1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਕਈ ਰਸਤੇ ਵਿੱਚ ਹੀ ਮਾਰ-ਖਪਾ ਦਿੱਤੇ ਗਏ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।
ਸਾਂਵਲ ਧਾਮੀ
ਫੋਨ:+91-9781843444
ਰਾਹੋਂ-ਮਾਛੀਵਾੜਾ ਰੋਡ ’ਤੇ ਕੋਈ ਚਾਰ ਕੁ ਕਿਲੋਮੀਟਰ ਦੂਰੀ ’ਤੇ ਸੱਜੇ ਹੱਥ ਥੋੜ੍ਹਾ ਅੰਦਰ ਜਾ ਕੇ ਇੱਕ ਪਿੰਡ ਹੈ: ਗੜੀ ਫਤਿਹ ਖਾਂ। ਓਥੇ ਵੱਸਦਾ ਅਠਾਸੀ ਸਾਲਾ ਬਜ਼ੁਰਗ ਪਿਆਰਾ ਲਾਲ ਧੁੱਪੜ, ਕੁਝ ਕੁ ਗੱਲਾਂ ਬਾਅਦ ਮੈਨੂੰ ਗੜੀ ਤੋਂ ਕਿਧਰੇ ਦੂਰ ਲੈ ਤੁਰਿਆ। ਓਸ ਪਿੰਡ ਵੱਲ, ਜਿੱਥੇ ਉਨ੍ਹਾਂ ਦੇ ਬਜ਼ੁਰਗ ਰਹਿ ਰਹੇ ਸਨ, ਜਿੱਥੇ ਉਹ ਜੰਮਿਆਂ-ਪiਲ਼ਆ ਸੀ ਤੇ ਜਿੱਥੋਂ ਉਹ ਸੰਤਾਲ਼ੀ ਵੇਲੇ ਉੱਜੜ ਕੇ ਆਇਆ ਸੀ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਨਾਰੋਵਾਲ ਤੇ ਪਿੰਡ ਦਾ ਨਾਂ ਸੀ ਬੁੱਧੂਕੋਟ।
ਮੁਸਲਮਾਨ ਜੱਟਾਂ ਤੇ ਕਿਰਤੀਆਂ ਦਾ ਦਰਮਿਆਨਾ ਜਿਹਾ ਪਿੰਡ ਸੀ ਉਹ। ਨੇੜਲੇ ਪਿੰਡ ਸਨ- ਦੇਹੜਾ, ਸਾਧੋ ਕੇ, ਬਾਣਾ, ਚਾਹੜ ਪੱਟੀ ਤੇ ਪੂਕ ਮਰਾਲੀ। ਗੰਡਾ ਸਿੰਘ ਤੇ ਝੰਡਾ ਸਿੰਘ ਦੋ ਸਕੇ ਭਰਾ ਵੀ ਰਹਿੰਦੇ ਸਨ, ਓਥੇ। ਇਹ ਰਾਮਦਾਸੀਏ ਸਿੱਖ ਕਹਿਲਾਉਂਦੇ ਸਨ। ਪਿਆਰਾ ਲਾਲ ਦਾ ਪਿਉ ਗੰਡਾ ਸਿੰਘ ਅੱਧ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੁੰਦਾ ਸੀ। ਉਹਦੇ ਕੋਲ਼ ਬਲਦਾਂ ਦੀਆਂ ਦੋ ਜੋਗਾਂ ਤੇ ਤਿੰਨ ਮੱਝਾਂ ਸਨ। ਉਸਦਾ ਚਾਚਾ ਝੰਡਾ ਸਿੰਘ ਕੱਪੜਾ ਬੁਣਨ ਦਾ ਕੰਮ ਕਰਦਾ ਸੀ। ਉਸਨੇ ਸਰਗੋਧੇ ਦੇ ਕਿਸੇ ਚੱਕ ’ਚ ਖੱਡੀਆਂ ਲਗਾਈਆਂ ਹੋਈਆਂ ਸਨ।
“ਸਾਡੇ ਘਰ ਮੂਹਰੇ ਕਬਰਾਂ ਸਨ। ਨਾਲ਼ ਹੀ ਮਸੀਤ ਸੀ। ਪਿਆਰ ਬੜਾ ਸੀ। ਖ਼ੁਸ਼ੀ-ਖ਼ੁਸ਼ੀ ਪਏ ਵੱਸਦੇ ਸਾਂ। ਐਸਾ ਸੰਤਾਲ਼ੀ ਚੜ੍ਹਿਆ ਕਿ ਹਵਾ ਈ ਬਦਲ ਗਈ। ਜੁਲਾਈ-ਅਗਸਤ ’ਚ ਲੁਟੇਰਿਆਂ ਨੇ ਜਥੇ ਬਣਾ ਲਏ। ਕਰਾਰਵਾਲੀਏ, ਸਾਹੋ ਹੁਸੈਨੀਆਂ ਤੇ ਅਲੀਪੁਰ ਸਯੱਦਾਂ ਵਾਲ਼ੇ ਜਥੇ ਸਾਡੇ ਇਲਾਕੇ ’ਚ ਸਰਗਰਮ ਹੋ ਗਏ। ਇਨ੍ਹਾਂ ਹਿੰਦੂ-ਸਿੱਖਾਂ ਨੂੰ ਲੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਨੇੜਲੇ ਪਿੰਡਾਂ ’ਚੋਂ ਹਿੰਦੂ-ਸਿੱਖ ਉੱਠ ਕੇ ਤੁਰ ਗਏ। ਸਾਡਾ ਟੱਬਰ ਦੁਚਿੱਤੀ ’ਚ ਪਿਆ ਰਿਹਾ। ਕੁਝ ਦੇਰ ਬਾਅਦ ਚੜ੍ਹਦੇ ਪਾਸਿਓਂ ਲੁੱਟ-ਪੁੱਟ ਕੇ ਗਏ ਕਲਾਨੌਰੀਏ ਮੁਸਲਮਾਨਾਂ ਨੇ ਬੁੱਧੂਕੋਟ ਦੇ ਮੁਹਤਬਰਾਂ ਕੋਲ਼ ਇਤਰਾਜ਼ ਕੀਤਾ ਕਿ ਉਨ੍ਹਾਂ ‘ਕਾਫ਼ਰ’ ਰੱਖੇ ਹੋਏ ਨੇ। ਪਿੰਡ ਵਾਲ਼ੇ ਅੱਗਿਓ ਆਖਣ ਲੱਗੇ- ਇਹ ਬਕਵਾਸ ਕਿਸੇ ਹੋਰ ਪਿੰਡ ਜਾ ਕੇ ਕਰੋ। ਇਹ ਸਾਡੇ ਭਰਾ ਨੇ। ਇਨ੍ਹਾਂ ਗੱਲਾਂ ਨੇ ਸਾਨੂੰ ਬੜਾ ਹੌਸਲਾ ਦਿੱਤਾ। ਅਸੀਂ ਛੇ ਮਹੀਨੇ ਆਪਣੇ ਪਿੰਡ ’ਚ ਹੀ ਟਿਕੇ ਰਹੇ।” ਮੈਂ ਮਹਿਸੂਸ ਕੀਤਾ ਕਿ ਬਜ਼ੁਰਗ ਨੂੰ ਅੱਜ ਵੀ ਆਪਣੇ ਪਿੰਡ ਵਾiਲ਼ਆਂ ’ਤੇ ਮਾਣ ਸੀ।
“ਉਹ ਛੇ ਮਹੀਨੇ ਕਿਵੇਂ ਕੱਟੇ?” ਮੈਂ ਸਵਾਲ ਕੀਤਾ।
“ਸਾਡੇ ਪਿੰਡ ਨੂੰ ਟੇਸ਼ਣ ਲੱਗਦਾ ਸੀ, ਡੁਮਾਲਾ। ਅਗਲਾ ਟੇਸ਼ਣ ਸੀ, ਕਿਲਾ ਸੋਭਾ ਸਿੰਘ। ਸਿਆਲਕੋਟ ਵੱਲੋਂ ਆਉਂਦੀਆਂ ਦੋ ਟਰੇਨਾਂ ਵੱਢੀਆਂ ਸਨ, ਓਥੇ। ਨੇੜਲੇ ਪਿੰਡਾਂ ’ਚੋਂ ਹਿੰਦੂ-ਸਿੱਖ ਸਹੀ ਸਲਾਮਤ ਤੁਰ ਗਏ ਸਨ। ਖਾਲ਼ੀ ਹੋਏ ਪਿੰਡ ਉਨ੍ਹਾਂ ਲੁੱਟ ਲਏ। ਵਿਰਲੇ-ਟਾਂਵੇਂ ਬੁੜੇ ਹਵੇਲੀਆਂ ’ਚ ਰਹਿ ਗਏ ਸਨ। ਇਸ ਵਹਿਮ ਨਾਲ਼ ਕਿ ਦੋ-ਚਾਰ ਦਿਨਾਂ ਦਾ ਰੌਲ਼ਾ ਏ ਬੱਸ। ਹਵੇਲੀਆਂ ’ਚ ਚਾਬੀਆਂ ਲੈ ਕੇ ਬੈਠੇ ਰਹੇ ਵਿਚਾਰੇ।
ਸਾਡੇ ਪਿੰਡ ਦੇ ਮੁੰਡੇ ਲੁੱਟ-ਖੋਹ ਕਰਨ ਵਾਸਤੇ, ਇੱਕ ਵਾਰ ਆਪਣੇ ਨਾਲ਼, ਮੈਨੂੰ ਤੇ ਮੇਰੇ ਭਰਾ ਜਾਗਰ ਨੂੰ ਵੀ ਲੈ ਗਏ ਸਨ। ਉਨ੍ਹਾਂ ਟੋਕੇ ਚਾੜ੍ਹੇ ਹੋਏ ਸੀ, ਡਾਂਗਾਂ ਨੂੰ। ਚਾਹੜ ਪੱਟੀ ਦੀ ਗੱਲ ਏ। ਫੌਜੀਆਂ ਦਾ ਪਿੰਡ ਸੀ ਇਹ। ਇੱਕ ਸਰਦਾਰ ਬੁੜਾ ਨਿਕਲਿਆ ਬਾਜਰੇ ’ਚੋਂ। ਜੁੱਤੀ ਉਹਨੇ ਡੰਡੇ ਨਾਲ਼ ਬੰਨੀ ਹੋਈ ਸੀ। ਉਹ ਬੋਲਿਆ- ਸਤਿ ਸ੍ਰੀ ਅਕਾਲ! ਬਾਕੀਆਂ ਦੇ ਰੋਕਦੇ-ਰੋਕਦੇ ਇੱਕ ਮੁੰਡੇ ਨੇ ਮਾਰਿਆ, ਉਹਦੇ ਸਿਰ ’ਚ ਟੋਕਾ। ਉਹ ਡਿੱਗ ਪਿਆ ਤੇ ਤੜਫ਼ਨ ਲੱਗਾ। ਉਹਨੇ ਦੋ-ਚਾਰ ਹੋਰ ਵਾਰ ਕੀਤੇ ਤੇ ਉਹਨੂੰ ਮਾਰ ਦਿੱਤਾ। ਅਸੀਂ ਡਰੀਏ ਕਿ ਕਿਧਰੇ ਉਹ ਸਾਨੂੰ ਵੀ ਨਾ ਮਾਰ ਦੇਣ। ਉਹਦੀ ਲਾਸ਼ ਦੀ ਤਲਾਸ਼ੀ ਲਈ ਤਾਂ ਕਛਹਿਰੇ ’ਚ ਲੁਕੋਈ ਇੱਕ ਗੁੱਠਲੀ ਜਿਹੀ ’ਚੋਂ ਪੰਜ-ਸੱਤ ਸੌ ਰੁਪਈਆ ਵੀ ਨਿਕਲਿਆ। ਉਹ ਉਨ੍ਹਾਂ ਵੰਡ ਲਿਆ। ਅਸੀਂ ਦੋਵੇਂ ਭਰਾ ਵੇਖਦੇ ਰਹਿ ਗਏ। ਸਾਨੂੰ ਉਨ੍ਹਾਂ ਕੁਝ ਨਾ ਦਿੱਤਾ। ਫਿਰ ਉਹ ਘਰਾਂ ਅੰਦਰ ਵੜ ਗਏ। ਕੋਈ ਕੱਪੜੇ ਚੁੱਕਣ ਲੱਗ ਪਿਆ ਤੇ ਕੋਈ ਦਾਣੇ। ਅਸੀਂ ਦੋਹਾਂ ਭਰਾਵਾਂ ਸਲਾਹ ਕੀਤੀ ਕਿ ਅਸੀਂ ਨਹੀਂ ਹੱਥ ਲਗਾਉਣਾ ਕਿਸੇ ਸ਼ੈਅ ਨੂੰ। ਸਾਡਾ ਬਾਪ ਵੀ ਸਿੱਖ ਸੀ। ਦਰਅਸਲ, ਸਿੱਖ ਬਜ਼ੁਰਗ ਦੇ ਕਤਲ ਨੇ ਸਾਨੂੰ ਅੰਦਰੋਂ ਤੋੜ ਦਿੱਤਾ ਸੀ। ਅਸੀਂ ਦੋ ਸਾਂ ਤੇ ਉਹ ਦਸ-ਬਾਰ੍ਹਾਂ। ਇਸ ਗੱਲ ਦਾ ਅੱਜ ਵੀ ਅਫ਼ਸੋਸ ਹੈ ਕਿ ਅਸੀਂ ਉਹਨੂੰ ਬਚਾਅ ਨਹੀਂ ਸਾਂ ਸਕੇ। ਟੁੱਟੇ ਦਿਲਾਂ ਨਾਲ਼ ਅਸੀਂ ਪਿੰਡ ਨੂੰ ਮੁੜ ਆਏ। ਮੁੜ ਕਈ ਦਿਨ ਘਰ ਅੰਦਰੋਂ ਈ ਨਾ ਨਿਕਲੇ। ਇਉਂ ਮਹਿਸੂਸ ਹੁੰਦਾ ਸੀ, ਜਿਉਂ ਸਾਡੀਆਂ ਅੱਖਾਂ ਮੂਹਰੇ ਸਾਡਾ ਆਪਣਾ ਪਿਉ ਕਤਲ ਹੋ ਗਿਆ ਹੋਵੇ।” ਬਾਬਾ ਪਿਆਰਾ ਲਾਲਾ ਉਦਾਸ ਹੁੰਦਿਆਂ ਚੁੱਪ ਹੋ ਗਿਆ ਸੀ।
“ਤੁਸੀਂ ਪਿੰਡ ਕਿਵੇਂ ਛੱਡਿਆ?” ਮੈਂ ਅਗਲਾ ਸਵਾਲ ਕੀਤਾ।
“ਉਂਝ ਸਾਡੀ ਬੜੀ ਹਿਫ਼ਾਜ਼ਤ ਕੀਤੀ, ਪਿੰਡ ਵਾiਲ਼ਆਂ। ਬੰਦੇ ਮਾੜੇ ਨਹੀ ਸਨ, ਬਸ ਉਹ ਵਕਤ ਹੀ ਮਾੜਾ ਸੀ। ਸਾਡੇ ਘਰ ਦੇ ਪਿਛਵਾੜੇ ਇੱਕ ਮੁਸਲਮਾਨ ਬਜ਼ੁਰਗ ਹੁੰਦਾ ਸੀ। ਲੰਬੜਦਾਰ ਸੀ ਉਹ। ਨਾਂ ਸੀ ਹੱਸੂ। ਉਹ ਨੇੜਲੇ ਪਿੰਡਾਂ ਦੇ ਸਿੱਖਾਂ ਨੂੰ ਯਾਦ ਕਰਕੇ, ਸਾਰੀ-ਸਾਰੀ ਰਾਤ ਰੋਂਦਾ ਹੁੰਦਾ ਸੀ। ਉਹਨੇ ਕੂਕ ਜਿਹੀ ਮਾਰ ਕੇ ਆਖਣਾ- ਓਏ ਸਾਡੇ ਭਰਾ ਤੁਰ ਗਏ, ਸਾਨੂੰ ਛੱਡ ਕੇ। ਦਰਅਸਲ ਸਾਡੇ ਪਿੰਡ ਦੇ ਜੱਟ ਕੁਝ ਕੁ ਪੀੜ੍ਹੀਆਂ ਪਹਿਲਾਂ ਹੀ ਮੁਸਲਮਾਨ ਹੋਏ ਸੀ। ਚੰਗੇ ਤਾਂ ਬੜੇ ਸਨ ਉਹ, ਪਰ ਸਾਡਾ ਈ ਦਿਲ ਨਹੀਂ ਸੀ ਲੱਗਦਾ। ਫਿਰ ਪਿੰਡਾਂ ’ਚ ਮਿਲਟਰੀ ਦੇ ਟਰੱਕ ਆਉਣ ਲੱਗ ਪਏ। ਉਹ ਓਧਰ ਰਹਿ ਗਏ ਹਿੰਦੂ-ਸਿੱਖਾਂ ਨੂੰ ਲੱਭਦੇ ਫਿਰਦੇ ਸੀ। ਔਖੇ-ਸੌਖੇ ਅਸੀਂ ਵੀ ਏਧਰ ਔਣ ਦਾ ਫ਼ੈਸਲਾ ਲੈ ਹੀ ਲਿਆ ਤੇ ਭਰਿਆ ਘਰ ਛੱਡ ਕੇ ਟਰੱਕਾਂ ’ਚ ਬੈਠ ਗਏ। ਬਲ਼ਦਾ ਤੇ ਮੱਝਾਂ ਦੇ ਸੰਗਲ ਵੀ ਨਾ ਖੋਲ੍ਹੇ। ਬੜੇ ਮੁਸਲਮਾਨ ’ਕੱਠੇ ਹੋ ਗਏ ਸਨ, ਸਾਨੂੰ ਮਿਲਣ ਵਾਸਤੇ, ਪਰ ਮਿਲਟਰੀ ਵਾiਲ਼ਆਂ ਕੋਈ ਵੀ ਨੇੜੇ ਨਾ ਔਣ ਦਿੱਤਾ। ਉਹ ਦੂਰੋਂ-ਦੂਰੋਂ ਈ ਦੇਖਦੇ ਰਹੇ, ਸਾਨੂੰ ਉੱਜੜ ਕੇ ਤੁਰਦਿਆਂ ਨੂੰ। ਬਾਪੂ ਦਾ ਦਿਲ ਨਹੀਂ ਸੀ ਲੱਗਿਆ, ਇੱਥੇ ਆ ਕੇ। ਉਹਨੇ ਰਾਤ ਨੂੰ ਉੱਠ ਪੈਣਾਂ। ਰੌਲ਼ਾ ਪਾਉਣ ਲੱਗ ਜਾਣਾ- ਓਏ ਬੌਲਦ ਖੁੱਲ੍ਹ ਗਿਆ। ਡੰਗਰ ਬੰਨ ਆਓ! ਡੰਗਰ ਬੰਨ ਆਓ! ਡੰਗਰ ਬੰਨ ਆਓ! ਬਹੁਤ ਛੇਤੀਂ ਮਰ ਗਿਆ ਸੀ ਉਹ!” ਪਿਆਰਾ ਲਾਲ ਦਾ ਗੱਚ ਭਰ ਆਇਆ ਤੇ ਚੁੱਪ ਹੋ ਗਿਆ ਸੀ ਉਹ।
“ਹੁਣ ਵੀ ਮੇਰੇ ਚਾਚੇ ਦਾ ਪੁੱਤ ਰਹਿੰਦਾ ਏ, ਓਥੇ। ਦੇਵੀ ਲਾਲ ਨਾਂ ਏ ਉਹਦਾ। ਦਰਅਸਲ ਜਦੋਂ ਉਹ ਸਰਗੋਧੇ ਵੱਲੋਂ ਬੁੱਧੂਕੋਟ ਆਏ ਤਾਂ ਅਸੀਂ ਏਧਰ ਆ ਚੁੱਕੇ ਸਾਂ। ਉਹ ਵਿਚਾਰੇ ਬੱਸ ਓਥੇ ਰਹਿ ਗਏ!” ਕੁਝ ਪਲ ਬਾਅਦ ਖੁਦ ਨੂੰ ਸੰਭਾਲ਼ਦਿਆਂ ਬੋਲਿਆ ਸੀ, ਉਹ।
ਜਦੋਂ ਇਹ ਗੱਲਬਾਤ ਯੂ-ਟਿਊਬ ਚੈਨਲ ‘ਸੰਤਾਲ਼ੀਨਾਮਾ’ ’ਤੇ ਅਪਲੋਡ ਹੋਈ ਤਾਂ ਪਿਆਰਾ ਲਾਲ ਹੁਰਾਂ ਦੀਆਂ ਗੱਲਾਂ ਨੂੰ ਤਸਦੀਕ ਕਰਨ ਵਾਸਤੇ, ਸਿਆਲਕੋਟ ਵੱਸਦੇ ਖਾਦਮ ਹੁਸੈਨ ਹੁਰੀਂ ਬੁੱਧੂਕੋਟ ਪਹੁੰਚ ਗਏ।
ਚੰਗੀ ਗੱਲ ਇਹ ਹੈ ਕਿ ਬਾਬਾ ਦੇਵੀ ਲਾਲ ਜਿਉਂਦਾ ਏ। ਕੋਈ ਨੱਬੇ ਕੁ ਵਰ੍ਹੇ ਉਮਰ ਹੋਵੇਗੀ, ਉਸਦੀ। ਉਹ ਪੂਰੀ ਤਰ੍ਹਾਂ ਸਿਹਤਯਾਬ ਏ। ਉਸਦੇ ਚਾਰੋਂ ਪੁੱਤਰ ਵਿਆਹੇ ਹੋਏ ਨੇ। ਆਪੋ-ਆਪਣੇ ਘਰਾਂ ’ਚ ਖ਼ੁਸ਼ੀ-ਖ਼ੁਸ਼ੀ ਵੱਸ ਰਹੇ ਨੇ। ਉਸਦੇ ਘਰ ਦੀਆਂ ਕੰਧਾਂ ’ਤੇ ਗੁਰੂ ਨਾਨਕ ਦੇਵ ਜੀ ਤੇ ਨਨਕਾਣਾ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ।
ਗੱਲਾਂ ਤੁਰੀਆਂ ਤਾਂ ਖਾਦਮ ਹੁਸੈਨ ਹੁਰਾਂ ਚਾਹੜ ਪੱਟੀ ’ਚ ਹੋਏ ਸਿੱਖ ਬਜ਼ੁਰਗ ਦੇ ਕਤਲ ਦੀ ਗੱਲ ਵੀ ਛੇੜ ਲਈ। ਦੇਵੀ ਲਾਲ ਹੁਰੀਂ ਥੋੜ੍ਹਾ ਗੁੱਸੇ ’ਚ ਆਉਂਦਿਆਂ ਗੱਲ ਸ਼ੁਰੂ ਕੀਤੀ ਸੀ, “ਬੜੀ ਭੈੜੀ ਮੌਤੇ ਮਰਿਆ, ਉਹ ਸਾਡੇ ਪਿੰਡ ਵਾਲ਼ਾ ਮੁੰਡਾ! ਸਾਡੇ ਦੇਖਣ ਦੀ ਗੱਲ ਏ! ਘੋੜੀ ਨੇ ਉਹਦੇ ਇੱਥੇ…।” ਪਲ ਕੁ ਲਈ ਚੁੱਪ ਹੁੰਦਿਆਂ, ਉਸਨੇ ਆਪਣੀ ਸੱਜੀ ਪੁੜਪੁੜੀ ’ਤੇ ਸੱਜੇ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਟਿਕਾ ਲਈਆਂ ਸਨ।
“…ਦੁਲੱਤੀ ਮਾਰੀ ਸੀ। ਬਿਲਕੁਲ ਉਸੀ ਜਗ੍ਹਾ, ਜਿੱਥੇ ਉਹਨੇ ਚਾਹੜ ਪੱਟੀ ਵਾਲ਼ੇ ਸਿੱਖ ਦੇ ਟੋਕਾ ਮਾਰਿਆ ਸੀ। ਉਹ …ਕਈ ਵਰ੍ਹੇ ਮੰਜੇ ’ਤੇ ਪਿਆ ਰਿਹਾ। ਵਿੰਗੇ ਜਿਹੇ ਮੂੰਹ ਨਾਲ਼ ਮੌਤ ਨੂੰ ’ਵਾਜਾਂ ਮਾਰਦਾ ਰਿਹਾ ਸੀ। ਮਸੀਂ ਮੌਤ ਆਈ ਸੀ, ਉਹਨੂੰ।”
ਇਹ ਗੱਲਬਾਤ ਸੁਣਦਿਆਂ, ਮੇਰੀਆਂ ਸੋਚਾਂ ’ਚ ਉਹ ‘ਰਹਿਬਰ’ ਉੱਭਰ ਆਏ ਸਨ, ਜਿਹੜੇ ਲੱਖਾਂ ਲੋਕਾਂ ਦੀ ਕਤਲੋ-ਗਾਰਤ ਤੇ ਉਜਾੜੇ ਦੇ ਅਸਲ ਮੁਜਰਮ ਸਨ।
ਕੀ ਉਨ੍ਹਾਂ ਨੂੰ ਵੀ ਵਕਤ ਨੇ ਕੋਈ ਸਬਕ ਸਿਖਾਇਆ ਹੋਵੇਗਾ? ਕੀ ਉਹ ਵੀ ਆਪਣੇ ਗੁਨਾਹਾਂ ਦੇ ਅਹਿਸਾਸ ’ਚ ਕਦੇ ਪਛਤਾਏ ਹੋਣਗੇ? ਕੀ ਉਹ ਵੀ ਮੌਤ ਨੂੰ ਆਵਾਜ਼ਾਂ ਮਾਰਦੇ ਰਹੇ ਹੋਣਗੇ? ਜਾਂ ਫਿਰ ਨਿਜ਼ਾਮ ਵਾਂਗ ਵਕਤ ਨੇ ਵੀ ਉਨ੍ਹਾਂ ਦੇ ਸਭ ਗੁਨਾਹਾਂ ਨੂੰ ‘ਪਵਿੱਤਰ ਫ਼ਰਜ਼’ ਗਰਦਾਨਦਿਆਂ, ਉਨ੍ਹਾਂ ਦੇ ਹੱਕ ’ਚ ਭੁਗਤਣਾ ਹੀ ਮੁਨਾਸਿਬ ਸਮਝਿਆ ਹੋਵੇਗਾ!
