ਡਾ. ਰਛਪਾਲ ਸਿੰਘ ਬਾਜਵਾ
ਅਸੀਂ ਖੁਸ਼ੀ-ਖੁਸ਼ੀ ਭਾਰਤ ਦਾ ਆਜ਼ਾਦੀ ਦਿਵਸ ਮਨਾਉਂਦੇ ਹਾਂ। 1947 ਵਿੱਚ ਲਗਭਗ ਹਜ਼ਾਰ ਸਾਲਾਂ ਦੀ ਗ਼ੁਲਾਮੀ ਅਤੇ ਦਬਾਅ ਤੋਂ ਬਾਅਦ ਮਿਲੀ ਜਾਂ ਸਾਡੀ ਕਠਿਨ ਮਿਹਨਤ ਨਾਲ ਪ੍ਰਾਪਤ ਕੀਤੀ ਆਜ਼ਾਦੀ ਅਨੇਕਾਂ ਕ੍ਰਾਂਤੀਕਾਰੀਆਂ, ਸ਼ਹੀਦਾਂ ਅਤੇ ਅਣਸੁਣੇ ਨਾਇਕਾਂ, ਜਿਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਨੇ ਸਾਨੂੰ ਬਰਾਬਰ ਦੀ ਆਜ਼ਾਦੀ ਲੈ ਕੇ ਦਿੱਤੀ। 77-78 ਸਾਲਾਂ ਦਾ ਆਜ਼ਾਦ, ਖੁਦਮੁਖਤਿਆਰ ਅਤੇ ਲੋਕਤੰਤਰਕ ਗਣਰਾਜ ਪੂਰਾ ਕਰਦੇ ਹੋਏ ਅਸੀਂ ਮਾਣ ਨਾਲ ਵਿਗਿਆਨ, ਤਕਨਾਲੋਜੀ, ਖੇਤੀਬਾੜੀ, ਉਦਯੋਗ ਅਤੇ ਗਲੋਬਲ ਰਾਜਨੀਤੀ ਵਿੱਚ ਕੀਤੀਆਂ ਅਪਾਰ ਪ੍ਰਾਪਤੀਆਂ ਨੂੰ ਯਾਦ ਕਰ ਸਕਦੇ ਹਾਂ; ਪਰ ਜਸ਼ਨ ਦੇ ਵਿਚਕਾਰ ਇਹ ਸੱਚਾਈ ਵੀ ਨਾਲ ਸੋਚਣੀ ਲੋੜੀਂਦੀ ਹੈ ਕਿ ਆਜ਼ਾਦੀ ਦਾ ਅਸਲ ਅਰਥ ਕੀ ਹੈ? ਕੀ ਭਾਰਤ ਦਾ ਹਰ ਨਾਗਰਿਕ ਉਸ ਆਜ਼ਾਦੀ ਦਾ ਬਰਾਬਰ ਅਨੰਦ ਮਾਣ ਸਕਿਆ ਹੈ?
ਅਫ਼ਸੋਸ! ਸਾਡੀ ਗ਼ੁਲਾਮੀ ਅਤੇ ਕਾਲੋਨੀਅਲ ਹਕੂਮਤ ਦੀ ਵਿਰਾਸਤ ਅੱਜ ਵੀ ਭਾਰਤੀ ਸਮਾਜ ਦੇ ਕਈ ਹਿੱਸਿਆਂ ਨੂੰ ਪੀੜਦੀ ਹੈ। ਅੱਜ ਵੀ ਸਮਾਜਕ ਅਸਮਾਨਤਾ, ਆਰਥਿਕ ਸ਼ੋਸ਼ਣ ਅਤੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਸਾਡੇ ਦੇਸ਼ ਨੂੰ ਸ਼ਰਮਸਾਰ ਕਰ ਰਹੀਆਂ ਹਨ। ਭਾਵੇਂ ਰਾਜਨੀਤਕ ਤਾਕਤ ਹੁਣ ਭਾਰਤੀਆਂ ਦੇ ਹੱਥਾਂ ਵਿੱਚ ਹੈ, ਪਰ ਲੋਕਾਂ ਦੀ ਦੌਲਤ ਦੀ ਲੁੱਟ ਅਜੇ ਵੀ ਜਾਰੀ ਹੈ- ਹੁਣ ਵਿਦੇਸ਼ੀ ਸ਼ਾਸਕਾਂ ਵੱਲੋਂ ਨਹੀਂ, ਬਲਕਿ ਸਾਡੇ ਆਪਣੇ ਹੀ ਲੋਕਾਂ ਵੱਲੋਂ। ਸਭ ਤੋਂ ਵੱਧ ਪੀੜ੍ਹਤ ਸਾਡੇ ਗਰੀਬ ਅਤੇ ਪੱਛੜੇ ਸਮੁਦਾਏ ਹਨ।
ਘਰੇਲੂ ਗ਼ੁਲਾਮੀ, ਜਾਤੀ ਆਧਾਰਿਤ ਜ਼ੁਲਮ, ਜ਼ਬਰਦਸਤੀ ਅਤੇ ਬੰਧੂਆ ਮਜ਼ਦੂਰੀ- ਜੋ ਪੂਰਵ-ਕਾਲੋਨੀਅਲ ਅਤੇ ਕਾਲੋਨੀਅਲ ਦੌਰ ਵਿੱਚ ਮੌਜੂਦ ਸੀ, ਦੁਖਦਾਇਕ ਗੱਲ ਹੈ ਕਿ ਅੱਜ ਵੀ ਭਾਰਤ ਵਿੱਚ ਕਿਤੇ ਕਿਤੇ ਮੌਜੂਦ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਗਰੀਬੀ, ਜਾਤ-ਪਾਤ ਆਧਾਰਿਤ ਭੇਦਭਾਵ ਅਤੇ ਕਰਜ਼ ਦੀ ਬੇੜੀ ਪੀੜ੍ਹੀ-ਦਰ-ਪੀੜ੍ਹੀ ਚਲਦੀ ਆ ਰਹੀ ਹੈ। ਮਨੁੱਖੀ ਤਸਕਰੀ ਅਜੇ ਵੀ ਇੱਕ ਕਾਲਾ ਫਲਦਾ-ਫੁਲਦਾ ਕਾਰੋਬਾਰ ਹੈ। ਬੱਚਿਆਂ ਦੀ ਮਜ਼ਦੂਰੀ ਅਜੇ ਵੀ ਵਿਆਪਕ ਹੈ। ਇਹ ਪ੍ਰਥਾਵਾਂ ਸਾਡੇ ਸਾਥੀ ਨਾਗਰਿਕਾਂ, ਖ਼ਾਸ ਕਰਕੇ ਦਲਿਤਾਂ, ਆਦਿਵਾਸੀਆਂ, ਔਰਤਾਂ ਅਤੇ ਬੱਚਿਆਂ ਤੋਂ ਉਨ੍ਹਾਂ ਦੀ ਇੱਜ਼ਤ, ਆਜ਼ਾਦੀ, ਸਿੱਖਿਆ ਅਤੇ ਆਰਥਿਕ ਮੌਕੇ ਖੋਹ ਰਹੀਆਂ ਹਨ।
ਇਸਦਾ ਪ੍ਰਭਾਵ ਸਖ਼ਤ ਹੈ। ਬੇਸ਼ੁਮਾਰ ਭਾਰਤੀ ਗਰੀਬੀ ਦੇ ਅਜਿਹੇ ਚੱਕਰਾਂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨਾਲ ੳਨ੍ਹਾਂ ਦੀ ਉਨਤੀ ਰੁਕ ਜਾਂਦੀ ਹੈ ਅਤੇ ਉਨ੍ਹਾਂ ਨੂੰ ਮੂਲ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਪੱਛੜੇ ਲੋਕਾਂ ਦਾ ਸ਼ੋਸ਼ਣ ਆਜ਼ਾਦੀ ਦੀ ਅਸਲ ਰੂਹ ਅਤੇ ਸਾਡੇ ਮਹਾਨ ਆਜ਼ਾਦੀ ਸੈਲਾਨੀਆਂ ਦੇ ਸੁਪਨਿਆਂ ਨੂੰ ਚੂਰ ਚੂਰ ਕਰਦਾ ਹੈ।
ਭਾਰਤ ਨੇ ਬੰਧੂਆ ਮਜ਼ਦੂਰੀ, ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਸ਼ੋਸ਼ਣ ਨੂੰ ਖ਼ਤਮ ਕਰਨ ਲਈ ਕਈ ਕਾਨੂੰਨ ਅਤੇ ਸੰਵਿਧਾਨਕ ਸੁਰੱਖਿਆ ਪ੍ਰਬੰਧ ਕੀਤੇ ਹਨ, ਪਰ ਕੇਵਲ ਕਾਨੂੰਨ ਕਾਫ਼ੀ ਨਹੀਂ। ਸਾਡੇ ਲੋਕਤੰਤਰ ਦੀ ਸਫਲਤਾ ਸਿਰਫ਼ ਆਰਥਿਕ ਵਾਧੇ ਜਾਂ ਗਲੋਬਲ ਰੈਂਕਿੰਗ ਨਾਲ ਨਹੀਂ ਮਾਪੀ ਜਾ ਸਕਦੀ, ਸਗੋਂ ਇਸ ਗੱਲ ਨਾਲ ਕਿ ਅਸੀਂ ਆਪਣੇ ਸਭ ਤੋਂ ਕਮਜ਼ੋਰ ਅਤੇ ਗਰੀਬ ਲੋਕਾਂ ਨਾਲ ਕਿਵੇਂ ਵਤੀਰਾ ਕਰਦੇ ਹਾਂ!
ਜਦੋਂ ਅਸੀਂ ਤਿਰੰਗਾ ਲਹਿਰਾਉਂਦੇ ਹਾਂ ਤਾਂ ਆਓ ਇਹ ਵੀ ਕਸਮ ਖਾਈਏ ਕਿ ਅਸੀਂ ਅਜਿਹਾ ਭਾਰਤ ਬਣਾਵਾਂਗੇ, ਜਿੱਥੇ ਹਰ ਨਾਗਰਿਕ- ਭਾਵੇਂ ਉਹ ਕਿਸੇ ਵੀ ਜਾਤ, ਧਰਮ, ਲਿੰਗ ਜਾਂ ਆਰਥਿਕ ਪਿਛੋਕੜ ਨਾਲ ਸਬੰਧਿਤ ਹੋਵੇ, ਆਜ਼ਾਦੀ, ਸਮਾਨਤਾ, ਇਨਸਾਫ਼ ਅਤੇ ਇੱਜ਼ਤ ਦਾ ਅਸਲ ਅਨੰਦ ਮਾਣ ਸਕੇ। ਸਮਾਂ ਆ ਗਿਆ ਹੈ ਕਿ ਅਸੀਂ ਆਧੁਨਿਕ ਗ਼ੁਲਾਮੀ ਦੇ ਰੂਪਾਂ ਦੇ ਵਿਰੁੱਧ ਉਸੇ ਜੋਸ਼ ਨਾਲ ਲੜਾਈ ਲੜੀਏ, ਜਿਵੇਂ ਅਸੀਂ ਕਾਲੋਨੀਅਲ ਸ਼ਾਸਨ ਦੇ ਖ਼ਿਲਾਫ਼ ਲੜੇ ਸਾਂ। ਸਿਰਫ਼ ਫਿਰ ਹੀ ਅਸੀਂ ਮਾਣ ਨਾਲ ਕਹਿ ਸਕਾਂਗੇ ਕਿ ਭਾਰਤ ਅਸਲ ਮਾਇਨੇ ਵਿੱਚ ਆਜ਼ਾਦ ਹੈ। ਇੱਕ ਹੋਰ ਗੱਲ ਕਿ ਉਚ ਜਾਤੀ ਦੇ ਲੋਕ ਵੀ ਗਰੀਬੀ ਵਿੱਚ ਧੱਕੇ ਗਏ ਹਨ, ਉਨ੍ਹਾਂ ਲਈ ਸਰਕਾਰ ਦਾ ਬਹੁਤਾ ਧਿਆਨ ਨਹੀਂ।
ਆਜ਼ਾਦੀ ਦਿਵਸ ਸਿਰਫ਼ ਵਿਖਾਵੇ ਦਾ ਜਸ਼ਨ ਹੀ ਨਾ ਰਹੇ, ਸਗੋਂ ਇਹ ਵਾਅਦਾ ਵੀ ਹੋਵੇ ਕਿ ਆਜ਼ਾਦੀ ਦੀ ਰੌਸ਼ਨੀ ਸਾਡੇ ਹਰ ਨਾਗਰਿਕ ਉਤੇ ਬਰਾਬਰ ਚਮਕੇ।
ਵੇਖਦੇ ਵੇਖਦੇ…
ਕੱਚੀਆਂ ਗਲੀਆਂ, ਕੱਚੇ ਘਰ ਸੀ, ਠੰਢੇ ਸੀ ਪਰਛਾਵੇਂ।
ਦਗਾਬਾਜ ਤੇ ਫੁਕਰੇ ਬੰਦੇ, ਬੇਈਮਾਨ ਸੀ ਟਾਵੇਂ ਟਾਵੇਂ।
ਬੈਠਕ ਤੇ ਦਰਵਾਜ਼ਾ ਪਾ ਲਏ, ਹੋ ਗਈ ਬੱਲੇ ਬੱਲੇ।
ਲੱਗੇ ਪਾਉਣ ਚੁਬਾਰੇ ਸੀ ਜਦ, ਨੀਅਤਾਂ ਆ ਗਈਆਂ ਥੱਲੇ।
ਪੜ੍ਹ ਕਿਤਾਬਾਂ ਹੋ ਗਏ ਲੋਕੀਂ ਗਿਆਨੀ ਤੇ ਵਿਗਿਆਨੀ।
ਪਤਾ ਨਹੀਂ ਕਿਵੇਂ ਅੰਦਰ ਵੜ ਗਏ, ਲਾਲਚ ਅਤੇ ਸ਼ੈਤਾਨੀ।
ਰਿਸ਼ਵਤਖ਼ੋਰੀ ਹੱਡ ਕੁੱਤੇ ਦਾ ਅਕਸਰ ਲੋਕੀ ਕਹਿੰਦੇ ਸੀ।
ਸਬਰ, ਸਾਦਗੀ, ਰੱਬ ਦਾ ਭਾਣਾ, ਮੰਨਣ ਵਾਲੇ ਰਹਿੰਦੇ ਸੀ।
—
ਮੁੱਕੀ ਜੰਗ ਤਲਵਾਰ ਦੀ, ਬਦਲ ਗਏ ਹਥਿਆਰ।
ਮੀਲ ਹਜ਼ਾਰਾਂ ਦੂਰ ਤੋਂ, ਹੁਣ ਦੁਸ਼ਮਣ ਕਰਦਾ ਵਾਰ।
ਰਾਜੇ ਕਰਨ ਵਪਾਰ ਜੇ, ਜਨਤਾ ਕਰਨ ਮਲੰਗ।
ਗਿਰਗਿਟ ਵਾਂਗੂੰ ਬਦਲਦੇ, ਚਿਹਰਿਆਂ ਉਤੇ ਰੰਗ।
ਮੋਨ ਧਾਰ ਲਏ ਸਾਧੂਆਂ, ਬੁਜ਼ਦਿਲ ਹੋ ਗਏ ਚੁੱਪ।
ਸੂਰਜ ਢਕ ਲਿਆ ਸਕਤਿਆਂ, ਹੋਇਆ ਹਨੇਰਾ ਘੁੱਪ।
-ਡਾ. ਕੇਵਲ ਅਰੋੜਾ