ਡਾ. ਅਰਵਿੰਦਰ ਸਿੰਘ ਭੱਲਾ
ਫੋਨ: +91-9463062603
ਗੁਰੂਦੇਵ ਨੇ ਆਪਣੇ ਸ਼ਿਸ਼ ਨੂੰ ਫ਼ੁਰਮਾਇਆ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਅਨੇਕਾਂ ਮੌਕਿਆਂ ਉੱਪਰ ਜਦੋਂ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਨਾਪਸੰਦੀਦਾ ਖੜੋਤ ਜਾਂ ਨਾਗਵਾਰ ਠਹਿਰਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਅਕਸਰ ਬੇਜ਼ਾਰ ਹੋ ਜਾਂਦਾ ਹੈ। ਜ਼ਿੰਦਗੀ ਦੇ ਹਰ ਲਮਹੇ ਨੂੰ ਰਚਨਾਤਮਿਕ ਢੰਗ ਨਾਲ ਜਿਉਣ ਦੀ ਖਾਹਿਸ਼ ਰੱਖਣ ਵਾਲੇ ਲੋਕ ਹਰ ਪਲ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਉਸਾਰੂ ਰੋਮਾਂਚ ਚਾਹੁੰਦੇ ਹਨ। ਅਜਿਹੇ ਲੋਕ ਕਿਸੇ ਵੀ ਤਰ੍ਹਾਂ ਦੀ ਖੜੋਤ ਨੂੰ ਆਪਣੇ ਰਾਹਾਂ ਦੀ ਅੜਚਣ ਮੰਨਦੇ ਹਨ।
ਇਸ ਤਰ੍ਹਾਂ ਦੇ ਲੋਕ ਹਰ ਪਲ ਨੂੰ ਭਰਪੂਰ ਢੰਗ ਨਾਲ ਜਿਉਣ ਵਿੱਚ ਵਿਸ਼ਵਾਸ ਰੱਖਦੇ ਹਨ। ਜ਼ਿੰਦਗੀ ਵਿੱਚ ਰੋਮਾਂਚ ਦੀ ਭਾਲ ਕਰਨ ਵਾਲਿਆਂ ਲਈ ਖੜੋਤ ਇੱਕ ਤਰ੍ਹਾਂ ਨਾਲ ਤਿਲ-ਤਿਲ ਕਰਕੇ ਮਰਨ ਸਮਾਨ ਹੁੰਦੀ ਹੈ। ਭਾਵੇਂ ਕਿ ਹਰ ਇੱਕ ਮਨੁੱਖ ਲਈ ਰੋਮਾਂਚ ਦੀ ਵੀ ਅਲੱਗ-ਅਲੱਗ ਪਰਿਭਾਸ਼ਾ ਹੁੰਦੀ ਹੈ, ਪਰ ਅਜਿਹੀ ਬਿਰਤੀ ਰੱਖਣ ਵਾਲਿਆਂ ਵਿੱਚ ਇੱਕ ਗੱਲ ਸਮਾਨ ਹੁੰਦੀ ਹੈ ਕਿ ਇਹ ਲੋਕ ਬਹੁਤੀ ਦੇਰ ਤੱਕ ਹੱਥ ਉੱਤੇ ਹੱਥ ਰੱਖ ਕੇ ਜਾਂ ਅਵੇਸਲੇ ਰੂਪ ਵਿੱਚ ਰਹਿਣਾ ਹਰਗਿਜ਼ ਪਸੰਦ ਨਹੀਂ ਕਰਦੇ ਹਨ। ਜ਼ਿੰਦਗੀ ਨੂੰ ਇੱਕ ਦਾਤ ਜਾਂ ਅਵਸਰ ਸਮਝਣ ਵਾਲੇ ਇਹ ਲੋਕ ਹਰ ਪਲ ਕੁਝ ਨਵਾਂ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਆਪਣੇ ਆਸ-ਪਾਸ ਦੇ ਲੋਕਾਂ ਤੋਂ ਨਿੱਤ ਨਵਾਂ ਕੁਝ ਸਿੱਖ ਕੇ ਜਾਂ ਰੋਜ਼ਮੱਰ੍ਹਾ ਦੀ ਜ਼ਿੰਦਗੀ ਦੇ ਚੰਗੇ-ਮਾੜੇ ਤਜਰਬਿਆਂ ਤੋਂ ਸੇਧ ਲੈ ਕੇ ਬਾਮਕਸਦ ਜ਼ਿੰਦਗੀ ਬਤੀਤ ਕਰਨਾ ਹੀ ਸਿਰਜਣਾਤਮਕ ਬਿਰਤੀ ਰੱਖਣ ਵਾਲੇ ਲੋਕਾਂ ਦੀ ਜ਼ਿੰਦਗੀ ਦਾ ਅਸਲ ਮਕਸਦ ਹੁੰਦਾ ਹੈ। ਸੁਸਤ ਰਫ਼ਤਾਰ ਜ਼ਿੰਦਗੀ ਅਜਿਹੇ ਲੋਕਾਂ ਨੂੰ ਬਹੁਤ ਜਲਦੀ ਉਪਰਾਮਤਾ ਵੱਲ ਧਕੇਲ ਦਿੰਦੀ ਹੈ। ਹਰ ਅਵਸਰ ਜਾਂ ਹਰ ਵਿਕਲਪ ਨੂੰ ਸੰਭਾਵਨਾ ਵਿੱਚ ਪਰਿਵਰਤਿਤ ਕਰਕੇ ਉਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਵਿੱਚ ਵੀ ਅਜਿਹੇ ਲੋਕ ਕਦੇ ਦੇਰ ਨਹੀਂ ਕਰਦੇ।
ਗੁਰੂਦੇਵ ਨੇ ਆਪਣੇ ਸ਼ਿਸ਼ ਨੂੰ ਇਸ ਗੱਲ ਦੀ ਤਲਕੀਨ ਕੀਤੀ ਕਿ ਜਦੋਂ ਕਦੇ ਤੁਹਾਨੂੰ ਖੜੋਤ ਦਾ ਸ਼ਿਕਾਰ ਹੋਣਾ ਪਵੇ ਤਾਂ ਪੂਰੀ ਕੁੱਵਤ ਦਾ ਇਸਤੇਮਾਲ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਇੱਕ ਅਜਿਹਾ ਸਕਾਰਾਤਮਕ ਮੌੜ ਦੇਣ ਦਾ ਯਤਨ ਕਰੋ ਕਿ ਉਸ ਖੜੋਤ ਨੂੰ ਤੁਸੀਂ ਪਿਛਾਂਹ ਛੱਡ ਕੇ ਆਪਣੀ ਜ਼ਿੰਦਗੀ ਦੀ ਰਫ਼ਤਾਰ ਅਤੇ ਰਵਾਨਗੀ ਨੂੰ ਹਰ ਹੀਲੇ ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਸਕੋ। ਬੇਸ਼ੱਕ ਇਨਸਾਨ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਕੇ ਵੀ ਹੰਭ ਜਾਂਦਾ ਹੈ, ਬੇਸ਼ੱਕ ਹਰ ਰੋਜ਼ ਆਪਣੇ ਜ਼ਿੰਦਾ ਹੋਣ ਦਾ ਸਬੂਤ ਦਿੰਦੇ-ਦਿੰਦੇ ਵੀ ਉਹ ਉਕਤਾ ਜਾਂਦਾ ਹੈ, ਬੇਸ਼ੱਕ ਜ਼ਿੰਦਗੀ ਵਿੱਚ ਕਿਸੇ ਕਿਸੇ ਮੋੜ ਉੱਤੇ ਤਾਜ਼ਾ ਦਮ ਹੋ ਕੇ ਸਫ਼ਰ ਵੀ ਆਰੰਭ ਕਰਨਾ ਪੈਂਦਾ ਹੈ ਅਤੇ ਬੇਸ਼ੱਕ ਨਿੱਤ ਨਵੇਂ ਹਦਫ਼ ਮਨੁੱਖ ਦੇ ਹੌਸਲਿਆਂ ਨੂੰ ਵੀ ਪਰਖਦੇ ਹਨ, ਪਰ ਇਸ ਸਭ ਦੇ ਬਾਵਜੂਦ ਜ਼ਿੰਦਗੀ ਵਿੱਚ ਸ਼ਾਹਸਵਾਰ, ਸੁਪਨਸਾਜ਼ ਅਤੇ ਕਰਮਯੋਗੀ ਬਣਨ ਲਈ ਮਨੁੱਖ ਨੂੰ ਹਰ ਪੜਾਅ ਉੱਤੇ ਆਪਣੇ ਖ਼ਵਾਬਾਂ ਦੀ ਤਾਬੀਰ ਦੀ ਕੀਮਤ ਚੁਕਾਉਣੀ ਪੈਂਦੀ ਹੈ। ਜੋ ਲੋਕ ਜ਼ਿੰਦਗੀ ਵਿੱਚ ਕਿਸੇ ਮੁਕਾਮ ਉੱਤੇ ਖੜੋਤ ਅੱਗੇ ਗੋਡੇ ਟੇਕ ਦਿੰਦੇ ਹਨ, ਉਹ ਨਾ ਤਾਂ ਕਦੇ ਆਪਣੀ ਜ਼ਿੰਦਗੀ ਵਿੱਚ ਕਿਸੇ ਮੁਹਾਜ਼ ਉਤੇ ਫ਼ਤਿਹ ਦਾ ਪਰਚਮ ਲਹਿਰਾਉਣ ਵਿੱਚ ਸਫ਼ਲ ਹੁੰਦੇ ਹਨ ਅਤੇ ਨਾ ਹੀ ਜ਼ਮਾਨਾ ਉਨ੍ਹਾਂ ਉੱਪਰ ਕਿਸੇ ਤਰ੍ਹਾਂ ਦਾ ਫ਼ਖ਼ਰ ਕਰਦਾ ਹੈ। ਗੁਰੂਦੇਵ ਨੇ ਕਿਹਾ ਕਿ ਆਪਣੀ ਹਰ ਸਵੇਰ ਨਾਲ ਹਰ ਰੋਜ਼ ਇਹ ਅਹਿਦ ਕਰੋ ਕਿ ਤੁਸੀਂ ਗੁਜ਼ਰੇ ਕੱਲ੍ਹ ਤੋਂ ਅੱਜ ਕੁਝ ਨਵਾਂ ਅਤੇ ਕੁਝ ਬਿਹਤਰ ਕਰੋਗੇ ਅਤੇ ਜਦੋਂ ਤੁਸੀਂ ਰਾਤ ਦੀ ਆਗੋਸ਼ ਵਿੱਚ ਜਾਉ ਤਾਂ ਤੁਹਾਨੂੰ ਇਹ ਹਿਰਖ ਨਾ ਹੋਵੇ ਕਿ ਤੁਹਾਡੀ ਜ਼ਿੰਦਗੀ ਦਾ ਇੱਕ ਬੇਸ਼ਕੀਮਤੀ ਦਿਨ ਅਜਾਈਂ ਹੀ ਗੁਜ਼ਰ ਗਿਆ ਹੈ। ਤੁਸੀਂ ਆਪਣੇ ਅੰਦਰ ਸਮੋਈ ਹੋਈ ਤਾਕਤ ਨੂੰ ਪਛਾਣਨ ਦਾ ਯਤਨ ਕਰੋ, ਆਪਣੇ ਜੀਵਨ ਦਾ ਟੀਚਾ ਨਿਰਧਾਰਤ ਕਰੋ ਅਤੇ ਹਰ ਲਮਹਾ ਆਪਣੇ ਮਕਸਦ ਪ੍ਰਤੀ ਸਮਰਪਿਤ ਰਹਿੰਦੇ ਹੋਏ ਇਹ ਇਹ ਕਲਪਨਾ ਵੀ ਕਰੋ ਕਿ ਮੰਜ਼ਿਲ ਤੁਹਾਡੇ ਬੇਹੱਦ ਕਰੀਬ ਹੈ ਤੇ ਮੰਜ਼ਿਲ ਉਤੇ ਪਹੁੰਚੇ ਬਿਨਾ ਤੁਹਾਡੀ ਜ਼ਿੰਦਗੀ ਅਤੇ ਤੁਹਾਡੇ ਸਾਰੇ ਖ਼ਵਾਬ ਨਾਮੁਕੰਮਲ ਹਨ।
ਗੁਰੂਦੇਵ ਨੇ ਇਹ ਵੀ ਫ਼ੁਰਮਾਇਆ ਕਿ ਜ਼ਿੰਦਗੀ ਤਵੀਲ ਨਹੀਂ, ਸਗੋਂ ਬਾਮਕਸਦ ਹੋਣੀ ਚਾਹੀਦੀ ਹੈ। ਜ਼ਿੰਦਗੀ ਵਿੱਚ ਹਰ ਪੜਾਅ ਉੱਤੇ ਪਹੁੰਚ ਕੇ ਤੁਹਾਡੇ ਤਜਰਬਿਆਂ ਦੇ ਜ਼ਖੀਰੇ ਵਿੱਚ ਵਾਧਾ ਹੋਣਾ ਲਾਜ਼ਮੀ ਹੈ। ਆਪਣੀਆਂ ਖ਼ਾਮੀਆਂ, ਕਮੀਆਂ-ਪੇਸ਼ੀਆਂ, ਰਾਹ ਦੀਆਂ ਅੜਚਨਾਂ ਜਾਂ ਆਪਣੀਆਂ ਸੀਮਾਵਾਂ ਦੀ ਤਖ਼ਤੀ ਨੂੰ ਗਲੋਂ ਉਤਾਰ ਕੇ ਹਰ ਲਮਹਾ ਇੱਕ ਨਵੀਂ ਸ਼ੁਰੂਆਤ ਕਰਨ ਲਈ ਯਤਨਸ਼ੀਲ ਰਹੋ। ਇੱਕ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰੋ ਕਿ ਰਫ਼ਤਾ-ਰਫ਼ਤਾ ਤੁਸੀਂ ਆਪਣੇ ਅੰਤ ਵੱਲ ਵਧ ਰਹੇ ਹੋ ਅਤੇ ਕਦ ਤੁਹਾਡੇ ਸਾਹਾਂ ਦਾ ਪੰਛੀ ਉਡਾਰੀ ਭਰ ਜਾਵੇ, ਇਸ ਦਾ ਵੀ ਤੁਹਾਨੂੰ ਕੋਈ ਗਿਆਨ ਨਹੀਂ, ਲਿਹਾਜ਼ਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਕੁਝ ਅਜਿਹਾ ਸਾਰਥਕ, ਸਕਾਰਾਤਮਕ ਅਤੇ ਸਿਰਜਣਾਤਮਕ ਜ਼ਰੂਰ ਕਰ ਗੁਜ਼ਰੋ ਕਿ ਤੁਹਾਨੂੰ ਆਪਣੇ ਆਖ਼ਰੀ ਪਲਾਂ ਵਿੱਚ ਜ਼ਿੰਦਗੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਿਲਾ ਸ਼ਿਕਵਾ ਜਾ ਪਛਤਾਵਾ ਨਾ ਹੋਵੇ। ਇਹ ਵੀ ਯਾਦ ਰਹੇ ਕਿ ਜ਼ਿੰਦਗੀ ਕੇਵਲ ਸਾਹਾਂ ਦੇ ਆਉਣ ਤੱਕ ਮਹਿਦੂਦ ਨਹੀਂ ਹੁੰਦੀ ਹੈ। ਤੁਸੀਂ ਘੱਟੋ ਘੱਟ ਅਜਿਹਾ ਕੁਝ ਜ਼ਰੂਰ ਕਰਨ ਦਾ ਯਤਨ ਕਰੋ ਕਿ ਇਸ ਕਾਇਨਾਤ ਵਿੱਚੋਂ ਕੂਚ ਕਰਨ ਮਗਰੋਂ ਵੀ ਆਪਣੇ ਨੇਕ ਅਤੇ ਉਸਾਰੂ ਅਮਲਾਂ ਕਾਰਨ ਤੁਸੀਂ ਲੋਕਾਂ ਲਈ ਰਾਹ ਦਸੇਰਾ ਬਣੇ ਰਹੋ। ਲੋਕ ਤੁਹਾਡੇ ਨਾਲ ਜੁੜੀਆਂ ਬੇਸ਼ੁਮਾਰ ਯਾਦਾਂ ਨੂੰ ਆਪਣੀ ਜ਼ਿੰਦਗੀ ਦਾ ਅਨਮੋਲ ਸਰਮਾਇਆ ਸਮਝਣ। ਤੁਹਾਡੀ ਗ਼ੈਰ-ਮੌਜੂਦਗੀ ਇੱਕ ਅਜਿਹਾ ਖਲਾਅ ਪੈਦਾ ਕਰੇ ਕਿ ਜਿਸ ਨੂੰ ਹਰ ਕੋਈ ਘੱਟੋ ਘੱਟ ਮਹਿਸੂਸ ਜ਼ਰੂਰ ਕਰੇ।
ਗੁਰੂਦੇਵ ਨੇ ਫ਼ੁਰਮਾਇਆ ਕਿ ਇਹ ਮਨੁੱਖਾ ਜੀਵਨ ਵਾਰ ਵਾਰ ਨਹੀਂ ਮਿਲਣਾ, ਲਿਹਾਜ਼ਾ ਇਸ ਅਵਸਰ ਦਾ ਪ੍ਰਯੋਗ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀਆਂ ਉਹ ਸਾਰੀਆਂ ਰੀਝਾਂ ਜ਼ਰੂਰ ਪੂਰੀਆਂ ਕਰ ਸਕੋ, ਜਿਸ ਨਾਲ ਤੁਹਾਨੂੰ ਆਪਣੇ ਬਾਮਕਸਦ ਜਿਉਣ ਉੱਤੇ ਨਾਜ਼ ਹੋਵੇ। ਕਦੇ ਵੀ ਜ਼ਿੰਦਗੀ ਵਿੱਚ ਖੜੋਤ ਤੋਂ ਘਬਰਾਉ ਨਾ, ਸਗੋਂ ਉਸ ਨੂੰ ਵੀ ਜ਼ਿੰਦਗੀ ਦਾ ਇੱਕ ਜ਼ਰੂਰੀ ਪੜਾਅ ਸਮਝੋ, ਕਿਉਂਕਿ ਅਜਿਹੇ ਪੜਾਅ ਉੱਤੇ ਵੀ ਤੁਹਾਨੂੰ ਆਪਣੀਆਂ ਬਿਖਰੀਆਂ ਹੋਈਆਂ ਸ਼ਕਤੀਆਂ ਨੂੰ ਇਕੱਠਿਆਂ ਕਰਨ ਦਾ ਵੱਡਮੁੱਲਾ ਮੌਕਾ ਪ੍ਰਾਪਤ ਹੁੰਦਾ ਹੈ। ਇਸ ਗੱਲ ਨੂੰ ਵੀ ਤੁਸੀਂ ਆਪਣੇ ਜ਼ਿਹਨ ਵਿੱਚ ਰੱਖੋ ਕਿ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਦੇ ਰਸਤੇ ਵਿੱਚ ਆਈ ਹਰ ਖੜੌਤ ਉਸ ਸਮੇਂ ਸਭ ਤੋਂ ਵੱਧ ਖ਼ਤਰਨਾਕ ਅਤੇ ਅਫ਼ਸੋਸਨਾਕ ਸਾਬਤ ਹੁੰਦੀ ਹੈ, ਜਦੋਂ ਤੁਸੀਂ ਹੌਸਲਾ ਹਾਰ ਕੇ ਜ਼ਿੰਦਗੀ ਦੇ ਕੁਰੂਕਸ਼ੇਤਰ ਵਿੱਚ ਖੜੋਤ ਤੋਂ ਆਪਣੀ ਹਾਰ ਕਬੂਲ ਕਰਦਿਆਂ ਆਪਣੇ ਹਥਿਆਰ ਸੁੱਟ ਦਿੰਦੇ ਹੋ। ਲਿਹਾਜ਼ਾ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਮੁਹਾਜ਼ ਉੱਤੇ ਜੇਕਰ ਤੁਹਾਨੂੰ ਕਿਸੇ ਨਾਗਵਾਰ ਠਹਿਰਾਅ ਦਾ ਸਾਹਮਣਾ ਕਰਨਾ ਪਵੇ ਤਾਂ ਠਹਿਰੋ ਨਾ, ਸਗੋਂ ਨਵੇਂ ਰਾਹਾਂ ਅਤੇ ਨਵੀਆਂ ਮੰਜ਼ਿਲਾਂ ਦੀ ਤਲਾਸ਼ ਵਿੱਚ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਰਹੋ, ਕਿਉਂਕਿ ਕਿਸੇ ਵੀ ਸ਼ਾਹਸਵਾਰ ਜਾਂ ਸੁਪਨਸਾਜ਼ ਨੂੰ ਖੜੋਤਾਂ ਨਹੀਂ, ਸਗੋਂ ਮੰਜ਼ਿਲਾਂ ਦਿਸਦੀਆਂ ਨੇ। ਇਹ ਵੀ ਯਾਦ ਰਹੇ ਕਿ ਉਚੇਰੀ ਪਰਵਾਜ਼ ਭਰਨ ਵਾਲੇ ਕਾਲੀਆਂ ਘਟਾਵਾਂ, ਤੇਜ਼ ਹਨੇਰੀਆਂ ਜਾਂ ਧੁੰਦ ਤੋਂ ਕਦੇ ਵੀ ਨਹੀਂ ਘਬਰਾਉਂਦੇ ਹਨ।