ਲੋਕ ਅਖਾਣਾਂ ਵਰਗੀ ਕਾਮੇਡੀ ਕਰਨ ਵਾਲਾ ਜਸਵਿੰਦਰ ਭੱਲਾ

ਅਦਬੀ ਸ਼ਖਸੀਅਤਾਂ ਆਮ-ਖਾਸ

ਨਵਦੀਪ ਸਿੰਘ ਗਿੱਲ
ਫੋਨ: +91-9780036216
ਉਘੇ ਕਾਮੇਡੀਅਨ ਤੇ ਫਿਲਮ ਅਦਾਕਾਰ ਜਸਵਿੰਦਰ ਭੱਲਾ 65 ਵਰਿ੍ਹਆਂ ਦੇ ਉਮਰੇ ਕੁਝ ਸਮਾਂ ਬਿਮਾਰੀ ਨਾਲ ਜੂਝਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਜਾਣ ਨਾਲ ਪੰਜਾਬੀ ਕਾਮੇਡੀ ਖੇਤਰ ਦਾ ਉਚ ਦੁਮਾਲੜਾ ਬੁਰਜ ਢਹਿ ਗਿਆ। ਸਾਰੀਆਂ ਦੁਨੀਆਂ ਨੂੰ ਹਸਾਉਣ ਵਾਲਾ ਕਲਾਕਾਰ ਜਾਂਦਾ ਹੋਇਆ ਸਭ ਸਨੇਹੀਆਂ ਤੇ ਪ੍ਰਸ਼ੰਸਕਾਂ ਨੂੰ ਰੁਆ ਗਿਆ। ਜਸਵਿੰਦਰ ਭੱਲਾ ਨੂੰ ਇਹ ਹਾਸਲ ਹੈ ਕਿ ਜਿਸ ਦੌਰ ਵਿੱਚ ਕਾਮੇਡੀਅਨਾਂ ਨੂੰ ਜਗ੍ਹਾਂ ਭਰਨ ਵਾਲਾ (ਫਿੱਲਰ) ਸਮਝਿਆ ਜਾਂਦਾ ਸੀ,

ਉਦੋਂ ਉਨ੍ਹਾਂ ਪ੍ਰਮੁੱਖ ਪੇਸ਼ਕਾਰ (ਪਿੱਲਰ) ਵਜੋਂ ਆਪਣੀ ਸਫਲਤਾ ਦੇ ਝੰਡੇ ਗੱਡੇ। ਜਸਪਾਲ ਭੱਟੀ ਹੁਰਾਂ ਜਿੱਥੇ ‘ਫਲਾਪ ਸ਼ੋਅ’ ਰਾਹੀਂ ਕਾਮੇਡੀ ਖੇਤਰ ਵਿੱਚ ਪਛਾਣ ਬਣਾਈ, ਉਥੇ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਦੀ ਜੋੜੀ ਤੋਂ ਬਾਅਦ ਪੰਜਾਬ ਵਿੱਚ ਸਟੈਂਡ ਅੱਪ ਕਾਮੇਡੀ ਪ੍ਰਮੁੱਖ ਤੌਰ ਉਤੇ ਉਭਰ ਕੇ ਸਾਹਮਣੇ ਆਈ, ਜਿਸ ਤੋਂ ਬਾਅਦ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਭਜਨਾ ਅਮਲੀ, ਰਾਣਾ ਰਣਬੀਰ ਆਦਿ ਕਾਮੇਡੀਅਨਾਂ ਨੇ ਵੱਡੀ ਛਾਪ ਛੱਡੀ। ਅਜੋਕੇ ਦੌਰ ਵਿੱਚ ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਜਿਹੇ ਵੱਡੇ ਅਦਾਕਾਰਾਂ ਦੀ ਕਾਮੇਡੀ ਬਿਨਾ ਹਰ ਪੰਜਾਬੀ ਫਿਲਮ ਅਧੂਰੀ ਹੈ।
ਜਸਵਿੰਦਰ ਭੱਲਾ ਨੇ ਉਸ ਦੌਰ ਵਿੱਚ ਪੈਰ ਧਰਿਆ, ਜਦੋਂ ਪੰਜਾਬ ਕਾਲੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਲੋਕਾਂ ਦੇ ਚਿਹਰਿਆਂ ਉਤੇ ਨਿਰਾਸ਼ਾ ਛਾਈ ਹੋਈ ਸੀ ਅਤੇ ਹਾਸੇ ਕਿਧਰੇ ਉੱਡ-ਪੁੱਡ ਗਏ ਸਨ। ਸਹੀ ਮਾਅਨਿਆਂ ਵਿੱਚ ਉਨ੍ਹਾਂ ਪੰਜਾਬੀਆਂ ਨੂੰ ਮੁੜ ਹਸਾਉਣਾ ਸਿਖਾਇਆ। ਅਰਥ ਭਰਪੂਰ ਅਤੇ ਸਮਾਜਿਕ ਚੋਟਾਂ ਵਾਲੇ ਵਿਅੰਗਾਂ ਵਾਲੀ ਕਾਮੇਡੀ ਮੁੱਖ ਧਾਰਾ ਵਿੱਚ ਗਿਣੀ ਜਾਣ ਲੱਗੀ ਅਤੇ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਵਿੱਚ ਗਾਇਕਾਂ ਵਾਂਗ ਕਾਮੇਡੀ ਕਲਾਕਾਰਾਂ ਨੂੰ ਘੰਟਿਆਂ ਬੱਧੀ ਪੇਸ਼ਕਾਰੀ ਲਈ ਬੁਲਾਇਆ ਜਾਂਦਾ। ਕਈ ਵਾਰ ਤਾਂ ਕਾਮੇਡੀ ਕਲਾਕਾਰ ਮੁੱਖ ਗਾਇਕ ਉਪਰ ਵੀ ਭਾਰੂ ਪੈ ਜਾਂਦੇ।
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਲੁਧਿਆਣਾ ਸ਼ਹਿਰ ਦੀ ਬੁੱਕਲ ਵਿਚ ਵਸੇ ਕਸਬਾ ਦੋਰਾਹਾ ਵਿਖੇ ਅਧਿਆਪਕ ਪਰਿਵਾਰ ਵਿੱਚ ਹੋਇਆ ਸੀ। ਪਿੰਡ ਦੇ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐਸਸੀ. ਅਤੇ ਐਮ.ਐਸਸੀ. ਦੀ ਡਿਗਰੀ ਹਾਸਲ ਕੀਤੀ। ਮੇਰਠ ਦੇ ਚੌਧਰੀ ਚਰਨ ਸਿੰਘ ਪੋਸਟ ਗਰੈਜੂਏਟ ਕਾਲਜ ਤੋਂ ਡਾਕਟਰੇਟ ਕਰਨ ਤੋਂ ਬਾਅਦ ਉਹ ਡਾ. ਜਸਵਿੰਦਰ ਭੱਲਾ ਬਣ ਗਏ। ਪੇਸ਼ੇ ਵਜੋਂ 1989 ਵਿੱਚ ਅਧਿਆਪਕ ਵਜੋਂ ਸੇਵਾ ਸ਼ੁਰੂ ਕਰਨ ਵਾਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚੋਂ 31 ਮਈ 2020 ਨੂੰ ਸੇਵਾ ਮੁਕਤ ਹੋਏ। ਅਧਿਆਪਕ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਛਾਣ ਕੁੱਲਵਕਤੀ ਕਾਮੇਡੀਅਨ ਵਜੋਂ ਬਣੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਬੇਟੇ ਪੁਖਰਾਜ ਭੱਲਾ ਨੇ ਅਦਾਕਾਰੀ ਦੀ ਵਿਰਾਸਤ ਸੰਭਾਲੀ ਹੈ।
ਜਸਵਿੰਦਰ ਭੱਲਾ ਨੇ ਪਹਿਲੀ ਵਾਰ 1975 ਵਿੱਚ ਆਲ ਇੰਡੀਆ ਰੇਡੀਓ ਉਪਰ ਪੇਸ਼ਕਾਰੀ ਕੀਤੀ ਸੀ। ਅੱਸੀਵਿਆਂ ਦੇ ਅਖੀਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿੱਚ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ ਭੰਡਾਂ ਦੀ ਪੇਸ਼ਕਾਰੀ ਨਾਲ ਅਜਿਹਾ ਪ੍ਰਦਰਸ਼ਨ ਕੀਤਾ ਕਿ ਉਨ੍ਹਾਂ ਦੀ ਜੋੜੀ ਨੇ ਮੇਲਾ ਹੀ ਲੁੱਟ ਲਿਆ। ਉਸ ਵੇਲੇ ਪ੍ਰੋ. ਗੁਰਭਜਨ ਗਿੱਲ ਨੇ ਉਨ੍ਹਾਂ ਦੀ ਜੋੜੀ ਨੂੰ ‘ਖੁਰਦੇ ਸੱਭਿਆਚਾਰ ਦੇ ਰਾਖੇ’ ਨਾਂ ਦਿੱਤਾ। ਉਸ ਤੋਂ ਬਾਅਦ ਇਸ ਜੋੜੀ ਨੇ ਆਪਣੀ ਪਹਿਲੀ ਕਾਮੇਡੀ ਕੈਸੇਟ 1988 ਵਿੱਚ ‘ਛਣਕਾਟਾ 88’ ਕੱਢੀ, ਜੋ ਸੁਪਰ ਡੁਪਰ ਹਿੱਟ ਰਹੀ। ਜਸਵਿੰਦਰ ਭੱਲਾ ਨੇ ਛਣਕਾਟਾ ਨਾਂ ਰੱਖਣ ਬਾਰੇ ਕਈ ਵਰ੍ਹੇ ਪਹਿਲਾਂ ਜ਼ੀ ਟੀ.ਵੀ. ਦੇ ਸ਼ੋਅ ‘ਇੱਕ ਖਾਸ ਮੁਲਾਕਾਤ’ ਵਿੱਚ ਖੁਦ ਖੁਲਾਸਾ ਕਰਦਿਆਂ ਕਿਹਾ ਸੀ ਕਿ ਪਹਿਲੀ ਕੈਸੇਟ ਦਾ ਨਾਮ ਰੱਖਣ ਲਈ ਜਦੋਂ ਉਹ ਸੋਚ ਵਿਚਾਰ ਕਰ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਦੇ ਅਧਿਆਪਕ ਪੋ੍ਰ. ਕੇਸ਼ਵ ਰਾਮ ਸ਼ਰਮਾ ਨੇ ਕਿਹਾ ਸੀ ਕਿ ਕਾਲਜ ਦਾ ਸਾਲਾਨਾ ਸਮਾਗਮ ‘ਛਣਕਾਟਾ’ ਬਹੁਤ ਮਕਬੂਲ ਹੈ, ਇਸੇ ਲਈ ਕੈਸੇਟ ਦਾ ਨਾਮ ਛਣਕਾਟਾ ਰੱਖ ਲਓ। ਇਸ ਤੋਂ ਬਾਅਦ ਛਣਕਾਟੇ ਨਾਲ ਸਾਲ ਦਾ ਨਾਮ ਜੁੜ ਕੇ ਹਰ ਸਾਲ ਛਣਕਾਟਾ ਆਉਣ ਲੱਗਾ। ਭੱਲੇ-ਬਾਲੇ ਦੀ ਜੋੜੀ ਦਰਸ਼ਕਾਂ ਦੀਆਂ ਅੱਖਾਂ ਉਤੇ ਅਜਿਹੀ ਚੜ੍ਹੀ ਕਿ ਫੇਰ ਉਨ੍ਹਾਂ ਦਹਾਕਿਆਂ ਬੱਧੀ ਪੰਜਾਬੀਆਂ ਦੇ ਦਿਲਾਂ ਉਤੇ ਰਾਜ ਕੀਤਾ। ‘ਛਣਕਾਟਾ’ ਇੱਕ ਬਰਾਂਡ ਹੀ ਬਣ ਗਿਆ ਸੀ, ਜਿਸ ਦੀ ਹਰ ਸਾਲ ਸਰੋਤੇ ਉਡੀਕ ਕਰਿਆ ਕਰਦੇ ਸਨ। ਕੈਸੇਟਾਂ ਹੱਥੋਂ-ਹੱਥ ਵਿਕਣ ਲੱਗੀਆ। ਛਣਕਾਟੇ ਦੀ ਮਕਬੂਲੀਅਤ ਨੂੰ ਦੇਖਦਿਆਂ ਨੱਬੇਵਿਆਂ ਦੇ ਅੱਧ ਵਿੱਚ ਉਨ੍ਹਾਂ ਦੀ ਜੋੜੀ ਨੇ ਇੱਕ ਸਾਲ ਵਿੱਚ ਦੋ-ਦੋ ਛਣਕਾਟੇ ਕੱਢਣੇ ਸ਼ੁਰੂ ਕਰਨੇ, ਜਿਨ੍ਹਾਂ ਵਿੱਚੋਂ ਇਕ ਦਾ ਨਾਮ ਸਾਢੇ ਛਣਕਾਟਾ ਰੱਖਿਆ ਜਾਣ ਲੱਗਾ ਜਿਵੇਂ ਕਿ ‘ਛਣਕਾਟਾ 97-1/2’
ਚਲੰਤ ਮਾਮਲਿਆਂ ਉਤੇ ਕਰਾਰੀ ਚੋਟ ਛਣਕਾਟੇ ਦੀ ਜਿੰਦਜਾਨ ਹੁੰਦੀ ਸੀ। ਕਈ ਵਾਰ ਦੂਹਰੇ ਅਰਥਾਂ ਵਾਲੀ ਕਾਮੇਡੀ ਕਾਰਨ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ, ਪਰ ਸਮਾਜਿਕ ਅਲਾਮਤਾਂ ਉਤੇ ਤਿੱਖੇ ਵਿਅੰਗ ਛਣਕਾਟੇ ਦਾ ਹਾਸਲ ਹੁੰਦੇ ਸਨ। ਭਰੂਣ ਹੱਤਿਆ ਦੀ ਸਮਾਜਿਕ ਅਲਾਮਤ ਖਿਲਾਫ ਜਸਵਿੰਦਰ ਭੱਲਾ ਨੇ ਬਹੁਤ ਪਹਿਲਾਂ ਹੀ ‘ਮਾਸੀ ਨੂੰ ਤਰਸਣਗੇ’ ਰਾਹੀਂ ਚੋਟ ਕੀਤੀ ਸੀ। ਜਸਵਿੰਦਰ ਭੱਲਾ ਦੀ ਕਾਮੇਡੀ ਵਿੱਚ ਪੰਜਾਬੀ ਸੱਭਿਆਚਾਰ ਦਾ ਚਿਹਰਾ-ਮੋਹਰਾ ਝਲਕਦਾ ਸੀ। ਠੇਠ ਤੇ ਮੁਹਾਵਰੇਦਾਰੀ ਸ਼ਬਦਾਵਲੀ ਤੋਂ ਇਲਾਵਾ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀਆਂ ਅਮੀਰ ਬਾਤਾਂ ਰਾਹੀਂ ਉਹ ਵੱਡੀ ਤੋਂ ਵੱਡੀ ਗੱਲ ਵਿਅੰਗ ਰਾਹੀਂ ਥੋੜ੍ਹੇਂ ਸ਼ਬਦਾਂ ਵਿੱਚ ਕਹਿਣ ਦੀ ਸਮਰੱਥਾ ਰੱਖਦਾ ਸੀ। ਜਸਵਿੰਦਰ ਭੱਲਾ ਆਪਣੇ ਨਾਲ ਹੋਈ ਕਿਸੇ ਲਾਹ-ਪਾਹ ਨੂੰ ਕਾਮੇਡੀ ਵਿੱਚ ਸ਼ਾਮਲ ਕਰ ਲੈਂਦਾ ਸੀ। ਵੱਡੇ ਕਾਮੇਡੀਅਨ (ਵਿਅੰਗਕਾਰ) ਦੀ ਇਹੋ ਨਿਸ਼ਾਨੀ ਹੁੰਦੀ ਹੈ। ਛਣਕਾਟਿਆਂ ਦੀ ਸਕਰਿਪਟ ਵਿੱਚ ਲੁਧਿਆਣਾ ਕੇਂਦਰ ਬਿੰਦੂ ਹੁੰਦਾ ਸੀ। ਇਸੇ ਲਈ ਛਣਕਾਟੇ ਵਿੱਚ ਭਾਰਤ ਨਗਰ, ਆਰਤੀ ਚੌਕ, ਭਾਈ ਬਾਲਾ ਚੌਕ, ਚੌੜਾ ਬਾਜ਼ਾਰ, ਘੁਮਾਰ ਮੰਡੀ, ਆਦਿ ਅਕਸਰ ਸੁਣਨ ਨੂੰ ਮਿਲਦੇ।
ਜਸਵਿੰਦਰ ਭੱਲੇ ਦੀ ਕਾਮੇਡੀ ਦੇ ਪਾਤਰ ਆਮ ਜ਼ਿੰਦਗੀ ਵਿੱਚੋਂ ਹੁੰਦੇ ਸਨ। ਸਾਥੀ ਕਲਾਕਾਰਾਂ ਉੱਪਰ ਅਕਸਰ ਵਿਅੰਗ ਸੁਣਨ ਨੂੰ ਮਿਲਦਾ, ਜਿਨ੍ਹਾਂ ਵਿੱਚ ਹੰਸ ਰਾਜ ਹੰਸ, ਸੁਰਿੰਦਰ ਛਿੰਦਾ ਆਦਿ ਪ੍ਰਮੁੱਖ ਹੁੰਦੇ। ਸਿਆਸਤਦਾਨਾਂ ਸਮੇਤ ਹਰ ਵਰਗ ਉੱਪਰ ਵਿਅੰਗ ਆਮ ਗੱਲ ਸੀ। ਛਣਕਾਟੇ ਵਿੱਚ ਪੰਜਾਬੀ ਮੇਲਿਆਂ ਦੇ ਬਾਦਸ਼ਾਹ ਜਗਦੇਵ ਸਿੰਘ ਜੱਸੋਵਾਲ ਤੇ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਜਿਹੀਆਂ ਸ਼ਖਸੀਅਤਾਂ ਦੀ ਵੀ ਆਪਣੇ ਅੰਦਾਜ਼ `ਚ ਹਾਜ਼ਰੀ ਲਗਾ ਦੇਣੀ। ਛਣਕਾਟਾ 90 ਵਿੱਚ ‘ਜੱਟਾਂ ਦੇ ਪੰਜ ਖੱਖੇ’, ਛਣਕਾਟਾ 95 ਵਿੱਚ ‘ਪ੍ਰਸਿੰਨੀਏ ਖਾ ਕੇਲਾ’ ਬਹੁਤ ਮਕਬੂਲ ਹੋਇਆ। ਬਠਿੰਡੇ ਵਾਲਿਆਂ ਦੇ ਕੇਲਾ ਖਾਣ ਦੀ ਆਦਤ ਉਪਰ ਭੱਲੇ ਦੇ ਵਿਅੰਗ ਲੋਕ ਅਖਾਣ ਹੀ ਬਣ ਗਿਆ। ਸਮੇਂ ਦੇ ਬਦਲਾਅ ਨਾਲ ਛਣਕਾਟੇ ਦਾ ਫਿਲਮਾਂਕਣ ਹੋਣ ਲੱਗਾ ਤਾਂ ਭੱਲੇ ਤੇ ਬਾਲੇ ਦੀ ਜੋੜੀ ਨਾਲ ਨੀਲੂ ਅਤੇ ਗਾਇਕ ਸੁਖਵਿੰਦਰ ਸੁੱਖੀ ਵੀ ਜੁੜ ਗਏ। ਫੇਰ ਛਣਕਾਟੇ ਦੇ ਨਾਲ ਨਵੇਂ ਟਾਈਟਲ ਆਉਣ ਲੱਗੇ ਜਿਵੇਂ ‘ਜੜ ’ਤੇ ਕੋਕੇ’, ‘ਚਾਚਾ ਸੁਧਰ ਗਿਆ’ ਆਦਿ।
ਜਸਵਿੰਦਰ ਭੱਲਾ ਨੇ ਕੈਸੇਟ ਕਲਚਰ ਤੇ ਸਟੈਂਡ ਅੱਪ ਕਾਮੇਡੀ ਵਿੱਚ ਪੱਕੇ ਪੈਰੀਂ ਹੋਣ ਤੋਂ ਬਾਅਦ 1998 ਵਿੱਚ ਫਿਲਮੀ ਜੀਵਨ ਵਿੱਚ ਪੈਰਾ ਧਰਿਆ, ਜਦੋਂ ਉਨ੍ਹਾਂ ਆਪਣੀ ਫਿਲਮ ‘ਦੁੱਲਾ ਭੱਟੀ’ ਕੀਤੀ। ਉਸ ਤੋਂ ਬਾਅਦ ਜਸਪਾਲ ਭੱਟੀ ਦੀ ਫਿਲਮ ‘ਮਾਹੌਲ ਠੀਕ ਹੈ’ ਵਿੱਚ ਇੰਸਪੈਕਟਰ ਦਾ ਯਾਦਗਾਰੀ ਰੋਲ ਕੀਤਾ। ਉਨ੍ਹਾਂ ਆਪਣੇ ਕਰੀਅਰ ਵਿੱਚ 70 ਤੋਂ ਵੱਧ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਕਈ ਯਾਦਗਾਰੀ ਰੋਲ ਕੀਤੇ। ਉਨ੍ਹਾਂ ਦੀਆਂ ਹਿੱਟ ਫਿਲਮਾਂ ਵਿੱਚ ‘ਕੈਰੀ ਆਨ ਜੱਟਾ’, ‘ਜੱਟ ਐਂਡ ਜੂਲੀਅਟ’, ‘ਮੇਲ ਕਰਾਦੇ ਰੱਬਾ’, ‘ਜੀਹਨੇ ਮੇਰਾ ਦਿਲ ਲੁੱਟਿਆ’, ‘ਡੈਡੀ ਕੂਲ ਮੁੰਡੇ ਫੂਲ’, ‘ਪਾਵਰ ਕੱਟ’ ਆਦਿ ਸ਼ਾਮਲ ਹਨ। ਜਸਵਿੰਦਰ ਭੱਲਾ ਦੇ ਫਿਲਮਾਂ ਦੇ ਡਾਇਲਾਗ ਵੀ ਅਖਾਣਾਂ-ਮੁਹਾਵਰਿਆਂ ਵਾਂਗ ਮਕਬੂਲ ਹੋਏ, ਜੋ ਕਿ ਹਰ ਇੱਕ ਜ਼ੁਬਾਨ ਉਪਰ ਚੜ੍ਹ ਜਾਂਦੇ ਸਨ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਦਾ ਅੰਦਾਜ਼-ਏ-ਬਿਆਂ ਬਹੁਤ ਕਮਾਲ ਸੀ। ਜਸਵਿੰਦਰ ਭੱਲਾ ਇਕੱਲਾ ਕੈਸੇਟ ਜਾਂ ਫਿਲਮ ਵਿੱਚ ਹੀ ਆਪਣੇ ਕਾਮੇਡੀ ਨਾਲ ਨਹੀਂ ਜਾਣਿਆ ਜਾਂਦਾ ਸੀ, ਸਗੋਂ ਆਪਣੀ ਰੁਟੀਨ ਜ਼ਿੰਦਗੀ ਵਿੱਚ ਵੀ ਗੱਲਬਾਤ ਤੇ ਮੋਬਾਈਲ ਉਤੇ ਜਵਾਬੀ ਮੈਸੇਜ ਲਿਖਦਿਆਂ ਸਹਿ-ਸੁਭਾਅ ਹੀ ਕਾਮੇਡੀ ਝਲਕਦੀ ਸੀ।
ਜਸਵਿੰਦਰ ਭੱਲਾ ਦੇ ਫਿਲਮਾਂ ਦੇ ਮਕਬੂਲ ਹੋਏ ਡਾਇਲਾਗਾਂ ਵਿੱਚ ‘ਜੀਜਾ ਜੀ’ ਟੈਲੀਫਿਲਮ ਵਿੱਚ ‘ਜੁੱਤੀ ਤੰਗ ਤੇ ਜਵਾਈ ਨੰਗ ਸਾਰੀ ਉਮਰ ਮੱਤ ਮਾਰ ਲੈਂਦੇ ਨੇ’, ‘ਕੈਰੀ ਆਨ ਜੱਟਾ’ ਵਿੱਚ ‘ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨੀ ਪਾਇਆ’ ਤੇ ‘ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ’, ‘ਜੱਟ ਐਂਡ ਜੂਲੀਅਟ’ ਵਿੱਚ ‘ਜੇ ਚੰਡੀਗੜ੍ਹ ਢਹਿਜੂ ਤਾਂ ਪਿੰਡ ਜੋਗਾ ਰਹਿਜੂ, ਜੇ ਪਿੰਡ ਢਹਿਜੂ…’, ‘ਮਾਹੌਲ ਠੀਕ ਹੈ’ ਫਿਲਮ ਵਿੱਚ ‘ਮੈਂ ਤਾਂ ਪਾ ਦੂੰ ਪੜ੍ਹਨੇ’, ‘ਚੱਕ ਦੇ ਫੱਟੇ’ ਵਿੱਚ ‘ਮੈਂ ਤਾਂ ਭੰਨਦੂ ਬੁੱਲਾਂ ਨਾਲ ਅਖਰੌਟ’ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਹੋਰ ਵੀ ਕਈ ਡਾਇਲਾਗ ਮਕਬੂਲ ਹੋਏ, ਜਿਨ੍ਹਾਂ ਵਿੱਚ ‘ਸਹੇਲੀ ਤੇ ਹਵੇਲੀ ਐਵੇਂ ਹੀ ਨੀ ਬਣਦੀ’, ‘ਗੰਦੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਨੀ ਵਧਣ ਦਿੰਦੇ’ ਆਦਿ ਸ਼ਾਮਲ ਹਨ। ਜਸਵਿੰਦਰ ਭੱਲਾ ਦੇ ਡਾਇਲਾਗਾਂ ਵਾਂਗ ਉਸ ਦੇ ਨਿਭਾਏ ਕਿਰਦਾਰ ਵੀ ਅਮਿੱਟ ਛਾਪ ਛੱਡ ਗਏ, ਜਿਵੇਂ ਕਿ ਚਾਚਾ ਚਤਰਾ ਅਤੇ ਐਨ.ਆਰ.ਆਈ. ਨੌਜਵਾਨ ਭਾਨਾ। ਭਾਨੇ ਦਾ ਪ੍ਰਚੱਲਿਤ ਡਾਇਲਾਗ ‘ਭਾਨਾ ਯਾ… ਯਾ…’ ਬਹੁਤ ਹਿੱਟ ਹੋਇਆ। ਡਾ. ਭੱਲਾ ਨੂੰ ਰਹਿੰਦੀ ਦੁਨੀਆਂ ਤੱਕ ਛਣਕਾਟੇ ਵਾਲੇ ਚਾਚੇ ਚਤਰੇ ਦੇ ਨਾਂ ਨਾਲ ਜਾਣਦੀ ਰਹੇਗੀ। ਉਨ੍ਹਾਂ ਇੱਕ ਟੀ.ਵੀ. ਸ਼ੋਅ ਵੀ ਕੀਤਾ, ਜਿਸ ਦਾ ਨਾਂ ‘ਹਾਸਿਆਂ ਦਾ ਹੱਲਾ ਜਸਵਿੰਦਰ ਭੱਲਾ’ ਰੱਖਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਨ੍ਹਾਂ ਜਸਵਿੰਦਰ ਭੱਲਾ ਵਾਂਗ ਕਾਮੇਡੀ ਖੇਤਰ ਵਿੱਚ ਆਪਣੀ ਖਾਸ ਵਿਅੰਗਕਾਰੀ ਨਾਲ ਛਾਪ ਛੱਡੀ, ਨੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਚਾਨਕ ਤੁਰ ਜਾਣਾ ਬਹੁਤ ਦੁਖਦਾਇਕ ਹੈ। ਬੀਨੂੰ ਢਿੱਲੋਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅੱਜ ਇੱਕ ਵਾਰ ਫੇਰ ਉਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਡਾ. ਨਿਰਮਲ ਜੌੜਾ ਨੇ ਇੱਕ ਅਧਿਆਪਕ ਵਜੋਂ ਯਾਦ ਕਰਦਿਆਂ ਪੁਰਾਣੀ ਯਾਦ ਸਾਂਝ ਕੀਤੀ। ਬਾਲ ਮੁਕੰਦ ਸ਼ਰਮਾ ਤੇ ਗੁਰਪ੍ਰੀਤ ਘੁੱਗੀ ਨੇ ਇਸ ਵਿਛੋੜੇ ਨੂੰ ਅਕਹਿ ਤੇ ਅਸਹਿ ਦੱਸਦਿਆਂ ਅਣਹੋਣੀ ਦੱਸਿਆ। ਪ੍ਰੋ. ਗੁਰਭਜਨ ਗਿੱਲ ਦਾ ਜਸਵਿੰਦਰ ਭੱਲਾ ਨੂੰ ਆਪਣੇ ਪੁੱਤਰਾਂ ਵਰਗਾ ਛੋਟਾ ਵੀਰ ਆਖਦਿਆਂ ਗੱਚ ਹੀ ਭਰ ਆਇਆ।

Leave a Reply

Your email address will not be published. Required fields are marked *