ਪਾਕਿ ਧਰਤੀ ’ਤੇ ਪਹਿਲੇ ਕਦਮ

ਆਮ-ਖਾਸ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ `ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਨੂੰ ਅਸੀਂ ਪਿਛਲੇ ਅੰਕ ਤੋਂ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਹੈ। ਇਹ ਸਫਰਨਾਮਾ ਸਾਂਝੇ ਲਾਹੌਰ ਨਾਲ਼ ਜੋੜਦਾ ਹੈ; ਕਿਉਂਕਿ ਦੋਹਾਂ ਪੰਜਾਬਾਂ ਵਿੱਚ ਅਜਿਹੇ ਕਰੋੜਾਂ ਲੋਕ ਹਨ, ਜਿਨ੍ਹਾਂ ਦੀਆਂ ਜੜ੍ਹਾਂ ਤੇ ਯਾਦਾਂ ਇੱਕ ਦੂਜੇ ਮੁਲ਼ਕ ਨਾਲ਼ ਜੁੜੀਆਂ ਹੋਈਆਂ ਹਨ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਦੂਜੀ ਕਿਸ਼ਤ, ਜਿਸ ਵਿੱਚ ਪਾਕਿਸਤਾਨ ਦੀ ਧਰਤੀ `ਤੇ ਕਦਮ ਧਰਨ ਅਤੇ ਕਸੂਰ ਤੇ ਪੰਜਾਬੀ ਖੋਜਗੜ੍ਹ ਦੀ ਫੇਰੀ ਦਾ ਵੇਰਵਾ ਦਰਜ ਹੈ…

ਰਵਿੰਦਰ ਸਹਿਰਾਅ

ਹੁਣ ਅਸੀਂ ਗੇਟ ਲੰਘ ਕੇ ਪਾਕਿਸਤਾਨ ਦੀ ਧਰਤੀ ਉਪਰ ਕਦਮ ਰੱਖ ਰਹੇ ਸੀ। ਸਿਕਿਉਰਿਟੀ ’ਤੇ ਬੈਠੇ ਪਾਕਿਸਤਾਨੀ ਰੇਂਜਰਾਂ ਨੇ ਸਾਡਾ ਹਾਲ-ਚਾਲ ਪੁੱਛਿਆ ਤੇ ਸਤਿ ਸ੍ਰੀ ਅਕਾਲ ਆਖੀ। ਇੱਥੇ ਦੱਸ ਦਿਆਂ ਕਿ ਪੱਗ ਵਾਲੇ ਮੁਸਾਫ਼ਰਾਂ ਨਾਲ਼ ਉਹ ਬਹੁਤ ਉਚੇਚ ਤੇ ਪਿਆਰ ਨਾਲ਼ ਪੇਸ਼ ਆਉਂਦੇ ਹਨ। ਉਨ੍ਹਾਂ ਸਾਨੂੰ ਦੋ-ਤਿੰਨ ਸੌ ਗਜ਼ ’ਤੇ ਬਣੀ ਇਮੀਗ੍ਰੇਸ਼ਨ ਇਮਾਰਤ ਵੱਲ ਜਾਣ ਦਾ ਇਸ਼ਾਰਾ ਕੀਤਾ। ਉਧਰਲੇ ਕੁਲੀ ਸਾਡੇ ਅੱਗੇ-ਪਿੱਛੇ ਫਿਰਨ, ਪਰ ਸਾਡੇ ਕੋਲ ਤਾਂ ਜ਼ਿਆਦਾ ਸਮਾਨ ਹੀ ਨਹੀਂ ਸੀ। ਕੁਝ ਸਾਨੂੰ ਰੋਕ-ਰੋਕ ਕੇ ਪੁੱਛਣ, ‘ਸਰਦਾਰ ਜੀ ਪਾਕਿਸਤਾਨੀ ਕਰੰਸੀ ਲੈ ਲਉ।’ ਪਰ ਅਸੀਂ ਨਾਂਹ ਕਰੀ ਗਏ। ਅਸੀਂ ਸੋਚਦੇ ਸੀ ਕਿ ਜੇ ਲੋੜ ਪਈ ਤਾਂ ਇਮੀਗ੍ਰੇਸ਼ਨ ਬਿਲਡਿੰਗ ’ਚੋਂ ਲੈ ਲਵਾਂਗੇ; ਪਰ ਜਾ ਕੇ ਦੇਖਿਆ, ਉਥੇ ਕੋਈ ਕਰੰਸੀ ਐਕਸਚੇਂਜ ਦਫ਼ਤਰ ਹੀ ਨਹੀਂ ਸੀ। ਫਿਰ ਸੋਚਿਆ ਕਿ ਅਮੈਰਿਕਨ ਡਾਲਰ ਤਾਂ ਹਰ ਥਾਂ ਚੱਲਦਾ ਹੈ। ਕੋਈ ਮੁਸ਼ਕਿਲ ਆਈ ਤਾਂ ਦੇਖੀ ਜਾਊ, ਨਹੀਂ ਤਾਂ ਕ੍ਰੈਡਿਟ ਕਾਰਡ ਵੀ ਤਾਂ ਸਾਡੇ ਕੋਲ ਹਨ!
ਅੰਦਰ ਜਾ ਕੇ ਦੇਖਿਆ ਕਿ ਬਿਲਡਿੰਗ ਦੀ ਹਾਲਤ ਭਾਰਤ ਵਾਲੇ ਪਾਸੇ ਦੇ ਮੁਕਾਬਲੇ ਤਾਂ ਕੁਝ ਜ਼ਿਆਦਾ ਹੀ ਖ਼ਸਤਾ ਸੀ। ਸਫ਼ਾਈ ਦਾ ਪ੍ਰਬੰਧ ਵੀ ਕੋਈ ਖ਼ਾਸ ਨਹੀਂ ਸੀ। ਇੱਕ ਕੁਲੀ ਕਹਿੰਦਾ, ‘ਜੀ ਸਮਾਨ ਤੁਸੀਂ ਮੇਰੇ ਕੋਲ ਰੱਖ ਕੇ ਲਾਈਨ ਵਿੱਚ ਲੱਗ ਜਾਵੋ।’ ਮੈਂ ਕਿਹਾ, ‘ਅਸੀਂ ਖ਼ੁਦ ਹੀ ਲੈ ਜਾਵਾਂਗੇ ਆਪਣੇ ਸੂਟਕੇਸ।’ ਤਾਂ ਉਹ ਹੱਸ ਪਿਆ। ਕਾਰਨ ਪੁੱਛਿਆ ਤਾਂ ਕਹਿੰਦਾ, ‘ਜੀ ਏਥੋਂ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਕੋਈ ਇੱਕ ਕਿਲੋਮੀਟਰ ਦਾ ਫ਼ਾਸਲਾ ਹੈ, ਜਿੱਥੋਂ ਤੁਹਾਨੂੰ ਲੈਣ ਆਉਣ ਵਾਲੇ ਖੜ੍ਹੇ ਹੋਣਗੇ।’ ਬੱਸ ਫੇਰ ਇਹੋ ਹੀ ਕਿਹਾ, ‘ਚੰਗਾ ਬਈ ਮਾਲਕੋ ਜਿਵੇਂ ਤੁਸੀਂ ਕਹਿੰਦੇ ਹੋ।’
ਉਧਰ ਇਮੀਗੇ੍ਰਸ਼ਨ ਖਿੜਕੀ ਖ਼ਾਲੀ ਪਈ ਸੀ। ਕੋਈ ਜਣਾ ਉਥੇ ਬੈਠਾ ਹੀ ਨਾ। ਕੋਈ ਚਾਲੀ ਦੇ ਕਰੀਬ ਬੰਦੇ ਲਾਈਨ ਵਿੱਚ ਲੱਗੇ ਹੋਏ ਸੀ ਉਡੀਕਣ। ਨੀਰੂ ਨੂੰ ਮੈਂ ਕਿਹਾ, ਤੂੰ ਆਪਣੇ ਕਾਗਜ਼ ਮੈਨੂੰ ਫੜਾ ਕੇ ਬੈਂਚ ਉੱਪਰ ਬੈਠ ਜਾ। ਕੁਲੀ ਨੂੰ ਪਤਾ ਕਰਨ ਨੂੰ ਕਿਹਾ ਤਾਂ ਅੱਗੋਂ ਕਹਿੰਦਾ, ‘ਜੀ ਹੁਣ ਤਾਂ ਉਡੀਕਣ ’ਚ ਹੀ ਬਿਹਤਰੀ ਹੈ। ਸਾਹਬ ਰੋਟੀ-ਪਾਣੀ ਛਕ ਰਹੇ ਹੋਣਗੇ। ਜਾ ਕੇ ਪੁੱਛਿਆ ਤਾਂ ਮੇਰੇ ਗਲ਼ ਪੈਣਗੇ।’

ਕਸੂਰ ਦੀ ਫੇਰੀ
28 ਨਵੰਬਰ ਦੀ ਸਵੇਰ ਸਾਡਾ ਡਰਾਈਵਰ ਅਜਾਜ ਸਵਖ਼ਤੇ ਹੀ ਹੋਟਲ ਪਹੁੰਚ ਗਿਆ। ਅਸੀਂ ਵੀ ਛੇਤੀ-ਛੇਤੀ ਨਾਸ਼ਤਾ ਕਰਕੇ ਤਿਆਰ ਹੋ ਗਏ, ਕਿਉਂਕਿ ਰਸਤੇ ’ਚੋਂ ਸੂਫ਼ੀ ਹੋਰਾਂ ਨੂੰ ਉਨ੍ਹਾਂ ਦੇ ਘਰੋਂ ਨਾਲ਼ ਲੈਣਾ ਸੀ। ਸੂਫ਼ੀ ਹੋਰੀਂ ਉੱਚ ਕੋਟੀ ਦੇ ਵਿਦਵਾਨ ਹਨ। ਕਾਲਜਾਂ ਵਿੱਚ ਪੜ੍ਹਾਇਆ ਵੀ, ਫ਼ਿਲਮਸਾਜ਼ੀ ਵੀ ਕੀਤੀ, ਕਵਿਤਾ ਅਤੇ ਸਾਹਿਤਕ ਪਰਖ਼ ਵੀ। ‘ਪੰਜਾਬ ਨੋਟਸ’ ਨਾਂ ਥੱਲੇ ਲੰਮੇ ਸਮੇਂ ਤੋਂ ਹਫ਼ਤਾਵਰੀ ਕਾਲਮ ਅੰਗਰੇਜ਼ੀ ਅਖ਼ਬਾਰ ‘ਡਾਨ’ ਲਈ ਲਿਖਦੇ ਆ ਰਹੇ ਹਨ। ਡਰਾਈਵਰ ਕੋਲੋਂ ਫ਼ੋਨ ਕਰਵਾਇਆ ਤਾਂ ਕਹਿੰਦੇ, ‘ਤੁਸੀਂ ਕਾਹਲ ਨਾ ਕਰੋ। ਕਸੂਰ ਏਥੋਂ ਮਸਾਂ ਘੰਟੇ ਜਾਂ ਡੇਢ ਘੰਟੇ ਦੀ ਮਾਰ ਹੈ।’ ਪਰ ਅਸੀਂ ਤਾਂ ਹਰ ਬਚਦਾ ਪਲ ਵਰਤਣਾ ਚਾਹੁੰਦੇ ਸੀ।
ਬਾਬਾ ਬੁੱਲ੍ਹੇ ਸ਼ਾਹ ਨੂੰ ਸਕੂਲਾਂ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੋਇਆ ਸੀ, ਪਰ ਉਹ ਤਾਂ ਇੱਕਾ-ਦੁੱਕਾ ਕਾਫ਼ੀਆਂ ਜਾਂ ਦੋਹੜੇ ਹੁੰਦੇ ਸਨ

ਬੁੱਲ੍ਹਾ ਕਸਰ ਨਾਮ ਕਸੂਰ ਹੈ,
ਓਥੇ ਮੂੰਹੋਂ ਨਾ ਸਕਣ ਬੋਲ।
ਓਥੇ ਸੱਚੇ ਗਰਦਨ ਮਾਰੀਏ,
ਓਥੇ ਝੂਠੇ ਕਰਨ ਕਲੋਲ।

ਬੁੱਲ੍ਹਾ ਮਨ ਮੰਜੋਲਾ ਮੁੰਜ ਦਾ,
ਕਿਤੇ ਗੋਸ਼ੇ ਬਹਿ ਕੇ ਕੁੱਟ।
ਇਹ ਖ਼ਜ਼ਾਨਾ ਤੈਨੂੰ ਅਰਸ਼ ਦਾ,
ਤੂੰ ਸੰਭਲ ਸੰਭਲ ਕੇ ਲੁੱਟ।

ਰਾਹ ’ਚ ਜਾਂਦਿਆਂ ਉਸ ਗੀਤ ਦੀਆਂ ਧੁਨਾਂ ਵੀ ਕੰਨਾਂ ’ਚ ਵੱਜ ਰਹੀਆਂ ਸਨ:
ਜੁੱਤੀ ਕਸੂਰੀ ਪੈਰ ਨਾ ਪੂਰੀ
ਹਾਇ ਰੱਬਾ ਵੇ ਸਾਨੂੰ ਤੁਰਨਾ ਪਿਆ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਉਨ੍ਹੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ।
ਬਿਨਾਂ ਸ਼ੱਕ ਸਾਡੇ ਪੈਰਾਂ ਵਿੱਚ ਕਸੂਰੀ ਜੁੱਤੀ ਤਾਂ ਨਹੀਂ ਸੀ, ਪਰ ਜਿਸ ਹਿਸਾਬ ਨਾਲ਼ ਟ੍ਰੈਫ਼ਿਕ ਤੇ ਸਾਡਾ ਡਰਾਈਵਰ ਗੱਡੀ ਚਲਾ ਰਿਹਾ ਸੀ ਅਤੇ ਗੱਲਾਂ `ਤੇ ਗੱਲਾਂ ਮੁੱਕਣ ਨਹੀਂ ਸੀ ਦਿੰਦਾ, ਉਸ ਹਿਸਾਬ ਨਾਲ਼ ਉਹਦੀ ਚੰਗੀ ਭਲੀ ਟਿਓਟਾ ਕਾਰ ਸਾਨੂੰ ਨਵੀਂ-ਨਵੀਂ ਕਸੂਰੀ ਜੁੱਤੀ ਹੀ ਲੱਗ ਰਹੀ ਸੀ। ਮੁਸ਼ਤਾਕ ਹੋਰਾਂ ਦੇ ਘਰ ਪਹੁੰਚਣ ਤਕ ਹੀ ਸਾਨੂੰ ਅੱਧਾ ਘੰਟਾ ਲੱਗ ਗਿਆ। ਫਿਰ ਗੈਸ ਪੁਆਉਣ ਲਈ ਹੋਰ ਦਸ-ਪੰਦਰਾਂ ਮਿੰਟ। ਮੈਂ ਅਜਾਜ ਨੂੰ ਕਿਹਾ ਭਰਾ ਮੇਰਿਆ ਤੂੰ ਹੁਣ ਕਸੂਰੀ ਜੁੱਤੀ ਲਾਹ ਕੇ ਅਮਰੀਕਾ ਵਾਲੇ ਸਕੈਚਰ ਦੇ ਸ਼ੂਅ ਪਾ ਲੈ। ਪਹਿਲਾਂ ਤਾਂ ਉਹ ਸਮਝਿਆ ਨਾ ਤੇ ਫਿਰ ਜਦ ਮੈਂ ਸਮਝਾਇਆ ਤਾਂ ਕਹਿੰਦਾ, ‘ਬਾਜੀ (ਨੀਰੂ ਨੂੰ ਉਹ ਬਾਜੀ ਕਹਿੰਦਾ ਸੀ) ਦੇਖ ਲੌ ਮੈਨੂੰ ਜੁਗਤਾਂ ਕਰਦੇ ਆ।’
ਖ਼ੈਰ! ਅਸੀਂ ਹੱਸਦੇ-ਖੇਡਦੇ ਸਵਾ ਕੁ ਘੰਟੇ ਵਿੱਚ ਕਸੂਰ ਤਾਂ ਪਹੁੰਚ ਗਏ, ਪਰ ਅੱਗੋਂ ਕਸੂਰ ਦੇ ਬਾਜ਼ਾਰਾਂ ਵਿੱਚ ਉਹ ਭੀੜ ਕਿ ਰਹੇ ਰੱਬ ਦਾ ਨਾਂ! ਏਨੀ ਭੀੜ ਤਾਂ ਕਦੀ ਜਲੰਧਰ ਦੇ ਰੈਣਕ ਬਾਜ਼ਾਰ ਵਿੱਚ ਨਹੀਂ ਸੀ ਦੇਖੀ। ਦੁਕਾਨਦਾਰਾਂ ਨੇ ਸ਼ਟਰ ਖੋਲ੍ਹੇ ਹੋਏ, ਅੱਗੇ ਮੋਟਰਸਾਈਕਲਾਂ ਦੀਆਂ ਟੇਢੀਆਂ ਕਰਕੇ ਲਗਾਈਆਂ ਲਾਈਨਾਂ, ਪਤਾ ਨਹੀਂ ਪਿਉ ਦਾ ਪੁੱਤ ਸਾਡਾ ਡਰਾਈਵਰ ਕਿਵੇਂ ਗੱਡੀ ਲੰਘਾ ਰਿਹਾ ਸੀ। ਉਹਨੂੰ ਕਿਹਾ ਵੀ ਕਿ ਦੱਸਦੇ ਹਨ ਦਰਬਾਰ ਤੋਂ ਥੋੜ੍ਹੀ ਜਿਹੀ ਵਿੱਥ ’ਤੇ ਇੱਕ ਪਾਰਕਿੰਗ ਲਾਟ ਹੈ, ਆਪਾਂ ਉਥੇ ਪਾਰਕ ਕਰਕੇ ਤੁਰ ਕੇ ਆ ਜਾਂਦੇ ਆਂ। ਉਹ ਜਾਣੀ-ਜਾਣ ਸੁਣਨ ਨੂੰ ਤਿਆਰ ਨਹੀਂ ਸੀ, ਅਖੇ ਜੀ ਮੈਂ ਕੋਈ ਪਹਿਲੀ ਵੇਰ ਆਇਆਂ ਏਥੇ? ਖ਼ੈਰ! ਆਖ਼ਰ ਉਹਨੂੰ ਇਵੇਂ ਹੀ ਕਰਨਾ ਪਿਆ। ਅਸੀਂ ਭੀੜੇ ਬਾਜ਼ਾਰ ’ਚੋਂ ਲੰਘਦਿਆਂ ਬਾਬਾ ਜੀ ਦੀ ਮਜ਼ਾਰ ’ਤੇ ਪਹੁੰਚ ਹੀ ਗਏ।
ਬੜਾ ਹੀ ਖੁੱਲ੍ਹਾ-ਡੁੱਲ੍ਹਾ ਦਰਬਾਰ ਤੇ ਵਿਚਾਲੇ ਮਜ਼ਾਰ। ਸਾਈਡਾਂ ’ਤੇ ਖੁੱਲ੍ਹੇ-ਡੁੱਲ੍ਹੇ ਬਰਾਂਡੇ। ਸੂਫ਼ੀ ਹੋਰੀਂ ਦੱਸ ਰਹੇ ਸਨ ਕਿ ਜਿੱਥੇ ਹੁਣ ਇਹ ਮਜ਼ਾਰ ਹੈ, ਪਹਿਲਾਂ ਇਹ ਸ਼ਹਿਰੋਂ ਬਾਹਰ ਹੁੰਦੀ ਸੀ। ਬਾਬਾ ਜੀ ਦਾ ਜਨਮ 1680 ਈ. ਵਿੱਚ ਉੱਚ ਸ਼ਰੀਫ਼ ਵਿਖੇ ਹੋਇਆ ਸੀ ਤੇ ਉਨ੍ਹਾਂ ਦੀ ਮੌਤ ਕਸੂਰ ਵਿੱਚ 1757 ਈ. ਵਿੱਚ ਦੱਸੀ ਜਾਂਦੀ ਹੈ। ਮੌਲਾਣਿਆਂ ਨੇ ਉਨ੍ਹਾਂ ਦੇ ਜਿਸਮ ਨੂੰ ਦਫ਼ਨਾਉਣ ਲਈ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਬਾ ਜੀ ਦੇ ਭਗਤਾਂ ਨੇ ਸ਼ਹਿਰੋਂ ਬਾਹਰ ਇਸ ਜਗ੍ਹਾ ’ਤੇ ਲਿਆ ਕੇ ਉਨ੍ਹਾਂ ਨੂੰ ਦਫ਼ਨ ਕੀਤਾ। ਅਸੀਂ ਸੂਫ਼ੀ ਹੋਰਾਂ ਦੀਆਂ ਗੱਲਾਂ ਵਿੱਚ ਗੁਆਚੇ ਜਾ ਰਹੇ ਸੀ ਤਾਂ ਉਧਰੋਂ ਲੋਕੀਂ ਆ ਕੇ ਸਾਡੇ ਨਾਲ਼ ਫ਼ੋਟੋਆਂ ਖਿਚਵਾਉਣ ਲਈ ਆਖ ਰਹੇ ਸਨ। ਅਸੀਂ ਨਾਂਹ ਵੀ ਤਾਂ ਨਹੀਂ ਕਰ ਸਕਦੇ ਸੀ! ਬਾਬਾ ਜੀ ਨੇ ਬੜੀ ਬੇਬਾਕੀ ਨਾਲ਼ ਲਿਖਿਆ:
ਉਲਟੇ ਹੋਰ ਜ਼ਮਾਨੇ ਆਏ
ਹੁਣ ਅਸਾਂ ਭੇਤ ਸੱਜਣ ਦੇ ਪਾਏ
ਸੱਚਿਆਂ ਨੂੰ ਹੁਣ ਮਿਲਦੇ ਧੱਕੇ
ਝੂਠੇ ਕੋਲ ਬਹਾਏ।
ਬਾਬਾ ਜੀ ਨੇ ਮੁਢਲੀ ਪੜ੍ਹਾਈ ਪਿੰਡ ਦੇ ਮਦਰੱਸੇ ’ਚੋਂ ਹੀ ਕੀਤੀ। ਇਹੋ ਹੀ ਇੱਕ ਸਾਧਨ ਹੁੰਦਾ ਸੀ। ਬਾਬਾ ਜੀ ਨੇ ਪੜ੍ਹਾਈ ਵੀ ਜਾਰੀ ਰੱਖੀ ਅਤੇ ਮੌਲਾਣਿਆਂ ਤੇ ਧਰਮ ਦੇ ਠੇਕੇਦਾਰਾਂ ’ਤੇ ਵੀ ਚੋਟਾਂ ਮਾਰਦੇ ਰਹੇ:
ਬੁੱਲਿ੍ਹਆ ਧਰਮਸ਼ਾਲਾ ਗੜਵਈ ਰਹਿੰਦੇ
ਠਾਕੁਰ ਦੁਆਰੇ ਠੱਗ।
ਵਿੱਚ ਮਸੀਤਾਂ ਕੁਸੱਤੀਏ ਰਹਿੰਦੇ
ਤੇ ਆਸ਼ਕ ਰਹਿਣ ਅਲੱਗ।

ਮੁਗ਼ਲਾਂ ਜ਼ਹਿਰ ਪਿਆਲੇ ਪੀਤੇ,
ਭੂਰਿਆਂ ਵਾਲੇ ਰਾਜੇ ਕੀਤੇ।
ਉਨ੍ਹਾਂ ਦਾ ਮੁਰਸ਼ਦ ਸ਼ਾਹ ਅਨਾਇਤ ਸੀ, ਜੋ ਸ਼ਾਇਦ ਬਟਾਲੇ ਰਹਿੰਦੇ ਸਨ। ਦੱਸਦੇ ਹਨ ਕਿ ਇੱਕ ਵੇਰ ਬਾਬਾ ਜੀ ਤੁਰਦੇ-ਤੁਰਦੇ ਬਟਾਲੇ ਪਹੁੰਚ ਗਏ ਅਤੇ ਵਜਦ ਵਿੱਚ ਆ ਕੇ ਬੋਲਣ ਲੱਗੇ, “ਮੈਂ ਅੱਲ੍ਹਾ ਹਾਂ, ਮੈਂ ਅੱਲ੍ਹਾ ਹਾਂ” ਲੋਕੀਂ ਫੜ ਕੇ ਸਾਈਂ ਕੋਲ ਲੈ ਗਏ ਕਿ ਦੇਖੋ ਆਹ ਬੰਦਾ ਕੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੱਚ ਹੀ ਤਾਂ ਬੋਲ ਰਿਹਾ ਹੈ, ‘ਅੱਲ੍ਹਾ ਦਾ ਮਤਲਬ ਰੱਬ ਵੀ ਹੁੰਦਾ ਹੈ ਤੇ ਕੱਚਾ ਵੀ।’ ਫਿਰ ਉਸ ਦਰਵੇਸ਼ ਨੇ ਕਿਹਾ, “ਜਾਹ ਬੁੱਲਿ੍ਹਆ ਸ਼ਾਹ ਅਨਾਇਤ ਕੋਲ ਚਲਾ ਜਾਹ ਤੇ ਉੱਥੋਂ ਪੱਕਾ ਹੋ ਕੇ ਆ।” ਦੱਸਦੇ ਨੇ ਕਿ ਫਿਰ ਉਨ੍ਹਾਂ ਵਜ਼ਦ ਵਿੱਚ ਆ ਕੇ ਕਿਹਾ:
ਬੁੱਲ੍ਹਾ ਸ਼ਾਹ ਅਨਾਇਤ ਆਰਫ਼ ਹੈ
ਉਹ ਦਿਲ ਮੇਰੇ ਦਾ ਵਾਰਸ ਹੈ
ਮੈਂ ਲੋਹਾ ਤੇ ਉਹ ਪਾਰਸ ਹੈ।
ਉਥੋਂ ਹਿੱਲਣ ਨੂੰ ਜੀਅ ਨਹੀਂ ਸੀ ਕਰ ਰਿਹਾ। ਸੂਫ਼ੀ ਹੋਰਾਂ ਦੀਆਂ ਗੱਲਾਂ ਹੀ ਏਨੀਆਂ ਆਨੰਦ ਦੇ ਰਹੀਆਂ ਸਨ। ਨਿਕਲਣ ਲੱਗੇ ਤਾਂ ਇੱਕ ਫ਼ਕੀਰ ਜਿਹਦੀ ਨਿਗ੍ਹਾ ਕਮਜ਼ੋਰ ਤੇ ਉਮਰ ਕੋਈ 75-76 ਸਾਲਾਂ ਦੀ ਹੋਵੇਗੀ, ਬਾਬਾ ਜੀ ਦੀਆਂ ਕਾਫ਼ੀਆਂ ਦਾ ਗਾਇਣ ਕਰ ਰਿਹਾ ਸੀ। ਸਾਡੇ ਕਦਮ ਰੁਕ ਗਏ। ਕੋਈ ਦਸ-ਪੰਦਰਾਂ ਮਿੰਟ ਉਸਨੂੰ ਸੁਣਿਆ ਅਤੇ ਤਿਲ-ਫੁੱਲ ਉਹਦੀ ਝੋਲੀ ’ਚ ਪਾਇਆ। ਨੀਰੂ ਨੇ ਉਹਦੀ ਵੀਡੀਓ ਵੀ ਬਣਾਈ।

ਇਕਬਾਲ ਕੈਸਰ ਦਾ ਪੰਜਾਬੀ ਖੋਜਗੜ੍ਹ
ਲਾਹੌਰੋਂ ਤੁਰਨ ਲੱਗਿਆਂ ਮੈਂ ਸੂਫੀ ਹੋਰਾਂ ਨਾਲ਼ ਗੱਲ ਕਰ ਰਿਹਾ ਸੀ ਕਿ ਤੁਹਾਡੇ ਬੇਲੀ ਇਕਬਾਲ ਕੈਸਰ ਨੇ ਕਿਸੇ ਪਿੰਡ ਵਿੱਚ ‘ਪੰਜਾਬੀ ਖੋਜਗੜ੍ਹ’ ਨਾਂ ਦੀ ਇੱਕ ਲਾਇਬੇ੍ਰਰੀ ਬਣਾਈ ਹੋਈ ਹੈ। ਉਨ੍ਹਾਂ ਝੱਟ ਕਿਹਾ ਕਿ ਲੈ ਉਹ ਤਾਂ ਆਪਣੇ ਕਸੂਰੋਂ ਆਉਂਦਿਆਂ ਰਾਹ ਵਿੱਚ ਹੀ ਪੈਂਦੀ ਹੈ। ਉਸ ਪਿੰਡ ਦਾ ਨਾਮ ਹੈ- ਲਲਿਆਣੀ ਮੁਸਤਫ਼ਾਬਾਦ, ਜੋ ਮੁੱਖ ਸੜਕ ਤੋਂ ਥੋੜ੍ਹਾ ਹਟਵਾਂ ਹੈ। ਉਨ੍ਹਾਂ ਕੈਸਰ ਹੋਰਾਂ ਨੂੰ ਫ਼ੋਨ ਮਿਲਾਇਆ, ਪਰ ਕਿਸੇ ਜ਼ਰੂਰੀ ਕੰਮ ਵਿੱਚ ਰੁਝੇ ਹੋਏ ਸਨ। ਉਨ੍ਹਾਂ ਆਪਣੇ ਬੇਟੇ ਅਲੀ ਅਤੇ ਉਸਦੇ ਦੋਸਤ ਆਮਿਰ ਦੀ ਡਿਊਟੀ ਲਗਾ ਦਿੱਤੀ। ਬੱਸ ਅਸੀਂ ਉਨ੍ਹਾਂ ਨੂੰ ਇਹੀ ਦੱਸਣਾ ਸੀ ਕਿ ਕਿੰਨੇ ਕੁ ਵਜੇ ਪਹੁੰਚਾਂਗੇ।
ਹੁਣ ਅਸੀਂ ਪਿੰਡ ਲਲਿਆਣੀ ਮੁਸਤਫ਼ਾਬਾਦ ਰੁਕਣਾ ਸੀ, ਪਰ ਭੁੱਖ ਵੀ ਚਮਕ ਰਹੀ ਸੀ। ਮੇਨ ਰੋਡ ਉਪਰ ਇੱਕ ਢਾਬੇ ਤੋਂ ਅਸੀਂ ਰੋਟੀ ਖਾਧੀ ਤੇ ਸੂਫ਼ੀ ਹੋਰਾਂ ਉਹਨੂੰ ਦੱਸ ਦਿੱਤਾ ਅਸੀਂ ਕਿੱਥੇ ਹਾਂ। ਪਾਕਿਸਤਾਨ ਦੇ ਮੋਟਰਵੇ (ਹਾਈਵੇ) ਤਾਂ ਵਰਲਡ ਕਲਾਸ ਹਨ, ਪਰ ਪਿੰਡਾਂ ਦੀਆਂ ਸੜਕਾਂ-ਗਲੀਆਂ ਦਾ ਹਾਲ ਨਾ ਹੀ ਪੁੱਛੋ। ਨਹਿਰ ਦੇ ਕੰਢੇ ਜਾਂਦੀ ਇੱਕ ਨਿੱਕੀ ਜਿਹੀ ਸੜਕ ਕੱਚੀ ਵੱਧ ਤੇ ਪੱਕੀ ਘੱਟ ਸੀ। ਸਾਨੂੰ ਤਾਂ ਡਰ ਲੱਗ ਰਿਹਾ ਸੀ ਕਿ ਇੱਥੇ ਕਾਰ ਕਿਵੇਂ ਚੱਲੇਗੀ, ਪਰ ਦੋ ਕੁ ਮੀਲ ਦਾ ਇਹ ਟੋਟਾ ਆਖ਼ਰ ਅਸੀਂ ਸਰ ਕਰ ਲਿਆ। ਕੈਸਰ ਦਾ ਲੜਕਾ ਪਹੁੰਚ ਚੁੱਕਾ ਸੀ। ਤਿੰਨ-ਚਾਰ ਕੰਮ ਕਰਨ ਵਾਲੇ ਵੀ ਮਿਲੇ। ਉਨ੍ਹਾਂ ਸਾਡੇ ਲਈ ਚਾਹ ਬਣਾਈ। ਸਾਨੂੰ ਖੋਜਗੜ੍ਹ ਘੁਮਾ ਕੇ ਦਿਖਾਇਆ।
ਅਨੇਕਾਂ ਸੱਭਿਆਚਾਰ ਨਾਲ਼ ਸਬੰਧਿਤ, ਪੰਜਾਬੀਅਤ ਨਾਲ਼ ਸਬੰਧਤ ਤੇ ਸਾਹਿਤ ਨਾਲ਼ ਸਬੰਧਿਤ ਕਿਤਾਬਾਂ ਦੇਖ ਕੇ ਰੂਹ ਖ਼ੁਸ਼ ਹੋ ਗਈ। ਇਸ ਦੀ ਵਿਲੱਖਣਤਾ ਇਹ ਹੈ ਕਿ ਕਿਤਾਬਾਂ ਇਸ਼ੂ ਨਹੀਂ ਕੀਤੀਆਂ ਜਾਂਦੀਆਂ। ਕੋਈ ਵੀ ਖੋਜਾਰਥੀ ਇੱਥੇ ਬਹਿ ਕੇ ਕਿਸੇ ਵੀ ਕਿਤਾਬ ਨੂੰ ਹਵਾਲੇ ਵਜੋਂ ਦੇਖ ਸਕਦਾ। ਇੱਕ ਮਿਊਜ਼ੀਅਮ ਹੈ, ਜਿਸ ਵਿੱਚ ਪੁਰਾਣੇ ਪੰਜਾਬੀ ਸੱਭਿਆਚਾਰ ਦੀਆਂ ਚੀਜ਼ਾਂ, ਵਸਤਾਂ ਤੇ ਪੁਰਾਣੀਆਂ ਫ਼ਿਲਮਾਂ ਦੇ ਪੋਸਟਰ ਵੀ ਸਾਂਭੇ ਹੋਏ ਹਨ। ਲਲਿਆਣੀ ਜੋ ਹੁਣ ਇੱਕ ਕਸਬੇ ਦਾ ਰੂਪ ਲੈ ਚੁੱਕਿਆ ਹੈ, ਬਾਰੇ ਇਕਬਾਲ ਕੈਸਰ ਹੋਰੀਂ ਕਿਤਾਬ ਵੀ ਲਿਖ ਚੁਕੇ ਹਨ, ਜੋ ਤਕਰੀਬਨ ਹਰ ਘਰ ਵਿੱਚ ਦੇਖੀ ਜਾ ਸਕਦੀ ਹੈ। ਦੋ-ਤਿੰਨ ਘੰਟੇ ਦੀ ਠਹਿਰ ਤੋਂ ਬਾਅਦ ਅਸੀਂ ਲਾਹੌਰ ਲਈ ਰਵਾਨਾ ਹੋਏ।

Leave a Reply

Your email address will not be published. Required fields are marked *