ਸੱਦਣ ਲਈ ਇੱਥੇ ਬੰਦਾ ਭੇਜਿਆ। ਮੈਂ ਨਾਂਹ ਕਰ ਦਿੱਤੀ। ਗੁੱਸਾ ਇਹ ਸੀ ਕਿ ਜੇ ਉਹ ਓਥੇ ਆ ਗਿਆ ਤਾਂ ਇੱਥੇ ਕਿਉਂ ਨਹੀਂ ਆ ਸਕਦਾ!
ਸਾਰੀ ਰਾਤ ਸੋਚਾਂ ’ਚ ਗੁਜ਼ਰ ਗਈ। ਅਗਲੀ ਸਵੇਰ ਮੈਂ ਮਨ ਮਾਰ ਕੇ ਤੁਰ ਪਿਆ। ਕੋਈ ਇੱਕ ਵਜੇ ਪਹੁੰਚਿਆ ਹੋਵਾਂਗਾ ਓਥੇ। ਉਹ ਤਾਂ ਪਛਾਣਿਆ ਨਹੀਂ ਸੀ ਜਾ ਰਿਹਾ। ਮੁਸਲਮਾਨ ਹੋ ਗਿਆ ਸੀ। ਉਂਝ ਜੱਫੀ ਪਾ ਕੇ ਮਿਲਿਆ ਸੀ। ਭੁੱਬਾਂ ਮਾਰ ਕੇ ਰੋਇਆ ਵੀ। ਦਿਲ ਤਾਂ ਮੇਰਾ ਵੀ ਡੋਲਦਾ ਸੀ, ਪਰ ਮੈਂ ਉਹਦੇ ਮੂਹਰੇ ਇੱਕ ਵੀ ਹੰਝੂ ਨਹੀਂ ਸੀ ਡੁੱਲਣ ਦਿੱਤਾ।
ਅਸੀਂ ਦੋ ਕੁ ਘੰਟੇ ਗੱਲਾਂ ਕਰਦੇ ਰਹੇ। ਉਹ ਗੱਲ-ਗੱਲ ’ਤੇ ਵਿਲ੍ਹਕਣ ਲੱਗ ਜਾਂਦਾ ਸੀ।
ਮੈਂ ਵਾਪਸ ਆਉਣ ਲਈ ਤਿਆਰੀ ਕੀਤੀ ਤਾਂ ਉਹ ਤਰਲੇ ਜਿਹੇ ਕਰਨ ਲੱਗਾ ਪਿਆ- ਹਜ਼ੂਰਾ ਸਿਆਂ, ਮੈਨੂੰ ਪਤਾ ਤੂੰ ਮੈਨੂੰ ਨਫ਼ਰਤ ਕਰਦੈ। ਮੇਰੀ ਕੀ ਭੁੱਲ ਜੇ ਚਵਿੰਡਾ ਮੇਰੇ ਕੋਲ਼ੋਂ ਨਹੀਂ ਛੱਡ ਹੋਇਆ? ਉਹਦੇ ਸਿਰ ਤੋਂ ‘ਬੜਾ ਕੁਝ’ ਵਾਰਿਆ ਏ ਮੈਂ। ਜੰਮਣ-ਭੋਂਅ ਨਾਲ਼ ਪਿਆਰ ਦੀ ਡਾਹਢੀ ਕੀਮਤ ਤਾਰੀ ਏ ਮੈਂ। ਬਿਨਾ ਸ਼ੱਕ ਬਹੁਤ ਭੁੱਲਾਂ ਕੀਤੀਆਂ ਨੇ ਮੈਂ। ਮੈਂ ਤੇਰੇ ਕੋਲ਼ੋਂ ਮਾਫ਼ੀ ਮੰਗਣ ਲਈ ਹੀ ਇੱਧਰ ਆਇਆਂ। ਮੈਨੂੰ ਮਾਫ਼ ਕਰਦੇ। ਮੇਰੇ ਦਿਲ ’ਚ ਬਹੁਤ ਗੱਲਾਂ ਨੇ ਭਰਾਵਾਂ। ਉਹ ਗੱਲਾਂ ਜੋ ਮੈਂ ਦੁਨੀਆਂ ’ਚੋਂ ਸਿਰਫ਼ ਮਾਂ-ਜਾਏ ਭਰਾ ਨਾਲ਼ ਹੀ ਕਰ ਸਕਦਾਂ। ਰੱਬ ਦਾ ਵਾਸਤਾ, ਅੱਜ ਦੀ ਰਾਤ ਮੇਰੇ ਕੋਲ਼ ਰਹਿ ਲੈ। ਅਸੀਂ ਰੱਜ ਕੇ ਗੱਲਾਂ ਕਰਾਂਗੇ। ਮੇਰਾ ਮਨ ਹੌਲ਼ਾ ਹੋ ਜਾਊ।
ਇੱਕ ਵਾਰ ਤਾਂ ਦਿਲ ’ਚੋਂ ਉਬਾਲ ਜਿਹਾ ਉੱਠਿਆ ਕਿ ਉਸਨੂੰ ਮਾਫ਼ ਕਰ ਦੇਵਾਂ, ਪਰ ਮੈਨੂੰ ਉਹ ਦਿਨ ਯਾਦ ਆ ਗਿਆ। ਛਾਉਣੀ ’ਚ ਅਰਜ਼ ਕਰਕੇ ਮੈਂ ਗੱਡੀ ਮੰਜ਼ੂਰ ਕਰਵਾਈ ਸੀ। ਨਾਲ਼ ਪੰਜ-ਛੇ ਬੰਦੇ ਗਾਰਦ ਵਾਲ਼ੇ ਵੀ ਗਏ ਸਨ, ਰਫ਼ਲ਼ਾਂ ਲੈ ਕੇ। ਭਰੇ ਹਜ਼ੂਮ ’ਚ ਇਹਨੇ ਨਾਂਹ ਕਰ ਦਿੱਤੀ ਸੀ ਕਿ ਮੈਂ ਨਹੀਂ ਜਾਣਾ। ਕਿੱਡੀ ਮਾੜੀ ਗੱਲ ਸੀ। ਜੇ ਇਹਦਾ ਸਾਡੇ ਨਾਲ਼ ਪਿਆਰ ਹੁੰਦਾ ਤਾਂ ਸਾਡੇ ਨਾਲ਼ ਤੁਰ ਨਾ ਪੈਂਦਾ!
ਮੈਂ ਆਖ਼ਿਆ- ਜੇ ਭਰਾ ਦਾ ਏਡਾ ਈ ਹੇਜ ਏ ਤਾਂ ਤੂੰ ਨਾ ਜਾਹ ਪਾਕਿਸਤਾਨ, ਇੱਥੇ ਰਹਿ ਲੈ ਮੇਰੇ ਕੋਲ਼। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਿਆ ਸੀ। ਮੈਂ ਤੁਰ ਆਇਆਂ ਸਾਂ। ਹੁਣ ਤਾਂ ਬੜੇ ਵਰ੍ਹੇ ਹੋ ਗਏ ਨੇ, ਉਹ ਦੁਨੀਆਂ ਤੋਂ ਤੁਰ ਗਿਆ ਏ…! ਗੱਲ ਮੁਕਾਉਂਦਿਆਂ ਹਜ਼ੂਰਾ ਸਿੰਘ ਦਾ ਚਿਹਰਾ ਗੁੱਸੇ ’ਚ ਕੰਬਣ ਲੱਗ ਪਿਆ ਸੀ।
“ਭਤੀਜਿਆਂ ਦਾ ਤਾ ਕੋਈ ਕਸੂਰ ਨਹੀਂ। ਉਨ੍ਹਾਂ ਨੂੰ ਮਿਲਣ ਲਈ ਵੀ ਦਿਲ ਨਹੀਂ ਕੀਤਾ ਕਦੇ?”
ਇਹ ਸਵਾਲ ਸੁਣ ਕੇ ਉਹ ਥੋੜ੍ਹਾ ਨਰਮ ਪੈ ਗਿਆ ਸੀ।
“ਉਹ ਲਹੂ ਨੇ ਸਾਡਾ। ਮਿਲਣ ਨੂੰ ਬਹੁਤ ਦਿਲ ਕਰਦਾ, ਪਰ ਮਿਲਿਆ ਨਹੀਂ ਜਾਂਦਾ। ਉਹ ਆ ਸਕਦੇ ਨੇ ਤਾਂ ਆ ਜਾਣ। ਨਿੱਕਿਆਂ-ਨਿੱਕਿਆਂ ਨੂੰ ਬੜਾ ਖਿਡਾਇਆ ਹੋਇਆ ਹੈ ਮੈਂ!” ਉਹ ਉਦਾਸ ਹੋ ਗਿਆ ਸੀ।
ਮੈਂ ਤੁਰਨ ਲਈ ਉੱਠਿਆ ਤਾਂ ਉਹ ਬੋਲਿਆ ਸੀ, “ਸੁਣਿਆ ਹੁਣ ਓਧਰ ਜਾਣਾ ਸੌਖਾ ਹੋ ਗਿਆ ਏ। ਮੈਂ ਸੋਚਦਾਂ ਕਿ ਨਾਲ਼ੇ ਤਾਂ ਭਤੀਜਿਆਂ ਨੂੰ ਮਿਲ ਆਵਾਂ ਤੇ ਨਾਲ਼ੇ…।” ਉਹ ਪਲ ਕੁ ਲਈ ਚੁੱਪ ਹੋ ਗਿਆ ਸੀ।
“…ਉਹਦੀ ਕਬਰ ਕੋਲ਼ੋਂ ਮਾਫ਼ੀ ਮੰਗ ਆਵਾਂ।”
“ਤੁਸੀਂ ਕੀ ਗੁਨਾਹ ਕੀਤਾ?” ਮੈਂ ਹੈਰਾਨ ਹੁੰਦਿਆਂ ਸਵਾਲ ਕੀਤਾ ਸੀ।
“ਅੱਜ ਸੋਚਦਾਂ ਕਿ ਜੇ ਬਾਵਾ ਸਿੰਘ ਨੇ ਪਿੰਡ ਨਹੀਂ ਛੱਡਿਆ ਤਾਂ ਏਡਾ ਵੀ ਕੀ ਗੁਨਾਹ ਕਰ ਦਿੱਤਾ ਸੀ ਉਹਨੇ? ਕੋਈ ਵੀ ਨਹੀਂ ਸੀ ਛੱਡਣਾ ਚਾਹੁੰਦਾ। ਮੈਂ ਕਿਹੜਾ ਛੱਡਣਾ ਚਾਹੁੰਦਾ ਸਾਂ। ਉਹਦੇ ਨਾਂ ਜੱਦੀ ਜ਼ਮੀਨ ਚੜ੍ਹ ਗਈ ਤਾਂ ਕੀ ਜੱਗੋਂ ਬਾਰ੍ਹਵੀਂ ਹੋ ਗਈ ਸੀ? ਉਹਦਾ ਵੀਜ਼ਾ ਸਿਰਫ਼ ਗੁਰਦਾਸਪੁਰ ਦਾ ਸੀ, ਫਿਰ ਉਹ ਇੱਥੇ ਕਿਵੇਂ ਆ ਸਕਦਾ ਸੀ? ਮੈਂ ਉਹਨੂੰ ਇੱਥੇ ਰਹਿਣ ਲਈ ਆਖ਼ਿਆ। ਇਹ ਗੱਲ ਵੀ ਉਹ ਕਿਵੇਂ ਮੰਨ ਲੈਂਦਾ? ਉਹਦਾ ਸਾਰਾ ਪਰਿਵਾਰ ਤਾਂ ਓਧਰ ਸੀ। ਮੈਂ ਹਰ ਥਾਂ ਬੇਮਤਲਬ ‘ਪੱਥਰ’ ਜਿਹਾ ਬਣਿਆ ਰਿਹਾ! ਉਹ ਵਿਚਾਰਾ ਤਰਲੇ ਲੈਂਦਾ ਰਿਹਾ ਤੇ ਮੈਂ ਉਹਨੂੰ ਮਾਫ਼ ਵੀ ਨਾ ਕਰ ਸਕਿਆ। ਇਨ੍ਹਾਂ ਗੱਲਾਂ ਦੀ ਮਾਫ਼ੀ ਮੰਗਣੀ ਏਂ ਉਹਦੀ ਕਬਰ ਕੋਲ਼ੋਂ। ਪਤਾ ਨਹੀਂ ਮੌਤ ਤੱਕ ਕਿੰਨਾ ਤੜਫ਼ਿਆ ਹੋਵੇਗਾ ਉਹ!” ਇਹ ਆਖ ਹਜ਼ੂਰਾ ਸਿੰਘ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਸੀ।

Leave a Reply

Your email address will not be published. Required fields are marked *